You’re viewing a text-only version of this website that uses less data. View the main version of the website including all images and videos.
ਅਮਰੀਕਾ: ਮਿਲਟਨ ਤੂਫ਼ਾਨ ਫਲੋਰੀਡਾ ਪਹੁੰਚਿਆ, ਤੂਫ਼ਾਨ ਜ਼ਿਆਦਾ ਤਾਕਤਵਰ ਅਤੇ ਖ਼ਤਰਨਾਕ ਕਿਉਂ ਹੁੰਦੇ ਜਾ ਰਹੇ ਹਨ
ਨੈਸ਼ਨਲ ਹਰੀਕੇਨ ਸੈਂਟਰ ਮੁਤਾਬਕ ਹਰੀਕੇਨ ਮਿਲਟਨ ਹੁਣ "ਪੂਰਬੀ-ਕੇਂਦਰੀ ਫਲੋਰੀਡਾ ਦੇ ਤੱਟ ਤੋਂ ਅੱਗੇ ਵਧ ਰਿਹਾ ਹੈ।"
"ਪਰ ਹਾਲੇ ਵੀ ਪਿੱਛੇ ਤੇਜ਼ ਤੂਫ਼ਾਨੀ ਹਵਾਵਾਂ ਅਤੇ ਬਰਸਾਤ ਕਾਰਨ ਨੁਕਸਾਨ ਹੋ ਰਿਹਾ ਹੈ।"
ਅਮਰੀਕਾ ਦੇ ਸੂਬੇ ਫਲੋਰੀਡਾ ਵਿੱਚ ਮਿਲਟਨ ਤੂਫ਼ਾਨ ਕਾਰਨ ਹਾਲਾਤ ਨਾਜ਼ੁਕ ਹਣੇ ਹੋਏ ਹਨ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਤੂਫ਼ਾਨ ਜਾਨਲੇਵਾ ਸਾਬਿਤ ਹੋ ਸਕਦਾ ਹੈ ਅਤੇ ਤੇਜ਼ ਹਵਾਵਾਂ ਨਾਲ ਅਚਾਨਕ ਹੜ੍ਹ ਆ ਸਕਦਾ ਹੈ।
ਯੂਐੱਨ ਨੈਸ਼ਨਲ ਹਰੀਕੇਨ ਸੈਂਚਰ ਮੁਤਾਬਕ ਹਾਲੀਆ ਸਾਲਾਂ ਵਿੱਚ ਉੱਤਰੀ ਅਟਲਾਂਟਿਕ ਵਿੱਚ ਇਹ ਤੂਫ਼ਾਨ ਸ਼ਕਤੀਸ਼ਾਲੀ ਤੂਫ਼ਾਨ ਹੈ।
ਤੂਫ਼ਾਨ ਕਾਰਨ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ ਅਤੇ ਤਾਜ਼ਾ ਅਪਡੇਟ ਮੁਤਾਬਕ ਫਲੋਰੀਡਾ ਵਿੱਚ 30 ਲੱਖ ਤੋਂ ਵੱਧ ਘਰ ਅਤੇ ਦਫ਼ਤਰਾਂ ਵਿੱਚ ਬਿਜਲੀ ਨਹੀਂ ਹੈ।
ਤੂਫ਼ਾਨ ਦੇ ਤਟ ਨਾਲ ਟਕਰਾਉਣ ਤੋਂ ਪਹਿਲਾਂ ਕਰੀਬ 125 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਹਾਲਾਂਕਿ ਇਨ੍ਹਾਂ ਵਿੱਚ ਵਧੇਰੇ ਅਸਥਾਈ ਘਰ ਸਨ।
ਤੂਫਾਨ ਦੇ ਮੱਦੇਨਜ਼ਰ ਫਲੋਰੀਡਾ 'ਚ ਪ੍ਰਸ਼ਾਸਨ ਨੇ ਤੱਟੀ ਇਲਾਕਿਆਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਸਨ। ਕਰੀਬ 10 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਸੀ।
ਅਮਰੀਕਾ ਦਾ ਰਾਜ ਫੋਲਰੀਡਾ ਦੋ ਹਫ਼ਤਿਆਂ ਦੌਰਾਨ ਦੂਜੇ ਤੂਫ਼ਾਨ ਦਾ ਸਾਹਮਣਾ ਕੀਤਾ ਹੈ ਅਤੇ ਬੁੱਧਵਾਰ ਨੂੰ ਸ਼੍ਰੇਣੀ 5 ਦਾ ਮਿਲਟਨ ਹਰੀਕੇਨ ਜ਼ਮੀਨ ਨਾਲ ਟਕਰਾਇਆ।
ਮੈਕਸੀਕੋ ਦੇ ਤੱਟ 'ਤੇ 155 ਐੱਮਪੀਐੱਚ ਯਾਨਿ 250 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ, ਪਹਿਲਾਂ ਹੀ ਰਿਕਾਰਡ ਕੀਤੀਆਂ ਗਈਆਂ ਸਨ।
ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਨਿਵਾਸੀਆਂ ਨੂੰ ਘਰ ਖਾਲ੍ਹੀ ਕਰਨ ਦੀ ਅਪੀਲ ਕੀਤੀ ਸੀ, ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ "ਸਮਾਂ ਬਹੁਤ ਜਲਦੀ ਲੰਘ ਰਿਹਾ ਹੈ।"
ਇਹ ਤੂਫ਼ਾਨ ਸ਼੍ਰੇਣੀ ਚਾਰ ਦੇ ਹੈਲੇਨ ਤੂਫ਼ਾਨ ਦੇ ਖਾੜੀ ਨਾਲ ਟਕਰਾਉਣ ਦੇ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਤੋਂ ਬਾਅਦ ਆਇਆ ਹੈ।
ਹੈਲੇਨ ਤੂਫ਼ਾਨ ਕਾਰਨ ਫਲੋਰੀਡਾ, ਜਾਰਜੀਆ, ਦੱਖਣੀ ਕੈਰੋਲੀਨਾ, ਟੈਨੇਸੀ, ਵਰਜੀਨੀਆ ਅਤੇ ਉੱਤਰੀ ਕੈਰੋਲੀਨਾ ਵਿੱਚ ਘੱਟੋ-ਘੱਟ 225 ਮੌਤਾਂ ਹੋਈਆਂ ਹਨ।
ਇਸ ਬਾਰੇ ਨੈਸ਼ਨਲ ਓਸ਼ੀਅਨਿਕ ਐਂਡ ਐਟਮੌਸਫੇਰਿਕ ਐਡਮਨਿਸਟ੍ਰੇਸ਼ਨ (ਐੱਨਓਏਏ) ਨੇ ਅਗਸਤ ਵਿੱਚ ਆਪਣੇ ਸਭ ਤੋਂ ਤਾਜ਼ਾ ਅਪਡੇਟ ਵਿੱਚ ਚੇਤਾਵਨੀ ਦਿੱਤੀ ਸੀ।
ਉਸ ਵਿੱਚ ਕਿਹਾ ਗਿਆ ਸੀ, "ਵਾਯੂਮੰਡਲ ਅਤੇ ਸਮੁੰਦਰੀ ਸਥਿਤੀਆਂ ਨੇ ਇੱਕ ਬੇਹੱਦ ਸਰਗਰਮ ਤੂਫ਼ਾਨੀ ਮੌਸਮ ਲਈ ਮਾਹੌਲ ਤਿਆਰ ਕੀਤਾ ਹੈ, ਜੋ ਹੁਣ ਤੱਕ ਦੇ ਸਭ ਤੋਂ ਮਸਰੂਫ਼ ਮੌਸਮਾਂ ਵਿੱਚ ਸ਼ਾਮਲ ਹੋ ਸਕਦਾ ਹੈ।"
ਇੱਕ ਤੂਫ਼ਾਨ ਹਰੀਕੇਨ ਕਦੋਂ ਬਣਦਾ ਹੈ ?
ਊਸ਼ਣ-ਕਟੀਬੰਧੀ ਤੂਫ਼ਾਨ ਵਧੇਰੇ ਤਾਕਤਵਰ ਜਾਂ ਹਰੀਕੇਨ ਉਦੋਂ ਬਣਦੇ ਹਨ ਜਦੋਂ ਉਨ੍ਹਾਂ ਦੀ ਹਵਾ ਦੀ ਗਤੀ 117 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ।
ਪ੍ਰਮੁੱਖ ਹਰੀਕੇਨ (ਸ਼੍ਰੇਣੀ ਤਿੰਨ ਅਤੇ ਉਸ ਤੋਂ ਉਪਰਲੇ) ਉਹ ਹੁੰਦੇ ਹਨ, ਜਿੱਥੇ ਹਵਾ ਦੀ ਗਤੀ 178 ਕਿਲੋਮੀਟਰ ਪ੍ਰਤੀ ਘੰਟਾ ਹੋਵੇ।
ਇਨ੍ਹਾਂ ਦੀਆਂ ਕੁੱਲ 5 ਸ਼੍ਰੇਣੀਆਂ ਹੁੰਦੀਆਂ, ਸ਼੍ਰੇਣੀ ਪੰਜ ਦਾ ਮਤਲਬ ਹੈ, 251 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲਣ ਵਾਲੀਆਂ ਨਿਰੰਤਰ ਹਵਾਵਾਂ।
ਐੱਨਓਏਏ ਨੂੰ ਆਸ ਹੈ ਕਿ ਹਰੀਕੇਨ ਦੇ ਮੌਸਮ ਦੇ ਅੰਤ ਤੱਕ 17 ਤੋਂ 24 ਵਿਚਾਲੇ ਊਸ਼ਣ-ਕਟੀਬੰਧ ਤੂਫ਼ਾਨ ਆਉਣਗੇ, ਜਿਨ੍ਹਾਂ ਵਿੱਚ ਅੱਠ ਤੋਂ 13 ਹਰੀਕੇਨ ਬਣ ਸਕਦੇ ਹਨ ਅਤੇ ਚਾਰ ਤੋਂ ਸੱਤ ਵੱਡੇ ਹੋ ਸਕਦੇ ਹਨ।
ਇੱਕ ਅਟਲਾਂਟਿਕ ਸੀਜ਼ਨ ਵਿੱਚ ਸਭ ਤੋਂ ਵੱਡੇ ਹਰੀਕੇਨਾਂ ਦੀ ਗਿਣਤੀ ਸੱਤ ਹੈ, ਜੋ 2005 ਅਤੇ 2020 ਦੋਵਾਂ ਵਿੱਚ ਦੇਖੀ ਗਈ। ਐੱਨਓਏਏ ਨੇ ਭਵਿੱਖਬਾਣੀ ਕੀਤੀ ਹੈ ਕਿ 2024 ਵੀ ਇਸ ਦੇ ਨੇੜੇ ਆ ਸਕਦਾ ਹੈ।
ਮਸਰੂਫ਼ ਤੂਫ਼ਾਨੀ ਮੌਸਮ ਦੇ ਪਿੱਛੇ ਕੀ ਕਾਰਨ ਹਨ?
ਮਾਹਰਾਂ ਦਾ ਕਹਿਣਾ ਹੈ ਕਿ ਸਮੁੰਦਰੀ ਸਤਹਿ ਦਾ ਰਿਕਾਰਡ ਤਾਮਾਨ ਅੰਸ਼ਿਕ ਤੌਰ ʼਤੇ ਇਸ ਲਈ ਜ਼ਿੰਮੇਵਾਰ ਹੈ, ਇਸ ਤੋਂ ਇਲਾਵਾ ਖੇਤਰੀ ਮੌਸਮ ਪੈਟਰਨ ਵਿੱਚ ਸੰਭਾਵਿਤ ਬਦਲਾਅ ਵੀ ਇਸ ਦਾ ਇੱਕ ਮੁੱਖ ਕਾਰਨ ਹੈ।
ਐਲਨੀਨੋ ਮੌਸਮੀ ਪੈਟਰਨ ਦਾ ਕਮਜ਼ੋਰ ਹੋਣਾ ਅਤੇ ਲਾ ਨੀਨਾ ਸਥਿਤੀਆਂ ਵਿੱਚ ਸੰਭਾਵਿਤ ਬਦਲਾਅ ਕਾਰਨ ਅਟਲਾਂਟਿਕ ਵਿੱਚ ਇਨ੍ਹਾਂ ਤੂਫ਼ਾਨਾਂ ਲਈ ਵਧੇਰੇ ਅਨੁਕੂਲ ਸਥਿਤੀਆਂ ਪੈਦਾ ਹੁੰਦੀਆਂ ਹਨ।
ਐੱਨਓਏਏ ਦੇ ਭਵਿੱਖਬਾਣੀ ਕਰਨ ਵਾਲੇ ਜਲਵਾਯੂ ਕੇਂਦਰ ਦੇ ਮੁਖੀ ਮੈਥਿਊ ਰੋਸੇਨਕ੍ਰੈਨਸ ਦਾ ਕਹਿਣਾ, "ਹਰੀਕੇਨ ਬੇਰਿਲ ( 2024 ਦੇ ਜੂਨ ਦੇ ਅੰਤ ਅਤੇ ਜੁਲਾਈ ਦੇ ਸ਼ੁਰੂ ਵਿੱਚ) ਅੰਟਲਾਂਟਿਕ ਬੇਸਿਨ ਵਿੱਚ ਕਈ ਲੰਬੇ ਚਿਰ ਤੋਂ ਚੱਲੇ ਆ ਰਹੇ ਰਿਕਾਰਡ ਤੋੜ ਦਿੱਤੇ ਅਤੇ ਅਸੀਂ ਮੌਸਮ ਦੇ ਜਲਵਾਯੂ ਸਬੰਧੀ ਲੱਛਣਾਂ ʼਤੇ ਨਜ਼ਰ ਰੱਖ ਰਹੇ ਹਾਂ।"
ਅਟਲਾਂਟਿਕ ਦੇ ਉਲਟ ਐੱਨਓਏਏ ਨੇ ਪਹਿਲਾਂ ਹੀ ਕੇਂਦਰੀ ਪ੍ਰਸ਼ਾਂਤ ਖੇਤਰ ਵਿੱਚ "ਆਮ ਤੋਂ ਹੇਠਾਂ" ਹਰੀਕੇਨ ਦੀ ਮੌਸਮ ਦੀ ਭਵਿੱਖਬਾਣੀ ਕੀਤੀ ਸੀ।
ਹਰੀਕੇਨਾਂ ਨੂੰ ਨਾਮ ਕਿਉਂ ਦਿੱਤੇ ਜਾਂਦੇ ਹਨ?
ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂਐੱਮਓ) ਵੱਲੋਂ ਤੈਅ ਕੀਤੇ ਹਰੀਕੇਨਾਂ ਦੇ ਨਾਵਾਂ ਦੀਆਂ ਛੇ ਸੂਚੀਆਂ ਹਨ।
ਇਨ੍ਹਾਂ ਹਰੇਕ ਛੇ ਸਾਲਾਂ ਵਿੱਚ ਦੁਹਰਾਇਆ ਜਾਂਦਾ ਹੈ।
ਡਬਲਯੂਐੱਮਓ ਦਾ ਕਹਿਣਾ ਹੈ ਕਿ ਹਰੀਕੇਨਾਂ ਦੇ ਨਾਮ ਰੱਖਣਾ, ਚੇਤਾਵਨੀ ਦੇਣ, ਲੋਕਾਂ ਨੂੰ ਜਾਗਰੂਕ ਕਰਨ ਅਤੇ ਤਿਆਰੀਆਂ ਨੂੰ ਵਧਾਉਣ ਦਾ ਸਭ ਤੋਂ ਤੇਜ਼ ਤਰੀਕਾ ਹੈ।
2024 ਅਟਲਾਂਟਿਕ ਹਰੀਕੇਨ ਮੌੰਸਮ ਦੇ ਨਾਮ ਹਨ, ਅਲਬਰਟੋ, ਬੇਰਿਲ, ਕ੍ਰਿਸ, ਡੇਬੀ, ਅਰਨੇਸਟੋ, ਫ੍ਰਾਂਸੀਨ, ਗੋਰਡਨ, ਹੈਲਨ, ਆਈਜ਼ੈਕ, ਜੋਇਸ, ਕਿਰਕ, ਲੈਸਲੀ, ਮਿਲਟਨ, ਨਦੀਨ, ਆਸਕਰ, ਪੈਟੀ, ਰਾਫੇਲ, ਸਾਰਾ, ਟੋਨੀ, ਵੈਲੇਰੀ ਅਤੇ ਵਿਲੀਅਮ।
ਹਰੀਕੇਨਾਂ 'ਤੇ ਜਲਵਾਯੂ ਪਰਿਵਰਤਨ ਦਾ ਕੀ ਪ੍ਰਭਾਵ ਹੈ?
ਹਾਲਾਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਜਲਵਾਯੂ ਪਰਿਵਰਤਨ ਜ਼ਿਆਦਾ ਹਰੀਕੇਨ ਪੈਦਾ ਕਰ ਰਿਹਾ ਹੈ, ਇਹ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨਾਂ ਨੂੰ ਵਧੇਰੇ ਸੰਭਾਵਿਤ ਬਣਾ ਰਿਹਾ ਹੈ ਅਤੇ ਭਾਰੀ ਬਾਰਸ਼ ਲਿਆ ਰਿਹਾ ਹੈ।
ਉਦਾਹਰਨ ਲਈ, ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 2005 ਵਿੱਚ ਹਰੀਕੇਨ ਕੈਟਰੀਨਾ ਕਾਰਨ ਆਏ ਹੜ੍ਹ ਦੀਆਂ ਉਚਾਈਆਂ, ਅਮਰੀਕਾ ਦੇ ਸਭ ਤੋਂ ਘਾਤਕ ਤੂਫਾਨਾਂ ਵਿੱਚੋਂ ਇੱਕ ਸਨ।
ਇਹ 1900 ਦੇ ਮੌਸਮ ਵਿੱਚ ਹੋਣ ਵਾਲੀਆਂ ਸਥਿਤੀਆਂ ਨਾਲੋਂ 15-60 ਫੀਸਦ ਵੱਧ ਸਨ।
ਹਰੀਕੇਨ ਹੋਰ ਵੀ ਖ਼ਤਰੇ ਪੈਦਾ ਕਰਦੇ ਹਨ, ਜਿਵੇਂ ਬਰਸਾਤ ਅਤੇ ਤਟੀ ਹੜ੍ਹ, ਜੋ ਆਮ ਤੌਰ ʼਤੇ ਜਲਵਾਯੂ ਪਰਿਵਰਤਨ ਕਾਰਨ ਹੋਰ ਵੀ ਬਦਤਰ ਹੁੰਦੇ ਰਹੇ ਹਨ।
ਇਸ ਵਿਚਾਲੇ ਪੈਦਾ ਹੋਈਆਂ ਤੂਫ਼ਾਨੀ ਲਹਿਰਾਂ, ਹਰੀਕੇਨਾਂ ਕਾਰਨ ਸਮੁੰਦਰ ਵਿੱਚ ਕਲਪਨਾ ਤੋਂ ਪਰੇ ਹੋਇਆ ਵਾਧਾ, ਹੁਣ ਉੱਚੇ ਸ਼ਿਖ਼ਰ ʼਤੇ ਹੋ ਰਿਹਾ ਹੈ।
ਟੈਕਸਾਸ ਏਐਂਡਐੱਮ ਯੂਨੀਵਰਸਿਟੀ ਦੇ ਵਾਯੂਮੰਡਲ ਵਿਗਿਆਨ ਦੇ ਪ੍ਰੋਫੈਸਰ ਐਂਡਰਿਊ ਡੇਸਲਰ ਨੇ ਕਿਹਾ, "ਸਮੁੰਦਰੀ ਪੱਧਰ ਦੇ ਵਾਧਣ ਹੜ੍ਹ ਦੀ ਡੂੰਘਾਈ ਵਧ ਜਾਂਦੀ ਹੈ, ਜਿਸ ਕਾਰਨ ਅਜੋਕੇ ਹਰੀਕੇਨ ਪਿਛਲੇ ਸਾਲਾਂ ਦੇ ਹਰੀਕੇਨ ਨਾਲੋਂ ਵਧੇਰੇ ਨੁਕਸਾਨਦੇਹ ਹੋ ਜਾਂਦੇ ਹਨ।"
ਸਰਗਰਮ ਪਹਿਲੇ ਅੰਦਾਜ਼ਿਆਂ ਦੇ ਮੱਦੇਨਜ਼ਰ, ਖੋਜਕਾਰ ਇਸ ਗੱਲ ʼਤੇ ਜ਼ੋਰ ਦਿੰਦੇ ਹਨ ਕਿ ਜਨਤਾ ਨੂੰ ਇਹਨਾਂ ਤੂਫਾਨਾਂ ਦੇ ਖ਼ਤਰਿਆਂ ਤੋਂ ਜਾਣੂ ਹੋਣ ਦੀ ਲੋੜ ਹੈ। ਖ਼ਾਸ ਤੌਰ 'ਤੇ "ਤੇਜ਼ੀ ਨਾਲ ਤੀਬਰ ਘਟਨਾਵਾਂ", ਜਿੱਥੇ ਹੀਰਕੇਨ ਦੀ ਹਵਾ ਦੀ ਗਤੀ ਬਹੁਤ ਤੇਜ਼ੀ ਨਾਲ ਵਧਦੀ ਹੈ, ਇਸ ਲਈ ਇਹ ਬੇਹੱਦ ਖ਼ਤਰਨਾਕ ਹੋ ਸਕਦੀ ਹੈ।
ਅਮਰੀਕਾ ਵਿੱਚ ਰੋਵਾਨ ਯੂਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫੈਸਰ ਐਂਡਰਾ ਗਾਰਨਰ ਦਾ ਕਹਿਣਾ ਹੈ, "ਅਸੀਂ ਪਹਿਲਾਂ ਤੋਂ ਹੀ ਅਟਲਾਂਟਿਕ ਹਰੀਕੇਨਾਂ ਦੀ ਤੀਬਰਤਾ ਵਿੱਚ ਸਭ ਤੋਂ ਤੇਜ਼ ਵਾਧਾ ਦੇਖ ਰਹੇ ਹਾਂ, ਜਿਸ ਦਾ ਅਰਥ ਹੈ ਕਿ ਅਸੀਂ ਆਪਣੇ ਤਟੀ ਭਾਈਚਾਰਿਆਂ ਲਈ ਖ਼ਤਰਿਆਂ ਵਿੱਚ ਵਾਧਾ ਦੇਖ ਰਹੇ ਹਾਂ।"
ਪੂਰੇ ਵਿਸ਼ਵ ਵਿੱਚ ਅਸਰ
ਸੰਯੁਕਤ ਰਾਸ਼ਟਰ ਦੀ ਜਲਵਾਯੂ ਸੰਸਥਾ, ਆਈਪੀਸੀਸੀ ਦੇ ਅਨੁਸਾਰ, ਵਿਸ਼ਵ ਪੱਧਰ 'ਤੇ ਊਸ਼ਣ ਕਟੀਬੰਦੀ ਦੇਸ਼ਾਂ ਦੇ ਚੱਕਰਵਾਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਨਹੀਂ ਹੈ।
ਪਰ ਜਿਵੇਂ-ਜਿਵੇਂ ਸੰਸਾਰ ਗਰਮ ਹੁੰਦਾ ਜਾ ਰਿਹਾ ਹੈ, ਇਹ "ਬੇਹੱਦ ਸੰਭਾਵਨਾ" ਹੈ ਕਿ ਉਨ੍ਹਾਂ ਸਾਲਾਂ ਦੀ ਦਰ ਵਧੇਰੇ ਹੋਵੇਗਾ ਅਤੇ ਹਾਵਾ ਦੀ ਗਤੀ ਵੀ ਵੱਧ ਹੋਵੇਗੀ।
ਇਸ ਦਾ ਮਤਲਬ ਹੈ ਕਿ ਚੱਕਰਵਾਤਾਂ ਦਾ ਇੱਕ ਵੱਡਾ ਹਿੱਸਾ ਸਭ ਤੋਂ ਤੀਬਰ ਸ਼੍ਰੇਣੀ ਚਾਰ ਅਤੇ ਪੰਜ ਵਿੱਚ ਪਹੁੰਚ ਜਾਵੇਗਾ।
ਜਿੰਨਾ ਜ਼ਿਆਦਾ ਗਲੋਬਲ ਤਾਪਮਾਨ ਵਧੇਗਾ, ਇਹ ਬਦਲਾਅ ਓਨੇ ਹੀ ਜ਼ਿਆਦਾ ਗੰਭੀਰ ਹੋਣਗੇ।
ਆਈਪੀਸੀਸੀ ਦਾ ਕਹਿਣਾ ਹੈ ਕਿ ਜੇਕਰ ਵਿਸ਼ਵ ਦਾ ਤਾਪਮਾਨ 1.5C ਤੱਕ ਸੀਮਤ ਰੱਖਿਆ ਜਾਵੇ ਤਾਂ ਸ਼੍ਰੇਣੀ ਚਾਰ ਅਤੇ ਪੰਜ ਤੱਕ ਪਹੁੰਚਣ ਵਾਲੇ ਊਸ਼ਣ ਕਟੀਬੰਦੀ ਦੇਸ਼ਾਂ ਦੇ ਚੱਕਰਵਾਤਾਂ ਦਾ ਅਨੁਪਾਤ ਲਗਭਗ 10 ਫੀਸਦ ਵਧ ਸਕਦਾ ਹੈ, ਜੋ 2C 'ਤੇ 13 ਫੀਸਦ ਅਤੇ 4C 'ਤੇ 20 ਫੀਸਦ ਤੱਕ ਵਧਦਾ ਹੈ। ਹਾਲਾਂਕਿ ਸਹੀ ਅੰਕੜੇ ਅਨਿਸ਼ਚਿਤ ਹਨ।
ਸਮੁੱਚੇ ਤੌਰ 'ਤੇ ਆਈਪੀਸੀਸੀ ਨੇ ਇਹ ਸਿੱਟਾ ਕੱਢਿਆ ਹੈ ਕਿ ਇਸ ਗੱਲ ਵਿੱਚ "ਉੱਚ ਵਿਸ਼ਵਾਸ" ਹੈ ਕਿ ਮਨੁੱਖਾਂ ਨੇ ਊਸ਼ਣ ਕਟੀਬੰਦੀ ਦੇਸ਼ਾਂ ਦੇ ਚੱਕਰਵਾਤਾਂ ਨਾਲ ਸੰਬੰਧਿਤ ਵਰਖਾ ਵਿੱਚ ਵਾਧੇ ਵਿੱਚ ਯੋਗਦਾਨ ਪਾਇਆ ਹੈ, ਅਤੇ "ਮੱਧਮ ਵਿਸ਼ਵਾਸ" ਹੈ ਕਿ ਮਨੁੱਖਾਂ ਨੇ ਇੱਕ ਊਸ਼ਣ ਕਟੀਬੰਦੀ ਚੱਕਰਵਾਤ ਦੇ ਵਧੇਰੇ ਤੀਬਰ ਹੋਣ ਦੀ ਉੱਚ ਸੰਭਾਵਨਾ ਵਿੱਚ ਯੋਗਦਾਨ ਪਾਇਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ