ਓਪਾਲ ਸੁਚਾਤਾ: ਬ੍ਰੈਸਟ ਟਿਊਮਰ ਸਰਵਾਈਵਰ ਤੋਂ ਮਿਸ ਵਰਲਡ ਬਣਨ ਤੱਕ ਦਾ ਸਫ਼ਰ, ਜਾਣੋ ਕਿਸ ਸਵਾਲ ਦਾ ਜਵਾਬ ਦੇ ਕੇ ਬਣੇ ਜੇਤੂ

ਓਪਾਲ ਸੁਚਾਤਾ

ਤਸਵੀਰ ਸਰੋਤ, Opal Suchata/ FB

ਤਸਵੀਰ ਕੈਪਸ਼ਨ, ਓਪਾਲ ਸੁਚਾਤਾ
    • ਲੇਖਕ, ਬਾਲਾ ਸਤੀਸ਼
    • ਰੋਲ, ਬੀਬੀਸੀ ਪੱਤਰਕਾਰ

ਥਾਈਲੈਂਡ ਦੇ ਓਪਾਲ ਸੁਚਾਤਾ ਚੁਆਂਗਸ਼੍ਰੀ ਨੂੰ ਮਿਸ ਵਰਲਡ 2025 ਚੁਣਿਆ ਗਿਆ ਹੈ।

ਮਿਸ ਵਰਲਡ ਦੇ 72ਵੇਂ ਸੰਸਕਰਣ ਦੇ ਨਤੀਜੇ ਐਲਾਨੇ ਗਏ ਤਾਂ ਓਪਾਲ ਸੁਚਾਤਾ ਚੁਆਂਗਸ਼੍ਰੀ ਸਿਖਰ 'ਤੇ ਸਨ।

ਇਸ ਮੁਕਾਬਲੇ ਵਿੱਚ, ਪਹਿਲੇ ਰਨਰ-ਅੱਪ ਯਾਨੀ ਦੂਜੇ ਸਥਾਨ 'ਤੇ ਇਥੋਪੀਆ ਦੇ ਹੈਸੇਟ ਦੇਰੇਜ਼ ਅਤੇ ਦੂਜੇ ਰਨਰ-ਅੱਪ ਯਾਨੀ ਤੀਜੇ ਸਥਾਨ 'ਤੇ ਮਾਰਟੀਨਿਕ ਦੇ ਆਰੇਲੀ ਯੋਹਾਚਿਮ ਰਹੇ।

7 ਮਈ ਨੂੰ ਸ਼ੁਰੂ ਹੋਇਆ ਇਹ ਦਿਲਚਸਪ ਮੁਕਾਬਲਾ ਸ਼ਨੀਵਾਰ 31 ਮਈ ਨੂੰ ਇੱਕ ਨਵੀਂ ਮਿਸ ਵਰਲਡ ਦੀ ਚੋਣ ਨਾਲ ਸਮਾਪਤ ਹੋਇਆ।

ਭਾਰਤ ਦੇ ਨੰਦਿਨੀ ਗੁਪਤਾ ਵੀ ਸਿਖਰਲੀਆਂ 20 ਪ੍ਰਤੀਯੋਗੀਆਂ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੇ, ਪਰ ਜੇਤੂ ਨਹੀਂ ਬਣ ਸਕੇ। ਇਹ ਸਮਾਪਤੀ ਸਮਾਰੋਹ ਯਾਨੀ ਮਿਸ ਵਰਲਡ ਗ੍ਰੈਂਡ ਫਿਨਾਲੇ ਤੇਲੰਗਾਨਾ ਦੇ ਹੈਦਰਾਬਾਦ ਦੇ ਹਾਈਟੈਕਸ ਵਿਖੇ ਆਯੋਜਿਤ ਕੀਤਾ ਗਿਆ।

ਮਿਸ ਵਰਲਡ ਜੇਤੂ ਸੁਚਾਤਾ ਨੇ ਦੋ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਸੋਸ਼ਲ ਮੀਡੀਆ ਹੈਂਡਲ 'ਤੇ ਲਿਖਿਆ ਸੀ, "ਇਹ ਸਿਰਫ਼ ਥਾਈਲੈਂਡ ਦੀ ਨੁਮਾਇੰਦਗੀ ਕਰਨ ਬਾਰੇ ਨਹੀਂ ਸੀ। ਇਹ ਉਨ੍ਹਾਂ ਬਹੁਤ ਸਾਰੀਆਂ ਔਰਤਾਂ ਬਾਰੇ ਹੈ ਜਿਨ੍ਹਾਂ ਦੀਆਂ ਆਵਾਜ਼ਾਂ ਨਹੀਂ ਸੁਣੀਆਂ ਗਈਆਂ, ਆਪਣੀਆਂ ਆਵਾਜ਼ਾਂ ਰਾਹੀਂ ਕਿਸੇ ਅਜਿਹੀ ਚੀਜ਼ ਲਈ ਖੜ੍ਹੇ ਹੋਣ ਲਈ ਹੈ ਜੋ ਅਸਲ ਵਿੱਚ ਮਾਇਨੇ ਰੱਖਦੀ ਹੈ।"

ਉਨ੍ਹਾਂ ਨੇ ਆਪਣੇ ਸਫ਼ਰ ਬਾਰੇ ਲਿਖਿਆ, "ਮਿਸ ਵਰਲਡ ਸਿਰਫ਼ ਇੱਕ ਮੁਕਾਬਲਾ ਨਹੀਂ ਹੈ, ਇਹ ਇੱਕ ਪਲੇਟਫਾਰਮ ਅਤੇ ਇੱਕ ਵਾਅਦਾ ਹੈ। ਇਹ ਸਿਰਫ਼ ਦਿਖਾਈ ਦੇਣ ਵਾਲੀ ਸੁੰਦਰਤਾ ਬਾਰੇ ਨਹੀਂ ਹੈ, ਸਗੋਂ ਅਸਲ ਅਰਥਾਂ ਵਿੱਚ ਕੰਮ ਕਰਨ ਬਾਰੇ ਹੈ।"

"ਇਸ ਯਾਤਰਾ ਨੇ ਮੈਨੂੰ ਸਿਖਾਇਆ ਕਿ ਸੁੰਦਰਤਾ ਫਿੱਕੀ ਪੈ ਜਾਂਦੀ ਹੈ, ਪਰ ਉਦੇਸ਼ ਬਣਿਆ ਰਹਿੰਦਾ ਹੈ।"

ਬ੍ਰੈਸਟ ਕੈਂਸਰ ਸਰਵਾਇਵਰ

ਓਪਾਲ ਸੁਚਾਤਾ

ਤਸਵੀਰ ਸਰੋਤ, missworld.com

ਤਸਵੀਰ ਕੈਪਸ਼ਨ, ਥਾਈਲੈਂਡ ਦੇ ਓਪਾਲ ਸੁਚਾਤਾ ਚੁਆਂਗਸ਼੍ਰੀ ਨੂੰ ਮਿਸ ਵਰਲਡ 2025 ਚੁਣਿਆ ਗਿਆ ਹੈ

ਓਪਾਲ ਸੁਚਾਤਾ, ਅੰਤਰਰਾਸ਼ਟਰੀ ਸਬੰਧਾਂ ਦੀ ਪੜ੍ਹਾਈ ਕਰ ਰਹੇ ਹਨ ਅਤੇ ਮਿਸ ਵਰਲਡ ਵੈੱਬਸਾਈਟ 'ਤੇ ਉਨ੍ਹਾਂ ਦੀ ਪ੍ਰੋਫਾਈਲ ਵਿੱਚ ਕਿਹਾ ਗਿਆ ਹੈ ਕਿ ਉਹ ਇੱਕ ਦਿਨ ਰਾਜਦੂਤ ਬਣਨਾ ਚਾਹੁੰਦੇ ਹਨ।

ਅੰਤਰਰਾਸ਼ਟਰੀ ਸਬੰਧਾਂ ਤੋਂ ਇਲਾਵਾ, ਉਨ੍ਹਾਂ ਨੂੰ ਮਨੋਵਿਗਿਆਨ ਅਤੇ ਮਾਨਵ ਵਿਗਿਆਨ ਵਿੱਚ ਵੀ ਡੂੰਘੀ ਦਿਲਚਸਪੀ ਹੈ।

ਸੁਚਾਤਾ ਨੇ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਵਾਲੀਆਂ ਸੰਸਥਾਵਾਂ ਨਾਲ ਕੰਮ ਕੀਤਾ ਹੈ। ਉਹ ਖੁਦ ਵੀ ਬ੍ਰੈਸਟ ਟਿਊਮਰ ਨਾਲ ਜੰਗ ਲੜ ਚੁੱਕੇ ਹਨ।

ਉਹ ਮਹਿਲਾਵਾਂ, ਖਾਸ ਕਰਕੇ ਨੌਜਵਾਨ ਮਹਿਲਾਵਾਂ ਦੀ ਸਿੱਖਿਆ ਨੂੰ ਲੈ ਕੇ ਖਾਸੇ ਮੁਖਰ ਰਹੇ ਹਨ।

ਉਹ ਜਾਨਵਰ ਪ੍ਰੇਮੀ ਵੀ ਹਨ ਅਤੇ ਉਨ੍ਹਾਂ ਕੋਲ 16 ਬਿੱਲੀਆਂ ਅਤੇ ਪੰਜ ਕੁੱਤੇ ਹਨ।

ਵਿਸ਼ਵ ਸੁੰਦਰੀ ਦਾ ਮੁਕਾਬਲੇ ਜਿੱਤ ਕੇ ਖੂਬਸੂਰਤ ਤਾਜ ਦੇ ਨਾਲ ਉਨ੍ਹਾਂ ਨੇ 1 ਮਿਲੀਅਨ ਡਾਲਰ ਵੀ ਆਪਣੇ ਨਾਮ ਕੀਤੇ ਹਨ।

ਇਹ ਰਕਮ ਮਿਸ ਵਰਲਡ ਆਰਗੇਨਾਈਜ਼ੇਸ਼ਨ ਅਤੇ ਇਸਦੇ ਭਾਈਵਾਲਾਂ ਦੁਆਰਾ ਜੇਤੂ ਨੂੰ ਇਨਾਮੀ ਰਾਸ਼ੀ ਵਜੋਂ ਦਿੱਤੀ ਜਾਂਦੀ ਹੈ।

ਫਾਈਨਲ ਰਾਊਂਡ ਵਿੱਚ ਪਹੁੰਚਣ ਵਾਲੀਆਂ 4 ਪ੍ਰਤੀਯੋਗੀ

ਫਾਈਨਲ ਰਾਊਂਡ ਵਿੱਚ ਪਹੁੰਚਣ ਵਾਲੀਆਂ 4 ਪ੍ਰਤੀਯੋਗੀ

ਤਸਵੀਰ ਸਰੋਤ, Miss World/fb

ਤਸਵੀਰ ਕੈਪਸ਼ਨ, ਫਾਈਨਲ ਰਾਊਂਡ ਵਿੱਚ ਪਹੁੰਚਣ ਵਾਲੀਆਂ 4 ਪ੍ਰਤੀਯੋਗੀ

ਫਾਈਨਲ ਵਿੱਚ ਪਹੁੰਚਣ ਵਾਲੀਆਂ ਚਾਰ ਪ੍ਰਤੀਯੋਗੀ ਸਨ -

ਮਾਰਟੀਨਿਕ ਦੇ ਆਰੇਲੀ ਯੋਹਾਚਿਮ, ਇਥੋਪੀਆ ਦੇ ਹੈਸੇਟ ਦੇਰੇਜ਼, ਪੋਲੈਂਡ ਦੇ ਮਾਜਾ ਕਲਾਜਦਾ ਅਤੇ ਥਾਈਲੈਂਡ ਦੇ ਓਪਾਲ ਸੁਚਾਤਾ।

ਹੁਣ ਤੱਕ, ਭਾਰਤ ਦੀਆਂ ਛੇ ਔਰਤਾਂ ਨੇ ਮਿਸ ਵਰਲਡ ਦਾ ਤਾਜ ਜਿੱਤਿਆ ਹੈ।

ਇਨ੍ਹਾਂ ਵਿੱਚ ਰੀਤਾ ਫਾਰੀਆ (1966), ਐਸ਼ਵਰਿਆ ਰਾਏ (1994), ਡਾਇਨਾ ਹੇਡਨ (1997), ਯੁਕਤਾ ਮੁਖੀ (1999), ਪ੍ਰਿਯੰਕਾ ਚੋਪੜਾ (2000) ਅਤੇ ਮਾਨੁਸ਼ੀ ਛਿੱਲਰ (2017) ਸ਼ਾਮਲ ਹਨ।

ਮਿਸ ਵਰਲਡ ਦੇ ਜੱਜ ਕੌਣ ਸਨ?

ਓਪਾਲ ਸੁਚਾਤਾ

ਤਸਵੀਰ ਸਰੋਤ, Opal Suchata/ FB

ਤਸਵੀਰ ਕੈਪਸ਼ਨ, ਓਪਾਲ ਸੁਚਾਤਾ, ਅੰਤਰਰਾਸ਼ਟਰੀ ਸਬੰਧਾਂ ਦੀ ਪੜ੍ਹਾਈ ਕਰ ਰਹੇ ਹਨ

ਇਸ ਪ੍ਰੋਗਰਾਮ ਲਈ ਕੁੱਲ 9 ਲੋਕਾਂ ਨੇ ਜੱਜ ਦੀ ਭੂਮਿਕਾ ਨਿਭਾਈ।

ਇਨ੍ਹਾਂ ਵਿੱਚ ਮਿਸ ਵਰਲਡ ਦੇ ਸੀਈਓ ਜੂਲੀਆ ਮੋਰਲੇ, ਅਦਾਕਾਰ ਸੋਨੂੰ ਸੂਦ, ਮੇਘਾ ਇੰਜੀਨੀਅਰਿੰਗ ਡਾਇਰੈਕਟਰ ਸੁਧਾ ਰੈਡੀ, ਅਦਾਕਾਰ ਰਾਣਾ ਡੱਗੂਬਾਤੀ, ਤੇਲੰਗਾਨਾ ਦੇ ਸਰਕਾਰੀ ਅਧਿਕਾਰੀ ਜਯੇਸ਼ ਰੰਜਨ, 2017 ਦੇ ਮਿਸ ਵਰਲਡ ਮਾਨੁਸ਼ੀ ਛਿੱਲਰ, ਸਾਬਕਾ ਮਿਸ ਇੰਡੀਆ ਨਮਰਤਾ ਸ਼ਿਰੋਡਕਰ, 2014 ਦੇ ਮਿਸ ਇੰਗਲੈਂਡ ਕੈਰੀਨਾ ਟੁਰੇਲ, ਅਤੇ 72ਵੇਂ ਮਿਸ ਵਰਲਡ ਦੇ ਅਧਿਕਾਰਤ ਸਟੇਜ ਡਾਇਰੈਕਟਰ ਡੋਨਾ ਵਾਲਸ਼ ਸ਼ਾਮਲ ਸਨ।

ਕਿਵੇਂ ਹੁੰਦੀ ਹੈ ਜੇਤੂ ਦੀ ਚੋਣ

ਮਿਸ ਵਰਲਡ ਵਿੱਚ ਹਿੱਸਾ ਲੈਣ ਵਾਲੀਆਂ ਮਹਿਲਾਵਾਂ

ਤਸਵੀਰ ਸਰੋਤ, I&PR Telangana

ਤਸਵੀਰ ਕੈਪਸ਼ਨ, ਮਿਸ ਵਰਲਡ ਵਿੱਚ ਹਿੱਸਾ ਲੈਣ ਵਾਲੀਆਂ ਮਹਿਲਾਵਾਂ

ਭਾਰਤ ਦੀ ਨੰਦਿਨੀ ਗੁਪਤਾ ਸਮੇਤ 108 ਦੇਸ਼ਾਂ ਦੀਆਂ ਨੌਜਵਾਨ ਮਹਿਲਾਵਾਂ ਨੇ 'ਮਿਸ ਵਰਲਡ' ਮੁਕਾਬਲੇ ਵਿੱਚ ਹਿੱਸਾ ਲਿਆ ਸੀ।

ਸ਼ੁਰੂਆਤੀ ਮੁਕਾਬਲਿਆਂ ਤੋਂ ਬਾਅਦ, ਕੁੱਲ 40 ਪ੍ਰਤੀਯੋਗੀਆਂ ਨੂੰ ਕੁਆਰਟਰ ਫਾਈਨਲ ਲਈ ਚੁਣਿਆ ਗਿਆ, ਜੋ ਕਿ ਤਿੰਨ ਪੜਾਵਾਂ ਵਿੱਚ ਆਯੋਜਿਤ ਕੀਤਾ ਗਿਆ ਸੀ - ਇਸ ਵਿੱਚ ਹਰੇਕ ਮਹਾਂਦੀਪ ਤੋਂ ਦਸ ਪ੍ਰਤੀਯੋਗੀ (ਅਮਰੀਕਾ ਅਤੇ ਕੈਰੇਬੀਅਨ ਤੋਂ 10, ਅਫਰੀਕਾ ਤੋਂ 10, ਯੂਰਪ ਤੋਂ 10, ਅਤੇ ਏਸ਼ੀਆ ਅਤੇ ਓਸ਼ੇਨੀਆ ਤੋਂ 10) ਚੁਣੀਆਂ ਗਈਆਂ।

ਫਿਰ, ਹਰੇਕ ਮਹਾਂਦੀਪ ਤੋਂ ਚੁਣੀਆਂ ਗਈਆਂ 10 ਮਹਿਲਾਵਾਂ ਵਿੱਚੋਂ ਪੰਜ (ਟਾਪ 5) ਦੂਜੇ ਪੜਾਅ ਲਈ ਚੁਣੀਆਂ ਗਈਆਂ।

ਇਸ ਤੋਂ ਬਾਅਦ, ਤੀਜੇ ਪੜਾਅ ਵਿੱਚ ਹਰੇਕ ਮਹਾਂਦੀਪ ਤੋਂ ਚੁਣੀਆਂ ਗਈਆਂ ਪੰਜ ਉਮੀਦਵਾਰਾਂ ਵਿੱਚੋਂ ਦੋ (ਟਾਪ 2) ਚੁਣੀਆਂ ਗਈਆਂ।

ਇਸ ਤਰ੍ਹਾਂ ਨਾਲ, ਹਰੇਕ ਮਹਾਂਦੀਪ ਤੋਂ ਕੁੱਲ 8 ਮਹਿਲਾਵਾਂ ਮੁਕਬਾਲੇ ਵਿੱਚ ਬਣੀਆਂ ਰਹੀਆਂ।

ਉਨ੍ਹਾਂ ਵਿੱਚੋਂ ਕਈਆਂ ਨੂੰ ਪਹਿਲਾਂ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚੋਂ ਚੁਣਿਆ ਗਿਆ ਸੀ, ਅਤੇ ਕੁੱਝ ਨੂੰ ਜੱਜਾਂ ਨੇ ਮੌਕੇ 'ਤੇ ਹੀ ਚੁਣਿਆ ਸੀ।

ਫਿਰ ਜੱਜਾਂ ਨੇ ਉਨ੍ਹਾਂ ਸਾਰਿਆਂ ਨੂੰ ਇੱਕੋ ਸਵਾਲ ਪੁੱਛਿਆ - "ਤੁਹਾਨੂੰ ਕਿਉਂ ਲੱਗਦਾ ਹੈ ਕਿ ਤੁਹਾਨੂੰ ਮਿਸ ਵਰਲਡ ਬਣਨਾ ਚਾਹੀਦਾ ਹੈ?"

ਇਸ ਦਾ ਜਵਾਬ ਦੇਣ ਲਈ ਹਰੇਕ ਨੂੰ 45 ਸਕਿੰਟਾਂ ਦਾ ਸਮਾਂ ਦਿੱਤਾ ਗਿਆ ਸੀ।

ਆਖ਼ਿਰ 'ਚ ਮਾਰਟੀਨਿਕ, ਇਥੋਪੀਆ, ਪੋਲੈਂਡ ਅਤੇ ਥਾਈਲੈਂਡ ਦੀਆਂ ਕੁੜੀਆਂ ਨੇ ਫਾਈਨਲ ਰਾਊਂਡ ਵਿੱਚ ਜਗ੍ਹਾ ਬਣਾਈ।

ਟਾਪ 4 ਨੂੰ ਪੁੱਛੇ ਗਏ ਵਿਸ਼ੇਸ਼ ਸਵਾਲ

ਓਪਾਲ ਸੁਚਾਤਾ

ਤਸਵੀਰ ਸਰੋਤ, I&PR Telangana

ਤਸਵੀਰ ਕੈਪਸ਼ਨ, ਸੁਚਾਤਾ ਇੱਕ ਬ੍ਰੈਸਟ ਟਿਊਮਰ ਸਰਵਾਇਵਰ ਹਨ

ਪ੍ਰਤੀਯੋਗੀਆਂ ਦੇ ਅੰਤਿਮ ਦੌਰ ਵਿੱਚ, ਜਿਊਰੀ ਮੈਂਬਰਾਂ ਨੇ ਚਾਰ ਪ੍ਰਤੀਯੋਗੀਆਂ ਤੋਂ ਵਿਸ਼ੇਸ਼ ਸਵਾਲ ਪੁੱਛੇ।

ਨਮਰਤਾ ਸ਼ਿਰੋਡਕਰ ਨੇ ਪੋਲੈਂਡ ਦੇ ਮਾਜਾ ਕਲਾਜਦਾ ਤੋਂ, ਡੱਗੂਬਤੀ ਰਾਣਾ ਨੇ ਇਥੋਪੀਆਈ ਦੀ ਪ੍ਰਤੀਯੋਗੀ ਤੋਂ, ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਮਾਰਟੀਨਿਕ ਪ੍ਰਤੀਯੋਗੀ ਤੋਂ ਅਤੇ ਸੋਨੂੰ ਸੂਦ ਨੇ ਥਾਈ ਪ੍ਰਤੀਯੋਗੀ ਤੋਂ ਸਵਾਲ ਪੁੱਛਿਆ।

ਜੇਤੂ ਦੀ ਚੋਣ ਇਨ੍ਹਾਂ ਸਵਾਲਾਂ ਦੇ ਜਵਾਬਾਂ ਦੇ ਆਧਾਰ 'ਤੇ ਹੀ ਕੀਤੀ ਗਈ ਸੀ।

ਕਿਹੜੇ ਸਵਾਲ ਦਾ ਜਵਾਬ ਦੇ ਕੇ ਸੁਚਾਤਾ ਨੇ ਜਿੱਤਿਆ ਮਿਸ ਵਰਲਡ ਦਾ ਖ਼ਿਤਾਬ

ਓਪਾਲ ਸੁਚਾਤਾ

ਤਸਵੀਰ ਸਰੋਤ, I&PR Telangana

ਤਸਵੀਰ ਕੈਪਸ਼ਨ, ਵਿਸ਼ਵ ਸੁੰਦਰੀ ਦਾ ਮੁਕਾਬਲੇ ਜਿੱਤ ਕੇ ਖੂਬਸੂਰਤ ਤਾਜ ਦੇ ਨਾਲ ਸੁਚਾਤਾ ਨੇ 1 ਮਿਲੀਅਨ ਡਾਲਰ ਵੀ ਆਪਣੇ ਨਾਮ ਕੀਤੇ ਹਨ

ਅਦਾਕਾਰ ਸੋਨੂੰ ਸੂਦ ਨੇ ਮਿਸ ਥਾਈਲੈਂਡ ਤੋਂ ਪੁੱਛਿਆ - "ਇਸ ਯਾਤਰਾ ਨੇ ਤੁਹਾਨੂੰ ਸੱਚਾਈ ਅਤੇ ਨਿੱਜੀ ਜ਼ਿੰਮੇਵਾਰੀ ਬਾਰੇ ਕੀ ਸਿਖਾਇਆ ਹੈ?"

ਓਪਾਲ ਸੁਚਾਤਾ ਚੁਆਂਗਸ਼੍ਰੀ ਨੇ ਜਵਾਬ ਦਿੱਤਾ - "ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੌਕਾ ਹੈ। ਮਿਸ ਵਰਲਡ ਵਿੱਚ ਹੋਣ ਨਾਲ ਮੈਂ ਸਭ ਤੋਂ ਮਹੱਤਵਪੂਰਨ ਗੱਲ ਜੋ ਸਿੱਖੀ ਹੈ, ਉਹ ਹੈ ਕਿ ਸੱਚਾਈ ਨੂੰ ਕਿਵੇਂ ਸਵੀਕਾਰ ਕਰਨਾ ਹੈ।''

''ਸਭ ਤੋਂ ਵੱਡੀ ਗੱਲ ਜੋ ਮੈਂ ਆਪਣੇ ਲਈ ਅਤੇ ਦੂਜੀਆਂ ਕੁੜੀਆਂ ਲਈ, ਇਸ ਹਾਲ 'ਚ ਮੌਜੂਦ ਹਰ ਕਿਸੇ ਲਈ ਕਰ ਸਕਦੀ ਹਾਂ, ਉਹ ਹੈ - ਆਪਣੀ ਜ਼ਿੰਦਗੀ ਵਿੱਚ ਦੂਜਿਆਂ ਲਈ ਇੱਕ ਰੋਲ ਮਾਡਲ ਬਣਨਾ। ਕਿਉਂਕਿ ਤੁਸੀਂ ਜੋ ਵੀ ਹੋ, ਭਾਵੇਂ ਤੁਹਾਡੀ ਉਮਰ ਕਿੰਨੀ ਵੀ ਹੋਵੇ, ਜ਼ਿੰਦਗੀ ਵਿੱਚ ਤੁਹਾਡੀ ਸਥਿਤੀ ਕੋਈ ਵੀ ਹੋਵੇ, ਕੋਈ ਨਾ ਕੋਈ ਹਮੇਸ਼ਾ ਤੁਹਾਡੇ ਨਾਲ ਹੁੰਦਾ ਹੈ। ਇਹ ਬੱਚਾ ਹੋ ਸਕਦਾ ਹੈ, ਕੋਈ ਬਾਲਗ ਹੋ ਸਕਦਾ ਹੈ। ਜਾਂ ਇਹ ਤੁਹਾਡੇ ਮਾਪੇ ਹੋ ਸਕਦੇ ਹਨ, ਉਹ ਤੁਹਾਨੂੰ ਇੱਕ ਰੋਲ ਮਾਡਲ ਵਜੋਂ ਦੇਖਦੇ ਹਨ।''

''ਅਗਵਾਈ ਕਰਨ ਅਤੇ ਦੂਜਿਆਂ ਦੀ ਅਗਵਾਈ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਹਮਦਰਦੀ ਭਰੇ ਕੰਮਾਂ ਨਾਲ ਉਨ੍ਹਾਂ ਦੀ ਅਗਵਾਈ ਕੀਤੀ ਜਾਵੇ। ਇਹ ਸਭ ਤੋਂ ਵਧੀਆ ਚੀਜ਼ ਹੈ ਜੋ ਅਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਲਈ ਅਤੇ ਦੁਨੀਆਂ ਲਈ ਕਰ ਸਕਦੇ ਹਾਂ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)