ਆਈਪੀਐੱਲ 'ਚ ਹੁਣ ਤੱਕ ਸਭ ਤੋਂ ਵੱਧ ਚੌਕ ਛੱਕੇ ਕਿਸ ਨੇ ਲਾਏ, ਪਹਿਲਾ ਸੈਂਕੜਾ ਕਿਸ ਦੇ ਨਾਂ

    • ਲੇਖਕ, ਅਭਿਜੀਤ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ

ਆਈਪੀਐੱਲ ਆਪਣੇ 16ਵੇਂ ਸਾਲ ਵਿੱਚ ਦਾਖਲ ਹੋ ਚੁੱਕਿਆ ਹੈ। ਇਸ ਸਾਲ 10 ਟੀਮਾਂ ਦੇ ਕਰੀਬ 243 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ 52 ਦਿਨ ਤੱਕ ਇਹ ਮੁਕਾਬਲੇ ਚੱਲਣਗੇ।

ਆਈਪੀਐੱਲ ਨਾਲ ਜੁੜੀਆਂ ਖ਼ਬਰਾਂ ਨਾ ਕੇਵਲ ਮੈਦਾਨ ਵਿੱਚ ਬਲਕਿ ਟੈਲੀਵਿਜ਼ਨ, ਓਟੀਟੀ ਅਤੇ ਸੋਸ਼ਲ ਮੀਡੀਆ ’ਤੇ ਛਾਈਆਂ ਰਹਿੰਦੀਆਂ ਹਨ।

ਪਿਛਲੇ ਕੁਝ ਸਾਲਾਂ ਵਿੱਚ ਆਈਪੀਐਲ ਭਾਰਤ ਵਿੱਚ ਗੂਗਲ ਦੇ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲਾ ਕੀ-ਵਰਡ ਬਣ ਗਿਆ ਹੈ।

ਲੋਕ ਆਈਪੀਐੱਲਬਾਰੇ ਗੂਗਲ ’ਤੇ ਕੀ ਲੱਭਦੇ ਹਨ, ਉਨ੍ਹਾਂ ਕੁਝ ਸਵਾਲਾਂ ਅਤੇ ਉਨ੍ਹਾਂ ਦੇ ਜਵਾਬ ਅਸੀਂ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ।

ਆਈਪੀਐੱਲ ਦਾ ਪੂਰਾ ਨਾਮ ਕੀ ਹੈ?

ਆਈਪੀਐੱਲ (IPL) ਦਾ ਪੂਰਾ ਨਾਮ ਇੰਡੀਅਨ ਪ੍ਰੀਮੀਅਰ ਲੀਗ ਹੈ। ਇਹ ਇੱਕ ਕ੍ਰਿਕਟ ਲੀਗ ਵਜੋਂ ਖੇਡਿਆ ਜਾਂਦਾ ਹੈ ਜਿਸ ਦਾ ਸੰਚਾਲਨ ਬੀਸੀਸੀਆਈ ਯਾਨੀ ਬੋਰਡ ਆਫ਼ ਕ੍ਰਿਕਟ ਕੰਟਰੋਲ ਆਫ਼ ਇੰਡੀਆ ਕਰਦੀ ਹੈ।

ਆਈਪੀਐੱਲ ਕਦੋਂ ਸ਼ੁਰੂ ਹੋਇਆ ਸੀ?

ਆਈਪੀਐੱਲ ਦੀ ਸ਼ੁਰੂਆਤ 2008 ਵਿੱਚ ਹੋਈ ਸੀ। ਪਹਿਲੀ ਟਰਾਫੀ ਰਾਜਸਥਾਨ ਰਾਇਲਜ਼ ਨੇ ਚੇਨੰਈ ਸੁਪਰ ਕਿੰਗਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਜਿੱਤੀ ਸੀ। ਪਹਿਲੇ ਸੀਜ਼ਨ ਦਾ ਫ਼ਾਈਨਲ 1 ਜੂਨ 2008 ਨੂੰ ਖੇਡਿਆ ਗਿਆ ਸੀ।

ਪਹਿਲੇ ਸੀਜ਼ਨ ਵਿੱਚ ਅੱਠ ਟੀਮਾਂ ਰਾਜਸਥਾਨ ਰਾਇਲਜ਼, ਕਿੰਗਜ਼ ਇਲੈਵਨ ਪੰਜਾਬ, ਚੇਨੰਈ ਸੁਪਰ ਕਿੰਗਜ਼, ਦਿੱਲੀ ਡੇਅਰਡੇਵਿਲਜ਼, ਮੁੰਬਈ ਇੰਡੀਅਨਜ਼, ਕੋਲਕਾਤਾ ਨਾਈਟ ਰਾਈਡਰਜ਼, ਰਾਇਲ ਚੈਲੰਜਰਜ਼ ਬੈਂਗਲੌਰ ਅਤੇ ਡੇਕਨ ਚਾਰਜਰਜ਼ ਨੇ ਹਿੱਸਾ ਲਿਆ ਸੀ।

ਆਈਪੀਐੱਲ ਦਾ ਪਹਿਲਾ ਮੁਕਾਬਲਾ ਕਿਹੜੀਆਂ ਟੀਮਾਂ ਵਿਚਕਾਰ ਹੋਇਆ ਸੀ?

ਆਈਪੀਐੱਲ ਦਾ ਪਹਿਲਾ ਮੈਚ 18 ਅਪ੍ਰੈਲ 2008 ਨੂੰ ਰਾਇਲ ਚੈਲੰਜਰਜ਼ ਬੈਂਗਲੌਰ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਖੇਡਿਆ ਗਿਆ ਸੀ।

ਇਸ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਿਕਾਰਡ 140 ਦੌੜਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।

140 ਰਨਾਂ ਦੇ ਫਰਕ ਨਾਲ ਮਿਲੀ ਇਹ ਜਿੱਤ ਅਗਲੇ ਅੱਠ ਸੀਜ਼ਨ ਤੱਕ ਆਈਪੀਐਲ ਵਿੱਚ ਸਭ ਤੋਂ ਵੱਡੇ ਅੰਤਰ ਨਾਲ ਮਿਲੀ ਜਿੱਤ ਦਾ ਰਿਕਾਰਡ ਰਹੀ।

ਆਈਪੀਐੱਲ ਵਿੱਚ ਸਭ ਤੋਂ ਵੱਧ ਦੌੜਾਂ ਨਾਲ ਜਿੱਤ ਦਾ ਕੀ ਰਿਕਾਰਡ ਹੈ?

ਆਈਪੀਐੱਲ ਦੇ ਪਹਿਲੇ ਮੈਚ ਵਿੱਚ ਹੀ ਕੋਲਕਾਤਾ ਨਾਈਟ ਰਾਈਡਰਜ਼ ਨੂੰ ਰਾਇਲ ਚੈਲੰਜਰਜ਼ ਬੈਂਗਲੌਰ ਤੋਂ ਮਿਲੀ 140 ਦੌੜਾਂ ਨਾਲ ਜਿੱਤ ਦੇ ਰਿਕਾਰਡ ਨੂੰ ਅੱਠ ਸਾਲ ਬਾਅਦ ਵਿਰਾਟ ਦੀ ਟੀਮ ਨੇ ਹੀ ਤੋੜਿਆ ਸੀ।

2016 ਵਿੱਚ ਰਾਇਲ ਚੈਲੰਜਰਜ਼ ਬੈਂਗਲੌਰ ਨੇ ਗੁਜਰਾਤ ਲਾਇਨਜ਼ ਨੂੰ 144 ਦੌੜਾਂ ਨਾਲ ਹਰਾ ਕੇ ਕੋਲਕਾਤਾ ਦੇ ਅੱਠ ਸਾਲ ਪੁਰਾਣੇ ਰਿਕਾਰਡ ਨੂੰ ਆਪਣੇ ਨਾਮ ਕੀਤਾ ਸੀ।

ਹਾਲਾਂਕਿ, ਬੈਂਗਲੌਰ ਦੇ ਇਸ ਰਿਕਾਰਡ ਨੂੰ ਸੁਧਾਰਦੇ ਹੋਏ ਮੁੰਬਈ ਇੰਡੀਅਨ ਨੇ 2017 ਵਿੱਚ ਦਿੱਲੀ ਕੈਪੀਟਲਜ਼ ਨੂੰ 146 ਦੌੜਾਂ ਤੋਂ ਹਰਾ ਦਿੱਤਾ ਜੋ ਅੱਜ ਵੀ ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਨਾਲ ਜਿੱਤ ਦਾ ਰਿਕਾਰਡ ਹੈ।

ਸਭ ਤੋਂ ਘੱਟ ਦੌੜਾਂ ਦੇ ਫਰਕ ਨਾਲ ਜਿੱਤ ?

ਕਿੰਗਜ਼ ਇਲੈਵਨ ਪੰਜਾਬ ਨੇ ਮੁੰਬਈ ਇੰਡੀਅਨਜ਼ ਨੂੰ ਮਹਿਜ਼ ਇੱਕ ਦੌੜ ਦੇ ਫ਼ਰਕ ਨਾਲ ਮਾਤ ਦਿੱਤੀ ਸੀ।

ਹਾਲਾਂਕਿ, ਉਸ ਤੋਂ ਬਾਅਦ 10 ਮੈਚਾਂ ਵਿੱਚ ਅਜਿਹੇ ਮੌਕੇ ਆਏ।

ਯਾਨੀ ਆਈਪੀਐਲ ਵਿੱਚ ਹੁਣ ਤੱਕ 11 ਵਾਰ ਇੱਕ ਦੌੜ ਦੇ ਫਰਕ ਨਾਲ ਜਿੱਤ ਹੋਈ ਹੈ।

ਆਈਪੀਐੱਲ ਵਿੱਚ ਪਹਿਲਾ ਛੱਕਾ ਕਿਸ ਨੇ ਲਗਾਇਆ ਸੀ ?

ਆਈਪੀਐੱਲ ਦਾ ਪਹਿਲਾ ਛੱਕਾ 2008 ਦੇ ਪਹਿਲੇ ਮੈਚ ਵਿੱਚ ਬ੍ਰੇਂਡਨ ਮੈਕੁਲਮ ਨੇ ਲਗਾਇਆ ਸੀ। ਇਹ ਛੱਕਾ ਪਹਿਲੇ ਮੈਚ ਦੌਰਾਨ ਦੂਜੇ ਓਵਰ ਦੀ ਚੌਥੀ ਗੇਂਦ ’ਤੇ ਲੱਗਿਆ ਸੀ। ਜਿਸ ਗੇਂਦਬਾਜ਼ ਦੀ ਗੇਂਦ ’ਤੇ ਪਹਿਲਾ ਛੱਕਾ ਲੱਗਿਆ ਸੀ ਉਹ ਸੀ ਜ਼ਹੀਨ ਖਾਨ।

ਮੈਕੁਲਮ ਨੇ ਜ਼ਹੀਰ ਦੇ ਇਸ ਓਵਰ ਵਿੱਚ ਪਹਿਲਾਂ ਚੌਕਾ ਲਗਾਇਆ, ਫਿਰ ਛੱਕਾ।

ਯਾਨੀ ਪਹਿਲਾ ਚੌਕਾ ਅਤੇ ਪਹਿਲਾ ਛੱਕਾ ਲਗਾਉਣ ਵਾਲੇ ਬੱਲੇਬਾਜ਼ ਬ੍ਰੇਂਡਨ ਮੈਕੁਲਮ ਅਤੇ ਪਹਿਲਾ ਚੌਕਾ ਤੇ ਛੱਕਾ ਖਾਣ ਵਾਲੇ ਗੇਂਦਬਾਜ਼ ਜ਼ਹੀਰ ਖਾਨ ਸੀ।

ਆਈਪੀਐੱਲ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਕਿਸ ਦੇ ਨਾਮ ਹੈ ?

ਵੈਸਟਇੰਡੀਜ਼ ਦੇ ਕ੍ਰਿਕਟਰ ਕ੍ਰਿਸ ਗੇਲ ਨੇ ਆਈਪੀਐੱਲ ਵਿੱਚ 357 ਛੱਕੇ ਲਗਾਉਣ ਦਾ ਕਾਰਨਾਮਾ ਕੀਤਾ ਹੈ।

ਦੂਜੇ ਸਥਾਨ ‘ਤੇ 251 ਛੱਕੇ ਲਗਾਉਣ ਵਾਲੇ ਦੱਖਣੀ ਅਫ਼ਰੀਕੀ ਬੱਲੇਬਾਜ਼ ਏਬੀ ਡਿਵੀਲੀਅਰਜ਼ ਹਨ।

ਤੀਜੇ ਸਥਾਨ ‘ਤੇ 240 ਛੱਕਿਆਂ ਨਾਲ ਭਾਰਤ ਦੇ ਰੋਹਿਤ ਸ਼ਰਮਾ ਅਤੇ ਚੌਥੇ ਸਥਾਨ ‘ਤੇ 229 ਛੱਕਿਆਂ ਨਾਲ ਮਹਿੰਦਰ ਸਿੰਘ ਧੋਨੀ ਹਨ।

ਆਈਪੀਐੱਲ ਵਿੱਚ ਸਭ ਤੋਂ ਵੱਧ ਚੌਕੇ ਕਿਸ ਨੇ ਲਗਾਏ ਹਨ ?

ਆਈਪੀਐੱਲ ਵਿੱਚ ਭਾਰਤ ਦੇ ਸਿਖਰ ਧਵਨ ਦੇ ਨਾਮ ਸਭ ਤੋਂ ਵੱਧ 701 ਚੌਕੇ ਦਰਜ ਹਨ।

578 ਚੌਕਿਆਂ ਨਾਲ ਵਿਰਾਟ ਕੋਹਲੀ ਦੂਜੇ ਨੰਬਰ ’ਤੇ ਹਨ। ਉਨ੍ਹਾਂ ਤੋਂ ਬਾਅਦ ਤੀਜੇ ਨੰਬਰ ’ਤੇ 561 ਚੌਕਿਆਂ ਨਾਲ ਆਸਟ੍ਰੇਲੀਆ ਦੇ ਡੇਵਿ਼ਡ ਵਾਰਨਰ ਹਨ।

519 ਚੌਕਿਆਂ ਨਾਲ ਰੋਹਿਤ ਸ਼ਰਮਾਂ ਚੌਥੇ ਅਤੇ 506 ਚੌਕਿਆਂ ਨਾਲ ਸੁਰੇਸ਼ ਰੈਣਾ ਪੰਜਵੇਂ ਨੰਬਰ ‘ਤੇ ਹਨ।

ਆਈਪੀਐੱਲ ਦਾ ਪਹਿਲਾ ਸੈਂਕੜਾ ਕਿਸ ਨੇ ਬਣਾਇਆ ?

ਆਈਪੀਐੱਲ ਦੇ ਪਹਿਲੇ ਹੀ ਮੈਚ ਵਿੱਚ ਬ੍ਰੇਂਡਨ ਮੈਕੁਲਮ ਨੇ ਸੈਂਕੜਾ ਲਗਾਇਆ ਸੀ। ਉਨ੍ਹਾਂ ਨੇ 73 ਗੇਂਦਾਂ ਵਿੱਚ 10 ਚੌਂਕੇ ਅਤੇ 13 ਛੱਕਿਆਂ ਦੀ ਮਦਦ ਨਾਲ ਨਾਬਾਦ 158 ਰਨ ਬਣਾਏ ਸੀ।

ਸਭ ਤੋਂ ਵੱਡਾ ਸਕੋਰ ਅਤੇ ਸਭ ਤੋਂ ਘੱਟ ਗੇਂਦਾਂ ਵਿੱਚ ਸੈਂਕੜਾ ?

ਆਈਪੀਐੱਲ ਦਾ ਸਭ ਤੋਂ ਵੱਡਾ ਸਕੋਰ ਕ੍ਰਿਸ ਗੇਲ ਦੇ ਨਾਮ ਹੈ। ਗੇਲ ਨੇ ਰਾਇਲ ਚੈਲੰਜਰਜ਼ ਬੈਂਗਲੌਰ ਵੱਲੋਂ ਖੇਡਦਿਆਂ 2013 ਵਿੱਚ ਪੂਣੇ ਵਾਰੀਅਰਜ਼ ਖ਼ਿਲਾਫ਼ ਨਾਬਾਦ 175 ਰਨ ਬਣਾਏ ਜੋ ਹੁਣ ਤੱਕ ਆਈਪੀਐਲ ਦਾ ਸਭ ਤੋਂ ਵੱਡਾ ਨਿੱਜੀ ਸਕੋਰ ਹੈ।

ਇਸੇ ਮੈਚ ਵਿੱਚ ਗੇਲ ਨੇ ਕੇਵਲ ਤੀਹ ਗੇਂਦਾਂ ਵਿੱਚ ਸੈਂਕੜਾ ਬਣਾ ਦਿੱਤਾ ਸੀ ਜੋ ਕਿ ਆਈਪੀਐਲ ਵਿੱਚ ਹੁਣ ਤੱਕ ਸਭ ਤੋਂ ਘੱਟ ਗੇਂਦਾਂ ’ਤੇ ਸੈਂਕੜੇ ਦਾ ਰਿਕਾਰਡ ਹੈ।

ਆਈਪੀਐੱਲ ਵਿੱਚ ਸਭ ਤੋਂ ਵੱਧ ਸੈਂਕੜਾ ਬਣਾਉਣ ਵਾਲੇ ਬੱਲੇਬਾਜ਼ ਕੌਣ ਹਨ?

ਆਈਪੀਐੱਲ ਵਿੱਚ ਸਾਲ 2022 ਤੱਕ 75 ਸੈਂਕੜੇ ਲੱਗ ਚੁੱਕੇ ਹਨ। ਇਨ੍ਹਾਂ ਵਿੱਚੋਂ 2022 ਵਿੱਚ ਸਭ ਤੋਂ ਵੱਧ ਅੱਠ ਸੈਂਕੜੇ ਅਤੇ 2009 ਵਿੱਚ ਸਭ ਤੋਂ ਘੱਟ ਦੋ ਸੈਂਕੜੇ ਬਣੇ।

ਸਭ ਤੋਂ ਵੱਧ ਸੈਂਕੜੇ ਮਾਰਨ ਵਾਲਾ ਰਿਕਾਰਡ ਕ੍ਰਿਸ ਗੇਲ ਦੇ ਨਾਮ ਹੈ ਜਿਨ੍ਹਾਂ ਨੇ ਆਈਪੀਐਲ ਵਿੱਚ ਕੁੱਲ ਛੇ ਸੈਂਕੜੇ ਬਣਾਏ।

ਦੂਜੇ ਨੰਬਰ ’ਤੇ ਪੰਜ ਸੈਂਕੜਿਆਂ ਨਾਲ ਵਿਰਾਟ ਕੋਹਲੀ ਹਨ। ਤੀਜੇ ਨੰਬਰ ’ਤੇ ਚਾਰ ਸੈਂਕੜਿਆਂ ਨਾਲ ਡੇਵਿਡ ਵਾਰਨੇ, ਸ਼ੇਨ ਵਾਟਸਨ ਅਤੇ ਕੇਐਲ ਰਾਹੁਲ ਹਨ।

ਸਭ ਤੋਂ ਵੱਧ ਜ਼ੀਰੋ ਬਣਾਉਣ ਵਾਲੇ ਕ੍ਰਿਕਟਰ ਕੌਣ ਹਨ?

ਰੋਹਿਤ ਸ਼ਰਮਾ ਅਤੇ ਮਨਦੀਪ ਸਿੰਘ 14 ਵਾਰ ਜ਼ੀਰੋ ਦੇ ਸਕੋਰ ’ਤੇ ਆਊਟ ਹੋਏ। ਪੀਯੂਸ਼ ਚਾਵਲਾ, ਹਰੀਜਨ ਸਿੰਘ, ਦਿਨੇਸ਼ ਕਾਰਤਿਕ, ਅੰਬਾਤੀ ਰਾਇਡੂ, ਅਜਿੰਕਯ ਰਹਾਣੇ ਅਤੇ ਪਾਰਥਿਵ ਪਟੇਲ 13 ਵਾਰ ਬਿਨ੍ਹਾਂ ਖਾਤਾ ਖੋਲ੍ਹਿਆਂ ਆਊਟ ਹੋਏ।

ਸਭ ਤੋਂ ਵੱਧ ਰਨ ਬਣਾਉਣ ਵਾਲੇ ਬੱਲੇਬਾਜ਼ ਕੌਣ ਹਨ?

ਵਿਰਾਟ ਕੋਹਲੀ ਨੇ ਆਈਪੀਐੱਲ ਵਿੱਚ ਹੁਣ ਤੱਕ 223 ਮੈਚ ਖੇਡੇ ਹਨ ਅਤੇ 6,624 ਦੌੜਾਂ ਨਾਲ ਵਿਰਾਟ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।

ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਕੌਣ?

ਚੇਨੰਈ ਸੁਪਰ ਕਿੰਗਜ਼ ਦੇ ਡੇਨ ਬ੍ਰੇਵੋ 183 ਵਿਕਟਾਂ ਨਾਲ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ।

170 ਵਿਕਟਾਂ ਨਾਲ ਦੂਜੇ ਨੰਬਰ ’ਤੇ ਲਸਿਥ ਮਲਿੰਗਾ, 166 ਵਿਕਟਾਂ ਨਾਲ ਅਮਿਤ ਮਿਸ਼ਰਾ ਅਤੇ ਯੁਜਵਿੰਦਰ ਚਾਹਲ ਤੀਜੇ ਅਤੇ 157 ਵਿਕਟਾਂ ਨਾਲ ਪੀਯੂਸ਼ ਚਾਵਲਾ ਅਤੇ ਰਵੀਚੰਦਰਨ ਅਸ਼ਵਿਨ ਚੌਥੇ ਨੰਬਰ ’ਤੇ ਹਨ।

ਆਈਪੀਐੱਲ ਵਿੱਚ ਕਿਸ ਟੀਮ ਨੇ ਸਭ ਤੋਂ ਵੱਡਾ ਸਕੋਰ ਬਣਾਇਆ?

23 ਅਪ੍ਰੈਲ 2013 ਨੂੰ ਰਾਇਲ ਚੈਲੰਜਰਜ਼ ਬੈਂਗਲੌਰ ਨੇ ਪੂਣੇ ਵਾਰੀਅਰਜ਼ ਖ਼ਿਲਾਫ਼ 263 ਦੌੜਾਂ ਬਣਾਈਆਂ ਜੋ ਆਈਪੀਐੱਲ ਵਿੱਚ ਕਿਸੇ ਵੀ ਟੀਮ ਦਾ ਸਭ ਤੋਂ ਵੱਡਾ ਸਕੋਰ ਹੈ।

ਇਹ ਉਹੀ ਮੈਚ ਸੀ ਜਿਸ ਵਿੱਚ ਕ੍ਰਿਸ ਗੇਲ ਨੇ 175 ਦੌੜਾਂ ਦੀ ਨਾਬਾਦ ਪਾਰੀ ਖੇਡੀ ਅਤੇ ਸਭ ਤੋਂ ਤੇਜ਼ ਸੈਂਕੜਾ ਅਤੇ ਸਭ ਤੋਂ ਵੱਧ ਨਿੱਜੀ ਸਕੋਰ ਦਾ ਰਿਕਾਰਡ ਵੀ ਬਣਾਇਆ ਸੀ।

ਬੈਟਿੰਗ ਸਟ੍ਰਾਈਕ ਰੇਟ ਤੇ ਬੌਲਿੰਗ ਇਕਾਨਮੀ ਦਾ ਰਿਕਾਰਡ ਕਿਸ ਦੇ ਨਾਮ?

ਕੋਲਕਾਤਾ ਨਾਈਟ ਰਾਈਡਰਜ਼ ਦੇ ਆਂਡ੍ਰੇ ਰਸੇਲ 177.88 ਦੇ ਸਟ੍ਰਾਈਕ ਰੇਟ ਨਾਲ ਖੇਡਦੇ ਹਨ।

ਇਹ ਆਈਪੀਐੱਲ ਵਿੱਚ ਕਿਸੇ ਵੀ ਬੱਲੇਬਾਜ਼ ਦਾ ਸਭ ਤੋਂ ਬੈਸਟ ਸਟ੍ਰਾਈਕ ਰੇਟ ਦਾ ਰਿਕਾਰਡ ਹੈ।

ਗੇਂਦਬਾਜ਼ੀ ਵਿੱਚ ਬੈਸਟ ਇਕਾਨਮੀ ਦੀ ਗੱਲ ਕਰੀਏ ਤਾਂ ਰਾਸ਼ਿਦ ਖਾਨ 6.38 ਇਕਾਨਮੀ ਰੇਟ ਨਾਲ ਪਹਿਲੇ ਨੰਬਰ ’ਤੇ ਹਨ।

ਆਈਪੀਐੱਲ 2023 ਦਾ ਸ਼ੈਡਿਉਲ ਕੀ ਹੈ?

ਇਸ ਸਾਲ 31 ਮਾਰਚ ਤੋਂ ਆਈਪੀਐੱਲ ਸ਼ੁਰੂ ਹੈ। ਇਸ ਟੂਰਨਾਮੈਂਟ ਵਿੱਚ ਕੁੱਲ 74 ਮੈਚ ਖੇਡੇ ਜਾਣੇ ਹਨ ਜਿਨ੍ਹਾਂ ਵਿੱਚੋਂ 70 ਲੀਗ ਮੈਚ ਅਤੇ ਚਾਰ ਪਲੇਅ-ਆਫ ਮੁਕਾਬਲੇ ਹਨ।

ਇਹ ਮੁਕਾਬਲੇ ਅਹਿਮਦਾਬਾਦ, ਮੋਹਾਲੀ, ਲਖਨਊ, ਹੈਦਰਾਬਾਦ, ਬੈਂਗਲੁਰੂ, ਚੇਨੰਈ, ਦਿੱਲੀ, ਕੋਲਕਾਤਾ, ਜੈਪੁਰ, ਮੁੰਬਈ,ਗੁਹਾਟੀ ਅਤੇ ਧਰਮਸ਼ਾਲਾ ਵਿੱਚ ਖੇਡੇ ਜਾਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)