You’re viewing a text-only version of this website that uses less data. View the main version of the website including all images and videos.
ਰਿਸ਼ਭ ਪੰਤ ਨੇ ਡਾਕਟਰ ਨੂੰ ਦੱਸਿਆ ਹਾਦਸੇ ਤੋਂ ਬਿਲਕੁਲ ਪਹਿਲਾਂ ਕੀ ਹੋਇਆ ਸੀ
ਭਾਰਤੀ ਕ੍ਰਿਕਟਰ ਰਿਸ਼ਭ ਪੰਤ ਇੱਕ ਕਾਰ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਹਨ। ਉਨ੍ਹਾਂ ਦੀ ਕਾਰ ਐਕਸੀਡੈਂਟ ਤੋਂ ਬਾਅਦ ਅੱਗ ਲੱਗਣ ਨਾਲ ਸੜ ਗਈ।
ਇਹ ਹਾਦਸਾ ਉੱਤਰਾਖੰਡ ਦੇ ਰੁੜਕੀ ਨੇੜੇ ਵਾਪਰਿਆ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਰਿਸ਼ਭ ਪੰਤ ਦੇ ਫੱਟੜ ਹੋਣ ਨੂੰ ਲੈ ਕੇ ਪਰੇਸ਼ਾਨੀ ਜ਼ਾਹਿਰ ਕੀਤੀ ਹੈ ਅਤੇ ਰਿਸ਼ਭ ਦੀ ਸਿਹਤਯਾਬੀ ਲਈ ਦੁਆ ਕੀਤੀ ਹੈ।
ਹਰਿਦੁਆਰ ਦੇ ਐੱਸਐੱਸਪੀ ਅਜੇ ਸਿੰਘ ਨੇ ਬੀਬੀਸੀ ਨੂੰ ਦੱਸਿਆ, ‘‘ਸਵੇਰੇ 5.30-6 ਵਜੇ ਦੇ ਵਿਚਾਲੇ ਹਾਦਸਾ ਵਾਪਰਿਆ। ਰਿਸ਼ਭ ਪੰਤ ਦੀ ਗੱਡੀ ਡਿਵਾਈਡਰ ਨਾਲ ਟਕਰਾ ਗਈ।''
''ਅਗਲਾ ਸ਼ੀਸ਼ਾ ਟੁੱਟ ਗਿਆ ਤੇ ਉਹ ਬਾਹਰ ਨਿਕਲ ਗਏ। ਗੱਡੀ ਵਿੱਚ ਅੱਗ ਲੱਗ ਗਈ ਸੀ। ਮੁੱਢਲੇ ਇਲਾਜ ਮਗਰੋਂ ਦੇਹਰਾਦੂਨ ਦੇ ਮੈਕਸ ਹਸਪਤਾਲ ਸ਼ਿਫ਼ਟ ਕਰ ਦਿੱਤਾ ਗਿਆ ਹੈ।’’
ਉਨ੍ਹਾਂ ਅੱਗੇ ਕਿਹਾ ਕਿ ਡਾਕਟਰ ਨਾਲ ਸਾਡੀ ਗੱਲਬਾਤ ਹੋਈ ਹੈ। ਡਾਕਟਰ ਦਾ ਕਹਿਣਾ ਹੈ, ‘‘ਮੁੱਢਲੀ ਜਾਂਚ ਵਿੱਚ ਕੋਈ ਜਾਨਲੇਵਾ ਗੱਲ ਸਾਹਮਣੇ ਨਹੀਂ ਆਈ ਹੈ, ਅੰਦਰੂਨੀ ਸੱਟ ਨਹੀਂ ਹੈ। ਪੈਰ ਵਿੱਚ ਸੱਟ ਲੱਗੀ ਹੈ ਅਤੇ ਪਿੱਠ ਛਿੱਲੀ ਗਈ ਹੈ. ਸਿਰ ਤੇ ਵੀ ਸੱਟ ਹੈ। ਬਾਕੀ ਐਕਸਰੇਅ ਤੋਂ ਬਾਅਦ ਪਤਾ ਲੱਗੇਗਾ।’’
ਦੇਹਰਾਦੂਨ ਦੇ ਮੈਕਸ ਹਸਪਤਾਲ ਦੇ ਡਾਕਟਰ ਆਸ਼ੀਸ਼ ਯਾਗਨਿਕ ਨੇ ਰਿਸ਼ਭ ਪੰਤ ਦੀ ਸੱਟ ਬਾਰੇ ਕਿਹਾ, ‘‘ਰਿਸ਼ਭ ਪੰਤ ਸਥਿਰ ਹਨ। ਹੱਡੀ ਰੋਗਾਂ ਦੇ ਮਾਹਿਰ ਅਤੇ ਪਲਾਸਟਿਕ ਸਰਜਨ ਸਣੇ ਡਾਕਟਰਾਂ ਦੀ ਟੀਮ ਉਨ੍ਹਾਂ ਦੀਆਂ ਸੱਟਾਂ ਦੀ ਜਾਂਚ ਕਰ ਰਹੀ ਹੈ।''
''ਜਾਂਚ ਅਤੇ ਇਵੈਲੁਏਸ਼ਨ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅੱਗੇ ਇਲਾਜ ਕਿਵੇਂ ਕਰਨਾ ਹੈ। ਇਸਦੀ ਖ਼ਬਰ ਮੈਡੀਕਲ ਬੁਲੇਟਿਨ ਦੇ ਜ਼ਰੀਏ ਦਿੱਤੀ ਜਾਵੇਗੀ।’’
ਹਾਦਸੇ ਵੇਲੇ ਕੀ ਹੋਇਆ ਸੀ
ਸਵੇਰੇ ਹੋਏ ਹਾਦਸੇ ਤੋਂ ਬਾਅਦ 108 ਐਂਬੂਲੈਂਸ ਪੰਤ ਨੂੰ ਨੇੜਲੇ ਸਕਸ਼ਮ ਹਸਪਤਾਲ ਲੈ ਕੇ ਗਈ।
ਉੱਥੇ ਆਰਥੋਪੈਡਿਕ ਸਰਜਨ ਅਤੇ ਹਸਪਤਾਲ ਦੇ ਚੇਅਰਮੈਨ ਡਾਕਟਰ ਸੁਸ਼ੀਲ ਨਾਗਰ ਨੇ ਉਨ੍ਹਾਂ ਦਾ ਇਲਾਜ ਕੀਤਾ।
ਡਾਕਟਰ ਨਾਗਰ ਨੇ ਦੱਸਿਆ ਕਿ ਪੰਤ ਉਨ੍ਹਾਂ ਦੇ ਹਸਪਤਾਲ ਵਿੱਚ ਤਿੰਨ ਘੰਟੇ ਰਹੇ।
ਹਾਲਾਂਕਿ ਐਕਸਰੇ ਤੋਂ ਬਾਅਦ ਪਤਾ ਲੱਗਿਆ ਕਿ ਹੱਡੀਆਂ ਵਿੱਚ ਕੋਈ ਸੱਟ ਨਹੀਂ ਹੈ। ਹਾਲਾਂਕਿ ਸੱਜੇ ਘੁਟਨੇ ਵਿੱਚ ਲਿਗਾਮੈਂਟ ਇੰਜਰੀ ਜ਼ਰੂਰ ਸੀ।
ਡਾਕਟਰ ਨਾਗਰ ਨੇ ਦੱਸਿਆ ਕਿ ਜਦੋਂ ਪੰਤ ਨੂੰ ਇਹ ਪੁੱਛਿਆ ਕਿ ਹਾਦਸਾ ਕਿਵੇਂ ਵਾਪਰਿਆ ਤਾਂ ਰਿਸ਼ਭ ਪੰਤ ਦਾ ਜਵਾਬ ਸੀ- ‘ਮੈਨੂੰ ਯਾਦ ਹੈ ਕਿ ਹਲਕੀ ਝਪਕੀ ਆਈ ਅਤੇ ਫਿਰ...’
ਰਿਸ਼ਭ ਪੰਤ ਦਿੱਲੀ ਤੋਂ ਰੁੜਕੀ ਆਪਣੇ ਘਰ ਜਾ ਰਹੇ ਸਨ। ਰਿਪੋਰਟਾਂ ਮੁਤਾਬਕ ਉਹ ਪੰਤ ਖੁਦ ਹੀ ਮਰਸਿਡੀਜ਼ ਗੱਡੀ ਚਲਾ ਰਹੇ ਸਨ।
ਐਸਪੀ ਰੂਰਲ ਐਸਕੇ ਸਿੰਘ ਨੇ ਕਿਹਾ ਹੈ ਕਿ ਹਾਦਸੇ ਵੇਲੇ ਗੱਡੀ ਰਿਸ਼ਭ ਪੰਤ ਹੀ ਚਲਾ ਰਹੇ ਸਨ ਅਤੇ ਇਕੱਲੇ ਸਨ।
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰਿਸ਼ਭ ਪੰਤ ਦੇ ਇਲਾਜ ਲਈ ਸੰਭਵ ਇੰਤਜ਼ਾਮ ਕੀਤੇ ਜਾਣ, ਜੇਕਰ ਏਅਰ ਐਂਬੂਲੈਂਸ ਦੀ ਲੋੜ ਹੈ ਤਾਂ ਉਹ ਵੀ ਮੁਹੱਈਆ ਕਰਵਾਈ ਜਾਵੇ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਬੀਸੀਸੀਆਈ ਨੇ ਬਿਆਨ ਜਾਰੀ ਕਰਕੇ ਕਿਹਾ, ‘‘ਰਿਸ਼ਭ ਪੰਤ ਦੇ ਮੱਥੇ ’ਤੇ ਦੋ ਕੱਟ ਲੱਗੇ ਹਨ, ਸੱਜੀ ਲੱਤ ਦਾ ਲਿਗਾਮੈਂਟ ਨੁਕਸਾਨਿਆ ਗਿਆ, ਸੱਜੇ ਹੱਥ ਦਾ ਗੁੱਟ, ਸੱਜੇ ਪੈਰ ਦੀ ਅੱਡੀ, ਅੰਗੂਠੇ ਅਤੇ ਪਿੱਠ ਉੱਤੇ ਸੱਟ ਲੱਗੀ ਹੈ।’’
ਪੰਤ ਬੰਗਲਾਦੇਸ ਖ਼ਿਲਾਫ਼ ਇਸ ਮਹੀਨੇ ਜਿੱਤੀ ਟੈਸਟ ਸੀਰੀਜ਼ ਦਾ ਹਿੱਸਾ ਸਨ
ਰਿਸ਼ਭ ਪੰਤ ਨੇ ਬੰਗਲਾਦੇਸ਼ ਖਿਲਾਫ਼ ਦੂਜੇ ਟੈਸਟ ਵਿੱਚ 93 ਦੌੜਾ ਬਣਾਈਆਂ ਸਨ।
ਰਿਸ਼ਭ ਪੰਤ ਨੂੰ ਆਉਣ ਵਾਲੀ ਸ਼੍ਰੀਲੰਕਾ ਦੇ ਖਿਲਾਫ਼ ਸੀਰੀਜ਼ ਵਿੱਚ ਥਾਂ ਨਹੀਂ ਮਿਲੀ ਹੈ।
ਬਤੌਰ ਕ੍ਰਿਕਟਰ ਰਿਸ਼ਭ ਪੰਤ
25 ਸਾਲ ਦੇ ਪੰਤ ਨੂੰ ਸ਼੍ਰੀਲੰਕਾ ਦੇ ਨਾਲ 3 ਜਨਵਰੀ ਨੂੰ ਸ਼ੁਰੂ ਹੋ ਰਹੀ ਟੀ-20 ਅਤੇ ਵਨ ਡੇਅ ਸੀਰੀਜ਼ ਦੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।
ਉਨ੍ਹਾਂ ਨੇ ਬੈਂਗਲੁਰੂ ਦੇ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਜਾ ਕੇ ਟ੍ਰੇਨਿੰਗ ਕਰਨੀ ਸੀ।
ਭਾਰਤ-ਬੰਗਲਾਦੇਸ਼ ਸੀਰੀਜ਼ ਤੋਂ ਬਾਅਦ ਰਿਸ਼ਭ ਪੰਤ ਦੁਬਈ ਗਏ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪੰਤ ਇਸੇ ਹਫ਼ਤੇ ਭਾਰਤ ਪਰਤੇ ਸਨ।
ਰਿਸ਼ਭ ਪੰਤ ਦੀ ਪਛਾਣ ਇੱਕ ਚੰਗੇ ਬੱਲੇਬਾਜ਼ ਦੀ ਹੈ। ਪਿਛਲੇ ਹਫ਼ਤੇ ਹੀ ਰਿਸ਼ਭ ਪੰਤ ਨੇ ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਮੈਚ ਵਿੱਚ 93 ਦੌੜਾਂ ਦੀ ਪਾਰੀ ਖੇਡੀ ਸੀ।