ਅੰਗਰੇਜ਼ਾਂ ਨੇ ਕਿਵੇਂ ਭਾਰਤ ਵਿੱਚ ਅਫ਼ੀਮ ਦੀ ਖੇਤੀ ਸ਼ੁਰੂ ਕਰਵਾਈ, ਪਰ ਕੀ ਇਸ ਨਾਲ ਭਾਰਤੀ ਕਿਸਾਨਾਂ ਦੀ ਆਰਥਿਕਤਾ ਸੁਧਰੀ ਸੀ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਮਸ਼ਹੂਰ ਨਾਵਲਕਾਰ ਅਮਿਤਾਬ ਘੋਸ਼ ਦੇ ਪ੍ਰਸਿੱਧ ਨਾਵਲ ਸੀਅ ਆਫ਼ ਪੋਪੀਜ਼ ਵਿੱਚ ਭਾਰਤ ਦੇ ਅਫ਼ੀਮ ਦੀ ਖੇਤੀ ਵਾਲੇ ਇਲਾਕੇ ਦੀ ਇੱਕ ਔਰਤ ਦਾ ਭੁੱਕੀ ਦੇ ਬੀਜ ਨਾਲ ਪਹਿਲੀ ਵਾਰ ਸਾਹਮਣਾ ਹੁੰਦਾ ਹੈ।

"ਉਸ ਨੇ ਬੀਜ ਨੂੰ ਇਸ ਤਰ੍ਹਾਂ ਦੇਖਿਆ ਜਿਵੇਂ ਇਹ ਪਹਿਲਾਂ ਕਦੇ ਨਹੀਂ ਵੇਖਿਆ ਸੀ। ਫਿਰ ਅਚਾਨਕ ਉਸ ਨੂੰ ਪਤਾ ਲੱਗਾ ਕਿ ਇਹ ਉਹ ਗ੍ਰਹਿ ਨਹੀਂ ਸੀ ਜੋ ਉਸਦੇ ਜੀਵਨ ਨੂੰ ਚਲਾਉਂਦਾ ਹੈ। ਇਹ ਇੱਕ ਛੋਟਾ ਜਿਹਾ ਚੱਕਰ ਸੀ ਜੋ ਸੁੰਦਰ ਅਤੇ ਸਭ ਕੁਝ ਸੀ। ਇਹ ਭਸਮ ਕਰਨ ਵਾਲਾ, ਦਇਆਵਾਨ, ਵਿਨਾਸ਼ਕਾਰੀ ਅਤੇ ਬਦਲਾ ਲੈਣ ਵਾਲਾ ਸੀ।"

ਜਦੋਂ ਨਾਵਲ ਲਿਖਿਆ ਗਿਆ ਤਾਂ ਉੱਤਰੀ ਭਾਰਤ ਵਿੱਚ ਲਗਭਗ 13 ਲੱਖ ਕਿਸਾਨ ਪਰਿਵਾਰਾਂ ਵੱਲੋਂ ਭੁੱਕੀ ਦੀ ਫਸਲ ਦੀ ਖੇਤੀ ਕੀਤੀ ਗਈ ਸੀ।

ਵੇਚਣ ਲਈ ਪੈਦਾ ਕੀਤੀ ਇਸ ਫ਼ਸਲ ਨੇ ਕਿਸਾਨ ਦੀ ਇੱਕ ਚੌਥਾਈ ਤੋਂ ਅੱਧੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਸੀ।

19ਵੀਂ ਸਦੀ ਦੇ ਅਖੀਰ ਤੱਕ ਭੁੱਕੀ ਦੀ ਖੇਤੀ ਨੇ ਅੱਜ ਦੇ ਉੱਤਰ ਪ੍ਰਦੇਸ਼ ਅਤੇ ਬਿਹਾਰ ਰਾਜਾਂ ਵਿੱਚ ਲਗਭਗ 1 ਕਰੋੜ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ।

ਅਫ਼ੀਮ ਦੀ ਖੇਤੀ ਤੇ ਯੁੱਧ

ਕਈ ਹਜ਼ਾਰ ਮਜ਼ਦੂਰਾਂ ਨੇ ਗੰਗਾ ਨਦੀ ਦੇ ਕੰਡੇ ਦੋ ਅਫ਼ੀਮ ਦੇ ਕਾਰਖਾਨਿਆਂ ਵਿੱਚ ਬੀਜ ਵਿੱਚੋਂ ਨਿਕਲੇ ਦੁੱਧ ਵਰਗੇ ਤਰਲ ਪਦਾਰਥ ਨੂੰ ਸੁਕਾਇਆ। ਇਸ ਪਦਾਰਥ ਨੂੰ ਮਿਕਸ ਕੀਤਾ, ਕੇਕ ਬਣਾਇਆ ਅਤੇ ਅਫੀਮ ਦੀਆਂ ਗੇਂਦਾਂ ਨੂੰ ਲੱਕੜ ਦੇ ਸੰਦੂਕਾਂ ਵਿੱਚ ਬੰਨਿਆ।

ਇਹ ਵਪਾਰ ਈਸਟ ਇੰਡੀਆ ਕੰਪਨੀ ਵੱਲੋਂ ਚਲਾਇਆ ਜਾਂਦਾ ਸੀ। ਇਸ ਸ਼ਕਤੀਸ਼ਾਲੀ ਬਹੁ-ਰਾਸ਼ਟਰੀ ਕਾਰਪੋਰੇਸ਼ਨ ਦਾ ਏਸ਼ੀਆ ਨਾਲ ਵਪਾਰ ਏਕਾਧਿਕਾਰੀ ਵਾਲਾ ਸੀ।

ਸਰਕਾਰ ਵੱਲੋਂ ਚਲਾਏ ਜਾਣ ਵਾਲੇ ਇਸ ਵਪਾਰ ਲਈ ਦੋ ਯੁੱਧ ਹੋਏ ਜਿਸ ਤੋਂ ਬਾਅਦ ਚੀਨ ਨੂੰ ਬ੍ਰਿਟਿਸ਼ ਦੀ ਭਾਰਤੀ ਅਫ਼ੀਮ ਲਈ ਆਪਣੇ ਦਰਵਾਜ਼ੇ ਖੋਲ੍ਹਣੇ ਪਏ।

ਈਸਟ ਇੰਡੀਆ ਕੰਪਨੀ 'ਤੇ ਇੱਕ ਕਿਤਾਬ, ਦਿ ਅਨਾਰਕੀ, ਦੇ ਲੇਖਕ ਅਤੇ ਇਤਿਹਾਸਕਾਰ ਵਿਲੀਅਮ ਡੈਲਰੀਮਪਲ ਦਾ ਕਹਿਣਾ ਹੈ, “ਕੰਪਨੀ ਨੇ ਚੀਨ ਨੂੰ ਅਫੀਮ ਭੇਜੀ ਸੀ। ਇਸ ਦੌਰਾਨ ਹਾਂਗਕਾਂਗ ਵਿੱਚ ਇੱਕ ਸਮੁੰਦਰੀ ਕੰਡੇ ਨੂੰ ਜ਼ਬਤ ਕਰਨ ਅਤੇ ਨਸ਼ੀਲੇ ਪਦਾਰਥਾਂ ਵਿੱਚ ਮੁਨਾਫ਼ੇ ਦੇ ਏਕਾਧਿਕਾਰ ਨੂੰ ਪੱਕਾ ਕਰਨ ਲਈ ਅਫੀਮ ਯੁੱਧ ਲੜੇ ਗਏ।”

ਭਾਰਤ ਵਿੱਚ ਅਫ਼ੀਮ ਦੀ ਖੇਤੀ ਬਾਰੇ ਖ਼ਾਸ ਗੱਲਾਂ

  • ਅੰਗਰੇਜ਼ਾਂ ਨੇ ਆਪਣੇ ਵਪਾਰ ਵਿੱਚ ਵਾਧੇ ਲਈ ਭਾਰਤ ਵਿੱਚ ਅਫ਼ੀਮ ਦੇ ਖੇਤੀ ਸ਼ੁਰੂ ਕਰਵਾਈ
  • ਬ੍ਰਿਟਿਸ਼ ਨੇ ਚੀਨ ਵਿੱਚ ਅਫ਼ੀਮ ਦੇ ਵਪਾਰ ਨੂੰ ਵਧਾਉਣ ਲਈ ਦੋ ਜੰਗਾਂ ਲੜੀਆਂ ਸਨ
  • “ਅਫ਼ੀਮ ਦਾ ਕਾਰੋਬਾਰ ਬਹੁਤ ਜ਼ਿਆਦਾ ਸ਼ੋਸ਼ਣ ਵਾਲਾ ਸੀ, ਇਸ ਨੇ ਭਾਰਤੀ ਕਿਸਾਨਾਂ ਨੂੰ ਗਰੀਬ ਬਣਾ ਦਿੱਤਾ”
  • ਅਫ਼ੀਮ ਏਜੰਸੀ ਦੇ ਕਲਰਕ ਕਿਸਾਨਾਂ ਦੀ ਨਿਗਰਾਨੀ ਕਰਦੇ ਅਤੇ ਪੁਲਿਸ ਵਰਗਾ ਰਵੱਈਆ ਅਪਣਾਉਂਦੇ ਸਨ

ਕੀ ਕਿਸਾਨਾਂ ਦੀ ਆਰਥਿਕਤਾ ’ਚ ਸੁਧਾਰ ਹੋਇਆ ?

ਕੁਝ ਇਤਿਹਾਸਕਾਰ ਦਲੀਲ ਦਿੰਦੇ ਹਨ ਕਿ ਅਫ਼ੀਮ ਦੇ ਕਾਰੋਬਾਰ ਨੇ ਭਾਰਤ ਦੀ ਪੇਂਡੂ ਆਰਥਿਕਤਾ ਨੂੰ ਹੁਲਾਰਾ ਦਿੱਤਾ ਸੀ। ਇਸ ਨੇ ਕਿਸਾਨਾਂ ਨੂੰ ਖੁਸ਼ ਕੀਤਾ ਸੀ।

ਪਰ ਵਿਆਨਾ ਯੂਨੀਵਰਸਿਟੀ ਵਿੱਚ ਆਰਥਿਕ ਅਤੇ ਸਮਾਜਿਕ ਇਤਿਹਾਸ ਦੇ ਪ੍ਰੋਫੈਸਰ ਰੋਲਫ ਬਾਉਰ ਨੇ ਆਪਣੀ ਨਵੀਂ ਖੋਜ ਵਿਚ ‘ਅਜਿਹਾ ਨਹੀਂ ਪਾਇਆ’।

ਡਾਕਟਰ ਬਾਊਰ ਨੇ ਕਈ ਸਾਲਾਂ ਤੱਕ ਅਫੀਮ ਦੀ ਪੈਦਾਇਸ਼ ਅਤੇ ਕਿਸਾਨਾਂ ਦੇ ਪੈਸੇ ਦੇਣ ਦੇ ਖਰਚਿਆਂ ਬਾਰੇ ਦਸਤਾਵੇਜ਼ਾਂ ਨੂੰ ਫਰੋਲਿਆ।

ਉਨ੍ਹਾਂ ਨੇ ਵਪਾਰ ਦੇ ਇਤਿਹਾਸ ਨੂੰ ਵੀ ਜਾਂਚਿਆ। ਇਸ ਵਿੱਚ ਦੇਖੀ ਗਈ ਅਫੀਮ ਦੇ ਰਾਇਲ ਕਮਿਸ਼ਨ ਦੀ 1895 ਦੀ ਰਿਪੋਰਟ ਵੀ ਸੀ, ਜੋ ਸੱਤ ਜਿਲਦਾਂ ਵਿੱਚ 2,500 ਪੰਨਿਆਂ ਦੀ ਸੀ।

ਇਸ ਅਧਿਐਨ ਵਿੱਚ ਭਾਰਤ ਵਿੱਚ ਅਫ਼ੀਮ ਦੀ ਵਰਤੋਂ ਅਤੇ ਖਪਤ ਬਾਰੇ 28,000 ਸਵਾਲ ਅਤੇ ਸੈਂਕੜੇ ਗਵਾਹਾਂ ਦੀਆਂ ਰਿਪੋਰਟਾਂ ਸਨ। ਇਸ ਦੌਰਾਨ ਦੇਖਿਆ ਗਿਆ ਕਿ ਬਸਤੀਵਾਦੀ ਸਰਕਾਰ ਨੇ ਅਫ਼ੀਮ ਦੇ ਉਤਪਾਦਨ ਅਤੇ ਖਪਤ ਨੂੰ ਕਿਵੇਂ ਕੰਟਰੋਲ ਕੀਤਾ ਸੀ।

ਇਸ ਖੋਜ ਦੇ ਨਤੀਜੇ ‘ਉਨ੍ਹੀਵੀਂ ਸਦੀ ਦੇ ਭਾਰਤ ਵਿੱਚ ਅਫ਼ੀਮ ਦੇ ਕਿਸਾਨਾਂ ਦਾ ਉਤਪਾਦਨ’ ਨਾਂ ਹੇਠ ਛਪੇ।

ਉਨ੍ਹਾਂ ਸਿੱਟਾ ਕੱਢਿਆ ਕਿ, “ਅਫ਼ੀਮ ਦਾ ਕਾਰੋਬਾਰ ਬਹੁਤ ਜ਼ਿਆਦਾ ਸ਼ੋਸ਼ਣ ਕਰਨ ਵਾਲਾ ਸੀ। ਇਸ ਨੇ ਭਾਰਤੀ ਕਿਸਾਨਾਂ ਨੂੰ ਗਰੀਬ ਬਣਾ ਦਿੱਤਾ ਸੀ।”

ਡਾਕਟਰ ਬਾਉਰ ਨੇ ਦੱਸਿਆ, "ਭੁੱਕੀ ਦੀ ਖੇਤੀ ਕਾਫ਼ੀ ਨੁਕਸਾਨ ਨੂੰ ਘੱਟ ਕਰਨ ਲਈ ਕੀਤੀ ਗਈ ਸੀ। ਕਿਸਾਨ ਇਸ ਤੋਂ ਬਿਨਾਂ ਬਹੁਤ ਵਧੀਆ ਰਹਿ ਸਕਦੇ ਸਨ।"

ਇਸ ਤਰ੍ਹਾਂ ਈਸਟ ਇੰਡੀਅਨ ਕੰਪਨੀ ਨੇ ਵਪਾਰ ਚਲਾਇਆ ਸੀ।

ਅਫ਼ੀਮ ਏਜੰਸੀ ਤੇ ਕਿਸਾਨਾਂ ਦੀ ਬੇਵਸੀ

ਅਫ਼ੀਮ ਏਜੰਸੀ ਦੇ 100 ਦਫਤਰਾਂ ਵਿੱਚ ਲਗਭਗ 2,500 ਕਲਰਕ ਸਨ। ਇਹ ਭੁੱਕੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਨਿਗਰਾਨੀ ਕਰਦੇ ਅਤੇ ਪੁਲਿਸ ਵਰਗਾ ਰਵੱਈਆ ਅਪਣਾਉਂਦੇ ਸਨ।

ਭਾਰਤੀਆਂ ਦੇ ਮਜ਼ਦੂਰਾਂ ਨੂੰ ਕਮਿਸ਼ਨ ਦਿੱਤਾ ਜਾਂਦਾ ਸੀ।

ਸਰਕਾਰ ਵੱਲੋਂ ਚਲਾਇਆ ਜਾਣ ਵਾਲਾ ਵਪਾਰ ਲਗਾਤਾਰ ਵੱਧ ਰਿਹਾ ਸੀ। ਇਹ 19ਵੀਂ ਸਦੀ ਦੀ ਸ਼ੁਰੂਆਤ ਵਿੱਚ 4000 ਸੰਦੂਕਾਂ ਤੋਂ ਸ਼ੁਰੂ ਹੋ ਕੇ 1880ਵਿਆਂ ਵਿੱਚ 60,000 ਸੰਦੂਕ ਹੋ ਗਿਆ ਸੀ।

ਡਾਕਟਰ ਬਾਉਰ ਕਹਿੰਦੇ ਹਨ ਕਿ ਅਫ਼ੀਮ 19ਵੀਂ ਸਦੀ ਵਿੱਚ ਬਸਤੀਵਾਦੀ ਰਾਜ ਦਾ ਦੂਜਾ ਸਭ ਤੋਂ ਵੱਡਾ ਆਮਦਨ ਦਾ ਸਾਧਨ ਸੀ।

ਡਾਕਟਰ ਬਾਉਰ ਕਹਿੰਦੇ ਹਨ, “ਸਰਕਾਰ ਦਾ ਅਫ਼ੀਮ ਉਦਯੋਗ ਉਪ-ਮਹਾਂਦੀਪ ਦੇ ਸਭ ਤੋਂ ਵੱਡੇ ਉਦਯੋਗਾਂ ਵਿੱਚੋਂ ਇੱਕ ਸੀ। ਇਹ ਹਰ ਸਾਲ ਹਜ਼ਾਰਾਂ ਟਨ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਕਰਦਾ ਸੀ। ਇਹ ਅੱਜ ਦੇ ਅਫਗਾਨਿਸਤਾਨ ਦੇ ਬਦਨਾਮ ਅਫ਼ੀਮ ਉਦਯੋਗ ਦੇ ਬਰਾਬਰ ਉਤਪਾਦਨ ਕਰਦਾ ਸੀ।”

ਉਹ ਕਹਿੰਦੇ ਹਨ, “ਇਸ ਫਸਲ ਨੇ ਲੱਖਾਂ ਲੋਕਾਂ ਦੇ ਜੀਵਨ 'ਤੇ ਨਕਾਰਾਤਮਕ ਪ੍ਰਭਾਵ ਪਾਇਆ ਸੀ।”

ਭੁੱਕੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵਿਆਜ ਰਹਿਤ ਅਗਾਊਂ ਭੁਗਤਾਨ ਮਿਲ ਰਿਹਾ ਸੀ। ਪਰ ਇਹਨਾਂ ਨੂੰ ਪਹਿਲਾਂ ਅਸਾਨੀ ਨਾਲ ਕਰਜ਼ੇ ਨਹੀਂ ਮਿਲਦੇ ਸਨ।

ਗਲੋਬਲ ਮਾਰਕੀਟ ਲਈ ਉਤਪਾਦਨ ਕਰਨ ਵਾਲਿਆਂ ਲਈ ਇਹ ਕੋਈ ਬੂਰੀ ਗੱਲ ਨਹੀਂ ਸੀ।

ਡਾਕਟਰ ਬਾਉਰ ਕਹਿੰਦੇ ਹਨ ਕਿ ਉਹਨਾਂ ਲਈ ਮਾੜਾ ਇਹ ਹੋਇਆ ਕਿ ਕਿਸਾਨਾਂ ਨੇ ਕਿਰਾਏ, ਖਾਦ, ਸਿੰਚਾਈ ਅਤੇ ਮਜ਼ਦੂਰਾਂ ਨੂੰ ਪੈਸਾ ਦਿੱਤਾ ਸੀ ਪਰ ਕੱਚੀ ਅਫ਼ੀਮ ਤੋਂ ਜੋ ਆਮਦਨ ਹੁੰਦੀ ਸੀ, ਖਰਚਾ ਉਸ ਤੋਂ ਵੱਧ ਸੀ।

ਸੌਖੇ ਸ਼ਬਦਾਂ ਵਿਚ ਕਿਸਾਨਾਂ ਨੂੰ ਅਫ਼ੀਮ ਦੀ ਜੋ ਕੀਮਤ ਮਿਲਦੀ ਸੀ, ਉਹ ਲਾਗਤ ਵੀ ਨਹੀਂ ਪੂਰੀ ਕਰਦੀ ਸੀ।

ਉਹ ਜਲਦੀ ਹੀ "ਇਕਰਾਰਨਾਮੇ ਦੇ ਜਾਲ’’ ਵਿੱਚ ਫਸ ਗਏ ਸਨ, ਜਿਸ ਤੋਂ ਬਚਣਾ ਮੁਸ਼ਕਲ ਸੀ।

ਅਫ਼ੀਮ ਏਜੰਸੀ ਦੇ ਟੀਚਿਆਂ ਨੂੰ ਪੂਰਾ ਕਰਨਾ ਆਮ ਕਿਸਾਨ ਦੇ ਵੱਸ ਦੀ ਗੱਲ ਨਹੀਂ ਸੀ। ਉਹ ਇਹ ਫੈਸਲਾ ਨਹੀਂ ਕਰ ਸਕਦਾ ਸੀ ਕਿ ਅਫ਼ੀਮ ਪੈਦਾ ਕਰਨੀ ਹੈ ਜਾਂ ਨਹੀਂ।

ਉਨ੍ਹਾਂ ਨੂੰ "ਬਸਤੀਵਾਦੀ ਸਰਕਾਰ ਦੀ ਨਿਰਯਾਤ ਨੀਤੀ ਕਾਰਨ ਆਪਣੀ ਜ਼ਮੀਨ ਅਤੇ ਮਜ਼ਦੂਰੀ ਦਾ ਹਿੱਸਾ ਜਮ੍ਹਾਂ ਕਰਾਉਣ ਲਈ ਮਜ਼ਬੂਰ ਕੀਤਾ ਗਿਆ ਸੀ"।

ਭੁੱਕੀ ਉਗਾਉਣ ਦੀ ਮਜਬੂਰੀ

ਸਥਾਨਕ ਜ਼ਿੰਮੀਦਾਰ ਆਪਣੇ ਬੇਜ਼ਮੀਨੇ ਕਿਰਾਏਦਾਰਾਂ ਨੂੰ ਭੁੱਕੀ ਉਗਾਉਣ ਲਈ ਮਜਬੂਰ ਕਰਦੇ ਸਨ।

ਜੇਕਰ ਉਹ ਫਸਲ ਪੈਦਾ ਕਰਨ ਤੋਂ ਇਨਾਕਾਰ ਕਰਦੇ ਤਾਂ ਕਿਸਾਨਾਂ ਨੂੰ ਅਗਵਾ ਕੀਤਾ ਜਾਂਦਾ ਜਾਂ ਗ੍ਰਿਫ਼ਤਾਰ ਕਰ ਲਿਆ ਜਾਂਦਾ, ਉਹਨਾਂ ਦੀਆਂ ਫਸਲਾਂ ਤਬਾਹ ਕਰ ਦਿੱਤੀਆਂ ਜਾਂਦੀਆਂ ਅਤੇ ਜੇਲ੍ਹ ਵਿੱਚ ਬੰਦ ਕਰਨ ਦੀ ਧਮਕੀ ਦਿੱਤੀ ਜਾਂਦੀ।

ਡਾਕਟਰ ਬਾਉਰ ਕਹਿੰਦੇ ਹਨ, "ਇਹ ਇੱਕ ਬਹੁਤ ਹੀ ਜ਼ਬਰਦਸਤੀ ਵਾਲੀ ਪ੍ਰਣਾਲੀ ਸੀ।"

ਸਾਲ 1915 ਤੱਕ ਸਭ ਤੋਂ ਵੱਡੀ ਮੰਡੀ ਚੀਨ ਨਾਲ ਅਫ਼ੀਮ ਦਾ ਵਪਾਰ ਖ਼ਤਮ ਹੋ ਗਿਆ ਸੀ।

ਹਾਲਾਂਕਿ, ਅਫ਼ੀਮ 'ਤੇ ਬ੍ਰਿਟਿਸ਼ ਦੀ 1947 ਤੱਕ ਅਜਾਰੇਦਾਰੀ ਜਾਰੀ ਰਹੀ।

ਡਾਕਟਰ ਬਾਉਰ ਨੂੰ ਜੋ ਗੱਲ ਪਰੇਸ਼ਾਨ ਕਰਦੀ ਹੈ, ਉਹ ਇਹ ਹੈ ਕਿ "ਕਿਵੇਂ ਕੁਝ ਹਜ਼ਾਰ ਅਫ਼ੀਮ ਕਲਰਕਾਂ ਨੇ ਲੱਖਾਂ ਕਿਸਾਨਾਂ ਨੂੰ ਕਾਬੂ ਕੀਤਾ ਹੋਇਆ ਸੀ। ਉਹਨਾਂ ਨੂੰ ਅਜਿਹੀ ਫਸਲ ਪੈਦਾ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਜੋ ਅਸਲ ਵਿੱਚ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੀ ਸੀ।"

ਇਹ ਇੱਕ ਚੰਗਾ ਸਵਾਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)