ਟਰੰਪ ਨੂੰ ਅਯੋਗ ਠਹਿਰਾਉਣ ਲਈ 14ਵੀਂ ਸੋਧ ਯੋਜਨਾ ਕੀ ਹੈ

    • ਲੇਖਕ, ਸੈਮ ਕੈਬਰਾਲ ਅਤੇ ਕਾਇਲਾ ਐਪਸਟੀਨ
    • ਰੋਲ, ਬੀਬੀਸੀ ਨਿਊਜ਼

ਸਾਲ 2024 ਦੀ ਅਮਰੀਕੀ ਰਾਸ਼ਟਰਪਤੀ ਚੋਣ ਲਈ ਡੌਨਲਡ ਟਰੰਪ ਨੂੰ ਅਯੋਗ ਠਹਿਰਾਉਣ ਲਈ ਕਈ ਅਮਰੀਕੀ ਰਾਜਾਂ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਕਾਨੂੰਨੀ ਕੋਸ਼ਿਸ਼ ਨੇ ਕੋਲੋਰਾਡੋ ਵਿੱਚ ਹੈਰਾਨੀਜਨਕ ਜਿੱਤ ਦਰਜ ਕੀਤੀ ਹੈ।

ਇਸ ਪ੍ਰਕਿਰਿਆ ਵਿੱਚ ਅਮਰੀਕੀ ਸੰਵਿਧਾਨ ਦੇ ਬਹੁਤ ਹੀ ਘੱਟ ਵਰਤੇ ਜਾਣ ਵਾਲੇ ਉਪਬੰਧ - 14ਵੀਂ ਸੋਧ ਦੀ ਧਾਰਾ 3 - ਦੀ ਵਰਤੋਂ ਕਰਕੇ ਟਰੰਪ ਨੂੰ ਮੁੱਢਲੇ ਮਤਦਾਨ ਤੋਂ ਰੋਕਣ ਦੀ ਕੋਸ਼ਿਸ਼ ਕਰਨਾ ਸ਼ਾਮਲ ਹੈ - ਜੋ ਦੇਸ਼ ਦੇ ਖਿਲਾਫ਼ ‘ਵਿਦਰੋਹ ਜਾਂ ਬਗਾਵਤ ਵਿੱਚ ਸ਼ਾਮਲ’ ਲੋਕਾਂ ਨੂੰ ਸੰਘੀ ਅਹੁਦੇ ’ਤੇ ਬਣੇ ਰਹਿਣ ਤੋਂ ਰੋਕਦਾ ਹੈ।

ਸ਼ੁਰੂਆਤ ਵਿੱਚ ਉਦਾਰਵਾਦੀ ਕਾਰਕੁਨਾਂ ਦੁਆਰਾ ਸਮਰਥਨ ਪ੍ਰਾਪਤ ਇਸ ਥਿਊਰੀ ਨੂੰ ਹਾਲ ਹੀ ਦੇ ਮਹੀਨਿਆਂ ਵਿੱਚ ਜ਼ਿਆਦਾ ਪ੍ਰਮੁੱਖਤਾ ਮਿਲੀ ਕਿਉਂਕਿ ਕੁਝ ਰੂੜੀਵਾਦੀਆਂ ਨੇ ਵੀ ਇਸ ਨੂੰ ਅਪਣਾ ਲਿਆ।

ਕੋਲੋਰਾਡੋ ਸੁਪਰੀਮ ਕੋਰਟ ਨੇ ਇਸ ਥਿਊਰੀ ਦਾ ਪੱਖ ਲੈਣ ਵਿੱਚ ਪਹਿਲ ਕੀਤੀ ਜਿਸ ਨਾਲ ਕ੍ਰਿਸਮਿਸ ਤੋਂ ਇੱਕ ਹਫ਼ਤੇ ਪਹਿਲਾਂ ਪ੍ਰਕਾਸ਼ਿਤ ਇੱਕ ਫੈਸਲੇ ਵਿੱਚ ਟਰੰਪ ਨੂੰ ਦੇਸ਼ ਦੇ 2024 ਦੇ ਰਾਸ਼ਟਰਪਤੀ ਪਦ ਦੀ ਚੋਣ ਤੋਂ ਹਟਾ ਦਿੱਤਾ ਸੀ।

ਇਹ ਪਹਿਲੀ ਵਾਰ ਹੈ ਕਿ 14ਵੀਂ ਸੋਧ ਦੀ ਧਾਰਾ 3 ਦੀ ਵਰਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਅਯੋਗ ਠਹਿਰਾਉਣ ਲਈ ਕੀਤੀ ਗਈ ਹੈ।

ਅਪੀਲ ਲੰਬਿਤ ਰਹਿਣ ਤੱਕ ਇਹ ਫੈਸਲਾ ਜਨਵਰੀ ਤੱਕ ਰੁਕਿਆ ਹੋਇਆ ਹੈ ਅਤੇ ਕੋਲੋਰਾਡੋ ਤੋਂ ਬਾਹਰਲੇ ਰਾਜਾਂ ’ਤੇ ਲਾਗੂ ਨਹੀਂ ਹੁੰਦਾ।

ਦੂਜੇ ਰਾਜਾਂ ਵਿੱਚ ਟਰੰਪ ਨੂੰ ਚੋਣ ਤੋਂ ਬਾਹਰ ਕਰਨ ਦੀਆਂ ਕਈ ਕੋਸ਼ਿਸ਼ਾਂ ਹੁਣ ਤੱਕ ਅਸਫਲ ਰਹੀਆਂ ਹਨ।

ਆਲੋਚਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਜਿਹੇ ਮਾਮਲੇ ਅੱਗੇ ਵਧਦੇ ਹਨ, ਤਾਂ ਇਸ ਨਾਲ ਸਾਬਕਾ ਰਾਸ਼ਟਰਪਤੀ ਨੂੰ ਵ੍ਹਾਈਟ ਹਾਊਸ ਵਿੱਚ ਵਾਪਸ ਜਾਣਾ ਚਾਹੀਦਾ ਹੈ ਜਾਂ ਨਹੀਂ, ਇਸ ’ਤੇ ਆਪਣਾ ਫੈਸਲਾ ਦੇਣ ਦਾ ਵੋਟਰਾਂ ਦਾ ਅਧਿਕਾਰ ਖੋਹਣ ਦਾ ਖਤਰਾ ਹੈ।

ਤਿੰਨ ਹੋਰ ਰਾਜਾਂ ਵਿੱਚ ਅਜਿਹੀਆਂ ਚੁਣੌਤੀਆਂ ਪਹਿਲਾਂ ਹੀ ਰੁਕੀਆਂ ਹੋਈਆਂ ਹਨ।

ਨਿਊ ਹੈਂਪਸ਼ਾਇਰ ਵਿੱਚ ਇੱਕ ਮੁਕੱਦਮਾ ਖਾਰਜ ਕਰ ਦਿੱਤਾ ਗਿਆ; ਮਿਸ਼ੀਗਨ ਵਿੱਚ ਇੱਕ ਜੱਜ ਨੇ ਫੈਸਲਾ ਸੁਣਾਇਆ ਕਿ ਇਹ ‘ਇੱਕ ਗੈਰ-ਇਨਸਾਫ਼ੀ, ਰਾਜਨੀਤਕ’ ਮੁੱਦਾ ਹੈ ਜਿਸ ਦਾ ਫੈਸਲਾ ਕਾਂਗਰਸ ਦੁਆਰਾ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਰਾਜ ਵੱਲੋਂ।

ਇਸ ਦੇ ਨਾਲ ਹੀ ਮਿਨੇਸੋਟਾ ਦੀ ਇੱਕ ਅਦਾਲਤ ਨੇ ਮੁੱਢਲੀ ਚੋਣ ਤੋਂ ਪਹਿਲਾਂ ਦੀ ਕੋਸ਼ਿਸ਼ ਨੂੰ ਖਾਰਜ ਕਰ ਦਿੱਤਾ, ਪਰ ਪਟੀਸ਼ਨਰਾਂ ਲਈ ਆਮ ਚੋਣ ਬੈਲਟ ’ਤੇ ਇੱਕ ਹੋਰ ਚੁਣੌਤੀ ਦਾਇਰ ਕਰਨ ਲਈ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ।

ਪਹਿਲਾਂ ਨਾ ਪਰਖਿਆ ਗਿਆ ਇਹ ਕਾਨੂੰਨੀ ਦਾਅ ਸਾਬਕਾ ਰਾਸ਼ਟਰਪਤੀ ਦੀ ਉਮੀਦਵਾਰੀ ਨੂੰ ਰੋਕਣ ਦਾ ਆਖਰੀ ਯਤਨ ਹੈ ਜੋ ਆਪਣੇ ਅਧਾਰ ਨਾਲ ਹਰਮਨਪਿਆਰਾ ਬਣਿਆ ਹੋਇਆ ਹੈ।

ਇਸ ਦਾ ਅੰਤਮ ਆਰਬਿਟਰ ਸੰਭਾਵੀ ਤੌਰ ’ਤੇ ਕੰਜਰਵੇਟਿਵ ਸੁਪਰੀਮ ਕੋਰਟ ਹੋਵੇਗਾ ਜਿਸ ਨੂੰ ਟਰੰਪ ਨੇ ਸ਼ੇਪ ਦੇਣ ਵਿੱਚ ਸਹਾਇਤਾ ਕੀਤੀ ਸੀ।

ਕੋਲੋਰਾਡੋ ਕੇਸ ਵਿੱਚ ਅਜਿਹਾ ਜਾਪਦਾ ਹੈ ਕਿ ਉਸ ਦੀ ਮੁਹਿੰਮ ਦਾ ਉਦੇਸ਼ ਉਨ੍ਹਾਂ ਦੀਆਂ ਦਲੀਲਾਂ ਨੂੰ ਦੇਸ਼ ਦੇ ਅੰਤਮ ਕਾਨੂੰਨੀ ਸਾਲਸ ਦੇ ਸਾਹਮਣੇ ਲਿਆਉਣਾ ਹੈ।

ਥਿਊਰੀ ਕੀ ਹੈ?

ਅਮਰੀਕੀ ਗ੍ਰਹਿ ਯੁੱਧ ਤੋਂ ਬਾਅਦ 14ਵੀਂ ਸੋਧ ਨੂੰ ਪ੍ਰਵਾਨਗੀ ਦਿੱਤੀ ਗਈ ਸੀ, ਅਤੇ ਦੱਖਣੀ ਰਾਜਾਂ ਦੇ ਸੰਘ ਵਿੱਚ ਫਿਰ ਤੋਂ ਸ਼ਾਮਲ ਹੋਣ ਤੋਂ ਬਾਅਦ ਵੱਖਵਾਦੀਆਂ ਨੂੰ ਪਿਛਲੇ ਸਰਕਾਰੀ ਅਹੁਦਿਆਂ ’ਤੇ ਵਾਪਸ ਜਾਣ ਤੋਂ ਰੋਕਣ ਲਈ ਧਾਰਾ 3 ਨੂੰ ਲਗਾਇਆ ਗਿਆ ਸੀ।

ਇਸ ਦੀ ਵਰਤੋਂ ਕਨਫੈਡਰੇਟ ਦੇ ਪ੍ਰਧਾਨ ਜੇਫਰਸਨ ਡੇਵਿਸ ਅਤੇ ਉਨ੍ਹਾਂ ਦੇ ਉਪ-ਪ੍ਰਧਾਨ ਅਲੈਗਜ਼ੈਂਡਰ ਸਟੀਫਨਜ਼ ਵਰਗੇ ਵਿਅਕਤੀਆਂ ਖਿਲਾਫ਼ ਕੀਤੀ ਗਈ ਸੀ।

ਉਨ੍ਹਾਂ ਦੋਵਾਂ ਨੇ ਕਾਂਗਰਸ ਵਿੱਚ ਸੇਵਾਵਾਂ ਦਿੱਤੀਆਂ ਸਨ, ਪਰ ਉਦੋਂ ਤੋਂ ਸ਼ਾਇਦ ਹੀ ਕਦੇ ਇਸ ਦੀ ਵਰਤੋਂ ਕੀਤੀ ਗਈ ਹੋਵੇ।

ਇਹ ਟਰੰਪ ਦੀ 2020 ਦੀਆਂ ਚੋਣਾਂ ਵਿੱਚ ਹੋਈ ਹਾਰ ਨੂੰ ਉਲਟਾਉਣ ਦੇ ਯਤਨਾਂ ਦੇ ਮੱਦੇਨਜ਼ਰ ਇੱਕ ਰਾਜਨੀਤਿਕ ਫਲੈਸ਼ਪੁਆਇੰਟ ਦੇ ਰੂਪ ਵਿੱਚ ਦੁਬਾਰਾ ਉਭਰਿਆ, ਜਿਸ ਦਾ ਅੰਤ ਜਨਵਰੀ 2021 ਵਿੱਚ ਯੂਐੱਸ ਕੈਪੀਟਲ ਵਿੱਚ ਦੰਗੇ ਦੇ ਰੂਪ ਵਿੱਚ ਹੋਇਆ।

ਇਸ ਦੰਗੇ ਦੇ ਬਾਅਦ ਅਮਰੀਕੀ ਪ੍ਰਤੀਨਿਧੀ ਸਭਾ ਨੇ ‘ਵਿਦਰੋਹ ਨੂੰ ਭੜਕਾਉਣ’ ਦੇ ਦੋਸ਼ ਵਿੱਚ ਤਤਕਾਲੀ ਰਾਸ਼ਟਰਪਤੀ ’ਤੇ ਮਹਾਂਦੋਸ਼ ਲਗਾਇਆ।

ਜੇ ਯੂਐੱਸ ਸੈਨੇਟ ਨੇ ਉਨ੍ਹਾਂ ਨੂੰ ਦੋਸ਼ੀ ਠਹਿਰਾਉਣ ਲਈ ਮਤਦਾਨ ਕੀਤਾ ਹੁੰਦਾ ਤਾਂ ਇਸ ਕੋਲ ਉਨ੍ਹਾਂ ਨੂੰ ਦੁਬਾਰਾ ਪਦ ’ਤੇ ਕੰਮ ਕਰਨ ਤੋਂ ਰੋਕਣ ਲਈ ਦੂਜਾ ਸਾਧਾਰਨ-ਬਹੁਮਤ ਵਾਲਾ ਵੋਟ ਲੈਣ ਦਾ ਵਿਕਲਪ ਹੁੰਦਾ।

ਪਰ ਅਜਿਹਾ ਕਦੇ ਨਹੀਂ ਹੋਇਆ: ਸੈਨੇਟ ਟਰੰਪ ਨੂੰ ਦੋਸ਼ੀ ਠਹਿਰਾਉਣ ਲਈ ਲੋੜੀਂਦੇ ਦੋ-ਤਿਹਾਈ ਬਹੁਮਤ ਤੱਕ ਪਹੁੰਚਣ ਵਿੱਚ ਅਸਫਲ ਰਹੀ, ਇਸ ਲਈ ਕੋਈ ਦੂਜੀ ਵੋਟ ਨਹੀਂ ਹੋਈ।

ਕੀ ਧਾਰਾ 3 ਟਰੰਪ ’ਤੇ ਲਾਗੂ ਹੁੰਦੀ ਹੈ?

‘ਫ੍ਰੀ ਸਪੀਚ ਫਾਰ ਪੀਪਲ’ ਇੱਕ ਗਰੁੱਪ ਹੈ, ਉਹ ਤਰਕ ਦਿੰਦਾ ਰਿਹਾ ਹੈ ਕਿ ਅਜਿਹਾ ਹੁੰਦਾ ਹੈ।

ਪਿਛਲੇ ਸਾਲ, ਗਰੁੱਪ ਨੇ ਪੰਜ ਟਰੰਪ ਸਮਰਥਕ ਸੰਸਦ ਮੈਂਬਰਾਂ ਵਿਰੁੱਧ ਚੁਣੌਤੀਆਂ ਦਾਇਰ ਕੀਤੀਆਂ ਸਨ ਜਿਨ੍ਹਾਂ ਨੂੰ ਉਸ ਨੇ ‘ਵਿਦਰੋਹੀ’ ਕਰਾਰ ਦਿੱਤਾ ਸੀ।

ਇੱਕ ਜਾਰਜੀਆ ਦੀ ਕਾਂਗਰਸ ਮਹਿਲਾ ਮਾਰਜੋਰੀ ਟੇਲਰ ਗ੍ਰੀਨ ਦੇ ਖਿਲਾਫ਼ ਅਦਾਲਤ ਵਿੱਚ ਸੁਣਵਾਈ ਹੋਈ, ਪਰ ਅੰਤ ਵਿੱਚ ਹਾਰ ਗਈ।

ਸੰਗਠਨ ਦੇ ਕਾਨੂੰਨੀ ਨਿਰਦੇਸ਼ਕ ਰੋਨ ਫੀਨ ਦਾ ਤਰਕ ਹੈ ਕਿ 14ਵੀਂ ਸੋਧ ਸਿਰਫ਼ ਸਿਵਲ ਯੁੱਧ ਤੋਂ ਬਾਅਦ ਦੇ ਯੁੱਗ ਵਿੱਚ ਲਾਗੂ ਕਰਨ ਲਈ ਨਹੀਂ ਲਿਖੀ ਗਈ ਸੀ, ਬਲਕਿ ਭਵਿੱਖ ਵਿੱਚ ਹੋਣ ਵਾਲੇ ਵਿਦਰੋਹਾਂ ਲਈ ਵੀ ਲਿਖੀ ਗਈ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਯੂਐੱਸ ਕੈਪੀਟਲ ਦੰਗੇ ਇਸ ਲਈ ਸਫਲ ਹੋਏ ਕਿਉਂਕਿ ‘‘ਸਾਡੇ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੱਤਾ ਦੇ ਸ਼ਾਂਤਮਈ ਤਬਾਦਲੇ ਵਿੱਚ ਦੇਰੀ ਹੋਈ, ਜੋ ਕਿ ਕਨਫੈਡਰੇਟਸ ਦੀ ਤੁਲਨਾ ਵਿੱਚ ਕਿਧਰੇ ਜ਼ਿਆਦਾ ਹੈ।’’

ਫੀਨ ਨੇ ਕਿਹਾ, ‘‘ਜਿਨ੍ਹਾਂ ਖ਼ਾਸ ਉਮੀਦਵਾਰਾਂ ਨੂੰ ਅਸੀਂ 2022 ਵਿੱਚ ਚੁਣੌਤੀ ਦਿੱਤੀ ਸੀ, ਉਨ੍ਹਾਂ ਨੇ ਉਨ੍ਹਾਂ ਯਤਨਾਂ ਵਿੱਚ ਹਿੱਸਾ ਲਿਆ ਜਾਂ ਸਹਾਇਤਾ ਕੀਤੀ ਸੀ ਜਿਸ ਕਾਰਨ ਵਿਦਰੋਹ ਹੋਇਆ।’’

ਉਨ੍ਹਾਂ ਨੇ ਤਰਕ ਦਿੱਤਾ ਕਿ ਇਨ੍ਹਾਂ ਸਾਰੇ ਮਾਮਲਿਆਂ ਨੇ ਮਹੱਤਵਪੂਰਨ ਕਾਨੂੰਨੀ ਮਿਸਾਲਾਂ ਸਥਾਪਿਤ ਕੀਤੀਆਂ ਜਿਨ੍ਹਾਂ ਨੂੰ ਇਹ ਦਰਸਾਉਣ ਲਈ ਲਾਗੂ ਕੀਤਾ ਜਾ ਸਕਦਾ ਹੈ ਕਿ ‘ਟਰੰਪ ਮੁੱਖ ਵਿਦਰੋਹਵਾਦੀ ਹੈ।’

ਨਿਊ ਮੈਕਸੀਕੋ ਵਿੱਚ ਸਿਟੀਜ਼ਨਜ਼ ਫਾਰ ਰਿਸਪੌਂਸੀਬਿਲਟੀ ਐਂਡ ਐਥਿਕਸ ਇਨ ਵਾਸ਼ਿੰਗਟਨ (ਕਰੂ) ਵਾਚਡੌਗ ਸਮੂਹ ਦੁਆਰਾ ਦਿੱਤੀ ਗਈ ਇੱਕ ਚੁਣੌਤੀ ਵਿੱਚ ਕੈਪੀਟਲ ਦੰਗਿਆਂ ਵਿੱਚ ਹਿੱਸਾ ਲੈਣ ਵਾਲੇ ਇੱਕ ਸਥਾਨਕ ਕਾਉਂਟੀ ਕਮਿਸ਼ਨਰ ਕੋਏ ਗ੍ਰਿਫਿਨ ਨੂੰ ਧਾਰਾ 3 ਤਹਿਤ ਅਹੁਦੇ ਤੋਂ ਹਟਾ ਦਿੱਤਾ ਗਿਆ।

ਸਾਲ 1869 ਤੋਂ ਬਾਅਦ ਅਜਿਹਾ ਇਹ ਪਹਿਲਾ ਫੈਸਲਾ ਹੈ।

ਇਹ ਕਿਵੇਂ ਅੱਗੇ ਵਧੇਗਾ?

ਕੋਲੋਰਾਡੋ ਵਿੱਚ ਟਰੰਪ ਦੀ ਯੋਗਤਾ ਨੂੰ ਚੁਣੌਤੀ ਦੇਣ ਵਾਲਾ ਮਾਮਲਾ ਛੇ ਰਾਜ ਨਿਵਾਸੀਆਂ ਦੀ ਤਰਫੋਂ ਕਰੂ ਵੱਲੋਂ ਦਾਇਰ ਕੀਤਾ ਗਿਆ ਸੀ।

ਮਿਸ਼ੀਗਨ ਅਤੇ ਮਿਨੇਸੋਟਾ ਵਿੱਚ ਇਸ ਦੀਆਂ ਅਸਫਲ ਕੋਸ਼ਿਸ਼ਾਂ ਦੇ ਬਾਵਜੂਦ, ਫ੍ਰੀ ਸਪੀਚ ਫਾਰ ਪੀਪਲ ਨੇ ਸੰਕੇਤ ਦਿੱਤਾ ਹੈ ਕਿ ਇਹ ਭਵਿੱਖ ਦੀਆਂ ਚੁਣੌਤੀਆਂ ਲਿਆਏਗਾ।

ਕੋਲੋਰਾਡੋ ਵਿੱਚ ਇਸ ਦੀ ਸਫਲਤਾ ਸੰਭਾਵੀ ਤੌਰ ’ਤੇ ਉਸ ਕੋਸ਼ਿਸ਼ ਨੂੰ ਹੋਰ ਅੱਗੇ ਵਧਾਏਗੀ।

ਇਹ ਗਰੁੱਪ ਟਰੰਪ ਨੂੰ ਮੁੱਢਲੀ ਚੋਣ ਤੋਂ ਹਟਾਉਣ ਲਈ ਘੱਟੋ-ਘੱਟ 18 ਰਾਜਾਂ ਦੇ ਚੋਟੀ ਦੇ ਚੋਣ ਅਧਿਕਾਰੀਆਂ ਅੱਗੇ ਵੱਖਰੇ ਤੌਰ ’ਤੇ ਪਟੀਸ਼ਨ ਵੀ ਦਾਇਰ ਕਰ ਰਿਹਾ ਹੈ।

ਹਰੇਕ ਕਾਰਵਾਈ ’ਤੇ ਪਹਿਲਾਂ ਹੀ ਉਮੀਦਵਾਰ ਤੋਂ ਇਤਰਾਜ਼ ਆ ਚੁੱਕਿਆ ਹੈ, ਜਾਂ ਲਾਜ਼ਮੀ ਤੌਰ ’ਤੇ ਆ ਜਾਵੇਗਾ। ਜਿਸ ਨਾਲ ਇੱਕ ਅਜਿਹੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਜੋ ਆਖਿਰਕਾਰ ਟਰੰਪ ਦੀ ਕਿਸਮਤ ਨੂੰ ਅਮਰੀਕੀ ਸੁਪਰੀਮ ਕੋਰਟ ਦੇ ਹੱਥਾਂ ਵਿੱਚ ਸੌਂਪ ਸਕਦੀ ਹੈ।

ਅਗਸਤ ਤੋਂ ਕਾਨੂੰਨੀ ਰਣਨੀਤੀ ਵਿੱਚ ਤੇਜ਼ੀ ਆਈ ਹੈ, ਜਦੋਂ ਟਰੰਪ ’ਤੇ ਦੋ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਚੋਣਾਂ ਵਿੱਚ ਗੜਬੜ ਕਰਨ ਦਾ ਦੋਸ਼ ਲਗਾਇਆ ਗਿਆ ਸੀ।

ਉਸੇ ਮਹੀਨੇ ਰੂੜੀਵਾਦੀ ਕਾਨੂੰਨੀ ਵਿਦਵਾਨ ਵਿਲੀਅਮ ਬੌਡ ਅਤੇ ਮਾਈਕਲ ਸਟੋਕਸ ਪਾਲਸਨ ਨੇ ਇੱਕ ਕਾਨੂੰਨ ਸਮੀਖਿਆ ਪੇਪਰ ਵਿੱਚ ਲਿਖਿਆ ਸੀ ਕਿ ਧਾਰਾ 3 ‘‘ਸਵੈ ਪੱਧਰ ’ਤੇ ਲਾਗੂ ਹੈ, ਕਾਂਗਰਸ ਦੁਆਰਾ ਵਾਧੂ ਕਾਰਵਾਈ ਦੀ ਲੋੜ ਤੋਂ ਬਿਨਾਂ ਇਹ ਦਫ਼ਤਰ ਤੋਂ ਤੁਰੰਤ ਅਯੋਗ ਕਰਾਰ ਦੇਣ ਦੇ ਰੂਪ ਵਿੱਚ ਕੰਮ ਕਰ ਰਹੀ ਹੈ।’’

ਇਨ੍ਹਾਂ ਦੋਵਾਂ ਨੇ ਸਿੱਟਾ ਕੱਢਿਆ ਕਿ ਟਰੰਪ ਨੂੰ ‘‘ਹਰੇਕ ਅਧਿਕਾਰੀ, ਰਾਜ ਜਾਂ ਸੰਘ ਜੋ ਯੋਗਤਾਵਾਂ ਦਾ ਮੁਲਾਂਕਣ ਕਰਦਾ ਹੈ’’ ਦੁਆਰਾ ਮਤਦਾਨ ਲਈ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ।

ਵਿਲੀਅਮ ਬੌਡ ਅਤੇ ਪਾਲਸਨ ਫੈਡਰਲਿਸਟ ਸੁਸਾਇਟੀ ਦੇ ਮੈਂਬਰ ਹਨ, ਜੋ ਇੱਕ ਬਹੁਤ ਪ੍ਰਭਾਵਸ਼ਾਲੀ ਰੂੜੀਵਾਦੀ ਐਡਵੋਕੇਸੀ ਸਮੂਹ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਸੰਵਿਧਾਨ ਦੀ ਵਿਆਖਿਆ ਉਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ ਜਿਵੇਂ ਉਸ ਦੇ ਲੇਖਕ ਉਸ ਸਮੇਂ ਚਾਹੁੰਦੇ ਸਨ ਅਤੇ ਉਨ੍ਹਾਂ ਦੇ ਰੁਖ ਨੂੰ ਰੂੜੀਵਾਦੀ ਸਾਖ ਵਾਲੇ ਹੋਰ ਕਾਨੂੰਨੀ ਮਾਹਰਾਂ ਦੁਆਰਾ ਸਮਰਥਨ ਦਿੱਤਾ ਗਿਆ ਹੈ।

ਬੌਡ-ਪਾਲਸਨ ਦ੍ਰਿਸ਼ਟੀਕੋਣ ਦਾ ਸਮਰਥਨ ਕਰਨ ਵਾਲੇ ਯੇਲ ਸਕੂਲ ਆਫ ਮੈਨੇਜਮੈਂਟ ਦੇ ਡੀਨ ਜੈਫਰੀ ਸੋਨੇਨਫੇਲਡ ਨੇ ਕਿਹਾ ਕਿ ਸੁਪਰੀਮ ਕੋਰਟ, ਆਪਣੀ ਕੰਜ਼ਰਵੇਟਿਵ ਬਹੁਮਤ ਅਤੇ ਟਰੰਪ ਦੁਆਰਾ ਨਿਯੁਕਤ ਜੱਜਾਂ ਦੀ ਤਿਕੜੀ ਦੇ ਨਾਲ, ਉਨ੍ਹਾਂ ਦੀ ਦਲੀਲ ਨੂੰ ਸਵੀਕਾਰ ਕਰ ਸਕਦੀ ਹੈ।

ਰਿਪਬਲਿਕਨ ਮੁੱਢਲੇ ਵੋਟਰ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਚੋਣਾਂ ਕਰਾਉਣ ਵੱਲ ਅੱਗੇ ਵਧ ਰਹੇ ਹਨ, ਇਸ ਲਈ ਕਿਸੇ ਵੀ ਮਾਮਲੇ ਦਾ ਜਲਦੀ ਫੈਸਲਾ ਕੀਤਾ ਜਾਣਾ ਚਾਹੀਦਾ ਹੈ।

ਇਸ ਦੇ ਖਿਲਾਫ਼ ਕੀ ਤਰਕ ਹੈ?

ਵਿਰੋਧੀਆਂ ਨੇ ਸਿਧਾਂਤ ਦੀ ਵਿਹਾਰਕਤਾ ’ਤੇ ਸਵਾਲ ਉਠਾਏ ਹਨ, ਅਤੇ ਕੀ ਇਸ ਨੂੰ ਬਹੁਤ ਪੱਖਪਾਤੀ ਅਮਰੀਕਾ ਵਿੱਚ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਬਲੂਮਬਰਗ ਲਈ ਲਿਖੇ ਇੱਕ ਲੇਖ ਵਿੱਚ ਉਦਾਰਵਾਦੀ ਪ੍ਰੋਫੈਸਰ ਨੋਆ ਫੇਲਡਮੈਨ ਨੇ ਲਿਖਿਆ: ‘‘ਡੌਨਲਡ ਟਰੰਪ ਸਪੱਸ਼ਟ ਰੂਪ ਨਾਲ ਰਾਸ਼ਟਰਪਤੀ ਬਣਨ ਲਈ ਅਯੋਗ ਹਨ। ਪਰ ਉਨ੍ਹਾਂ ਨੂੰ ਚੋਣ ਲੜਨ ਤੋਂ ਰੋਕਣਾ ਵੋਟਰਾਂ ’ਤੇ ਨਿਰਭਰ ਹੈ। ਅਤੀਤ ਦੇ ਜਾਦੂਈ ਸ਼ਬਦ ਸਾਨੂੰ ਨਹੀਂ ਬਚਾ ਸਕਣਗੇ।’’

ਨਿਊ ਹੈਂਪਸ਼ਾਇਰ ਰਿਪਬਲਿਕਨ ਪਾਰਟੀ ਦੇ ਚੇਅਰਮੈਨ ਕ੍ਰਿਸ ਐਗਰ ਨੇ ਕਿਹਾ, ‘‘ਲੋਕ ਜਿਸ ਨੂੰ ਵੋਟ ਪਾਉਣਾ ਚਾਹੁੰਦੇ ਹਨ, ਉਸ ਨੂੰ ਵੋਟ ਪਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਲਈ ਤਸੀਹਾਪੂਰਨ ਕਾਨੂੰਨੀ ਤਰਕ ਦੇਣਾ ਸੋਵੀਅਤ ਸ਼ੈਲੀ ਦਾ ‘ਬਨਾਨਾ ਰਿਪਬਲਿਕ’ (ਰਾਜਨੀਤਕ ਤੌਰ ’ਤੇ ਅਸਥਿਰ) ਤਰਕ ਹੈ।’’

ਉਨ੍ਹਾਂ ਨੇ ਕਿਹਾ, ‘‘ਮੈਂ ਟਰੰਪ ਦਾ ਸਮਰਥਕ ਨਹੀਂ ਹਾਂ। ਮੈਂ ਨਿਰਪੱਖ ਹਾਂ। ਪਰ ਇਹ ਸਾਰੀ ਕੋਸ਼ਿਸ਼ ਦੇਸ਼ ਲਈ ਸਮੁੱਚੇ ਤੌਰ ’ਤੇ ਮਾੜੀ ਹੈ।’’

ਇੱਥੋਂ ਤੱਕ ਕਿ ਜਾਰਜੀਆ ਵਿੱਚ ਇੱਕ ਰਿਪਬਲਿਕਨ ਅਤੇ ਚੋਟੀ ਦੇ ਚੋਣ ਅਧਿਕਾਰੀ ਅਤੇ ਟਰੰਪ ਦੇ ਗੁੱਸੇ ਦਾ ਸ਼ਿਕਾਰ ਬਣੇ ਬ੍ਰੈਡ ਰੈਫੈਂਸਪਰਗਰ ਨੇ ਵੀ ਇਸ ਕਦਮ ਨੂੰ ‘‘ਬੈਲਟ ਬਾਕਸ ਨੂੰ ਸ਼ਾਰਟ-ਸਰਕਟ ਕਰਨ ਦੀ ਕੋਸ਼ਿਸ਼ ਦਾ ਸਭ ਤੋਂ ਨਵਾਂ ਤਰੀਕਾ’’ ਕਹਿ ਕੇ ਰੱਦ ਕਰ ਦਿੱਤਾ।

ਪਰ ਨਿਊ ਹੈਂਪਸ਼ਾਇਰ ਵਿੱਚ ਜੋ ਰਿਪਬਲਿਕਨ ਪ੍ਰਾਇਮਰੀਜ਼ ਵਿੱਚ ਵੋਟ ਪਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਹੈ, ਉੱਥੇ ਇੱਕ ਚੋਟੀ ਦਾ ਰਿਪਬਲਿਕਨ ਅਟਾਰਨੀ ਜੋ ਟਰੰਪ ਦੇ ਸਮਰਥਨ ਨਾਲ 2020 ਵਿੱਚ ਯੂਐੱਸ ਸੈਨੇਟ ਲਈ ਲੜਿਆ ਸੀ, ਇੱਕ ਵੱਖਰਾ ਨਜ਼ਰੀਆ ਰੱਖਦਾ ਹੈ।

ਬ੍ਰਾਇੰਟ ‘ਕੋਰਕੀ’ ਮੈਸਨਰ ਨੇ ਕਿਹਾ, ‘‘ਮੇਰੇ ਲਈ, ਇਹ ਪੂਰੀ ਤਰ੍ਹਾਂ ਸੰਵਿਧਾਨ ਬਾਰੇ ਹੈ। ਅਮਰੀਕੀ ਸੰਵਿਧਾਨ ਕਿਸੇ ਇੱਕ ਵਿਅਕਤੀ ਨਾਲੋਂ ਵੱਧ ਮਹੱਤਵਪੂਰਨ ਹੈ, ਭਾਵੇਂ ਉਹ ਡੌਨਲਡ ਟਰੰਪ ਹੋਵੇ ਜਾਂ ਕੋਈ ਹੋਰ।’’

ਮੈਸਨਰ ਦਾ ਇਰਾਦਾ ਆਪਣੇ ਰਾਜ ਵਿੱਚ 14ਵੀਂ ਸੋਧ ਦੀ ਕਿਸੇ ਵੀ ਚੁਣੌਤੀ ਲਈ ਵਿੱਤ ਪੋਸ਼ਣ ਕਰਨ ਦਾ ਹੈ। ਉਹ ਚਾਹੁੰਦੇ ਹਨ ਕਿ ਟਰੰਪ ਦਾ ਸਮਰਥਨ ਕਰਨਾ ਹੈ ਜਾਂ ਨਹੀਂ, ਇਸ ’ਤੇ ਫੈਸਲਾ ਲੈਣ ਤੋਂ ਪਹਿਲਾਂ ਅਦਾਲਤਾਂ ਆਪਣਾ ਫੈਸਲਾ ਸੁਣਾਉਣ।

ਉਨ੍ਹਾਂ ਨੇ ਕਿਹਾ, ‘‘ਜੇਕਰ ਉਹ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣ ਜਾਂਦੇ ਹਨ ਅਤੇ ਉਨ੍ਹਾਂ ਨੂੰ ਅਯੋਗ ਨਹੀਂ ਠਹਿਰਾਇਆ ਜਾਂਦਾ, ਤਾਂ ਮੈਂ ਉਨ੍ਹਾਂ ਨੂੰ ਵੋਟ ਪਾਵਾਂਗਾ।’’

ਟਰੰਪ ਕੀ ਕਹਿੰਦੇ ਹਨ?

ਆਪਣੀਆਂ ਵਧਦੀਆਂ ਕਾਨੂੰਨੀ ਮੁਸੀਬਤਾਂ ਦੇ ਬਾਵਜੂਦ, ਟਰੰਪ ਰਿਪਬਲਿਕਨ ਨਾਮਜ਼ਦਗੀ ਲਈ ਪ੍ਰਮੁੱਖ ਦਾਅਵੇਦਾਰ ਬਣੇ ਹੋਏ ਹਨ ਅਤੇ ਆਪਣੇ ਸੰਭਾਵਿਤ ਮੁਕਾਬਲੇ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਾਇਡਨ ਨਾਲ ਸਖ਼ਤ ਟੱਕਰ ਲੈ ਰਹੇ ਹਨ।

ਟਰੰਪ ਦੀ ਮੁਹਿੰਮ ਅਨੁਸਾਰ ਕਾਨੂੰਨੀ ਚੁਣੌਤੀ ‘‘ਕਾਨੂੰਨ ਨੂੰ ਮਾਨਤਾ ਤੋਂ ਪਰੇ ਖਿੱਚਣਾ’’ ਹੈ ਅਤੇ ਇਸ ਦਾ ਕੋਈ ਆਧਾਰ ਨਹੀਂ ਹੈ ‘‘ਸਿਵਾਏ ਉਨ੍ਹਾਂ ਲੋਕਾਂ ਦੇ ਮਨ ਵਿੱਚ ਜੋ ਇਸ ਨੂੰ ਅੱਗੇ ਵਧਾ ਰਹੇ ਹਨ।’’

ਮੁਹਿੰਮ ਦੇ ਬੁਲਾਰੇ ਸਟੀਵਨ ਚੇਊਂਗ ਨੇ ਕਿਹਾ, ‘‘ਡੈਮੋਕਰੇਟ ਪਾਰਟੀ ਦੇ ਨੇਤਾ ਚੋਣਾਂ ਵਿੱਚ ਰਾਸ਼ਟਰਪਤੀ ਟਰੰਪ ਦੀ ਵਧ ਰਹੀ ਪ੍ਰਭਾਵਸ਼ਾਲੀ ਲੀਡ ਨੂੰ ਲੈ ਕੇ ਨਿਰਾਸ਼ਾ ਦੀ ਸਥਿਤੀ ਵਿੱਚ ਹਨ।’’

‘‘ਉਨ੍ਹਾਂ ਨੇ ਅਸਫਲ ਰਾਸ਼ਟਰਪਤੀ ਬਾਇਡਨ ’ਤੇ ਆਪਣਾ ਵਿਸ਼ਵਾਸ ਗੁਆ ਦਿੱਤਾ ਹੈ ਅਤੇ ਹੁਣ ਉਹ ਅਮਰੀਕੀ ਵੋਟਰਾਂ ਨੂੰ ਅਗਲੇ ਨਵੰਬਰ ਵਿੱਚ ਉਨ੍ਹਾਂ ਨੂੰ ਅਹੁਦੇ ਤੋਂ ਬਾਹਰ ਕਰਨ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।’’

ਕੋਲੋਰਾਡੋ ਕੇਸ ਵਿੱਚ ਟਰੰਪ ਦੇ ਵਕੀਲ ਨੇ ਦਲੀਲ ਦਿੱਤੀ ਕਿ ਮਿਸ਼ੀਗਨ ਅਤੇ ਮਿਨੇਸੋਟਾ ਵਿੱਚ ਦੋਹਰਾ ਖਾਰਜ ਕਰਨਾ ‘‘ਨਿਆਂਪਾਲਿਕਾ ਵਿੱਚ ਇੱਕ ਉੱਭਰ ਰਹੀ ਆਮ ਸਹਿਮਤੀ’’ ਦਾ ਸਬੂਤ ਸਨ।

ਸਕਾਟ ਗੇਸਲਰ ਨੇ ਕਿਹਾ, ‘‘ਪਟੀਸ਼ਨਕਰਤਾ ਇਸ ਅਦਾਲਤ ਨੂੰ ਅਜਿਹਾ ਕੁਝ ਕਰਨ ਲਈ ਕਹਿ ਰਹੇ ਹਨ ਜੋ ਸੰਯੁਕਤ ਰਾਜ ਦੇ ਇਤਿਹਾਸ ਵਿੱਚ ਕਦੇ ਨਹੀਂ ਕੀਤਾ ਗਿਆ। ਸਬੂਤ ਅਦਾਲਤ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇਣ ਲਈ ਢੁੱਕਵੇਂ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)