You’re viewing a text-only version of this website that uses less data. View the main version of the website including all images and videos.
ਜਪਾਨ ਦੀ 'ਆਇਰਨ ਲੇਡੀ' ਸਨੇਈ ਟਾਕਾਈਚੀ ਕੌਣ ਹਨ, ਜੋ ਦੇਸ ਦੀ ਪਹਿਲੀ ਮਹਿਲਾ ਪੀਐੱਮ ਬਣਨ ਜਾ ਰਹੇ ਹਨ
- ਲੇਖਕ, ਟਿਨੂਸ਼ੀ ਯੂੰਗ
- ਰੋਲ, ਬੀਬੀਸੀ ਨਿਊਜ਼
ਜਪਾਨ ਦੀ ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਨੇ ਇੱਕ ਬਹੁਤ ਹੀ ਮਹੱਤਵਪੂਰਨ ਗਠਜੋੜ ਸਹਿਯੋਗੀ ਹਾਸਲ ਕਰ ਲਿਆ ਹੈ। ਇਸ ਤੋਂ ਬਾਅਦ ਲੱਗਦਾ ਹੈ ਜਪਾਨ ਦੀ ਸੰਸਦ ਸਨੇਈ ਟਾਕਾਈਚੀ ਨੂੰ ਦੇਸ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਪ੍ਰਵਾਨਗੀ ਦੇ ਦੇਵੇਗੀ।
ਸਨੇਈ ਟਾਕਾਈਚੀ ਦੌਰਾਨ ਸਰਕਾਰ ਵਿੱਚ ਇੱਕ ਸਾਬਕਾ ਮੰਤਰੀ ਅਤੇ ਟੈਲੀਵਿਜ਼ਨ ਮੇਜ਼ਬਾਨ, ਇੱਕ ਬੈਂਡ ਵਿੱਚ ਡਰੱਮਰ ਵੀ ਰਹੇ ਹਨ।
ਪ੍ਰਧਾਨ ਮੰਤਰੀ ਵਜੋਂ ਹੁਣ ਉਹ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਗੇ। ਜਿਸ ਵਿੱਚ ਸੁਸਤ ਅਰਥਚਾਰਾ, ਬੇਰੋਕ ਮਹਿੰਗਾਈ ਅਤੇ ਨਿਗੂਣੀ ਆਮਦਨੀ ਨਾਲ ਜੂਝ ਰਹੀ ਜਪਾਨ ਦੀ ਜਨਤਾ ਤੋਂ ਇਲਾਵਾ ਦੇਸ ਦੀ ਨੀਵੀਂ ਜਨਮ ਦਰ ਅਤੇ ਭੂ-ਸਿਆਸੀ ਤਣਾਅ ਵੀ ਸ਼ਾਮਿਲ ਹਨ।
ਉਨ੍ਹਾਂ ਨੇ ਜਪਾਨ-ਅਮਰੀਕਾ ਦੇ ਡਾਵਾਂਡੋਲ ਰਿਸ਼ਤੇ ਅਤੇ ਟਰੰਪ ਸਰਕਾਰ ਨਾਲ ਪਿਛਲੀ ਸਰਕਾਰ ਦੀ ਸਹਿਮਤੀ ਹਾਸਲ ਟੈਰਿਫ ਸਮਝੌਤੇ ਨੂੰ ਵੀ ਅੱਗੇ ਵਧਾਉਣਾ ਹੈ।
ਸਨੇਈ ਟਾਕਾਈਚੀ ਦਾ ਜਨਮ 1961 ਵਿੱਚ ਨਾਰਾ ਪ੍ਰੀਫੈਕਚਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਇੱਕ ਦਫ਼ਤਰ ਵਿੱਚ ਕਰਮਚਾਰੀ ਅਤੇ ਮਾਂ ਇੱਕ ਪੁਲਿਸ ਮੁਲਾਜ਼ਮ ਸਨ। ਸਿਆਸਤ ਉਨ੍ਹਾਂ ਦੀ ਪਰਵਰਿਸ਼ ਵਿੱਚ ਦੂਰ-ਦੂਰ ਤੱਕ ਨਹੀਂ ਸੀ।
ਉਹ ਬਹੁਤ ਜੋਸ਼ੀਲੇ ਡਰੱਮਰ ਵੀ ਸਨ। ਉਹ ਅਕਸਰ ਆਪਣੇ ਨਾਲ ਕਈ ਸਾਰੇ ਡੱਗੇ ਰੱਖਦੇ ਸਨ, ਕਿਉਂਕਿ ਉਹ ਇੰਨੇ ਜੋਸ਼ ਨਾਲ ਡਰੱਮ ਵਜਾਉਂਦੇ ਸਨ ਕਿ ਡੱਗੇ ਟੁੱਟ ਜਾਇਆ ਕਰਦੇ ਸਨ। ਉਹ ਇੱਕ ਸਕੂਬਾ ਡਾਇਵਰ ਅਤੇ ਕਾਰ ਪ੍ਰੇਮੀ ਵੀ ਸਨ। ਉਨ੍ਹਾਂ ਦੀ ਪਸੰਦੀਦਾ ਟੋਇਟਾ ਸੂਪਰਾ ਕਾਰ ਨਾਰਾ ਅਜਾਇਬ ਘਰ ਵਿੱਚ ਰੱਖੀ ਹੋਈ।
ਸਿਆਸੀ ਜੀਵਨ
1980 ਦੇ ਦਹਾਕੇ ਦੌਰਾਨ ਜਪਾਨ ਅਤੇ ਅਮਰੀਕਾ ਦੇ ਕਾਰੋਬਾਰੀ ਰਿਸ਼ਤਿਆਂ ਵਿੱਚ ਖਹਿਬਾਜ਼ੀ ਸਿਖ਼ਰਾਂ ਉੱਤੇ ਸੀ।
ਸਨੇਈ ਟਾਕਾਈਚੀ ਦਾ ਸਿਆਸੀ ਜੀਵਨ ਵੀ ਉਸੇ ਦੌਰ ਵਿੱਚ ਸ਼ੁਰੂ ਹੋਇਆ। ਜਪਾਨ ਪ੍ਰਤੀ ਅਮਰੀਕੀ ਨਜ਼ਰੀਏ ਨੂੰ ਸਮਝਣ ਲਈ ਉਨ੍ਹਾਂ ਨੇ ਅਮਰੀਕੀ ਸਾਂਸਦ ਪੈਟਰੀਸ਼ੀਆ ਸ਼ਰੋਡਰ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਕੰਮ ਕੀਤਾ, ਜੋ ਕਿ ਜਪਾਨ ਪ੍ਰਤੀ ਆਪਣੀ ਆਲੋਚਨਾ ਲਈ ਜਾਣੇ ਜਾਂਦੇ ਸਨ।
ਟਾਕਾਈਚੀ ਦੇ ਸਮਝ ਆਇਆ ਕਿ ਅਮਰੀਕੀ ਲੋਕ ਜਪਾਨੀ, ਚੀਨੀ ਅਤੇ ਕੋਰੀਅਨ ਭਾਸ਼ਾ ਅਤੇ ਖਾਣ-ਪਾਣ ਨੂੰ ਇੱਕ ਸਮਝ ਰਹੇ ਹਨ। ਉਹ ਜਪਾਨ ਨੂੰ ਚੀਨ ਅਤੇ ਦੱਖਣੀ ਕੋਰੀਆ ਦੇ ਨਾਲ ਮਿਲਾ ਕੇ ਦੇਖਦੇ ਸਨ ਜੋ ਕਿ ਆਮ ਗੱਲ ਸੀ।
ਉਨ੍ਹਾਂ ਨੇ ਨਤੀਜਾ ਕੱਢਿਆ ਕਿ "ਜਦੋਂ ਤੱਕ ਜਪਾਨ ਆਪਣੀ ਰਾਖੀ ਨਹੀਂ ਕਰ ਸਕਦਾ, ਉਦੋਂ ਤੱਕ ਜਪਾਨ ਅਮਰੀਕਾ ਉੱਤੇ ਨਿਰਭਰ ਕਰੇਗੀ।"
ਉਨ੍ਹਾਂ ਨੇ ਇੱਕ ਅਜ਼ਾਦ ਉਮੀਦਵਾਰ ਵਜੋਂ ਸਾਲ 1992 ਵਿੱਚ ਪਹਿਲੀ ਵਾਰ ਸੰਸਦੀ ਚੋਣਾਂ ਲੜੀਆਂ ਪਰ ਹਾਰ ਗਏ।
ਉਨ੍ਹਾਂ ਨੇ ਹੌਂਸਲਾ ਨਹੀਂ ਛੱਡਿਆ। ਅਗਲੇ ਸਾਲ ਉਹ ਜਿੱਤ ਗਏ ਅਤੇ ਸਾਲ 1996 ਵਿੱਚ ਐੱਲਡੀਪੀ ਦੇ ਮੈਂਬਰ ਬਣ ਗਏ।
ਉਦੋਂ ਤੋਂ ਲੈ ਕੇ ਹੁਣ ਤੱਕ ਉਹ 10 ਵਾਰ ਸੰਸਦ ਮੈਂਬਰ ਚੁਣੇ ਜਾ ਚੁੱਕੇ ਹਨ ਅਤੇ ਸਿਰਫ਼ ਇੱਕ ਵਾਰ ਹੀ ਹਾਰੇ ਹਨ। ਇਸ ਦੌਰਾਨ ਉਨ੍ਹਾਂ ਨੇ ਪਾਰਟੀ ਦੀ ਇੱਕ ਸਭ ਤੋਂ ਮੁਖਰ ਰੂੜੀਵਾਦੀ ਆਗੂ ਵਜੋਂ ਆਪਣੀ ਪਛਾਣ ਬਣਾਈ।
ਉਹ ਸਰਕਾਰ ਵਿੱਚ ਸੀਨੀਅਰ ਅਹੁਦਿਆਂ ਉੱਤੇ ਵੀ ਰਹੇ ਹਨ, ਜਿਨ੍ਹਾਂ ਵਿੱਚ ਆਰਥਿਕ ਸੁਰੱਖਿਆ ਲਈ ਮੰਤਰੀ, ਵਪਾਰ ਅਤੇ ਸਨਅਤ ਲਈ ਰਾਜ ਮੰਤਰੀ ਅਤੇ ਸਭ ਤੋਂ ਲੰਬਾ ਸਮਾਂ ਦੇਸ਼ ਦੇ ਗ੍ਰਹਿ ਅਤੇ ਸੰਚਾਰ ਮੰਤਰੀ ਰਹਿਣਾ ਵੀ ਸ਼ਾਮਿਲ ਹੈ।
ਸਾਲ 2021 ਵਿੱਚ ਟਾਕਾਈਚੀ ਨੇ ਪਹਿਲੀ ਵਾਰ ਐੱਲਡੀਪੀ ਪ੍ਰਧਾਨ ਦੀ ਚੋਣ ਵਿੱਚ ਹਿੱਸਾ ਲਿਆ ਪਰ ਫੁਮੀਓ ਕਿਸ਼ੀਡਾ ਤੋਂ ਹਾਰ ਗਏ।
ਉਨ੍ਹਾਂ ਨੇ ਸਾਲ 2024 ਵਿੱਚ ਫਿਰ ਆਪਣੀ ਕਿਸਮਤ ਅਜ਼ਮਾਈ। ਇਸ ਵਾਰ ਉਹ ਪਹਿਲੇ ਗੇੜ ਦੀ ਵੋਟਿੰਗ ਵਿੱਚ ਤਾਂ ਜਿੱਤ ਗਏ ਪਰ ਆਖ਼ਰਕਾਰ ਸ਼ਿਗੇਰੂ ਇਸ਼ੀਬਾ ਤੋਂ ਹਾਰ ਗਏ।
ਇਸ ਵਾਰ ਆਪਣੀ ਤੀਜੀ ਕੋਸ਼ਿਸ਼ ਵਿੱਚ ਉਹ ਜੇਤੂ ਰਹੇ।
'ਆਇਰਨ ਲੇਡੀ' ਬਣਨ ਦਾ ਟੀਚਾ
ਆਪਣੀ ਹਾਲੀਆ ਪ੍ਰਚਾਰ ਮੁਹਿੰਮ ਦੌਰਾਨ ਉਨ੍ਹਾਂ ਨੇ ਸਕੂਲੀ ਬੱਚਿਆਂ ਦੇ ਇੱਕ ਸਮੂਹ ਨੂੰ ਕਿਹਾ, "ਮੇਰਾ ਟੀਚਾ, ਆਇਰਨ ਲੇਡੀ ਬਣਨਾ ਹੈ।"
ਮਰਹੂਮ ਸ਼ਿੰਜ਼ੋ ਆਬੇ ਦੀ ਸ਼ਾਗਿਰਦ, ਟਾਕਾਈਚੀ ਨੇ ਵੱਧ ਸਰਕਾਰੀ ਖਰਚ ਅਤੇ ਸਸਤੇ ਕਰਜ਼ਿਆਂ ਦੇ ਆਪਣੇ 'ਆਬੇਨੋਮਿਕਸ' ਦੇ ਆਰਥਿਕ ਦ੍ਰਿਸ਼ਟੀਕੋਣ ਨੂੰ ਮੁੜ ਸੁਰਜੀਤ ਕਰਨ ਦਾ ਵਾਅਦਾ ਕੀਤਾ ਹੈ।
ਉਹ ਇੱਕ ਕੱਟੜ ਰੂੜ੍ਹੀਵਾਦੀ ਹਨ। ਉਨ੍ਹਾਂ ਨੇ ਔਰਤਾਂ ਨੂੰ ਵਿਆਹ ਤੋਂ ਬਾਅਦ ਆਪਣਾ ਵਿਆਹ ਤੋਂ ਪਹਿਲਾਂ ਵਾਲਾ ਨਾਮ ਵਰਤਣ ਦੀ ਖੁੱਲ੍ਹ ਦੇਣ ਵਾਲੇ ਕਨੂੰਨ ਦਾ ਵਿਰੋਧ ਕੀਤਾ ਹੈ ਅਤੇ ਉਹ ਹਮ-ਜਿਨਸੀ ਵਿਆਹਾਂ ਦੇ ਵੀ ਵਿਰੋਧੀ ਹਨ।
ਟੋਕੀਓ ਦੀ ਟੈਂਪਲ ਯੂਨੀਵਰਸਿਟੀ ਦੇ ਪ੍ਰੋਫੈਸਰ ਜੈਫ਼ ਕਿੰਗਸਟਨ ਨੇ ਬੀਬੀਸੀ ਨੂੰ ਦੱਸਿਆ, "ਉਹ ਆਪਣੇ ਆਪ ਨੂੰ ਜਪਾਨ ਦੀ ਮਾਰਗਰੇਟ ਥੈਚਰ ਕਹਿੰਦੇ ਹਨ। ਵਿੱਤੀ ਅਨੁਸ਼ਾਸਨ ਦੇ ਸੰਬੰਧ ਵਿੱਚ ਉਹ ਥੈਚਰ ਤੋਂ ਘੱਟ ਨਹੀਂ ਹਨ।"
ਉਹ ਅੱਗੇ ਦੱਸਦੇ ਹਨ, "ਲੇਕਿਨ ਉਹ ਥੈਚਰ ਵਾਂਗ ਮਰ੍ਹਮ ਲਾਉਣ ਵਾਲੇ ਨਹੀ ਹਨ। ਮੈਨੂੰ ਨਹੀਂ ਲੱਗਦਾ ਉਨ੍ਹਾਂ ਨੇ ਔਰਤਾਂ ਦੇ ਸਸ਼ਕਤੀਕਰਨ ਲਈ ਬਹੁਤਾ ਕੁਝ ਕੀਤਾ ਹੈ।"
ਹਾਲਾਂਕਿ, ਉਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਸੁਰ ਨਰਮ ਕੀਤੇ ਹਨ। ਆਪਣੇ ਪ੍ਰਚਾਰ ਦੌਰਾਨ, ਉਨ੍ਹਾਂ ਨੇ ਬੇਬੀ-ਸੀਟਰ (ਆਇਆ) ਦੀ ਫੀਸ ਨੂੰ ਆਂਸ਼ਕ ਟੈਕਸ ਕਟੌਤੀ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਘਰਾਂ ਵਿੱਚ ਬਾਲ ਸੰਭਾਲ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਨੂੰ ਕਾਰਪੋਰੇਟ ਟੈਕਸ ਵਿੱਚ ਰਿਆਇਤ ਦੇਣ ਦੀ ਵੀ ਤਜਵੀਜ਼ ਕੀਤੀ ਹੈ।
ਉਨ੍ਹਾਂ ਦੀਆਂ ਨੀਤੀਗਤ ਤਜਵੀਜ਼ਾਂ ਦੀ ਨੀਂਹ ਉਨ੍ਹਾਂ ਦੇ ਪਰਿਵਾਰ ਅਤੇ ਨਿੱਜੀ ਤਜਰਬਿਆਂ ਵਿੱਚ ਹੈ।
ਜਿਵੇਂ, ਔਰਤਾਂ ਦੀ ਸਿਹਤ ਸੰਭਾਲ ਵਿੱਚ ਵਾਧਾ, ਘਰੇਲੂ ਸਹਾਇਤਾ ਕਰਮਚਾਰੀਆਂ ਨੂੰ ਵਧੇਰੇ ਸਨਮਾਨ ਅਤੇ ਜਪਾਨ ਦੇ ਬਜ਼ੁਰਗ ਹੁੰਦੇ ਜਾ ਰਹੇ ਸਮਾਜ ਦੀ ਸੰਭਾਲ ਦੇ ਬਦਲਾਂ ਵਿੱਚ ਸੁਧਾਰ ਕਰਨਾ।
ਉਨ੍ਹਾਂ ਨੇ ਕਿਹਾ, "ਮੈਂ ਆਪਣੀ ਜ਼ਿੰਦਗੀ ਵਿੱਚ ਤਿੰਨ ਵਾਰ ਨਰਸਿੰਗ ਅਤੇ ਦੇਖਭਾਲ ਲਈ ਹੈ। ਇਸੇ ਕਾਰਨ ਦੇਖਭਾਲ, ਬੱਚੇ ਪਾਲਣ ਕਾਰਨ ਨੌਕਰੀਆਂ ਛੱਡਣ ਜਾਂ ਬੱਚਿਆਂ ਦੇ ਸਕੂਲ ਜਾਣ ਤੋਂ ਮਨ੍ਹਾਂ ਕਰਨ ਨੂੰ ਘਟਾਉਣ ਦਾ ਮੇਰਾ ਇਰਾਦਾ ਹੋਰ ਮਜ਼ਬੂਤ ਹੋਇਆ ਹੈ।"
"ਮੈਂ ਇੱਕ ਅਜਿਹਾ ਸਮਾਜ ਬਣਾਉਣਾ ਚਾਹੁੰਦੀ ਹਾਂ ਜਿੱਥੇ ਲੋਕਾਂ ਨੂੰ ਆਪਣੇ ਪੇਸ਼ੇਵਰ ਜੀਵਨ ਨਾ ਛੱਡਣੇ ਪੈਣ।"
ਉਨ੍ਹਾਂ ਨੇ ਦੇਸ ਦੀਆਂ ਸੈਲਫ-ਡਿਫੈਂਸ ਫੋਰਸਿਜ਼ ਉੱਪਰੋਂ ਸੰਵਿਧਾਨਿਕ ਪਾਬੰਦੀਆਂ ਘਟਾਉਣ ਦਾ ਸੱਦਾ ਦਿੱਤਾ ਹੈ। ਫਿਲਹਾਲ ਉਨ੍ਹਾਂ ਨੂੰ ਹਮਲਾਵਰ ਸਮਰੱਥਾਵਾਂ ਰੱਖਣ ਦੀ ਮਨਾਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ