ਲਤੀਫ਼ਪੁਰਾ ਦਾ ਉਜਾੜਾ: 'ਮੇਰੀਆਂ ਤਾਂ ਕਿਤਾਬਾਂ ਵੀ ਮਲਬੇ ਹੇਠ ਦੱਬ ਦਿੱਤੀਆਂ'

ਤਸਵੀਰ ਸਰੋਤ, Pardeep Sharma/BBC
- ਲੇਖਕ, ਪ੍ਰਦੀਪ ਸ਼ਰਮਾ
- ਰੋਲ, ਬੀਬੀਸੀ ਸਹਿਯੋਗੀ
ਜਲੰਧਰ ਦਾ ਲਤੀਫ਼ਪੁਰਾ ਇਲਾਕਾ ਖੰਡਰ ਵਿੱਚ ਤਬਦੀਲ ਹੋ ਚੁੱਕਿਆ ਹੈ ਅਤੇ ਬੇਘਰ ਹੋਏ ਲੋਕਾਂ ਦੀਆਂ ਤਕਲੀਫਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ।
9 ਦਸੰਬਰ ਤੋਂ ਪਹਿਲਾਂ ਇੱਥੇ ਮਕਾਨਾਂ ਵਿੱਚ ਜ਼ਿੰਦਗੀਆਂ ਵਸਦੀਆਂ ਸਨ, ਪਰ ਅਗਲੀ ਸਵੇਰ ਚੜ੍ਹੀ ਤਾਂ ਇੱਥੇ ਬਣੇ ਮਕਾਨ ਮਲਬੇ ਵਿੱਚ ਤਬਦੀਲ ਹੋ ਚੁੱਕੇ ਸਨ।
ਇਲਜ਼ਾਮ ਹੈ ਕਿ ਪ੍ਰਸ਼ਾਸਨ ਦੀ ਕਾਰਵਾਈ ਇੰਨੀ ਤੇਜ਼ ਹੋਈ ਕਿ ਕਈ ਲੋਕਾਂ ਨੂੰ ਆਪਣੇ ਜ਼ਰੂਰੀ ਸਮਾਨ ਚੁੱਕਣ ਦਾ ਸਮਾਂ ਨਹੀਂ ਮਿਲਿਆ ਸੀ।
ਇੱਥੇ ਰਹਿੰਦੇ ਜੋ ਲੋਕ ਪਹਿਲਾਂ ਖਾਣਾ ਆਪਣੀਆਂ ਰਸੋਈਆਂ ਵਿੱਚ ਪਕਾ ਕੇ ਖਾਂਦੇ ਸਨ, ਹੁਣ ਉਹ ਸਮਾਜ ਸੇਵੀ ਸੰਸਥਾਵਾਂ ਦੇ ਲੰਗਰ ਉੱਤੇ ਨਿਰਭਰ ਹਨ।

ਤਸਵੀਰ ਸਰੋਤ, Pardeep Sharma/BBC
ਦਿਨ ਦੀ ਧੁੱਪ ਵਿੱਚ ਨਿੱਕੇ ਨਿੱਕੇ ਬੱਚਿਆਂ ਅਤੇ ਬਜੁਰਗਾਂ ਨੂੰ ਰਾਹਤ ਤਾਂ ਮਿਲਦੀ ਹੈ, ਪਰ ਰਾਤ ਹੁੰਦਿਆਂ ਹੀ ਪਾਰਾ ਹੇਠਾਂ ਜਾਂਦਾ ਹੈ ਤਾਂ ਅੱਗ ਦਾ ਸੇਕ ਅਤੇ ਟੈਂਟ ਹੀ ਸਹਾਰਾ ਹੁੰਦੇ ਹਨ।
ਸਭ ਤੋਂ ਵੱਧ ਮੁਸ਼ਕਲਾਂ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਆ ਰਹੀਆਂ ਹਨ।
ਪੂਰਾ ਮਾਮਲਾ ਹੈ ਕੀ

ਤਸਵੀਰ ਸਰੋਤ, Pardeep Sharma/BBC
ਦਰਅਸਲ ਇਹ ਮਾਮਲਾ ਚਾਰ ਦਹਾਕਿਆਂ ਤੋਂ ਵੀ ਪੁਰਾਣਾ ਹੈ।
ਇੰਪਰੂਵਮੈਂਟ ਟਰੱਸਟ ਜਲੰਧਰ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਦੱਸਦੇ ਹਨ ਕਿ ਗੁਰੂ ਤੇਗ ਬਹਾਦਰ ਨਗਰ ਵਿਕਾਸ ਸਕੀਮ ਤਹਿਤ 110 ਏਕੜ ਥਾਂ ਲਈ ਗਈ ਸੀ। ਲਤੀਫ਼ ਪੁਰ ਇਲਾਕਾ ਵੀ ਇੱਸੇ ਦਾ ਹਿੱਸਾ ਸੀ।
ਉਹ ਦੱਸਦੇ ਹਨ ਕਿ ਸਾਲ 1990 ਤੱਕ ਇੰਪਰੂਵਮੈਂਟ ਟਰੱਸਟ ਨੇ ਕੁਝ ਪਲਾਟ ਵੇਚੇ ਸਨ, ਇਸੇ ਦੌਰਾਨ ਕੁਝ ਪਲਾਟਾਂ ਉੱਤੇ ਕਬਜ਼ੇ ਹੋ ਗਏ ਸਨ। ਇਸ ਦੇ ਖਿਲਾਫ਼ ਜਿਨ੍ਹਾਂ ਲੋਕਾਂ ਨੂੰ ਇੰਪਰੂਵਮੈਂਟ ਟਰੱਸਟ ਨੇ ਪਲਾਟ ਵੇਚੇ ਸਨ, ਉਹ ਕਬਜਿਆਂ ਖਿਲਾਫ਼ ਅਦਾਲਤਾਂ ਵਿੱਚ ਗਏ।
ਸਾਲ 2012 ਵਿੱਚ ਹਾਈ ਕੋਰਟ ਦਾ ਫੈਸਲਾ ਗੈਰ-ਕਾਨੂੰਨੀ ਕਬਜ਼ੇ ਕਰਨ ਵਾਲਿਆਂ ਦੇ ਖਿਲਾਫ਼ ਆਇਆ। ਮਾਮਲਾ ਸੁਪਰੀਮ ਕੋਰਟ ਗਿਆ। ਉਥੋਂ ਵੀ ਹਾਈ ਕੋਰਟ ਦੇ ਫੈਸਲੇ ਨੂੰ ਸਹੀ ਦੱਸਿਆ ਗਿਆ।
ਸੰਘੇੜਾ ਦੱਸਦੇ ਹਨ ਕਿ ਕਬਜ਼ੇ ਫ਼ਿਰ ਨਹੀਂ ਹਟੇ ਅਤੇ ਮਾਮਲਾ ਹਾਈ ਕੋਰਟ ਵਿੱਚ ਫਿਰ ਪਹੁੰਚਿਆ।

ਤਸਵੀਰ ਸਰੋਤ, Pardeep Sharma/BBC
ਆਖ਼ਰ ਅਦਾਲਤ ਨੇ ਇੰਪਰੂਵਮੈਂਟ ਟਰੱਸਟ ਨੂੰ 9 ਦਸੰਬਰ 2022 ਤੱਕ ਹਰ ਹਾਲ ਵਿੱਚ ਇੱਥੇ ਕਾਰਵਾਈ ਨੂੰ ਅੰਜਾਮ ਦੇਣ ਦਾ ਹੁਕਮ ਦਿੱਤਾ।
ਸੰਘੇੜਾ ਇਹ ਦਾਅਵਾ ਕਰਦੇ ਹਨ ਕਿ ਜਿਨ੍ਹਾਂ ਲੋਕਾਂ ਦੇ ਸਿਰੋਂ ਛੱਤਾਂ ਗਈਆਂ ਹਨ, ਉਨ੍ਹਾਂ ਨੂੰ ਫਲੈਟ ਬਣਾ ਕੇ ਦਿੱਤੇ ਜਾਣਗੇ।
ਸਰਕਾਰੀ ਕਾਰਵਾਈ ਅਤੇ ਸਰਕਾਰੀ ਵਾਅਦਿਆਂ ਵਿਚਾਲੇ ਫਿਲਹਾਲ ਤਾਂ ਇਹ ਆਮ ਲੋਕ ਪਿਸ ਰਹੇ ਹਨ, ਜੋ ਖੁੱਲ੍ਹੇ ਅਸਾਮਨ ਹੇਠਾਂ ਕੜਾਕੇ ਦੀ ਠੰਡ ਵਿੱਚ ਦਿਨ ਗੁਜ਼ਾਰ ਰਹੇ ਹਨ।


ਵਸਨੀਕਾਂ ਦੀਆਂ ਮੁਸ਼ਕਲਾਂ ਵਧੀਆਂ

ਤਸਵੀਰ ਸਰੋਤ, Pardeep Sharma/BBC
ਗ਼ੈਰ ਸਰਕਾਰੀ ਸੰਸਥਾ ਖਾਲਸਾ ਏਡ ਵੱਲੋਂ ਮੁਹੱਈਆ ਕਰਵਾਏ ਗਏ ਤੰਬੂਆਂ ਹੇਠ ਠੰਡੀਆਂ ਤੇ ਸਰਦ ਰਾਤਾਂ ਵਿੱਚ ਲਤੀਫ਼ ਪੁਰਾ ਦੇ ਲੋਕ ਰਹਿਣ ਨੂੰ ਮਜਬੂਰ ਹਨ।
ਸਭ ਤੋਂ ਜ਼ਿਆਦਾ ਮੁਸ਼ਕਲ ਔਰਤਾਂ ਨੂੰ ਆ ਰਹੀ ਹੈ, ਜਿਨ੍ਹਾਂ ਨੇ ਬਾਥਰੂਮ ਜਾਣ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਤਿਆਰ ਕਰਨਾ ਹੁੰਦਾ ਹੈ।
ਇਸ ਦੇ ਨਾਲ ਹੀ ਕਾਲਜ ਜਾਣ ਵਾਲੇ ਬੱਚਿਆਂ ਦੀ ਪਰੇਸ਼ਾਨੀ ਵੀ ਦੇਖਣ ਨੂੰ ਮਿਲ ਰਹੀ ਹੈ।
ਕਾਲਜ ਜਾਣ ਵਾਲੇ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਖ਼ਾਲ੍ਹੀ ਕਰਵਾਉਣ ਵੇਲੇ ਉਨ੍ਹਾਂ ਨੂੰ ਆਪਣੀਆਂ ਕਿਤਾਬਾਂ ਜਾਂ ਕਾਲਜ ਵੱਲੋਂ ਮੁਹੱਈਆ ਕਰਵਾਏ ਗਏ ਨੋਟਸ ਤੱਕ ਵੀ ਨਹੀਂ ਚੁੱਕਣ ਦਾ ਮੌਕਾ ਨਹੀਂ ਮਿਲਿਆ।
ਇਸ ਕਾਰਨ ਉਨ੍ਹਾਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ, ਉਹ ਨਾ ਤਾਂ ਟੈਂਟਾਂ ’ਚ ਬੈਠ ਕੇ ਪੜ੍ਹ ਸਕਦੇ ਹਨ ਤੇ ਨਾ ਹੀ ਕਾਲਜ ਜਾ ਸਕਦੇ ਹਨ।

ਤਸਵੀਰ ਸਰੋਤ, Pardeep Sharma/BBC
ਵਿਦਿਆਰਥਣ ਸਿਮਰਨ ਕੌਰ ਨੇ ਦੱਸਿਆ, ‘’ਮੈਂ ਅਜੇ ਬੀਏ ਵਿੱਚ ਦਾਖਲਾ ਲਿਆ ਇੱਕ ਮਹੀਨਾ ਹੀ ਹੋਇਆ ਹੈ ਅਤੇ ਸਾਨੂੰ ਇੰਪਰੂਵਮੈਂਟ ਟਰੱਸਟ ਨੇ ਬਿਲਕੁਲ ਵੀ ਸਮਾਂ ਨਹੀਂ ਦਿੱਤਾ। ਮੇਰੀ ਪੜ੍ਹਾਈ ਉੱਤੇ ਅਸਰ ਹੋ ਰਿਹਾ ਹੈ ਅਤੇ ਕਾਲਜ ਨਹੀਂ ਜਾ ਪਾ ਰਹੀ ਹਾਂ।‘’
ਇਸੇ ਤਰ੍ਹਾਂ ਵਿਦਿਆਰਥਣ ਸੁਖਪ੍ਰੀਤ ਕੌਰ ਦੱਸਦੇ ਹਨ, ‘’ਮੈਂ ਬੀਸੀਏ ਵਿੱਚ ਦਾਖਲਾ ਲਿਆ ਹੈ ਅਤੇ ਮੇਰੇ ਨੋਟਸ ਤੇ ਕਿਤਾਬਾਂ ਮਲਬੇ ਹੇਠ ਦੱਬ ਗਏ ਹਨ। ਮੈਨੂੰ ਇਸ ਕਾਰਨ ਇਮਤਿਹਾਨ ਵਿੱਚ ਬਹੁਤ ਪਰੇਸ਼ਾਨੀ ਆ ਰਹੀ ਹੈ। ਸਾਨੂੰ ਸਮਾਂ ਨਹੀਂ ਦਿੱਤਾ ਗਿਆ ਅਤੇ ਟਰੱਸਟ ਨੇ ਰਾਤ ਨੂੰ ਅਨਾਊਂਸਮੈਂਟ ਕੀਤੀ ਕਿ ਆਪਣਾ ਸਮਾਨ ਚੁੱਕ ਲਓ। ਠੰਡ ’ਚ ਤੰਬੂਆਂ ਵਿੱਚ ਸੌਂ ਰਹੇ ਹਾਂ।‘’
‘‘ਕਈ ਇਲਾਕੇ ਵਸੇ ਹੋਏ ਹਨ ਪਰ ਸਾਨੂੰ ਉਜਾੜ ਦਿੱਤਾ ਗਿਆ’’

ਤਸਵੀਰ ਸਰੋਤ, Pardeep Sharma/BBC
72 ਸਾਲਾਂ ਦੇ ਬਜ਼ੁਰਗ ਕਸ਼ਮੀਰ ਸਿੰਘ ਨੇ ਦੱਸਿਆ ਕਿ 1947 ਦੀ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਉਨ੍ਹਾਂ ਦੇ ਮਾਪੇ 1949 ਵਿੱਚ ਇਸ ਜਗ੍ਹਾਂ ਆ ਕੇ ਵੱਸ ਗਏ ਤੇ ਉਨ੍ਹਾਂ ਦਾ ਜਨਮ ਵੀ ਇਸੇ ਲਤੀਫ਼ ਪੁਰਾ ’ਚ ਹੀ ਹੋਇਆ ਸੀ।
ਉਨ੍ਹਾਂ ਕੋਲ ਘਰਾਂ ਦੀਆਂ ਰਜਿਸਟਰੀਆਂ, ਬਿਜਲੀ ਦੇ ਬਿੱਲ ਅਤੇ ਸਮੇਂ-ਸਮੇਂ ਸਿਰ ਅਦਾ ਕੀਤੇ ਗਏ ਪ੍ਰਾਪਰਟੀ ਟੈਕਸ ਦੀਆਂ ਰਸੀਦਾਂ ਵੀ ਹਨ।
ਕਸ਼ਮੀਰ ਸਿੰਘ ਕਹਿੰਦੇ ਹਨ, ‘’ਮੇਰੇ ਪਿਤਾ ਸਿਆਲਕੋਟ, ਪਾਕਿਸਤਾਨ ਤੋਂ ਆਏ ਸਨ। 1949 ਵਿੱਚ ਉਹ ਜਲੰਧਰ ਆ ਗਏ ਸਨ, ਉਸ ਤੋਂ ਬਾਅਦ ਮੇਰਾ ਜਨਮ ਹੋਇਆ ਅਤੇ ਮੈਂ ਇੱਥੋਂ ਹੀ ਪੜ੍ਹਾਈ ਕੀਤੀ। ਮੇਰੇ ਨਾਮ ’ਤੇ ਬਿਜਲੀ ਕੁਨੈਕਸ਼ਨ ਮਿਲਿਆ, ਟੈਕਸ ਦਿੱਤੇ ਸਭ ਕੁਝ ਹੋਇਆ। ਆਲੇ ਦੁਆਲੇ ਦੇ ਕਈ ਇਲਾਕੇ ਵਸੇ ਹੋਏ ਹਨ ਪਰ ਸਾਨੂੰ ਉਜਾੜ ਦਿੱਤਾ ਗਿਆ।’’
ਔਰਤਾਂ ਲਈ ਔਕੜਾਂ
ਬੇਘਰ ਹੋਏ ਇਨ੍ਹਾਂ ਲੋਕਾਂ ਨੂੰ ਰੋਟੀ ਸਣੇ ਹੋਰ ਸਹੂਲਤਾਂ ਖਾਲਸਾ ਏਡ ਤੇ ਹੋਰ ਸੰਸਥਾਵਾਂ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ।
ਲਤੀਫ਼ ਪੁਰਾ ਦੇ ਬਾਹਰ ਬੈਠੇ ਲੋਕਾਂ ਨੂੰ ਮਿਲਣ ਰੋਜ਼ ਕਿਸੇ ਨਾ ਕਿਸੇ ਪਾਰਟੀ ਦੇ ਆਗੂ ਵੀ ਆ ਰਹੇ ਹਨ।
ਉਧਰ ਔਰਤਾਂ ਲਈ ਔਕੜਾਂ ਬੇਸ਼ੁਮਾਰ ਹਨ ਅਤੇ ਇਹ ਔਰਤਾਂ ਆਪਣੀਆਂ ਔਕੜਾਂ ਦਾ ਜ਼ਿਕਰ ਕਰਦਿਆਂ ਭਾਵੁਕ ਹੋ ਜਾਂਦੀਆਂ ਹਨ।
ਅਮਰਜੀਤ ਲਤੀਫ਼ ਪੁਰਾ ਇਲਾਕੇ ਵਿੱਚ ਹੀ ਦੁਕਾਨ ਚਲਾਉਂਦੇ ਸਨ ਪਰ ਹੁਣ ਬੇਰੁਜ਼ਗਾਰ ਹੋ ਗਏ ਹਨ।

ਤਸਵੀਰ ਸਰੋਤ, Pardeep Sharma/BBC
ਉਹ ਕਹਿੰਦੇ ਹਨ, ‘’ਮੇਰੀ ਇੱਥੇ ਛੋਟੀ ਜਿਹੀ ਦੁਕਾਨ ਸੀ ਤੇ ਸਾਡਾ ਘਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ। ਹੁਣ ਬੱਚਿਆਂ ਲਈ ਵੀ ਮੁਸ਼ਕਲ ਆ ਰਹੀ ਹੈ, ਉਨ੍ਹਾਂ ਦੀ ਪੜ੍ਹਾਈ ਦਾ ਬਹੁਤ ਔਖਾ ਹੋ ਰਿਹਾ ਹੈ। ਹੁਣ ਇਹ ਸਮਝ ਨਹੀਂ ਆ ਰਿਹਾ ਕਿ ਬੱਚਿਆਂ ਦੀਆਂ ਫੀਸਾਂ ਕਿਵੇਂ ਦੇਣੀਆਂ ਹਨ।‘’
ਪਰਮਜੀਤ ਦੱਸਦੇ ਹਨ ਕਿ ਉਨ੍ਹਾਂ ਨੂੰ ਪੀਣ ਵਾਲੇ ਪਾਣੀ ਤੋਂ ਲੈ ਕੇ ਗ਼ੁਸਲਖਾਨ ਜਾਣ ਤੱਕ ਦੀ ਦਿੱਕਤ ਆ ਰਹੀ ਹੈ।
ਬੱਚਿਆਂ ਦੀਆਂ ਵਰਦੀਆਂ ਧੌਣ ਵਿੱਚ ਵੀ ਪਰੇਸ਼ਾਨੀ ਆ ਰਹੀ ਹੈ। ਪਾਣੀ ਸਪਲਾਈ ਦੀ ਦਿੱਕਤ ਹੈ ਅਤੇ ਇਸ ਦੇ ਨਾਲ ਹੀ ਬੱਚਿਆਂ ਦੀ ਪੜ੍ਹਾਈ ਉੱਤੇ ਅਸਰ ਹੋ ਰਿਹਾ ਹੈ।
ਮਨਪ੍ਰੀਤ ਕੌਰ ਕਹਿੰਦੇ ਹਨ, ‘’ਅਸੀਂ ਬੇਘਰ ਕਰ ਦਿੱਤੇ ਗਏ ਹਾਂ ਅਤੇ ਠੰਡ ਵਿੱਚ ਤੰਬੂਆਂ ਵਿੱਚ ਰਹਿਣ ਲਈ ਮਜਬੂਰ ਹਾਂ। ਕਈ ਸੰਸਥਾਵਾਂ ਵੱਲੋਂ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ।‘’
9 ਜਨਵਰੀ ਨੂੰ ਹਾਈ ਕੋਰਟ ਵਿੱਚ ਸੁਣਵਾਈ

ਤਸਵੀਰ ਸਰੋਤ, Pardeep Sharma/BBC
ਹਾਲਾਂਕਿ ਇੰਪਰੂਵਮੈਂਟ ਟਰੱਸਟ ਵੱਲੋਂ ਇਨ੍ਹਾਂ ’ਚੋਂ ਕਈ ਪਰਿਵਾਰਾਂ ਨੂੰ ਰਹਿਣ ਲਈ ਘਰ ਬਣਾ ਕੇ ਦਿੱਤੇ ਜਾਣਗੇ ਪਰ ਲੋਕ ਇਹ ਸਭ ਕੁਝ ਮੰਨਣ ਨੂੰ ਤਿਆਰ ਨਹੀਂ ਹਨ।
ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਪੈਮਾਇਸ਼ ਤੋਂ ਉਨ੍ਹਾਂ ਨੂੰ ਉਜਾੜ ਦਿੱਤਾ ਗਿਆ ਹੈ ਤੇ ਜਦੋਂ ਤੱਕ ਉਨ੍ਹਾਂ ਨੂੰ ਇਸੇ ਜਗ੍ਹਾਂ ’ਤੇ ਘਰ ਬਣਾ ਕੇ ਨਹੀਂ ਦਿੱਤੇ ਜਾਂਦੇ ਉਹ ਇਸੇ ਤਰਾਂ ਟੈਂਟਾਂ ’ਚ ਹੀ ਰਹਿਣਗੇ।
ਆਉਂਦੀ 9 ਜਨਵਰੀ ਨੂੰ ਹਾਈ ਕੋਰਟ ’ਚ ਇਸ ਕੇਸ ਦੀ ਸੁਣਵਾਈ ਹੈ।














