ਅਜ਼ਰਬਾਇਜਾਨ ਤੋਂ ਲਿਆਂਦੇ ਗਏ ਸਚਿਨ ਥਾਪਨ ਦੀ ਮੂਸੇਵਾਲਾ ਕਤਲ ਕੇਸ ’ਚ ਕੀ ਕਥਿਤ ਭੂਮਿਕਾ ਸੀ

ਤਸਵੀਰ ਸਰੋਤ, FB/Delhi Police
ਦਿੱਲੀ ਪੁਲਿਸ ਦੀ ਸਪੈੱਸ਼ਲ ਸੈੱਲ ਮਰਹੂਮ ਕਲਾਕਾਰ ਸਿੱਧੂ ਮੂਸੇਵਾਲਾ ਕੇਸ ਵਿੱਚ ਸ਼ਾਮਲ ਸਚਿਨ ਥਾਪਨ ਉਰਫ਼ ਸਚਿਨ ਬਿਸ਼ਨੋਈ ਨੂੰ ਬਾਕੂ, ਅਜ਼ਰਬਾਇਜਨ ਤੋਂ ਭਾਰਤ ਲੈ ਆਈ ਹੈ।
ਸਪੈੱਸ਼ਲ ਸੈੱਲ ਦੇ ਸਪੈਸ਼ਲ ਸੀਪੀ ਐੱਚਜੀਐੱਸ ਧਾਲੀਵਾਲ ਮੁਤਾਬਕ ਜਿਸ ਬੋਲੈਰੋ ਗੱਡੀ ਵਿੱਚ ਸਿੱਧੂ ਮੂਸੇਵਾਲਾ ਦਾ ਪਿੱਛਾ ਕੀਤਾ ਗਿਆ ਸੀ, ਉਹ ਸਚਿਨ ਨੇ ਹੀ ਮੁਹੱਈਆ ਕਰਵਾਈ ਸੀ।
ਧਾਲੀਵਾਲ ਨੇ ਦੱਸਿਆ ਕਿ ਮੂਸੇਵਾਲਾ ਕਤਲ ਵਿੱਚ ਸ਼ਾਮਲ ਦੋ ਮੋਡਿਊਲ ਵਿੱਚੋਂ ਇੱਕ ਕੋਲ ਮੌਜੂਦ ਹਥਿਆਰਾਂ ਦੀ ਨਿਗਰਾਨੀ ਸਚਿਨ ਅਧੀਨ ਸੀ।
ਉਨ੍ਹਾਂ ਮੁਤਾਬਕ ਮੂਸੇਵਾਲਾ ਦੇ ਕਤਲ ਵੇਲੇ ਸਚਿਨ ਦੁਬਈ ਸੀ ਪਰ ਦੋ ਦਿਨਾਂ ਬਾਅਦ ਬਾਕੂ, ਅਜ਼ਰਬਾਇਜਾਨ ਪਹੁੰਚ ਗਿਆ ਸੀ।

ਤਸਵੀਰ ਸਰੋਤ, ANI
ਸਚਿਨ ਨੂੰ ਅਜ਼ਰਬਾਇਜਾਨ ਤੋਂ ਭਾਰਤ ਕਿਵੇਂ ਲੈ ਕੇ ਆਇਆ ਗਿਆ

ਤਸਵੀਰ ਸਰੋਤ, ANI
ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਸਪੈਸ਼ਲ ਸੀਪੀ (ਕਮਿਸ਼ਨਰ ਆਫ਼ ਪੁਲਿਸ) ਐੱਚਜੀਐੱਸ ਧਾਲੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਚਿਨ ਬਿਸ਼ਨੋਈ ਉਰਫ਼ ਸਚਿਨ ਥਾਪਨ ਨੂੰ ਫੜ੍ਹਨ ਬਾਰੇ ਦੱਸਿਆ।
ਧਾਲੀਵਾਲ ਮੁਤਾਬਕ ਇੱਕ ਅਗਸਤ ਦੀ ਸਵੇਰ ਸਚਿਨ ਥਾਪਨ (ਸਚਿਨ ਬਿਸ਼ਨੋਈ) ਨੂੰ ਬਾਕੂ, ਅਜ਼ਰਬਾਇਜਾਨ ਤੋਂ ਲਿਆਂਦਾ ਗਿਆ ਹੈ।
ਉਨ੍ਹਾਂ ਮੁਤਾਬਕ 29 ਮਈ, 2022 ਨੂੰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦੋ ਦਿਨਾਂ ਬਾਅਦ ਸਚਿਨ ਥਾਪਨ ਨੇ ਇੱਕ ਟੀਵੀ ਚੈਨਲ ਨੂੰ ਕਾਲ ਕਰਕੇ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਧਾਲੀਵਾਲ ਨੇ ਅੱਗੇ ਦੱਸਿਆ, ‘‘ਇਸ ਤੋਂ ਬਾਅਦ ਹੀ ਲਗਾਤਾਰ ਲਗਭਗ ਪਿਛਲੇ ਸਵਾ ਸਾਲ ਤੋਂ ਸਪੈਸ਼ਲ ਸੈੱਲ ਵੱਲੋਂ ਕੋਸ਼ਿਸ਼ਾਂ ਚੱਲ ਰਹੀਆਂ ਸੀ ਤੇ ਇਸੇ ਤਹਿਤ ਸ਼ੁਰੂਆਤ ਵਿੱਚ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਚਾਰ ਸ਼ੂਟਰਾਂ ਨੂੰ ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ।’’
‘‘ਇਸੇ ਤਹਿਤ ਮੁੱਖ ਮੁਲਜ਼ਮ ਲਾਰੈਂਸ ਬਿਸ਼ਨੋਈ ਨੂੰ ਵੀ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦਾ ਗਿਆ ਸੀ ਤੇ ਸਾਡੇ ਰਿਮਾਂਡ ਦੌਰਾਨ ਉਸ ਨੇ ਸਾਰੀਆਂ ਗੱਲਾਂ ਬਾਰੇ ਦੱਸਿਆ ਸੀ।’’
ਸਚਿਨ ਥਾਪਨ ਨੂੰ ਫੜ੍ਹਨ ਬਾਰੇ ਧਾਲੀਵਾਲ ਨੇ ਦੱਸਿਆ ਕਿ ਇਸੇ ਸਿਲਸਿਲੇ ਤਹਿਤ ਉਨ੍ਹਾਂ ਦੀ ਟੀਮ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਸੀ।
ਉਨ੍ਹਾਂ ਇਸ ਬਾਰੇ ਦੱਸਿਆ, ‘‘ਸਾਡੀ ਟੀਮ ਅਜ਼ਰਬਾਇਜਾਨ ਦੀ ਸਰਕਾਰ, ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਤੋਂ ਇਲਾਵਾ ਸੀਬੀਆਈ ਤੇ ਇੰਟਰਪੋਲ ਸਣੇ ਤਮਾਮ ਖ਼ੂਫ਼ੀਆ ਏਜੰਸੀਆਂ ਦੀ ਮਦਦ ਨਾਲ ਸਚਿਨ ਨੂੰ ਅਜ਼ਰਬਾਇਜਾਨ ਤੋਂ ਭਾਰਤ ਲਿਆਉਣਾ ਸਫ਼ਲ ਹੋ ਸਕੀ ਹੈ।’’
ਸਚਿਨ ਥਾਪਨ ਨੂੰ ਕੋਰਟ ਨੇ 10 ਦਿਨਾਂ ਦੀ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ:

ਸਚਿਨ ਉੱਤੇ ਕਿੱਥੇ ਤੇ ਕਿੰਨੇ ਕੇਸ

ਤਸਵੀਰ ਸਰੋਤ, ANI
ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਸਪੈਸ਼ਲ ਸੈੱਲ ਦੇ ਸੀਪੀ ਐੱਚਜੀਐੱਸ ਧਾਲੀਵਾਲ ਨੇ ਸਚਿਨ ਥਾਪਨ ਉਰਫ਼ ਸਚਿਨ ਬਿਸ਼ਨੋਈ ਉੱਤੇ ਕੇਸਾਂ ਦਾ ਵੀ ਜ਼ਿਕਰ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।
ਧਾਲੀਵਾਲ ਮੁਤਾਬਕ ਇਹ ਕੇਸ ਸਚਿਨ ਖ਼ਿਲਾਫ਼ ਦਰਜ ਹਨ....
- ਰਾਜਸਥਾਨ ਵਿੱਚ ਚਾਰ ਕੇਸ
- ਪੰਜਾਬ ਵਿੱਚ ਚਾਰ ਕੇਸ
- ਹਰਿਆਣਾ ਵਿੱਚ ਇੱਕ ਕੇਸ
- ਸਪੈਸ਼ਲ ਸੈੱਲ ਦੇ ਦੋ ਕੇਸ ਨਵੀਂ ਦਿੱਲੀ ਰੇਂਜ ਦੇ (ਇੱਕ ਕੇਸ ਕਤਲ ਦੀ ਕੋਸ਼ਿਸ਼ ਦਾ ਤੇ ਦੂਜਾ ਮਕੋਕਾ ਦਾ)
- ਕਾਊਂਟਰ ਇੰਟੈਲੀਜੇਂਸ ਸੈੱਲ ਦੇ ਤਿੰਨ ਕੇਸ
ਲਾਰੈਂਸ ਤੇ ਸਚਿਨ ਦਾ ਰਿਸ਼ਤਾ

ਤਸਵੀਰ ਸਰੋਤ, Getty/Delhi Police
ਐੱਚਜੀਐੱਸ ਧਾਲੀਵਾਲ ਨੇ ਇਸ ਦੌਰਾਨ ਲਾਰੈਂਸ ਬਿਸ਼ਨੋਈ ਅਤੇ ਸਚਿਨ ਬਿਸ਼ਨੋਈ ਦਰਮਿਆਨ ਰਿਸ਼ਤਿਆਂ ਬਾਰੇ ਵੀ ਦੱਸਿਆ।
ਧਾਲੀਵਾਲ ਨੇ ਦੱਸਿਆ ਕਿ ਲਾਰੈਂਸ ਦੀ ਮਾਂ ਸਚਿਨ ਦੀ ਮਾਂ ਦੀ ਭੂਆ ਲੱਗਦੇ ਹਨ।
ਧਾਲੀਵਾਲ ਮੁਤਾਬਕ ਸਚਿਨ ਲਾਰੈਂਸ ਨੂੰ ਮਾਮਾ ਸੱਦਦਾ ਹੈ ਅਤੇ ਦੋਵਾਂ ਦੇ ਨਾਨੇ ਆਪਸ ਵਿੱਚ ਬਹੁਤ ਕਰੀਬੀ ਰਹੇ ਹਨ।
ਉਨ੍ਹਾਂ ਮੁਤਾਬਕ ਸਚਿਨ ਅਤੇ ਲਾਰੈਂਸ ਦਾ ਪਰਿਵਾਰਕ ਰਿਸ਼ਤਾ ਹੈ।
ਮੂਸੇਵਾਲਾ ਕਤਲ ਕੇਸ ਵਿੱਚ ਸਚਿਨ ਦੀ ਕੀ ਭੂਮਿਕਾ ਸੀ
ਐੱਸਜੀਐੱਸ ਧਾਲੀਵਾਲ ਨੇ ਦੱਸਿਆ, “ਸਚਿਨ ਬਿਸ਼ਨੋਈ ਲਾਰੈਂਸ ਦਾ ਕਾਫੀ ਕਰੀਬੀ ਹੈ, ਉਸ ਦਾ ਰਿਸ਼ਤੇਦਾਰ ਹੈ ਤੇ ਦੋਵੇਂ ਇੱਕੋ ਪਿੰਡ ਦੇ ਹਨ। ਇਸ ਲਈ ਲਾਰੈਂਸ ਨੂੰ ਬਿਸ਼ਨੋਈ ਉੱਤੇ ਕਾਫੀ ਭਰੋਸਾ ਸੀ।”
“ਮੂਸੇਵਾਲਾ ਦਾ ਕਤਲ ਇੱਕ ਨਿਯੋਜਿਤ ਤਰੀਕੇ ਨਾਲ ਕੀਤੀ ਵਾਰਦਾਤ ਸੀ। ਇਸ ਵਿੱਚ ਕਈ ਲੋਕਾਂ ਨੇ ਆਪਣੀਆਂ ਵੱਖ-ਵੱਖ ਭੂਮਿਕਾ ਨਿਭਾਈਆਂ ਸਨ। ਵਾਰਦਾਤ ਦੌਰਾਨ ਜਿਸ ਬੁਲੈਰੋ ਕਾਰ ਵਿੱਚ ਬੈਠ ਕੇ ਸਿੱਧੂ ਮੂਸੇਵਾਲਾ ਦਾ ਪਿੱਛਾ ਕੀਤਾ ਗਿਆ ਸੀ ਉਸ ਦਾ ਇੰਤਜ਼ਾਮ ਸਚਿਨ ਬਿਸ਼ਨੋਈ ਨੇ ਹੀ ਕੀਤਾ ਸੀ।”
“ਮੂਸੇਵਾਲਾ ਦੇ ਕਤਲ ਲਈ ਹਥਿਆਰਾਂ ਦੇ ਸੈਟ ਤਿਆਰ ਕੀਤੇ ਗਏ ਸਨ। ਉਨ੍ਹਾਂ ਵਿੱਚੋਂ ਇੱਕ ਸੈਟ ਸਚਿਨ ਬਿਸ਼ਨੋਈ ਦੀ ਨਿਗਰਾਨੀ ਵਿੱਚ ਤਿਆਰ ਕੀਤਾ ਗਿਆ ਸੀ। ਸਚਿਨ ਨੇ ਇਸ ਪੂਰੀ ਵਾਰਦਾਤ ਦੇ ਅਹਿਮ ਹਿੱਸਿਆਂ ਵਿੱਚ ਭੂਮਿਕਾ ਨਿਭਾਈ ਸੀ।”
ਅਮਿਤ ਸ਼ਾਹ ਦੀਆਂ ਹਦਾਇਤਾਂ ’ਤੇ ਚੌਕਸੀ

ਤਸਵੀਰ ਸਰੋਤ, FB/Amit Shah
ਸਪੈਸ਼ਲ ਸੀਪੀ ਐੱਚਜੀਐੱਸ ਧਾਲੀਵਾਲ ਮੁਤਾਬਕ ਅਗਸਤ 2022 ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਭ ਤੋਂ ਪਹਿਲੀ ਮੀਟਿੰਗ ਕੀਤੀ, ਜਿਸ ਵਿੱਚ ਦਿੱਲੀ ਦੇ ਪੁਲਿਸ ਕਮਿਸ਼ਨਰ ਮੌਜੂਦ ਸਨ।
ਧਾਲੀਵਾਲ ਮੁਤਾਬਕ ਉਸ ਤੋਂ ਬਾਅਦ ਗ੍ਰਹਿ ਮੰਤਰੀ ਨੇ ਲੜੀਵਾਰ ਕਈ ਮੀਟਿੰਗਾਂ ਕੀਤੀਆਂ।
ਉਨ੍ਹਾਂ ਮੁਤਾਬਕ ਇਸੇ ਸਿਲਸਿਲੇ ਤਹਿਤ ਕੁਝ ਮਹੀਨੇ ਪਹਿਲਾਂ ਦੀਪਕ ਬਾਕਸਰ ਨੂੰ ਮੈਕਸਿਕੋ ਤੋਂ ਐੱਫ਼ਬੀਆਈ ਦੀ ਸ਼ਮੂਲੀਅਤ ਦੇ ਨਾਲ ਭਾਰਤ ਲਿਆਂਦਾ ਗਿਆ।
ਪਹਿਲਾਂ ਦੀਪਕ ਬਾਕਸਰ ਅਤੇ ਹੁਣ ਸਚਿਨ ਥਾਪਨ ਨੂੰ ਭਾਰਤ ਲਿਆਉਣ ਬਾਰੇ ਉਨ੍ਹਾਂ ਕਿਹਾ ਕਿ ਇਹ ਸਭ ਦੀ ਮਿਹਨਤ ਸਦਕਾ ਹੀ ਸਫ਼ਲ ਹੋ ਸਕਿਆ ਹੈ।
ਸਿੱਧੂ ਮੂਸੇਵਾਲਾ ਕਤਲ ਕੇਸ

ਤਸਵੀਰ ਸਰੋਤ, FB/SIDHU MOOSEWALA
ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਮੂਸਾ ਪਿੰਡ ਦਾ ਨੌਜਵਾਨ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਇੱਕ ਗੀਤਕਾਰ, ਅਦਾਕਾਰ ਅਤੇ ਗਾਇਕ ਸੀ।
29 ਮਈ, 2022 ਨੂੰ ਮੂਸੇਵਾਲਾ ਨੂੰ ਮੂਸਾ ਨੇੜਲੇ ਪਿੰਡ ਜਵਾਹਰ ਕੇ ਵਿਖੇ ਘੇਰ ਕੇ ਦਿਨ-ਦਿਹਾੜੇ ਆਧੁਨਿਕ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ।
ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਐੱਸਆਈਟੀ ਵੀ ਬਣਾਈ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਕਈ ਗ੍ਰਿਫ਼ਤਾਰੀਆਂ ਕੀਤੀਆਂ ਹਨ।
ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਕੈਨੇਡਾ ਅਧਾਰਿਤ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ।
ਸਿੱਧੂ ਮੂਸੇਵਾਲੇ ਦੇ ਕਤਲ ਕੇਸ ਵਿੱਚ ਮਾਨਸਾ ਪੁਲਿਸ ਦਾ ਦਾਆਵਾ ਹੈ ਕਿ ਉਹਨਾਂ ਵਲੋਂ 27 ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ ਜਿਹਨਾਂ ਵਿੱਚ ਮੁੱਖ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਨਾਮ ਵੀ ਸ਼ਾਮਿਲ ਹੈ
ਹਾਲਾਂਕਿ, ਚਾਰ ਮੁਲਜ਼ਮਾਂ ਦੀ ਮੌਤ ਹੋ ਚੁਕੀ ਹੈ ਜਿਨ੍ਹਾਂ ਵਿਚ ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ ਇੱਕ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ।
ਮਨਪ੍ਰੀਤ ਤੂਫ਼ਾਨ ਤੇ ਮਨਮੋਹਨ ਮੋਹਨਾ ਦੀ ਗੋਇੰਦਵਾਲ ਜੇਲ੍ਹ ਵਿੱਚ ਗੈਂਗਵਾਰ ਵਿੱਚ ਮੌਤ ਹੋ ਗਈ ਸੀ।
ਪੁਲਿਸ ਮੁਤਾਬਕ ਇਸ ਕੇਸ ਦੇ ਕੁਝ ਮੁਲਜ਼ਮ ਹਾਲੇ ਵੀ ਵਿਦੇਸ਼ਾਂ ਵਿੱਚ ਹਨ ਜਿੰਨਾਂ ਵਿੱਚ ਗੈਂਗਸਟਰ ਗੋਲਡੀ ਬਰਾੜ, ਅਨਮੋਲ ਬਿਸ਼ਨੋਈ ਦੇ ਨਾਮ ਸ਼ਾਮਿਲ ਹਨ।
ਇਹਨਾਂ ਨੂੰ ਭਾਰਤ ਲਿਆਉਣ ਲਈ ਚਾਰਾਜੋਈ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।













