ਹਰ 75 ਮਣੀਪੁਰੀਆਂ ਪਿੱਛੇ ਇੱਕ ਸੁਰੱਖਿਆ ਗਾਰਡ, ਤਾਂ ਵੀ ਹਿੰਸਾ ਰੁਕਣ ਦਾ ਨਾਂ ਕਿਉਂ ਨਹੀਂ ਲੈ ਰਹੀ?

ਤਸਵੀਰ ਸਰੋਤ, Getty Images
- ਲੇਖਕ, ਦੀਪਕ ਮੰਡਲ
- ਰੋਲ, ਬੀਬੀਸੀ ਪੱਤਰਕਾਰ
ਮਣੀਪੁਰ ਵਿੱਚ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋਈ ਹਿੰਸਾ ਨੂੰ ਕਾਬੂ ਕਰਨ ਲਈ 40,000 ਤੋਂ ਵੱਧ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ।
ਇਨ੍ਹਾਂ ਵਿੱਚ ਫੌਜ ਤੋਂ ਲੈ ਕੇ ਅਸਾਮ ਰਾਈਫਲਜ਼, ਬੀਐੱਸਐੱਫ਼, ਸੀਆਰਪੀਐੱਫ਼, ਐੱਸਐੱਸਬੀ ਅਤੇ ਆਈਟੀਬੀਪੀ ਤੱਕ ਦੇ ਜਵਾਨ ਅਤੇ ਅਧਿਕਾਰੀ ਸ਼ਾਮਲ ਹਨ।
ਮਣੀਪੁਰ ਦੀ ਆਬਾਦੀ ਕਰੀਬ 30 ਲੱਖ ਹੈ। ਯਾਨੀ ਜੇ ਔਸਤ ਕੱਢੀਏ ਤਾ ਹਰ 75 ਲੋਕਾਂ ’ਤੇ ਇੱਕ ਸੁਰੱਖਿਆ ਕਰਮਚਾਰੀ ਮੌਜੂਦ ਹੈ। ਇਸ ਦੇ ਬਾਵਜੂਦ ਹਿੰਸਾ ਰੁਕ ਨਹੀਂ ਰਹੀ।
ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਨਵੇਂ ਸਿਰਿਓਂ ਭੜਕੀ ਹਿੰਸਾ ਵਿੱਚ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹਿੰਸਾ ਦੀ ਇੱਕ ਤਾਜ਼ਾ ਘਟਨਾ ਵਿੱਚ ਸ਼ਨੀਵਾਰ ਨੂੰ ਵਿਸ਼ਨੂੰਪੁਰ ਦੇ ਕਵਾਟਾ ਇਲਾਕੇ ਵਿੱਚ ਮੈਤੇਈ ਭਾਈਚਾਰੇ ਦੇ ਤਿੰਨ ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਹਿੰਸਾ ਕਰਨ ਵਾਲੇ ਬੰਦੂਕਾਂ ਤੇ ਛੋਟੇ ਬੰਬਾਂ ਨਾਲ ਇੱਕ-ਦੂਜੇ ਉੱਤੇ ਹਮਲੇ ਕਰ ਰਹੇ ਹਨ। ਇਹ ਹਥਿਆਰ ਉੱਥੋਂ ਦੇ ਪੁਲਿਸ ਹੈੱਡਕੁਆਰਟਰ ਤੋਂ ਲੁੱਟੇ ਗਏ ਹਨ।
ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਦੇ ਬਾਵਜੂਦ ਹਮਲਾਵਰ ਘਾਟੀ ਅਤੇ ਪਹਾੜੀ ਇਲਾਕਿਆਂ ਦੇ ਬਫਰ ਜ਼ੋਨ ਨੂੰ ਤੋੜ ਕੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਪੂਰੇ ਦੇਸ਼ ਅਤੇ ਦੁਨੀਆਂ ਦੀਆਂ ਨਜ਼ਰਾਂ ਮਣੀਪੁਰ 'ਤੇ ਟਿਕੀਆਂ ਹੋਈਆਂ ਹਨ। ਮਣੀਪੁਰ ਵਿੱਚ ਨਸਲੀ ਹਿੰਸਾ ਬਾਰੇ ਕੌਮਾਂਤਰੀ ਮੀਡੀਆ ਵਿੱਚ ਵੀ ਬਹੁਤ ਕੁਝ ਲਿਖਿਆ ਜਾ ਰਿਹਾ ਹੈ।
19 ਜੁਲਾਈ ਨੂੰ ਮਣੀਪੁਰ ਦੀਆਂ ਦੋ ਔਰਤਾਂ ਨਾਲ ਜਿਨਸੀ ਸ਼ੋਸ਼ਣ ਦਾ ਭਿਆਨਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੌਮਾਂਤਰੀ ਭਾਈਚਾਰੇ ਦੀ ਚਿੰਤਾ ਹੋਰ ਵਧ ਗਈ ਹੈ। ਇਸ ਵੀਡੀਓ ਨੂੰ ਦੇਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਮਣੀਪੁਰ 'ਚ ਹਿੰਸਾ 'ਤੇ ਬਿਆਨ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਸੀ, ''ਦੇਸ਼ ਦੀ ਬੇਇਜ਼ਤੀ ਹੋ ਰਹੀ ਹੈ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ''।

ਤਸਵੀਰ ਸਰੋਤ, Getty Images
ਨਵੇਂ ਸਿਰਿਓਂ ਹਿੰਸਾ ਸ਼ੁਰੂ ਹੋਣਾ
ਸੂਬੇ ਵਿੱਚ 3 ਮਈ ਤੋਂ ਬਾਅਦ ਭੜਕੀ ਹਿੰਸਾ ਵਿੱਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 50 ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਚੁੱਕੇ ਹਨ ਤੇ ਨਵੇਂ ਵਸੇਬਿਆਂ ਵੱਲ ਜਾ ਚੁੱਕੇ ਹਨ। ਵੱਡੀ ਗਿਣਤੀ ਵਿੱਚ ਲੋਕਾਂ ਦੇ ਘਰ ਸਾੜ ਦਿੱਤੇ ਗਏ ਹਨ।
ਸੂਬੇ 'ਚ ਖੂਨ-ਖਰਾਬੇ ਦੀਆਂ ਕਈ ਘਟਨਾਵਾਂ ਤੋਂ ਬਾਅਦ ਵੀ ਹਿੰਸਾ ਰੁਕਦੀ ਨਜ਼ਰ ਨਹੀਂ ਆ ਰਹੀ।
ਸ਼ੁੱਕਰਵਾਰ ਨੂੰ ਵਿਸ਼ਨੂੰਪੁਰ ਦੇ ਕਵਾਟਾ ਇਲਾਕੇ 'ਚ ਮੈਤੇਈ ਭਾਈਚਾਰੇ ਦੇ ਤਿੰਨ ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਤੋਂ ਬਾਅਦ ਲੋਕ ਸਵਾਲ ਖੜਾ ਕਰ ਰਹੇ ਹਨ ਕਿ ਫ਼ੌਜ ਅਤੇ ਨੀਮ ਫ਼ੌਜੀ ਬਲਾਂ ਦੀ ਇੰਨੀ ਭਾਰੀ ਤਾਇਨਾਤੀ ਵੀ ਹਿੰਸਾ ਨੂੰ ਰੋਕ ਸਕਣ ਵਿੱਚ ਕਾਮਯਾਬ ਕਿਉਂ ਨਹੀਂ ਹੋ ਰਹੀ ਹੈ?
ਮੈਤੇਈ ਭਾਈਚਾਰੇ ਦੇ ਇਨ੍ਹਾਂ ਲੋਕਾਂ ਨੂੰ ਪਹਿਲਾਂ ਤਲਵਾਰਾਂ ਨਾਲ ਵੱਢਿਆ ਗਿਆ ਅਤੇ ਫਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾੜ ਦਿੱਤਾ ਗਿਆ।
ਸੁਰੱਖਿਆ ਬਲਾਂ ਦਾ ਕਹਿਣਾ ਹੈ ਕਿ ਉਹ ਦੋਵਾਂ ਖੇਤਰਾਂ ਦੇ ਵਿਚਕਾਰ ਇੱਕ ਬਫਰ ਜ਼ੋਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਮੈਤੇਈ ਅਤੇ ਕੁਕੀ ਭਾਈਚਾਰਾ ਇੱਕ ਦੂਜੇ 'ਤੇ ਹਮਲਾ ਨਾ ਕਰਨ।
ਪਰ ਸੂਬੇ ਵਿੱਚ ਕੰਮ ਕਰ ਰਹੇ ਮਨੁੱਖੀ ਅਧਿਕਾਰ ਕਾਰਕੁਨ ਕੇ ਓਨੀਲ ਦਾ ਕਹਿਣਾ ਹੈ, ''ਬਫਰ ਜ਼ੋਨ ਘਾਟੀ 'ਚ ਬਣਾਏ ਜਾ ਰਹੇ ਹਨ, ਨਾ ਕਿ ਪਹਾੜੀਆਂ 'ਚ ਜੋ ਕਿ ਕੁਕੀ ਭਾਈਚਾਰੇ ਦਾ ਇਲਾਕਾ ਹੈ।
ਪਰ ਸਮੱਸਿਆ ਇਹ ਹੈ ਕਿ ਬਫਰ ਜ਼ੋਨ ਦੇ ਅੰਦਰ ਹਜ਼ਾਰ ਏਕੜ ਤੋਂ ਜ਼ਿਆਦਾ ਜ਼ਮੀਨ 'ਤੇ ਝੋਨੇ ਦੀ ਖੇਤੀ ਹੁੰਦੀ ਹੈ।।
ਪਰ ਇਸ ਉੱਤੇ ਫ਼ੌਤ ਤੇ ਕੁਕੀ ਕੱਟੜਪੰਥੀਆਂ ਦਾ ਕਬਜ਼ਾ ਹੋਣ ਕਾਰਨ ਮੈਤੇਈ ਲੋਕ ਆਪਣੇ ਖੇਤਾਂ ਵਿੱਚ ਨਹੀਂ ਜਾ ਪਾ ਰਹੇ। ਇਹੀ ਕਾਰਨ ਹੈ ਕਿ ਬਫਰ ਜ਼ੋਨ ਵਿੱਚ ਵੀ ਟਕਰਾਅ ਹੋ ਰਿਹਾ ਹੈ।
ਅਸੀਂ ਓਨੀਲ ਨੂੰ ਪੁੱਛਿਆ ਕਿ 30 ਲੱਖ ਦੀ ਆਬਾਦੀ ਵਾਲੇ ਇਸ ਸੂਬੇ 'ਚ 40,000 ਤੋਂ ਵੱਧ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਦੇ ਬਾਵਜੂਦ ਹਿੰਸਾ ਦਾ ਕੀ ਕਾਰਨ ਹੈ?
ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ, "ਚਾਹੇ 40 ਹਜ਼ਾਰ ਸੁਰੱਖਿਆ ਕਰਮੀ ਲਾ ਦਿਓ ਜਾਂ 50 ਹਜ਼ਾਰ ਜਾਂ ਇੱਕ ਲੱਖ, ਜਦੋਂ ਤੱਕ ਇਸ ਸੰਕਟ ਦੇ ਹੱਲ ਲਈ ਸਿਆਸੀ ਇੱਛਾ ਸ਼ਕਤੀ ਨਹੀਂ ਦਿਖਾਈ ਜਾਂਦੀ, ਉਦੋਂ ਤੱਕ ਸ਼ਾਂਤੀ ਨਹੀਂ ਹੋ ਸਕਦੀ।"
ਸੂਬਾ ਸਰਕਾਰ ਵੱਲੋਂ ਸ਼ਾਂਤੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਅਸਰ ਨਜ਼ਰ ਕਿਉਂ ਨਹੀਂ ਆ ਰਿਹਾ?
ਓਨੀਲ ਦਾ ਕਹਿਣਾ ਹੈ, "ਸੂਬੇ ਵਿੱਚ ਸਿਆਸੀ ਅਗਵਾਈ ਬਦਲਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਮੌਜੂਦਾ ਸਰਕਾਰ ਕੋਲ ਸ਼ਾਂਤੀ ਕਾਇਮ ਕਰਨ ਲਈ ਕੋਈ ਠੋਸ ਪ੍ਰੋਗਰਾਮ ਹੀ ਨਹੀਂ ਹੈ।”
“ਸਰਕਾਰ ਨੇ ਆਪਣੇ ਵਲੋਂ ਜੋ ਕਦਮ ਚੁੱਕੇ ਗਏ ਹਨ, ਉਹ ਬਹੁਤੇ ਕਾਰਗਰ ਨਹੀਂ ਹਨ। ਸ਼ਾਂਤੀ ਕਾਇਮ ਕਰਨ ਲਈ ਬਣਾਈਆਂ ਗਈਆਂ ਕਮੇਟੀਆਂ ਵਿੱਚ ਕਈ ਉਹ ਲੋਕ ਸ਼ਾਮਿਲ ਹਨ ਜਿਨ੍ਹਾਂ ਸਿਰ ਹਿੰਸਾਂ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਹਨ।”
ਕੀ ਐੱਨ ਬੀਰੇਨ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦੇਣ ਨਾਲ ਸ਼ਾਤੀ ਸਥਾਪਿਤ ਹੋ ਸਕਦੀ ਹੈ?
ਓਨੀਲ ਦਾ ਕਹਿਣਾ ਹੈ, "ਇਸ ਮੋੜ 'ਤੇ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਫੌਰੀ ਲੋੜ ਹੈ। ਇਸ ਤੋਂ ਇਲਾਵਾ ਹੋਰ ਕੋਈ ਬਦਲ ਨਜ਼ਰ ਨਹੀਂ ਆਉਂਦਾ। ਮੈਤੇਈ ਅਤੇ ਕੁਕੀ ਦਰਮਿਆਨ ਹਿੰਸਾ ਨੂੰ ਰੋਕਣਾ ਪਹਿਲੀ ਤਰਜ਼ੀਹ ਹੋਣੀ ਚਾਹੀਦੀ ਹੈ।"

ਤਸਵੀਰ ਸਰੋਤ, Getty Images
40 ਹਜ਼ਾਰ ਤੋਂ ਵੱਧ ਸੁਰੱਖਿਆ ਕਰਮੀਆਂ ਦੇ ਬਾਵਜੂਦ ਹਿੰਸਾ ਬੇਕਾਬੂ
ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ ਇਨ੍ਹੀਂ ਦਿਨੀਂ ਮਣੀਪੁਰ ਵਿੱਚ ਮੌਕੇ ਤੋਂ ਰਿਪੋਰਟ ਕਰ ਰਹੇ ਹਨ।
ਅਸੀਂ ਉਨ੍ਹਾਂ ਨੂੰ ਵੀ ਇਹੀ ਸਵਾਲ ਪੁੱਛਿਆ ਕਿ ਸੂਬੇ ਵਿੱਚ ਭਾਰੀ ਸੁਰੱਖਿਆ ਹੈ ਫ਼ਿਰ ਵੀ ਹਿੰਸਾ ਕਿਵੇਂ ਤੇ ਕਿਉਂ ਭੜਕ ਰਹੀ ਹੈ?
ਉਨ੍ਹਾਂ ਕਿਹਾ, "ਇਸਦੇ ਲਈ ਮਣੀਪੁਰ ਦੀ ਭੂਗੋਲਿਕ ਸਥਿਤੀ ਨੂੰ ਸਮਝਣ ਦੀ ਲੋੜ ਹੈ। ਸੂਬੇ ਵਿੱਚ ਪਹਾੜੀ ਅਤੇ ਮੈਦਾਨੀ ਜਾਂ ਘਾਟੀ ਦੇ ਇਲਾਕੇ ਬਹੁਤ ਨੇੜੇ-ਨੇੜੇ ਹਨ। ਸਦੀਆਂ ਤੋਂ ਕੁਕੀ ਲੋਕ ਪਹਾੜੀ ਇਲਾਕਿਆਂ ਵਿੱਚ ਵਸੇ ਹੋਏ ਸਨ ਅਤੇ ਮੈਤੇਈ ਲੋਕ ਮੈਦਾਨੀ ਇਲਾਕਿਆਂ ਵਿੱਚ ਰਹਿੰਦੇ ਆਏ ਹਨ। ਪਰ ਹੁਣ ਦੋਵੇਂ ਥਾਵਾਂ ’ਤੇ ਮਿਸ਼ਰਤ ਆਬਾਦੀ ਹੈ।”
"ਮਹਿਜ਼ ਇੱਕ-ਡੇਢ ਕਿਲੋਮੀਟਰ ਦੇ ਅੰਤਰਾਲ ’ਤੇ ਭੂਗੋਲਿਕ ਸਥਿਤੀ ਬਦਲ ਜਾਂਦੀ ਹੈ। ਯਾਨੀ ਸਫ਼ਰ ਦੌਰਾਨ ਤੁਸੀਂ ਮੈਤੇਈ ਅਤੇ ਕੁਕੀ ਲੋਕਾਂ ਦੇ ਖੇਤਰਾਂ ਵਿੱਚੋਂ ਲੰਘਦੇ ਹੋ। ਹਿੰਸਾ ਨਾ ਰੁਕ ਸਕਣ ਦਾ ਇੱਕ ਕਾਰਨ ਦੋਵਾਂ ਭਾਈਚਾਰਿਆਂ ਦੇ ਰਿਹਾਇਸ਼ੀ ਇਲਾਕਿਆਂ ਦਾ ਨਜ਼ਦੀਕ ਹੋਣਾ ਵੀ ਹੈ।”
ਸੁਰੱਖਿਆ ਬਲਾਂ ਕੋਲ ਪੂਰੇ ਸਾਧਨ ਹਨ। ਇਸ ਦੇ ਬਾਵਜੂਦ ਹਿੰਸਕ ਭੀੜਾਂ ਨੂੰ ਰੋਕਣਾ ਇੰਨਾਂ ਔਖਾ ਕਿਉਂ ਹੋ ਰਿਹਾ ਹੈ?
ਨਿਤਿਨ ਸ਼੍ਰੀਵਾਸਤਵ ਦਾ ਕਹਿਣਾ ਹੈ, "ਪਿਛਲੇ ਡੇਢ ਮਹੀਨੇ ਦੌਰਾਨ, ਭੀੜ ਬੰਦੂਕਾਂ ਜਾਂ ਗੋਲਾ-ਬਾਰੂਦ ਨਾਲ ਹਮਲਾ ਕਰਨ ਲਈ ਨਹੀਂ ਆ ਰਹੀ ਹੈ, ਉਹ ਡੰਡਿਆਂ ਜਾਂ ਅਜਿਹੇ ਹੀ ਕਿਸੇ ਹੋਰ ਔਜਾਰ ਨਾਲ ਆਉਂਦੀ ਹੈ।”
“ਸੁਰੱਖਿਆ ਬਲਾਂ ਨੂੰ ਅਜਿਹੀਆਂ ਭੀੜਾਂ 'ਤੇ ਗੋਲੀ ਚਲਾਉਣ ਦਾ ਹੁਕਮ ਨਹੀਂ ਦਿੱਤਾ ਗਿਆ ਹੈ। ਇੱਕ ਖ਼ਾਸ ਗੱਲ ਇਹ ਹੈ ਕਿ ਜਦੋਂ ਵੀ ਸੁਰੱਖਿਆ ਬਲਾਂ ਦੀ ਮੌਜੂਦਗੀ ਵਿੱਚ ਅਜਿਹੀ ਹਿੰਸਾ ਹੋਈ ਹੈ, ਉਦੋਂ ਕੋਈ ਬਹੁਤੀ ਜਾਨੀ ਨੁਕਸਾਨ ਨਹੀਂ ਹੋਇਆ ਹੈ, ਹਾਂ ਲੁੱਟਮਾਰ ਜ਼ਿਆਦਾ ਹੋਈ ਹੈ, ਜਾਇਦਾਦ ਦਾ ਨੁਕਸਾਨ ਹੋਇਆ ਹੈ।
ਮਣੀਪੁਰ ਵਿੱਚ ਸਰਕਾਰੀ ਤੰਤਰ ਕੀ ਕਰ ਰਿਹਾ ਹੈ? ਉਹ ਸੂਬੇ ਦੀ ਵਿਗੜ ਰਹੀ ਸਥਿਤੀ ਨੂੰ ਸੰਭਾਲਣ ਦੇ ਯੋਗ ਕਿਉਂ ਨਹੀਂ ਨਜ਼ਰ ਆ ਰਿਹਾ ਹੈ?
ਨਿਤਿਨ ਸ਼੍ਰੀਵਾਸਤਵ ਦਾ ਕਹਿਣਾ ਹੈ, "ਇਸ ਹਿੰਸਾ ਨੂੰ ਰੋਕਣ ਵਿੱਚ ਮਣੀਪੁਰ ਰਾਜ ਪ੍ਰਸ਼ਾਸਨ ਦੀ ਭੂਮਿਕਾ ਲਗਭਗ ਨਾ-ਮਾਤਰ ਹੀ ਹੈ।”
“ਹਿੰਸਾ ਭੜਕਦੇ ਹੀ ਸਰਕਾਰੀ ਤੰਤਰ ਵਿੱਚ ਕੰਮ ਕਰਦੇ ਮੈਤੇਈ ਅਤੇ ਕੁਕੀ ਲੋਕ ਆਪੋ-ਆਪਣੇ ਇਲਾਕਿਆਂ ਨੂੰ ਚਲੇ ਗਏ। ਮਹਿਜ਼ ਮੁਸਲਿਮ ਮੈਤੇਈ, ਨਗਾ ਅਤੇ ਕੁਝ ਤਮਿਲ ਮੂਲ ਦੇ ਥੋਰੇ ਜਿਹੇ ਅਧਿਕਾਰੀ ਅਤੇ ਕਰਮਚਾਰੀ ਰਹਿ ਗਏ ਹਨ। ਨਤੀਜੇ ਵਜੋਂ ਪ੍ਰਸ਼ਾਸਨਿਕ ਕਮਜ਼ੋਰੀ ਵੀ ਬਣੀ ਹੋਈ ਹੈ।
"ਜਦੋਂ ਤੱਕ ਪ੍ਰਸ਼ਾਸਨ ਮਜ਼ਬੂਤ ਨਹੀਂ ਹੋਵੇਗਾ, ਆਮ ਸਥਿਤੀ ਨੂੰ ਬਹਾਲ ਕਰਨ ਵਿੱਚ ਦਿੱਕਤ ਆਵੇਗੀ। ਫ਼ੌਜ ਉਦੋਂ ਹੀ ਪ੍ਰਭਾਵਸ਼ਾਲੀ ਸਾਬਤ ਹੋਵੇਗੀ ਜਦੋਂ ਰਾਜ ਪ੍ਰਸ਼ਾਸਨ ਮਜ਼ਬੂਤ ਹੋਵੇਗਾ।"

ਮਣੀਪੁਰ ਵਿੱਚ ਹਿੰਸਾ
- ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ, ਮਣੀਪੁਰ ਵਲੋਂ ਕੀਤੀ ਇੱਕ ਜਨਤਕ ਰੈਲੀ ਦੌਰਾਨ ਹੋਈ ਹਿੰਸਾ
- ਮਾਮਲਾ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਸੀ
- ਬਾਕੀ ਕਬੀਲੇ ਮੈਤੇਈ ਨੂੰ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਵਿਰੋਧ ਕਰ ਰਹੇ ਹਨ
- ਇਸੇ ਮੁੱਦੇ ਕਾਰਨ ਫੈਲੀ ਹਿੰਸਾ ਵਿੱਚ 160 ਤੋਂ ਵੱਧ ਲੋਕਾਂ ਨੇ ਗੁਆਈ ਜਾਨ
- 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ
- ਹਾਲਾਂਕਿ, ਸੂਬੇ ਵਿੱਚ ਜੀਵਨ ਆਮ ਸਥਿਤੀ ਵੱਲ ਮੁੜਨ ਦੇ ਦਾਅਵੇ ਕੀਤਾ ਜਾ ਰਹੇ ਹਨ, ਪਰ ਹਾਲੇ ਵੀ ਹਿੰਸਾ ਦੀਆਂ ਘਟਨਾਵਾਂ ਮੁੜ-ਮੁੜ ਵਾਪਰ ਰਹੀਆਂ ਹਨ
- ਲੋਕ ਸਕੂਲ, ਹਸਪਤਾਲ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ


ਤਸਵੀਰ ਸਰੋਤ, Getty Images
ਹਿੰਸਾ ਕਿਵੇਂ ਸ਼ੁਰੂ ਹੋਈ?
ਦਰਅਸਲ, ਮੈਤੇਈ ਅਤੇ ਕੁਕੀ ਭਾਈਚਾਰੇ ਦੇ ਲੋਕਾਂ ਵਿਚਾਲੇ ਕਈ ਦਹਾਕਿਆਂ ਤੋਂ ਤਣਾਅ ਚੱਲ ਰਿਹਾ ਹੈ। ਪਰ ਹਾਲ ਹੀ ਦੇ ਸਾਲਾਂ ਵਿੱਚ ਇੱਕ ਦੂਜੇ ਦੀਆਂ ਜ਼ਮੀਨਾਂ ਉੱਤੇ ਕਬਜ਼ਿਆਂ ਨੂੰ ਲੈ ਕੇ ਉਨ੍ਹਾਂ ਦਰਮਿਆਨ ਤਣਾਅ ਵਧਿਆ ਹੈ।
ਪਿਛਲੇ ਸਾਲ ਅਗਸਤ (2022) ਵਿੱਚ, ਬੀਰੇਨ ਸਿੰਘ ਸਰਕਾਰ ਨੇ ਇੱਕ ਨੋਟਿਸ ਜਾਰੀ ਕਰਕੇ ਪਹਾੜੀ ਇਲਾਕੇ ਦੇ ਚੂਰਾਚੰਦਪੁਰ ਅਤੇ ਨੋਨੇ ਜ਼ਿਲ੍ਹੇ ਦੇ 38 ਪਿੰਡਾਂ ਗ਼ੈਰ-ਕਾਨੂੰਨੀ ਐਲਾਨ ਦਿੱਤਾ ਸੀ।
ਨੋਟਿਸ ਵਿੱਚ ਕਿਹਾ ਗਿਆ ਸੀ ਕਿ ਇਹ ਪਿੰਡ ਸੁਰੱਖਿਅਤ ਜੰਗਲੀ ਖੇਤਰ ਵਿੱਚ ਆਉਂਦੇ ਹਨ। ਸਰਕਾਰ ਦੇ ਇਸ ਕਦਮ ਨਾਲ ਕੁੱਕੀ ਭਾਈਚਾਰੇ ਨਾਲ ਸਬੰਧ ਰੱਖਦੇ ਲੋਕਾਂ ਵਿੱਚ ਕਾਫ਼ੀ ਨਰਾਜ਼ਦਗੀ ਫ਼ੈਲ ਗਈ ਸੀ।
ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡਾਂ ਨੂੰ ਬਿਨਾਂ ਕੋਈ ਨੋਟੀਫਿਕੇਸ਼ਨ ਜਾਰੀ ਕੀਤਿਆਂ ਨਾਜਾਇਜ਼ ਕਰਾਰ ਦੇ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਸਰਕਾਰ ਨੇ ਇਸ ਸਾਲ ਮਾਰਚ ਵਿੱਚ ਇਨ੍ਹਾਂ ਇਲਾਕਿਆਂ ਵਿੱਚ ਅਫੀਮ ਦੀ ਖੇਤੀ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਸੀ।
ਹਾਲਾਤ ਉਸ ਸਮੇਂ ਹੋਰ ਵਿਗੜਨ ਲ4ਗੇ ਜਦੋਂ ਮਣੀਪੁਰ ਹਾਈਕੋਰਟ ਨੇ ਇਸ ਸਾਲ 14 ਅਪ੍ਰੈਲ ਨੂੰ ਆਪਣੇ ਹੁਕਮ ਵਿੱਚ ਸੂਬਾ ਸਰਕਾਰ ਨੂੰ ਕਿਹਾ ਕਿ ਉਹ ਮੈਤੇਈ ਭਾਈਚਾਰੇ ਨੂੰ ਕਬਾਇਲੀ ਹੋਣ ਦਾ ਦਰਜਾ ਦੇਣ ਦੀ ਸਿਫ਼ਾਰਿਸ਼ ਕਰੇ।
14 ਅਪ੍ਰੈਲ ਨੂੰ ਇਹ ਹੁਕਮ ਮੈਤੇਈ ਟ੍ਰਾਈਬ ਯੂਨੀਅਨ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਦਿੱਤਾ ਗਿਆ ਸੀ।
ਇਸ ਵਿੱਚ ਮਣੀਪੁਰ ਸਰਕਾਰ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਮੈਤੇਈ ਭਾਈਚਾਰੇ ਨੂੰ ਆਦਿਵਾਸੀ ਭਾਈਚਾਰੇ ਵਿੱਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕੇਂਦਰੀ ਕਬਾਇਲੀ ਮੰਤਰਾਲੇ ਨੂੰ ਭੇਜੇ।
ਹਾਈ ਕੋਰਟ ਦੇ ਸਿੰਗਲ ਬੈਂਚ ਦੇ ਹੁਕਮਾਂ ਵਿੱਚ ਮੈਤੇਈ ਭਾਈਚਾਰੇ ਦੀ ਮੰਗ ਨੂੰ ਮੰਨਦਿਆਂ ਸੂਬਾ ਸਰਕਾਰ ਨੇ ‘ਚਾਰ ਹਫ਼ਿਤਆਂ’ ਦੇ ਅੰਦਰ-ਅੰਦਰ ਮੈਤੇਈ ਭਾਈਚਾਰੇ ਨੂੰ ਕਬਾਇਲੀ ਦਰਜਾ ਦੇਣ ਦੀ ਸਿਫ਼ਾਰਸ਼ ਕੇਂਦਰ ਸਰਕਾਰ ਨੂੰ ਲਿਖਤੀ ਤੌਰ ’ਤੇ ਕਰ ਦਿੱਤੀ ਸੀ।

ਤਸਵੀਰ ਸਰੋਤ, Getty Images
ਸੰਘਰਸ਼ ਦਾ ਸੜਕਾਂ ਤੱਕ ਆਉਣਾ
ਇੰਡੀਅਨ ਐਕਸਪ੍ਰੈਸ' ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗੁੱਸੇ ਵਿੱਚ ਆਏ ਲੋਕਾਂ ਨੇ 3 ਮਈ ਦੀ ਹਿੰਸਾ ਤੋਂ ਪਹਿਲਾਂ 27 ਅਪ੍ਰੈਲ ਨੂੰ ਚੂਰਾਚੰਦਪੁਰ ਦੇ ਇੱਕ ਜਿਮ ਨੂੰ ਸਾੜ ਦਿੱਤਾ ਸੀ।
ਇੱਕ ਦਿਨ ਬਾਅਦ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਇਸ ਜਿੰਮ ਦਾ ਉਦਘਾਟਨ ਕਰਨਾ ਸੀ।
ਫ਼ਿਰ 28 ਅਪ੍ਰੈਲ ਨੂੰ ਕੁਕੀ ਲੋਕਾਂ ਦੀ ਭੀੜ ਨੇ ਜ਼ਮੀਨ ਖਾਲੀ ਕਰਵਾਉਣ ਦੇ ਵਿਰੋਧ ਵਿੱਚ ਮਾਰਚ ਕੱਢਿਆ ਜਿਸ ਦੌਰਾਨ ਜੰਗਲਾਤ ਵਿਭਾਗ ਦੇ ਦਫ਼ਤਰ ਨੂੰ ਸਾੜ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਮੈਤੇਈ ਭਾਈਚਾਰੇ ਦੇ ਲੋਕਾਂ ਨੂੰ ਕਬਾਇਲੀ ਦਰਜਾ ਦੇਣ ਦੀ ਸਿਫ਼ਾਰਸ਼ ਕਰਨ ਵਾਲੇ ਅਦਾਲਤੀ ਹੁਕਮਾਂ ਖ਼ਿਲਾਫ਼ ਪਹਾੜੀ ਜ਼ਿਲ੍ਹਿਆਂ ਵਿੱਚ ‘ਕਬਾਇਲੀ ਏਕਤਾ ਮਾਰਚ’ ਕੱਢਿਆ ਗਿਆ।
ਪਰ ਰੈਡੀਕਲ ਮੈਤੇਈ ਸਮੂਹ ‘ਮੈਤੇਈ ਲਿਪੁਨ’ ਨੇ ਇਸ ਮਾਰਚ ਖ਼ਿਲਾਫ਼ ਮਾਰਚ ਕੱਢਿਆ ਅਤੇ ਨਾਕਾਬੰਦੀ ਕਰ ਦਿੱਤੀ।
ਇਸ ਤੋਂ ਬਾਅਦ ਖੂਨ ਖਰਾਬਾ ਹੋਰ ਵਧ ਗਿਆ ਅਤੇ ਸਥਿਤੀ ’ਤੇ ਕਾਬੂ ਪਾਉਣਾ ਪੁਲਸ ਦੇ ਵੀ ਵਸੋਂ ਬਾਹਰਹੋ ਗਿਆ।
ਸੂਬੇ 'ਚ 3 ਮਈ ਤੋਂ ਸ਼ੁਰੂ ਹੋਈ ਹਿੰਸਾ 'ਚ ਹੁਣ ਤੱਕ 160 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਤੇ ਸਥਿਤੀ ਅਜੇ ਵੀ ਪੂਰੀ ਤਰ੍ਹਾਂ ਕਾਬੂ ਵਿੱਚ ਨਹੀਂ ਆ ਸਕੀ ਹੈ।
3 ਮਈ ਨੂੰ ਕੱਢੇ ਗਏ ਮਾਰਚ ਦੌਰਾਨ, ਪੁਲਿਸ ਨੂੰ ਰਿਪੋਰਟਾਂ ਮਿਲਣ ਲੱਗੀਆਂ ਕਿ ਤੋਰਬਾਂਗ ਅਤੇ ਕੰਗਵਾਈ ਖੇਤਰਾਂ ਵਿੱਚ ਦੋਵਾਂ ਭਾਈਚਾਰਿਆਂ ਨਾਲ ਸਬੰਧਤ ਕਈ ਘਰਾਂ ਨੂੰ ਸਾੜ ਦਿੱਤਾ ਗਿਆ ਹੈ।
ਉਸੇ ਦੁਪਹਿਰ ਬਿਸ਼ਨੂਪੁਰ ਦੇ ਮੈਤੇਈ ਚਰਚ ਨੂੰ ਸਾੜਨ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ।
ਸ਼ਾਮ ਤੱਕ ਬਿਸ਼ਨੂਪੁਰ ਅਤੇ ਚੂਰਾਚੰਦਪੁਰ ਵਿੱਚ ਕੁਕੀ ਅਤੇ ਮੈਤੇਈ ਲੋਕਾਂ ਦਰਮਿਆਨ ਚੱਲ ਰਿਹਾ ਸੰਘਰਸ਼ ਸੜਕਾਂ ’ਤੇ ਪਹੁੰਚ ਗਿਆ। ਫ਼ਿਰ ਭੜਕੀ ਭੀੜ ਨੇ ਚੂਰਾਚੰਦਪੁਰ ਦੇ ਨੇੜਲੇ ਇਲਕਾਇਆਂ ਵਿੱਚ ਪੁਲਿਸ ਥਾਣਿਆਂ ਤੋਂ ਹਥਿਆਰ ਲੁੱਟਣੇ ਸ਼ੁਰੂ ਕਰ ਦਿੱਤੇ।
ਰਾਤ ਹੋਣ ਤੱਕ ਦੋਵਾਂ ਪਾਲਿਆਂ ਦੇ ਲੋਕਾਂ ਦੇ ਘਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ।
ਇਸ ਵਿਚਕਾਰ ਅਫ਼ਵਾਹ ਫ਼ੈਲੀ ਕਿ ਕੁਕੀ ਭਾਈਚਾਰੇ ਦੇ ਲੋਕਾਂ ਨੇ ਮੈਤੇਈ ਔਰਤਾਂ ਨਾਲ ਬਲਾਤਕਾਰ ਕੀਤਾ ਤੇ ਉਨ੍ਹਾਂ ਦਾ ਕਤਲ ਕਰ ਦਿੱਤਾ।
ਇਸ ਤੋਂ ਬਾਅਦ ਖੂਨ ਖਰਾਬਾ ਹੋਰ ਵਧ ਗਿਆ ਅਤੇ ਸਥਿਤੀ ਪੁਲਸ ਦੇ ਕਾਬੂ ਤੋਂ ਬਾਹਰ ਹੋ ਗਈ। ਸੂਬੇ 'ਚ 3 ਮਈ ਤੋਂ ਸ਼ੁਰੂ ਹੋਈ ਹਿੰਸਾ 'ਚ ਹੁਣ ਤੱਕ 160 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਤੇ ਸਥਿਤੀ ਅਜੇ ਵੀ ਪੂਰੀ ਤਰ੍ਹਾਂ ਕਾਬੂ ਵਿੱਚ ਨਹੀਂ ਹੈ।












