You’re viewing a text-only version of this website that uses less data. View the main version of the website including all images and videos.
ChatGPT ਕੀ ਹੈ, ਜਿਸ ਨੂੰ ਗੂਗਲ ਲਈ ਖ਼ਤਰਾ ਦੱਸਿਆ ਜਾ ਰਿਹਾ ਹੈ
ਤੁਸੀਂ ਸੋਚ ਸਕਦੇ ਹੋ ਕਿ ਜਿਸ ਤਰ੍ਹਾਂ ਦਾ ਤੁਸੀਂ ਜਾਂ ਮੈਂ ਲਿਖਦੇ ਹਾਂ, ਉਸੇ ਤਰ੍ਹਾਂ ਦਾ ਕੋਈ ਆਰਟੀਫ਼ੀਸ਼ੀਅਲ ਟੂਲ ਲਿਖ ਦੇਵੇ।
30 ਨਵੰਬਰ ਨੂੰ ਜਦੋਂ ਦੁਨੀਆ ਕਤਰ 'ਚ ਹੋ ਰਹੇ ਫੁੱਟਬਾਲ ਵਿਸ਼ਵ ਕੱਪ ਦਾ ਆਨੰਦ ਮਾਣ ਰਹੀ ਸੀ, ਉਸੇ ਦਿਨ ਦੁਨੀਆ 'ਚ ChatGPT (ਚੈਟਜੀਪੀਟੀ) ਨਾਂ ਦੇ ਇੱਕ ਆਰਟੀਫ਼ੀਸ਼ੀਅਲ ਟੂਲ ਨੇ ਡੈਬਿਊ ਕੀਤਾ ਸੀ।
ਇਹ ਨਵਾਂ ਸਿਸਟਮ ਅਜਿਹੀ ਸਮੱਗਰੀ ਲਿਖ ਸਕਦਾ ਹੈ ਜੋ ਬਹੁਤ ਸਟੀਕ ਹੋਵੇ। ਇਹ ਨਵਾਂ ਟੂਲ ਗੂਗਲ ਲਈ ਖ਼ਤਰਾ ਬਣ ਕੇ ਉੱਭਰ ਰਿਹਾ ਹੈ ਤੇ ਸਥਿਤੀ ਇਹ ਹੈ ਕਿ ਜੀਮੇਲ ਦੇ ਸੰਸਥਾਪਕ ਪਾਲ ਨੇ ਕੁਝ ਸਮਾਂ ਪਹਿਲਾ ਕਿਹਾ ਕਿ ਇਹ ਟੂਲ ਦੋ ਸਾਲਾਂ ਵਿੱਚ ਗੂਗਲ ਨੂੰ ਬਰਬਾਦ ਕਰ ਸਕਦਾ ਹੈ।
ਹਾਲ ਦੀ ਘੜੀ ਇਸ ਪ੍ਰੋਗਰਾਮ ਵਿੱਚ ਕੁਝ ਖ਼ਾਮੀਆਂ ਦੇਖੀਆਂ ਜਾ ਸਕਦੀਆਂ ਹਨ। ਪਰ ਆਸ ਕੀਤੀ ਜਾ ਰਹੀ ਹੈ ਕਿ ਸਮੇਂ ਦੇ ਨਾਲ ਇਹ ਟੂਲ ਸਮਾਰਟ ਹੁੰਦਾ ਜਾਵੇਗਾ।
ਜਿੱਥੇ ਚੈਟਜੀਪੀਟੀ ਨੂੰ ਪਸੰਦ ਕਰਨ ਵਾਲੇ ਟੂਲ ਇਸ ਦੀਆਂ ਤਾਰੀਫ਼ਾਂ ਦੇ ਪੁਲ ਬੰਨਦੇ ਥੱਕਦੇ ਨਹੀਂ ਉਥੇ ਹੀ ਕੁਝ ਲੋਕ ਇਸ ਨਵੇਂ ਟੂਲ ਤੋਂ ਖ਼ਤਰਾ ਮਹਿਸੂਸ ਕਰ ਰਹੇ ਹਨ।
ਜੇ ਤੁਸੀਂ ਇੰਟਰਨੈੱਟ 'ਤੇ ਚੈਟਜੀਪੀਟੀ ਦੀਆਂ ਸਮੀਖਿਆਵਾਂ ਪੜ੍ਹੋਂ ਤਾਂ ਤੁਹਾਨੂੰ 'ਖਤਰਾ' ਸ਼ਬਦ ਦਾ ਵਾਰ-ਵਾਰ ਜ਼ਿਕਰ ਕੀਤਾ ਮਿਲੇਗਾ।
ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਪ੍ਰੋਗਰਾਮ ਤੇਜ਼ੀ ਨਾਲ ਮਨੁੱਖੀ ਦਿਮਾਗ ਦੀ ਨਕਲ ਕਰ ਰਿਹਾ ਹੈ।
ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ਼ ਦੇ ਇੱਕ ਲੇਖ ਮੁਤਾਬਕ, ਸਿੱਖਿਆ, ਡਿਜੀਟਲ ਸੁਰੱਖਿਆ, ਕੰਮ-ਕਾਜ ਤੇ ਲੋਕਤੰਤਰ ਤੱਕ ਇਸ ਪ੍ਰੋਗਰਾਮ ਦਾ ਅਸਰ ਹੋਣ ਦੀ ਸੰਭਾਵਨਾ ਹੈ।
ਅਖਬਾਰ ਲਿਖਦਾ ਹੈ ਕਿ ਪਹਿਲਾਂ ਜੋ ਰਾਏ ਇੱਕ ਵਿਅਕਤੀ ਦੀ ਹੁੰਦੀ ਸੀ, ਉਹ ਇੱਕ ਨਕਲੀ ਰੋਬੋਟ ਦੁਆਰਾ ਲਿਖੀ ਗਈ ਇੱਕ ਦਲੀਲ ਹੋ ਸਕਦੀ ਹੈ।
ਕੀ ਹੈ ChatGPT?
ChatGPT ਅਸਲ ’ਚ ਇੱਕ ਚੈਟਬੋਟ ਹੈ ਜੋ ਤੁਹਾਨੂੰ ਕਈ ਤਰ੍ਹਾਂ ਦੇ ਸਵਾਲਾਂ ਦੇ ਲਿਖਤੀ ਅਤੇ ਤਕਰੀਬਨ ਸਹੀ ਜਵਾਬ ਦੇ ਸਕਦਾ ਹੈ। ਇਹ ਚੈਟਬੋਟ ਤੁਹਾਡੀਆਂ ਨਿੱਜੀ ਸਮੱਸਿਆਵਾਂ ਦੇ ਹੱਲ ਬਾਰੇ ਵੀ ਸਲਾਹ ਦੇ ਸਕਦਾ ਹੈ।
ਇਸ ਵਿੱਚ ਕੰਨਟੈਂਟ ਤਿਆਰ ਕਰਨ ਦੀਆਂ ਬੇਅੰਤ ਸੰਭਾਵਨਾਵਾਂ ਹਨ।
ਜਿਵੇਂ ਜੇ ਤੁਸੀਂ ਇਸ ਤੋਂ ਕੋਈ ਔਖੀ ਡਿਸ਼ ਬਣਾਉਣੀ ਸਿੱਖਣਾ ਚਾਹੋ ਤਾਂ ਇਹ ਸਾਰੀ ਪ੍ਰੀਕ੍ਰਿਆ ਵਿਸਥਾਰ ਵਿੱਚ ਦੱਸ ਦੇਵੇਗਾ। ਪਰ ਨਾਲ ਹੀ ਇਹ ਉਸੇ ਵੇਲੇ ਉਸ ਵਿਅੰਜਨ ਦਾ ਇੱਕ ਨਵਾਂ ਸੰਸਕਰਣ ਵੀ ਬਣਾ ਸਕਦਾ ਹੈ।
ਇਹ ਨੌਕਰੀ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
ਤੁਸੀਂ ਮੁਹੱਬਤ ਭਰਿਆ ਖ਼ਤ ਇਸ ਤੋਂ ਲਿਖਵਾ ਸਕਦੇ ਹੋ। ਇਹ ਤੁਹਾਡੀ ਮਦਦ ਕਰ ਸਕਦਾ ਹੈ ਖ਼ਾਸ ਦੋਸਤਾਂ ਲਈ ਕਵਿਤਾਵਾਂ ਲਿਖਣ ਵਿੱਚ ਜਾਂ ਅਕਾਦਮਿਕ ਪੇਪਰ ਲਿਖਣ ਲਈ ਵੀ ਇਹ ਤੁਹਾਡੇ ਕੰਮ ਆ ਸਕਦਾ ਹੈ।
ਉਦਾਹਰਨ ਲਈ, ਤੁਸੀਂ ਇਸ ਚੈਟਬੋਟ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿਸ਼ੇ 'ਤੇ ਸ਼ੈਕਸਪੀਅਰ ਦੀ ਸ਼ੈਲੀ ਵਿੱਚ ਇੱਕ ਕਵਿਤਾ ਲਿਖਣ ਲਈ ਕਹਿੰਦੇ ਹੋ।
ਕੁਝ ਹੀ ਪਲਾਂ ਵਿੱਚ ਤੁਹਾਨੂੰ ਇਹ ਕਵਿਤਾ ਤੁਹਾਡੇ ਸਾਹਮਣੇ ਹੋਵੇਗੀ। ਕਵਿਤਾ ਦੇ ਮਿਆਰ 'ਤੇ ਬਹਿਸ ਹੋ ਸਕਦੀ ਹੈ ਪਰ ਲਿਖਣ ਦੀ ਗਤੀ 'ਤੇ ਨਹੀਂ।
ਚੈਟਜੀਪੀਟੀ ਤਕਰੀਬਨ 100 ਭਾਸ਼ਾਵਾਂ ਵਿੱਚ ਉਪਲਬਧ ਹੈ ਪਰ ਇਹ ਅੰਗਰੇਜ਼ੀ ਵਿੱਚ ਸਭ ਤੋਂ ਸਹੀ ਕੰਮ ਕਰਦਾ ਹੈ।
ਅਸੀਂ ਚੈਟਜੀਪੀਟੀ 'ਤੇ ਦਿੱਲੀ ਬਾਰੇ ਕਵਿਤਾ ਲਿਖਣ ਲਈ ਕਿਹਾ, ਤਾਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਨਤੀਜੇ ਆਏ।
ਤੁਸੀਂ ਇਨ੍ਹਾਂ ਤਸਵੀਰਾਂ ਵਿੱਚ ਖ਼ੁਦ ਦੇਖ ਸਕਦੇ ਹੋ ਦੋਵਾਂ ਭਾਸ਼ਾਵਾਂ ਦੀਆਂ ਲਿਖਤਾਂ ਵਿੱਚ ਕੀ ਫ਼ਰਕ ਹੈ।
ਇਹ ਸਿਸਟਮ OpenAI ਨਾਮ ਦੀ ਇੱਕ ਕੰਪਨੀ ਨੇ ਸਾਲ 2015 ਵਿੱਚ ਤਿਆਰ ਕੀਤਾ ਗਿਆ। ਸੈਮ ਓਲਟਮੈਨ ਤੇ ਈਲੋਨ ਮਸਕ ਨੇ ਇਸ ਸਿਸਟਮ ਨੂੰ ਵਿਕਸਤ ਕਰਨ ਦਾ ਕੰਮ ਕੀਤਾ ਸੀ।
ਈਲੋਨ ਮਸਕ ਸਾਲ 2018 ਵਿੱਚ ਇਸ ਕੰਮ ਤੋਂ ਵੱਖ ਹੋ ਗਿਆ ਸੀ।
ਚੈਟਜੀਪੀਟੀ ਦੇ ਲਾਂਚ ਦੇ ਪੰਜ ਦਿਨਾਂ ਦੇ ਅੰਦਰ 10 ਲੱਖ ਉਪਭੋਗਤਾ ਸਨ। ਇਸ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਲਈ ਉਪਭੋਗਤਾਵਾਂ ਨਾਲ ਚੈਟਬੋਟ ਜ਼ਰੀਏ ਸਵਾਲ ਅਤੇ ਜਵਾਬ ਕੀਤੇ ਜਾਂਦੇ ਹਨ।
ਓਪਨਏਆਈ (OpenAI) ਦਾ ਕਹਿਣਾ ਹੈ ਕਿ ਇਸ ਚੈਟਬੋਟ ਦੀ ਵਰਤੋਂ ਸਾਰਿਆਂ ਲਈ ਮੁਫ਼ਤ ਹੋਵੇਗੀ ਅਤੇ ਇਹ ਟੈਸਟਿੰਗ ਅਤੇ ਰਿਸਰਚ ਦੌਰਾਨ ਸਾਰਿਆਂ ਲਈ ਉਪਲਬਧ ਹੋਵੇਗੀ।
ਕੰਪਨੀ ਦੇ ਇਸ ਬਿਆਨ ਦੇ ਨਾਲ, ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਭਵਿੱਖ ਵਿੱਚ ਓਪਨਏਆਈ ਚੈਟਜੀਪੀਟੀ ਦੀ ਵਰਤੋਂ ਕਰਨ ਲਈ ਪੈਸੇ ਚਾਰਜ ਕਰਨਾ ਸ਼ੁਰੂ ਕਰ ਦੇਵੇਗਾ।
ਕੰਪਨੀ ਨੇ ਇਹ ਵੀ ਕਿਹਾ ਹੈ ਕਿ ਟੈਸਟਿੰਗ ਅਤੇ ਰਿਸਰਚ ਦੌਰਾਨ ਸਾਫ਼ਟਵੇਅਰ ਕਈ ਵਾਰ ਗ਼ਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਦੇ ਸਕਦਾ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਚੈਟਬੋਟ ਦਾ ਡਾਟਾ ਹਿਸਟਰੀ ਮਹਿਜ਼ 2021 ਤੱਕ ਸੀਮਿਤ ਹੈ।
ਗੂਗਲ ਦੇ ਏਕਾਧਿਕਾਰਤ ਸ਼ਾਸਨ ਨੂੰ ਚੁਣੌਤੀ?
ਕਈ ਲੋਕ ਇਸ ਨੂੰ ਇੰਟਰਨੈੱਟ 'ਤੇ ਜਾਣਕਾਰੀ ਇਕੱਠੀ ਕਰਨ ਲਈ ਗੂਗਲ ਦੇ ਏਕਾਧਿਕਾਰ ਲਈ ਚੁਣੌਤੀ ਦੱਸ ਰਹੇ ਹਨ, ਪਰ ਇਹ ਸਿਸਟਮ ਅਜੇ ਵੀ ਗੰਭੀਰ ਗ਼ਲਤੀਆਂ ਕਰ ਰਿਹਾ ਹੈ।
ਜਿਵੇਂ ਇਸ ਚੈਟਬੋਟ ਤੋਂ ਪੁੱਛਿਆ ਗਿਆ ਸੀ ਕਿ ਹੁਣ ਤੱਕ ਕਿੰਨੇ ਭਾਰਤੀਆਂ ਨੂੰ ਆਸਕਰ ਪੁਰਸਕਾਰ ਮਿਲ ਚੁੱਕਿਆ ਹੈ?
ਇਸ ਦੇ ਜਵਾਬ ਵਿੱਚ, ਚੈਟਬੋਟ ਨੇ ਲਿਖਿਆ - ਭਾਨੂ ਅਥਈਆ ਸਾਲ 2021 ਤੱਕ ਆਸਕਰ ਜਿੱਤਣ ਵਾਲੀ ਇਕਲੌਤੀ ਭਾਰਤੀ ਹਨ।
ਪਰ ਆਪਾਂ ਤਾਂ ਜਾਣਦੇ ਹੀ ਹਾਂ ਕਿ ਹੋਰ ਬਹੁਤ ਸਾਰੇ ਭਾਰਤੀ ਆਸਕਰ ਪੁਰਸਕਾਰ ਜਿੱਤ ਚੁੱਕੇ ਹਨ।
ਅਜਿਹੇ AI ਪ੍ਰੋਗਰਾਮ ਬਹੁਤ ਸਾਰਾ ਡਾਟਾ ਸਟੋਰ ਕਰਦੇ ਹਨ।
ਚੈਟਜੀਪੀਟੀ ਦਾ ਫੋਕਸ ਸ਼ਬਦਾਂ ਦੀ ਵਰਤੋਂ ਗੱਲਬਾਤ ਵਰਗੇ ਅੰਦਾਜ਼ ਵਿੱਚ ਜਵਾਬ ਦੇਣ 'ਤੇ ਹੈ। ਇਹ ਚੈਟਬੋਟ ਵਾਕ ਲਿਖਣ ਦੇ ਸਭ ਤੋਂ ਵਧੀਆ ਤਰੀਕੇ ਦਾ ਅੰਦਾਜ਼ਾ ਲਗਾਉਣ ਲਈ ਐਲਗੋਰਿਦਮ ਦੀ ਵਰਤੋਂ ਕਰਦਾ ਹੈ।
ਇਨ੍ਹਾਂ ਨੂੰ ਲਾਰਜ ਲੈਂਗੂਏਜ ਮਾਡਲ (LAM) ਵੀ ਕਿਹਾ ਜਾਂਦਾ ਹੈ।
ਸਾਓ ਪੌਲੋ ਯੂਨੀਵਰਸਿਟੀ ਦੇ ਪ੍ਰੋਫੈਸਰ ਅਲਵਾਰੋ ਮਚਾਡੋ ਡਾਇਸ ਇੱਕ ਨਿਊਰੋਸਾਇੰਟਿਸਟ ਹਨ। ਉਹ ਦੱਸਦੇ ਹਨ ਕਿ ਅਜਿਹੇ ਚੈਟਬੋਟ ਦੇ ਨਿਰਮਾਣ ਦੌਰਾਨ ਇਸ ਤੋਂ ਕਈ ਸਧਾਰਨ ਸਵਾਲ ਪੁੱਛੇ ਜਾਂਦੇ ਹਨ। ਜਿਵੇਂ ਕਿ ਪੁੱਛਿਆ ਜਾਵੇ ਕਿ ਇੱਕ ਸਿਲੰਡਰ ਕੀ ਹੈ?
ਫ਼ਿਰ ਤਕਨੀਸ਼ੀਅਨ ਇਸ ਸਵਾਲ ਦਾ ਵਿਸਤ੍ਰਿਤ ਜਵਾਬ ਦਿੰਦਾ ਹੈ.
"ਇਸ ਤੋਂ ਬਾਅਦ ਵੀ, ਜੇ ਚੈਟਬੋਟ ਦੇ ਜਵਾਬ ਦਾ ਕੋਈ ਮਤਲਬ ਨਹੀਂ ਬਣਦਾ, ਤਾਂ ਸਹੀ ਜਵਾਬ ਸਿਸਟਮ ਵਿੱਚ ਭਰਿਆ ਜਾਂਦਾ ਹੈ। ਅਜਿਹਾ ਕਈ ਸਵਾਲਾਂ ਨਾਲ ਕੀਤਾ ਜਾਂਦਾ ਹੈ।"
ChatGPT
- ChatGPT 30 ਨਵੰਬਰ, 2022 ਨੂੰ ਲਾਂਚ ਕੀਤਾ ਗਿਆ
- ਇਹ ਸਿਸਟਮ ਲਿਖ ਕੇ ਜਵਾਬ ਦਿੰਦਾ ਹੈ
- ChatGPT ਦੇ ਦਿੱਤੇ ਜਵਾਬ ਮਨੁੱਖ ਵਲੋਂ ਲਿਖੀ ਕਿਸੇ ਲਿਖਤ ਵਰਗੇ ਹੀ ਹੁੰਦੇ ਹਨ
- ਮਾਹਰ ਇਸ ਨੂੰ ਗੂਗਲ ਦੇ ਨਾਲ ਨਾਲ ਸਿਖਿਆ ਤੇ ਕਈ ਹੋਰ ਖੇਤਰਾਂ ਲਈ ਵੀ ਖ਼ਤਰਾ ਮੰਨ ਰਹੇ ਹਨ
- ਇਹ ਸਿਸਟਮ ਗ਼ਲਤੀਆਂ ਸਵਿਕਾਰਨ ਤੇ ਉਨ੍ਹਾਂ ਨੂੰ ਸੁਧਾਰਨ ’ਤੇ ਕੰਮ ਕਰਦਾ ਹੈ
ChatGPT ਹੂਬਹੂ ਇਨਸਾਨਾਂ ਵਾਂਗ ਬੋਲਣਾ ਸਿੱਖਦਾ ਹੈ।
ਮਚਾਡੋ ਡਾਇਸ ਦਾ ਕਹਿਣਾ ਹੈ ਕਿ ਇਹ ਹੀ ਇਸ ਨੂੰ ਖ਼ਾਸ ਬਣਾਉਂਦਾ ਹੈ ਕਿਉਂਕਿ ਇਹ ਭਾਸ਼ਾਵਾਂ ਨੂੰ ਸਮਝਣ ਵਿੱਚ ਮਾਹਰ ਹੋ ਗਿਆ ਹੈ।
ਇੰਜੀਨੀਅਰ ਇਸ ਨੂੰ ਸਮਾਰਟ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ।
ਪ੍ਰੋਫ਼ੈਸਰ ਡਾਇਸ ਕਹਿੰਦੇ ਹਨ, "ਅਸਲ ਵਿੱਚ ਇੰਜੀਨੀਅਰ ਐਲਗੋਰਿਦਮ ਵਲੋਂ ਦਿੱਤੇ ਗਏ ਜਵਾਬਾਂ ਦੀ ਜਾਂਚ ਕਰਦੇ ਹਨ ਅਤੇ ਪ੍ਰੋਗਰਾਮ ਨੂੰ ਫ਼ੀਡਬੈਕ ਦਿੰਦੇ ਹੋਏ ਇਸਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ। ਤੁਹਾਡੇ ਸਵਾਲ ਦਾ ਜਵਾਬ ਲਿਖਤੀ ਰੂਪ ਵਿੱਚ ਦਿੱਤਾ ਜਾਂਦਾ ਹੈ ਤੇ ਇਹ ਗੰਭੀਰ ਮਾਮਲਾ ਹੁੰਦਾ ਹੈ।"
ChatGPT ਨੂੰ ਗ਼ਲਤੀਆਂ ਮੰਨਣ ਦੀ ਸਿਖਲਾਈ ਵੀ ਦਿੱਤੀ ਗਈ ਹੈ। ਇਹ ਪ੍ਰੋਗਰਾਮ ਗ਼ਲਤ ਧਾਰਨਾਵਾਂ ਨੂੰ ਠੀਕ ਕਰਦਾ ਹੈ ਅਤੇ ਅਪ੍ਰਸੰਗਿਕ ਸਵਾਲਾਂ ਨੂੰ ਰੱਦ ਕਰਦਾ ਹੈ।
ਪਰ ਕੈਲੀਫੋਰਨੀਆ ਯੂਨੀਵਰਸਿਟੀ ਦੇ ਇੱਕ ਪ੍ਰੋਫ਼ੈਸਰ ਨੇ ਇਸ ਪ੍ਰਣਾਲੀ ਜ਼ਰੀਏ ਅਜਿਹਾ ਪ੍ਰੋਗਰਾਮਿੰਗ ਕੋਡ ਬਣਾਇਆ ਹੈ, ਜਿਸ ਮੁਤਾਬਕ ਸਿਰਫ਼ ਗੋਰੇ ਅਤੇ ਏਸ਼ੀਆਈ ਮਰਦ ਹੀ ਚੰਗੇ ਵਿਗਿਆਨੀ ਬਣ ਸਕਦੇ ਹਨ।
ਓਪਨਏਆਈ ਨੇ ਸਵੀਕਾਰ ਕੀਤਾ ਹੈ ਕਿ ਫ਼ਿਲਹਾਲ ਇਹ ਪ੍ਰੋਗਰਾਮ ਇਸ ਨੂੰ ਦਿੱਤੇ ਗਏ ਨਿਰਦੇਸ਼ਾਂ ਦੇ ਜਵਾਬ ਵਿੱਚ ਦਿੱਕਤ ਵਾਲੇ ਜਵਾਬ ਦੇ ਸਕਦਾ ਹੈ, ਅਤੇ ਟੈਸਟਿੰਗ ਦੌਰਾਨ ਇਕੱਠੇ ਕੀਤੇ ਡਾਟਾ ਦੀ ਵਰਤੋਂ ਸਿਸਟਮ ਨੂੰ ਹੋਰ ਸ਼ੁੱਧ ਕਰਨ ਲਈ ਕੀਤੀ ਜਾਵੇਗੀ।
ਕੀ ਇਹ ਸਿਰਜਣਾਤਮਕਤਾ ਨੂੰ ਖ਼ਤਰਾ ਹੈ?
ਜਿਹੜੇ ਕੰਮ, ਨੌਕਰੀਆਂ ਸ਼ਬਦਾਂ ਅਤੇ ਵਾਕਾਂ 'ਤੇ ਨਿਰਭਰ ਹਨ ਉਨ੍ਹਾਂ ਲਈ ਖ਼ਤਰੇ ਦੀ ਘੰਟੀ ਵੱਜਣ ਲੱਗੀ ਹੈ।
ਜਿਵੇਂ ਕਿ ਪੱਤਰਕਾਰੀ।
ਜੇਕਰ ਸਿਸਟਮ ਵਿੱਚ ਹੋਰ ਸੁਧਾਰ ਹੋਇਆ ਤਾਂ ਪੱਤਰਕਾਰਾਂ ਦੀਆਂ ਨੌਕਰੀਆਂ ਘੱਟ ਹੋ ਜਾਣਗੀਆਂ ਅਤੇ ਸੰਭਵ ਤੌਰ 'ਤੇ ਇੱਕ ਸਮਾਂ ਆ ਸਕਦਾ ਹੈ ਜਦੋਂ ਉਨ੍ਹਾਂ ਦੀ ਜ਼ਰੂਰਤ ਹੀ ਨਾ ਰਹੇ ਕਿਉਂਕਿ ਚੈਟਬੋਟ ਇੰਨਾਂ ਸਮਰੱਥ ਹੋਵੇਗਾ ਕਿ ਹਰ ਵਿਸ਼ੇ ’ਤੇ ਸਹੀ ਲੇਖ ਲਿਖ ਸਕੇ।
ChatGPT ਦੀ ਕੋਡ ਲਿਖਣ ਦੀ ਯੋਗਤਾ ਜੇ ਕਿਸੇ ਹੋਰ ਸੈਕਟਰ 'ਤੇ ਸਵਾਲ ਖੜ੍ਹੇ ਕਰ ਸਕਦੀ ਹੈ ਤਾਂ ਉਹ ਹੈ ਕੰਪਿਊਟਰ ਪ੍ਰੋਗਰਾਮਿੰਗ ਦਾ ਸੈਕਟਰ।
ਪਰ ਜੇ ਕਿਸੇ ਖੇਤਰ ਨੂੰ ਲੈ ਕੇ ਹਰ ਕੋਈ ਫ਼ਿਕਰਮੰਦ ਹੈ ਉਹ ਸਿੱਖਿਆ ਹੈ।
ਨਿਊਯਾਰਕ ਵਿੱਚ ਵਿਦਿਆਰਥੀਆਂ ਨੂੰ ਇੱਕ ਲਾਲਚ ਪੈਦਾ ਹੋਇਆ। ਉਹ ਸੋਚ ਰਹੇ ਸਨ ਕਿ ਹੁਣ ਚੈਟਜੀਪੀਟੀ ਰਾਹੀਂ ਆਪਣੀਆਂ ਅਸਾਈਨਮੈਂਟਾਂ ਤਿਆਰ ਕਰ ਸਕਣਗੇ।
ਸ਼ਹਿਰ ਦੇ ਸਾਰੇ ਸਕੂਲਾਂ ਅਤੇ ਜਨਤਕ ਡਿਵਾਈਸਾਂ ਉੱਤੇ ਚੈਟਜੀਪੀਟੀ ਚਲਾਉਣ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ-
ਓਪਨਏਆਈ ਵੀ ਆਪਣੀ ਚੈਟਬੋਟ ਰਾਹੀਂ ਤਿਆਰ ਹੋਣ ਵਾਲੀ ਸਮੱਗਰੀ ਨੂੰ ਇੱਕ ਵੱਖਰੀ ਪਛਾਣ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪਰ ਕੁਝ ਅਝਿਹੇ ਪ੍ਰਮਾਣਿਤ ਵਜੋਂ ਐਲਗੋਰਿਦਮ ਹਨ ਜੋ ਇਹ ਦੱਸ ਸਕਦੇ ਹਨ ਕਿ ਕੋਈ ਲਿਖਤ ਚੈਟਬੋਟ ਨੇ ਲਿਖੀ ਹੈ ਜਾਂ ਕਿਸੇ ਵਿਅਕਤੀ ਦੀ ਰਚਨਾ ਹੈ।
ਚੈਟਬੋਟਸ ਤੋਂ ਨਕਲ ਕਰਨ, ਜਾਂ ਸਕੂਲ ਦਾ ਕੰਮ ਇਸ ਟੂਲ ਤੋਂ ਕਰਵਾਉਣ ਤੋਂ ਇਲਾਵਾ ਵੀ ਕਈ ਚਿੰਤਾਵਾਂ ਹਨ।
ਜਿਵੇਂ ਜੇ ਕਿਸੇ ਵਿਦਿਆਰਥੀ ਨੂੰ ਕੋਈ ਔਖਾ ਲੇਖ ਲਿਖਣ ਨੂੰ ਕਿਹਾ ਜਾਵੇ ਤਾਂ?
ਸਾਓ ਪੌਲੋ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਇਸ ਕਹਿੰਦੇ ਹਨ, "ਮੈਂ ਵਿਚਾਰਾਂ ਦੇ ਮਸ਼ੀਨੀਕਰਨ ਬਾਰੇ ਚਿੰਤਤ ਹਾਂ। ਇਹ ਸਾਡੇ ਦੁਨੀਆਂ ਨੂੰ ਸਮਝਣ ਦੇ ਢੰਗ ਨੂੰ ਬਦਲਣ ਵਰਗਾ ਹੀ ਹੈ।"
"ਆਧੁਨਿਕ ਇਤਿਹਾਸ ਵਿੱਚ ਮਾਨਸਿਕਤਾ ਦੇ ਬਦਲਾਅ ਦੀ ਇਹ ਸਭ ਤੋਂ ਅਹਿਮ ਘਟਨਾ ਹੋਵੇਗੀ। ਇਹ ਵੀ ਧਿਆਨ ਦੇਣ ਯੋਗ ਹੈ ਕਿ ਮਨੁੱਖੀ ਦਿਮਾਗ ਤੇਜ਼ੀ ਨਾਲ ਸੁੰਗੜ ਰਿਹਾ ਹੈ। ਇਸਦਾ ਕਾਰਨ ਤਕਨਾਲੋਜੀ ਦਾ ਵਿਕਾਸ ਹੈ।"
ਇਨਸਾਨ ਜਾਂ ਮਸ਼ੀਨ
ਆਰਟੀਫਿਸ਼ੀਅਲ ਇੰਟੈਲੀਜੈਂਸ: ਫ਼ਰਾਮ ਜ਼ੀਰੋ ਟੂ ਮੈਟਾਵਰਸ ਨਾਮ ਦੀ ਕਿਤਾਬ ਦੀ ਲੇਖਿਕਾ ਤੇ ਰਿਓ ਗ੍ਰਾਂਡੇ ਦੀ ਪਾਂਟੀਫਿਕਲ ਕੈਥੋਲਿਕ ਯੂਨੀਵਰਸਿਟੀ ਦੀ ਪ੍ਰੋਫੈਸਰ ਮਾਰਥਾ ਗੈਬਰੀਅਲ ਦਾ ਮੰਨਣਾ ਹੈ ਕਿ ਸਾਨੂੰ ਬਦਲਦੇ ਸਮੇਂ ਦੇ ਨਾਲ ਤੇਜ਼ੀ ਨਾਲ ਬਦਲਣਾ ਪਵੇਗਾ।
ਮਾਰਥਾ ਗੈਬਰੀਅਲ ਦਾ ਕਹਿਣਾ ਹੈ, "ਮੁੱਢਲਾ ਫਰਕ ਇਹ ਹੈ ਕਿ ਹੁਣ ਜਵਾਬ ਕੋਈ ਅਰਥ ਨਹੀਂ ਰੱਖਦੇ। ਅਹਿਮ ਹੁੰਦੇ ਹਨ ਸਵਾਲ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਹੀ ਸਵਾਲ ਕਿਵੇਂ ਪੁੱਛਣਾ ਹੈ ਤੇ ਇਸ ਲਈ ਦਿਮਾਗ ਨੂੰ ਸੋਚਣਾ ਪਵੇਗਾ, ਜੋਰ ਲਗਾਉਣਾ ਪਵੇਗਾ।"
ਬ੍ਰਾਜ਼ੀਲ ਦੀ ਫ਼ੈਡਰਲ ਯੂਨੀਵਰਸਿਟੀ ਦੇ ਇੱਕ ਖੋਜਕਰਤਾ ਯੂਰੀ ਲੀਮਾ ਕਹਿੰਦੇ ਹਨ ਕਿ ਨਵੀਂ ਤਕਨੀਕ ਵਿਦਿਆਰਥੀਆਂ ਨੂੰ ਸਾਈਬਰਗ (ਅੱਧੇ ਮਨੁੱਖ ਅਤੇ ਅੱਧੀ ਮਸ਼ੀਨ) ਵਿੱਚ ਬਦਲ ਦੇਵੇਗੀ।
ਯੂਰੀ ਲੀਮਾ ਕਹਿੰਦੇ ਹਨ, "ਇਹ ਨਵੀਂ ਤਕਨੀਕ ਮੰਗ ਕਰਦੀ ਹੈ ਕਿ ਅਧਿਆਪਕ ਵੀ ਇਸਦੀ ਸਹੀ ਵਰਤੋਂ ਕਰਨਾ ਸਿੱਖਣ।"
ਇਹ ਤਾਂ ਹੋਈ ਸਿੱਖਿਆ ਅਤੇ ਵਿਦਿਆਰਥੀਆਂ ਦੀ ਗੱਲ। ਪਰ ਇੱਕ ਹੋਰ ਵੱਡੀ ਚਿੰਤਾ ਹੈ। ਇਹ ਹੈ ਮਨੁੱਖਾਂ ਦੀ ਸਿਰਜਣਾਤਮਕਾ ਤੇ ਲਿਖਤੀ ਸਮੱਗਰੀ ਬਣਾਉਣ ਦੀ।
ਸਿਸਟਮ ਦੇ ਉਪਲਬਧ ਹੋਣ ਤੋਂ ਦਸ ਦਿਨਾਂ ਦੇ ਅੰਦਰ, ਸੈਨ ਫਰਾਂਸਿਸਕੋ ਦੇ ਇੱਕ ਡਿਜ਼ਾਈਨਰ ਨੇ ਦੋ ਦਿਨਾਂ ਵਿੱਚ ਇੱਕ ਬੱਚਿਆਂ ਲਈ ਇੱਕ ਕਿਤਾਬ ਲਿਖ ਦਿੱਤੀ ਜਿਸ ਵਿੱਚ ਚਿੱਤਰ ਵੀ ਸਨ ਤੇ ਲਿਖਤੀ ਕਹਾਣੀਆਂ ਵੀ।
ਇਸ ਡਿਜ਼ਾਈਨਰ ਨੇ ਚੈਟਜੀਪੀਟੀ ਤੋਂ ਇਲਾਵਾ ਮਿਡਜਰਨੀ ਨਾਮਕ ਇੱਕ ਪ੍ਰੋਗਰਾਮ ਤੋਂ ਵੀ ਮਦਦ ਲਈ ਜਿਸ ਰਾਹੀਂ ਤਸਵੀਰਾਂ ਇਕੱਤਰ ਕੀਤੀਆਂ ਗਈਆਂ।
ਪ੍ਰੋਫ਼ੈਸਰ ਮਚਾਡੋ ਡਾਇਸ ਦਾ ਕਹਿਣਾ ਹੈ ਕਿ ਸਿਰਜਣਾ ਲਈ ਅਸਾਧਾਰਨ ਪ੍ਰਤਿਭਾ ਦੀ ਲੋੜ ਹੁੰਦੀ ਹੈ, ਪਰ ਐਲਗੋਰਿਦਮ ਦੀ ਮਦਦ ਨਾਲ ਬਣਾਈਆਂ ਗਈਆਂ ਚੀਜ਼ਾਂ ਮਨੁੱਖ ਦੀ ਰਚਨਾਤਮਕ ਪ੍ਰਵਿਰਤੀ ਨੂੰ ਘਟਾ ਦੇਣਗੀਆਂ।