You’re viewing a text-only version of this website that uses less data. View the main version of the website including all images and videos.
ਫਲਾਈਟ ਵਿੱਚ ਇੱਕ ਆਮ ਮੁਲਾਜ਼ਮ ਵਜੋਂ ਨੌਕਰੀ ਕਰਨ ਵਾਲੀ ਕਿਵੇਂ ਬਣ ਗਈ ਏਅਰਲਾਈਨਜ਼ ਦੀ ਮੁਖੀ
- ਲੇਖਕ, ਮੈਰਿਕੋ ਓਈ
- ਰੋਲ, ਬਿਜ਼ਨਸ ਰਿਪੋਰਟਰ
ਜਦੋਂ ਜਨਵਰੀ ਵਿੱਚ ਮਿਤਸੁਕੋ ਟੋਟੋਰੀ ਨੂੰ ਜਾਪਾਨ ਏਅਰ ਲਾਈਨਜ਼ (ਜੇਏਐੱਲ) ਦੀ ਨਵੀਂ ਮੁਖੀ ਬਣਾਇਆ ਗਿਆ ਤਾਂ ਇਸ ਨਾਲ ਦੇ ਕਾਰਪੋਰੇਟ ਸੈਕਟਰ ਨੂੰ ਇੱਕ ਝਟਕਾ ਜਿਹਾ ਲੱਗਿਆ ਸੀ।
ਮਿਤਸੁਕੋ ਟੋਟੋਰੀ ਨਾ ਸਿਰਫ਼ ਇਸ ਖੇਤਰ ਦੀ ਪਹਿਲੀ ਮਹਿਲਾ ਬੌਸ ਹਨ ਪਰ ਉਨ੍ਹਾਂ ਨੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕੈਬਿਨ ਕਰੂ ਦੀ ਮੈਂਬਰ ਦੇ ਵਜੋਂ ਕੀਤੀ ਸੀ।
ਇਸ ਨਿਯੁਕਤੀ ਤੋਂ ਬਾਅਦ ਮੀਡੀਆ ਵਿੱਚ ‘ਪਹਿਲੀ ਔਰਤ’ ਅਤੇ ‘ਪਹਿਲੀ ਸਾਬਕਾ ਫਲਾਈਟ ਅਟੈਂਡੈਂਟ’ ਤੋਂ ਲੈ ਕੇ ‘ਅਨੋਖਾ ਮਾਮਲਾ’ ਅਤੇ ‘ਅਸੰਭਵ!’ ਜਿਹੀਆਂ ਸੁਰਖ਼ੀਆਂ ਦੇਖਣ ਨੂੰ ਮਿਲੀਆਂ।
ਇੱਕ ਵੈਬਸਾਈਟ ਨੇ ਉਨ੍ਹਾਂ ਨੂੰ ‘ਏਲੀਅਨ ਮੌਲੀਕਿਊਲ’ ਜਾਂ ‘ਮਿਊਟੈਂਟ’ ਵੀ ਕਿਹਾ ਹੈ ਕਿਉਂਕਿ ਉਨ੍ਹਾਂ ਨੇ ਜਾਪਾਨ ਏਅਰ ਸਿਸਟਮ (ਜੇਏਐੱਸ) ਵਿੱਚ ਵੀ ਕੰਮ ਕੀਤਾ ਸੀ।
ਜੇਏਐੱਸ ਇੱਕ ਬਹੁਤ ਛੋਟੀ ਏਅਰ ਲਾਈਨ ਸੀ ਜਿਸ ਨੂੰ ਜੇਏਐੱਲ ਨੇ ਦੋ ਦਹਾਕੇ ਪਹਿਲਾਂ ਖਰੀਦ ਲਿਆ ਸੀ।
ਟੋਕੀਓ ਤੋਂ ਮੇਰੇ ਨਾਲ ਗੱਲ ਕਰਦੇ ਹੋਏ ਮਿਤਸੁਕੋ ਟੋਟੋਰੀ ਹੱਸਦੇ ਹੋਏ ਕਹਿੰਦੇ ਹਨ, ‘‘ਮੈਂ ਕਿਸੇ ਏਲੀਅਨ ਮਿਊਟੈਂਟ ਬਾਰੇ ਨਹੀਂ ਜਾਣਦੀ ਸੀ।’’
ਸੰਖੇਪ ਵਿੱਚ ਕਹੀਏ ਤਾਂ ਉਹ ਕਾਰੋਬਾਰੀਆਂ ਦੇ ਉਸ ਕੁਲੀਨ ਵਰਗ ਨਾਲ ਸਬੰਧਤ ਨਹੀਂ ਸਨ, ਜਿਨ੍ਹਾਂ ਨੂੰ ਏਅਰ ਲਾਈਨ ਰਵਾਇਤੀ ਤੌਰ 'ਤੇ ਇਸ ਸਿਖਰਲੇ ਅਹੁਦੇ ਉੱਤੇ ਬਿਰਾਜਮਾਨ ਕਰਦੀ ਆਈ ਹੈ।
'ਮੈਂ ਆਮ ਇਨਸਾਨ ਵਜੋਂ ਕੰਮ ਕਰਨਾ ਚਾਹੁੰਦੀ ਹਾਂ'
ਇਹ ਅਹੁਦਾ ਸੰਭਾਲਣ ਵਾਲੇ ਉਹ ਆਖਰੀ 10 ਵਿਅਕਤੀਆਂ ਵਿੱਚੋਂ ਸੱਤ ਦੇਸ ਦੀ ਚੋਟੀ ਦੀ ਯੂਨੀਵਰਸਿਟੀ ਵਿੱਚ ਪੜ੍ਹੇ ਹੋਏ ਸਨ। ਮਿਤਸੁਕੋ ਟੋਟੋਰੀ ਨੇ ਇੱਕ ਬਹੁਤ ਹੀ ਸਧਾਰਨ ਜੂਨੀਅਰ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੈ।
ਇਹ ਨਿਯੁਕਤੀ ਸਿਰਫ਼ ਮਿਤਸੁਕੋ ਟੋਟੋਰੀ ਲਈ ਨਹੀਂ ਹੈ। ਸਗੋ ਉਨ੍ਹਾਂ ਨੂੰ ਇਸ ਅਹੁਦੇ ਉੱਤੇ ਲਾਉਣ ਨਾਲ ਜੇਏਐੱਲ ਜਪਾਨ ਦੀਆਂ ਉਨ੍ਹਾਂ ਸਿਖਰਲੀਆਂ ਇੱਕ ਫ਼ੀਸਦੀ ਕੰਪਨੀਆਂ ਵਿੱਚ ਸ਼ੁਮਾਰ ਹੋ ਗਈ ਹੈ, ਜਿਨ੍ਹਾਂ ਦੀ ਅਗਵਾਈ ਬੀਬੀਆਂ ਕਰ ਰਹੀਆਂ ਹਨ।
"ਮੈਂ ਖ਼ੁਦ ਨੂੰ ਪਹਿਲੀ ਔਰਤ ਜਾਂ ਪਹਿਲੀ ਸਾਬਕਾ ਫਲਾਈਟ ਅਟੈਂਡੈਂਟ ਵਜੋਂ ਨਹੀਂ ਦੇਖਦੀ। ਮੈਂ ਇੱਕ ਇਨਸਾਨ ਵਜੋਂ ਕੰਮ ਕਰਨਾ ਚਾਹੁੰਦੀ ਹਾਂ ਇਸ ਲਈ ਮੈਨੂੰ ਇੰਨਾ ਧਿਆਨ ਮਿਲਣ ਦੀ ਉਮੀਦ ਨਹੀਂ ਸੀ।"
ਉਹ ਅੱਗੇ ਕਹਿੰਦੇ ਹਨ, ‘‘ਹਾਲਾਂਕਿ ਮੈਨੂੰ ਅਹਿਸਾਸ ਹੈ ਕਿ ਲੋਕ ਜਾਂ ਸਾਡੇ ਕਰਮਚਾਰੀ ਮੈਨੂੰ ਉਸ ਤਰ੍ਹਾਂ ਨਹੀਂ ਦੇਖਦੇ।’’
ਉਨ੍ਹਾਂ ਦੀ ਨਿਯੁਕਤੀ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਅਜੇ ਦੋ ਹਫ਼ਤੇ ਪਹਿਲਾਂ ਹੀ ਉੱਤਰਦੇ ਸਮੇਂ ਜੇਏਐੱਲ ਦੀ ਇੱਕ ਉਡਾਣ ਕੋਸਟ ਗਾਰਡ ਦੇ ਜਹਾਜ਼ ਨਾਲ ਟਕਰਾ ਗਈ ਸੀ। ਇਸ ਹਦਸੇ ਵਿੱਚੋਂ ਯਾਤਰੀਆਂ ਨੂੰ ਸੁਰੱਖਿਅਤ ਕੱਢਣ ਲਈ ਫਲਾਈਟ ਕਰੂ ਦੀ ਬਹੁਤ ਤਾਰੀਫ਼ ਕੀਤੀ ਗਈ ਸੀ।
ਜਾਪਾਨ ਏਅਰਲਾਈਨਜ਼ ਦੀ ਫਲਾਈਟ 516 ਨੂੰ ਟੋਕੀਓ ਦੇ ਹਨੇਡਾ ਹਵਾਈ ਅੱਡੇ ’ਤੇ ਰਨਵੇਅ 'ਤੇ ਟੱਕਰ ਤੋਂ ਬਾਅਦ ਅੱਗ ਲੱਗ ਗਈ ਸੀ।
ਕੋਸਟ ਗਾਰਡ ਜਹਾਜ਼ ਦੇ ਚਾਲਕ ਦਲ ਦੇ ਛੇ ਮੈਂਬਰਾਂ ਵਿੱਚੋਂ ਪੰਜ ਦੀ ਮੌਤ ਹੋ ਗਈ ਅਤੇ ਕੈਪਟਨ ਜ਼ਖ਼ਮੀ ਹੋ ਗਿਆ ਸੀ।
ਹਾਲਾਂਕਿ, ਟੱਕਰ ਦੇ ਕੁਝ ਹੀ ਮਿੰਟਾਂ ਵਿੱਚ ਏਅਰਬੱਸ ਏ350-900 ਵਿੱਚ ਸਵਾਰ ਸਾਰੇ 379 ਜਣੇ ਸੁਰੱਖਿਅਤ ਬਚ ਗਏ ਸਨ।
ਇਸ ਘਟਨਾ ਤੋਂ ਬਾਅਦ ਜੇਏਐੱਲ ਦੇ ਫਲਾਈਟ ਅਟੈਂਡੈਂਟਾਂ ਦੀ ਸਖ਼ਤ ਸਿਖਲਾਈ ਅਚਾਨਕ ਸੁਰਖੀਆਂ ਵਿੱਚ ਆ ਗਈ ਸੀ।
ਖ਼ੁਦ ਇੱਕ ਫਲਾਈਟ ਅਟੈਂਡੈਂਟ ਰਹਿੰਦੇ ਹੋਏ ਟੋਟੋਰੀ ਨੇ ਹਵਾਬਾਜ਼ੀ ਸੁਰੱਖਿਆ ਦੇ ਮਹੱਤਵ ਨੂੰ ਆਪਣੇ ਨਿੱਜੀ ਅਨੁਭਵ ਤੋਂ ਸਿੱਖਿਆ ਹੈ।
ਸੰਨ 1985 ਵਿੱਚ ਟੋਟੋਰੀ ਦੇ ਫਲਾਈਟ ਅਟੈਂਡੈਂਟ ਬਣਨ ਤੋਂ ਚਾਰ ਮਹੀਨੇ ਬਾਅਦ ਹੀ ਜਾਪਾਨ ਏਅਰ ਲਾਈਨਜ਼ ਦੀ ਇੱਕ ਉਡਾਣ ਹਵਾਬਾਜ਼ੀ ਇਤਿਹਾਸ ਦੇ ਸਭ ਤੋਂ ਭਿਆਨਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਈ ਸੀ। ਹਾਦਸੇ ਵਿੱਚ ਮਾਊਂਟ ਓਸੁਟਾਕਾ ਪਹਾੜ ’ਤੇ 520 ਲੋਕ ਮਾਰੇ ਗਏ ਸਨ।
ਮਿਤਸੁਕੋ ਟੋਟੋਰੀ ਕਹਿੰਦੇ ਹਨ, ‘‘ਜੇਏਐੱਲ ਦੇ ਹਰੇਕ ਸਟਾਫ ਮੈਂਬਰ ਨੂੰ ਓਸੁਟਾਕਾ ਪਹਾੜ 'ਤੇ ਚੜ੍ਹਨ ਅਤੇ ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਦਿੱਤਾਂ ਜਾਂਦਾ ਹੈ, ਜਿਨ੍ਹਾਂ ਦੇ ਉਹ ਹਾਦਸਾ ਯਾਦ ਹੈ।’’
"ਅਸੀਂ ਆਪਣੇ ਸੁਰੱਖਿਆ ਪ੍ਰੋਤਸਾਹਨ ਕੇਂਦਰ ਵਿੱਚ ਜਹਾਜ਼ ਦੇ ਮਲਬੇ ਨੂੰ ਵੀ ਦਿਖਾਉਂਦੇ ਵੀ ਹਾਂ ਤਾਂ ਕਿ ਇਸ ਬਾਰੇ ਸਿਰਫ਼ ਕਿਸੇ ਕਿਤਾਬ ਵਿੱਚ ਪੜ੍ਹਨ ਦੀ ਥਾਂ, ਅਸੀਂ ਦੁਰਘਟਨਾ ਬਾਰੇ ਜਾਣਨ ਲਈ ਆਪਣੀਆਂ ਅੱਖਾਂ ਨਾਲ ਦੇਖੀਏ ਅਤੇ ਆਪਣੀ ਚਮੜੀ ਨਾਲ ਮਹਿਸੂਸ ਕਰੀਏ।"
ਜਦਕਿ ਇਸ ਅਹੁਦੇ ਲਈ ਉਨ੍ਹਾਂ ਦੀ ਨਿਯੁਕਤੀ ਹੈਰਾਨੀਜਨਕ ਘਟਨਾ ਦੇ ਰੂਪ ਵਿੱਚ ਸਾਹਮਣੇ ਆਈ ਹੈ।
ਜੇਏਐੱਲ 2010 ਵਿੱਚ ਦੀਵਾਲੀਆ ਹੋਣ ਤੋਂ ਬਾਅਦ ਤੇਜ਼ੀ ਨਾਲ ਬਦਲ ਗਈ ਹੈ, ਜੋ ਕਿ ਵਿੱਤੀ ਖੇਤਰ ਤੋਂ ਬਾਹਰ ਦੇਸ ਦੀ ਸਭ ਤੋਂ ਵੱਡੀ ਕਾਰਪੋਰੇਟ ਨਾਕਾਮਯਾਬੀ ਸੀ।
ਸਰਕਾਰ ਵੱਲੋਂ ਵੱਡੀ ਮੁੱਖ ਵਿੱਤੀ ਸਹਾਇਤਾ ਕਾਰਨ ਏਅਰ ਲਾਈਨ ਉਡਾਣਾਂ ਜਾਰੀ ਰੱਖ ਸਕੀ ਅਤੇ ਕਾਰੋਬਾਰ ਦਾ ਨਵੇਂ ਬੋਰਡ ਅਤੇ ਪ੍ਰਬੰਧਨ ਨਾਲ ਵਿਆਪਕ ਪੱਧਰ ’ਤੇ ਪੁਨਰਗਠਨ ਕੀਤਾ ਗਿਆ।
ਇੱਕ ਬੋਧ ਭਿਕਸ਼ੂ ਨੇ ਬਦਲਿਆ ਕੰਪਨੀ ਦਾ ਮੁਹਾਂਦਰਾ
ਉਸ ਸਮੇਂ ਇਸ ਨੂੰ ਬਚਾਉਣ ਵਾਲੇ ਵਿਅਕਤੀ 77 ਸਾਲਾ ਸੇਵਾ ਮੁਕਤ ਅਤੇ ਦੀਕਸ਼ਾ ਪ੍ਰਾਪਤ ਬੋਧ ਭਿਕਸ਼ੂ, ਕਾਜ਼ੂਓ ਇਨਾਮੋਰੀ ਸਨ।
ਉਨ੍ਹਾਂ ਦੇ ਕਾਇਆ ਕਲਪ ਕਰ ਦੇਣ ਵਾਲੇ ਪ੍ਰਭਾਵ ਦੇ ਬਿਨਾਂ ਇਹ ਸੰਭਵ ਨਹੀਂ ਹੈ ਕਿ ਟੋਟੋਰੀ ਵਰਗਾ ਕੋਈ ਕਦੇ ਜੇਏਐੱਲ ਦਾ ਮੁਖੀ ਬਣ ਸਕਦਾ।
ਮੈਂ 2012 ਵਿੱਚ ਇੱਕ ਇੰਟਰਵਿਊ ਦੇ ਸਿਲਸਿਲੇ ਵਿੱਚ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਆਪਣੀ ਗੱਲ ਕਹਿਣ ਤੋਂ ਸੰਕੋਚ ਨਹੀਂ ਕੀਤਾ ਅਤੇ ਕਿਹਾ ਕਿ ਜੇਏਐੱਲ ਇੱਕ ਹੰਕਾਰੀ ਕੰਪਨੀ ਹੈ ਜੋ ਆਪਣੇ ਗਾਹਕਾਂ ਦੀ ਪਰਵਾਹ ਨਹੀਂ ਕਰਦੀ।
ਇਨਾਮੋਰੀ ਦੀ ਅਗਵਾਈ ਵਿੱਚ ਕੰਪਨੀ ਨੇ ਸਾਬਕਾ ਨੌਕਰ ਸ਼ਾਹਾਂ ਨਾਲ ਖਾਲੀ ਅਸਾਮੀਆਂ ਭਰਨ ਦੀ ਥਾਂ ਪਾਇਲਟਾਂ ਅਤੇ ਇੰਜੀਨੀਅਰਾਂ ਵਰਗੇ ਮੂਹਰਲੀ ਕਤਾਰ ਦੇ ਕਰਮਚਾਰੀਆਂ ਨੂੰ ਤਰੱਕੀਆਂ ਦਿੱਤੀਆਂ।
ਇਨਾਮੋਰੀ ਜਿਨ੍ਹਾਂ ਦੀ 2022 ਵਿੱਚ ਮੌਤ ਹੋ ਗਈ ਸੀ, ਨੇ ਮੈਨੂੰ ਦੱਸਿਆ ਸੀ, ‘‘ਮੈਨੂੰ ਬਹੁਤ ਬੁਰਾ ਲੱਗਿਆ ਕਿਉਂਕਿ ਕੰਪਨੀ ਬਿਲਕੁਲ ਵੀ ਇੱਕ ਨਿੱਜੀ ਕੰਪਨੀ ਵਾਂਗ ਨਹੀਂ ਲੱਗ ਰਹੀ ਸੀ।’’
ਔਰਤਾਂ ਬਾਰੇ ਜਪਾਨ ਦਾ ਟੀਚਾ
ਉਨ੍ਹਾਂ ਕਿਹਾ ਸੀ, ‘‘ਕਈ ਸਾਬਕਾ ਸਰਕਾਰੀ ਅਧਿਕਾਰੀ ਕੰਪਨੀ ਵਿੱਚ ਗੋਲਡਨ ਪੈਰਾਸ਼ੂਟ ਰਾਹੀਂ ਆਉਂਦੇ ਸਨ।’’
ਉਦੋਂ ਤੋਂ ਜੇਏਐੱਲ ਨੇ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ, ਅਤੇ ਇਸ ਦੀ ਪਹਿਲੀ ਮਹਿਲਾ ਮੁਖੀ ਨੂੰ ਜੋ ਸੁਰਖੀਆਂ ਮਿਲ ਰਹੀਆਂ ਹਨ, ਉਹ ਹੈਰਾਨੀ ਵਾਲੀ ਗੱਲ ਨਹੀਂ ਹੈ।
ਜਾਪਾਨ ਦੀ ਸਰਕਾਰ ਦੇਸ ਵਿੱਚ ਮਹਿਲਾ ਮੁਖੀਆਂ ਦੀ ਗਿਣਤੀ ਵਧਾਉਣ ਲਈ ਲਗਭਗ ਇੱਕ ਦਹਾਕੇ ਤੋਂ ਕੋਸ਼ਿਸ਼ ਕਰ ਰਹੀ ਹੈ।
ਸਰਕਾਰ ਚਾਹੁੰਦੀ ਹੈ ਕਿ 2030 ਤੱਕ ਪ੍ਰਮੁੱਖ ਕਾਰੋਬਾਰਾਂ ਵਿੱਚ ਇੱਕ ਤਿਹਾਈ ਲੀਡਰਸ਼ਿਪ ਅਹੁਦੇ ਔਰਤਾਂ ਨੂੰ ਮਿਲਣ। ਹਾਲਾਂਕਿ ਪਹਿਲਾਂ ਇਹ ਟੀਚਾ 2020 ਤੱਕ ਟੀਚਾ ਪ੍ਰਾਪਤ ਕੀਤਾ ਜਾਣਾ ਸੀ ਪਰ ਸਫ਼ਲਤਾ ਨਹੀਂ ਮਿਲ ਸਕੀ।
ਮਿਤਸੁਕੋ ਟੋਟੋਰੀ ਕਹਿੰਦੇ ਹਨ, ‘‘ਇਹ ਸਿਰਫ਼ ਕਾਰਪੋਰੇਟ ਲੀਡਰ ਦੀ ਸੋਚ ਬਾਰੇ ਨਹੀਂ ਹੈ, ਬਲਕਿ ਔਰਤਾਂ ਵਿੱਚ ਪ੍ਰਬੰਧਕ ਬਣਨ ਲਈ ਆਤਮ-ਵਿਸ਼ਵਾਸ ਹੋਣਾ ਵੀ ਮਹੱਤਵਪੂਰਨ ਹੈ।’’
"ਮੈਨੂੰ ਉਮੀਦ ਹੈ ਕਿ ਮੇਰੀ ਨਿਯੁਕਤੀ ਹੋਰ ਔਰਤਾਂ ਨੂੰ ਉਹ ਚੀਜ਼ਾਂ ਅਜ਼ਮਾਉਣ ਲਈ ਉਤਸ਼ਾਹਿਤ ਕਰੇਗੀ ਜਿਨ੍ਹਾਂ ਨੂੰ ਉਹ ਪਹਿਲਾਂ ਅਜ਼ਮਾਉਣ ਤੋਂ ਡਰਦੀਆਂ ਸਨ।’’