You’re viewing a text-only version of this website that uses less data. View the main version of the website including all images and videos.
ਸੰਦੀਪ ਸਿੰਘ : ਮਹਿਲਾ ਕੋਚ ਨਾਲ ਕਥਿਤ ਛੇੜਛਾੜ ਦੇ ਇਲਜ਼ਾਮਾਂ ਵਿਚ ਘਿਰੇ ਮੰਤਰੀ, ਦਿੱਤਾ ਸਪੱਸ਼ਟੀਕਰਨ
ਹਰਿਆਣਾ ਦੇ ਖੇਡ ਮੰਤਰੀ ਅਤੇ ਭਾਰਤ ਦੇ ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਉੱਤੇ ਇੱਕ ਓਲੰਪੀਅਨ ਅਥਲੀਟ ਤੇ ਮਹਿਲਾ ਕੋਚ ਨੇ ਕਥਿਤ ਰੂਪ ਵਿਚ ਛੇੜਛਾੜ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ।
ਇਸ ਮਹਿਲਾ ਕੋਚ ਨੇ ਚੰਡੀਗੜ੍ਹ ਵਿਚ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਾਇਆ ਕਿ ਸੰਦੀਪ ਸਿੰਘ ਉਸ ਨੂੰ ਪਿਛਲੇ 4-5 ਮਹੀਨਿਆਂ ਤੋਂ ਤੰਗ ਪ੍ਰੇਸ਼ਾਨ ਕਰ ਰਹੇ ਹਨ।
ਉਨ੍ਹਾਂ ਨੇ ਸੂਬੇ ਦੀ ਡੀਜੀਪੀ ਦਫ਼ਤਰ, ਮੁੱਖ ਮੰਤਰੀ ਦਫ਼ਤਰ ਨਾਲ ਸੰਪਰਕ ਕਰਕੇ ਆਪਣਾ ਦੁੱਖ ਦੱਸਿਆ ਪਰ ਕਿਸੇ ਨੇ ਉਨ੍ਹਾਂ ਦਾ ਦੁੱਖ ਨਹੀਂ ਸੁਣਿਆ, ਬਲਕਿ ਚੁੱਪ ਰਹਿਣ ਦੀ ਸਲਾਹ ਹੀ ਦਿੱਤੀ।
ਉੱਧਰ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਦੀਪ ਸਿੰਘ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।
ਸੰਦੀਪ ਸਿੰਘ ਨੇ ਕਿਹਾ ਹੈ ਕਿ ਮਹਿਲਾ ਮਨਪਸੰਦ ਥਾਂ ਉੱਤੇ ਪੋਸਟ ਲੈਣਾ ਚਾਹੁੰਦੀ ਸੀ ਅਤੇ ਜਦੋਂ ਪੋਸਟ ਉਸ ਮੁਤਾਬਕ ਨਹੀਂ ਮਿਲੀ ਤਾਂ ਇਹ ਇਲਜ਼ਾਮ ਲਗਾਏ ਗਏ।
ਇਹ ਵੀ ਪੜ੍ਹੋ:
ਮਹਿਲਾ ਕੋਚ ਨੇ ਕੀ ਕਿਹਾ?
ਮਹਿਲਾ ਐਥਲੀਟ ਕੋਚ ਨੇ ਸੰਦੀਪ ਸਿੰਘ ਉੱਤੇ ਛੇੜਛਾੜ ਦੇ ਇਲਜ਼ਾਮ ਲਗਾਉਂਦਿਆ ਮੀਡੀਆ ਸਾਹਮਣੇ ਹੋਰ ਵੀ ਕਈ ਗੱਲਾਂ ਕਹੀਆਂ।
ਉਨ੍ਹਾਂ ਕਿਹਾ ਸੰਦੀਪ ਸਿੰਘ ਉਨ੍ਹਾਂ ਨੂੰ ਪੰਚਕੂਲਾ ਦੇ ਇੱਕ ਸਟੇਡੀਅਮ ਦੇ ਜਿੰਮ ਵਿਚ ਮਿਲੇ ਸਨ, ਇਸ ਜਿੰਮ ਵਿਚ ਕੌਮੀ ਤੇ ਕੌਮਾਂਤਰੀ ਖਿਡਾਰੀ ਹੀ ਅਭਿਆਸ ਕਰਦੇ ਹਨ।
ਉਸ ਤੋਂ ਬਾਅਦ ਸੰਦੀਪ ਸਿੰਘ ਨੇ ਉਸ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਰਾਹੀ ਸੰਪਰਕ (ਇੰਸਟਾ, ਸਨੈਪਚੈਟ) ਰਾਹੀ ਸੰਪਰਕ ਕੀਤਾ।
ਇੱਕ ਦਿਨ ਕੰਮ ਦੇ ਬਹਾਨੇ ਉਸ ਨੂੰ ਚੰਡੀਗੜ੍ਹ 7 ਸੈਕਟਰ ਰਿਹਾਇਸ਼ ਉੱਤੇ ਕੰਮ ਦੇ ਬਹਾਨੇ ਬੁਲਾਇਆ ਗਿਆ ਅਤੇ ਮੰਤਰੀ ਨੇ ਉਨ੍ਹਾਂ ਨੂੰ ਆਪਣੇ ਕੈਬਿਨ ਵਿਚ ਲਿਜਾ ਕੇ ਹੱਥੋਪਾਈ ਕਰਨ ਦੀ ਕੋਸ਼ਿਸ ਕੀਤੀ।
ਉਸ ਨੇ ਮੰਤਰੀ ਨੂੰ ਧੱਕਾ ਦੇ ਕੇ ਆਪਣੇ ਆਪਣ ਨੂੰ ਬਚਾਇਆ ਅਤੇ ਭੱਜ ਕੇ ਘਰ ਵਿਚੋਂ ਬਾਹਰ ਆ ਗਈ।
ਮਹਿਲਾ ਨੇ ਕਿਹਾ ਕਿ ਸੰਦੀਪ ਸਿੰਘ ਨੇ ਉਨ੍ਹਾਂ ਨੂੰ ਕਿਹਾ, ‘’ਤੂੰ ਮੈਨੂੰ ਖ਼ੁਸ਼ ਰੱਖ, ਮੈਂ ਤੈਨੂੰ ਖ਼ੁਸ਼ ਰੱਖਾਂਗਾ।’’
ਮਹਿਲਾ ਮੁਤਾਬਕ ਸੰਦੀਪ ਸਿੰਘ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਕਿਸੇ ਸਟਾਫ਼ ਨੇ ਮੇਰੀ ਕੋਈ ਮਦਦ ਨਹੀਂ ਕੀਤੀ।
ਖਿਡਾਰਨ ਮੁਤਾਬਕ ਹੁਣ ਉਨ੍ਹਾਂ ਦੀ ਬਦਲੀ ਝੱਜਰ ਵਿੱਚ ਕੀਤੀ ਗਈ, ਜਿੱਥੇ 100 ਮੀਟਰ ਦਾ ਗਰਾਊਂਡ ਵੀ ਨਹੀਂ ਹੈ।
ਉਹ 400 ਮੀਟਰ ਦੀ ਕੌਮਾਂਤਰੀ ਅਥਲੀਟ ਹੈ, ਉਹ ਉੱਤੇ ਆਪਣੀ ਖੇਡ ਦਾ ਅਭਿਆਸ ਕਿਵੇਂ ਕਰ ਸਕਦੀ ਹੈ।
ਮਹਿਲਾ ਮੁਤਾਬਕ ਉਨ੍ਹਾਂ ਵੱਲੋਂ 7 ਸੈਕਟਰ ਦੀ ਰਿਹਾਇਸ਼ ਦੀ ਘਟਨਾ ਤੋਂ ਬਾਅਦ ਰਾਤ ਨੂੰ ਹੀ ਡੀਜੀਪੀ ਅਤੇ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਨੂੰ ਵੀ ਕਾਲ ਕੀਤੀ ਗਈ।
ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਖਿਡਾਰਨ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਗ੍ਰਹਿ ਮੰਤਰੀ ਨੂੰ ਮਿਲਣ ਲਈ 2 ਦਿਨ ਉਸ ਦੇ ਘਰ ਜਾਂਦੀ ਰਹੀ ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ।
ਮਹਿਲਾ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਮਾਨਸਿਕ ਤੌਰ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਸੰਦੀਪ ਸਿੰਘ ਨੇ ਕੀ ਕਿਹਾ?
ਖੇਡ ਮੰਤਰੀ ਅਤੇ ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਖਾਰਜ਼ ਕੀਤਾ ਹੈ।
ਉਨ੍ਹਾਂ ਇਹ ਗੱਲ ਸਵਿਕਾਰ ਕੀਤੀ ਕਿ ਜਿਹੜੀ ਕੋਚ ਨੇ ਇਹ ਇਲਜ਼ਾਮ ਲਾਏ ਹਨ, ਉਹ ਉਸ ਨੂੰ ਜਾਣਦੇ ਹਨ ਅਤੇ ਕਈ ਵਾਰ ਦੂਜੇ ਖਿਡਾਰੀਆਂ ਵਾਂਗ ਸਟੇਡੀਅਮ ਵਿੱਚ ਉਸ ਨੂੰ ਮਿਲੇ ਹਨ।
ਸੰਦੀਪ ਸਿੰਘ ਨੇ ਕਿਹਾ ਇਸ ਕੋਚ ਨੇ ਉਨ੍ਹਾਂ ਕੋਲ ਕੌਮੀ ਖੇਡਾਂ ਲਈ ਵਿਸ਼ੇਸ਼ ਟ੍ਰੇਨਿੰਗ ਲਈ ਮਦਦ ਵੀ ਮੰਗੀ ਸੀ। ਉਨ੍ਹਾਂ ਇਸ ਦਾ ਪ੍ਰਬੰਧ ਵੀ ਕਰਵਾਇਆ ਸੀ।
ਪਰ ਆਪਣੇ ਉੱਤੇ ਲਾਏ ਗਏ ਇਲਜ਼ਾਮਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਇਹ ਬਿਲਕੁੱਲ ਝੂਠੇ ਹਨ।
ਉਨ੍ਹਾਂ ਕਿਹਾ, ‘‘ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਮੈਂ ਇਹ ਕਰਵਾਂਗਾ ਵੀ, ਕਿਉਂਕਿ ਮੇਰੇ ਅਕਸ ਨੂੰ ਖ਼ਰਾਬ ਕੀਤਾ ਗਿਆ ਹੈ।’’
ਜਿਸ ਕੋਚ ਨੇ ਇਲਜ਼ਾਮ ਲਾਏ ਹਨ, ਉਨ੍ਹਾਂ ਬਾਰੇ ਗੱਲ ਕਰਦਿਆਂ ਸੰਦੀਪ ਸਿੰਘ ਨੇ ਕਿਹਾ, ‘‘ਉਹ ਜੂਨੀਅਰ ਕੋਚ ਹਨ ਅਤੇ ਮੈਂ ਕਈ ਵਾਰ ਉਨ੍ਹਾਂ ਦੀ ਖਿਡਾਰੀ ਦੇ ਤੌਰ ਉੱਤੇ ਮਦਦ ਵੀ ਕੀਤੀ ਹੈ।’’
ਸੰਦੀਪ ਨੇ ਦੱਸਿਆ ਸਿਆਸੀ ਸਾਜ਼ਿਸ਼
ਸੰਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਮਹਿਲਾ ਨੂੰ ਮਨਪਸੰਦ ਪੋਸਟਿੰਗ ਚਾਹੀਦੀ ਸੀ ਅਤੇ ਨਾ ਮਿਲਣ ਕਾਰਨ ਇਹ ਇਲਜ਼ਾਮ ਲਾਏ ਗਏ ਹਨ।
ਸੰਦੀਪ ਸਿੰਘ ਨੇ ਇਸ ਮਾਮਲੇ ਨੂੰ ਆਪਣੇ ਖ਼ਿਲਾਫ਼ ਸਿਆਸੀ ਸਾਜ਼ਿਸ਼ ਕਰਾਰ ਦਿੰਦਿਆਂ ਉਲਟਾ ਇਲਜ਼ਾਮ ਲਾਇਆ ਕਿ ਇੱਕ ਸਿਆਸੀ ਪਾਰਟੀ ਨੇ ਉਸ ਮਹਿਲਾ ਨੂੰ ਮੀਡੀਆ ਸਾਹਮਣੇ ਲਿਆਂਦਾ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਸੰਦੀਪ ਸਿੰਘ ਨੇ ਕਿਹਾ ਕਿ ਮਹਿਲਾ ਐਥਲੀਟ ਕੋਚ ਪੰਚਕੁਲਾ ਵਿੱਚ ਮਨਪਸੰਦ ਪੋਸਟ ਚਾਹੁੰਦੀ ਸੀ ਤੇ ਜਦੋਂ ਇਹ ਪੋਸਟ ਨਹੀਂ ਮਿਲੀ ਤਾਂ ਇਲਜ਼ਾਮ ਲਗਾਏ।
ਸੰਦੀਪ ਸਿੰਘ ਮੁਤਾਬਕ ਜਦੋਂ ਕਿਸੇ ਦੀ ਨੌਕਰੀ ਲਗਦੀ ਹੈ ਤਾਂ ਸਭ ਤੋਂ ਪਹਿਲਾ ਗ੍ਰਹਿ ਜ਼ਿਲ੍ਹਾ ਮਿਲਦਾ ਹੈ, ਕਿਉਂਕਿ ਇਹ ਕੁੜੀ ਝੱਜਰ ਦੀ ਹੈ ਇਸ ਲਈ ਗ੍ਰਹਿ ਜ਼ਿਲ੍ਹਾ ਦਿੱਤਾ ਗਿਆ ਸੀ। ਪਰ ਕਿਉਂਕਿ ਉਹ ਪੰਚਕੁਲਾ ਵਿੱਚ ਪੋਸਟਿੰਗ ਚਾਹੁੰਦੀ ਸੀ, ਇਸ ਲਈ ਇਹ ਇਲਜ਼ਾਮ ਲਗਾਏ ਗਏ।
ਦੱਸ ਦਈਏ ਕਿ ਸੰਦੀਪ ਸਿੰਘ ਉੱਤੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਨੇ ਪੁਲਿਸ ਵਿੱਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ ਸਗੋਂ ਮੀਡੀਆ ਸਾਹਮਣੇ ਆ ਕੇ ਉਨ੍ਹਾਂ ਸੰਦੀਪ ਸਿੰਘ ’ਤੇ ਇਲਜ਼ਾਮ ਲਗਾਏ ਹਨ।
ਮੰਤਰੀ ਤੋਂ ਅਸਤੀਫ਼ੇ ਅਤੇ ਵਿਸ਼ੇਸ਼ ਜਾਂਚ ਦੀ ਮੰਗ
ਪੀੜ੍ਹਤ ਖਿਡਾਰਨ ਦੀ ਪ੍ਰੈਸ ਕਾਨਫਰੰਸ ਦੌਰਾਨ ਇਨੈਲੋ ਦੇ ਸੀਨੀਅਰ ਆਗੂ ਅਭੈ ਚੌਟਾਲਾ ਵੀ ਹਾਜ਼ਰ ਸਨ।
ਉਨ੍ਹਾਂ ਇਸ ਮਾਮਲੇ ਵਿਚ ਮੰਤਰੀ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕਰਦਿਆਂ ਵਿਸ਼ੇਸ਼ ਜਾਂਚ ਟੀਮ ਬਿਠਾਉਣ ਲਈ ਕਿਹਾ ਹੈ।
ਇਨੈਲੋ ਆਗੂ ਅਭੈ ਚੌਟਾਲਾ ਨੇ ਕਿਹਾ ਕਿ ਇਸ ਗੱਲ਼ ਨੂੰ ਲੈ ਕੇ ਬਹੁਤ ਸ਼ਰਮਿੰਦਗੀ ਹੈ। ਇਸ ਉੱਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਜੇ ਕਾਰਵਾਈ ਨਹੀਂ ਕਰਨਗੇ ਤਾਂ ਉਹ ਹਰਿਆਣਾ ਦੇ ਖੇਡ ਨਾਲ ਜੁੜੇ ਸਾਰੇ ਲੋਕਾਂ ਨਾਲ ਗੱਲ ਕਰਨਗੇ।
ਉਨ੍ਹਾਂ ਦਾਅਵਾ ਕੀਤਾ ਕਿ ਇਸ ਕੁੜੀ ਦੇ ਮੀਡੀਆ ਵਿਚ ਆਉਣ ਤੋਂ ਬਾਅਦ ਮੰਤਰੀ ਦੀਆਂ ਪੀੜ੍ਹਤ ਹੋਰ ਕੁੜੀਆਂ ਵੀ ਅੱਗੇ ਆਉਣਗੀਆਂ।
ਅਭੈ ਚੌਟਾਲਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਤੁਰੰਤ ਇਸ ਉੱਤੇ ਧਿਆਨ ਦੇ ਕੇ ਐੱਸਆਈਟੀ ਦਾ ਗਠਨ ਕਰਨਾ ਚਾਹੀਦਾ ਹੈ ਅਤੇ ਮੰਤਰੀ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ।