ਕਈ ਓਟੀਟੀ ਪਲੇਟਫਾਰਮਾਂ ਉੱਤੇ ਪਾਬੰਦੀ: ਬਿਨਾਂ ਮਸ਼ਹੂਰੀ ਦੇ ਅਸ਼ਲੀਲ ਸਾਈਟਾਂ ਕਰੋੜਾਂ ਗਾਹਕਾਂ ਤੱਕ ਕਿਵੇਂ ਪਹੁੰਚਦੀਆਂ ਹਨ

    • ਲੇਖਕ, ਸੁਭਾਸ਼ ਚੰਦਰ ਬੋਸ
    • ਰੋਲ, ਬੀਬੀਸੀ ਤਮਿਲ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅਸ਼ਲੀਲ ਅਤੇ ਅਪਮਾਨਜਨਕ ਸਮੱਗਰੀ ਨਸ਼ਰ ਕਰਨ ਅਤੇ ਔਰਤਾਂ ਨੂੰ ਅਪਮਾਨਜਨਕ ਤਰੀਕੇ ਨਾਲ ਪੇਸ਼ ਕਰਨ ਲਈ ਭਾਰਤ ਵਿੱਚ 18 ਓਟੀਟੀ ਪਲੇਟਫਾਰਮਾਂ ਉੱਤੇ ਪਾਬੰਦੀ ਲਾ ਦਿੱਤੀ ਹੈ।

ਮੰਤਰਾਲੇ ਨੇ 19 ਵੈੱਬਸਾਈਟਾਂ, 10 ਐਪਸ ਅਤੇ 57 ਸੋਸ਼ਲ ਮੀਡੀਆ ਖਾਤਿਆਂ ਨੂੰ ਵੀ ਬਲਾਕ ਕਰ ਦਿੱਤਾ ਹੈ।

ਨਵੀਂ ਪਾਬੰਦੀ ਉਦੋਂ ਆਈ ਹੈ ਜਦੋਂ ਅਸ਼ਲੀਲਤਾ ਨੂੰ ਰੋਕਣ ਲਈ ਪਹਿਲਾਂ ਹੀ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ।

ਇਸ ਲੇਖ ਵਿੱਚ, ਤੁਸੀਂ ਜਾਣੋਗੇ ਕਿ ਕਿਹੜੀਆਂ ਸਾਈਟਾਂ ਉੱਤੇ ਪਾਬੰਦੀ ਲਾਈ ਗਈ ਹੈ, ਇਸਦਾ ਕੀ ਅਸਰ ਪਵੇਗਾ ਅਤੇ ਇਹ ਪਾਬੰਦੀ ਕਿਉਂ ਲਾਈ ਗਈ ਹੈ।

ਕਿਹੜੇ ਓਟੀਟੀ ਪਲੇਟਫਾਰਮਾਂ ਉੱਤੇ ਪਾਬੰਦੀ ਲਾਈ ਗਈ ਹੈ

ਪਿਛਲੇ ਕੁਝ ਸਾਲਾਂ ਦੌਰਾਨ, ਕੇਂਦਰ ਅਤੇ ਸੂਬਾ ਸਰਕਾਰਾਂ ਨੇ ਲੋਕਾਂ ਨੂੰ ਅਸ਼ਲੀਲ ਫਿਲਮਾਂ ਦੇਖਣ ਤੋਂ ਰੋਕਣ ਲਈ ਕਈ ਕਦਮ ਚੁੱਕੇ ਹਨ। ਇਸ ਵਿੱਚ ਬਾਲ ਪੋਰਨੋਗ੍ਰਾਫੀ ਦੇਖਣ, ਸ਼ੇਅਰ ਕਰਨ ਜਾਂ ਡਾਊਨਲੋਡ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ਾਮਲ ਹੈ।

ਜਦਕਿ ਅੱਜ, ਅਸ਼ਲੀਲ ਫਿਲਮਾਂ ਲਈ ਵਿਸ਼ੇਸ਼ ਸਾਈਟਾਂ ਹੋਣ ਤੋਂ ਇਲਾਵਾ, ਬਹੁਤ ਸਾਰੇ ਓਟੀਟੀ ਪਲੇਟਫਾਰਮ ਅਸ਼ਲੀਲ ਸਮੱਗਰੀ ਵਾਲੀਆਂ ਫਿਲਮਾਂ ਨੂੰ ਨਸ਼ਰ ਕਰ ਰਹੇ ਹਨ। ਇਜਾਜ਼ਤਸ਼ੁਦਾ ਹੱਦ ਤੋਂ ਬਾਹਰ ਜਾ ਕੇ ਕੁਝ ਸਾਈਟਾਂ ਅਸ਼ਲੀਲ ਅਤੇ ਔਰਤਾਂ ਪ੍ਰਤੀ ਪੱਖਪਾਤੀ ਸਮੱਗਰੀ ਨੂੰ ਇਸ ਤਰ੍ਹਾਂ ਪ੍ਰਕਾਸ਼ਿਤ ਕਰ ਰਹੀਆਂ ਹਨ ਜੋ ਔਰਤਾਂ ਦਾ ਅਕਸ ਖਰਾਬ ਕਰਦਾ ਹੈ।

ਡਰੀਮਜ਼ ਫਿਲਮਜ਼, ਵੂਵੀ, ਯੈਸਮਾ, ਟ੍ਰਾਈ ਫਲਿਕਸ, ਐਕਸ ਪ੍ਰਾਈਮ, ਨਿਓਨ ਐਕਸ ਵੀਆਈਪੀ, ਬੇਸ਼ਰਮ, ਹੰਟਰਸ, ਰੈਬਿਟ, ਐਕਸਟਰਾਮੂਡ, ਨਿਊਫਲਿਕਸ, ਮੂਡਐਕਸ, ਨਿਊਫਲਿਕਸ, ਹੌਟ ਸ਼ਾਟਸ ਵੀਆਈਪੀ, ਫੂਗੀ, ਚਿਕੂਫਲਿਕਸ, ਪ੍ਰਾਈਮ ਪਲੇ ਵਰਗੇ ਓਟੀਟੀ ਪਲੇਟਫਾਰਮਾਂ 'ਤੇ ਪਾਬੰਦੀ ਲਗਾਈ ਗਈ ਹੈ।

19 ਵੈੱਬਸਾਈਟਾਂ, 10 ਐਪਸ (7 ਗੂਗਲ ਪਲੇ ਸਟੋਰ, 3 ਐਪਲ ਐਪ ਸਟੋਰ) ਅਤੇ 57 ਸੋਸ਼ਲ ਮੀਡੀਆ ਅਕਾਊਂਟਸ ਨੂੰ ਬਲੌਕ ਕੀਤਾ ਗਿਆ ਹੈ।

ਨੋਟੀਫਿਕੇਸ਼ਨ ਦੇ ਮੁਤਾਬਕ, ਗੂਗਲ ਪਲੇ ਸਟੋਰ ਉੱਤੇ ਇੱਕ ਖਾਸ ਓਟੀਟੀ ਪਲੇਟਫਾਰਮ ਐਪ ਨੂੰ 1 ਕਰੋੜ ਵਾਰ ਡਾਊਨਲੋਡ ਕੀਤਾ ਗਿਆ ਹੈ ਅਤੇ ਦੋ ਹੋਰ ਐਪਸ ਨੂੰ 50 ਲੱਖ ਵਾਰ ਡਾਊਨਲੋਡ ਕੀਤਾ ਗਿਆ ਹੈ।

ਪਾਬੰਦੀ ਕਿਉਂ ਲਾਈ ਗਈ ਹੈ?

ਇਹ ਓਟੀਟੀ ਪਲੇਟਫਾਰਮਸ ਅਤੇ ਐਪਸ ਫਿਲਹਾਲ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 67 ਅਤੇ 2008 ਦੀ ਧਾਰਾ 67A ਦੇ ਤਹਿਤ ਪਾਬੰਦੀਸ਼ੁਦਾ ਹਨ।

ਇਹਨਾਂ ਧਾਰਾਵਾਂ ਤਹਿਤ ਸਰਕਾਰ ਅਜਿਹੇ ਕਿਸੇ ਵੀ ਡਿਜੀਟਲ ਪਲੇਟਫਾਰਮ ਉੱਤੇ ਪਾਬੰਦੀ ਲਗਾ ਸਕਦੀ ਹੈ ਜੋ ਅਸ਼ਲੀਲ ਸਮੱਗਰੀ ਨਸ਼ਰ ਕਰਨ ਅਤੇ ਕਿਸੇ ਨੂੰ ਅਪਮਾਨਜਨਕ ਤਰੀਕੇ ਨਾਲ ਦਰਸਾਉਣ ਵਿੱਚ ਸ਼ਾਮਲ ਹੋਵੇ।

ਇਸ ਤੋਂ ਇਲਾਵਾ, ਉਪਰੋਕਤ ਸਾਈਟਾਂ ਨੇ ਔਰਤਾਂ ਨੂੰ ਪੈਸੇ ਕਮਾਉਣ ਦੇ ਇਰਾਦੇ ਨਾਲ ਇੱਕ ਸਾਧਨ ਦੇ ਤੌਰ 'ਤੇ ਵਰਤ ਕੇ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਸਾਈਬਰ ਕਾਨੂੰਨ ਮਾਹਿਰ ਅਤੇ ਸਾਈਬਰ ਕ੍ਰਾਈਮ ਦੇ ਵਕੀਲ ਕਾਰਤੀਕੇਯਨ ਦਾ ਕਹਿਣਾ ਹੈ ਕਿ ਇਹ ਔਰਤਾਂ ਦੀ ਅਸ਼ਲੀਲ ਨੁਮਾਇੰਦਗੀ (ਰੋਕੂ) ਐਕਟ, 1986 ਦੀ ਧਾਰਾ 4 ਦੇ ਤਹਿਤ ਸਜ਼ਾਯੋਗ ਅਪਰਾਧ ਹੈ।

ਇਸ ਲਈ, ਇਨ੍ਹਾਂ ਕਨੂੰਨਾਂ ਦੇ ਅਧਾਰ 'ਤੇ, ਕੁਝ ਓਟੀਟੀ ਪਲੇਟਫਾਰਮਾਂ ਅਤੇ ਐਪਸ ਅਤੇ ਸੋਸ਼ਲ ਮੀਡੀਆ ਪੇਜਾਂ 'ਤੇ ਪਾਬੰਦੀ ਲਗਾਈ ਗਈ ਹੈ।

ਇਨ੍ਹਾਂ ਅਤੇ ਮਨਜ਼ੂਰਸ਼ੁਦਾ ਐਪਲੀਕੇਸ਼ਨਾਂ ਵਿੱਚ ਕੀ ਫਰਕ ਹੈ

ਫਿਲਮ ਉਦਯੋਗ ਦੇ ਉਲਟ, ਭਾਰਤ ਵਿੱਚ ਓਟੀਟੀ ਪਲੇਟਫਾਰਮਾਂ ਅਤੇ ਐਪਸ 'ਤੇ ਰਿਲੀਜ਼ ਹੋਣ ਵਾਲੀਆਂ ਫਿਲਮਾਂ ਅਤੇ ਸੀਰੀਅਲਾਂ ਲਈ ਕੋਈ ਸੈਂਸਰ ਬੋਰਡ ਨਹੀਂ ਹੈ।

ਨਤੀਜੇ ਵਜੋਂ, ਅਜੋਕੇ ਸਮੇਂ ਵਿੱਚ ਇਨ੍ਹਾਂ ਪਲੇਟਫਾਰਮਾਂ ਉੱਤੇ ਰਿਲੀਜ਼ ਹੋਣ ਵਾਲੀਆਂ ਫਿਲਮਾਂ ਵਿੱਚ ਭੱਦੀ ਸ਼ਬਦਾਵਲੀ ਅਤੇ ਅਸ਼ਲੀਲ ਦ੍ਰਿਸ਼ ਆਮ ਹੋ ਗਏ ਹਨ।

ਛੋਟੀਆਂ ਐਪਲੀਕੇਸ਼ਨਾਂ ਤੋਂ ਲੈ ਕੇ ਵੱਡੀਆਂ ਪ੍ਰਵਾਨਿਤ ਐਪਾਂ ਤੱਕ ਕੋਈ ਅਪਵਾਦ ਨਹੀਂ ਹੈ। ਹਾਲਾਂਕਿ ਨੈਟਫਲਿਕਸ ਅਤੇ ਐਮਾਜ਼ੌਨ ਪਰਾਈਮ ਵਰਗੇ ਵੱਡੇ ਓਟੀਟੀ ਪਲੇਟਫਾਰਮਾਂ 'ਤੇ ਦਿਖਾਈ ਗਈ ਅਸ਼ਲੀਲ ਸਮੱਗਰੀ ਅਤੇ ਵਰਤਮਾਨ ਵਿੱਚ ਪਾਬੰਦੀਸ਼ੁਦਾ ਓਟੀਟੀ ਪਲੇਟਫਾਰਮਾਂ ਵਿੱਚ ਕੀ ਫਰਕ ਹੈ? ਸਿਰਫ਼ ਕੁਝ ਖਾਸ ਐਪਲੀਕੇਸ਼ਨਾਂ ਉੱਤੇ ਪਾਬੰਦੀ ਕਿਉਂ ਲਾਈ ਗਈ ਹੈ?

ਇਸ ਦੇ ਜਵਾਬ ਵਿੱਚ, ਕਾਰਤੀਕੇਅਨ ਨੇ ਕਿਹਾ, "ਪ੍ਰਵਾਨਿਤ ਓਟੀਟੀ ਪਲੇਟਫਾਰਮਾਂ ਦਾ ਮੁੱਖ ਉਦੇਸ਼ ਫਿਲਮਾਂ ਅਤੇ ਲੜੀਵਾਰਾਂ ਨੂੰ ਰਿਲੀਜ਼ ਕਰਨਾ ਹੈ। ਉਨ੍ਹਾਂ ਦੇ ਆਡਿਟ ਲਈ ਉਨ੍ਹਾਂ ਦੇ ਸਬੰਧਤ ਦੇਸ਼ਾਂ ਵਿੱਚ ਪ੍ਰਣਾਲੀਆਂ ਹਨ। ਇਸਤੋਂ ਇਲਾਵਾ ਇਨ੍ਹਾਂ ਵਿੱਚ ਭਾਵੇਂ ਇੱਕ ਪ੍ਰਤੀਸ਼ਤ ਅਸ਼ਲੀਲ ਸਮੱਗਰੀ ਹੈ ਪਰ ਉਹ ਵੀ ਕਿਸੇ ਖਾਸ ਫ਼ਿਲਮ ਜਾਂ ਲੜੀ ਦਾ ਹਿੱਸਾ ਹੈ।"

ਉਹ ਦੱਸਦੇ ਹਨ, "ਜਦਕਿ ਪਾਬੰਦੀਸ਼ੁਦਾ ਓਟੀਟੀ ਪਲੇਟਫਾਰਮਾਂ ਅਤੇ ਐਪਸ ਦਾ ਮੁੱਖ ਉਦੇਸ਼ ਅਸ਼ਲੀਲ ਫਿਲਮਾਂ ਨੂੰ ਪ੍ਰਕਾਸ਼ਿਤ ਕਰਕੇ ਪੈਸਾ ਕਮਾਉਣਾ ਹੈ। ਇਨ੍ਹਾਂ ਵਿੱਚ ਹਰੇਕ ਉਮਰ ਲਈ ਵਿਅਕਤੀਗਤ ਪੋਰਨੋਗ੍ਰਾਫੀ ਸ਼ਾਮਲ ਹੈ। ਇਹ ਵੱਖਰੇ ਤੌਰ 'ਤੇ ਚਾਰਜ ਕੀਤਾ ਜਾਂਦਾ ਹੈ। ਉਪਰੋਕਤ ਉਪਬੰਧਾਂ ਦੇ ਤਹਿਤ ਇਹ ਇੱਕ ਸਜ਼ਾਯੋਗ ਅਪਰਾਧ ਹੈ।"

ਕਾਰਤੀਕੇਅਨ ਦੇ ਅਨੁਸਾਰ, "ਕਿਸੇ ਫਿਲਮ ਜਾਂ ਸੀਰੀਜ਼ ਵਿੱਚ ਕਿੰਨੀ ਅਸ਼ਲੀਲ ਸਮੱਗਰੀ ਰੱਖੀ ਜਾ ਸਕਦੀ ਹੈ, ਇਸ ਗੱਲ 'ਤੇ ਕੋਈ ਪਾਬੰਦੀ ਨਹੀਂ ਹੈ। ਉਪਰੋਕਤ ਕਾਨੂੰਨਾਂ ਦੇ ਅਨੁਸਾਰ, ਸੀਮਾਵਾਂ ਹਨ ਪਰ ਕੋਈ ਬੰਧਨਕਾਰੀ ਮਾਪਦੰਡ ਨਹੀਂ ਹੈ।"

ਪਾਬੰਦੀ ਕੀ ਹੈ?

ਭਾਰਤ 'ਚ ਹੁਣ ਤੱਕ ਵੱਡੀ ਗਿਣਤੀ 'ਚ ਐਪਸ ਅਤੇ ਵੈੱਬਸਾਈਟਾਂ 'ਤੇ ਪਾਬੰਦੀ ਲਗਾਈ ਗਈ ਹੈ। ਹਾਲ ਹੀ ਦੇ ਸਾਲਾਂ ਵਿੱਚ ਵੀ, ਸੁਰੱਖਿਆ ਕਾਰਨਾਂ ਕਰਕੇ ਸੈਂਕੜੇ ਚੀਨੀ ਐਪਸ 'ਤੇ ਪਾਬੰਦੀ ਲਗਾਈ ਗਈ ਹੈ।

ਜੇਕਰ ਕੇਂਦਰ ਸਰਕਾਰ ਪਾਬੰਦੀ ਦਾ ਐਲਾਨ ਕਰ ਦਿੰਦੀ ਹੈ ਤਾਂ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਸਾਈਟਾਂ ਜਨਤਕ ਵਰਤੋਂ ਵਿੱਚ ਹਨ। ਇਸਦੀ ਇੱਕ ਉਦਾਹਰਣ ਹਾਲ ਹੀ ਵਿੱਚ ਪਾਬੰਦੀਸ਼ੁਦਾ ਗੇਮ ਪਬਜੀ ਹੈ।

ਭਾਵੇਂ ਇਸ ਗੇਮ 'ਤੇ ਪਾਬੰਦੀ ਲਗਾਈ ਗਈ ਸੀ, ਬਹੁਤ ਸਾਰੇ ਨੌਜਵਾਨ ਇਸ ਨੂੰ ਵੀਪੀਐੱਨ ਰਾਹੀਂ ਖੇਡਦੇ ਰਹੇ। ਉਸ ਸੰਦਰਭ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਦੱਸੀ ਗਈ ਇਸ ਪਾਬੰਦੀ ਦਾ ਕੀ ਫਾਇਦਾ ਹੈ।

ਪ੍ਰੋਂਪਟ ਇਨਫੋਟੈਕ ਦੇ ਸੀਈਓ ਅਤੇ ਸਾਈਬਰ ਕ੍ਰਾਈਮ ਵਿਸ਼ਲੇਸ਼ਕ ਸ਼ੰਕਰਰਾਜ ਸੁਬਰਾਮਨੀਅਨ ਨੇ ਕਿਹਾ, "ਜੇਕਰ ਸਰਕਾਰ ਅਜਿਹੇ ਓਟੀਟੀ ਪਲੇਟਫਾਰਮਾਂ ਅਤੇ ਐਪਸ ਉੱਤੇ ਪਾਬੰਦੀ ਲਗਾਉਂਦੀ ਹੈ, ਤਾਂ ਗਾਹਕਾਂ ਦੀ ਗਿਣਤੀ ਘੱਟ ਜਾਵੇਗੀ। ਇਹ ਅਜਿਹੀਆਂ ਤਸਵੀਰਾਂ ਪ੍ਰਕਾਸ਼ਿਤ ਕਰਨ ਵਾਲੀਆਂ ਹੋਰ ਵੈੱਬਸਾਈਟਾਂ ਲਈ ਵੀ ਚੇਤਾਵਨੀ ਹੈ।"

ਹਾਲਾਂਕਿ, ਉਨ੍ਹਾਂ ਨੇ ਕਿਹਾ, "ਅੱਜ ਦੀ ਇੰਟਰਨੈੱਟ ਦੀ ਦੁਨੀਆ ਵਿੱਚ, ਜੋ ਕਿ ਇੱਕ ਸਮੁੰਦਰ ਵਾਂਗ ਵਧੀ ਹੈ, ਇਸ ਨੂੰ ਪੂਰੀ ਤਰ੍ਹਾਂ ਕੰਟਰੋਲ ਨਹੀਂ ਕੀਤਾ ਜਾ ਸਕਦਾ ਹੈ। ਕਾਰਨ ਇਹ ਹੈ ਕਿ ਜੇਕਰ ਇੱਥੇ ਪਾਬੰਦੀ ਲਗਾਈ ਜਾਂਦੀ ਹੈ, ਤਾਂ ਵੀ ਲੋਕ ਵੀਪੀਐਨ ਅਤੇ ਪ੍ਰੌਕਸੀ ਦੁਆਰਾ ਪਾਬੰਦੀਸ਼ੁਦਾ ਐਪਸ ਦੀ ਵਰਤੋਂ ਕਰਦੇ ਰਹਿਣਗੇ। ਘੱਟੋ-ਘੱਟ ਗਾਹਕਾਂ ਦੀ ਗਿਣਤੀ ਘਟਾਉਣ ਲਈ ਅਜਿਹੀਆਂ ਐਪਾਂ ਅਤੇ ਵੈਬਸਾਈਟਾਂ ਨੂੰ ਅਕਸਰ ਬਲੌਕ ਕਰਨਾ ਬਿਹਤਰ ਹੁੰਦਾ ਹੈ।”

ਇਹ ਐਪਸ ਲੋਕਾਂ ਤੱਕ ਕਿਵੇਂ ਪਹੁੰਚਦੀਆਂ ਹਨ?

ਭਾਰਤ ਅਤੇ ਦੁਨੀਆ ਵਿੱਚ ਬਹੁਤ ਸਾਰੇ ਮਾਨਤਾ ਪ੍ਰਾਪਤ ਪ੍ਰਸਿੱਧ ਓਟੀਟੀ ਪਲੇਟਫਾਰਮ ਕੰਮ ਕਰ ਰਹੇ ਹਨ, ਜਿਵੇਂ ਐਮਾਜ਼ੌਨ ਪ੍ਰਾਈਮ ਅਤੇ ਨੈਟਫਲਿਕਸ।

ਇਕੱਲੇ ਨੈੱਟਫਲਿਕਸ ਦੇ ਭਾਰਤ ਵਿੱਚ 65 ਲੱਖ ਗਾਹਕ ਹਨ, ਐਮਾਜ਼ਾਨ ਪ੍ਰਾਈਮ ਵੀਡੀਓ ਦੇ ਦੋ ਕਰੋੜ ਗਾਹਕ ਹਨ ਅਤੇ ਡਿਜ਼ਨੀ ਹੌਟਸਟਾਰ ਦੇ ਪੰਜ ਕਰੋੜ ਗਾਹਕ ਹਨ।

ਇਸ ਦਾ ਕਾਰਨ ਇਹ ਹੈ ਕਿ ਇਹ ਕੰਪਨੀਆਂ ਲਗਾਤਾਰ ਪ੍ਰਮੋਸ਼ਨ ਅਤੇ ਆਫਰਾਂ ਰਾਹੀਂ ਲੋਕਾਂ ਤੱਕ ਪਹੁੰਚਦੀਆਂ ਹਨ।

ਹਾਲਾਂਕਿ ਤੁਸੀਂ ਸ਼ਾਇਦ ਹੀ ਇਨ੍ਹਾਂ ਪਾਬੰਦੀਸ਼ੁਦਾ ਐਪਸ ਅਤੇ ਓਟੀਟੀ ਪਲੇਟਫਾਰਮਾਂ ਦੇ ਇਸ਼ਤਿਹਾਰ ਜਨਤਕ ਤੌਰ 'ਤੇ ਦੇਖੇ ਹੋਣਗੇ। ਫਿਰ ਵੀ ਉਹ ਸੋਸ਼ਲ ਮੀਡੀਆ 'ਤੇ ਸਰਗਰਮ ਸਨ।

ਇਸ ਮਾਮਲੇ ਵਿੱਚ, ਉਨ੍ਹਾਂ ਨੂੰ ਪ੍ਰਮੁੱਖ ਸਾਈਟਾਂ ਦੇ ਬਰਾਬਰ ਇੱਕ ਕਰੋੜ ਤੋਂ ਵੱਧ ਵਾਰ ਡਾਊਨਲੋਡ ਕੀਤਾ ਗਿਆ ਹੈ।

ਉਹ ਬਿਨਾਂ ਕਿਸੇ ਪ੍ਰਚਾਰ ਦੇ ਲੋਕਾਂ ਤੱਕ ਕਿਵੇਂ ਪਹੁੰਚਦੇ ਹਨ?

ਇਸ ਬਾਰੇ ਸ਼ੰਕਰਰਾਜ ਸੁਬਰਾਮਨੀਅਮ ਦਾ ਜਵਾਬ ਥੋੜ੍ਹਾ ਹੈਰਾਨ ਕਰਨ ਵਾਲਾ ਹੈ।

"ਇਹ ਐਪਸ ਮੂੰਹ-ਜ਼ੁਬਾਨੀ ਵਧੇਰੇ ਲੋਕਾਂ ਤੱਕ ਪਹੁੰਚ ਰਹੇ ਹਨ। ਇਹ ਵਧੇਰੇ ਲੋਕਾਂ ਦੁਆਰਾ ਵਰਤੀ ਜਾਂਦੀ ਹੈ ਕਿਉਂਕਿ ਇੱਕ-ਦੂਜੇ ਨੂੰ ਇਸਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਇੱਕ ਮਾਰਕੀਟਿੰਗ ਸੰਦੇਸ਼ ਦੀ ਤਰ੍ਹਾਂ, ਖਾਸ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਇਹਨਾਂ ਐਪਸ ਅਤੇ ਓਟੀਟੀ ਪਲੇਟਫਾਰਮਾਂ ਦਾ ਇੱਕ ਲਿੰਕ ਭੇਜਿਆ ਜਾਂਦਾ ਹੈ। ਉਹ ਵੀ ਕਾਫ਼ੀ ਹੱਦ ਤੱਕ ਪਹੁੰਚਦੇ ਹਨ।"

ਉਹ ਅੱਗੇ ਕਹਿੰਦੇ ਹਨ, "ਇਹ ਸੁਨੇਹੇ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜੋ ਇੰਟਰਨੈਟ ਉੱਤੇ ਕਿਸੇ ਵੀ ਰੂਟ ਤੋਂ ਅਸ਼ਲੀਲ ਵੀਡੀਓ ਅਤੇ ਤਸਵੀਰਾਂ ਦੇਖਦੇ ਹਨ।"

ਉਹ ਇਹ ਵੀ ਚੇਤਾਵਨੀ ਦਿੰਦੇ ਹਨ ਕਿ ਇਹਨਾਂ ਪਾਬੰਦੀਸ਼ੁਦਾ ਐਪਸ ਨੂੰ ਹੋਰ ਤਰੀਕਿਆਂ ਨਾਲ ਵਰਤਣ ਨਾਲ, ਤੁਹਾਡੀ ਜਾਣਕਾਰੀ ਗਲਤ ਹੱਥਾਂ ਵਿੱਚ ਜਾਣ ਦਾ ਖਤਰਾ ਹੈ।

ਤੁਸੀਂ ਕਿਵੇਂ ਪ੍ਰਭਾਵਿਤ ਹੋ ਸਕਦੇ ਹੋ?

ਸਕੈਮ ਆਮ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜੋ ਪੋਰਨੋਗ੍ਰਾਫੀ ਵਿੱਚ ਵਧੇਰੇ ਦਿਲਚਸਪੀ ਰੱਖਦੇ ਹਨ।

ਇਹ ਧੋਖਾਧੜੀ ਕਰਨ ਵਾਲਾ ਗਰੋਹ ਮੌਜੂਦਾ ਇੰਟਰਨੈੱਟ ਦੀ ਦੁਨੀਆ ਦੇ ਸਰਚ ਡੇਟਾ ਨਾਲ ਇਸ ਦਾ ਪਤਾ ਲਗਾਉਂਦਾ ਹੈ।

ਜੇਕਰ ਕੋਈ ਵਿਅਕਤੀ ਭੇਜੇ ਗਏ ਫਰਜ਼ੀ ਸੰਦੇਸ਼ ਦੇ ਲਿੰਕ 'ਤੇ ਕਲਿੱਕ ਕਰਦਾ ਹੈ ਤਾਂ ਉਸ ਦੇ ਮੋਬਾਈਲ ਜਾਂ ਇਲੈਕਟ੍ਰਾਨਿਕ ਉਪਕਰਣ ਦਾ ਪੂਰਾ ਕੰਟਰੋਲ ਹੈਕਰ ਦੇ ਹੱਥਾਂ 'ਚ ਚਲਾ ਜਾਵੇਗਾ।

ਸ਼ੰਕਰਰਾਜ ਕਹਿੰਦੇ ਹਨ, "ਪੈਸੇ ਚੋਰੀ ਕਰਨ ਤੋਂ ਲੈ ਕੇ ਤੁਹਾਡੀ ਨਿੱਜਤਾ ਚੋਰੀ ਕਰਨ ਤੱਕ, ਉਹ ਜੋ ਚਾਹੁਣ ਕਰ ਸਕਦੇ ਹਨ।”

ਇਸੇ ਤਰ੍ਹਾਂ, ਉਨ੍ਹਾਂ ਨੂੰ ਅਕਸਰ ਅਸ਼ਲੀਲ ਵੀਡੀਓ ਕਾਲਾਂ ਅਤੇ ਚੈਟਿੰਗ ਕਾਲਾਂ ਮਿਲਦੀਆਂ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਦੀ ਵੀਡਿਓ ਬਣਾ ਕੇ ਜਬਰੀ ਪੈਸੇ ਹੜੱਪਣ ਦਾ ਧੰਦਾ ਵੀ ਹੁੰਦਾ ਹੈ।

ਕੀ ਪੂਰੀ ਸੁਰੱਖਿਆ ਸੰਭਵ ਹੈ?

ਸ਼ੰਕਰਰਾਜ ਸੁਬਰਾਮਨੀਅਨ ਕਹਿੰਦੇ ਹਨ, ਆਨਲਾਈਨ ਸੰਸਾਰ ਵਿੱਚ ਸੁਰੱਖਿਆ ਜਾਂ ਨਿੱਜਤਾ ਵਰਗੀ ਕੋਈ ਚੀਜ਼ ਨਹੀਂ ਹੈ। ਇਹ ਸੋਚ ਕੇ ਕਿ ਅਸੀਂ ਅਜਿਹੇ ਹਾਂ, ਅਸੀਂ ਕਈ ਐਪਸ ਖੁਦ ਡਾਊਨਲੋਡ ਕਰਦੇ ਹਾਂ। ਅਸੀਂ ਇਸ ਵਿੱਚ ਆਪਣੀਆਂ ਨਿੱਜੀ ਚੀਜ਼ਾਂ ਸਟੋਰ ਕਰਦੇ ਹਾਂ ਪਰ ਇਹ ਸਭ ਸੱਚ ਨਹੀਂ ਹੈ।

ਇਸ ਤੋਂ ਇਲਾਵਾ, ਜਿਵੇਂ ਕਿ ਇੰਟਰਨੈੱਟ ਦਿਨ ਪ੍ਰਤੀ ਦਿਨ ਵਿਕਸਤ ਹੋ ਰਿਹਾ ਹੈ, ਕਾਇਦੇ-ਕਨੂੰਨ ਨਾਕਾਫ਼ੀ ਹਨ। ਸਰਕਾਰ ਵੀ ਨਿੱਤ ਨਵੇਂ ਨਿਯਮ ਬਣਾ ਰਹੀ ਹੈ। ਇਹਨਾਂ ਸਾਈਟਾਂ ਉੱਤੇ ਪਾਬੰਦੀ ਲਾਉਣਾ ਉਸੇ ਦਾ ਹਿੱਸਾ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਆਨਲਾਈਨ ਸੰਸਾਰ ਵਿੱਚ, ਅਜਿਹੀਆਂ ਅਸ਼ਲੀਲ ਵੈਬਸਾਈਟਾਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ। ਅੱਜ, ਇਹਨਾਂ ਨੂੰ ਖਤਮ ਕਰਨਾ ਸੰਭਵ ਨਹੀਂ ਹੈ ਭਾਵੇਂ ਸਾਰੇ ਦੇਸ਼ ਅਜਿਹਾ ਕਰਨ ਦਾ ਫੈਸਲਾ ਕਰ ਲੈਣ। ਇਸਨੂੰ ਘੱਟ ਕੀਤਾ ਜਾ ਸਕਦਾ ਹੈ।"

ਇਸਦੇ ਲਈ, ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਪਛਾਣ ਕਰਨਾ ਅਤੇ ਪਾਬੰਦੀ ਲਗਾਉਣਾ ਇੱਕ ਮਹੱਤਵਪੂਰਨ ਪਹਿਲ ਹੈ।

ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਜੇਕਰ ਇਸ ਨੂੰ ਦੇਖਣ ਲਈ ਸਖ਼ਤ ਸਜ਼ਾ ਨੂੰ ਮੱਧ ਪੂਰਬ ਵਾਂਗ ਲਾਗੂ ਕੀਤਾ ਜਾਵੇ ਤਾਂ ਪੋਰਨੋਗਰਾਫੀ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਘਟਾਈ ਜਾ ਸਕਦੀ ਹੈ।

"ਲੱਖਾਂ ਲੋਕਾਂ ਵੱਲੋਂ ਕੋਈ ਅਸ਼ਲੀਲ ਓਟੀਟੀ ਪਲੇਟਫਾਰਮ ਦੇਖੇ ਜਾਣ ਤੋਂ ਬਾਅਦ ਹੀ ਅਸੀਂ ਉਦੋਂ ਹੀ ਕਾਰਵਾਈ ਕਰਦੇ ਹਾਂ।"

ਕਾਰਤੀਕੇਯਨ ਕਹਿੰਦੇ ਹਨ, "ਇਸ ਦੀ ਬਜਾਏ, ਜੇ ਓਟੀਟੀ ਪਲੇਟਫਾਰਮਾਂ ਅਤੇ ਐਪਸ ਨੂੰ ਨਿਯਮਤ ਕਰਨ ਲਈ ਇੱਕ ਕਮਿਸ਼ਨ ਸਥਾਪਤ ਕੀਤਾ ਜਾਣਾ ਚਾਹੀਦਾ ਹੈ।"

ਉਨ੍ਹਾਂ ਨੇ ਕਿਹਾ ਕਿ ਭਵਿੱਖ ਦੀਆਂ ਸਮੱਸਿਆਵਾਂ ਤਾਂ ਹੀ ਘੱਟ ਕੀਤੀਆਂ ਜਾ ਸਕਦੀਆਂ ਹਨ ਜੇਕਰ ਇਹ ਨਿਯਮ ਬਣਾਇਆ ਜਾਵੇ ਕਿ ਇਸ ਆਡਿਟ ਬਾਡੀ ਰਾਹੀਂ ਸਿਰਫ਼ ਗੂਗਲ ਵਰਗੇ ਐਪਸ ਅਤੇ ਓਟੀਟੀ ਪਲੇਟਫਾਰਮਾਂ ਨੂੰ ਹੀ ਭਾਰਤ ਵਿੱਚ ਦਾਖ਼ਲ ਹੋਣ ਦਿੱਤਾ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)