ਪੰਜਾਬੀ ਜੋ 1200 ਏਕੜ ਜ਼ਮੀਨ ਤੇ 200 ਫਲੈਟਾਂ ਦਾ ਮਾਲਿਕ ਹੈ ਕਿਵੇਂ ਕਰੋੜਾਂ ਦੇ ਕਥਿਤ ਘੁਟਾਲੇ ਕਰਕੇ ਪੁਲਿਸ ਤੋਂ ਭੱਜਦਾ ਰਿਹਾ

    • ਲੇਖਕ, ਗਗਨਦੀਪ ਸਿੰਘ ਜੱਸੋਵਾਲ
    • ਰੋਲ, ਬੀਬੀਸੀ ਪੱਤਰਕਾਰ

ਹਾਲ ਹੀ ਵਿੱਚ ਪੰਜਾਬ ਦੇ ਇੱਕ ਕਥਿਤ ਬਹੁਕਰੋੜੀ ਘਪਲੇ ਦੇ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਈ ਹੈ ਜਿਸ ਬਾਰੇ ਹੈਰਾਨੀਜਨਕ ਜਾਣਕਾਰੀ ਸਾਹਮਣੇ ਆਈ ਹੈ।

ਦਰਅਸਲ ਪੁਲਿਸ ਨੇ ਕਥਿਤ ਬਹੁਕਰੋੜੀ ਨੇਚਰ ਹਾਈਟਸ ਇਨਫਰਾ ਘੁਟਾਲੇ ਵਿੱਚ ਮੁੱਖ ਮੁਲਜ਼ਮ, ਅਬੋਹਰ ਦੇ ਨੀਰਜ ਅਰੋੜਾ ਨੂੰ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਹੈ।

ਨੀਰਜ ਅਰੋੜਾ ਪਿਛਲੇ 9 ਸਾਲਾਂ ਤੋਂ ਫ਼ਰਾਰ ਚੱਲ ਰਿਹਾ ਸੀ।

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਪੁਲਿਸ ਕੋਲੋਂ ਆਪਣਾ ਪਿੱਛਾ ਛੁਡਾਉਣ ਲਈ ਪਲਾਸਟਿਕ ਸਰਜਰੀ ਕਰਵਾਉਣ ਦੀ ਯੋਜਨਾ ਬਣਾ ਰਿਹਾ ਸੀ।

ਫ਼ਰੀਦਕੋਟ ਅਤੇ ਫਾਜ਼ਿਲਕਾ ਪੁਲਿਸ ਨੇ ਨੀਰਜ ਨੂੰ ਪੰਜਾਬ ਪੁਲਿਸ ਨੇ ਉੱਤਰਾਖੰਡ ਦੇ ਪੌਡੀ ਜ਼ਿਲ੍ਹੇ ਦੇ ਸ਼੍ਰੀਨਗਰ ਗੜ੍ਹਵਾਲ ਤੋਂ ਗ੍ਰਿਫਤਾਰ ਕੀਤਾ ਸੀ।

ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਕੋਲ ਪੰਜਾਬ ਅਤੇ ਮੱਧ ਪ੍ਰਦੇਸ਼ ਸੂਬਿਆਂ ਵਿੱਚ 1200 ਏਕੜ ਤੋਂ ਵੱਧ ਜ਼ਮੀਨ ਅਤੇ 200 ਰਿਹਾਇਸ਼ੀ ਫਲੈਟ ਹਨ, ਜਿਨ੍ਹਾਂ ਦੀ ਕੀਮਤ 1,000 ਕਰੋੜ ਰੁਪਏ ਤੋਂ ਵੱਧ ਹੈ।

7 ਲੱਖ ਤੋਂ 100 ਕਰੋੜ ਤੱਕ ਪਹੁੰਚਣ ਦੀ ਕਹਾਣੀ

ਪੰਜਾਬ ਪੁਲਿਸ ਮੁਤਾਬਕ ਨੀਰਜ ਅਰੋੜਾ ਦੇ ਪਿਤਾ ਇਕ ਇੰਟੇਲਿਜੈਂਸ ਵਿਭਾਗ ਦੇ ਇੰਸਪੈਕਟਰ ਰੈਂਕ ਦੇ ਸਨ, ਜਦੋਂਕਿ ਉਸ ਦੇ ਮਾਤਾ ਇੱਕ ਅਧਿਆਪਕ ਵਜੋਂ ਕੰਮ ਕਰਦੇ ਸਨ।

ਨੀਰਜ ਅਰੋੜਾ ਨੇ ਐੱਮਬੀਏ ਵਜੋਂ ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਆਪਣੇ ਦੋਸਤ ਪਰਮੋਦ ਨਾਗਪਾਲ ਦੇ ਨਾਲ ਸਾਬਣ, ਚਾਹ ਅਤੇ ਹੋਰ ਵਰਗੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਵੇਚਣ ਦਾ ਇੱਕ ਛੋਟਾ ਕਾਰੋਬਾਰ ਸ਼ੁਰੂ ਕੀਤਾ।

ਪੁਲਿਸ ਤਫਤੀਸ਼ ਮੁਤਾਬਕ, "ਨੀਰਜ ਅਰੋੜਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਨਿੱਜੀ ਨੈੱਟਵਰਕਿੰਗ ਕੰਪਨੀ ਨਾਲ ਕੀਤੀ ਜਿੱਥੇ ਉਸ ਨੇ ਨੈੱਟਵਰਕਿੰਗ ਕਾਰੋਬਾਰ ਦੇ ਬੁਨਿਆਦੀ ਗੁਰ ਸਿੱਖੇ।"

ਸਾਲ 2002 ਵਿੱਚ ਨੀਰਜ ਅਰੋੜਾ ਨੇ ਤਿੰਨ ਹੋਰ ਸਹਿਯੋਗੀਆਂ ਦੇ ਨਾਲ ਸਿਰਫ਼ 7 ਲੱਖ ਰੁਪਏ ਦੇ ਨਿਵੇਸ਼ ਨਾਲ ਨੇਚਰਵੇਅ ਨੈੱਟਵਰਕਿੰਗ ਕੰਪਨੀ ਨਾਮ ਦੀ ਇੱਕ ਫਰਮ ਸਥਾਪਤ ਕੀਤੀ ਅਤੇ ਇੱਕ ਦਹਾਕੇ ਦੇ ਅੰਦਰ ਨੀਰਜ ਦੀ ਫਰਮ ਨੇ 100 ਕਰੋੜ ਦੇ ਕਾਰੋਬਾਰ ਨੂੰ ਛੂਹ ਲਿਆ।

ਸਾਲ 2003 ਤੱਕ, ਉਨ੍ਹਾਂ ਦਾ ਕਰਿਆਨੇ ਦੀਆਂ ਵਸਤੂਆਂ ਦਾ ਕਾਰੋਬਾਰ ਰਾਜਸਥਾਨ ਵਿੱਚ ਵੀ ਫੈਲ ਗਿਆ ਸੀ।

2011 ਵਿੱਚ ਭਾਰਤ ਦੇ 12 ਰਾਜਾਂ ਵਿੱਚ ਨੇਚਰ ਵੇਅ ਉਤਪਾਦਾਂ ਦੀਆਂ ਲਗਭਗ 400 ਦੁਕਾਨਾਂ ਸਨ।

ਫਰੀਦਕੋਟ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ, "ਨੀਰਜ ਨੇ ਅੱਗੇ ਇਹ ਗੱਲ ਮੰਨੀ ਕਿ ਉਸਨੇ ਪੰਜਾਬ ਅਤੇ ਰਾਜਸਥਾਨ ਵਿੱਚ ਆਪਣੀ ਕੰਪਨੀ - ਨੇਚਰਵੇਅ ਲਈ ਏਜੰਟਾਂ ਅਤੇ ਗਾਹਕਾਂ ਦੀ ਇੱਕ ਲੜੀ ਬਣਾਉਣ ਲਈ 16 ਲੱਖ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕੀਤਾ। ਨੀਰਜ ਕਰੀਬ 5 ਲੱਖ ਲੋਕਾਂ ਨੂੰ ਆਪਣੇ ਨੈੱਟਵਰਕ ਨਾਲ ਜੋੜਨ 'ਚ ਕਾਮਯਾਬ ਰਿਹਾ ਸੀ।"

ਉਨ੍ਹਾਂ ਕਿਹਾ, "ਨੈੱਟਵਰਕਿੰਗ ਵਿੱਚ ਇੱਕ ਏਜੰਟ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਕੰਪਨੀ ਨਾਲ ਗਾਹਕਾਂ ਵਜੋਂ ਜੋੜਨ ਦਾ ਕੰਮ ਸੌਂਪਿਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੇ ਕਮਿਸ਼ਨ ਵਿੱਚ ਵਾਧਾ ਹੁੰਦਾ ਸੀ।"

ਉਨ੍ਹਾਂ ਅੱਗੇ ਕਿਹਾ, "ਨੇਚਰ ਵੇਅ ਕੰਪਨੀ 500 ਕਰਿਆਨੇ ਅਤੇ ਹੋਰ ਉਤਪਾਦਾਂ ਨੂੰ ਵੇਚਣ ਦਾ ਕੰਮ ਕਰਦੀ ਸੀ ਅਤੇ ਕੰਪਨੀ 2012 ਤੱਕ ਚੰਗੀ ਚਲਦੀ ਹੈ। ਦਿਲਚਸਪ ਗੱਲ ਇਹ ਹੈ ਕਿ ਨੀਰਜ ਅਰੋੜਾ ਨੂੰ ਸਾਲ 2013 ਵਿੱਚ ਇੱਕ ਚੰਗੇ ਟੈਕਸਦਾਤਾ ਹੋਣ ਲਈ ਇੱਕ ਪੁਰਸਕਾਰ ਮਿਲਿਆ ਸੀ।"

ਫਾਜ਼ਿਲਕਾ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ, "ਨੀਰਜ ਅਰੋੜਾ ਵੀ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਥਾਨਕ ਸਿਆਸਤਦਾਨਾਂ ਦਾ ਕਥਿਤ ਸ਼ਿਕਾਰ ਹੋ ਗਿਆ, ਫਾਜ਼ਿਲਕਾ ਜ਼ਿਲੇ ਦੇ ਇਕ ਮਸ਼ਹੂਰ ਸ਼ਰਾਬ ਕਾਰੋਬਾਰੀ ਨੇ ਨੀਰਜ ਅਰੋੜਾ ਤੋਂ ਕਈ ਜਾਇਦਾਦਾਂ ਬਹੁਤ ਘੱਟ ਕੀਮਤ 'ਤੇ ਲੈ ਲਈਆਂ ਸਨ ਜਦੋ ਨੀਰਜ ਪੁਲਿਸ ਮਾਮਲਿਆਂ ਵਿੱਚ ਫਸ ਗਿਆ ਸੀ।"

ਲੋਕਾਂ ਨਾਲ ਕਿਵੇਂ ਕਰਦਾ ਸੀ ਧੋਖਾਧੜੀ

ਪੰਜਾਬ ਪੁਲਿਸ ਦੇ ਮੁਤਾਬਕ ਨੇਚਰਵੇਅ ਫਰਮ ਦੀ ਸਫਲਤਾ ਤੋਂ ਬਾਅਦ ਨੀਰਜ ਨੇ ਅਮਿਤ ਕੁੱਕੜ ਅਤੇ ਪ੍ਰਮੋਧ ਨਾਗਪਾਲ ਸਮੇਤ ਹੋਰ ਸਾਥੀਆਂ ਦੇ ਨਾਲ ਰੀਅਲ ਅਸਟੇਟ ਦਾ ਕਾਰੋਬਾਰ ਸ਼ੁਰੂ ਕੀਤਾ।

ਉਨ੍ਹਾਂ ਨੇ 2012 ਦੇ ਵਿਚਕਾਰ ਨੇਚਰ ਹਾਈਟਸ ਇਨਫਰਾ ਪ੍ਰਾਈਵੇਟ ਲਿਮਟਿਡ ਨਾਮ ਦੀ ਇੱਕ ਫਰਮ ਦੀ ਸਥਾਪਨਾ ਕੀਤੀ।

ਫਰੀਦਕੋਟ ਪੁਲਿਸ ਨੇ ਦੱਸਿਆ, "ਨੇਚਰਵੇਅ ਦੀ ਸਫਲਤਾ ਕਾਰਨ ਨੀਰਜ ਨੇ ਲੋਕਾਂ ਅਤੇ ਨਿਵੇਸ਼ਕਾਂ ਵਿੱਚ ਚੰਗੀ ਸਾਖ ਦਾ ਆਨੰਦ ਮਾਣਿਆ ਅਤੇ ਲੋਕਾਂ ਨੇ ਉਸਦੇ ਕਾਰੋਬਾਰ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ, ਜਿੱਥੇ ਉਨ੍ਹਾਂ ਨੂੰ ਘੱਟ ਸਮੇਂ ਵਿੱਚ ਜ਼ਿਆਦਾ ਪੈਸੇ ਦਾ ਦੇਣ ਵਾਅਦਾ ਕੀਤਾ ਗਿਆ ਸੀ।"

ਪੁਲਿਸ ਮੁਤਾਬਿਕ, "ਨੀਰਜ ਨੇ 2013 ਅਤੇ 2015 ਦੇ ਵਿਚਕਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾਇਦਾਦਾਂ ਖਰੀਦੀਆਂ। ਜਦੋਂ ਉਹ ਜਾਇਦਾਦਾਂ ਦੀ ਡਿਲੀਵਰੀ ਕਰਨ ਵਿੱਚ ਅਸਮਰੱਥ ਹੋਣ ਕਾਰਨ ਅਸਫਲਤਾ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੱਤਾ, ਤਾਂ ਲੋਕਾਂ ਨੇ ਪੁਲਿਸ ਕੋਲ ਪਹੁੰਚ ਕੇ ਉਸਦੇ ਖਿਲਾਫ ਸ਼ਿਕਾਇਤਾਂ ਦਰਜ ਕਰਵਾਈਆਂ, ਬਾਅਦ ਵਿੱਚ ਪੰਜਾਬ ਭਰ ਵਿੱਚ ਉਸਦੇ ਖਿਲਾਫ ਕਈ ਐਫਆਈਆਰ ਦਰਜ ਕੀਤੀਆਂ ਗਈਆਂ।"

ਫਰੀਦਕੋਟ ਪੁਲਿਸ ਨੇ ਕਿਹਾ, "ਜਾਂਚ ਤੋਂ ਪਤਾ ਲੱਗਾ ਹੈ ਕਿ ਨੀਰਜ ਨੇ ਪਹਿਲਾਂ ਤੋਂ ਤੈਅ ਤਰੀਕੇ ਨਾਲ ਨਿੱਜੀ ਲਾਭਾਂ ਲਈ ਨਿਵੇਸ਼ਕਾਂ ਦੇ ਪੈਸੇ ਨੂੰ ਠੱਗਣ ਦੀ ਕੋਸ਼ਿਸ਼ ਕੀਤੀ। ਇਹ ਫਰਮ ਪ੍ਰਮੁੱਖ ਸਥਾਨਾਂ 'ਤੇ ਸਸਤੇ ਪਲਾਟ ਦੀ ਪੇਸ਼ਕਸ਼ ਕਰਦੀ ਸੀ। ਬਾਅਦ ਵਿੱਚ ਇਹ ਸਾਹਮਣੇ ਆਇਆ ਕਿ ਜ਼ਿਆਦਾਤਰ ਕਲੋਨੀਆਂ ਸਬੰਧਤ ਵਿਭਾਗਾਂ ਤੋਂ ਪ੍ਰਵਾਨ ਵੀ ਨਹੀਂ ਸਨ।"

"ਇੱਕ ਨਿਵੇਸ਼ਕ ਜੱਜ ਸਿੰਘ ਨੇ ਦੱਸਿਆ ਕਿ ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਜੋ ਸਾਨੂੰ 4 ਏਕੜ ਜ਼ਮੀਨ ਹੁਸ਼ਿਆਰਪੁਰ ਵਿੱਚ ਦੇਣੀ ਸੀ ਉਸਦਾ ਕਰਾਰ 4 ਹੋਰ ਲੋਕਾਂ ਨਾਲ ਵੀ ਕੀਤਾ ਹੋਇਆ ਸੀ।"

"ਇਸ ਕੰਪਨੀ ਨੇ ਨਿਵੇਸ਼ਕਾਰਾਂ ਨੂੰ ਨਾ ਤਾਂ ਪਲਾਟ ਅਲਾਟ ਕੀਤੇ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇੱਥੋਂ ਤੱਕ ਕਿ ਕੰਪਨੀ ਵੱਲੋਂ ਜਾਰੀ ਕੀਤੇ ਗਏ ਚੈੱਕ ਵੀ ਬਾਊਂਸ ਹੋ ਗਏ ਸਨ। ਕੰਪਨੀ ਨੇ ਕਥਿਤ ਤੌਰ 'ਤੇ ਗਾਹਕਾਂ ਤੋਂ ਕਰੋੜਾਂ ਰੁਪਏ ਇਕੱਠੇ ਕਰਨ ਤੋਂ ਬਾਅਦ ਪੰਜਾਬ ਭਰ ਦੇ ਸਾਰੇ ਬ੍ਰਾਂਚ ਦਫਤਰਾਂ ਨੂੰ ਬੰਦ ਕਰ ਦਿੱਤਾ ਸੀ।"

ਐੱਸਐੱਸਪੀ ਪ੍ਰਗਿਆ ਜੈਨ ਦਾ ਕਹਿਣਾ ਹੈ, “ਜਦੋ ਗਾਹਕ ਭੁਗਤਾਨ ਵਿੱਚ ਡਿਫਾਲਟ ਹੋ ਗਏ ਕਿਉਂਕਿ ਉਹ ਜ਼ਮੀਨਾਂ ਜਾਂ ਪਲਾਟਾਂ ਨੂੰ ਮੌਜੂਦਾ ਲਾਗਤ ਨਾਲ ਨਹੀਂ ਖਰੀਦਣਾ ਚਾਹੁੰਦੇ ਸਨ ਜੋ ਉਨ੍ਹਾਂ ਨਾਲ ਸਮਝੌਤਿਆਂ ਵਿੱਚ ਦੱਸੀ ਗਈ ਕੀਮਤ ਤੋਂ ਘੱਟ ਸੀ।"

"ਗ੍ਰਾਹਕਾਂ ਨੇ ਭੁਗਤਾਨ ਕਰਨ ਦੀ ਬਜਾਏ ਆਪਣੇ ਐਗਰੀਮੈਂਟਸ ਵਿੱਚ ਬਚੀਆਂ ਕਿਸ਼ਤਾਂ ਤੇ ਆਪਣੇ ਪੈਸੇ ਵਾਪਸ ਕਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਨੇਚਰ ਹਾਈਟਸ ਕੰਪਨੀ ਨੇ ਪੈਸੇ ਵਾਪਸ ਕਰਨ ਦੀ ਬਜਾਏ ਉਨ੍ਹਾਂ ਨੂੰ ਅਦਾਲਤੀ ਕੇਸਾਂ ਦੀ ਪੈਰਵੀ ਕਰਨ ਲਈ ਕਿਹਾ।"

ਕਿਉਂ ਨਹੀਂ ਕਰਵਾ ਸਕਿਆ ਪਲਾਸਟਿਕ ਸਰਜਰੀ ?

ਡੀਐਸਪੀ ਇਕਬਾਲ ਸਿੰਘ ਨੇ ਦੱਸਿਆ, “ਨੀਰਜ ਅਰੋੜਾ ਨੇ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਪਾਸਪੋਰਟ ਸਮੇਤ ਕਈ ਫਰਜ਼ੀ ਪਛਾਣ ਪੱਤਰ ਤਿਆਰ ਕੀਤੇ ਸਨ।ਨੀਰਜ ਫਰਾਰ ਹੋਣ ਦੇ ਦੌਰਾਨ ਚੰਡੀਗੜ੍ਹ, ਦੇਹਰਾਦੂਨ ਅਤੇ ਮੁੰਬਈ ਵਿੱਚ ਰਹਿੰਦਾ ਰਿਹਾ ਸੀ। ਨੀਰਜ ਨੇ ਫਰਜ਼ੀ ਪਾਸਪੋਰਟ 'ਤੇ ਥਾਈਲੈਂਡ ਅਤੇ ਕੰਬੋਡੀਆ ਵਰਗੇ ਦੇਸ਼ਾਂ ਦੀ ਯਾਤਰਾ ਕੀਤੀ ਸੀ।"

ਉਨ੍ਹਾਂ ਅੱਗੇ ਦੱਸਿਆ, “ਪੁਲਿਸ ਨੇ ਨੀਰਜ ਕੋਲੋਂ ਪਲਾਸਟਿਕ ਸਰਜਨ ਨਾਲ ਸਬੰਧਤ ਮੈਡੀਕਲ ਰਿਕਾਰਡ ਬਰਾਮਦ ਕੀਤਾ ਹੈ। ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਨੀਰਜ ਪਲਾਸਟਿਕ ਸਰਜਰੀ ਰਾਹੀਂ ਆਪਣੀ ਦਿੱਖ ਬਦਲਣ ਦੀ ਯੋਜਨਾ ਬਣਾ ਰਿਹਾ ਸੀ, ਪਰ ਉਸ ਨੂੰ ਪੈਸੇ ਦੀ ਕਮੀ ਕਾਰਨ ਨਹੀਂ ਕਰਾ ਸਕਿਆ।"

ਕਿਵੇਂ ਹੋਈ ਗ੍ਰਿਫ਼ਤਾਰੀ

ਫਰੀਦਕੋਟ ਪੁਲਿਸ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, “ਅਸੀਂ ਇਸ ਸਾਲ ਅਪ੍ਰੈਲ ਦੇ ਪਹਿਲੇ ਹਫ਼ਤੇ ਨੀਰਜ ਅਰੋੜਾ ਦੀ ਸਾਲੀ ਮੇਨਕਾ ਤੁੱਲੀ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ, ਅਸੀਂ ਨੀਰਜ ਅਰੋੜਾ ਦਾ ਪਤਾ ਲਗਾਇਆ, ਜੋ ਉੱਤਰਾਖੰਡ ਵਿੱਚ ਇੱਕ ਨਿੱਜੀ ਰਿਹਾਇਸ਼ ਵਿੱਚ ਰਹਿੰਦਾ ਸੀ।"

ਉਨ੍ਹਾਂ ਕਿਹਾ ਕਿ ਗ੍ਰਿਫਤਾਰੀ ਦੇ ਡਰੋਂ ਨੀਰਜ ਕਿਸੇ ਵੀ ਫੋਨ ਦੀ ਵਰਤੋਂ ਨਹੀਂ ਕਰ ਰਿਹਾ ਸੀ ਅਤੇ ਉਸ ਨੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਨਾਲੋਂ ਸਾਰੇ ਸਬੰਧ ਤੋੜੇ ਹੋਏ ਸਨ।

ਫਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ ਹਰਜੀਤ ਸਿੰਘ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਇਸ ਕੇਸ ਦਾ ਪਤਾ ਲਗਾਉਣ ਲਈ ਇੱਕ ਵਿਸ਼ੇਸ਼ ਟੀਮ ਬਣਾਈ ਸੀ, ਜੋ ਪਿਛਲੇ ਇਕ ਮਹੀਨੇ ਤੋਂ ਕੰਮ ਕਰ ਰਹੀ ਸੀ। ਸਾਨੂੰ ਐਸਐਸਪੀ ਫਾਜ਼ਿਲਕਾ ਪ੍ਰਗਿਆ ਜੈਨ ਤੋਂ ਵੀ ਮਹੱਤਵਪੂਰਨ ਜਾਣਕਾਰੀ ਮਿਲੀ, ਜਿਸ ਦੇ ਨਤੀਜੇ ਵਜੋਂ ਮੋਸਟ ਵਾਂਟੇਡ ਨੀਰਜ ਅਰੋੜਾ ਨੂੰ ਗ੍ਰਿਫਤਾਰ ਕੀਤਾ।"

ਨੀਰਜ ਖਿਲਾਫ ਪੰਜਾਬ ਦੇ 21 ਜ਼ਿਲਿਆਂ 'ਚ 108 ਮਾਮਲੇ

ਡੀਐਸਪੀ ਇਕਬਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਮੁਲਜ਼ਮ ਨੀਰਜ ਦੇ ਖਿਲਾਫ਼ ਪੰਜਾਬ ਵਿੱਚ ਪੈਸੇ ਜਾਂ ਪਲਾਟ ਦੇਣ ਦਾ ਵਾਅਦਾ ਕਰਕੇ ਲੋਕਾਂ ਨਾਲ ਧੋਖਾਧੜੀ ਕਰਨ ਲਈ 21 ਜ਼ਿਲ੍ਹਿਆਂ ਵਿੱਚ ਦਰਜ 108 ਮਾਮਲੇ ਦਰਜ ਹਨ।

ਉਨ੍ਹਾਂ ਕਿਹਾ, "ਕੁੱਲ 108 ਐਫਆਈਆਰਜ਼ ਵਿੱਚੋਂ 47 ਫ਼ਾਜ਼ਿਲਕਾ ਵਿੱਚ ਦਰਜ ਕੀਤੀਆਂ ਗਈਆਂ ਸਨ; ਫਿਰੋਜ਼ਪੁਰ ਵਿੱਚ ਅੱਠ; ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਵਿੱਚ ਛੇ-ਛੇ; ਰੂਪਨਗਰ, ਮੁਹਾਲੀ ਅਤੇ ਐਸਏਐਸ ਨਗਰ ਵਿੱਚ ਪੰਜ-ਪੰਜ; ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਜਲੰਧਰ ਕਮਿਸ਼ਨਰੇਟ ਵਿੱਚ ਚਾਰ-ਚਾਰ ਮਾਮਲੇ ਦਰਜ ਹਨ।"

ਫਰੀਦਕੋਟ ਪੁਲਿਸ ਨੇ ਕਿਹਾ, "ਜ਼ਿਕਰਯੋਗ ਹੈ ਕਿ ਫਰਵਰੀ 2016 'ਚ ਫਾਜ਼ਿਲਕਾ ਪੁਲਿਸ ਨੇ ਨੀਰਜ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਉਹ ਜ਼ਮਾਨਤ ਤੇ ਆਉਣ ਤੋਂ ਬਾਅਦ ਫਰਾਰ ਹੋ ਗਿਆ ਸੀ।"

ਈਡੀ ਨੇ ਨੀਰਜ ਅਤੇ ਹੋਰ ਸਾਥੀਆਂ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਹਨ।

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੀਰਜ ਤੇ ਉਸਦੀ ਕੰਪਨੀ ਨਾਲ ਸੰਬੰਧਤ ਕਰੀਬ 22 ਕਰੋੜ ਰੁਪਏ ਦੀਆਂ ਜਾਇਦਾਦਾਂ ਅਤੇ ਬੈਂਕ ਡਿਪਾਜ਼ਿਟ ਵੀ ਜ਼ਬਤ ਕੀਤੀਆਂ ਸਨ।

ਈਡੀ ਨੇ 2017 ਵਿੱਚ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਦੌਰਾਨ ਉਸਨੂੰ ਨਿਵੇਸ਼ਕਾਂ ਤੋਂ 491 ਹੋਰ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ।

'ਅਸੀਂ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਨਿਵੇਸ਼ ਕੀਤੀ'

ਫਰੀਦਕੋਟ ਜ਼ਿਲ੍ਹੇ ਦੇ ਜੱਜ ਸਿੰਘ ਨੀਰਜ ਅਰੋੜਾ ਦੀ ਨੇਚਰ ਹਾਈਟਸ ਇਨਫਰਾ ਲਿਮਟਿਡ ਵਿੱਚ ਨਿਵੇਸ਼ ਕੀਤੇ ਲਗਭਗ 91 ਲੱਖ ਰੁਪਏ ਗੁਆਏ ਹਨ।

ਜੱਜ ਸਿੰਘ ਬਰਾੜ ਨੇ ਬੀਬੀਸੀ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਕਿਹਾ, "ਉਹ 2012 ਵਿੱਚ ਨੀਰਜ ਅਰੋੜਾ ਦੇ ਸੰਪਰਕ ਵਿੱਚ ਆਇਆ ਸੀ, ਅਤੇ ਸਾਡੇ ਕੋਲ ਜ਼ਮੀਨ ਦੇ ਪੈਸੇ ਸਨ ਅਤੇ ਕੁਝ ਲਿਮਿਟਾਂ ਦੇ ਪੈਸੇ, ਜੋ ਅਸੀਂ ਇਸਦੀ ਫਰਮ ਵਿੱਚ ਨਿਵੇਸ਼ ਕੀਤੇ ਸਨ।"

ਉਨ੍ਹਾਂ ਅੱਗੇ ਕਿਹਾ, “ਨੀਰਜ ਨੇ 2017 ਵਿੱਚ ਸਾਨੂੰ 4 ਏਕੜ ਜ਼ਮੀਨ ਦੇਣ ਦਾ ਐਗਰੀਮੈਂਟ ਕੀਤਾ ਸੀ ਜਿਸ ਵਿੱਚ ਬਾਗ਼ ਲੱਗੇ ਹੋਣੇ ਸਨ ਅਤੇ ਉਦੋਂ ਤੱਕ ਉਸਨੇ ਹਰ ਮਹੀਨੇ 50,000 ਰੁਪਏ ਮੁਆਵਜ਼ਾ ਦੇਣਾ ਸੀ। ਸ਼ੁਰੂਆਤੀ ਸਾਲਾਂ 'ਚ ਉਹ ਚੈੱਕ ਦਿੰਦੇ ਸਨ ਪਰ ਕੁਝ ਸਮੇਂ ਬਾਅਦ ਉਨ੍ਹਾਂ ਦੇ ਚੈੱਕ ਬੈਂਕ 'ਚ ਬਾਊਂਸ ਹੋਣੇ ਸ਼ੁਰੂ ਹੋ ਗਏ।"

ਜੱਜ ਸਿੰਘ ਨੇ ਅੱਗੇ ਦੱਸਿਆ, “ਅਸੀਂ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਨਿਵੇਸ਼ ਕੀਤੀ, ਪਰ ਅਸੀਂ 91 ਲੱਖ ਰੁਪਏ ਦੀ ਮੂਲ ਰਕਮ ਗੁਆ ਦਿੱਤੀ। ਸਾਨੂੰ ਧੋਖਾਧੜੀ ਕਾਰਨ ਬਹੁਤ ਦੁੱਖ ਝੱਲਣਾ ਪਏ ਅਤੇ ਸ਼ਰਮ ਕਾਰਨ ਕਿਸੇ ਰਿਸ਼ਤੇਦਾਰ ਨੂੰ ਵੀ ਨਹੀਂ ਦੱਸ ਸਕਦੇ।”

ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ, "ਅਸੀਂ ਫਰਮ ਵਿੱਚ ਨਿਵੇਸ਼ ਕੀਤਾ ਕਿਉਂਕਿ ਉਹਨਾਂ ਨੇ ਸਰਕਾਰ ਤੋਂ ਲਏ ਸਾਰੇ ਲਾਇਸੈਂਸ ਜਾਂ ਇਜਾਜ਼ਤਾਂ ਦਿਖਾਈਆਂ ਸਨ, ਅਤੇ ਨਿਵੇਸ਼ਕਾਂ ਦੇ ਹਿੱਤਾਂ ਦੀ ਰਾਖੀ ਕਰਨਾ ਸਬੰਧਤ ਸਰਕਾਰ ਦਾ ਫਰਜ਼ ਸੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)