ਡੌਨਲਡ ਟਰੰਪ: ਪਹਿਲਾਂ ਗ੍ਰਿਫ਼ਤਾਰੀ ਤੇ ਫ਼ਿਰ ਅਦਾਲਤ ’ਚ ਪੇਸ਼ੀ ਤੋਂ ਲੈ ਕੇ ਘਰ ਪਰਤਣ ਤੱਕ ਕੀ ਕੁਝ ਵਾਪਰਿਆ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਖ਼ਿਲਾਫ਼ 2016 ਵਿੱਚ ਪੋਰਨ ਸਟਾਰ ਸਟੌਰਮੀ ਡੈਨੀਅਲਸ ਨੂੰ 130,000 ਡਾਲਰ ਦੇ ਭੁਗਤਾਨ ਕਰਨ ਦੇ ਮਾਮਲੇ ਮੰਗਲਵਾਰ ਨੂੰ ਨਿਊਯਾਰਕ ਦੀ ਇੱਕ ਅਦਾਲਤ ਸਾਹਮਣੇ ਪੇਸ਼ ਹੋਏ। ਉਨ੍ਹਾਂ ਖ਼ਿਲਾਫ਼ 34 ਗੰਭੀਰ ਇਲਜ਼ਾਮ ਲਗਾਏ ਗਏ ਹਨ। ਜਿਨ੍ਹਾਂ ਤੋਂ ਟਰੰਪ ਨੇ ਮੁਕੰਮਲ ਇਨਕਾਰ ਕਰਦਿਆਂ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ।

ਇਸ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਸਮੀ ਤੌਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਣਵਾਈ ਤੋਂ ਪਹਿਲਾਂ ਟਰੰਪ ਨੂੰ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਸੀ।

ਅਦਾਲਤ ਨੇ ਕਿਹਾ ਹੈ ਕਿ ਟਰੰਪ ਖ਼ਿਲਾਫ਼ ਟਰਾਇਲ ਅਗਲੇ ਸਾਲ ਸ਼ੁਰੂ ਹੋ ਸਕਦਾ ਹੈ। 8 ਜੂਨ ਤੱਕ ਬਚਾਅ ਪੱਖ ਅਦਾਲਤ ਵਿੱਚ ਆਪਣੀਆਂ ਦਲੀਲਾਂ ਦਾਇਰ ਕਰ ਸਕਦਾ ਹੈ।

ਪੇਸ਼ੀ ਤੋਂ ਬਾਅਦ ਟਰੰਪ ਨੇ ਫਲੋਰੀਡਾ ਸਥਿਤ ਆਪਣੀ ਰਿਹਾਇਸ਼ 'ਤੇ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਟਰੰਪ ਨੇ ਇਕ ਵਾਰ ਫ਼ਿਰ ਦੁਹਰਾਇਆ ਕਿ ਉਨ੍ਹਾਂ ਦੇ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਹੈ।

ਟਰੰਪ ਨੇ ਇਹ ਵੀ ਕਿਹਾ ਕਿ "ਸਾਡਾ ਦੇਸ਼ ਨਰਕ ਵੱਲ ਜਾ ਰਿਹਾ ਹੈ। ਦੁਨੀਆ ਪਹਿਲਾਂ ਹੀ ਕਈ ਕਾਰਨਾਂ ਕਰਕੇ ਸਾਡੇ 'ਤੇ ਹੱਸ ਰਹੀ ਹੈ।"

ਟਰੰਪ ਨੇ ਕਿਹਾ, "ਮੈਂ ਸਿਰਫ਼ ਇੱਕ ਅਪਰਾਧ ਕੀਤਾ ਹੈ, ਅਤੇ ਉਹ ਹੈ ਆਪਣੇ ਦੇਸ਼ ਨੂੰ, ਉਨ੍ਹਾਂ ਲੋਕਾਂ ਤੋਂ ਨਿਡਰ ਹੋ ਕੇ ਬਚਾਉਣਾ ਜੋ ਇਸਨੂੰ ਤਬਾਹ ਕਰਨਾ ਚਾਹੁੰਦੇ ਹਨ।"

ਡੋਨਾਲਡ ਟਰੰਪ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਦੇ ਵਕੀਲ ਮਾਈਕਲ ਕੋਹੇਨ ਨੇ ਟਰੰਪ ਨਾਲ ਕਥਿਤ ਸਬੰਧਾਂ ਬਾਰੇ ਚੁੱਪ ਰਹਿਣ ਲਈ ਨਿਯਮਾਂ ਦੀ ਉਲੰਘਣਾ ਕਰਦਿਆਂ, 2016 ਵਿੱਚ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਸਟੋਰਮੀ ਡੇਨੀਅਲਜ਼ ਨੂੰ 130,000 ਡਾਲਰ ਦਾ ਭੁਗਤਾਨ ਕੀਤਾ ਸੀ।

ਟਰੰਪ ਅਜਿਹੇ ਪਹਿਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਹਨ ਜਿਨ੍ਹਾਂ ਨੂੰ ਕਿਸੇ ਅਪਰਾਧਿਕ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ ਹੈ।

ਟਰੰਪ ਖਿਲਾਫ਼ ਕੀ ਇਲਜ਼ਾਮ ਲੱਗੇ ਹਨ?

ਟਰੰਪ ਖ਼ਿਲਾਫ਼ ਇਸ ਮਾਮਲੇ ਦੀ ਸ਼ੁਰੂਆਤ ਜੁਲਾਈ, 2006 ਵਿੱਚ ਹੋਈ ਸੀ। ਉਦੋਂ ਤੱਕ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਬਣਨ ਦੀ ਦਿਸ਼ਾ ਵੱਲ ਕੋਈ ਗੰਭੀਰ ਕਦਮ ਨਹੀਂ ਸਨ ਚੁੱਕੇ।

ਪੋਰਨ ਸਟਾਰ ਸਟੌਰਮੀ ਡੈਨੀਅਲਸ ਦਾ ਦਾਅਵਾ ਹੈ ਕਿ ਟਰੰਪ ਨਾਲ ਉਨ੍ਹਾਂ ਦੀ ਮੁਲਾਕਾਤ ਕੈਲੀਫ਼ੋਰਨੀਆ ਅਤੇ ਨੇਵਾਦਾ ਵਿਚਲੀ ਤੋਹੇ ਝੀਲ ਵਿੱਚ ਹੋਣ ਵਾਲੇ ਇੱਕ ਚੈਰਿਟੀ ਟੂਰਨਾਮੈਂਟ ਦੌਰਾਨ ਹੋਈ ਸੀ।

ਸਾਲ 2011 ਵਿੱਚ ‘ਇਨ ਟਚ ਵੀਕਲੀ’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਟਰੰਪ ਨੇ ਉਨ੍ਹਾਂ ਨੂੰ ਡਿਨਰ ਲਈ ਬੁਲਾਇਆ ਸੀ। ਜਿਸ ਲਈ ਉਹ ਟਰੰਪ ਨੂੰ ਉਨ੍ਹਾਂ ਦੇ ਹੋਟਲ ਦੇ ਕਮਰੇ ਵਿੱਚ ਮਿਲਣ ਗਏ ਸਨ।

ਇਹ ਇੰਟਰਵਿਊ 2011 ਵਿੱਚ ਦਿੱਤਾ ਗਿਆ ਸੀ ਪਰ ਇਸ ਨੂੰ ਛਾਪਿਆ 2018 ਵਿੱਚ ਗਿਆ ਸੀ।

ਇੰਟਰਵਿਊ ਵਿੱਚ ਡੈਨੀਅਲਸ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੋਵਾਂ ਨੇ ਹੋਟਲ ਦੇ ਕਮਰੇ ਵਿੱਚ ਸਰੀਰਕ ਸਬੰਧ ਬਣਾਏ ਸੀ। ਹਾਲਾਂਕਿ ਇਸ ਬਾਰੇ ਟਰੰਪ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਇਸ ਤੋਂ ‘ਮੁਕੰਮਲ ਇਨਕਾਰ’ ਕਰਦੇ ਹਨ।

ਮਾਰਚ 2018 ਵਿੱਚ ਪ੍ਰਸਾਰਿਤ ਇੱਕ ਟੀਵੀ ਇੰਟਰਵਿਊ ਵਿੱਚ ਡੈਨੀਅਲਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਚੁੱਪ ਰਹਿਣ ਲਈ ਕਿਹਾ ਗਿਆ ਸੀ ਤੇ ਧਮਕੀ ਵੀ ਦਿੱਤੀ ਗਈ ਸੀ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਜਦੋਂ ‘2011 ਵਿੱਚ ‘ਇਨ ਟਚ ਵੀਕਲੀ’ ਨੂੰ ਇੰਟਰਵਿਊ ਦੇਣ ਲਈ ਮੈਂ ਹਾਂ ਕਹਿ ਦਿੱਤੀ ਤਾਂ ਉਸ ਤੋਂ ਕੁਝ ਦਿਨਾਂ ਬਾਅਦ ਲਾਸ ਵੇਗਾਸ ਦੀ ਇੱਕ ਕਾਰ ਪਾਰਕਿੰਗ ਵਿੱਚ ਮੇਰੇ ਕੋਲ ਇੱਕ ਸ਼ਖ਼ਸ ਆਇਆ ਜਿਸ ਨੇ ਕਿਹਾ, ‘ਟਰੰਪ ਨੂੰ ਇਕੱਲੇ ਛੱਡ ਦਿਓ।’

ਟਰੰਪ ਲਈ ਇਸ ਮਾਮਲੇ ਵਿੱਚ ਅੱਗੇ ਕੀ ਸੰਭਾਵਨਾ ਹੈ?

ਨਿਊਯਾਰਕ ਸਿਟੀ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ ਨੇ ਇਹ ਜਾਂਚ ਕਰਨ ਲਈ ਗ੍ਰੈਂਡ ਜਿਊਰੀ ਦੀ ਸਥਾਪਨਾ ਕੀਤੀ ਹੈ।

ਇਹ ਜਿਊਰੀ ਮੁਕੱਦਮੇ ਦੀ ਪੈਰਵੀ ਕਰੇਗੀ ਤੇ ਦੇਖੇਗੀ ਕਿ ਕਿ ਲੋੜੀਂਦੇ ਸਬੂਤ ਮੌਜੂਦ ਹਨ ਜਾਂ ਨਹੀਂ। ਉਨ੍ਹਾਂ ਨੇ ਪਿਛਲੇ ਹਫ਼ਤੇ ਅੱਗੇ ਵਧਣ ਲਈ ਵੋਟ ਪਾਈ ਸੀ।

ਨਿਊਯਾਰਕ ਸਿਟੀ ਅਦਾਲਤ ਦੇ ਬੁਲਾਰੇ ਨੇ ਦੱਸਿਆ ਸੀ ਸਾਬਕਾ ਰਾਸ਼ਟਰਪਤੀ ਦੀ ਪੇਸ਼ੀ ਮੰਗਲਵਾਰ ਹੋਵੇਗੀ।

ਟਰੰਪ ਦੇ ਖਿਲਾਫ਼ ਅਧਿਕਾਰਤ ਦੋਸ਼ਾਂ ਨੂੰ ਸਾਬਤ ਕਰਨ ਵਾਲੇ ਦਸਤਾਵੇਜ਼ ਨੂੰ ਉਦੋਂ ਤੱਕ ਜਨਤਕ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਕੋਈ ਜੱਜ ਉਨ੍ਹਾਂ ਵਿਰੁੱਧ ਲੱਗੇ ਇਲਜ਼ਾਮਾਂ ਨੂੰ ਪੜ੍ਹ ਨਹੀਂ ਲੈਂਦਾ।

ਸਾਬਕਾ ਰਾਸ਼ਟਰਪਤੀ ਨੇ ਸੋਮਵਾਰ ਨਿਊਯਾਰਕ ਸਿਟੀ ਦੇ ਟਰੰਪ ਟਾਵਰ ਪਹੁੰਚੇ। ਇਥੋਂ ਹੀ ਉਹ ਸੀਕ੍ਰੇਟ ਸਰਵਿਸ ਏਜੰਟਾਂ ਦੀ ਇੱਕ ਟੀਮ ਦੇ ਨਾਲ ਸਖ਼ਤ ਸੁਰੱਖਿਆ ਵਿੱਚ ਮੰਗਲਵਾਰ ਨੂੰ ਹੇਠਲੇ ਮੈਨਹਟਨ ਕੋਰਟਹਾਊਸ ਵਿੱਚ ਪੇਸ਼ ਹੋਣਗੇ।

ਡੌਨਲਡ ਟਰੰਪ ਖ਼ਿਲਾਫ਼ ਇਲਜ਼ਾਮ

  • ਡੌਨਲਡ ਟਰੰਪ ਖ਼ਿਲਾਫ਼ 2016 ਵਿੱਚ ਪੋਰਨ ਸਟਾਰ ਸਟੌਰਮੀ ਡੈਨੀਅਲਸ ਨੂੰ 130,000 ਡਾਲਰ ਦੇ ਭੁਗਤਾਨ ਕਰਨ ਖ਼ਿਲਾਫ਼ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਹੋਵੇਗੀ
  • ਟਰੰਪ ਖ਼ਿਲਾਫ਼ ਇਸ ਮਾਮਲੇ ਦੀ ਸ਼ੁਰੂਆਤ ਜੁਲਾਈ, 2006 ਵਿੱਚ ਹੋਈ ਸੀ
  • ਪੋਰਨ ਸਟਾਰ ਸਟੌਰਮੀ ਡੈਨੀਅਲਸ ਸਾਲ 2011 ਵਿੱਚ ‘ਇਨ ਟਚ ਵੀਕਲੀ’ ਨੂੰ ਇੱਕ ਇੰਟਰਵਿਊ ਦਿੱਤਾ ਸੀ
  • 2018 ਵਿੱਚ ਛਪੇ ਇਸ ਇੰਟਰਵਿਊ ਵਿੱਚ ਡੈਨੀਅਲਸ ਨੇ ਇਲਜ਼ਾਮ ਲਗਾਇਆ ਕਿ ਡੌਨਲਡ ਟਰੰਪ ਨੇ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਏ ਸਨ
  • ਟਰੰਪ ਨੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ

ਟਰੰਪ ਨੂੰ ਕਿੰਨੀ ਸਜ਼ਾ ਹੋ ਸਕਦੀ ਹੈ?

ਇੱਕ ਵਾਰ ਕੇਸ ਦਰਜ ਹੋਣ ਅਤੇ ਜੱਜ ਚੁਣੇ ਜਾਣ ਤੋਂ ਬਾਅਦ ਟਰੰਪ ਖ਼ਿਲਾਫ਼ ਮੁਕੱਦਮਾ ਸ਼ੁਰੂ ਹੋ ਜਾਵੇਗਾ।

ਆਸ ਹੈ ਕਿ ਟਰੰਪ ਨੂੰ ਜ਼ਮਾਨਤ ਮਿਲ ਜਾਵੇਗੀ ਤੇ ਉਹ ਆਪਣੇ ਫ਼ਲੋਰੀਡਾ ਸਥਿਤ ਘਰ ਵਿੱਚ ਰਹਿ ਸਕਣਗੇ।

ਕਿਸੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਸੂਰਤੇਹਾਲ ਟਰੰਪ ਨੂੰ ਜੁਰਮਾਨਾ ਲੱਗੇਗਾ।

ਇਸ ਦੇ ਨਾਲ ਹੀ ਉਨ੍ਹਾਂ ਨੂੰ ਵੱਧ ਤੋਂ ਵੱਧ ਚਾਰ ਸਾਲ ਦੀ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕੀ ਟਰੰਪ ਸਜ਼ਾਂ ਤੋਂ ਬਾਅਦ ਵੀ ਰਾਸ਼ਟਰਪਤੀ ਚੋਣ ਲੜਣ ਯੋਗ ਹੋਣਗੇ?

ਇੱਕ ਇਲਜ਼ਾਮ ਜਾਂ ਇੱਥੋਂ ਤੱਕ ਕਿ ਇੱਕ ਅਪਰਾਧਿਕ ਸਜ਼ਾ ਵੀ ਟਰੰਪ ਨੂੰ ਆਪਣੀ ਰਾਸ਼ਟਰਪਤੀ ਦੀ ਮੁਹਿੰਮ ਨੂੰ ਜਾਰੀ ਰੱਖਣ ਤੋਂ ਨਹੀਂ ਰੋਕ ਸਕੇਗੀ।

ਇਸ ਬਾਰੇ ਟਰੰਪ ਨੇ ਸੰਕੇਤ ਵੀ ਦਿੱਤੇ ਹਨ ਕਿ ਜੋ ਵੀ ਹੋ ਜਾਵੇ ਉਹ ਅੱਗੇ ਵਧਣਾ ਜਾਰੀ ਰੱਖਣਗੇ।

ਅਮਰੀਕਾ ਦੇ ਕਾਨੂੰਨ ਵਿੱਚ ਅਜਿਹੀ ਕੋਈ ਵਿਵਸਥਾ ਨਹੀਂ ਹੈ ਜੋ ਕਿਸੇ ਅਪਰਾਧਿਕ ਮਾਮਲੇ ਦੇ ਦੋਸ਼ੀ ਨੂੰ ਰਾਸ਼ਟਰਪਤੀ ਮੁਹਿੰਮ ਵਿੱਚ ਹਿੱਸਾ ਲੈਣ ਜਾਂ ਪ੍ਰਚਾਰ ਕਰਨ ਤੋਂ ਰੋਕੇ , ਇੱਥੋਂ ਤੱਕ ਕਿ ਜੇਲ੍ਹ ਹੋਣ ਦੀ ਸੂਰਤ ਵਿੱਚ ਵੀ ਨਹੀਂ।

ਪਰ ਯਕੀਨੀ ਤੌਰ ’ਤੇ ਟਰੰਪ ਦੀ ਗ੍ਰਿਫ਼ਤਾਰੀ ਉਨ੍ਹਾਂ ਦੀ ਰਾਸ਼ਟਰਪਤੀ ਚੋਣ ਮੁਹਿੰਮ ਨੂੰ ਔਖਾ ਕਰ ਦੇਵੇਗੀ।

ਇਹ ਅਮਰੀਕੀ ਸਿਆਸੀ ਢਾਂਚੇ ਦੇ ਵਖਰੇਵਿਆਂ ਨੂੰ ਹੋਰ ਡੂੰਘਾ ਕਰੇਗਾ ਤੇ ਵਿਚਾਰਧਾਰਕ ਪਾੜਿਆਂ ਨੂੰ ਵਧਾਏਗਾ।

ਕੰਜ਼ਰਵੇਟਿਵ ਆਗੂਆਂ ਦਾ ਮੰਨਣਾ ਹੈ ਕਿ ਸਾਬਕਾ ਰਾਸ਼ਟਰਪਤੀ ਨੂੰ ਨਿਆਂ ਦੇ ਇੱਕ ਵੱਖਰੇ ਮਿਆਰ 'ਤੇ ਰੱਖਿਆ ਜਾ ਰਿਹਾ ਹੈ, ਜਦੋਂ ਕਿ ਉਦਾਰਵਾਦੀ ਇਸ ਨੂੰ ਕਾਨੂੰਨ ਤੋੜਨ ਵਾਲਿਆਂ ਇਥੋਂ ਤੱਕ ਕਿ ਉੱਚੇ ਆਹੁਦਿਆਂ ’ਤੇ ਬੈਠੇ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਦੀ ਪ੍ਰੀਕ੍ਰਿਆ ਵਜੋਂ ਦੇਖਦੇ ਹਨ।

ਇਹ ਮਾਮਲਾ ਅਹਿਮ ਕਿਉਂ ਹੈ?

ਸਾਬਕਾ ਰਾਸ਼ਟਰਪਤੀ ਟਰੰਪ ਦੇ ਸਮਰਥਕਾਂ, ਇੱਥੋਂ ਤੱਕ ਕਿ ਧਾਰਮਿਕ ਖਿਆਲਾਂ ਵਾਲੇ ਲੋਕਾਂ ਨੇ ਵੀ ਉਨ੍ਹਾਂ ਦੇ ਪਿਛਲੇ ਵਿਵਹਾਰ ਅਤੇ ਉਨ੍ਹਾਂ ਦੇ ਖਿਲਾਫ਼ ਔਰਤਾਂ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ।

ਪਰ ਸਟੌਰਮੀ ਡੈਨੀਅਲਸ ਕਾਂਡ ਵਿੱਚ ਟਰੰਪ ਨੂੰ ਅਦਾਲਤ ਵਿੱਚ ਗਵਾਹੀ ਦੇਣ ਲਈ ਬੁਲਾਇਆ ਜਾ ਸਕਦਾ ਹੈ।

ਟਰੰਪ ਨੇ 2024 ਵਿੱਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਫ਼ਿਰ ਤੋਂ ਮੈਦਾਨ ਵਿੱਚ ਆਉਣ ਦੀ ਇੱਛਾ ਜ਼ਾਹਿਰ ਕੀਤੀ ਹੈ, ਇਸ ਨੂੰ ਦੇਖਦਿਆਂ ਇਸ ਮਾਮਲੇ ਦਾ ਫ਼ੈਸਲਾ ਹੁਣ ਬੇਹੱਦ ਅਹਿਮ ਹੋ ਗਿਆ ਹੈ।

ਬੀਬੀਸੀ ਉੱਤਰੀ ਅਮਰੀਕਾ ਦੇ ਪੱਤਰਕਾਰ ਐਂਥਨੀ ਜ਼ਰਕਰ ਦਾ ਕਹਿਣਾ ਹੈ ਕਿ ਇਹ ਦੋਸ਼ ਜਾਂ ਅਪਰਾਧਿਕ ਸਜ਼ਾ ਵੀ ਟਰੰਪ ਨੂੰ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਨੂੰ ਜਾਰੀ ਰੱਖਣ ਤੋਂ ਨਹੀਂ ਰੋਕ ਸਕੇਗੀ।

ਅਸਲ ਵਿੱਚ ਅਮਰੀਕੀ ਕਾਨੂੰਨ ਵਿੱਚ ਅਜਿਹੀ ਕੋਈ ਤਜਵੀਜ਼ ਨਹੀਂ ਹੈ ਜੋ ਕਿਸੇ ਅਜਿਹੇ ਉਮੀਦਵਾਰ ਨੂੰ ਚੋਣ ਪ੍ਰਚਾਰ ਕਰਨ ਅਤੇ ਰਾਸ਼ਟਰਪਤੀ ਦੇ ਰੂਪ ਵਿੱਚ ਕਾਰਜ ਕਰਨ ਤੋਂ ਰੋਕਦੀ ਹੈ।

ਇੱਥੋਂ ਤੱਕ ਕਿ ਕੋਈ ਕਾਨੂੰਨ ਰਾਸ਼ਟਰਪਤੀ ਨੂੰ ਜੇਲ੍ਹ ਤੋਂ ਵੀ ਕਾਰਜ ਕਰਨ ਤੋਂ ਨਹੀਂ ਰੋਕਦਾ।

ਹਾਲਾਂਕਿ, ਟਰੰਪ ਦੀ ਗ੍ਰਿਫ਼ਤਾਰੀ ਨਿਸ਼ਚਤ ਰੂਪ ਨਾਲ ਉਨ੍ਹਾਂ ਦੀ ਰਾਸ਼ਟਰਪਤੀ ਚੋਣ ਮੁਹਿੰਮ ਨੂੰ ਗੁੰਝਲਦਾਰ ਬਣਾਏਗੀ।

ਸਟੌਰਮੀ ਡੈਨੀਅਲਸ ਕੌਣ ਹਨ?

ਸਟੌਰਮੀ ਡੈਨੀਅਲਸ ਦਾ ਅਸਲੀ ਨਾਮ ਸਟੈਫਨੀ ਕਲਿਫੋਰਡ ਹੈ ਤੇ ਉਨ੍ਹਾਂ ਦਾ ਜਨਮ ਲੁਈਸਿਆਨਾ ਵਿੱਚ 1979 ਵਿੱਚ ਹੋਇਆ ਸੀ।

2004 ਵਿੱਚ ਨਿਰਦੇਸ਼ਨ ਅਤੇ ਲੇਖਣੀ ਵਿੱਚ ਆਉਣ ਤੋਂ ਪਹਿਲਾਂ ਉਹ ਪਹਿਲੀ ਵਾਰ ਪੋਰਨ ਫਿਲਮ ਇੰਡਸਟਰੀ ਵਿੱਚ ਇੱਕ ਕਲਾਕਾਰ ਦੇ ਰੂਪ ਵਿੱਚ ਸ਼ਾਮਲ ਹੋਏ ਸਨ।

ਬਤੌਰ ਸਟੇਜ ਪਰਫਾਰਮਰ ਉਨ੍ਹਾਂ ਦੇ ਨਵੇਂ ਨਾਮ ਪਿੱਛੇ ਇੱਕ ਦਿਲਚਸਪ ਕਹਾਣੀ ਹੈ।

ਉਨ੍ਹਾਂ ਦੇ ਨਾਮ ਵਿੱਚ ਸਟੋਰਮੀ ਸ਼ਬਦ ਮਸ਼ਹੂਰ ਅਮਰੀਕੀ ਬੈਂਡ ਮੋਤਲੇ ਕ੍ਰਿਊ ਦੇ ਬੇਸ ਗਿਟਾਰਿਸਟ ਨਿੱਕੀ ਸਿਕਸ ਦੀ ਧੀ ਸਟੋਰਮ ਤੋਂ ਲਿਆ ਗਿਆ ਹੈ। ਜਦਕਿ ਡੈਨੀਅਲਸ, ਅਮਰੀਕੀ ਵ੍ਹਿਸਕੀ ਬ੍ਰਾਂਡ ਜੈਕ ਡੈਨੀਅਲਸ ਤੋਂ ਲਿਆ ਗਿਆ ਹੈ।

ਅਮਰੀਕਾ ਦੇ ਦੱਖਣੀ ਹਿੱਸੇ ਤੋਂ ਆਉਣ ਵਾਲੀ ਕਲਿਫੋਰ਼ ਨੇ ਇਸ ਵ੍ਹਿਸਕੀ ਦਾ ਇਸ਼ਤਿਹਾਰ ਦੇਖਿਆ ਸੀ ਜਿਸ ਵਿੱਚ ਦਾਅਵਾ ਕੀਤਾ ਸੀ ਕਿ ‘ਇਹ ਦੱਖਣੀ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਦਾ ਪਸੰਦੀਦਾ ਡਰਿੰਕ ਹੈ।’

ਹਾਲਾਂਕਿ, ‘ਦਿ 40-ਯੀਅਰ-ਓਲਡ ਵਰਜਿਨ’ ਅਤੇ ‘ਨੌਕਡ ਅੱਪ’ ਫ਼ਿਲਮਾਂ ਵਿੱਚ ਕੈਮਿਓ ਰੋਲ ਅਤੇ ਪੌਪ ਬੈਂਡ ‘ਮਾਰੂਨ ਫਾਈਵ’ ਦੇ ਗੀਤ ‘ਵੇਕ ਅੱਪ ਕਾਲ’ ਦੀ ਵੀਡੀਓ ਵਿੱਚ ਆਉਣ ਨਾਲ ਉਹ ਹੋਰ ਮਸ਼ਹੂਰ ਹੋਏ।

ਉਨ੍ਹਾਂ 2010 ਵਿੱਚ ਲੁਈਸਿਆਨਾ ਵਿੱਚ ਅਮਰੀਕੀ ਸੈਨੇਟ ਦੀ ਸੀਟ ਲਈ ਚੋਣ ਲੜਨ ਬਾਰੇ ਵੀ ਸੋਚਿਆ ਸੀ। ਪਰ ਬਾਅਦ ਵਿੱਚ ਉਹ ਇਸ ਦੌੜ ਤੋਂ ਇਹ ਕਹਿੰਦੇ ਵੱਖਰੇ ਹੋ ਗਏ ਕਿ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।

(ਇਸ ਰਿਪੋਰਟ ਨੂੰ ਟੋਬੀ ਲਕਹਰਸਟ, ਐਂਥਨੀ ਜ਼ਰਕਰ ਅਤੇ ਮੈਟੀਆ ਬੁਬਾਲੋ ਦੀ ਰਿਪੋਰਟ ਦੇ ਆਧਾਰ ’ਤੇ ਰੁਪਾਂਤਰਿਤ ਕੀਤਾ ਗਿਆ ਹੈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)