You’re viewing a text-only version of this website that uses less data. View the main version of the website including all images and videos.
ਹੁਣ ਗੂਗਲ ਤੁਹਾਡੇ ਲਈ ‘ਚਿੱਠੀ’ ਵੀ ਲਿਖੇਗਾ, ਤੁਹਾਡੇ ਸਵਾਲਾਂ ਦਾ ਜਵਾਬ ਦੇਵੇਗਾ ਬਸ ਤੁਸੀਂ ਇਹ ਕਰਨਾ ਹੈ
ਭਾਰਤ ਦੇ ਕਰੋੜਾਂ ਲੋਕ ਗੂਗਲ-ਸਰਚ ਦੀ ਵਰਤੋਂ ਆਪਣੀਆਂ ਰੋਜ਼ਾਨਾਂ ਲੋੜਾਂ, ਮਨੋਰੰਜਨ ਅਤੇ ਕਾਰ-ਵਿਹਾਰ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਕਰਦੇ ਹਨ।
ਹੁਣ ਗੂਗਲ ਵੱਲੋਂ ਆਰਟੀਫੀਸ਼ਲ ਇੰਟੈਲੀਜੈਂਸ ਦੀਆਂ ਵਿਸ਼ੇਸ਼ਤਾਵਾਂ ਨੂੰ ਸਰਚ ਇੰਜਨ ਵਿੱਚ ਸ਼ਾਮਲ ਕਰਕੇ ਵੱਡੇ ਬਦਲਾਅ ਲਿਆਂਦੇ ਗਏ ਹਨ।
ਇਹ ਬਦਲਾਅ, ਜੋ ਕਿ ਹਾਲੇ ਸ਼ੁਰੁਆਤੀ ਪੜਾਅ ਵਿੱਚ ਹਨ, ਵੀਰਵਾਰ ਤੋਂ ਭਾਰਤ ਵਿੱਚ ਸ਼ੁਰੂ ਕੀਤੇ ਗਏ ਹਨ।
ਹੁਣ ਜਦੋਂ ਗੂਗਲ ਨੂੰ ਕੁਝ ਪੁੱਛੋਗੇ ਯਾਨੀ ਸਰਚ ਕਰੋਗੇ ਤਾਂ ਤੁਹਾਨੂੰ ਏਆਈ ਦੀ ਵਰਤੋਂ ਨਾਲ ਬਣਿਆ-ਬਣਾਇਆ ਜਵਾਬ ਮਿਲ ਜਾਵੇਗਾ
ਇਹ ਜਵਾਬ ਜੈਨੇਰੇਟਿਵ ਆਰਟੀਫੀਸ਼ਲ ਇੰਟੈਲੀਜੈਂਸ ਤਕਨੀਕ ਦੀ ਵਰਤੋਂ ਨਾਲ ਬਣਾਏ ਜਾਣਗੇ।
ਵੀਰਵਾਰ ਨੂੰ ਗੂਗਲ ਅਤੇ ਐਲਫ਼ਾਬੈੱਟ ਕੰਪਨੀ ਦੇ ਸੀਈਓ, ਸੁੰਦਰ ਪਿਚਾਈ ਨੇ ਆਪਣੇ ਐਕਸ ਅਕਾਊਂਟ ’ਤੇ ਲਿਖਿਆ, “ਨਮਸਤੇ, ਅਸੀਂ ਭਾਰਤ ਅਤੇ ਜਪਾਨ ਤੋਂ ਸ਼ਰੂ ਕਰਕੇ ਸਰਚ ਵਿੱਚ ਜੈਨੇਰੇਟਿਵ ਏਆਈ ਤਜਰਬੇ ਹੋਰ ਦੇਸ਼ਾਂ ਅਤੇ ਭਾਸ਼ਾਵਾਂ ਵਿੱਚ ਲੈ ਜਾਣ ਲਈ ਉਤਸ਼ਾਹਿਤ ਹਾਂ।"
"ਭਾਰਤ ਵਿੱਚ ਲੋਕ ਅੰਗਰੇਜ਼ੀ ਅਤੇ ਹਿੰਦੀ ਵਿੱਚ ਸਰਚ ਕਰ ਸਕਦੇ ਹਨ ਅਤੇ ਜਵਾਬ ਵੀ ਦੋਵਾਂ ਭਾਸ਼ਾਵਾਂ ਵਿੱਚ ਮਿਲ ਸਕਦੇ ਹਨ।”
ਇਹ ਬਦਲਾਅ ਗੂਗਲ ਦੇ ‘ਸਰਚ ਲੈਬਸ’ ਪ੍ਰੋਜੈਕਟ ਦਾ ਹਿੱਸਾ ਹਨ।
ਵਰਤੋਕਾਰਾਂ ਲਈ ਕੀ ਹੈ ਨਵਾਂ
ਆਮ ਤੌਰ ‘ਤੇ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਹਰ ਵਰਗ ਦੇ ਲੋਕ ਇੰਟਰਨੈੱਟ ਸਰਚ ਦੀ ਵਰਤੋਂ ਆਪਣੀਆਂ ਵੱਖੋ-ਵੱਖਰੀਆਂ ਲੋੜਾਂ ਲਈ ਕਰਦੇ ਹਨ।
ਚਾਹੇ ਇਹ ਸਵਾਲ ਕਿਸੇ ਘੁੰਮਣ ਵਾਲੀ ਥਾਂ ‘ਤੇ ਜਾਣ ਤੋਂ ਪਹਿਲਾਂ ਉੱਥੇ ਦੀਆਂ ਮਸ਼ਹੂਰ ਥਾਵਾਂ ਬਾਰੇ ਹੋਣ ਜਾਂ ਗਣਿਤ, ਵਿਗਿਆਨ ਜਾਂ ਇਤਿਹਾਸ ਨਾਲ ਜੁੜੇ ਹੋਣ, ਵੱਡੀ ਗਿਣਤੀ ਵਿੱਚ ਲੋਕ ਹਰ ਜਾਣਕਾਰੀ ਲਈ ਸਰਚ ਇੰਜਨਾਂ ਉੱਤੇ ਹੀ ਨਿਰਭਰ ਰਹਿਣ ਲੱਗੇ ਹਨ।
ਹਾਲੇ ਤੱਕ ਗੂਗਲ ਸਰਚ ਉੱਤੇ ਕੁਝ ਲਿਖਣ ਤੋਂ ਬਾਅਦ ਵਰਤੋਂਕਾਰਾਂ ਨੂੰ ਇੰਟਰਨੈੱਟ ਉੱਤੇ ਉਪਲਬਧ ਜਾਣਕਾਰੀ ਹੀ ਦਰਸਾਈ ਜਾਂਦੀ ਸੀ।
ਗੂਗਲ ਉੱਤੇ ਹਰ ਇੱਕ ਸਰਚ ਤੋਂ ਬਾਅਦ ਨਤੀਜੇ ਵਜੋਂ ਹਜ਼ਾਰਾਂ ਦੀ ਗਿਣਤੀ ਵਿੱਚ ਵੈੱਬਪੇਜ ਦਿਖਾਏ ਜਾਂਦੇ ਹਨ।
ਵਰਤੋਂਕਾਰ ਇਨ੍ਹਾਂ ਵੈੱਬਪੇਜਾਂ ਵਿੱਚੋਂ ਆਪਣੀ ਮਰਜ਼ੀ ਨਾਲ ਜਾਣਕਾਰੀ ਦੀ ਚੋਣ ਕਰ ਸਕਦੇ ਹਨ ਅਤੇ ਆਪਣੀ ਮਰਜ਼ੀ ਦੇ ਵੈੱਬਪੇਜ ਉੱਤੇ ਜਾ ਸਕਦੇ ਹਨ।
ਹੁਣ ਗੂਗਲ ਜੈਨੇਰੇਟਿਵ ਏਆਈ ਦੀ ਸਹਾਇਤਾ ਨਾਲ ਗੂਗਲ ਆਪ ਜਵਾਬ ਬਣਾ ਕੇ ਜਾਣਕਾਰੀ ਨੂੰ ਇੱਕ ਛੋਟੇ ਲੇਖ ਦੇ ਰੂਪ ਵਿੱਚ ਵਰਤੋਂਕਾਰਾਂ ਅੱਗੇ ਪੇਸ਼ ਕਰੇਗਾ।
ਹਰੇਕ ਸਵਾਲ ਦੇ ਜਵਾਬ ਵਿੱਚ ਵਰਤੋਂਕਾਰਾਂ ਨੂੰ ਤਕਰੀਬਨ 150 ਤੋਂ 200 ਸ਼ਬਦਾਂ ਵਿੱਚ ਸੰਖੇਪ ਜਾਣਕਾਰੀ ਹਾਸਲ ਹੋਵੇਗੀ।
ਇਹ ਜਾਣਕਾਰੀ ਇੰਟਰਨੈੱਟ ਉੱਤੇ ਉਸ ਵਿਸ਼ੇ ਨਾਲ ਸਬੰਧਤ ਸਾਰੀ ਜਾਣਕਾਰੀ ਦਾ ਤੱਤਸਾਰ ਹੋਵੇਗੀ।
ਇਸ ਤਕਨੀਕ ਦੇ ਆਉਣ ਤੋਂ ਬਾਅਦ ਵਰਤੋਂਕਾਰਾਂ ਲਈ ਮੁੱਢਲੀ ਜਾਣਕਾਰੀ ਲਈ ਕਿਸੇ ਖ਼ਾਸ ਵੈੱਬਸਾਈਟ ਉੱਤੇ ਜਾਣਾ ਜ਼ਰੂਰੀ ਨਹੀਂ ਰਹੇਗਾ।
ਜਵਾਬ ਦੇ ਨਾਲ-ਨਾਲ ਵਰਤੋਂਕਾਰਾਂ ਲਈ ‘ਫੌਲੋ ਅੱਪ’ ਸਵਾਲ ਯਾਨਿ ਸਬੰਧਤ ਸਵਾਲ ਵੀ ਦਰਸਾਏ ਜਾਣੇ ਸ਼ੁਰੂ ਹੋ ਗਏ ਹਨ, ਜੋ ਵਰਤੋਂਕਾਰਾਂ ਦੇ ਲਈ ਸਹਾਇਕ ਅਤੇ ਜ਼ਰੂਰੀ ਹੋ ਸਕਦੇ ਹਨ।
ਇਸ ਦੇ ਨਾਲ ਹੀ ਵੱਖਰੇ ਕਾਲਮਾਂ ਵਿੱਚ ਵਰਤੋਂਕਾਰਾਂ ਨੂੰ ਵਿਸ਼ੇ ਬਾਰੇ ਹੋਰ ਜਾਣਕਾਰੀ ਲਈ ਵੈੱਬਸਾਈਟਸ ਅਤੇ ਇਸ਼ਤਿਹਾਰ ਵੀ ਦਿਖਾਏ ਜਾਣਗੇ।
ਏਆਈ ਵੱਲੋਂ ਬਣਾਏ ਗਏ ਜਵਾਬਾਂ ਦੇ ਨਾਲ-ਨਾਲ ਲੋਕਾਂ ਕੋਲ ਆਮ ਸਰਚ ਰਾਹੀਂ ਸਾਹਮਣੇ ਆਈਆਂ ਵੈੱਬਸਾਈਟਾਂ ਉੱਤੇ ਜਾਣ ਦਾ ਬਦਲ ਵੀ ਮੌਜੂਦ ਹੋਵੇਗਾ।
‘ਜੈਨੇਰੇਟਿਵ ਏਆਈ’ ਕੀ ਹੁੰਦੀ ਹੈ?
ਗੂਗਲ ਨੇ ਜੈਨੇਰੇਟਿਵ ਏਆਈ ਬਾਰੇ ਜੋ ਜਾਣਕਾਰੀ ਦਿੱਤੀ ਹੈ ਉਸ ਮੁਤਾਬਕ ਇਹ ‘ਆਰਟੀਫੀਸ਼ਲ ਇੰਟੈਲੀਜੈਂਸ’ ਦੇ ਆਧਾਰ ’ਤੇ ਜਾਣਕਾਰੀ ਦੀ ਪੜਚੋਲ ਕਰਦਾ ਹੈ ਕਿ ਵਰਤੋਂਕਾਰ ਨੂੰ ਕਿਹੜੀ ਜਾਣਕਾਰੀ ਦੇਣੀ ਹੈ।
ਪਰ ਹੁਣ ‘ਜੈਨੇਰੇਟਿਵ ਏਆਈ’ ਰਾਹੀਂ ਨਵੀਂ ਜਾਣਕਾਰੀ ਜਿਸ ਵਿੱਚ ਟੈਕਸਟ, ਤਸਵੀਰਾਂ, ਵੀਡੀਓ ਵੀ ਸ਼ਾਮਲ ਹਨ, ਬਣਾਈ ਜਾ ਸਕਦੀ ਹੈ।
ਇਹ ਤਕਨੀਕ ਲਾਰਜ ਲੈਂਗੁਏਜ ਮਾਡਲਸ (ਐੱਲਐੱਲਐੱਮ) ਉੱਤੇ ਅਧਾਰਤ ਹੈ।
ਐੱਲਐੱਲਐੱਮ ਨੂੰ ਇਹ ਸਿਖਲਾਈ ਦਿੱਤੀ ਜਾਂਦੀ ਹੈ ਕਿ ਉਹ ਵੱਡੀ ਮਾਤਰਾ ਵਿੱਚ ਮੌਜੂਦ ਜਾਣਕਾਰੀ ਦੇ ਆਧਾਰ ਉੱਤੇ ਇੱਕ ਵਾਕ ਦੇ ਅਗਲੇ ਸ਼ਬਦਾਂ ਬਾਰੇ ਅੰਦਾਜ਼ਾ ਲਾ ਸਕਦੀ ਹੈ।
ਇਸ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ?
ਇਸਦੀ ਵਰਤੋਂ ਕਰਨ ਲਈ ਵਰਤੋਂਕਾਰ ਗੂਗਲ ਲੈਬਸ ’ਤੇ ਜਾ ਕੇ ਇਸ ਸਹੂਲਤ ਨੂੰ ਸ਼ੁਰੂ ਕਰ ਸਕਦੇ ਹਨ।
ਵਰਤੋਂਕਾਰ ਗੂਗਲ ਸਰਚ ਬਾਰ ਦੇ ਨਾਲ ਦਰਸਾਏ ਜਾਂਦੇ ਸਰਚ ਲੈਬ ਆਈਕਨ ਉੱਤੇ ਜਾ ਕੇ ਵੀ ਇਸ ਨੂੰ ਸ਼ੁਰੂ ਕਰ ਸਕਦੇ ਹਨ।
ਇਸ ਤੋਂ ਬਾਅਦ ਵਰਤੋਂਕਾਰਾਂ ਨੂੰ ਗੂਗਲ ਸਰਚ ਉੱਤੇ ਨਤੀਜੇ ਵੱਖਰੇ ਤਰੀਕੇ ਨਾਲ ਦਿਖਣ ਲੱਗਣਗੇ, ਜੋ ਕਿ ਏਆਈ ਉੱਤੇ ਆਧਾਰਤ ਹੋਣਗੇ।
ਇਹ ਆਮ ਗੂਗਲ ਸਰਚ ਨਾਲੋਂ ਕਿਵੇਂ ਵੱਖਰਾ ਹੋਵੇਗਾ
ਗੂਗਲ ਨੇ ਲਿਖਿਆ ਹੈ ਕਿ ‘ਜੈਨੇਰੇਟਿਵ ਏਆਈ’ ਰਾਹੀਂ ਸਰਚ ਇੰਜਨ ਦੀ ਸਮਰੱਥਾ ਨੂੰ ਹੋਰ ਅੱਗੇ ਵਧਾਇਆ ਜਾ ਰਿਹਾ ਹੈ।
ਇਸ ਰਾਹੀਂ ਹੁਣ ਉਨ੍ਹਾਂ ਸਵਾਲਾਂ ਦੇ ਵੀ ਜਵਾਬ ਦੇਣੇ ਸੰਭਵ ਹੋ ਜਾਣਗੇ ਜਿਸ ਬਾਰੇ ਕਿਸੇ ਨੇ ਕਦੇ ਸੋਚਿਆ ਵੀ ਨਾਂ ਹੋਵੇ।
ਇਸ ਤਕਨੀਕ ਉੱਤੇ ਦਹਾਕਿਆਂ ਬੱਧੀ ਮਿਹਨਤ ਕੀਤੀ ਗਈ ਹੈ।
ਇਸ ਤਕਨੀਕ ਨੂੰ ਸਰਚ ਨਤੀਜਿਆਂ ਦੀ ਗੁਣਵੱਤਾ ਦੇ ਪੱਖ ਤੋਂ ਮਿਆਰੀ ਰੱਖਣ ਲਈ ਵੀ ਯਤਨ ਕੀਤਾ ਜਾ ਰਿਹਾ ਹੈ।
ਭਾਰਤ ਲਈ ਇਸ ਵਿੱਚ ਕੀ ਵੱਖਰਾ ਹੈ
ਗੂਗਲ ਨੇ ਵੀਰਵਾਰ ਨੂੰ ਬਲੋਗ ਪੋਸਟ ਉੱਤੇ ਲਿਖਿਆ ਹੈ ਕਿ ਅਮਰੀਕਾ ਤੋਂ ਬਾਅਦ ਭਾਰਤ ਅਤੇ ਜਪਾਨ ਅਜਿਹੇ ਦੋ ਦੇਸ਼ ਹਨ ਜਿੱਥੇ ‘ਸਰਚ ਲੈਬ ਪ੍ਰੋਜੈਕਟ’ ਜਾਰੀ ਕੀਤਾ ਜਾ ਰਿਹਾ ਹੈ।
ਗੂਗਲ ਨੇ ਪੋਸਟ ਵਿੱਚ ਲਿਖਿਆ ਕਿ ਲੋਕ ਹੁਣ ‘ਸਰਚ ਜੈਨੇਰੇਟਿਵ ਐਕਸਪਿਰੀਅੰਸ’ ਰਾਹੀਂ ਵਿਸ਼ਿਆਂ ਬਾਰੇ ਤੇਜ਼ੀ ਨਾਲ ਜਾਣਕਾਰੀ ਹਾਸਲ ਕਰ ਸਕਦੇ ਹਨ, ਇਸਦੇ ਨਾਲ ਹੀ ਵਰਤੋਂਕਾਰਾਂ ਲਈ ਵੱਖੋ-ਵੱਖਰੇ ਨਜ਼ਰੀਏ ਹਾਜ਼ਰ ਹੋਣਗੇ।
ਅਮਰੀਕਾ ਅਤੇ ਜਾਪਾਨ ਵਾਂਗ ਭਾਰਤ ਵਿੱਚ ਵੀ ਏਆਈ ਦੀ ਵਰਤੋਂ ਸਥਾਨਕ ਭਾਸ਼ਾਵਾਂ ਵਿੱਚ ਵੀ ਕੀਤੀ ਜਾ ਸਕੇਗੀ।
ਭਾਰਤ ਵਿੱਚ ਖ਼ਾਸ ਗੱਲ ਇਹ ਹੋਵੇਗੀ ਕਿ ਇੱਥੇ ਵਰਤੋਂਕਾਰਾਂ ਲਈ ਭਾਸ਼ਾ ਬਦਲਣ ਦੀ ਸੌਖੀ ਸਹੂਲਤ ਵੀ ਦਿੱਤੀ ਜਾਵੇਗੀ।
ਭਾਰਤ ਵਿੱਚ ਏਆਈ ਵੱਲੋਂ ਬਣਾਈ ਗਈ ਜਾਣਕਾਰੀ ਅੰਗਰੇਜ਼ੀ ਦੇ ਨਾਲ-ਨਾਲ ਹਿੰਦੀ ਭਾਸ਼ਾ ਵਿੱਚ ਵੀ ਉਪਲਬਧ ਹੋਵੇਗੀ।
ਇਸ ਲਈ ਵਰਤੋਂਕਾਰਾਂ ਨੂੰ ਇੱਕ ਬਟਨ ਦਿੱਤਾ ਜਾਵੇਗਾ ਜਿਸ ਰਾਹੀਂ ਉਹ ਜਵਾਬ ਦੀ ਭਾਸ਼ਾ ਹਿੰਦੀ ਅਤੇ ਅੰਗਰੇਜ਼ੀ ਵਿੱਚ ਬਦਲ ਸਕਦੇ ਹਨ।
ਗੂਗਲ ਨੇ ਲਿਖਿਆ, “ਭਾਰਤ ਵਿੱਚ ਲੋਕ ਜਾਣਕਾਰੀ ਨੂੰ ਸੁਣਨਾ ਵੱਧ ਪਸੰਦ ਕਰਦੇ ਹਨ, ਇਸ ਲਈ ਇੱਥੇ ਇਹ ਸਹੂਲਤ ਦਿੱਤੀ ਗਈ ਹੈ।”
“ਲੋਕ ਸਰਚ ਦੇ ਨਤੀਜੇ ਅੰਗਰੇਜ਼ੀ ਦੇ ਨਾਲ-ਨਾਲ ਹਿੰਦੀ ਵਿੱਚ ਵੀ ਸੁਣ ਸਕਦੇ ਹਨ।”
ਨੌਜਵਾਨ ਕਰ ਰਹੇ ਹਨ ਪਸੰਦ
ਗੂਗਲ ਨੇ ਲਿਖਿਆ ਕਿ ਏਆਈ ਸਰਚ ਦੇ ਸ਼ੁਰੂ ਹੋਣ ਤੋਂ ਬਾਅਦ, ਇਸ ਨੂੰ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ।
“ਇਸ ਨੂੰ 18 ਤੋਂ 24 ਸਾਲ ਦੀ ਉਮਰ ਦੇ ਲੋਕ ਸਭ ਤੋਂ ਵੱਧ ਪਸੰਦ ਕਰ ਰਹੇ ਹਨ।”
ਕੀ ਹੈ ਏਆਈ ਖੇਤਰ ਦਾ ਭਵਿੱਖ
ਏਆਈ ਅਤੇ ਤਕਨੀਕ ਨਾਲ ਜੁੜੇ ਹਲਕਿਆਂ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਚੈਟ ਜੀਪੀਟੀ, ਅਤੇ ਮਾਇਕ੍ਰੋਸੋਫ਼ਟ ਵੱਲੋਂ ਏਆਈ ਦੀ ਤਕਨੀਕ ਲਾਂਚ ਕਰਨ ਤੋਂ ਬਾਅਦ ਗੂਗਲ ਨੇ ਇਸਦੇ ਮੁਕਾਬਲੇ ਵਿੱਚ ਏਆਈ ਨਾਲ ਲੈਸ ਆਪਣਾ ਸਰਚ ਇੰਜਨ ਲਾਂਚ ਕੀਤਾ ਹੈ।
ਗੂਗਲ ਨੇ ਇਹ ਵੀ ਕਿਹਾ ਹੈ ਕਿ ਇਹ ਤਕਨੀਕ ਹਾਲੇ ਆਪਣੇ ਸ਼ੁਰੂਆਤੀ ਪੜਾਅ ਵਿੱਚ ਹੈ ਜਿਸ ਵਿੱਚ ਲਗਾਤਾਰ ਸੁਧਾਰ ਲਿਆਂਦੇ ਜਾ ਰਹੇ ਹਨ, ਪਰ ਇਸਦਾ ਕਾਰਜ ਖ਼ੇਤਰ ਹਾਲੇ ਸੀਮਤ ਹੈ।”