ਫ਼ੇਸਬੁੱਕ ਉੱਤੇ ਝੂਠੇ ਲੇਖਾਂ ਰਾਹੀਂ ਲੱਖਾਂ ਰੁਪਏ ਦੀ ਠੱਗੀ ਕਿਵੇਂ ਕੀਤੀ ਜਾ ਰਹੀ ਹੈ, ਤੁਸੀਂ ਕਿਵੇਂ ਕਰ ਸਕਦੇ ਹੋ ਇਨ੍ਹਾਂ ਦੀ ਪਛਾਣ

    • ਲੇਖਕ, ਜੇਨ ਵੇਕਫ਼ੀਲਡ
    • ਰੋਲ, ਬੀਬੀਸੀ ਪੱਤਰਕਾਰ

ਮੈਂ ਇਨੀਂ ਦਿਨੀਂ ਮਸ਼ਹੂਰ ਲੋਕਾਂ ਬਾਰੇ ਲੇਖ ਲਿਖਣ ਵਿੱਚ ਰੁੱਝਿਆ ਹੋਇਆ ਹਾਂ। ਮੈਂ ਜ਼ੋ ਬਾਲ, ਜੇਰੇਮੀ ਕਲਾਰਕਸਨ ਅਤੇ ਕ੍ਰਿਸ ਟੈਰੈਂਟ ਵਰਗਿਆਂ ਨਾਲ ਇੰਟਰਵਿਊ ਕੀਤੇ ਹਨ।

ਇਨ੍ਹਾਂ ਕਹਾਣੀਆਂ ਦੀ ਇੱਕ ਗੱਲ ਸਾਂਝੀ ਰਹੀ ਹੈ ਕਿ ਕਿਵੇਂ ਹਰ ਇੱਕ ਮਸ਼ਹੂਰ ਵਿਅਕਤੀ ਨੇ ਕ੍ਰਿਪਟੋ ਮੁਦਰਾਵਾਂ ਵਿੱਚ ਇੱਕ ਆਨਲਾਈਨ ਨਿਵੇਸ਼ ਦੇ ਮੌਕੇ ਤੋਂ ਬਹੁਤ ਸਾਰਾ ਪੈਸਾ ਕਮਾਇਆ।

ਤੁਸੀਂ ਜੋ ਕੁਝ ਪੜ੍ਹਿਆ ਉਹ ਥੋੜ੍ਹਾ ਅਵਿਸ਼ਵਾਸ਼ਯੋਗ ਲੱਗਦਾ ਹੈ ਕਿਉਂਕਿ ਮੈਂ ਇਨ੍ਹਾਂ ਵਿੱਚੋਂ ਇੱਕ ਵੀ ਇੰਟਰਵਿਊ ਨਹੀਂ ਕੀਤੀ ਸੀ ਅਤੇ ਨਾ ਹੀ ਕੋਈ ਲੇਖ ਲਿਖਿਆ ਸੀ।

ਇਹ ਵੀ ਹੈ ਕਿ ਉੱਪਰ ਲਿਖੇ ਮਸ਼ਹੂਰ ਲੋਕਾਂ ਵਿੱਚੋਂ ਕੋਈ ਵੀ ਜਾਂ ਮੈਂ ਵੀ ਕਿਸੇ ਵੀ ਕਿਸਮ ਦੇ ਕ੍ਰਿਪਟੋ ਨਿਵੇਸ਼ਾਂ ਦਾ ਸਮਰਥਨ ਕਰਨ ਦੇ ਹੱਕ ਵਿੱਚ ਨਹੀਂ ਹਾਂ।

ਬਲਕਿ ਸੱਚ ਤਾਂ ਇਹ ਹੈ ਕਿ ਇਸਦੀ ਬਜਾਇ ਇਹ ਸਾਰੀਆਂ ਜਾਅਲੀ ਕਹਾਣੀਆਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਨਾਲ ਤਿਆਰ ਕੀਤੀਆਂ ਗਈਆਂ ਹਨ ਅਤੇ ਫ਼ੇਕ ਹਨ।

ਇਨ੍ਹਾਂ ਵਿੱਚ ਬੀਬੀਸੀ ਟੈਂਪਲੇਟ ਵਰਤਿਆ ਗਿਆ ਹੈ ਅਤੇ ਮੇਰੀ ਬਾਈਲਾਈਨ ਦੇ ਨਾਲ ਫੇਸਬੁੱਕ ਨਿਊਜ਼ ਫੀਡ ਦੇਖੀ ਜਾ ਸਕਦੀ ਹੈ।

ਇਸ ਸਭ ਪਿੱਛੇ ਕੁਝ ਧੋਖੇਬਾਜ਼ ਹਨ ਜਿਨ੍ਹਾਂ ਨੂੰ ਉਮੀਦ ਹੈ ਕਿ ਲੋਕ ਪੂਰੇ ਲੇਖ 'ਤੇ ਕਲਿੱਕ ਕਰਨਗੇ ਅਤੇ ਉੱਥੋਂ ਪੰਨੇ 'ਤੇ ਪ੍ਰਚਾਰੀ ਜਾ ਰਹੀ ਇੱਕ ਜਾਅਲੀ ਨਿਵੇਸ਼ ਯੋਜਨਾ ਵਿੱਚ ਨਿਵੇਸ਼ ਕਰਨ ਦੇ ਲਾਲਚ ਵਿੱਚ ਆ ਜਾਣਗੇ।

ਇਹ ਸਭ ਕਿਵੇਂ ਵਾਪਰਿਆ

ਮੈਂ ਉਤਸੁਕ ਸੀ ਕਿ ਇਹ ਘੁਟਾਲੇ ਵਾਲੀਆਂ ਪੋਸਟਾਂ ਫ਼ੇਸਬੁੱਕ 'ਤੇ ਪਹਿਲੀ ਵਾਰ ਕਿਵੇਂ ਆ ਰਹੀਆਂ ਸਨ, ਇਸ ਲਈ ਮੈਂ ਸਾਈਬਰ ਸੁਰੱਖਿਆ ਫਰਮ ਪੈੱਨ ਟੈਸਟ ਪਾਰਟਰਨ ਦੇ ਸੀਨੀਅਰ ਸਲਾਹਕਾਰ ਟੋਨੀ ਜੀ ਨਾਲ ਸੰਪਰਕ ਕੀਤਾ।

ਇੱਕ ਘੁਟਾਲੇ ਵਾਲੇ ਪੰਨੇ ਦੇ ਯੂਆਰਐੱਲ ਜਾਂ ਵੈਬ ਐਡਰੈੱਸ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਸੰਭਾਵਿਤ ਤੌਰ 'ਤੇ ਇਨ੍ਹਾਂ ਨੇ ਫੇਸਬੁੱਕ ਨੂੰ ਇਸ਼ਤਿਹਾਰਬਾਜ਼ੀ ਲਈ ਭੁਗਤਾਨ ਕੀਤਾ ਸੀ।

ਟੋਨੀ ਨੇ ਕਿਹਾ ਕਿ ਉਹ ਦੱਸ ਸਕਦੇ ਹਨ ਕਿਉਂਕਿ ਯੂਆਰਐੱਲ ਦਾ ਇੱਕ ਵਿਲੱਖਣ ਮੁੱਲ ਸੀ ਜੋ ਫੇਸਬੁੱਕ ਇਸਨੂੰ ਆਊਟਬਾਉਂਡ ਕਲਿੱਕਾਂ ਨੂੰ ਟਰੈਕ ਕਰਨ ਦੀ ਇਜਾਜ਼ਤ ਦੇਣ ਲਈ ਜੋੜਦਾ ਹੈ।

ਮੈਂ ਇਹ ਸਾਰੀ ਜਾਣਕਾਰੀ ਫੇਸਬੁੱਕ ਦੇ ਮਾਲਕ ਮੈਟਾ ਨੂੰ ਦਿੱਤੀ।

ਜਿਸ ਦਾ ਜਵਾਬ ਮਿਲਿਆ,"ਅਸੀਂ ਆਪਣੇ ਪਲੇਟਫਾਰਮਾਂ 'ਤੇ ਧੋਖਾਧੜੀ ਵਾਲੀ ਗਤੀਵਿਧੀ ਦੀ ਇਜਾਜ਼ਤ ਨਹੀਂ ਦਿੰਦੇ ਹਾਂ ਅਤੇ ਸਾਡੇ ਧਿਆਨ ਵਿੱਚ ਲਿਆਂਦੇ ਗਏ ਅਜਿਹੇ ਇਸ਼ਤਿਹਾਰਾਂ ਨੂੰ ਹਟਾ ਦਿੱਤਾ ਜਾਂਦਾ ਹੈ।"

ਫ਼ੇਸਬੁੱਕ ’ਤੇ ਨਕਲੀ ਇਸ਼ਤਿਹਾਰ ਆ ਕਿਵੇਂ ਜਾਂਦੇ ਹਨ

ਪਰ ਸਵਾਲ ਖੜਾ ਹੁੰਦਾ ਹੈ ਕਿ ਸਕੈਮਰ ਫੇਸਬੁੱਕ ਨਿਊਜ਼ ਫੀਡ 'ਤੇ ਜਾਅਲੀ ਇਸ਼ਤਿਹਾਰਾਂ ਲਈ ਜਗ੍ਹਾ ਕਿਵੇਂ ਲੈ ਸਕਦੇ ਹਨ?

ਉਹ ਫ਼ੇਸਬੁੱਕ ਦੇ ਆਟੋਮੇਟਿਡ ਡਿਟੈਕਸ਼ਨ ਸਿਸਟਮ ਨੂੰ ਕਿਵੇਂ ਪਾਰ ਕਰ ਸਕਦੇ ਹਨ? ਇਹ ਅਜਿਹਾ ਸਿਸਟਮ ਹੈ ਜਿੱਥੇ ਹਰ ਪੋਸਟ ਨੂੰ ਸੰਵੇਦਨਸ਼ੀਲਤਾ ਦੇ ਆਧਾਰ ’ਤੇ ਆਟੋਮੈਟੀਕਲੀ ਪਰਖਿਆ ਜਾਂਦਾ ਹੈ।

ਯੂਨੀਵਰਸਿਟੀ ਆਫ਼ ਸਰੀ ਦੇ ਕੰਪਿਊਟਰ ਵਿਭਾਗ ਦੇ ਵਿਗਿਆਨੀ ਪ੍ਰੋਫ਼ੈਸਰ ਐਲਨ ਵੁਡਵਰਡ ਦਾ ਕਹਿਣਾ ਹੈ ਕਿ ਮੁਲਜ਼ਿਮ ਅਜਿਹੇ ਟੂਲਸ ਦੀ ਵਰਤੋਂ ਕਰਦੇ ਜਾਪਦੇ ਹਨ ਜੋ ਉਪਭੋਗਤਾਵਾਂ ਨੂੰ ਬਹੁਤ ਤੇਜ਼ੀ ਨਾਲ ਕਿਸੇ ਹੋਰ ਵੈੱਬ ਪੇਜ 'ਤੇ ਭੇਜਦੇ ਹਨ।

ਇਸ ਲਈ ਜਦੋਂ ਇਸ਼ਤਿਹਾਰ ਪਹਿਲੀ ਵਾਰ ਫੇਸਬੁੱਕ 'ਤੇ ਦਿੱਤਾ ਜਾਂਦਾ ਹੈ ਤਾਂ ਲਿੰਕ ਨੁਕਸਾਨ ਰਹਿਤ ਪੰਨੇ 'ਤੇ ਜਾਂਦਾ ਹੈ, ਜੋ ਤੁਹਾਨੂੰ ਕੋਈ ਆਰਥਿਕ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਹੁੰਦਾ ਹੈ।

ਪਰ ਫਿਰ ਇੱਕ ਵਾਰ ਜਦੋਂ ਇਸਨੂੰ ਫ਼ੇਸਬੁੱਕ ਤੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਧੋਖੇਬਾਜ਼ ਇਸ ਪੋਸਟ ਨਾਲ ਇੱਕ ਰੀਡਾਇਰੈਕਟ ਪਾ ਦਿੰਦੇ ਹਨ ਜੋ ਉਨ੍ਹਾਂ ਨੂੰ ਕਿਸੇ ਹੋਰ ਵੈਬ ਪੇਜ 'ਤੇ ਲੈ ਜਾਂਦਾ ਹੈ, ਜੋ ਖਤਰਨਾਕ ਤਰੀਕੇ ਨਾਲ ਤੁਹਾਨੂੰ ਆਰਥਿਕ ਨੁਕਸਾਨ ਪਹੁੰਚਾ ਦਿੰਦੇ ਹਨ।

ਪ੍ਰੋਫੈਸਰ ਵੁੱਡਵਰਡ ਕਹਿੰਦੇ ਹਨ,"ਜੇਕਰ ਤੁਸੀਂ ਕਿਸੇ ਵੈੱਬਸਾਈਟ ਨੂੰ ਨਿਯੰਤਰਿਤ ਕਰਦੇ ਹੋ ਤਾਂ ਇੱਕ ਰੀਡਾਇਰੈਕਟ ਕਮਾਂਡ ਨੂੰ ਸ਼ਾਮਲ ਕਰਨਾ ਮੁਕਾਬਲਤਨ ਸੌਖਾ ਹੁੰਦਾ ਹੈ। ਜਿਵੇਂ ਕਿ ਕਿਸੇ ਦੇ ਬ੍ਰਾਊਜ਼ਰ ਨੂੰ ਉਨ੍ਹਾਂ ਨੂੰ ਅਸਲ ਵੈੱਬਪੇਜ ਦਿਖਾਉਣ ਦਾ ਮੌਕਾ ਮਿਲਣ ਤੋਂ ਪਹਿਲਾਂ ਹੀ ਕਿਸੇ ਹੋਰ ਸਾਈਟ 'ਤੇ ਭੇਜਿਆ ਜਾ ਸਕਦਾ ਹੈ।

ਉਹ ਅੱਗੇ ਕਹਿੰਦੇ ਹਨ ਕਿ ਧੋਖਾਧੜੀ ਕਰਨ ਵਾਲੇ ਤੇਜ਼ੀ ਨਾਲ ਅਤੇ ਆਸਾਨੀ ਨਾਲ ਰੀਡਾਇਰੈਕਟ ਕਿਸੇ ਵੀ ਵੈੱਬਸਾਈਟ ਉੱਤੇ ਭੇਜ ਸਕਦੇ ਹਨ।

ਉਹ ਕਹਿੰਦੇ ਹਨ,"ਕਿਉਂਕਿ ਤੁਸੀਂ ਕਿਸੇ ਇੱਕ ਯੂਆਰਐੱਲ ਦੀ ਅਸਲ ਪ੍ਰਕਿਰਤੀ ਨੂੰ ਬਦਲਣ ਦੇਯੋਗ ਹੋ ਅਤੇ ਲੋਕਾਂ ਨੂੰ ਧੋਖਾ ਦੇਣਾ ਸੌਖਾ ਹੋ ਜਾਂਦਾ ਹੈ। ਤੁਸੀਂ ਤਸਵੀਰ ਜਾਂ ਇਸ਼ਤਿਹਾਰ ਵਿੱਚ ਦਿੱਤੀ ਗਈ ਜਾਣਕਾਰੀ ਦੇ ਆਧਾਰ ਉੱਤੇ ਕਲਿੱਕ ਕਰਕੇ ਕਿਸੇ ਹੋਰ ਵੈੱਬਸਾਈਟ ਉੱਤੇ ਪਹੁੰਚਦੇ ਹੋ ਪਰ ਉਸ ਦਾ ਸੱਚ ਦਿਖਾਏ ਗਏ ਨਾਲੋਂ ਵੱਖਰਾ ਹੁੰਦਾ ਹੈ।"

ਇਹ ਇੱਕ ਕਿਸਮ ਦੀ ਆਨਲਾਈਨ ਧੋਖਾਧੜੀ ਹੈ ਜਿਸਨੂੰ ‘ਕਲੋਕਿੰਗ’ ਕਿਹਾ ਜਾਂਦਾ ਹੈ, ਜਿਸ ਵਿੱਚ ਖਤਰਨਾਕ ਇਸ਼ਤਿਹਾਰ ਇੱਕ ਸੋਸ਼ਲ ਮੀਡੀਆ ਫ਼ਰਮ ਦੇ ਸਮੀਖਿਆ ਪੜਾਅ ਤੋਂ ਲੰਘਣ ਦੇ ਯੋਗ ਹੁੰਦੇ ਹਨ ਕਿਉਂਕਿ ਧੋਖਾਧੜੀ ਕਰਨ ਵਾਲਿਆਂ ਨੇ ਆਪਣੇ ਇਰਾਦਿਆਂ ਨੂੰ ਲੁਕਾਇਆ ਹੁੰਦਾ ਹੈ।

ਮੈਟਾ ਦਾ ਕਹਿਣਾ ਹੈ ਕਿ ਉਹ ਆਪਣੀਆਂ ਸਵੈਚਾਲਿਤ ਸਰਚ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਲਈ ਹੋਰ ਮੌਜੂਦ ਤਕਨੀਕਾਂ ਉੱਤੇ ਮਦਦ ਕਰ ਰਿਹਾ ਹੈ।

ਇੰਸਟਾਗ੍ਰਾਮ ਅਤੇ ਫ਼ੇਸਬੁੱਕ ਉੱਤੇ ਉਕਸਾਇਆ ਗਿਆ

ਮਾਰਗਰੇਟ (ਬਦਲਿਆ ਹੋਇਆ ਨਾਂ) ਇੱਕ ਸੇਵਾਮੁਕਤ ਕਰਮਚਾਰੀ ਹਨ ਜੋ ਬਕਿੰਘਮਸ਼ਾਇਰ ਵਿੱਚ ਰਹਿੰਦੇ ਹਨ।

ਉਨ੍ਹਾਂ ਨੂੰ ਹਾਲ ਹੀ ਵਿੱਚ ਇੰਸਟਾਗ੍ਰਾਮ ਉੱਤੇ 250 ਪੌਂਡ ਦਾ ਘਾਟਾ ਖਾਦਾ। ਇੰਸਟਾਗ੍ਰਾਮ ’ਤੇ ਵੀ ਮੈਟਾ ਦੀ ਮਾਲਕੀਅਤ ਹੀ ਹੈ।

ਉਨ੍ਹਾਂ ਨੂੰ ਇੱਕ ਫਰਜ਼ੀ ਆਈਟੀਵੀ ਲੇਖ ਦੇ ਇੱਕ ਲਿੰਕ 'ਤੇ ਕਲਿੱਕ ਕਰਨ ਲਈ ਪਰਤਾਇਆ ਗਿਆ ਸੀ ਜਿਸ ਵਿੱਚ ਪੇਸ਼ਕਾਰ ਰੌਬਰਟ ਪੇਸਟਨ ਇੱਕ ਨਿਵੇਸ਼ ਦੇ ਮੌਕੇ ਬਾਰੇ ਗੱਲਬਾਤ ਕਰਦੇ ਸੁਣਾਈ ਦਿੰਦੇ ਹਨ।

ਮਾਰਗਰੇਟ ਜੋ ਪੇਸਟਨ ਅਤੇ ਆਈਟੀਵੀ ਬ੍ਰਾਂਡ 'ਤੇ ਭਰੋਸਾ ਕਰਦੇ ਸਨ ਅਤੇ ਉਨ੍ਹਾਂ ਨੇ ਨਿਵੇਸ਼ ਕਰਨ ਦਾ ਫੈਸਲਾ ਕੀਤਾ।

250 ਪੌਂਡ ਦਾ ਭੁਗਤਾਨ ਕਰਨ ਤੋਂ ਇਲਾਵਾ, ਮਾਰਗਰੇਟ ਨੇ ਆਪਣੇ ਪਾਸਪੋਰਟ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੇ ਕ੍ਰੈਡਿਟ ਕਾਰਡ ਦੇ ਦੋਵੇਂ ਪਾਸਿਆਂ ਦੀ ਤਸਵੀਰ ਭੇਜੀ।

ਉਨ੍ਹਾਂ ਨੂੰ ਫ਼ੌਰਨ ਫ਼ੋਨ ਆਉਣੇ ਸ਼ੁਰੂ ਹੋ ਗਏ।

ਉਹ ਦੱਸਦੇ ਹਨ,"ਇਹ ਅਮਰੀਕੀ ਲਹਿਜ਼ੇ ਵਾਲਾ ਇੱਕ ਵਿਅਕਤੀ ਸੀ ਜਿਸ ਨੇ ਮੇਰਾ ਸੁਆਗਤ ਕੀਤਾ ਅਤੇ ਕਿਹਾ ਕਿ ਮੈਂ ਜੋ ਨਿਵੇਸ਼ ਕੀਤਾ ਹੈ ਉਸ ਤੋਂ ਪੈਸੇ ਕਮਾਉਣੇ ਸ਼ੁਰੂ ਹੋ ਚੁੱਕੇ ਹਨ।"

ਫ਼ੋਨ ਕਾਲਾਂ ਆਉਂਦੀਆਂ ਰਹੀਆਂ ਅਤੇ ਇਸੇ ਤਰ੍ਹਾਂ ਈਮੇਲਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ।

ਮਾਰਗਰੇਟ ਨੂੰ ਸ਼ੱਕ ਹੋਣ ਲੱਗਿਆ। ਖ਼ਾਸ ਤੌਰ 'ਤੇ ਜਦੋਂ ਉਨ੍ਹਾਂ ਨੇ ਉਸ ਦੀ ਆਮਦਨੀ ਅਤੇ ਬੱਚਤ ਬਾਰੇ ਪੁੱਛਣਾ ਸ਼ੁਰੂ ਕੀਤਾ ਅਤੇ ਇਹ ਵੀ ਇਹ ਪੁੱਛਿਆ ਜਾਣ ਲੱਗਿਆ ਕਿ ਕੀ ਉਹ ਹੋਰ ਪੈਸਾ ਲਗਾਉਣ ਦਾ ਇਰਾਦਾ ਰੱਖਦੀ ਸੀ।

"ਮੈਂ ਆਪਣੇ ਬੈਂਕ ਨਾਲ ਸੰਪਰਕ ਕੀਤਾ ਅਤੇ ਆਪਣੇ ਪੈਸੇ ਰਿਫੰਡ ਕਰਵਾਏ ਪਰ ਇਸ ਨੇ ਘੁਟਾਲੇ ਕਰਨ ਵਾਲਿਆਂ ਨੂੰ ਨਹੀਂ ਰੋਕਿਆ।"

ਮਾਰਗਰੇਟ ਨੂੰ ਅਜੇ ਵੀ ਰੋਜ਼ਾਨਾ ਕਾਲਾਂ ਆਉਂਦੀਆਂ ਹਨ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਘੁਟਾਲੇ ਦੀ ਜਾਂਚ ਵਿੱਚ ਉਸ ਦੀ ਮਦਦ ਕਰਨ ਦਾ ਵਾਅਦਾ ਕਰਨ ਵਾਲੇ ਅਮਰੀਕੀ ਰਾਸ਼ਟਰੀ ਸੁਰੱਖਿਆ ਏਜੰਸੀ ਤੋਂ ਹੋਣ ਦਾ ਦਾਅਵਾ ਕਰਨ ਵਾਲੇ ਕਿਸੇ ਵਿਅਕਤੀ ਤੋਂ ਕਾਲ ਆਉਣੀ ਵੀ ਸ਼ੁਰੂ ਹੋ ਗਈ ਹੈ।

ਉਹ ਕਹਿੰਦੇ ਹਨ, "ਇਸ ਸਭ ਦਾ ਮੇਰੀ ਆਪਣੀ ਮਾਨਸਿਕ ਸਿਹਤ 'ਤੇ ਅਸਰ ਪੈ ਰਿਹਾ ਹੈ ਅਤੇ ਮੇਰਾ ਮੰਨਣਾ ਹੈ ਕਿ ਮੈਨੂੰ ਖ਼ਤਰਾ ਹੈ, ਖ਼ਾਸ ਤੌਰ 'ਤੇ ਪਛਾਣ ਦੀ ਚੋਰੀ ਅਤੇ ਅਸਲ ਵਿੱਚ ਸੰਭਾਵੀ ਪੈਸੇ ਦੀ ਚੋਰੀ ਦਾ।"

"ਉਹ ਬਹੁਤ ਚੰਗੀ ਤਰ੍ਹਾਂ ਬਾਜ਼ਾਰ ਵਿੱਚ ਟਿਕ ਚੁੱਕੇ ਹਨ ਅਤੇ ਖਤਰਨਾਕ ਹਨ।"

ਇਸ ਧੋਖੇ ਤੋਂ ਬਚਾਅ ਕਿਸ ਦੀ ਜ਼ਿੰਮੇਵਾਰੀ

ਇਸ ਮੁੱਦੇ ਬਾਰੇ ਯੂਕੇ ਉਪਭੋਗਤਾ ਵਾਚਡੌਗ ਦੀ ਜਾਂਚ ਕਰ ਰਿਹਾ ਹੈ।

ਰੌਸੀਓ ਕੋਂਚਾ ਕਹਿੰਦਾ ਹੈ, ਇਸ ਦੀ ਨੀਤੀ ਅਤੇ ਐਡਵੋਕੇਸ ਦੇ ਨਿਰਦੇਸ਼ਕ ਹਨ। ਉਨ੍ਹਾਂ ਕਿਹਾ,"ਗ਼ਲਤ ਵਿਗਿਆਪਨਕਰਤਾ ਆਨਲਾਈਨ ਪਲੇਟਫਾਰਮਾਂ ਦੀ ਰਿਪੋਰਟਿੰਗ ਪ੍ਰਣਾਲੀ ਤੋਂ ਬਚਣ ਲਈ ਵੈੱਬ ਲਿੰਕਾਂ ਨੂੰ ਨਕਾਬ ਵਜੋਂ ਵਰਤਦੇ ਹਨ।”

“ਉਹ ਬੀਬੀਸੀ ਵਰਗੇ ਭਰੋਸੇਯੋਗ ਬ੍ਰਾਂਡ ਦੀ ਨਕਲ ਕਰ ਸਕਦੇ ਹਨ। ਇਸ ਤਰ੍ਹਾਂ ਲੋਕਾਂ ਨੂੰ ਅਕਸਰ ਇਹ ਨਹੀਂ ਪਤਾ ਹੁੰਦਾ ਕਿ ਉਹ ਲੰਬੇ ਸਮੇਂ ਤੋਂ ਕਿਸੇ ਡੀਪਫੇਕ ਨੂੰ ਦੇਖ ਰਹੇ ਹਨ।"

"ਪਰ ਅਸਲ ਵਿੱਚ ਇਸ ਵਰਤਾਰੇ ਨੂੰ ਰੋਕਣਾ ਚਾਹੀਦਾ ਹੈ ਅਤੇ ਇਹ ਖਪਤਕਾਰਾਂ 'ਤੇ ਨਹੀਂ ਸੁੱਟਣਾ ਚਾਹੀਦਾ ਕਿ ਉਹ ਇਸ ਆਨਲਾਈਨ ਇਸ ਧੋਖੇਬਾਜ਼ ਸਮੱਗਰੀ ਤੋਂ ਆਪਣੇ ਆਪ ਨੂੰ ਬਚਾਉਣ।”

ਔਫਕਾਮ ਨੂੰ ਆਨਲਾਈਨ ਸੇਫਟੀ ਐਕਟ ਜੋ ਕਿ ਪਿਛਲੇ ਸਾਲ ਦੇ ਅਖੀਰ ਵਿੱਚ ਪਾਸ ਕੀਤਾ ਗਿਆ ਸੀ, ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਨਲਾਈਨ ਪਲੇਟਫਾਰਮ ਆਪਣੇ ਇਸ਼ਤਿਹਾਰਕਰਤਾਵਾਂ ਦੀ ਜਾਇਜ਼ਤਾ ਦੀ ਪੁਸ਼ਟੀ ਕਰ ਰਹੇ ਹਨ। ਇਸ ਤਰੀਕੇ ਨਾਲ ਸਕੈਮਰਾਂ ਨੂੰ ਖਪਤਕਾਰਾਂ ਤੱਕ ਪਹੁੰਚਣ ਤੋਂ ਰੋਕਿਆ ਜਾ ਸਕਦਾ ਹੈ।"

ਆਫ਼ਕਾਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਧੋਖਾਧੜੀ ਨਾਲ ਨਜਿੱਠਣਾ ਉਨ੍ਹਾਂ ਦੀ ਪਹਿਲੀ ਤਰਜ਼ੀਹ ਹੈ।

"ਯੂਕੇ ਦੇ ਨਵੇਂ ਆਨਲਾਈਨ ਸੁਰੱਖਿਆ ਕਾਨੂੰਨ ਧੋਖਾਧੜੀ ਕਰਨ ਵਾਲਿਆਂ ਦਾ ਕੰਮ ਮੁਸ਼ਕਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।"

"ਨਵੇਂ ਕਾਨੂੰਨਾਂ ਦੇ ਤਹਿਤ ਆਨਲਾਈਨ ਸੇਵਾਵਾਂ ਨੂੰ ਉਨ੍ਹਾਂ ਦੇ ਪਲੇਟਫਾਰਮਾਂ 'ਤੇ ਗੈਰ-ਕਾਨੂੰਨੀ ਸਮੱਗਰੀ ਵਲੋਂ ਉਪਭੋਗਤਾਵਾਂ ਨੂੰ ਨੁਕਸਾਨ ਪਹੁੰਚਾਉਣ ਦੇ ਜੋਖਮ ਦਾ ਮੁਲਾਂਕਣ ਕਰਨ ਦੀ ਲੋੜ ਹੋਵੇਗੀ, ਉਪਭੋਗਤਾਵਾਂ ਦੀ ਸੁਰੱਖਿਆ ਲਈ ਢੁੱਕਵੇਂ ਕਦਮ ਚੁੱਕਣੇ, ਅਤੇ ਪਛਾਮ ਤੋਂ ਬਾਅਦ ਗ਼ੈਰ-ਕਾਨੂੰਨੀ ਸਮੱਗਰੀ ਨੂੰ ਹਟਾਉਣ ਲਈ ਬਾਰੇ ਕਾਨੂੰਨਾਂ ਦੀ ਲੋੜ ਹੈ।"

ਨਿਕੋਲਸ ਕੋਰੀ ਵਿੱਤੀ ਜਾਂਚ ਫਰਮ ਸਕੈਡੀ ਦੇ ਮੈਨੇਜਿੰਗ ਡਾਇਰੈਕਟਰ ਹਨ।

ਉਹ ਕਹਿੰਦੇ ਹਨ ਕਿ ਉਹ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਸਾਈਟਾਂ 'ਤੇ ਹੋਣ ਵਾਲੀ ਧੋਖਾਧੜੀ ਦੇ ਵੱਧਦੇ ਮਾਮਲਿਆਂ ਤੋਂ ਪ੍ਰੇਸ਼ਾਨ ਸਨ।

ਉਹ ਕਹਿੰਦੇ ਹਨ, "ਇਹ ਕੰਪਨੀਆਂ ਬਹੁਤ ਜ਼ਿਆਦਾ ਮੁਨਾਫ਼ਾ ਕਮਾ ਰਹੀਆਂ ਹਨ ਅਤੇ ਲੋਕਾਂ ਨੂੰ ਧੋਖਾਧੜੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"

"ਫਿਰ ਇਸ ਲਈ ਵਿੱਤ ਕੰਪਨੀਆਂ ਤੇ ਜਾਂ ਫ਼ਿਰ ਪੀੜਤਾਂ ਨੂੰ ਖ਼ੁਦ ਭੁਗਤਾਨ ਕਰਨਾ ਪਵੇਗਾ।"

ਕੋਰੀ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਫਰਮਾਂ ਨੂੰ ਹਰ ਇਸ਼ਤਿਹਾਰ ਅਤੇ ਇਸ ਦੇ ਲਿੰਕਾਂ ਦੀ ਪਬਲਿਸ਼ ਕਰਨ ਤੋਂ ਪਹਿਲਾਂ ਵਧੇਰੇ ਸਖ਼ਤੀ ਨਾਲ ਜਾਂਚ ਕਰਨੀ ਚਾਹੀਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)