ਨਵਜੰਮਿਆਂ ਨੂੰ ਬੋਤਲ ਵਾਲਾ ਦੁੱਧ ਦੇਣਾ ਕਿਵੇਂ ਖ਼ਤਰਨਾਕ ਲਾਗ ਨੂੰ ਸੱਦਾ ਦੇ ਸਕਦਾ ਹੈੈ

ਬੱਚਾ ਦੁੱਧ ਪੀਂਦਾ ਹੋਇਆ

ਤਸਵੀਰ ਸਰੋਤ, Getty Images

    • ਲੇਖਕ, ਅੰਜਲੀ ਦਾਸ
    • ਰੋਲ, ਬੀਬੀਸੀ ਲਈ

ਕੁਝ ਸਾਲ ਪਹਿਲਾਂ ਆਸਟਰੇਲੀਆ ਦੀ ਸੰਸਦ ਵਿੱਚ ਸੰਸਦ ਲਾਰੀਸਾ ਵਾਟਰਸ ਨੇ ਆਪਣੀ ਦੋ ਮਹੀਨਿਆਂ ਦੀ ਬੇਟੀ ਨੂੰ ਆਪਣਾ ਦੁੱਧ ਪਿਆਇਆ ਸੀ। ਇਹ ਖ਼ਬਰ ਦੁਨੀਆਂ ਭਰ ਵਿੱਚ ਸੁਰਖ਼ੀਆਂ ਵਿੱਚ ਰਹੀ ਸੀ।

ਲੰਬੇ ਸਮੇਂ ਤੋਂ ਅਸੀਂ ਇਹ ਸੁਣਦੇ ਆ ਰਹੇ ਹਾਂ ਕਿ ਮਾਂ ਦਾ ਦੁੱਧ ਬੱਚੇ ਲਈ ਅਮ੍ਰਿਤ ਵਾਂਗ ਹੈ। ਇਸ ਨੂੰ ਜਨਮ ਤੋਂ ਲੈ ਕੇ ਛੇ ਮਹੀਨਿਆਂ ਤੱਕ ਬੱਚਿਆਂ ਲਿਕਵਿਡ ਗੋਲਡ (ਤਰਲ ਸੋਨਾ) ਦੱਸਿਆ ਜਾਂਦਾ ਹੈ।

ਇਹ ਸਾਫ਼ ਅਤੇ ਸੁਰੱਖਿਅਤ ਹੈ। ਇਸ ਵਿੱਚ ਐਂਟੀਬੌਡੀ ਹੁੰਦੇ ਹਨ ਜੋ ਨਾ ਸਿਰਫ਼ ਲਾਗ ਤੋਂ ਸਗੋਂ ਬਚਪਨ ਦੀਆਂ ਕਈ ਆਮ ਬਿਮਾਰੀਆਂ ਵਿੱਚ ਉਨ੍ਹਾਂ ਦੀ ਰੱਖਿਆ ਕਰਦਾ ਹੈ। ਅਜਿਹਾ ਵਿਸ਼ਵ ਸਿਹਤ ਸੰਸਥਾ, ਯੂਨੀਸੇਫ਼ ਅਤੇ ਭਾਰਤ ਸਰਕਾਰ ਦੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਦੱਸਿਆ ਗਿਆ ਹੈ।

ਇਹ ਵੀ ਦੱਸਿਆ ਜਾਂਦਾ ਹੈ ਕਿ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਕੁਝ ਦਿਨਾਂ ਲਈ ਮਾਂ ਦੇ ਦੁੱਧ ਤੋਂ ਇੱਕ ਖ਼ਾਸ ਕਿਸਮ ਦਾ ਪ੍ਰੋਟੀਨ ਵਾਲਾ ਤੱਤ ਕੋਲੋਸਟ੍ਰਮ ਬੱਚੇ ਨੂੰ ਮਿਲਦਾ ਹੈ ਜੋ ਉਨ੍ਹਾਂ ਲਈ ਬਹੁਤ ਪੌਸ਼ਟਿਕ ਹੁੰਦਾ ਹੈ।

ਇਸ ਦੇ ਬਾਵਜੂਦ ਕੁਝ ਮਾਵਾਂ ਹੋਰ ਕਾਰਨਾਂ ਕਰਕੇ ਦੁੱਧ ਪਿਆਉਣ ਵਿੱਚ ਸਮਰੱਥ ਨਹੀਂ ਹੁੰਦੀਆਂ।

ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਂ ਕਮਜ਼ੋਰੀ ਤੋਂ ਆਸਾਨੀ ਨਾਲ ਉੱਭਰ ਨਹੀਂ ਪਾਉਂਦੀ। ਉਸ ਦੀ ਨੀਂਦ ਪੂਰੀ ਨਹੀਂ ਹੁੰਦੀ ਜਿਸ ਨਾਲ ਤਣਾਅ ਵਧਦਾ ਹੈ। ਇਸ ਦੇ ਅਸਰ ਕਾਰਨ ਦੁੱਧ ਵੀ ਘੱਟ ਆਉਂਦਾ ਹੈ।

ਇੱਕ ਅਧਿਐਨ ਮੁਤਾਬਕ ਹਰ ਸੱਤ ਵਿੱਚੋਂ ਇੱਕ ਮਾਂ ਨੂੰ ਤਣਾਅ ਅਤੇ ਕਮਜ਼ੋਰੀ ਦੇ ਚਲਦਿਆਂ ਦੁੱਧ ਘੱਟ ਆਉਂਦਾ ਹੈ।

ਅਜਿਹੇ ਵਿੱਚ ਉਹ ਬ੍ਰੈਸਟ ਮਿਲਕ ਜਾਂ ਫਾਰਮੁਲਾ ਦੁੱਧ ਬੋਤਲ ਵਿੱਚ ਰੱਖ ਕੇ ਆਪਣੇ ਬੱਚੇ ਨੂੰ ਦਿੰਦੀ ਹੈ।

ਕਾਰਨ ਭਾਵੇਂ ਜੋ ਵੀ ਹੋਵੇ ਦੁੱਧ ਪੀਂਦੇ ਬੱਚੇ ਨੂੰ ਫਾਰਮੁਲਾ ਦੁੱਧ ਦੇਣ ਦਾ ਰੁਝਾਨ ਦੁਨੀਆਂ ਭਰ ਵਿੱਚ ਵੱਧ ਰਿਹਾ ਹੈ। ਪਰ ਕੀ ਨਵਜੰਮੇ ਬੱਚੇ ਲਈ ਇਸਤੇਮਾਲ ਕੀਤੇ ਜਾਣ ਵਾਲੇ ਪਾਣੀ ਨੂੰ ਸਹੀ ਤਰੀਕੇ ਗਰਮ ਕੀਤਾ ਜਾ ਰਿਹਾ ਹੈ?

ਰਿਸਰਚ ਵਿੱਚ ਕੀ ਪਤਾ ਲੱਗਿਆ?

ਐਮੀ ਗ੍ਰਾਂਟ

ਤਸਵੀਰ ਸਰੋਤ, DR AIMEE GRANT

ਤਸਵੀਰ ਕੈਪਸ਼ਨ, ਰਿਸਰਚ ਦੀ ਅਗਵਾਈ ਕਰਨ ਵਾਲੇ ਡਾ. ਐਮੀ ਗ੍ਰਾਂਟ

ਹਾਲ ਹੀ ਵਿੱਚ ਆਈ ਇੱਕ ਰਿਸਰਚ ਵਿੱਚ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਫਾਰਮੁਲਾ ਮਿਲਕ ਤਿਆਰ ਕਰਨ ਵਾਲੀਆਂ 85 ਫੀਸਦੀ ਮਸ਼ੀਨਾਂ ਹਾਨੀਕਾਰਕ ਬੈਕਟੀਰੀਆ ਨੂੰ ਨਹੀਂ ਮਾਰ ਪਾਉਂਦੀਆਂ।

ਇਸ ਰਿਸਰਚ ਵਿੱਚ ਸ਼ਾਮਲ ਹੋਈ ਇੱਕ ਮਾਂ ਇਹ ਜਾਣ ਕੇ ਹੈਰਾਨ ਹੈ ਕਿ ਜੋ ਮਸ਼ੀਨਾਂ ਖ਼ਾਸ ਤੌਰ ਉੱਤੇ ਬੱਚਿਆਂ ਲਈ ਬਣਾਈਆਂ ਗਈਆਂ ਸੀ ਉਹ ਅਸਫ਼ਲ ਹੋ ਗਈਆਂ।

ਇਸ ਰਿਸਰਚ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਜੋ ਬੱਚੇ ਫਾਰਮੁਲਾ ਮਿਲਕ ਉੱਤੇ ਪਲ ਰਹੇ ਹਨ, ਉਨ੍ਹਾਂ ਨੂੰ ਇਸ ਦੁੱਧ ਦੇ ਬੈਕਟੀਰੀਆ ਦੇ ਕਾਰਨ ਲਾਗ ਦਾ ਜ਼ਬਰਦਸਤ ਖ਼ਤਰਾ ਹੈ।

ਸਵਾਂਸੀ ਯੂਨੀਵਰਸਿਟੀ ਦੀ ਇਸ ਰਿਸਰਚ ਵਿੱਚ 69 ਮਾਪਿਆਂ ਨੇ ਪਾਣੀ ਗਰਮ ਕਰਨ ਲਈ ਕੇਤਲੀ ਦੀ ਵਰਤੋਂ ਕੀਤੀ, ਇਹਨਾਂ ਵਿੱਚੋਂ 22 ਫੀਸਦੀ ਦਾ ਪਾਣੀ ਸਹੀ ਢੰਗ ਨਾਲ ਗਰਮ ਨਹੀਂ ਹੋ ਸਕਿਆ।

ਇਸ ਰਿਸਰਚ ਵਿੱਚ ਸ਼ਾਮਲ ਇੱਕ ਮਾਂ ਜੌਨੀ ਕਪੂਰ ਕਹਿੰਦੇ ਹਨ, ‘‘ਜਦੋਂ ਪਹਿਲੀ ਵਾਰ ਮੈਂ ਆਪਣੀ ਮਸ਼ੀਨ ਦੇ ਪਾਣੀ ਨੂੰ ਟੈਸਟ ਕੀਤਾ ਤਾਂ ਇਸ ਦਾ ਤਾਪਮਾਨ ਮਹਿਜ਼ 52 ਸੈਂਟੀਗ੍ਰੇਡ ਸੀ। ਇਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਕਿਉਂਕਿ ਮੈਂ ਇਹ ਮੰਨ ਕੇ ਚੱਲ ਹੀ ਸੀ ਕਿ ਮਸ਼ੀਨ ਨੂੰ ਮਾਪਦੰਡਾਂ ਦੇ ਹਿਸਾਬ ਨਾਲ ਬਣਾਇਆ ਗਿਆ ਹੈ ਅਤੇ ਖ਼ਾਸ ਤੌਰ ਉੱਤੇ ਬੱਚਿਆਂ ਲਈ ਤਿਆਰ ਕੀਤਾ ਗਿਆ ਹੈ।’’

ਬੱਚਿਆਂ ਨੂੰ ਲਾਗ ਨਾ ਲੱਗੇ ਇਸ ਲਈ ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਦਾ ਕਹਿਣਾ ਹੈ ਕਿ ਇਨਸਟੈਂਟ ਫਾਰਮੁਲਾ ਬਣਾਉਣ ਵਿੱਚ ਬੈਕਟੀਰੀਆ ਨਾ ਹੋਵੇ ਇਸ ਲਈ ਪਾਣੀ ਨੂੰ ਘੱਟੋ-ਘੱਟ 70 ਡਿਗਰੀ ਤੱਕ ਗਰਮ ਕੀਤਾ ਜਾਣਾ ਚਾਹੀਦਾ ਹੈ, ਫ਼ਿਰ ਇਸ ਨੂੰ ਠੰਢਾ ਕਰਕੇ ਬੱਚਿਆਂ ਲਈ ਇਸਤੇਮਾਲ ਕਰੋ।

ਜੌਨੀ ਕਪੂਰ ਕਹਿੰਦੇ ਹਨ, ‘‘ਮੈਂ ਮਾਪਿਆਂ ਨੂੰ ਇਹ ਸਲਾਹ ਦਿੰਦੀ ਹਾਂ ਕਿ ਉਹ ਮਸ਼ੀਨ ਉਸ ਵਿੱਚ ਪਾਣੀ ਗਰਮ ਕਰਨ ਦੇ ਤਾਪਮਾਨ ਨੂੰ ਦੇਖ ਕੇ ਹੀ ਖਰੀਦਣ।’’

ਭਾਰਤ ਵਿੱਚ ਰਵਾਇਤੀ ਤਰੀਕਾ ਕੀ ਹੈ

ਬੱਚਾ

ਤਸਵੀਰ ਸਰੋਤ, Getty Images

ਭਾਰਤ ਵਿੱਚ ਵੀ ਫਾਰਮੁਲਾ ਮਿਲਕ ਦਾ ਰੁਝਾਨ ਵਧ ਰਿਹਾ ਹੈ। ਐਮਾਜ਼ਨ, ਫਲਿਪਕਾਰਟ ਵਰਗੀਆਂ ਈ-ਕਾਮਰਸ ਵੈੱਬਸਾਈਟਾਂ ਉੱਤੇ ਇਸ ਦੇ ਕਈ ਉਤਪਾਦ ਮਿਲਦੇ ਹਨ।

ਡਾ. ਪ੍ਰਾਰਥਨਾ, ਓਡੀਸ਼ਾ ਦੇ ਮਹਾਨਦੀ ਕੋਲਫ਼ੀਲਡ ਵਿੱਚ ਬੱਚਿਆ ਦੇ ਮਾਹਰ ਹਨ। ਉਹ ਕਹਿੰਦੇ ਹਨ ਕਿ ਭਾਰਤ ਸਰਕਾਰ ਹੋਵੇ ਜਾਂ ਵਿਸ਼ਵ ਸਿਹਤ ਸੰਸਥਾ ਸਾਰੇ ਹੀ ਮਾਂ ਦੇ ਦੁੱਧ ਨੂੰ ਤਰਜੀਹ ਦੇਣ ਦੀ ਸਲਾਹ ਦਿੰਦੇ ਹਨ।

ਉਹ ਕਹਿੰਦੇ ਹਨ, ‘‘ਇਸ ਦੇ ਬਾਵਜੂਦ ਫਾਰਮੁਲਾ ਮਿਲਕ ਦਾ ਰੁਝਾਨ ਵੱਧ ਰਿਹਾ ਹੈ ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਜਦੋਂ ਸ਼ੁਰੂਆਤ ਵਿੱਚ ਮਾਂ ਦੇ ਸ਼ਰੀਰ ਵਿੱਚ ਦੁੱਧ ਘੱਟ ਬਣਦਾ ਹੈ ਤਾਂ ਉਹ ਫਾਰਮੁਲਾ ਮਿਲਕ ਨੂੰ ਬੱਚੇ ਦਾ ਢਿੱਡ ਭਰਨ ਦੇ ਵਿਕਲਪ ਦੇ ਰੂਪ ਵਿੱਚ ਅਪਣਾਉਂਦੀ ਹੈ।’’

ਡਾਕਟਰ

ਤਸਵੀਰ ਸਰੋਤ, Dr Prarthna

ਡਾ. ਪ੍ਰਾਰਥਨਾ ਸਲਾਹ ਦਿੰਦੇ ਹਨ, ‘‘ਨਵਜੰਮੇ ਦੀ ਕਿਸੇ ਵੀ ਚੀਜ਼ ਨੂੰ ਛੂਹਣ ਤੋਂ ਪਹਿਲਾਂ ਆਪਣੇ ਹੱਥ ਨੂੰ ਚੰਗੀ ਤਰ੍ਹਾਂ ਧੋਵੋ ਨਹੀਂ ਤਾਂ ਉਸ ਨਾਲ ਵੀ ਬੱਚੇ ਨੂੰ ਲਾਗ ਦਾ ਖ਼ਤਰਾ ਵੱਧ ਜਾਂਦਾ ਹੈ।’’

ਫਾਰਮੁਲਾ ਮਿਲਕ ਲਈ ਪਾਣੀ ਦਾ ਤਾਪਮਾਨ ਕਿੰਨਾ ਹੋਣਾ ਚਾਹੀਦਾ ਹੈ

ਤਰੂਲਤਾ

ਤਸਵੀਰ ਸਰੋਤ, TARULATA

ਤਸਵੀਰ ਕੈਪਸ਼ਨ, ਆਪਣੇ ਬੱਚੇ ਨਾਲ ਤਰੂਲਤਾ

ਉਧਰ ਸਵਾਂਸੀ ਯੂਨੀਵਰਸਿਟੀ ਦੀ ਰਿਸਰਚ ਦੀ ਅਗਵਾਈ ਕਰਨ ਵਾਲੇ ਡਾ. ਐਮੀ ਗ੍ਰਾਂਟ ਕਹਿੰਦੇ ਹਨ, ‘‘ਫਾਰਮੁਲਾ ਮਿਲਕ ਲਈ ਪਾਣੀ ਦਾ ਤਾਪਮਾਨ ਘੱਟੋ-ਘੱਟ 70 ਡਿਗਰੀ ਸੈਂਟੀਗ੍ਰੇਡ ਹੋਣਾ ਚਾਹੀਦਾ ਹੈ। ਜੇ ਕੋਈ ਮਾਪੇ ਇਸ ਦੇ ਤਾਪਮਾਨ ਨੂੰ ਲੈ ਕੇ ਫ਼ਿਕਰਮੰਦ ਹਨ ਤਾਂ ਫ਼ੂਡ ਥਰਮਾਮੀਟਰ ਖ਼ਰੀਦ ਸਕਦੇ ਹਨ।’’

ਡਾ. ਪ੍ਰਾਰਥਨਾ ਕਹਿੰਦੇ ਹਨ ਕਿ ਭਾਰਤ ਵਿੱਚ ਵਾਰ-ਵਾਰ ਤਾਪਮਾਨ ਦੇਖਣਾ ਕਿਸੇ ਮਾਪੇ ਲਈ ਸੰਭਵ ਨਹੀਂ ਹੈ, ਇਸ ਲਈ ਪਾਣੀ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਉਸ ਨੂੰ ਗੈਸ ਉੱਤੇ ਵੱਧ ਤੋਂ ਵੱਧ ਤਾਪਮਾਨ ਉੱਤੇ ਗਰਮ ਕਰੋ।

ਤਰੂਲਤਾ 11 ਮਹੀਨੇ ਦੇ ਬੱਚੇ ਦੀ ਮਾਂ ਹਨ। ਉਨ੍ਹਾਂ ਦੀ ਇੱਕ ਬੇਟੇ ਵੀ ਹੈ, ਜੋ 10 ਸਾਲ ਦੀ ਹੈ ਅਤੇ ਚੌਥੀ ਜਮਾਤ ਵਿੱਚ ਪੜ੍ਹਦੀ ਹੈ।

ਉਹ ਕਹਿੰਦੇ ਹਨ, ‘‘ਮੈਂ ਦੋਵਾਂ ਬੱਚਿਆਂ ਨੂੰ ਆਪਣਾ ਦੁੱਧ ਪਿਆਇਆ ਹੈ। ਯਕੀਨ ਮੰਨੀਏ ਤਾਂ ਇਸ ਨਾਲ ਮਾਂ ਅਤੇ ਬੱਚਾ ਇੱਕ ਅਟੁੱਟ ਬੰਧਨ ਵਿੱਚ ਬੰਨ੍ਹ ਜਾਂਦੇ ਹਨ। 11 ਮਹੀਨੇ ਪਹਿਲਾਂ ਬੱਚੇ ਦੇ ਜਨਮ ਤੋਂ ਬਾਅਦ ਤੋਂ ਹੁਣ ਤੱਕ ਮੇਰੇ ਵਿੱਚ ਦੁੱਧ ਪਿਆਉਣ ਦੀ ਤਾਕਤ ਹੈ ਤਾਂ ਮੈਂ ਫਾਰਮੁਲਾ ਮਿਲਕ ਕਿਉਂ ਅਪਨਾਵਾਂ। ਮੈਂ ਅੱਜ ਵੀ ਆਪਣੇ ਬੱਚੇ ਨੂੰ ਦੁੱਧ ਪਿਆ ਰਹੀ ਹਾਂ ਅਤੇ ਉਹ ਸਿਹਤਮੰਦ ਹੈ, ਸਹੀ ਤਰੀਕੇ ਨਾਲ ਵੱਡਾ ਹੋ ਰਿਹਾ ਹੈ।’’

ਬੱਚਿਆਂ ਲਈ ਮਾਂ ਦਾ ਦੁੱਧ ਕਿੰਨਾ ਲਾਭਕਾਰੀ?

ਬੱਚਾ

ਤਸਵੀਰ ਸਰੋਤ, GETTY IMAGES

ਪੁਡੁਚੇਰੀ ਦੇ ਪ੍ਰਤੀਭਾ ਅਰੁਣ ਕਹਿੰਦੇ ਹਨ, ‘‘ਜਦੋਂ ਮੇਰੀ ਬੇਟੀ ਇੱਕ ਸਾਲ ਤੋਂ ਜ਼ਿਆਦਾ ਵੱਡੀ ਹੋਈ ਤਾਂ ਕਦੇ-ਕਦੇ ਮੈਂ ਉਸ ਨੂੰ ਬੋਤਲ ਵਿੱਚ ਦੁੱਧ ਦਿੰਦੀ ਸੀ। ਉਦੋਂ ਮੈਂ ਇਸ ਗੱਲ ਦਾ ਖ਼ਾਸ ਖ਼ਿਆਲ ਰੱਖਦੀ ਸੀ ਕਿ ਉਸ ਬੋਤਲ ਨਾਲ ਜੁੜੀ ਹਰ ਚੀਜ਼ ਨੂੰ ਕੀਟਾਣੂ ਰਹਿਤ ਕਿਵੇਂ ਰੱਖਿਆ ਜਾਵੇ। ਇਸ ਲਈ ਮੈਂ ਉੱਬਲਦੇ ਹੋਏ ਪਾਣੀ ਦੀ ਵਰਤੋਂ ਕਰਦੀ ਸੀ।’’

ਤਰੂਲਤਾ ਕਹਿੰਦੇ ਹਨ, ‘‘ਮਾਂ ਦਾ ਦੁੱਧ ਬੱਚੇ ਹੀ ਨਹੀਂ ਮਾਂ ਲਈ ਲਾਭਕਾਰੀ ਹੈ। ਮੈਂ ਵੀ ਤਿੰਨ ਸਾਲ ਦੀ ਉਮਰ ਤੱਕ ਆਪਣੀ ਮਾਂ ਦਾ ਦੁੱਧ ਪੀਤਾ ਹੈ।’’

ਵਿਸ਼ਵ ਸਿਹਤ ਸੰਸਥਾ ਕਹਿੰਦੀ ਹੈ ਕਿ ਜੇ ਬ੍ਰੈਸਟ ਮਿਲਕ (ਮਾਂ ਦਾ ਦੁੱਧ) ਉਪਲਬਧ ਨਾ ਹੋਵੇ ਤਾਂ ਫਾਰਮੁਲਾ ਮਿਲਕ ਵਿਕਲਪ ਹੈ। ਪਰ ਇਸ ਦੀ ਚੋਣ ਬੱਚੇ ਦੀ ਉਮਰ ਮੁਤਾਬਕ ਬਹੁਤ ਸਾਵਧਾਨੀ ਨਾਲ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਉਹ ਇਹ ਵੀ ਸਲਾਹ ਦਿੰਦੇ ਹਨ ਜੇ ਮਾਂ ਦਾ ਦੁੱਧ ਪਿਆਉਣ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਕਿਸੇ ਵੀ ਹੋਰ ਵਿਕਲਪ ਨੂੰ ਚੁਣਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)