ਮੋਬਾਈਲ ਫ਼ੋਨ ਗੁੰਮ ਹੁੰਦੇ ਹੀ ਤੁਰੰਤ ਕਰੋ ਇਹ 5 ਕੰਮ

ਇਹ ਸਾਡੇ ਵਿੱਚੋਂ ਕਿਸੇ ਨਾਲ ਵੀ ਹੋ ਸਕਦਾ ਹੈ।

ਘਰ ਤੋਂ ਦੂਰ ਜਦੋਂ ਅਸੀਂ ਅਚਾਨਕ ਆਪਣੀ ਜੇਬ੍ਹ ਦੇਖਦੇ ਹਾਂ ਕਿ ਘਰੇ ਫ਼ੋਨ ਕੀਤਾ ਜਾਵੇ ਤਾਂ ਪਤਾ ਲਗਦਾ ਹੈ ਕਿ ਉਹ ਉੱਥੇ ਨਹੀਂ ਹੈ। ਅਸੀਂ ਘਬਰਾਹਟ ਵਿੱਚ ਆਪਣੀਆਂ ਸਾਰੀਆਂ ਜੇਬ੍ਹਾਂ ਅਤੇ ਬੈਗ ਫਰੋਲ ਮਾਰਦੇ ਹਾਂ।

ਟੋਹ-ਟੋਹ ਕੇ ਦੇਖਦੇ ਹਾਂ ਕਿ ਕਿਤੋਂ ਮਿਲ ਹੀ ਜਾਵੇ। ਕੋਲ ਖੜ੍ਹੇ ਲੋਕਾਂ ਨੂੰ ਬੇਨਤੀਆਂ ਕਰਦੇ ਹਾਂ ਕਿ ਰਿੰਗ ਕਰਕੇ ਦੇਖੋ। ਪਰ ਸਭ ਵਿਅਰਥ।

ਮੋਬਾਈਲ ਚੋਰ ਬੜੇ ਸ਼ਾਤਿਰ ਹੁੰਦੇ ਹਨ ਅਤੇ ਅੱਖ ਦੇ ਫੇਰ ਵਿੱਚ ਸਾਡਾ ਮੋਬਾਈਲ ਕੱਢ ਕੇ ਲੈਂ ਜਾਂਦੇ ਹਨ।

ਮੋਬਾਈਲ ਚੋਰੀ ਨਾਲ ਸਾਨੂੰ ਸਿਰਫ਼ ਬੁਰਾ ਹੀ ਨਹੀਂ ਲਗਦਾ ਸਗੋਂ ਸਾਡੀ ਨਿੱਜਤਾ ਅਤੇ ਸਾਡੀਆਂ ਮਹੱਤਵਪੂਰਨ ਜਾਣਕਾਰੀਆਂ ਵੀ ਗਲਤ ਹੱਥਾਂ ਵਿੱਚ ਪੈਣ ਦਾ ਖ਼ਤਰਾ ਸਾਨੂੰ ਮੂੰਹ ਚਿੜ੍ਹਾਉਣ ਲੱਗ ਪੈਂਦਾ ਹੈ।

ਇੱਥੇ ਅਸੀਂ ਤੁਹਾਨੂੰ 5 ਸੁਝਾਅ ਦੇ ਰਹੇ ਹਾਂ ਜਿਨ੍ਹਾਂ ਨਾਲ ਤੁਸੀਂ ਆਪਣਾ ਹੋਰ ਨੁਕਸਾਨ ਹੋਣ ਤੋਂ ਬਚਾ ਸਕਦੇ ਹੋ-

1.ਫੋਨ ਨੂੰ ਲੌਕ ਕਰਨਾ

ਫ਼ੋਨ ਚੋਰੀ/ਗੁੰਮ ਹੋਣ ਸਾਰ ਉਸ ਨੂੰ ਲੌਕ ਕਰਵਾ ਦਿਓ ਜਾਂ ਕਰ ਦਿਓ।

ਇਹ ਕੰਮ ਤੁਸੀਂ ਆਪਣੇ ਮੋਬਾਈਲ ਦੇ IMEI ਨੰਬਰ ਰਾਹੀਂ ਕਰ ਸਕਦੇ ਹੋ। IMEI ਨੂੰ ਜੇ ਪੰਜਾਬੀ ਵਿੱਚ ਸਮਝਣਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਹਰ ਮੋਬਾਈਲ ਉਪਕਰਣ ਨੂੰ ਦਿੱਤੀ ਜਾਣ ਵਾਲੀ ਅਨੋਖੀ ਸੰਖਿਆ ਹੁੰਦੀ ਹੈ। ਕਦੇ ਵੀ ਇੱਕ IMEI ਨੰਬਰ ਦੋ ਉਪਕਰਣਾਂ ਨੂੰ ਨਹੀਂ ਦਿੱਤੇ ਜਾਂਦੇ।

ਇਹ ਵੀ ਪੜ੍ਹੋ:

ਡਿਜੀਟਲ ਸੁਰੱਖਿਆ ਮਾਹਰ ਇਮੈਲੀਓ ਸਿਮੋਨੀ ਕਹਿੰਦੇ ਹਨ ਕਿ ਆਪਣੇ ''ਅਪਰੇਟਰ ਨੂੰ ਕਹਿ ਕੇ ਫ਼ੋਨ ਲੌਕ ਕਰਵਾਉਣਾ ਬੇਹੱਦ ਅਹਿਮ ਹੈ।''

ਇਹ ਵਿਲੱਖਣ ਨੰਬਰ ਤੁਸੀਂ ਮੋਬਾਈਲ ਦੇ ਡੱਬੇ, ਜਾਂ ਉਸ ਦੇ ਉੱਪਰੋਂ ਨੋਟ ਕਰਕੇ ਰੱਖ ਸਕਦੇ ਹੋ।

ਇਹ ਨੰਬਰ ਹਾਸਲ ਕਰਨ ਦਾ ਇੱਕ ਹੋਰ ਸੌਖਾ ਤਰੀਕਾ ਹੈ ਕਿ ਤੁਸੀਂ ਆਪਣੇ ਮੋਬਾਈਲ ਤੋਂ *#06# ਡਾਇਲ ਕਰੋ।

2. ਐਪਲੀਕੇਸ਼ਨਾਂ ਦੇ ਪਾਸਵਰਡ ਬਦਲਣਾ

ਸਿਮੋਨੀ ਕਹਿੰਦੇ ਹਨ ਕਿ ਮੋਬਾਈਲ ਫ਼ੋਨ ਵਿੱਚ ਇੰਸਟਾਲ ਐਪਲੀਕੇਸ਼ਨਾਂ ਦੇ ਪਾਸਵਰਡ ਜ਼ਰੂਰ ਬਦਲ ਦਿਓ ਤਾਂਕਿ ਕੋਈ ਹੋਰ ਉਨ੍ਹਾਂ ਨੂੰ ਵਰਤ ਨਾ ਸਕੇ।

ਅਜਿਹਾ ਨਾ ਕੀਤਾ ਜਾਵੇ ਤਾਂ ਅਪਰਾਧੀ ਸੌਖਿਆਂ ਹੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਨਾਲ ਜੁੜੀ ਅਹਿਮ ਜਾਣਕਾਰੀ ਜਿਵੇਂ ਪਾਸਵਰਡ, ਅਤੇ ਪਰਿਵਾਰਕ ਵੇਰਵੇ ਆਦਿ, ਮਿੰਟਾਂ ਵਿੱਚ ਹੀ ਹਾਸਲ ਕਰ ਸਕਦਾ ਹੈ।

ਸਿਮੋਨੀ ਦੱਸਦੇ ਹਨ ਕਿ ਹਾਲਾਂਕਿ ਬੈਂਕਿੰਗ ਐਪਲੀਕੇਸ਼ਨਾਂ ਉੱਪਰ ਇਹ ਕੰਮ ਕੁਝ ਮੁਸ਼ਕਲ ਹੈ ਪਰ ਦੂਜੀਆਂ ਐਪਲੀਕੇਸ਼ਨਾਂ ਜਿਵੇਂ ਈਮੇਲ ਆਦਿ ਦੇ ਪਾਸਵਰਡ ਸੌਖਿਆਂ ਹੀ ਐਸਐਮਐਸ ਉੱਪਰ ਓਟੀਪੀ ਮੰਗਵਾ ਕੇ ਬਦਲੇ ਜਾ ਸਕਦੇ ਹਨ।

ਕੁਝ ਐਪਲੀਕੇਸ਼ਨਾਂ ਦੇ ਪਾਸਵਰਡ ਸੰਬੰਧਿਤ ਵੈਬਸਾਈਟਾਂ ਉੱਪਰ ਜਾ ਕੇ ਬਦਲੇ ਜਾ ਸਕਦੇ ਹਨ। ਇਸ ਤਰ੍ਹਾਂ ਇਹ ਕੰਮ ਸੌਖਿਆਂ ਅਤੇ ਤੁਰੰਤ ਕੀਤਾ ਜਾ ਸਕਦਾ ਹੈ।

ਵੀਡੀਓ: ਕਿਵੇਂ ਪਤਾ ਲੱਗੇਗਾ ਕੀ ਤੁਹਾਡਾ ਫੋਨ ਹੈਕ ਹੋ ਗਿਆ ਹੈ ਤੇ ਕਿਵੇਂ ਕਰੋਂ ਬਚਾਅ

3 ਵਿੱਤੀ ਸੰਸਥਾਵਾਂ ਨੂੰ ਇਤਲਾਹ ਦੇਣਾ

ਆਪਣੇ ਬੈਂਕ ਅਤੇ ਹੋਰ ਵਿੱਤੀ ਸੰਸਥਾਵਾਂ ਨੂੰ ਮੋਬਾਈਲ ਚੋਰੀ ਹੋ ਜਾਣ ਦੀ ਤੁਰੰਤ ਇਤਲਾਹ ਦੇਣਾ ਬਹੁਤ ਅਹਿਮ ਹੈ।

ਇਸ ਨਾਲ ਬੈਂਕ ਮੋਬਾਈਲ ਵਿੱਚ ਇੰਸਟਾਲ ਐਪਲੀਕੇਸ਼ਨਾਂ ਤੋਂ ਵਿੱਤੀ ਲੈਣ-ਦੇਣ ਨੂੰ ਰੋਕ ਸਕਦਾ ਹੈ।

ਹਰੇਕ ਬੈਂਕ ਵਿੱਚ ਇਸ ਲਈ ਵੱਖੋ-ਵੱਖ ਪ੍ਰਕਿਰਿਆ ਹੁੰਦੀ ਹੈ। ਇਸ ਬਾਰੇ ਜਾਣਕਾਰੀ ਤੁਹਾਨੂੰ ਬੈਂਕ ਦੀ ਵੈਬਸਾਈਟ, ਗੂਗਲ ਜਾਂ ਬੈਂਕ ਵੱਲੋਂ ਤੁਹਾਨੂੰ ਅਲਾਟ ਕੀਤੇ ਗਏ ਪਰਸਨਲ ਬੈਂਕਰ ਤੋਂ ਮਿਲ ਸਕਦੀ ਹੈ।

4. ਪਰਿਵਾਰ ਅਤੇ ਮਿੱਤਰਾਂ ਨੂੰ ਦੱਸਣਾ

ਆਪਣੇ ਪਰਿਵਾਰ ਅਤੇ ਜਾਣਕਾਰਾਂ ਨੂੰ ਆਪਣੇ ਮੋਬਾਈਲ ਦੇ ਚੋਰੀ/ਗੁੰਮ ਹੋਣ ਬਾਰੇ ਦੱਸਣਾ ਬੇਹੱਦ ਅਹਿਮ ਹੈ।

ਸਿਮੋਨੀ ਕਹਿੰਦੇ ਮੁਤਾਬਕ, ''ਅਪਰਾਧੀ ਤੁਹਾਡੇ ਮੋਬਾਈਲ ਵਿੱਚ ਪਈਆਂ ਮੈਸਜਿੰਗ ਐਪਲੀਕੇਸ਼ਨਾਂ, ਸੋਸ਼ਲ ਨੈਟਵਰਕਿੰਗ ਐਪਲੀਕੇਸ਼ਨਾਂ ਤੋਂ ਤੁਹਾਡੇ ਜਾਣਕਾਰਾਂ ਦੀ ਜਾਣਕਾਰੀ ਹਾਸਲ ਕਰਕੇ ਠੱਗੀ ਮਾਰਨ ਦੀ ਕੋਸ਼ਿਸ਼ ਕਰ ਸਕਦੇ ਹਨ।''

ਵੀਡੀਓ: ਤੁਸੀਂ ਜੋ ਸਰਚ ਕਰਦੇ ਹੋ ਉਸੇ ਦੀ ਹੀ ਮਸ਼ਹੂਰੀ ਤੁਹਾਡੇ ਤੱਕ ਕਿਵੇਂ ਪਹੁੰਚਦੀ ਹੈ

5. ਪੁਲਿਸ ਨੂੰ ਇਤਲਾਹ ਦੇਣਾ

ਮੋਬਾਈਲ ਸਮੇਤ ਕੋਈ ਵੀ ਚੀਜ਼ ਚੋਰੀ ਹੋ ਜਾਣ ਦੀ ਸੂਰਤ ਵਿੱਚ ਪੁਲਿਸ ਨੂੰ ਇਸ ਬਾਰੇ ਦੱਸਣਾ ਜ਼ਰੂਰੀ ਹੁੰਦਾ ਹੈ। ਇਹ ਅਪਰਾਧ ਹੋਇਆ ਹੈ, ਇਹ ਸਾਬਤ ਕਰਨ ਲਈ ਜ਼ਰੂਰੀ ਹੈ।

ਪੁਲਿਸ ਰਿਪੋਰਟ ਦੀ ਫ਼ੋਟੋਕਾਪੀ ਦੀ ਤੁਹਾਡੇ ਬੈਂਕ, ਬੀਮਾ ਕੰਪਨੀ ਜਾਂ ਕਿਸੇ ਹੋਰ ਇੰਤਜ਼ਾਮੀਆ ਅਥਾਰਟੀ ਵੱਲੋਂ ਮੰਗ ਕੀਤੀ ਜਾ ਸਕਦੀ ਹੈ।

ਕਈ ਵਾਰ ਮੋਬਾਈਲ ਫ਼ੋਨ ਦੇ ਨਾਲ ਸਾਡੇ ਹੋਰ ਦਸਤਾਵੇਜ਼ ਜਿਵੇਂ ਪਛਾਣ ਪੱਤਰ ਵੀ ਜਾ ਸਕਦੇ ਹਨ। ਅਜਿਹੀ ਹਾਲਤ ਵਿੱਚ ਤੁਹਾਡੇ ਕੋਲ ਮੌਜੂਦ ਪੁਲਿਸ ਰਿਪੋਰਟ ਦੀ ਕਾਪੀ ਬਹੁਤ ਉਪਯੋਗੀ ਸਾਬਤ ਹੋ ਸਕਦੀ ਹੈ।

ਇਸ ਦੇ ਨਾਲ ਹੀ ਜਦੋਂ ਤੁਸੀਂ ਪੁਲਿਸ ਕੋਲ ਰਿਪੋਰਟ ਲਿਖਵਾ ਦਿੰਦੇ ਹੋ ਤਾਂ ਅਪਰਾਧ ਦੀ ਜਾਂਚ ਕਰਨਾ ਪੁਲਿਸ ਦੀ ਕਾਨੂੰਨੀ ਜ਼ਿੰਮੇਵਾਰੀ ਬਣ ਜਾਂਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)