ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਨਾਲ ਕਿਵੇਂ ਕਿਸਾਨੀ ਸੰਘਰਸ਼ ਦਾ ਚਿਹਰਾ ਬਣੇ, ਭੁੱਖ ਹੜਤਾਲਾਂ ਦੌਰਾਨ ਮੌਤਾਂ ਤੇ ਜਿੱਤਾਂ ਦੀ ਕਹਾਣੀ

ਤਸਵੀਰ ਸਰੋਤ, Kuveer Singh/BBC
- ਲੇਖਕ, ਨਵਕਿਰਨ ਸਿੰਘ
- ਰੋਲ, ਬੀਬੀਸੀ ਸਹਿਯੋਗੀ
19 ਦਸੰਬਰ ਨੂੰ ਦੁਪਹਿਰ ਸਮੇਂ ਖਨੌਰੀ ਬਾਰਡਰ 'ਤੇ ਚੱਲ ਰਹੀ ਸਟੇਜ ਦੀ ਕਾਰਵਾਈ ਨੂੰ ਅਚਾਨਕ ਰੋਕ ਦਿੱਤਾ ਜਾਂਦਾ ਹੈ। ਕੁੱਝ ਹੀ ਪਲਾਂ ਵਿੱਚ ਸਟੇਜ ਖਾਲ੍ਹੀ ਹੋ ਜਾਂਦੀ ਹੈ ਅਤੇ ਡਾਕਟਰਾਂ ਸਮੇਤ ਸਮੁੱਚੇ ਮੈਡੀਕਲ ਸਟਾਫ ਦੀਆਂ ਟੀਮਾਂ ਵਿੱਚ ਹੋ ਰਹੀ ਭੱਜ-ਨੱਠ ਦਰਸਾਉਂਦੀ ਸੀ ਕਿ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ।
ਕੁੱਝ ਲੋਕ ਰੋਹ ਵਿੱਚ ਨਜ਼ਰ ਆਉਂਦੇ ਹਨ ਤਾਂ ਕੁੱਝ ਭਾਵਨਾਤਮਕ ਤੌਰ 'ਤੇ ਪ੍ਰੇਸ਼ਾਨ ਲੱਗਦੇ ਹਨ। ਥੋੜ੍ਹੇ ਸਮੇਂ ਬਾਅਦ ਸਟੇਜ ਤੋਂ ਗੁਰਬਾਣੀ ਦਾ ਜਾਪ ਸ਼ੁਰੂ ਹੁੰਦਾ ਹੈ ਤਾਂ ਇਕੱਠ ਇਕਸੁਰ ਡੱਲੇਵਾਲ ਦੀ ਸਿਹਤਯਾਬੀ ਦੀ ਅਰਦਾਸ ਕਰਦਾ ਨਜ਼ਰ ਆਉਂਦਾ ਹੈ।
ਬਾਅਦ ਦੁਪਹਿਰ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਸਟੇਜ ਤੋਂ ਸੰਬੋਧਨ ਕਰਦਿਆਂ ਦੱਸਦੇ ਹਨ ਕਿ ਜਗਜੀਤ ਸਿੰਘ ਡੱਲੇਵਾਲ ਦੇ ਬਲੱਡ ਪ੍ਰੈਸ਼ਰ ਦਾ ਪੱਧਰ ਬਹੁਤ ਜ਼ਿਆਦਾ ਘੱਟ ਗਿਆ ਸੀ ਅਤੇ ਉਹ ਕੁੱਝ ਸਮੇਂ ਲਈ ਬੇਹੋਸ਼ੀ ਦੀ ਹਾਲਤ ਵਿੱਚ ਚਲੇ ਗਏ ਸਨ, ਪਰ ਹੁਣ ਉਹਨਾਂ ਦੀ ਸਿਹਤ ਵਿੱਚ ਕੁੱਝ ਸੁਧਾਰ ਹੈ।
ਉਹ ਖਦਸ਼ਾ ਜ਼ਾਹਿਰ ਕਰਦੇ ਹਨ ਕਿ ਜੇਕਰ ਪੁਲਿਸ ਨੇ ਉਹਨਾਂ ਨੂੰ ਜ਼ਬਰਦਸਤੀ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਕਾਰਵਾਈ ਦਾ ਸਖ਼ਤੀ ਨਾਲ ਵਿਰੋਧ ਕਰਨਗੇ।

ਡੱਲੇਵਾਲ ਦਾ ਕਿਸਾਨ ਅੰਦੋਲਨਾਂ ਦਾ ਸਫ਼ਰ

ਤਸਵੀਰ ਸਰੋਤ, Getty Images
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੇ ਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਡੱਲੇਵਾਲ ਦੇ ਵਸਨੀਕ ਹਨ। ਕੈਂਸਰ ਤੋਂ ਪੀੜਤ ਹੋਣ ਦੇ ਬਾਵਜੂਦ 70 ਸਾਲਾ ਜਗਜੀਤ ਸਿੰਘ ਡੱਲੇਵਾਲ ਕਿਸਾਨ ਸੰਘਰਸ਼ ਦੇ ਪ੍ਰਮੁੱਖ ਆਗੂ ਵਜੋਂ ਉੱਭਰੇ ਹਨ।
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਅਨੁਸਾਰ ਡੱਲੇਵਾਲ 1982-83 ਵਿੱਚ ਕਿਸਾਨ ਯੂਨੀਅਨ ਵਿੱਚ ਸਰਗਰਮ ਹੋਏ ਸਨ।

ਉਨ੍ਹਾਂ ਨੇ ਦੱਸਿਆ ਕਿ, "ਡੱਲੇਵਾਲ ਪਿਛਲੇ ਚਾਰ ਦਹਾਕਿਆਂ ਤੋਂ ਕਿਸਾਨ ਯੂਨੀਅਨ ਨੂੰ ਸਮਰਪਿਤ ਹਨ।
"ਕਿਸਾਨ ਯੂਨੀਅਨਾਂ ਵਿੱਚ ਕਈ ਵਾਰ ਫੁੱਟਾਂ ਵੀ ਪਈਆਂ ਪਰ ਉਹ ਪਿਸ਼ੌਰਾ ਸਿੰਘ ਸਿੱਧੂਪੁਰ ਨਾਲ ਹੀ ਰਹੇ।''
ਜਗਜੀਤ ਸਿੰਘ ਡੱਲੇਵਾਲ ਨੇ ਕੌਮੀ ਪੱਧਰ ਦੇ ਵੀ ਕਈ ਸੰਘਰਸ਼ਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਕਰੀਬ 17 ਏਕੜ ਜ਼ਮੀਨ ਦੇ ਮਾਲਕ ਡੱਲੇਵਾਲ ਕਿਸਾਨ ਸੰਘਰਸ਼ ਦੌਰਾਨ ਕਈ ਵਾਰ ਜੇਲ੍ਹ ਜਾ ਚੁੱਕੇ ਹਨ। ਲੰਘੀ 27 ਜਨਵਰੀ ਨੂੰ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ ਸੀ।
ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ 'ਚ ਡੱਲੇਵਾਲ ਦੀ ਭੂਮਿਕਾ

ਤਸਵੀਰ ਸਰੋਤ, Getty Images
ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਾਰਡਰਾਂ ਉੱਪਰ ਹੋਏ ਕਿਸਾਨ ਅੰਦੋਲਨ ਦੌਰਾਨ ਜਗਜੀਤ ਸਿੰਘ ਡੱਲੇਵਾਲ ਕੌਮੀ ਪੱਧਰ ਦੇ ਅਹਿਮ ਕਿਸਾਨ ਆਗੂ ਵਜੋਂ ਸਾਹਮਣੇ ਆਏ।
ਇਸ ਅੰਦੋਲਨ ਦੌਰਾਨ ਕਈ ਕਿਸਾਨ ਆਗੂ ਕਿਸੇ ਨਾ ਕਿਸੇ ਰੂਪ ਵਿੱਚ ਵਿਵਾਦਾਂ ਵਿੱਚ ਘਿਰੇ ਪਰ ਡੱਲੇਵਾਲ ਉਨ੍ਹਾਂ ਆਗੂਆਂ ਵਿੱਚ ਰਹੇ ਜਿਨ੍ਹਾਂ ਨੇ ਅੰਦੋਲਨ ਦੌਰਾਨ ਹਲੀਮੀ ਦਾ ਪੱਲਾ ਨਹੀਂ ਛੱਡਿਆ।
ਲੰਘੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਣ ਵਾਲੇ ਕਿਸਾਨ ਆਗੂਆਂ ਦਾ ਡੱਲੇਵਾਲ ਵੱਲੋਂ ਜਨਤਕ ਰੂਪ ਵਿੱਚ ਵਿਰੋਧ ਕੀਤਾ ਗਿਆ ਸੀ।
ਡੱਲੇਵਾਲ ਦੇ ਮਰਨ ਵਰਤ ਨੇ ਕਿਵੇਂ ਕਿਸਾਨ ਸੰਘਰਸ਼ 'ਚ ਜਾਨ ਭਰੀ

ਤਸਵੀਰ ਸਰੋਤ, SKM NP
ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਵੱਲੋਂ ਕਿਸਾਨੀ ਮੰਗਾਂ ਖਾਤਰ 'ਕਿਸਾਨ ਅੰਦੋਲਨ-2.0' ਤਹਿਤ 13 ਫਰਵਰੀ 2024 ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਕਾਫ਼ਲੇ ਨੂੰ ਸ਼ੰਭੂ ਅਤੇ ਖ਼ਨੌਰੀ ਵਿਖੇ ਪੈਂਦੀਆਂ ਪੰਜਾਬ, ਹਰਿਆਣਾ ਦੀਆਂ ਹੱਦਾਂ 'ਤੇ ਰੋਕ ਲਿਆ ਗਿਆ ਸੀ।
ਹਾਲਾਂਕਿ ਇਸ ਦੌਰਾਨ ਕਈ ਵਾਰ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਟੱਕਰ ਹੋਈ, ਜਿਸ ਵਿੱਚ ਇੱਕ ਨੌਜਵਾਨ ਸ਼ੁੱਭਕਰਨ ਸਿੰਘ ਦੀ ਜਾਨ ਵੀ ਚਲੀ ਗਈ ਅਤੇ ਕਈ ਹੋਰ ਨੌਜਵਾਨ ਤੇ ਕਿਸਾਨ ਜ਼ਖਮੀ ਵੀ ਹੋਏ।
ਪਿਛਲੇ 9 ਮਹੀਨਿਆਂ ਤੋਂ ਜਾਰੀ ਇਹ ਸੰਘਰਸ਼ ਹੁਣ ਪਿਛਲੀ 26 ਨਵੰਬਰ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਕਾਰਨ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ।
ਕਾਰਕੁਨ ਬਲਦੇਵ ਸਿੰਘ ਸਿਰਸਾ ਕਹਿੰਦੇ ਹਨ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੇ ਅੰਦੋਲਨ ਵਿੱਚ ਇਕ ਨਵੀਂ ਰੂਹ ਫੂਕ ਦਿੱਤੀ ਹੈ।
ਉਹਨਾਂ ਅਨੁਸਾਰ ਇਹ ਮਰਨ ਵਰਤ ਦਾ ਹੀ ਪ੍ਰਭਾਵ ਹੈ ਕਿ ਸੂਬੇ ਦੀਆਂ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਸਮੇਤ ਧਾਰਮਿਕ ਆਗੂ ਇਸ ਅੰਦੋਲਨ ਵਿੱਚ ਹਮਾਇਤ ਲਈ ਆ ਰਹੇ ਹਨ।
ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਅਨੁਸਾਰ ਡੱਲੇਵਾਲ ਦੇ ਮਰਨ ਵਰਤ ਕਾਰਨ ਇਸ ਅੰਦੋਲਨ ਨਾਲ ਲੋਕ ਇਸ ਕਦਰ ਜੁੜ ਚੁੱਕੇ ਹਨ ਕਿ ਲੋਕਾਂ ਨੇ ਕਈ ਥਾਂ ਰੇਲਾਂ ਰੋਕਣ ਦਾ ਸੱਦਾ ਆਪਣੇ ਪੱਧਰ 'ਤੇ ਹੀ ਲਾਗੂ ਕਰ ਦਿੱਤਾ।
ਖ਼ਨੌਰੀ ਬਾਰਡਰ ਬਣਿਆ ਸੰਘਰਸ਼ ਦਾ ਮੁੱਖ ਕੇਂਦਰ

'ਕਿਸਾਨ ਅੰਦੋਲਨ 2.0' ਦੇ ਸ਼ੁਰੂਆਤੀ ਦਿਨਾਂ ਦੌਰਾਨ ਸ਼ੰਭੂ ਬਾਰਡਰ ਸੰਘਰਸ਼ ਦਾ ਕੇਂਦਰ ਬਿੰਦੂ ਬਣਿਆ ਰਿਹਾ ਹੈ ਪਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਸ਼ੁਰੂ ਕਰਨ ਤੋਂ ਬਾਅਦ ਖ਼ਨੌਰੀ ਬਾਰਡਰ ਦੀ ਚਰਚਾ ਹੋਣ ਲੱਗੀ ਹੈ।
ਖ਼ਨੌਰੀ ਬਾਰਡਰ ਤੋਂ ਮਹਿਜ਼ 6 ਕਿਲੋਮੀਟਰ ਦੂਰ ਰਹਿਣ ਵਾਲੇ ਕਿਸਾਨ ਹਰਜੀਤ ਸਿੰਘ ਦੱਸਦੇ ਹਨ ਕਿ ਜਿਸ ਦਿਨ ਦੇ ਡੱਲੇਵਾਲ ਮਰਨ ਵਰਤ ਉੱਪਰ ਬੈਠੇ ਹਨ ਉਸ ਦਿਨ ਤੋਂ ਕਾਫ਼ਲਾ ਇਸ ਕਦਰ ਵੱਧ ਰਿਹਾ ਹੈ ਕਿ 4-5 ਕਿਲੋਮੀਟਰ ਤੱਕ ਕਿਸਾਨਾਂ ਦੀਆਂ ਟਰਾਲੀਆਂ ਖੜ੍ਹੀਆਂ ਹਨ।
ਖ਼ਨੌਰੀ ਬਾਰਡਰ ਉੱਪਰ ਨੌਜਵਾਨਾਂ ਦੇ ਪਹੁੰਚ ਰਹੇ ਕਾਫ਼ਲਿਆਂ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਮਰਨ ਵਰਤ ਤੋਂ ਪ੍ਰਭਾਵਿਤ ਹੋ ਕੇ ਖਨੌਰੀ ਬਾਰਡਰ ਪਹੁੰਚੇ ਹਨ।
ਪਟਿਆਲਾ ਜ਼ਿਲ੍ਹੇ ਦੇ ਨੌਜਵਾਨ ਸੁਖਚੈਨ ਸਿੰਘ ਨੇ ਕਿਹਾ ਕਿ, "ਅਸੀਂ ਇਸ ਗੱਲ ਤੋਂ ਪ੍ਰਭਾਵਿਤ ਹਾਂ ਕਿ ਜੇ ਇੱਕ ਐਨੀ ਉਮਰ ਦੇ ਬਜ਼ੁਰਗ ਨੇ ਮਰਨ ਵਰਤ ਰੱਖਿਆ ਹੈ ਤਾਂ ਅਸੀਂ ਨੌਜਵਾਨ ਹੋ ਕੇ ਕਿਉਂ ਨਹੀਂ ਕੁੱਝ ਕਰ ਸਕਦੇ।"
ਇਤਿਹਾਸਿਕ ਮਰਨ ਵਰਤ, ਮੌਤਾਂ ਤੇ ਜਿੱਤਾਂ

ਤਸਵੀਰ ਸਰੋਤ, Getty Images
ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਲਹਿਰ ਦੇ ਆਗੂ ਨੇ ਮੰਗਾਂ ਮਨਵਾਉਣ ਲਈ ਮਰਨ ਵਰਤ ਰੱਖਿਆ ਹੈ। ਬਲਕਿ ਇਤਿਹਾਸ ਵਿੱਚ ਕਈ ਉਦਹਾਰਨਾਂ ਹਨ ਜਦ ਸਮੂਹਿਕ ਮੰਗਾਂ ਖਾਤਰ ਆਗੂ ਭੁੱਖ ਹੜਤਾਲ 'ਤੇ ਬੈਠੇ ਹੋਣ।
1920ਵਿਆਂ ਦੇ ਦਹਾਕੇ ਵਿੱਚ ਕਿਸਾਨੀ ਮੁੱਦਿਆਂ ਖਾਤਰ ਸੰਘਰਸ਼ ਕਰਨ ਵਾਲੀ ਪਰਜਾ ਮੰਡਲ ਲਹਿਰ ਦੇ ਆਗੂ ਸੇਵਾ ਸਿੰਘ ਠੀਕਰੀਵਾਲਾ ਨੇ ਜੇਲ੍ਹ ਵਿੱਚ ਮਰਨ ਤੱਕ ਭੁੱਖ ਹੜਤਾਲ ਕੀਤੀ ਸੀ। ਪਰਜਾ ਮੰਡਲ ਪਾਰਟੀ ਦੀਆਂ ਕੁਝ ਪ੍ਰਮੁੱਖ ਮੰਗਾਂ ਮੱਧਵਰਗ ਕਿਸਾਨੀ ਮਸਲਿਆਂ ਨਾਲ ਜੁੜੀਆਂ ਹੋਈਆਂ ਸਨ। 20 ਜਨਵਰੀ 1935 ਦੀ ਅੱਧੀ ਰਾਤ ਨੂੰ ਸੇਵਾ ਸਿੰਘ ਠੀਕਰੀਵਾਲਾ ਦੀ ਭੁੱਖ ਹੜਤਾਲ ਦੌਰਾਨ ਜਾਨ ਚਲੀ ਗਈ ਸੀ।
ਸ਼ਹੀਦ ਭਗਤ ਸਿੰਘ ਦੇ ਸਾਥੀ ਜਤਿਨ ਦਾਸ ਦੀ ਲਾਹੌਰ ਜੇਲ੍ਹ ਵਿੱਚ 63 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਮੌਤ ਹੋ ਗਈ ਸੀ।
ਪੰਜਾਬ ਦੇ ਅਹਿਮ ਸਿੱਖ ਆਗੂ ਦਰਸ਼ਨ ਸਿੰਘ ਫੇਰੂਮਾਨ ਨੇ ਪੰਜਾਬੀ ਸੂਬੇ ਦੀਆਂ ਅਹਿਮ ਮੰਗਾਂ ਖਾਤਰ 15 ਅਗਸਤ 1969 ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਅਤੇ 27 ਅਕਤੂਬਰ 1969 ਨੂੰ ਮਰਨ ਵਰਤ ਦੇ ਚੱਲਦਿਆਂ ਉਹਨਾਂ ਦੀ ਮੌਤ ਹੋ ਗਈ ਸੀ।
ਹਾਲਾਂਕਿ ਇਤਿਹਾਸ ਵਿੱਚ ਅਜਿਹੀਆਂ ਵੀ ਕਈ ਉਦਹਾਰਨਾਂ ਹਨ ਜਦੋਂ ਕਿਸੇ ਜਥੇਬੰਦੀ ਦੇ ਆਗੂ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਗਿਆ ਅਤੇ ਸਰਕਾਰ ਨੇ ਦਬਾਅ ਹੇਠ ਆ ਕੇ ਮੰਗਾਂ ਮੰਨਣ ਦਾ ਐਲਾਨ ਕਰ ਦਿੱਤਾ ਹੋਵੇ।
ਖ਼ਨੌਰੀ ਸਰਹੱਦ 'ਤੇ ਡਟੇ ਕਿਸਾਨਾਂ ਨੂੰ ਕੀ ਖਦਸ਼ਾ ਹੈ?

ਤਸਵੀਰ ਸਰੋਤ, Getty Images
ਖ਼ਨੌਰੀ ਸਰਹੱਦ 'ਤੇ ਡਟੇ ਕਿਸਾਨਾਂ ਨੂੰ ਖਦਸ਼ਾ ਹੈ ਕਿ ਸਰਕਾਰ ਜਗਜੀਤ ਸਿੰਘ ਡੱਲੇਵਾਲ ਨੂੰ ਕਿਸਾਨ ਮੋਰਚੇ ਵਿੱਚੋਂ ਜ਼ਬਰੀ ਚੁੱਕ ਕੇ ਹਸਪਤਾਲ ਦਾਖਲ ਕਰਵਾ ਸਕਦੀ ਹੈ, ਜਿੱਥੇ ਉਹਨਾਂ ਨੂੰ ਡਰਿੱਪ ਲਗਾਈ ਜਾ ਸਕਦੀ ਹੈ।
ਬਹੁਤੇ ਮਸਲਿਆਂ ਵਿੱਚ ਪੁਲਿਸ ਵੱਲੋਂ ਮਰਨ ਵਰਤ ਰੱਖਣ ਵਾਲੇ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾ ਕੇ ਜ਼ਿੰਦਾ ਰੱਖਿਆ ਜਾਂਦਾ ਹੈ। ਇਸ ਤੋਂ ਪਹਿਲਾਂ ਲੰਘੀ 26 ਨਵੰਬਰ ਨੂੰ ਇਸੇ ਮੋਰਚੇ ਵਿੱਚੋਂ ਪੁਲਿਸ ਡੱਲੇਵਾਲ ਨੂੰ ਜਬਰੀ ਚੁੱਕ ਕੇ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾ ਚੁੱਕੀ ਹੈ, ਹਾਲਾਂਕਿ ਕਿਸਾਨਾਂ ਵੱਲੋਂ ਬਣਾਏ ਦਬਾਅ ਦੇ ਚੱਲਦਿਆਂ ਪੁਲਿਸ ਨੇ ਡੱਲੇਵਾਲ ਨੂੰ ਰਿਹਾਅ ਕਰ ਦਿੱਤਾ ਸੀ।
2015 ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਮਰਨ ਵਰਤ ਰੱਖਣ ਵਾਲੇ ਸੂਰਤ ਸਿੰਘ ਖ਼ਾਲਸਾ ਨੂੰ ਕਰੀਬ 8 ਸਾਲ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿੱਚ ਰੱਖਿਆ ਗਿਆ ਸੀ।
ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਅਨੁਸਾਰ ਉਹ ਕਿਸੇ ਹਾਲਤ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਜ਼ਬਰੀ ਨਹੀਂ ਚੁੱਕਣ ਦੇਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












