You’re viewing a text-only version of this website that uses less data. View the main version of the website including all images and videos.
ਡੌਨਲਡ ਟਰੰਪ ਨੂੰ ਕਿਉਂ ਕਰਨਾ ਪਿਆ ਸਰੰਡਰ, ਜੇਕਰ ਜੇਲ੍ਹ ਹੁੰਦੀ ਹੈ, ਤਾਂ ਕੀ ਉਹ ਰਾਸ਼ਟਰਪਤੀ ਦੀ ਚੋਣ ਲੜ ਸਕਣਗੇ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਜੌਰਜੀਆ ਦੀ ਫੁਲਟਨ ਕਾਊਂਟੀ ਜੇਲ੍ਹ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ।
ਸਾਲ 2020 ਦੀਆਂ ਚੋਣਾਂ 'ਚ ਮਿਲੀ ਹਾਰ ਦੇ ਨਤੀਜਿਆਂ ਨੂੰ ਉਲਟਾਉਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ 'ਚ ਉਨ੍ਹਾਂ ਖ਼ਿਲਾਫ਼ ਇਹ ਕੇਸ ਚੱਲ ਰਿਹਾ ਹੈ।
ਜੇਲ੍ਹ ਤੋਂ ਟਰੰਪ ਦੀ ਅਧਿਕਾਰਤ ਫੋਟੋ, ਜਿਸ ਨੂੰ ਮਗਸ਼ੌਟ ਕਿਹਾ ਜਾਂਦਾ ਹੈ, ਜਾਰੀ ਕੀਤੀ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਟਰੰਪ ਦਾ ਕੋਈ ਮਗਸ਼ੌਟ ਜਨਤਕ ਕੀਤਾ ਗਿਆ ਹੈ।
ਟਰੰਪ ਦੀ ਜ਼ਮਾਨਤ ਲਈ ਮੁਚਲਕੇ ਦੀ ਰਕਮ 2 ਲੱਖ ਅਮਰੀਕੀ ਡਾਲਰ ਰੱਖੀ ਗਈ, ਉਨ੍ਹਾਂ ਵੱਲੋਂ ਇਹ ਰਕਮ ਭਰਨ ਤੋਂ ਬਾਅਦ 20 ਮਿੰਟਾਂ ਦੇ ਅੰਦਰ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ।
ਇਸ ਮਹੀਨੇ ਦੀ ਸ਼ੁਰੂਆਤ 'ਚ ਜੌਰਜੀਆ 'ਚ ਇੱਕ ਸਰਕਾਰੀ ਵਕੀਲ ਨੇ ਰਿਪਬਲਿਕਨ ਨੇਤਾ ਅਤੇ ਸਾਬਕਾ ਰਾਸ਼ਟਰਪਤੀ 'ਤੇ ਕਈ ਇਲਜ਼ਾਮ ਲਗਾਏ ਸਨ।
ਉਨ੍ਹਾਂ 'ਤੇ ਜੋ ਬਾਈਡਨ ਨੂੰ ਹਰਾਉਣ ਦੀ ਕੋਸ਼ਿਸ਼ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਵੀ ਇਲਜ਼ਾਮ ਹੈ।
ਇਹ ਚੌਥੀ ਵਾਰ ਹੈ, ਜਦੋਂ ਇਸ ਸਾਲ ਟਰੰਪ ਅਦਾਲਤ ਜਾਂ ਸੰਘੀ ਅਧਿਕਾਰੀਆਂ ਸਾਹਮਣੇ ਆਤਮ ਸਮਰਪਣ ਕਰ ਰਹੇ ਹਨ।
ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਮਾਮਲਾ ਕੀ ਹੈ, ਜਿਸ ਲਈ ਟਰੰਪ ਨੂੰ ਆਤਮ ਸਮਰਪਣ ਕਰਨਾ ਪਿਆ।
ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਜੌਰਜੀਆ ਵਿੱਚ 2020 ਦੀਆਂ ਚੋਣਾਂ ਵਿੱਚ ਆਪਣੀ ਹਾਰ ਦੇ ਨਤੀਜੇ ਨੂੰ ਉਲਟਾਉਣ ਦੀ ਕਥਿਤ ਤੌਰ 'ਤੇ ਕੋਸ਼ਿਸ਼ ਕਰਨ ਲਈ 13 ਅਪਰਾਧਿਕ ਇਲਜ਼ਾਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
98 ਪੰਨਿਆਂ ਦੇ ਇਲਜ਼ਾਮ ਪੱਤਰ ਵਿੱਚ ਕਿਹਾ ਗਿਆ ਹੈ ਕਿ ਟਰੰਪ ਨੇ "ਅਪਰਾਧਿਕ ਤੌਰ 'ਤੇ" ਚੋਣ ਨਤੀਜਿਆਂ ਨੂੰ ਬਦਲਣ ਲਈ "ਗ਼ੈਰ-ਕਾਨੂੰਨੀ ਢੰਗ ਨਾਲ ਸਾਜ਼ਿਸ਼" ਰਚੀ ਸੀ।
ਇਸ ਤੋਂ ਇਲਾਵਾ ਹੋਰ ਇਲਜ਼ਾਮਾਂ ਵਿੱਚ ਚੋਣ ਧੋਖਾਧੜੀ ਦੇ ਝੂਠੇ ਦਾਅਵੇ ਕਰਨਾ ਵੀ ਸ਼ਾਮਲ ਹੈ। ਟਰੰਪ ਨੇ ਆਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਪਿਛਲੇ ਕਈ ਮਹੀਨਿਆਂ 'ਚ ਟਰੰਪ ਖ਼ਿਲਾਫ਼ ਇਹ ਚੌਥਾ ਅਪਰਾਧਿਕ ਮਾਮਲਾ ਹੈ।
ਇਸ ਤੋਂ ਪਹਿਲਾਂ ਵੀ ਜਦੋਂ ਉਨ੍ਹਾਂ ਵਿਰੁੱਧ ਅਪਰਾਧਿਕ ਮਾਮਲੇ ਚਲਾਏ ਗਏ ਤਾਂ ਉਨ੍ਹਾਂ ਨੇ ਤਿੰਨ ਵਾਰ ਆਤਮ ਸਮਰਪਣ ਕੀਤਾ ਸੀ।
ਅਮਰੀਕੀ ਮੀਡੀਆ ਮੁਤਾਬਕ 2023 ਤੋਂ ਪਹਿਲਾਂ ਅਮਰੀਕਾ 'ਚ ਅਜਿਹਾ ਕਦੇ ਨਹੀਂ ਦੇਖਿਆ ਗਿਆ।
ਫੁਲਟਨ ਕਾਊਂਟੀ ਜੇਲ੍ਹ ਦੀ ਬੁਕਿੰਗਸ਼ੀਟ ਵਿੱਚ ਡੌਨਲਡ ਟਰੰਪ ਦੇ ਨਾਮ ਦੀ ਐਂਟਰੀ ਕਰ ਦਿੱਤੀ ਗਈ ਹੈ।
ਇਸ ਵਿੱਚ ਉਨ੍ਹਾਂ ਦੇ ਖ਼ਿਲਾਫ਼ 13 ਇਲਜ਼ਾਮ, ਕਥਿਤ ਅਪਰਾਧਾਂ ਦੀਆਂ ਤਰੀਕਾਂ ਅਤੇ ਜ਼ਮਾਨਤਾਂ ਦਾ ਵੇਰਵਾ ਵੀ ਸੂਚੀਬੱਧ ਕੀਤਾ ਗਿਆ ਹੈ।
ਟਰੰਪ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਰਹੇ ਹਨ।
ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਚੋਣਾਂ ਨੂੰ ਚੁਣੌਤੀ ਦੇਣ ਦੇ ਯੋਗ ਹੋਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਇਹ ਚੋਣ ਧਾਂਦਲੀ ਵਾਲੀ ਚੋਣ ਸੀ। ਮੈਂ ਕੁਝ ਵੀ ਗ਼ਲਤ ਨਹੀਂ ਕੀਤਾ ਅਤੇ ਹਰ ਕੋਈ ਇਹ ਜਾਣਦਾ ਹੈ। ਜੇਕਰ ਸਾਨੂੰ ਲੱਗਦਾ ਹੈ ਕਿ ਚੋਣਾਂ 'ਚ ਬੇਈਮਾਨੀ ਹੋਈ ਹੈ ਤਾਂ ਸਾਡੇ ਕੋਲ ਇਸ ਨੂੰ ਚੁਣੌਤੀ ਦੇਣ ਦੇ ਸਾਰੇ ਅਧਿਕਾਰ ਹਨ।"
ਢਾਈ ਸਾਲ ਬਾਅਦ ਟਰੰਪ ਦਾ ਪਹਿਲਾ ਟਵੀਟ
ਕਰੀਬ ਢਾਈ ਸਾਲ ਬਾਅਦ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਨੇਤਾ ਡੌਨਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ) 'ਤੇ ਟਵੀਟ ਕੀਤਾ ਹੈ।
ਉਨ੍ਹਾਂ ਨੇ ਆਪਣਾ ਮਗਸ਼ੌਟ ਯਾਨਿ ਜੇਲ੍ਹ ਤੋਂ ਜਾਰੀ ਹੋਈ ਤਸਵੀਰ ਨੂੰ ਟਵੀਟ ਕੀਤਾ ਹੈ। ਤਸਵੀਰ ਦੇ ਨਾਲ ਉਨ੍ਹਾਂ ਨੇ ਆਪਣੀ ਵੈੱਬਸਾਈਟ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ, ਜਿਸ ਰਾਹੀਂ ਉਨ੍ਹਾਂ ਦੀ ਮੁਹਿੰਮ ਲਈ ਪੈਸਾ ਇਕੱਠਾ ਕੀਤਾ ਜਾਂਦਾ ਹੈ।
ਇਸ ਤੋਂ ਪਹਿਲਾਂ ਟਰੰਪ ਨੇ ਜਨਵਰੀ 2021 ਨੂੰ ਟਵੀਟ ਕੀਤਾ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਅੱਜ ਇਸ ਪਲੇਟਫਾਰਮ ਦੀ ਵਰਤੋਂ ਕੀਤੀ ਹੈ।
ਬੀਬੀਸੀ ਪੱਤਰਕਾਰ ਜਿਉਹੈਗਨ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦਰਜਨਾਂ ਅਪਰਾਧਿਕ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਅਗਲੇ 18 ਮਹੀਨਿਆਂ ਵਿੱਚ ਉਨ੍ਹਾਂ 'ਤੇ ਕਈ ਵਾਰ ਮੁਕੱਦਮੇ ਚਲਾਏ ਜਾਣਗੇ।
2024 ਦੀਆਂ ਚੋਣਾਂ ਵਿੱਚ ਮੁੜ ਰਾਸ਼ਟਰਪਤੀ ਬਣਨ ਲਈ ਪ੍ਰਚਾਰ ਕਰਨ ਦੌਰਾਨ ਉਨ੍ਹਾਂ ਦੀਆਂ ਕਾਨੂੰਨੀ ਸਮੱਸਿਆਵਾਂ ਵਧ ਰਹੀਆਂ ਹਨ।
ਆਓ ਸੌਖੀ ਭਾਸ਼ਾ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਗੇ ਕੀ ਹੋਵੇਗਾ-
ਜੌਰਜੀਆ ਮਾਮਲੇ 'ਚ ਟਰੰਪ 'ਤੇ ਲੱਗੇ ਕੁਝ ਅਹਿਮ ਇਲਜ਼ਾਮ
- ਇਲਜ਼ਾਮ ਹੈ ਕਿ ਟਰੰਪ ਨੇ "ਚੋਣ ਨਤੀਜਿਆਂ ਨੂੰ ਬਦਲਣ ਲਈ, ਧੋਖਾਧੜੀ ਦੀ ਗਤੀਵਿਧੀ ਦੇ ਨਮੂਨੇ ਦੀ ਪਾਲਣਾ ਕਰਦੇ ਹੋਏ, ਗ਼ੈਰ-ਕਾਨੂੰਨੀ ਢੰਗ ਨਾਲ ਸਾਜ਼ਿਸ਼ ਰਚੀ।" ਇਹ ਫੈਡਰਲ ਰੈਕੇਟੀਅਰ ਇੰਫਲੂਐਂਸਡ ਐਂਡ ਕ੍ਰਪਟ ਆਰਗੇਨਾਈਜ਼ੇਸ਼ਨ (ਰਿਕੋ) ਐਕਟ ਅਧੀਨ ਆਉਂਦਾ ਹੈ। ਇਸ ਕਾਨੂੰਨ ਦੀ ਵਰਤੋਂ ਜੌਨ ਗੋਟੀ ਵਰਗੇ ਮਾਫੀਆ ਖ਼ਿਲਾਫ਼ ਕੀਤੀ ਗਈ ਸੀ।
- ਸਰਕਾਰੀ ਅਧਿਕਾਰੀ ਨੂੰ ਸਹੁੰ ਦੀ ਉਲੰਘਣਾ ਕਰਨ ਲਈ ਕਹਿਣਾ, ਟਰੰਪ ਅਜਿਹੇ ਤਿੰਨ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਜਨਵਰੀ 2021 ਵਿੱਚ ਟਰੰਪ ਅਤੇ ਜਾਰਜੀਆ ਦੇ ਵਿਦੇਸ਼ ਮੰਤਰੀ ਬ੍ਰੈਡ ਰੈਫੇਂਸਪਰਗਰ ਵਿਚਕਾਰ ਹੋਈ ਫ਼ੋਨ ਕਾਲ ਹੈ। ਵਕੀਲਾਂ ਨੇ ਇਲਜ਼ਾਮ ਲਗਾਇਆ ਕਿ ਟਰੰਪ ਨੇ ਰੈਫੇਂਸਪਰਜਰ ਨੂੰ ਪ੍ਰਮਾਣਿਤ ਰਿਟਰਨ ਨੂੰ "ਗ਼ੈਰ-ਕਾਨੂੰਨੀ" ਤੌਰ 'ਤੇ ਬਦਲਣ ਲਈ ਕਿਹਾ ਸੀ।
- ਇਲਜ਼ਾਮ ਹੈ ਕਿ ਟਰੰਪ ਨੇ "ਗੁੰਮਰਾਹ ਕਰਨ ਦੇ ਇਰਾਦੇ ਨਾਲ" ਕੁਝ ਵਿਅਕਤੀਆਂ ਨੂੰ ਚੁਣੇ ਹੋਏ ਅਧਿਕਾਰੀਆਂ ਵਜੋਂ ਤਿਆਰ ਕਰ ਕੇ ਉਨ੍ਹਾਂ ਨੂੰ ਤੈਨਾਤ ਕਰਨ ਦੀ ਸਾਜ਼ਿਸ਼ ਕੀਤੀ ਅਤੇ ਚੋਣਾਂ ਨੂੰ ਪ੍ਰਭਾਵਤ ਕਰਨ ਦੀ ਗ਼ੈਰ-ਕਾਨੂੰਨੀ ਤੌਰ 'ਤੇ ਸਾਜ਼ਿਸ਼ ਰਚੀ।
- ਇਲਜ਼ਾਮ ਹੈ ਕਿ ਟਰੰਪ ਨੇ ਇੱਕ ਫਰਜ਼ੀ ਦਸਤਾਵੇਜ਼ ਬਣਾਇਆ ਜਿਸ ਦਾ ਸਿਰਲੇਖ ਸੀ "ਜੌਰਜੀਆ ਤੋਂ 2020 ਦੇ ਵੋਟਰਾਂ ਦੇ ਵੋਟਾਂ ਦਾ ਪ੍ਰਮਾਣ ਪੱਤਰ", ਟਰੰਪ ਨੇ ਜਨਤਾ ਨੂੰ ਧੋਖਾ ਦੇਣ ਲਈ ਸਾਜ਼ਿਸ਼ ਰਚੀ। ਦਸਤਾਵੇਜ਼ ਤੋਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਹ ਜੌਰਜੀਆ ਤੋਂ ਜਿੱਤ ਗਏ ਹਨ।
ਇਨਡਾਇਟਮੈਂਟ ਕੀ ਹੈ?
ਇਨਡਾਈਟਮੈਂਟ ਦਾ ਅਰਥ ਹੈ - ਰਸਮੀ ਤੌਰ 'ਤੇ ਇਲਜ਼ਾਮ ਲਗਾਉਣਾ।
ਸਰਕਾਰੀ ਵਕੀਲ ਕਿਸੇ ਅਜਿਹੇ ਵਿਅਕਤੀ ਦੇ ਖਿਲਾਫ਼ ਇਲਜ਼ਾਮ ਦਾਖ਼ਲ ਕਰਦੇ ਹਨ ਜਿਸ ਬਾਰੇ ਉਹ ਮੰਨਦੇ ਹਨ ਕਿ ਉਸ ਨੇ ਅਪਰਾਧ ਕੀਤਾ ਹੈ।
ਇਨਡਾਈਟਮੈਂਟ ਵਿੱਚ ਇਲਜ਼ਾਮਾਂ ਬਾਰੇ ਮੋਟੀ-ਮੋਟੀ ਜਾਣਕਾਰੀ ਹੁੰਦੀ ਹੈ।
ਜਦੋਂ ਕਿਸੇ ਵਿਅਕਤੀ 'ਤੇ ਰਸਮੀ ਤੌਰ 'ਤੇ ਅਪਰਾਧ ਦਾ ਇਲਜ਼ਾਮ ਲਗਾਇਆ ਜਾਂਦਾ ਹੈ ਅਤੇ ਉਸ ਨੂੰ ਫਿਰ ਇੱਕ ਪਟੀਸ਼ਨ ਦਾਖ਼ਲ ਕਰਨ ਲਈ ਅਦਾਲਤ ਵਿੱਚ ਪੇਸ਼ ਹੋਣਾ ਚਾਹੀਦਾ ਹੈ।
ਟਰੰਪ ਹੋਰ ਇਲਜ਼ਾਮਾਂ ਦਾ ਸਾਹਮਣਾ ਕਰਨ ਲਈ ਪਹਿਲਾਂ ਹੀ ਤਿੰਨ ਵਾਰ ਅਦਾਲਤ ਵਿੱਚ ਪੇਸ਼ ਹੋ ਚੁੱਕੇ ਹਨ ਅਤੇ ਉਨ੍ਹਾਂ ਸਾਰਿਆਂ ਤੋਂ ਇਨਕਾਰ ਕੀਤਾ ਹੈ।
ਉਨ੍ਹਾਂ ਨੂੰ ਸ਼ੁੱਕਰਵਾਰ 25 ਅਗਸਤ ਤੋਂ ਪਹਿਲਾਂ ਅਟਲਾਂਟਾ, ਜੌਰਜੀਆ ਵਿੱਚ ਦੁਬਾਰਾ ਅਜਿਹਾ ਕਰਨਾ ਪਵੇਗਾ।
ਜਿੱਥੇ ਸਰਕਾਰੀ ਵਕੀਲ ਆਮ ਤੌਰ 'ਤੇ ਸਾਧਾਰਨ ਇਲਜ਼ਾਮ ਲਾਉਂਦੇ ਹਨ, ਉੱਥੇ ਹੀ ਇਨਡਾਇਟਮੈਂਟ ਇੱਕ ਗ੍ਰੈਂਡ ਜਿਊਰੀ ਦੀ ਗੁਪਤ ਵੋਟਿੰਗ 'ਤੇ ਅਧਾਰਤ ਹੁੰਦੀ ਹੈ।
ਗ੍ਰੈਂਡ ਜਿਊਰੀ ਨਾਗਰਿਕਾਂ ਦਾ ਇੱਕ ਸਮੂਹ ਹੁੰਦੀ ਹੈ ਜੋ ਗਵਾਹਾਂ ਦੇ ਨਾਲ-ਨਾਲ ਪੇਸ਼ ਕੀਤੇ ਗਏ ਸਬੂਤਾਂ 'ਤੇ ਵੀ ਵਿਚਾਰ ਕਰਦੀ ਹੈ।
ਫਿਰ ਇਹ ਫੈਸਲਾ ਕੀਤਾ ਜਾਂਦਾ ਹੈ ਕਿ, ਕੀ ਕਿਸੇ ਵਿਅਕਤੀ 'ਤੇ ਅਪਰਾਧਿਕ ਇਲਜ਼ਾਮ ਲਗਾਉਣ ਲਈ ਲੋੜੀਂਦੇ ਸਬੂਤ ਮੌਜੂਦ ਹਨ।
ਕੀ ਟਰੰਪ ਰਾਸ਼ਟਰਪਤੀ ਦੀ ਚੋਣ ਅਜੇ ਵੀ ਲੜ ਸਕਦੇ ਹਨ?
ਹਾਂ, ਅਮਰੀਕਾ ਦੇ ਸੰਵਿਧਾਨ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਟਰੰਪ ਨੂੰ ਆਪਣੀ ਚੋਣ ਮੁਹਿੰਮ ਨੂੰ ਜਾਰੀ ਰੱਖਣ ਤੋਂ ਰੋਕ ਸਕੇ ਭਾਵੇਂ ਕਿ ਉਨ੍ਹਾਂ ਉੱਤੇ ਕਈ ਅਪਰਾਧਾਂ ਦੇ ਇਲਜ਼ਾਮ ਕਿਉਂ ਨਾ ਲੱਗੇ ਹੋਣ ਪਰ ਵਿਹਾਰਕ ਵਿਚਾਰ ਹਨ।
ਕੇਸ ਹਫ਼ਤਿਆਂ ਤੱਕ ਚੱਲ ਸਕਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਸਮਾਂ ਅਦਾਲਤ ਵਿੱਚ ਬੈਠਣਾ ਹੋਵੇਗਾ। ਕਾਨੂੰਨੀ ਟੀਮ ਲਈ ਭੁਗਤਾਨ ਦਾ ਤਾਂ ਕੋਈ ਜ਼ਿਕਰ ਹੀ ਨਹੀਂ ਕੀਤਾ ਜਾਵੇਗਾ।
ਇਹ ਸਭ ਉਸ ਵੇਲੇ ਊਰਜਾ ਅਤੇ ਚੋਣਾਵੀਂ ਨਕਦੀ ਦੀ ਇੱਕ ਵੱਡੀ ਬਰਬਾਦੀ ਹੋਵੇਗੀ, ਇਹ ਅਜਿਹਾ ਸਮਾਂ ਹੋਵੇਗਾ ਜਦੋਂ ਉਹ ਰੈਲੀਆਂ ਕਰਨ ਅਤੇ ਵੋਟਰਾਂ ਨੂੰ ਮਿਲਣਾ ਵਧੇਰੇ ਪਸੰਦ ਕਰਨਗੇ।
ਹਾਲਾਂਕਿ, ਉਨ੍ਹਾਂ ਦਾ ਸਮਰਥਨ ਘਟਿਆ ਨਹੀਂ ਹੈ। ਉਨ੍ਹਾਂ ਨੇ ਰਿਪਬਲਿਕਨ ਰੇਸ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ ਅਤੇ ਅਗਲੇ ਸਾਲ ਦੁਬਾਰਾ ਜੋ ਬਾਈਡਨ ਦਾ ਸਾਹਮਣਾ ਕਰਨ ਲਈ ਸਭ ਤੋਂ ਅੱਗੇ ਹਨ।
ਕੀ ਟਰੰਪ ਨੂੰ ਜੇਲ੍ਹ ਹੋ ਸਕਦੀ ਹੈ?
ਇਨ੍ਹਾਂ ਇਲਜ਼ਾਮਾਂ ਵਿੱਚੋਂ ਬਹੁਤ ਸਾਰੇ ਇਲਜ਼ਾਮ ਸਾਬਤ ਹੋਣ 'ਤੇ ਜੇਲ੍ਹ ਦੀ ਸਜ਼ਾ ਦੀ ਬਜਾਇ ਜੁਰਮਾਨਾ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਪਰ ਕੁਝ ਇਲਜ਼ਾਮ ਗੰਭੀਰ ਹਨ ਅਤੇ ਸਿਧਾਂਤਕ ਤੌਰ 'ਤੇ ਸਲਾਖਾਂ ਦੇ ਪਿੱਛੇ ਭੇਜ ਸਕਦੇ ਹਨ।
ਭਾਵੇਂ ਟਰੰਪ ਜੇਲ੍ਹ ਵਿੱਚ ਹੀ ਕਿਉਂ ਨਾ ਚਲੇ ਜਾਣ ਉਹ ਤਾਂ ਵੀ ਰਾਸ਼ਟਰਪਤੀ ਲਈ ਆਪਣੀ ਦੌੜ ਜਾਰੀ ਰੱਖ ਸਕਦੇ ਹਨ ਅਤੇ ਚੋਣ ਜਿੱਤ ਸਕਦੇ ਹਨ।
1920 ਵਿੱਚ, ਸੋਸ਼ਲਿਸਟ ਪਾਰਟੀ ਦੇ ਉਮੀਦਵਾਰ ਯੂਜੀਨ ਡੇਬਸ ਨੂੰ ਜੇਲ੍ਹ ਵਿੱਚ ਰਹਿੰਦੇ ਹੋਏ ਇੱਕ ਮਿਲੀਅਨ ਵੋਟਾਂ ਮਿਲੀਆਂ ਸਨ।
ਟਰੰਪ ਨੇ ਆਪਣੇ ਬਚਾਅ ਵਿੱਚ ਕੀ ਕਿਹਾ?
ਉਨ੍ਹਾਂ ਨੇ ਵਾਰ-ਵਾਰ ਮੁਕੱਦਮਿਆਂ ਨੂੰ ਸਿਆਸੀ ਤੌਰ 'ਤੇ ਪ੍ਰੇਰਿਤ, ਜਾਣਬੁਝ ਕੇ ਉਨ੍ਹਾਂ ਦੀ ਰਾਸ਼ਟਰਪਤੀ ਦੀਆਂ ਇੱਛਾਵਾਂ ਨੂੰ ਪੱਟੜੀ ਤੋਂ ਉਤਾਰਨ ਵਜੋਂ ਦੱਸਿਆ ਹੈ।
ਉਨ੍ਹਾਂ ਦੇ ਵਕੀਲਾਂ ਨੇ, ਰਾਜਨੀਤਿਕ ਹਿੱਤਾਂ ਵਾਲੇ ਗਵਾਹਾਂ 'ਤੇ ਭਰੋਸਾ ਕਰਦੇ ਹੋਏ ਕਿਹਾ ਕਿ ਜੌਰਜੀਆ ਵਿੱਚ ਤਾਜ਼ਾ ਇਲਜ਼ਾਮ "ਹੈਰਾਨ ਕਰਨ ਵਾਲੇ ਅਤੇ ਬੇਤੁਕੇ" ਸਨ।