ਕਰੋੜਾਂ ਦੇ ਇਲੈਕਟੋਰਲ ਬਾਂਡ ਖਰੀਦਣ ਵਾਲੀਆਂ ਫਾਰਮਾ ਕੰਪਨੀਆਂ ਡਰੱਗ ਟੈਸਟ 'ਚ ਫੇਲ੍ਹ

- ਲੇਖਕ, ਰਾਘਵੇਂਦਰ ਰਾਓ ਅਤੇ ਸ਼ਾਦਾਬ ਨਜ਼ਮੀ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਵਿੱਚ ਦਵਾਈਆਂ, ਇਲਾਜ ਅਤੇ ਮੈਡੀਕਲ ਸਹੂਲਤਾਂ ਦੀਆਂ ਵਧਦੀਆਂ ਕੀਮਤਾਂ ਕੋਈ ਲੁਕੀ ਹੋਈ ਗੱਲ ਨਹੀਂ ਹੈ।
ਅਜਿਹੇ ਵਿੱਚ ਜੇਕਰ ਇਹ ਪਤਾ ਲੱਗੇ ਕਿ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਮਲੇਰੀਆ, ਕੋਵਿਡ ਜਾਂ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਵਾਲੀਆਂ ਕਈ ਪ੍ਰਸਿੱਧ ਦਵਾਈਆਂ ਦੇ ਡਰੱਗ ਟੈਸਟ ਫੇਲ੍ਹ ਹੋ ਰਹੇ ਹਨ, ਤਾਂ ਇਹ ਆਮ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ।
ਪਰ ਜੇਕਰ ਇਸ ਦੇ ਨਾਲ ਹੀ ਇਹ ਵੀ ਨਜ਼ਰ ਆਵੇ ਕਿ ਜਿਨ੍ਹਾਂ ਕੰਪਨੀਆਂ ਦੀਆਂ ਦਵਾਈਆਂ ਡਰੱਗ ਟੈਸਟਾਂ 'ਚ ਫੇਲ੍ਹ ਹੋਈਆਂ, ਉਨ੍ਹਾਂ ਨੇ ਕਰੋੜਾਂ ਰੁਪਏ ਦੇ ਇਲੈਕਟੋਰਲ ਬਾਂਡ ਖਰੀਦ ਕੇ ਸਿਆਸੀ ਦਲਾਂ ਨੂੰ ਦਾਨ ਵਜੋਂ ਦਿੱਤੇ ਹਨ ਤਾਂ ਮਾਮਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ।
ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਇਲੈਕਟੋਰਲ ਬਾਂਡ ਨਾਲ ਜੁੜੇ ਡੇਟਾ ਦੇ ਵਿਸ਼ਲੇਸ਼ਣ ਤੋਂ ਜੋ ਭਾਰਤੀ ਸਟੇਟ ਬੈਂਕ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਚੋਣ ਕਮਿਸ਼ਨ ਨੂੰ ਉਪਲਬਧ ਕਰਵਾਏ ਸੀ ਅਤੇ ਜਿਸ ਨੂੰ ਚੋਣ ਕਮਿਸ਼ਨ ਨੇ ਜਨਤਕ ਕੀਤਾ ਸੀ।
ਡੇਟਾ ਨੂੰ ਖੰਗਾਲਣ ਤੋਂ ਬਾਅਦ, ਇਹ ਸਾਹਮਣੇ ਆਇਆ ਹੈ ਕਿ 23 ਫਾਰਮਾ ਕੰਪਨੀਆਂ ਅਤੇ ਇੱਕ ਸੁਪਰ ਸਪੈਸ਼ਲਿਟੀ ਹਸਪਤਾਲ ਨੇ ਚੋਣ ਬਾਂਡ ਰਾਹੀਂ ਸਿਆਸੀ ਦਲਾਂ ਨੂੰ ਲਗਭਗ 762 ਕਰੋੜ ਰੁਪਏ ਚੰਦਾ ਦਿੱਤਾ ਹੈ।
ਆਓ ਪਹਿਲਾਂ ਨਜ਼ਰ ਮਾਰਦੇ ਹਾਂ ਉਨ੍ਹਾਂ ਫਾਰਮਾ ਕੰਪਨੀਆਂ 'ਤੇ ਜਿਨ੍ਹਾਂ ਦੇ ਡਰੱਗ ਟੈਸਟ ਫੇਲ੍ਹ ਹੋਏ ਅਤੇ ਜਿਨ੍ਹਾਂ ਨੇ ਇਲੈਕਟੋਰਲ ਬਾਂਡ ਖਰੀਦ ਕੇ ਸਿਆਸੀ ਦਲਾਂ ਨੂੰ ਦਿੱਤੇ।

ਤਸਵੀਰ ਸਰੋਤ, Getty Images
1. ਟੋਰੈਂਟ ਫਾਰਮਾਸਿਊਟੀਕਲ ਲਿਮਿਟੇਡ
- ਇਸ ਕੰਪਨੀ ਦਾ ਰਜਿਸਟਰਡ ਦਫ਼ਤਰ ਗੁਜਰਾਤ ਦੇ ਅਹਿਮਦਾਬਾਦ ਵਿੱਚ ਹੈ।
- ਸਾਲ 2018 ਤੋਂ 2023 ਦੇ ਵਿਚਕਾਰ, ਇਸ ਕੰਪਨੀ ਦੀ ਬਣਾਈਆਂ ਗਈਆਂ ਤਿੰਨ ਦਵਾਈਆਂ ਦੇ ਡਰੱਗ ਟੈਸਟ ਫੇਲ੍ਹੇ ਹੋ ਗਏ।
- ਇਹ ਦਵਾਈਆਂ ਡੇਪਲਾਟ ਏ 150, ਨਿਕੋਰਨ ਆਈਵੀ 2 ਅਤੇ ਲੋਪਾਮਾਈਡ ਸਨ।
- ਡੇਪਲੇਟ ਏ 150 ਦਿਲ ਦਾ ਦੌਰਾ ਪੈਣ ਤੋਂ ਬਚਾਉਂਦੀ ਹੈ ਅਤੇ ਨਿਕੋਰਨ ਆਈਵੀ 2 ਦਿਲ ਦੇ ਕਾਰਜਭਾਰ ਨੂੰ ਘੱਟ ਕਰਦੀ ਹੈ। ਲੋਪਾਮਾਈਡ ਦੀ ਵਰਤੋਂ ਥੋੜ੍ਹੇ ਸਮੇਂ ਦੇ ਜਾਂ ਲੰਬੇ ਸਮੇਂ ਦੇ ਦਸਤ ਦੇ ਇਲਾਜ ਲਈ ਕੀਤੀ ਜਾਂਦੀ ਹੈ।
- ਇਸ ਕੰਪਨੀ ਨੇ 7 ਮਈ, 2019 ਅਤੇ 10 ਜਨਵਰੀ, 2024 ਵਿਚਕਾਰ 77.5 ਕਰੋੜ ਰੁਪਏ ਦੇ ਇਲੈਕਟੋਰਲ ਬਾਂਡ ਖਰੀਦੇ।
- ਇਨ੍ਹਾਂ 77.5 ਕਰੋੜ ਰੁਪਏ ਵਿੱਚੋਂ 61 ਕਰੋੜ ਰੁਪਏ ਭਾਰਤੀ ਜਨਤਾ ਪਾਰਟੀ ਨੂੰ ਦਿੱਤੇ ਗਏ।
- ਸਿੱਕਮ ਕ੍ਰਾਂਤੀਕਾਰੀ ਮੋਰਚਾ ਨੂੰ ਇਸ ਕੰਪਨੀ ਨੇ 7 ਕਰੋੜ ਰੁਪਏ ਅਤੇ ਕਾਂਗਰਸ ਨੂੰ 5 ਕਰੋੜ ਰੁਪਏ ਦਿੱਤੇ।

ਤਸਵੀਰ ਸਰੋਤ, Getty Images
2. ਸਿਪਲਾ ਲਿਮੀਟਡ
- ਸਿਪਲਾ ਲਿਮਿਟੇਡ ਦਾ ਰਜਿਸਟਰਡ ਦਫ਼ਤਰ ਮੁੰਬਈ ਵਿੱਚ ਹੈ।
- ਸਾਲ 2018 ਅਤੇ 2023 ਦੇ ਵਿਚਕਾਰ, ਇਸ ਕੰਪਨੀ ਦੀ ਬਣਾਈ ਦਵਾਈ ਸੱਤ ਵਾਰ ਡਰੱਗ ਟੈਸਟਾਂ ਫੇਲ੍ਹ ਹੋਏ।
- ਡਰੱਗ ਟੈਸਟ 'ਚ ਫੇਲ੍ਹ ਹੋਣ ਵਾਲੀਆਂ ਦਵਾਈਆਂ ਵਿੱਚ ਆਰਸੀ ਖੰਘ ਸੀਰਪ, ਲਿਪਵਾਸ ਗੋਲੀਆਂ, ਓਨਡੈਨਸੇਟਰੋਨ ਅਤੇ ਸਿਪ੍ਰੇਮੀ ਇੰਜੈਕਸ਼ਨ ਸ਼ਾਮਲ ਸਨ।
- ਸਿਪ੍ਰੇਮੀ ਇੰਜੈਕਸ਼ਨ ਵਿੱਚ ਰੀਮਡੇਸੀਵਿਰ ਦਵਾਈ ਹੁੰਦੀ ਹੈ ਜੋ ਕੋਵਿਡ ਦੇ ਇਲਾਜ ਵਿੱਚ ਵਰਤੀ ਜਾਂਦੀ ਹੈ।
- ਲਿਪਵਾਸ ਦੀ ਵਰਤੋਂ ਕੋਲੈਸਟ੍ਰੋਲ ਨੂੰ ਘਟਾਉਣ ਅਤੇ ਦਿਲ ਦੀਆਂ ਬਿਮਾਰੀਆਂ ਦੇ ਜੋਖ਼ਮ ਨੂੰ ਘਟਾਉਣ ਲਈ ਕੀਤੀ ਜਾਂਦੀ ਹੈ।
- ਓਨਡੈਨਸੇਟਰੋਨ ਦੀ ਵਰਤੋਂ ਕੈਂਸਰ ਦੀ ਕੀਮੋਥੈਰੇਪੀ, ਰੇਡੀਏਸ਼ਨ ਥੈਰੇਪੀ, ਅਤੇ ਸਰਜਰੀ ਕਾਰਨ ਹੋਣ ਵਾਲੀ ਮਤਲੀ ਅਤੇ ਉਲਟੀਆਂ ਨੂੰ ਰੋਕਣ ਲਈ ਕੀਤੀ ਜਾਂਦੀ ਹੈ।
- ਇਸ ਕੰਪਨੀ ਨੇ 10 ਜੁਲਾਈ, 2019 ਅਤੇ 10 ਨਵੰਬਰ, 2022 ਵਿਚਾਲੇ 39.2 ਕਰੋੜ ਰੁਪਏ ਦੇ ਚੋਣ ਬਾਂਡ ਖਰੀਦੇ।
- ਇਨ੍ਹਾਂ ਵਿੱਚੋਂ 37 ਕਰੋੜ ਰੁਪਏ ਦੇ ਬਾਂਡ ਭਾਜਪਾ ਨੂੰ ਦਿੱਤੇ ਅਤੇ 2.2 ਕਰੋੜ ਰੁਪਏ ਦੇ ਬਾਂਡ ਕਾਂਗਰਸ ਨੂੰ ਦਿੱਤੇ ਗਏ ਸਨ।
3. ਸਨ ਫਾਰਮਾ ਲੈਬਾਰਟਰੀਜ਼ ਲਿਮੀਟਡ
- ਸਨ ਫਾਰਮਾ ਲੈਬਾਰਟਰੀਜ਼ ਦਾ ਮੁੱਖ ਦਫ਼ਤਰ ਮੁੰਬਈ ਵਿੱਚ ਹੈ।
- 2020 ਅਤੇ 2023 ਵਿਚਕਾਰ ਛੇ ਵਾਰ ਇਸ ਕੰਪਨੀ ਵੱਲੋਂ ਬਣਾਈਆਂ ਗਈਆਂ ਦਵਾਈਆਂ ਦੇ ਡਰੱਗ ਟੈਸਟ ਫੇਲ੍ਹ ਹੋਏ।
- ਟੈਸਟ ਵਿੱਚ ਫੇਲ੍ਹ ਹੋਣ ਵਾਲੀਆਂ ਦਵਾਈਆਂ ਵਿੱਚ ਕਾਰਡੀਵਾਸ, ਲੈਟੋਪ੍ਰੋਸਟ ਆਈ ਡਰਾਪ ਅਤੇ ਡੀ ਫਲੈਕਸੂਰਾ ਸ਼ਾਮਲ ਸਨ।
- ਕਾਰਡੀਵਾਸ ਦੀ ਵਰਤੋਂ ਹਾਈ ਬਲੱਡ ਪ੍ਰੈਸ਼ਰ, ਦਿਲ ਨਾਲ ਸਬੰਧਤ ਛਾਤੀ ਦੇ ਦਰਦ (ਐਨਜਾਈਨਾ) ਅਤੇ ਹਾਰਟ ਫੇਲੀਅਰ ਦੇ ਇਲਾਜ ਲਈ ਕੀਤੀ ਜਾਂਦੀ ਹੈ।
- 15 ਅਪ੍ਰੈਲ 2019 ਅਤੇ 8 ਮਈ 2019 ਨੂੰ ਇਸ ਕੰਪਨੀ ਨੇ ਕੁੱਲ 31.5 ਕਰੋੜ ਰੁਪਏ ਦੇ ਬਾਂਡ ਖਰੀਦੇ।
- ਇਹ ਸਾਰੇ ਬਾਂਡ ਕੰਪਨੀ ਨੇ ਭਾਜਪਾ ਨੂੰ ਦਿੱਤੇ।

ਤਸਵੀਰ ਸਰੋਤ, Getty Images
4. ਜ਼ਾਈਡਸ ਹੈਲਥਕੇਅਰ ਲਿਮੀਟਡ
- ਜ਼ਾਈਡਸ ਹੈਲਥਕੇਅਰ ਲਿਮੀਟਡ ਦਾ ਮੁੱਖ ਦਫ਼ਤਰ ਮੁੰਬਈ ਵਿੱਚ ਹੈ।
- ਸਾਲ 2021 ਵਿੱਚ, ਬਿਹਾਰ ਦੇ ਡਰੱਗ ਰੈਗੂਲੇਟਰ ਨੇ ਇਸ ਕੰਪਨੀ ਵੱਲੋਂ ਬਣਾਈ ਗਈ ਰੇਮਡੇਸੀਵਿਰ ਦਵਾਈਆਂ ਦੇ ਇੱਕ ਬੈਚ ਵਿੱਚ ਗੁਣਵੱਤਾ ਦੀ ਘਾਟ ਬਾਰੇ ਕਿਹਾ ਸੀ।
- ਰੇਮਡੇਸੀਵਿਰ ਦੀ ਵਰਤੋਂ ਕੋਵਿਡ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ।
- 10 ਅਕਤੂਬਰ 2022 ਅਤੇ 10 ਜੁਲਾਈ, 2023 ਦੇ ਵਿਚਕਾਰ, ਇਸ ਕੰਪਨੀ ਨੇ 29 ਕਰੋੜ ਰੁਪਏ ਦੇ ਬਾਂਡ ਖਰੀਦੇ।
- ਇਸ ਵਿੱਚੋਂ 18 ਕਰੋੜ ਰੁਪਏ ਭਾਜਪਾ ਨੂੰ, 8 ਕਰੋੜ ਰੁਪਏ ਸਿੱਕਮ ਕ੍ਰਾਂਤੀਕਾਰੀ ਮੋਰਚਾ ਅਤੇ 3 ਕਰੋੜ ਰੁਪਏ ਕਾਂਗਰਸ ਨੂੰ ਦਿੱਤੇ ਗਏ।
5. ਹੇਟੇਰੋ ਡਰੱਗਜ਼ ਲਿਮੀਟਡ ਅਤੇ ਹੇਟੇਰੋ ਲੈਬਜ਼ ਲਿਮੀਟਡ
- ਇਨ੍ਹਾਂ ਕੰਪਨੀਆਂ ਦਾ ਮੁੱਖ ਦਫ਼ਤਰ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਹੈ।
- ਸਾਲ 2018 ਅਤੇ 2021 ਵਿਚਾਲੇ ਇਸ ਕੰਪਨੀ ਦੀ ਬਣਾਈਆਂ ਗਈਆਂ ਦਵਾਈਆਂ ਦੇ ਸੱਤ ਡਰੱਗ ਟੈਸਟ ਫੇਲ੍ਹ ਹੋਏ।
- ਡਰੱਗ ਟੈਸਟ ਵਿਚ ਫੇਲ੍ਹ ਹੋਈਆਂ ਦਵਾਈਆਂ ਵਿੱਚ ਰੇਮਡੇਸੀਵਿਰ ਇੰਜੈਕਸ਼ਨ, ਮੈਟਫੋਰਮਿਨ ਅਤੇ ਕੋਵੀਫੋਰ ਸ਼ਾਮਲ ਸਨ।
- ਰੇਮਡੇਸੀਵਿਰ ਅਤੇ ਕੋਵੀਫੋਰ ਦੀ ਵਰਤੋਂ ਕੋਵਿਡ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ ਜਦੋਂ ਕਿ ਮੈਟਫੋਰਮਿਨ ਦੀ ਵਰਤੋਂ ਸ਼ੂਗਰ ਲਈ ਕੀਤੀ ਜਾਂਦੀ ਹੈ।
- ਹੇਟੇਰੋ ਡਰੱਗਜ਼ ਲਿਮੀਟਡ ਨੇ 7 ਅਪ੍ਰੈਲ 2022 ਅਤੇ 11 ਜੁਲਾਈ 2023 ਨੂੰ 30 ਕਰੋੜ ਰੁਪਏ ਦੇ ਚੋਣ ਬਾਂਡ ਖਰੀਦੇ।
- ਇਹ ਸਾਰੇ ਬਾਂਡ ਤੇਲੰਗਾਨਾ ਦੀ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਪਾਰਟੀ ਨੂੰ ਦਿੱਤੇ ਗਏ ਸਨ।
- ਹੇਟੇਰੋ ਡਰੱਗਜ਼ ਲਿਮੀਟਡ ਨੇ 7 ਅਪ੍ਰੈਲ, 2022 ਅਤੇ 12ਅਕਤੂਬਰ 2023 ਨੂੰ 25 ਕਰੋੜ ਰੁਪਏ ਦੇ ਬਾਂਡ ਖਰੀਦੇ।
- ਇਸ ਵਿੱਚੋਂ 20 ਕਰੋੜ ਰੁਪਏ ਦੇ ਬਾਂਡ ਬੀਆਰਐੱਸ ਨੂੰ ਅਤੇ 5 ਕਰੋੜ ਰੁਪਏ ਦੇ ਬਾਂਡ ਭਾਜਪਾ ਨੂੰ ਦਿੱਤੇ ਗਏ ਸਨ।

ਤਸਵੀਰ ਸਰੋਤ, Getty Images
6. ਇੰਟਾਸ ਫਾਰਮਾਸਿਊਟੀਕਲਸ ਲਿਮਿਟੇਡ
- ਇੰਟਾਸ ਫਾਰਮਾਸਿਊਟੀਕਲਸ ਦਾ ਮੁੱਖ ਦਫ਼ਤਰ ਅਹਿਮਦਾਬਾਦ, ਗੁਜਰਾਤ ਵਿੱਚ ਹੈ।
- ਜੁਲਾਈ 2020 ਵਿੱਚ, ਇਸ ਕੰਪਨੀ ਵੱਲੋਂ ਬਣਾਈ ਗਈ ਦਵਾਈ ਐਨਾਪ੍ਰਿਲ ਦਾ ਟੈਸਟ ਫੇਲ੍ਹ ਹੋ ਗਿਆ।
- ਐਨਾਪ੍ਰਿਲ ਦੀ ਵਰਤੋਂ ਹਾਈ ਬਲੱਡ ਪ੍ਰੈਸ਼ਰ ਅਤੇ ਹਾਰਟ ਫੇਲੀਅਰ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਹ ਦਵਾਈ ਦਿਲ ਦੇ ਦੌਰੇ ਤੋਂ ਬਾਅਦ ਵੀ ਦਿੱਤੀ ਜਾਂਦੀ ਹੈ।
- ਇਸ ਕੰਪਨੀ ਨੇ 10 ਅਕਤੂਬਰ 2022 ਨੂੰ 20 ਕਰੋੜ ਰੁਪਏ ਦੇ ਇਲੈਕਟੋਰਲ ਬਾਂਡ ਖਰੀਦੇ।
- ਇਹ ਸਾਰੇ ਬਾਂਡ ਭਾਰਤੀ ਜਨਤਾ ਪਾਰਟੀ ਨੂੰ ਦਿੱਤੇ ਗਏ ਸਨ।

7. ਆਈਪੀਸੀਏ ਲੈਬਾਰਟਰੀਜ਼ ਲਿਮੀਟਡ
- ਆਈਪੀਸੀਏ ਲੈਬਾਰਟਰੀਜ਼ ਲਿਮੀਟਡ ਦਾ ਮੁੱਖ ਦਫਤਰ ਮੁੰਬਈ ਵਿੱਚ ਹੈ।
- ਅਕਤੂਬਰ 2018 ਵਿੱਚ, ਇਸ ਕੰਪਨੀ ਦੀ ਬਣਾਈ ਗਈ ਦਵਾਈ ਲਾਰੀਆਗੋ ਟੈਬਲੇਟ ਦਾ ਡਰੱਗ ਟੈਸਟ ਫੇਲ੍ਹ ਹੋ ਗਿਆ ਸੀ।
- ਲਾਰੀਆਗੋ ਦੀ ਵਰਤੋਂ ਮਲੇਰੀਆ ਦੀ ਰੋਕਥਾਮ ਅਤੇ ਇਲਾਜ ਲਈ ਕੀਤੀ ਜਾਂਦੀ ਹੈ।
- 10 ਨਵੰਬਰ 2022 ਅਤੇ 5ਅਕਤੂਬਰ 2023 ਦੇ ਵਿਚਾਲੇ, ਇਸ ਕੰਪਨੀ ਨੇ 13.5 ਕਰੋੜ ਰੁਪਏ ਦੇ ਬਾਂਡ ਖਰੀਦੇ।
- ਇਸ ਵਿੱਚੋਂ ਭਾਜਪਾ ਨੂੰ 10 ਕਰੋੜ ਰੁਪਏ ਦੇ ਬਾਂਡ ਅਤੇ ਸਿੱਕਮ ਕ੍ਰਾਂਤੀਕਾਰੀ ਮੋਰਚਾ ਪਾਰਟੀ ਨੂੰ 3.5 ਕਰੋੜ ਰੁਪਏ ਦੇ ਬਾਂਡ ਦਿੱਤੇ ਗਏ।
8. ਗਲੇਨਮਾਰਕ ਫਾਰਮਾਸਿਊਟੀਕਲਸ ਲਿਮੀਟਡ
- ਗਲੇਨਮਾਰਕ ਫਾਰਮਾਸਿਊਟੀਕਲਸ ਲਿਮੀਟਡ ਦਾ ਮੁੱਖ ਦਫ਼ਤਰ ਮੁੰਬਈ ਵਿੱਚ ਹੈ।
- ਸਾਲ 2022 ਅਤੇ 2023 ਦੇ ਵਿਚਕਾਰ, ਇਸ ਕੰਪਨੀ ਦੀਆਂ ਬਣਾਈਆਂ ਗਈਆਂ ਦਵਾਈਆਂ ਦੇ ਛੇ ਡਰੱਗ ਟੈਸਟ ਫੇਲ੍ਹ ਹੋਏ।
- ਜਿਹੜੀਆਂ ਦਵਾਈਆਂ ਡਰੱਗ ਟੈਸਟ ਫੇਲ੍ਹ ਹੋਈਆਂ ਉਹਨਾਂ ਵਿੱਚ ਟੇਲਮਾ ਏਐੱਮ, ਟੇਲਮਾ ਐੱਚ ਅਤੇ ਜ਼ਿਟੇਨ ਗੋਲੀਆਂ ਸ਼ਾਮਲ ਸਨ।
- ਟੇਲਮਾ ਏਐੱਮ ਅਤੇ ਟੇਲਮਾ ਐੱਚ ਦੀ ਵਰਤੋਂ ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ਲਈ ਕੀਤੀ ਜਾਂਦੀ ਹੈ। ਡਿਟੇਨ ਟੈਬਲੇਟ ਦੀ ਵਰਤੋਂ ਡਾਇਬੀਟੀਜ਼ ਦੇ ਇਲਾਜ ਲਈ ਕੀਤੀ ਜਾਂਦੀ ਹੈ।
- ਇਸ ਕੰਪਨੀ ਨੇ 11 ਨਵੰਬਰ, 2022 ਨੂੰ 9.75 ਕਰੋੜ ਰੁਪਏ ਦੇ ਬਾਂਡ ਖਰੀਦੇ।
- ਇਹ ਸਾਰੇ ਬਾਂਡ ਭਾਜਪਾ ਨੂੰ ਦਿੱਤੇ ਗਏ ਸਨ।

ਤਸਵੀਰ ਸਰੋਤ, Getty Images
'ਫਾਰਮਾ ਕੰਪਨੀਆਂ ਦੇ ਗੁਣਵੱਤਾ ਨਾਲ ਜੁੜੇ ਮੁੱਦੇ'
ਕੇ. ਸੁਜਾਤਾ ਰਾਓ ਨੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਵਜੋਂ ਕੰਮ ਕਰ ਚੁੱਕੇ ਹਨ।
ਸਿਵਲ ਸਰਵੈਂਟ ਵਜੋਂ ਆਪਣੇ 36 ਸਾਲਾਂ ਦੇ ਕਰੀਅਰ ਵਿੱਚ, ਉਨ੍ਹਾਂ ਨੇ ਸਿਹਤ ਦੇ ਖੇਤਰ ਵਿੱਚ ਵੱਖ-ਵੱਖ ਅਹੁਦਿਆਂ 'ਤੇ 20 ਸਾਲ ਬਿਤਾਏ ਹਨ।
ਉਹ ਕਹਿੰਦੀ ਹੈ, "ਬਦਲੇ ਵਿੱਚ ਕੁਝ ਹਾਸਿਲ ਕਰਨ ਦੀ ਉਮੀਦ (ਕਵਿਡ ਪ੍ਰੋ ਕਵੋ) ਤੋਂ ਬਿਨਾਂ ਕੋਈ ਕਿਸੇ ਸਿਆਸੀ ਦਲ ਨੂੰ ਪੈਸਾ ਕਿਉਂ ਦੇਵੇਗਾ? ਫਾਰਮਾ ਕੰਪਨੀਆਂ ਨੂੰ ਕੌਣ ਕੰਟਰੋਲ ਕਰਦਾ ਹੈ?"
"ਸਰਕਾਰ ਦਾ ਕੰਟਰੋਲ ਹੁੰਦਾ ਹੈ। ਜੇਕਰ ਕਿਸੇ ਕੰਪਨੀ ਨੇ ਸੱਤਾ ਵਿੱਚ ਕਿਸੇ ਪਾਰਟੀ ਨੂੰ ਪੈਸਾ ਦਿੱਤਾ ਹੈ ਤਾਂ ਇਸ ਦਾ ਮਤਲਬ ਹੈ ਕਿ ਇਹ ਸਪੱਸ਼ਟ ਤੌਰ 'ਤੇ ਉਨ੍ਹਾਂ ਦਾ ਫਾਇਦਾ ਲੈਣ ਲਈ ਕੀਤਾ ਗਿਆ ਹੈ।"
"ਇਹ ਵੱਖਰਾ ਮੁੱਦਾ ਹੈ ਕਿ ਕੀ ਸਰਕਾਰ ਨੇ ਚੰਦਾ ਦੇਣ ਵਾਲੀ ਕੰਪਨੀ ਨੂੰ ਕੋਈ ਲਾਭ ਦਿੱਤਾ ਹੈ ਜਾਂ ਨਹੀਂ।"

ਸੁਜਾਤਾ ਰਾਓ ਦਾ ਕਹਿਣਾ ਹੈ ਕਿ ਭਾਰਤ ਵਿੱਚ ਫਾਰਮਾ ਕੰਪਨੀਆਂ ਨੂੰ ਲੈ ਕੇ ਹਮੇਸ਼ਾ ਕੋਈ ਨਾ ਕੋਈ ਸਮੱਸਿਆ ਰਹਿੰਦੀ ਹੈ। ਉਨ੍ਹਾਂ ਅਨੁਸਾਰ ਇਨ੍ਹਾਂ ਕੰਪਨੀਆਂ ਵਿੱਚ ਗੁਣਵੱਤਾ ਦੇ ਮੁੱਦੇ ਅਤੇ ਸਮੱਸਿਆਵਾਂ ਹੁੰਦੀਆਂ ਹਨ।
ਉਹ ਕਹਿੰਦੀ ਹੈ, "ਇਹ ਦੇਖਣ ਦੀ ਲੋੜ ਹੈ ਕਿ ਕੀ ਸਰਕਾਰ ਨੇ ਚੋਣ ਬਾਂਡ ਰਾਹੀਂ ਚੰਦਾ ਦੇਣ ਮਗਰੋਂ ਇਨ੍ਹਾਂ ਵਿੱਚੋਂ ਕਿਸੇ ਵੀ ਕੰਪਨੀ ਦੇ ਖ਼ਿਲਾਫ਼ ਕਾਰਵਾਈ ਕਰਨੀ ਬੰਦ ਕਰ ਦਿੱਤੀ ਹੈ।"
"ਜੇਕਰ ਅਜਿਹਾ ਕੋਈ ਸਬੰਧ ਨਹੀਂ ਹੈ ਤਾਂ ਇਹ ਕਹਿਣਾ ਮੁਸ਼ਕਲ ਹੈ ਕਿ ਕੀ ਇਸ ਵਿੱਚੋਂ ਕਿੰਨਾ ਹੈ ਸਰਕਾਰ ਨਾਲ ਚੰਗੇ ਸਬੰਧ ਬਣਾਉਣ ਲਈ ਨਿੱਜੀ ਖੇਤਰ ਦਾ ਨਿਵੇਸ਼। ਫਾਰਮਾ ਕੰਪਨੀਆਂ ਯਕੀਨੀ ਤੌਰ 'ਤੇ ਅਸੁਰੱਖਿਅਤ ਹਨ।"
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਨ੍ਹਾਂ ਫਾਰਮਾਸਿਊਟੀਕਲ ਕੰਪਨੀਆਂ ਦੀਆਂ ਦਵਾਈਆਂ ਟੈਸਟਿੰਗ 'ਚ ਫੇਲ੍ਹ ਹੋਣ ਤੋਂ ਬਾਅਦ ਕੀ ਹੋਇਆ। ਕੀ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਸੀ?
ਕੀ ਉਨ੍ਹਾਂ ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਸੀ? ਜੇਕਰ ਹਾਂ, ਤਾਂ ਕੀ ਬਾਂਡ ਰਾਹੀਂ ਪੈਸੇ ਦਾ ਭੁਗਤਾਨ ਕਰਨ ਤੋਂ ਬਾਅਦ ਉਹ ਕੰਮ ਬੰਦ ਕਰ ਦਿੱਤੇ ਗਏ ਸਨ?
ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਕਿਉਂਕਿ ਸਰਕਾਰ ਫਾਰਮਾ ਕੰਪਨੀਆਂ ਦੀ ਰੈਗੂਲੇਟਰ ਹੈ, ਇਸ ਲਈ ਇਹ ਗੁਣਵੱਤਾ ਜਾਂਚ ਅਤੇ ਪ੍ਰਵਾਨਗੀਆਂ ਦੇ ਮਾਮਲੇ ਵਿੱਚ ਉਨ੍ਹਾਂ ਦੇ ਕਾਰੋਬਾਰਾਂ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀ ਹੈ।
ਕਿਸੇ ਚੀਜ਼ ਲਈ ਇਜਾਜ਼ਤ ਦੇਣ ਵਿੱਚ ਥੋੜ੍ਹੀ ਜਿਹੀ ਦੇਰੀ ਵੀ ਇਨ੍ਹਾਂ ਕੰਪਨੀਆਂ ਲਈ ਮਹਿੰਗੀ ਸਾਬਤ ਹੋ ਸਕਦੀ ਹੈ। ਅਤੇ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਇਸ ਤੋਂ ਬਚਣ ਲਈ ਇਹ ਕੰਪਨੀਆਂ ਸਿਆਸੀ ਦਲਾਂ ਨੂੰ ਪੈਸਾ ਦਿੰਦੀਆਂ ਹਨ।

ਤਸਵੀਰ ਸਰੋਤ, Getty Images
ਛਾਪੇਮਾਰੀ ਤੋਂ ਬਾਅਦ ਫਾਰਮਾ ਕੰਪਨੀਆਂ ਨੇ ਕਿਸ ਪਾਰਟੀ ਨੂੰ ਪੈਸਾ ਦਿੱਤਾ?
ਕੁਝ ਹੀ ਦਿਨ ਪਹਿਲਾਂ, ਇੱਕ ਹੋਰ ਰਿਪੋਰਟ ਵਿੱਚ, ਅਸੀਂ ਤੁਹਾਨੂੰ ਦੱਸਿਆ ਸੀ ਕਿ ਐੱਸਬੀਆਈ ਨੇ ਜੋ ਡੇਟਾ ਪਹਿਲੀ ਖੇਪ ਵਿੱਚ ਚੋਣ ਕਮਿਸ਼ਨ ਨੂੰ ਦਿੱਤਾ ਹੈ, ਉਸ ਦਾ ਵਿਸ਼ਲੇਸ਼ਣ ਕਰਨ 'ਤੇ, ਕੁਝ ਅਜਿਹੀਆਂ ਉਦਾਹਰਣਾਂ ਮਿਲੀਆਂ ਹਨ ਜਿੱਥੇ ਕਿਸੇ ਵੀ ਸਾਲ ਕਿਸੇ ਨਿੱਜੀ ਕੰਪਨੀ 'ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਜਾਂ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਹੋਈ ਅਤੇ ਉਸ ਦੇ ਕੁਝ ਦਿਨਾਂ ਬਾਅਦ ਉਸ ਕੰਪਨੀ ਨੇ ਚੋਣ ਬਾਂਡ ਖਰੀਦੇ।
ਅਜਿਹੀਆਂ ਵੀ ਉਦਾਹਰਨਾਂ ਹਨ ਕਿ ਕਿਸੇ ਕੰਪਨੀ ਨੇ ਇਲੈਕਟੋਰਲ ਬਾਂਡ ਖਰੀਦੇ ਅਤੇ ਕੁਝ ਦਿਨਾਂ ਬਾਅਦ ਉਸ 'ਤੇ ਛਾਪਾ ਮਾਰਿਆ ਗਿਆ ਅਤੇ ਉਸ ਤੋਂ ਬਾਅਦ ਕੰਪਨੀ ਨੇ ਫਿਰ ਤੋਂ ਇਲੈਕਟੋਰਲ ਬਾਂਡ ਖਰੀਦੇ।
ਇਨ੍ਹਾਂ ਕੰਪਨੀਆਂ ਵਿੱਚ ਕੁਝ ਫਾਰਮਾ ਕੰਪਨੀਆਂ ਅਤੇ ਇੱਕ ਹਸਪਤਾਲ ਵੀ ਸ਼ਾਮਲ ਹੈ। ਆਓ ਨਜ਼ਰ ਮਾਰਦੇ ਹਾਂ ਉਨ੍ਹਾਂ ਕੰਪਨੀਆਂ 'ਤੇ ਜਿਨ੍ਹਾਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਜਾਂ ਇਨਕਮ ਟੈਕਸ ਵਿਭਾਗ ਨੇ ਛਾਪੇ ਮਾਰੇ ਅਤੇ ਉਨ੍ਹਾਂ ਨੇ ਇਲੈਕਟੋਰਲ ਬਾਂਡ ਖਰੀਦ ਕੇ ਕਿਹੜੇ ਸਿਆਸੀ ਦਲਾਂ ਨੂੰ ਦਿੱਤੇ।
ਯਸ਼ੋਦਾ ਸੁਪਰ ਸਪੈਸ਼ਲਿਟੀ ਹਸਪਤਾਲ
- ਯਸ਼ੋਦਾ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਮੁੱਖ ਦਫ਼ਤਰ ਤੇਲੰਗਾਨਾ ਵਿੱਚ ਹੈ।
- ਇਸ ਕੰਪਨੀ ਨੇ 4 ਅਕਤੂਬਰ, 2021 ਅਤੇ 11ਅਕਤੂਬਰ, 2023 ਵਿਚਾਲੇ 162 ਕਰੋੜ ਰੁਪਏ ਦੇ ਚੋਣ ਬਾਂਡ ਖਰੀਦੇ।
- ਇਸ ਕੰਪਨੀ 'ਤੇ 22 ਦਸੰਬਰ 2020 ਨੂੰ ਇਨਕਮ ਟੈਕਸ ਵਿਭਾਗ ਦੀ ਰੇਡ ਹੋਈ।
- 4 ਅਕਤੂਬਰ, 2021 ਤੋਂ ਇਸ ਕੰਪਨੀ ਨੇ ਇਲੈਕਟੋਰਲ ਬਾਂਡ ਖਰੀਦਣੇ ਸ਼ੁਰੂ ਕੀਤੇ।
ਇਸ ਕੰਪਨੀ ਨੇ 94 ਕਰੋੜ ਰੁਪਏ ਦੇ ਬਾਂਡ ਭਾਰਤ ਰਾਸ਼ਟਰ ਸਮਿਤੀ ਪਾਰਟੀ ਨੂੰ ਦਿੱਤੇ। ਨਾਲ ਹੀ, ਕੰਪਨੀ ਨੇ 64 ਕਰੋੜ ਰੁਪਏ ਦੇ ਬਾਂਡ ਕਾਂਗਰਸ ਨੂੰ ਅਤੇ 2 ਕਰੋੜ ਰੁਪਏ ਦੇ ਬਾਂਡ ਭਾਜਪਾ ਨੂੰ ਦਿੱਤੇ।

ਤਸਵੀਰ ਸਰੋਤ, Getty Images
ਡਾ. ਰੈੱਡੀਜ਼ ਲੈਬ
- ਡਾ. ਰੈੱਡੀਜ਼ ਲੈਬ ਦਾ ਮੁੱਖ ਦਫ਼ਤਰ ਹੈਦਰਾਬਾਦ, ਤੇਲੰਗਾਨਾ ਵਿੱਚ ਹੈ।
- 8 ਮਈ 2019 ਅਤੇ 4 ਜਨਵਰੀ 2024 ਵਿਚਾਲੇ 84 ਕਰੋੜ ਰੁਪਏ ਦੇ ਇਲੈਕਟੋਰਲ ਬਾਂਡ ਖਰੀਦੇ।
- 12 ਨਵੰਬਰ, 2023 ਨੂੰ ਇਨਕਮ ਟੈਕਸ ਵਿਭਾਗ ਨੇ ਇਸ ਕੰਪਨੀ ਨਾਲ ਜੁੜੇ ਲੋਕਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ 'ਤੇ ਗ਼ੈਰ-ਕਾਨੂੰਨੀ ਨਕਦੀ ਲੈਣ-ਦੇਣ ਦੇ ਮਾਮਲੇ 'ਚ ਛਾਪੇਮਾਰੀ ਕੀਤੀ।
- 17 ਨਵੰਬਰ, 2023 ਨੂੰ, ਇਸ ਕੰਪਨੀ ਨੇ 21 ਕਰੋੜ ਰੁਪਏ ਦੇ ਬਾਂਡ ਖਰੀਦੇ।
- 4 ਜਨਵਰੀ, 2024 ਨੂੰ ਕੰਪਨੀ ਨੇ 10 ਕਰੋੜ ਰੁਪਏ ਦੇ ਬਾਂਡ ਖਰੀਦੇ।
ਇਸ ਕੰਪਨੀ ਨੇ ਭਾਰਤ ਰਾਸ਼ਟਰ ਸਮਿਤੀ ਪਾਰਟੀ ਨੂੰ 32 ਕਰੋੜ ਰੁਪਏ ਦੇ ਬਾਂਡ ਦਿੱਤੇ ਸਨ। ਇਸ ਤੋਂ ਇਲਾਵਾ ਭਾਜਪਾ ਨੂੰ 25 ਕਰੋੜ ਰੁਪਏ ਦੇ ਬਾਂਡ, ਕਾਂਗਰਸ ਨੂੰ 14 ਕਰੋੜ ਰੁਪਏ ਦੇ ਬਾਂਡ ਅਤੇ ਤੇਲਗੂ ਦੇਸ਼ਮ ਪਾਰਟੀ ਨੂੰ 13 ਕਰੋੜ ਰੁਪਏ ਦੇ ਬਾਂਡ ਦਿੱਤੇ ਗਏ ਹਨ।
ਅਰਬਿੰਦੋ ਫਾਰਮਾ
- ਅਰਬਿੰਦੋ ਫਾਰਮਾ ਦਾ ਮੁੱਖ ਦਫ਼ਤਰ ਤੇਲੰਗਾਨਾ ਦੇ ਹੈਦਰਾਬਾਦ ਹੈ।
- ਇਸ ਕੰਪਨੀ ਨੇ 3 ਅਪ੍ਰੈਲ, 2021 ਅਤੇ 8 ਨਵੰਬਰ, 2023 ਵਿਚਾਲੇ 52 ਕਰੋੜ ਰੁਪਏ ਦੇ ਬਾਂਡ ਖਰੀਦੇ।
- 10 ਨਵੰਬਰ, 2022 ਨੂੰ ਕੰਪਨੀ ਦੇ ਡਾਇਰੈਕਟਰ ਪੀ ਸਰਥ ਚੰਦਰ ਰੈੱਡੀ ਨੂੰ ਮਨੀ ਲਾਂਡਰਿੰਗ ਕੇਸ ਵਿੱਚ ਈਡੀ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
- 15 ਨਵੰਬਰ, 2022 ਨੂੰ ਕੰਪਨੀ ਨੇ 5 ਕਰੋੜ ਰੁਪਏ ਦੇ ਬਾਂਡ ਖਰੀਦੇ। ਇਹ ਸਾਰੇ ਬਾਂਡ ਭਾਰਤੀ ਜਨਤਾ ਪਾਰਟੀ ਨੂੰ ਦਿੱਤੇ ਗਏ ਸਨ।

ਤਸਵੀਰ ਸਰੋਤ, Getty Images
ਹੋਰ ਕਿਹੜੀਆਂ ਫਾਰਮਾ ਕੰਪਨੀਆਂ ਨੇ ਦਿੱਤਾ ਚੁਣਾਵੀਂ ਚੰਦਾ?
ਹੁਣ ਤੱਕ ਅਸੀਂ ਇਲੈਕਟੋਰਲ ਬਾਂਡ ਖਰੀਦ ਕੇ ਸਿਆਸੀ ਦਲਾਂ ਨੂੰ ਕਰੋੜਾਂ ਰੁਪਏ ਦੇਣ ਵਾਲੀਆਂ ਜਿਨ੍ਹਾਂ ਕੰਪਨੀਆਂ ਦੀ ਗੱਲ ਕੀਤੀ ਉਹ ਜਾਂ ਤਾਂ ਉਹ ਸਨ ਜਿਨ੍ਹਾਂ ਦੀਆਂ ਦਵਾਈਆਂ ਡਰੱਗ ਟੈਸਟਾਂ 'ਚ ਫੇਲ ਹੋਈਆਂ ਜਾਂ ਜਿਨ੍ਹਾਂ 'ਤੇ ਈਡੀ ਜਾਂ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ ਸੀ।
ਪਰ ਇਨ੍ਹਾਂ ਕੰਪਨੀਆਂ ਤੋਂ ਇਲਾਵਾ ਕੁਝ ਹੋਰ ਕੰਪਨੀਆਂ ਵੀ ਹਨ ਜਿਨ੍ਹਾਂ ਨੇ ਕਈ ਸਿਆਸੀ ਦਲਾਂ ਨੂੰ ਇਲੈਕਟੋਰਲ ਬਾਂਡ ਰਾਹੀਂ ਕਰੋੜਾਂ ਰੁਪਏ ਦਾ ਚੰਦਾ ਦਿੱਤਾ ਹੈ।
ਨੈਟਕੋ ਫਾਰਮਾ
- ਨੈਟਕੋ ਫਾਰਮਾ ਦਾ ਮੁੱਖ ਦਫ਼ਤਰ ਹੈਦਰਾਬਾਦ ਵਿੱਚ ਹੈ।
- ਇਸ ਕੰਪਨੀ ਨੇ 5 ਅਕਤੂਬਰ, 2019 ਅਤੇ 10 ਜਨਵਰੀ, 2024 ਵਿਚਕਾਰ 69.25 ਕਰੋੜ ਰੁਪਏ ਦੇ ਬਾਂਡ ਖਰੀਦੇ।
- ਇਸ ਵਿੱਚੋਂ 20 ਕਰੋੜ ਰੁਪਏ ਬੀਆਰਐੱਸ ਪਾਰਟੀ ਨੂੰ, 15 ਕਰੋੜ ਰੁਪਏ ਭਾਜਪਾ ਨੂੰ ਅਤੇ 12.25 ਕਰੋੜ ਰੁਪਏ ਕਾਂਗਰਸ ਪਾਰਟੀ ਨੂੰ ਦਿੱਤੇ ਗਏ ਹਨ।

ਤਸਵੀਰ ਸਰੋਤ, Getty Images
ਐੱਮਐੱਸਐੱਨ ਫਾਰਮਾਕੇਮ ਲਿਮੀਟਡ
- ਐੱਮਐੱਸਐੱਨ ਫਾਰਮਾਕੇਮ ਲਿਮੀਟਡ ਦਾ ਮੁੱਖ ਦਫ਼ਤਰ ਹੈਦਰਾਬਾਦ ਵਿੱਚ ਹੈ।
- ਇਸ ਕੰਪਨੀ ਨੇ 8 ਅਪ੍ਰੈਲ 2022 ਅਤੇ 16 ਨਵੰਬਰ 2023 ਨੂੰ ਕੁੱਲ 26 ਕਰੋੜ ਰੁਪਏ ਦੇ ਇਲੈਕਟੋਰਲ ਬਾਂਡ ਖਰੀਦੇ।
- ਇਸ ਵਿੱਚੋਂ 20 ਕਰੋੜ ਰੁਪਏ ਬੀਆਰਐੱਸ ਪਾਰਟੀ ਅਤੇ 6 ਕਰੋੜ ਰੁਪਏ ਭਾਜਪਾ ਨੂੰ ਦਿੱਤੇ ਗਏ।
ਯੂਜੀਆ ਫਾਰਮਾ ਸਪੈਸ਼ਲਿਟੀਜ਼
- ਯੂਜੀਆ ਫਾਰਮਾ ਸਪੈਸ਼ਲਿਟੀਜ਼ ਦਾ ਮੁੱਖ ਦਫ਼ਤਰ ਹੈਦਰਾਬਾਦ ਵਿੱਚ ਹੈ।
- ਇਸ ਕੰਪਨੀ ਨੇ 8 ਨਵੰਬਰ 2023 ਨੂੰ 15 ਕਰੋੜ ਰੁਪਏ ਦੇ ਬਾਂਡ ਖਰੀਦੇ।
- ਇਹ ਸਾਰੇ ਬਾਂਡ ਭਾਜਪਾ ਨੂੰ ਦਿੱਤੇ ਗਏ ਸਨ।
ਅਲੇਮਬਿਕ ਫਾਰਮਾਸਿਊਟੀਕਲਸ
- ਅਲੇਮਬਿਕ ਫਾਰਮਾਸਿਊਟੀਕਲਸ ਦਾ ਮੁੱਖ ਦਫ਼ਤਰ ਗੁਜਰਾਤ ਦੇ ਵਡੋਦਰਾ ਵਿੱਚ ਹੈ।
- ਇਸ ਕੰਪਨੀ ਨੇ 14 ਨਵੰਬਰ, 2022 ਅਤੇ 5 ਜੁਲਾਈ, 2023 ਵਿਚਾਲੇ 10.2 ਕਰੋੜ ਰੁਪਏ ਦੇ ਬਾਂਡ ਖਰੀਦੇ।
- ਇਹ ਸਾਰੇ ਬਾਂਡ ਭਾਜਪਾ ਨੂੰ ਦਿੱਤੇ ਗਏ ਸਨ।
ਏਪੀਐੱਲ ਹੈਲਥਕੇਅਰ ਲਿਮੀਟਡ
- ਏਪੀਐੱਲ ਹੈਲਥਕੇਅਰ ਲਿਮੀਟਡ ਦਾ ਮੁੱਖ ਦਫ਼ਤਰ ਹੈਦਰਾਬਾਦ ਵਿੱਚ ਹੈ।
- ਇਸ ਕੰਪਨੀ ਨੇ 8 ਨਵੰਬਰ 2023 ਨੂੰ 10 ਕਰੋੜ ਰੁਪਏ ਦੇ ਬਾਂਡ ਖਰੀਦੇ।
- ਇਹ ਸਾਰੇ ਬਾਂਡ ਭਾਜਪਾ ਨੂੰ ਦਿੱਤੇ ਗਏ ਸਨ।












