ਕਾਂਗਰਸ ਆਗੂ ਪੀ ਚਿਦੰਬਰਮ ਨੇ ਆਪ੍ਰੇਸ਼ਨ ਬਲੂ ਸਟਾਰ ਨੂੰ 'ਗ਼ਲਤੀ' ਦੱਸਿਆ, ਕਿਹਾ "ਇੰਦਰਾ ਗਾਂਧੀ ਨੇ ਕੀਮਤ ਜਾਨ ਦੇ ਕੇ ਚੁਕਾਈ", ਸਿਆਸਤ ਕਿਵੇਂ ਭਖੀ

ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਜੂਨ 1984 ਦਾ ਆਪ੍ਰੇਸ਼ਨ ਬਲੂ ਸਟਾਰ ਇੱਕ "ਗ਼ਲਤੀ" ਸੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ " ਉਸਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਈ।"

ਚਿਦੰਬਰਮ ਨੇ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿੱਚ ਇੱਕ ਸਮਾਗਮ ਦੌਰਾਨ ਇਹ ਗੱਲ ਕਹੀ।

ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਭੱਖ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਭਾਜਪਾ ਆਗੂਆਂ ਨੇ ਵੀ ਇਸ ਬਾਰੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।

ਜੂਨ 1984 ਦੇ ਪਹਿਲੇ ਹਫ਼ਤੇ ਅੰਮ੍ਰਿਤਸਰ ਦਰਬਾਰ ਸਾਹਿਬ ਕੰਪਲੈਕਸ ਵਿੱਚ ਭਾਰਤੀ ਫੌਜ ਦੀ ਕਾਰਵਾਈ ਨੂੰ 'ਆਪ੍ਰੇਸ਼ਨ ਬਲੂ ਸਟਾਰ' ਵਜੋਂ ਜਾਣਿਆ ਜਾਂਦਾ ਹੈ।

ਭਾਰਤ ਸਰਕਾਰ ਦੇ ਦਾਅਵੇ ਅਨੁਸਾਰ, ਇਹ ਫੌਜੀ ਕਾਰਵਾਈ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਹਥਿਆਰਬੰਦ ਸਾਥੀਆਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਕੱਢਣ ਲਈ ਸ਼ੁਰੂ ਕੀਤੀ ਗਈ ਸੀ।

ਚਿਦੰਬਰਮ ਨੇ ਕੀ ਕਿਹਾ

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਚਿਦੰਬਰਮ ਦਾ ਤਾਜ਼ਾ ਬਿਆਨ ਪੱਤਰਕਾਰ ਅਤੇ ਲੇਖਕਾ ਹਰਿੰਦਰ ਬਵੇਜਾ ਨਾਲ ਉਨ੍ਹਾਂ ਦੀ ਕਿਤਾਬ ʻਦੇ ਵਿਲ ਸ਼ੂਟ ਯੂ ਮੈਡਮ: ਮਾਈ ਲਾਈਫ ਥ੍ਰੋ ਕਨਫਲਿਕਟʼ ਬਾਰੇ ਚਰਚਾ ਦੌਰਾਨ ਆਇਆ।

ਉਨ੍ਹਾਂ ਨੇ ਕਿਹਾ, "ਮੈਂ ਇੱਥੇ ਮੌਜੂਦ ਕਿਸੇ ਵੀ ਫੌਜੀ ਅਧਿਕਾਰੀ ਦਾ ਅਪਮਾਨ ਨਹੀਂ ਕਰਨਾ ਚਾਹੁੰਦਾ, ਪਰ (ਬਲੂ ਸਟਾਰ) ਗੋਲਡਨ ਟੈਂਪਲ ਵਾਪਸ ਲੈਣ ਦਾ ਗ਼ਲਤ ਤਰੀਕਾ ਸੀ।"

ਸਾਬਕਾ ਗ੍ਰਹਿ ਮੰਤਰੀ ਨੇ ਅੱਗੇ ਕਿਹਾ, "ਕੁਝ ਸਾਲਾਂ ਬਾਅਦ ਅਸੀਂ ਫੌਜ ਨੂੰ ਸ਼ਾਮਲ ਕੀਤੇ ਬਿਨਾਂ ਗੋਲਡਨ ਟੈਂਪਲ ਵਾਪਸ ਲੈਣ ਦਾ ਸਹੀ ਰਸਤਾ ਦਿਖਾਇਆ।"

ਪੀ. ਚਿਦੰਬਰਮ ਨੇ ਕਿਹਾ ਕਿ ਇੰਦਰਾ ਗਾਂਧੀ ਨੂੰ ਇਸ "ਗ਼ਲਤੀ" ਲਈ ਇਕੱਲੇ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

ਉਨ੍ਹਾਂ ਕਿਹਾ, "ਬਲੂ ਸਟਾਰ ਇੱਕ ਗ਼ਲਤ ਤਰੀਕਾ ਸੀ ਅਤੇ ਮੇਰਾ ਮੰਨਣਾ ਹੈ ਕਿ ਇੰਦਰਾ ਗਾਂਧੀ ਨੇ ਉਸ ਗ਼ਲਤੀ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਈ। ਪਰ ਉਹ ਗ਼ਲਤੀ ਫੌਜ, ਪੁਲਿਸ, ਖ਼ੁਫ਼ੀਆ ਏਜੰਸੀਆਂ ਅਤੇ ਸਿਵਲ ਸੇਵਾ ਦੇ ਸਮੂਹਿਕ ਫ਼ੈਸਲੇ ਦਾ ਨਤੀਜਾ ਸੀ।"

ਸ਼੍ਰੋਮਣੀ ਕਮੇਟੀ ਨੇ ਕੀ ਕਿਹਾ?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਚਿਦੰਬਰਮ ਦੇ ਬਿਆਨ ਤੋੇਂ ਬਾਅਦ ਇਸ ਉਪਰ ਟਿੱਪਣੀ ਕੀਤੀ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਗਰੇਵਾਲ ਨੇ ਕਿਹਾ, " ਚਿਦੰਬਰਮ ਸਾਬ੍ਹ ਬਿਲਕੁਲ ਸਹੀ ਹਨ, ਤੁਸੀਂ ਇੱਕ ਗੱਲ ਤਾਂ ਬਿਲਕੁਲ ਸਹੀ ਬੋਲ ਰਹੇ ਹੋ ਕਿ ਆਪਰੇਸ਼ਨ ਬਲੂ ਸਟਾਰ ਨੂੰ ਰੋਕਿਆ ਜਾ ਸਕਦਾ ਸੀ, ਇਹ ਠੀਕ ਨਹੀਂ ਹੋਇਆ।"

ਉਹਨਾਂ ਕਿਹਾ, "ਪਰ ਇੱਕ ਹੋਰ, ਸ਼ੁਰੂ ਤੋਂ ਹੀ, ਕਾਂਗਰਸ ਵੱਲੋਂ ਬੜਾ ਝੂਠ ਬੋਲਿਆ ਜਾ ਰਿਹਾ ਅਤੇ ਹੁਣ ਤੁਸੀਂ ਇਸ ਵਿੱਚ ਹੋਰ ਵਾਧਾ ਕਰ ਦਿੱਤਾ ਹੈ ਕਿ ਇੰਦਰਾ ਗਾਂਧੀ ਇਕੱਲੀ ਜ਼ਿੰਮੇਵਾਰ ਨਹੀਂ ਹੈ। ਇਹ ਕੋਈ ਭਰੋਸੇਯੋਗ ਗੱਲ ਨਹੀਂ ਹੈ ਕਿਉਂਕਿ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਅਤੇ ਇਹ ਉਨ੍ਹਾਂ ਦਾ ਫੈਸਲਾ ਸੀ। ਇਸ ਫ਼ੈਸਲੇ ਨੂੰ ਲਾਗੂ ਕਰਨ ਲਈ ਪਾਰਟੀ ਦੇ ਕਈ ਹੋਰ ਲੋਕ ਵੀ ਸਹਿਮਤ ਸਨ ਪਰ ਅੱਜ ਇਹ ਗੱਲ ਕਹਿਣਾ ਕਿ ਇੰਦਰਾ ਗਾਂਧੀ ਦਾ ਕਸੂਰ ਨਹੀਂ ਹੈ, ਇਹ ਗੱਲ ਆਪਣੇ ਆਪ ਵਿੱਚ ਗ਼ਲਤ ਹੈ।"

ਦੂਜੇ ਪਾਸੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਪੀ. ਚਿਦੰਬਰਮ ਦੀ ਆਪ੍ਰੇਸ਼ਨ ਬਲੂ ਸਟਾਰ 'ਤੇ ਟਿੱਪਣੀ ਉਪਰ ਪ੍ਰਤੀਕਿਰਿਆ ਦਿੱਤੀ ਹੈ।

ਉਹਨਾਂ ਕਿਹਾ, "ਚਿਦੰਬਰਮ ਦੀ ਟਿੱਪਣੀ ਕਾਂਗਰਸ ਦੀ ਇਤਿਹਾਸਕ ਗ਼ਲਤੀ ਨੂੰ ਉਜਾਗਰ ਕਰਦੀ ਹੈ। ਇਹ ਕਹਿਣਾ ਕਿ ਇੰਦਰਾ ਗਾਂਧੀ ਇਕੱਲੇ ਜ਼ਿੰਮੇਵਾਰ ਨਹੀਂ ਸੀ, ਇਹ ਕਿਸੇ ਵੀ ਸੂਰਤ ਵਿੱਚ ਅਸਵੀਕਾਰਨਯੋਗ ਹੈ।"

ਸਿਰਸਾ ਨੇ ਕਿਹਾ, "ਉਹ ਦੇਸ਼ ਦੇ ਸੰਵਿਧਾਨਿਕ ਅਹੁਦੇ 'ਤੇ ਪ੍ਰਧਾਨ ਮੰਤਰੀ ਵਜੋਂ ਜ਼ਿੰਮੇਵਾਰ ਸਨ। ਇਹ ਉਨ੍ਹਾਂ ਦਾ ਸੋਚ-ਸਮਝ ਕੇ ਲਿਆ ਗਿਆ ਫ਼ੈਸਲਾ ਸੀ। ਉਨ੍ਹਾਂ ਦੇ ਮਨ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਸੀ, ਜਿਸ ਕਾਰਨ ਸ੍ਰੀ ਦਰਬਾਰ ਸਾਹਿਬ ਉੱਤੇ ਟੈਂਕ ਅਤੇ ਤੋਪਾਂ ਨਾਲ ਹਮਲਾ ਕਰਵਾਇਆ ਗਿਆ।"

ਕਾਂਗਰਸ ਨੇ ਕੀ ਕਿਹਾ?

ਚਿਦੰਬਰਮ ਦੇ ਇਸ ਬਿਆਨ ʼਤੇ ਕਾਂਗਰਸ ਪਾਰਟੀ ਦੇ ਆਗੂ ਰਾਸ਼ਿਦ ਅਲਵੀ ਦਾ ਪ੍ਰਤੀਕਰਮ ਆਇਆ ਹੈ।

ਅਲਵੀ ਨੇ ਕਿਹਾ, "ਆਪ੍ਰੇਸ਼ਨ ਬਲੂ ਸਟਾਰ ਸਹੀ ਸੀ ਜਾਂ ਗ਼ਲਤ, ਇਹ ਇੱਕ ਵੱਖਰਾ ਮਾਮਲਾ ਹੈ। ਪਰ ਅੱਜ 50 ਸਾਲਾਂ ਬਾਅਦ ਪੀ ਚਿਦੰਬਰਮ ਸਾਬ੍ਹ ਇੱਕ-ਇੱਕ ਕਰ ਕੇ ਕਾਂਗਰਸ ਅਤੇ ਇੰਦਰਾ ਗਾਂਧੀ 'ਤੇ ਹਮਲਾ ਕਰ ਰਹੇ ਹਨ।"

ਉਹਨਾਂ ਕਿਹਾ, "ਇਹ ਤਾਂ ਓਹੀ ਕੰਮ ਕਰ ਰਹੇ ਹਨ ਜੋ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਕਰ ਰਹੇ ਹਨ। ਇਹ ਮੰਦਭਾਗਾ ਹੈ। ਚਿਦੰਬਰਮ ਜੀ ਦੇ ਕਾਂਗਰਸ ਪਾਰਟੀ 'ਤੇ ਇੱਕ ਵਾਰ ਹਮਲਾ ਕਰਨ ਕਾਰਨ ਕਈ ਸ਼ੰਕੇ ਪੈਦਾ ਹੋ ਰਹੇ ਹਨ। ਉਨ੍ਹਾਂ ਵਿਰੁੱਧ ਅਪਰਾਧਿਕ ਮਾਮਲੇ ਅਜੇ ਵੀ ਚੱਲ ਰਹੇ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ʼਤੇ ਕੋਈ ਦਬਾਅ ਤਾਂ ਨਹੀਂ ਹੈ?"

ਆਪ੍ਰੇਸ਼ਨ ਬਲੂ ਸਟਾਰ ਕੀ ਸੀ

ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983 ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ 'ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕੀ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ 'ਆਪਰੇਸ਼ਨ ਬਲੂ ਸਟਾਰ' ਵਜੋਂ ਜਾਣਿਆਂ ਜਾਂਦਾ ਹੈ।

ਸਰਕਾਰ ਮੁਤਾਬਕ ਇਹ ਹਮਲਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਦਰਬਾਰ ਸਾਹਿਬ ਕੰਪਲੈਕਸ 'ਚੋਂ ਕੱਢਣ ਲਈ ਕੀਤਾ ਗਿਆ। ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਹਨ ਕਿ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀ, ਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ। ਪਰ ਸਿੱਖ ਵਿਦਵਾਨ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਲਾਹਾਕਾਰ ਰਹੇ ਡਾਕਟਰ ਭਗਵਾਨ ਸਿੰਘ ਇਸ ਦਾਅਵੇ ਨੂੰ ਰੱਦ ਕਰਦੇ ਹਨ, ਉਨ੍ਹਾਂ ਮੁਤਾਬਕ ਇਹ ਯੋਜਨਾ ਪਹਿਲਾਂ ਗਿਣੀ-ਮਿਥੀ ਗਈ ਸੀ।

ਕੁਝ ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਸਰਕਾਰੀ ਵਾਈਟ ਪੇਪਰ ਮੁਤਾਬਕ ਹਮਲੇ 'ਚ 493 ਆਮ ਲੋਕ ਤੇ 83 ਫੌਜੀ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ। ਪੰਜਾਬ ਪੁਲਿਸ ਦੇ ਤਤਕਾਲੀ ਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਹੋਰ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਦੱਸਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)