ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 100 ਦਿਨ, ਜਦੋਂ ਡੱਲੇਵਾਲ ਨੇ ਅੰਨਾ ਹਜ਼ਾਰੇ ਦੇ ਕਹਿਣ ’ਤੇ ਵੀ ਵਰਤ ਨਹੀਂ ਤੋੜਿਆ ਸੀ

ਤਸਵੀਰ ਸਰੋਤ, Getty Images
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਨੂੰ 100 ਦਿਨ ਪੂਰੇ ਹੋ ਗਏ ਹਨ।
ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ 'ਤੇ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਲਈ ਮਰਨ ਵਰਤ ਉੱਤੇ ਬੈਠੇ ਹਨ।
ਇਸ ਸਮੇਂ ਦੌਰਾਨ ਡੱਲੇਵਾਲ ਦੀ ਸਿਹਤ ਕਈ ਵਾਰ ਨਾਸਾਜ਼ ਹੋਈ।
ਜ਼ਿਕਰਯੋਗ ਹੈ ਕਿ ਮਰਨ ਵਰਤ ਸ਼ੁਰੂ ਕਰਨ ਮਗਰੋਂ ਪੰਜਾਬ ਪੁਲਿਸ ਵੱਲੋਂ ਡੱਲੇਵਾਲ ਨੂੰ 'ਹਿਰਾਸਤ' 'ਚ ਲੈਂਦਿਆ ਡੀਐੱਮਸੀ ਹਸਪਤਾਲ ਲੁਧਿਆਣਾ ਭਰਤੀ ਕਰਵਾਇਆ ਗਿਆ ਸੀ ਅਤੇ ਉਸ ਤੋਂ ਕੁਝ ਦਿਨਾਂ ਮਗਰੋਂ ਹੀ ਸੁਪਰੀਮ ਕੋਰਟ ਵੱਲੋਂ ਦਖ਼ਲਅੰਦਾਜ਼ੀ ਕਰਦਿਆਂ ਅੰਨ ਦਾ ਸੇਵਨ ਕਰਨ ਲਈ ਅਪੀਲ ਕੀਤੀ ਗਈ ਸੀ।
ਹਾਲਾਂਕਿ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਮਗਰੋਂ, ਉਨ੍ਹਾਂ ਨੇ ਡਾਕਟਰੀ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਸੀ।
ਪਰ ਉਨ੍ਹਾਂ ਮੁਤਾਬਕ ਉਲੀਕਿਆ ਗਿਆ ਸੰਘਰਸ਼ ਦਾ ਰਾਹ ਮੰਗਾਂ ਮਨਵਾਉਣ ਤੱਕ ਜਾਰੀ ਰਹੇਗਾ।
ਮਰਨ ਵਰਤ ਦੇ 100 ਦਿਨ ਪੂਰੇ ਹੋਣ 'ਤੇ ਕਿਸਾਨਾਂ ਵੱਲੋਂ ਹਰੇਕ ਜ਼ਿਲ੍ਹੇ ਦੇ ਡੀਸੀ ਦਫ਼ਤਰ ਮੂਹਰੇ ਇੱਕ ਦਿਨਾਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ।
ਕਿਸਾਨਾਂ ਵੱਲੋਂ ਇਹ ਪ੍ਰੋਗਰਾਮ ਡੱਲੇਵਾਲ ਨਾਲ ਇੱਕਜੁੱਟਤਾ ਦਾ ਪ੍ਰਦਰਸ਼ਨ ਕਰਦਿਆਂ ਉਲੀਕਿਆ ਗਿਆ ਹੈ।
ਇਸ ਰਿਪੋਰਟ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਜ਼ਿੰਦਗੀ ਅਤੇ ਸੰਘਰਸ਼ਾਂ ਦੀ ਗੱਲ ਕੀਤੀ ਗਈ ਹੈ।

ਜਗਜੀਤ ਸਿੰਘ ਡੱਲੇਵਾਲ ਕੌਣ ਹਨ ?

ਤਸਵੀਰ ਸਰੋਤ, Getty Images
ਬੋਹੜ ਸਿੰਘ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਹਨ ਅਤੇ ਜਗਜੀਤ ਸਿੰਘ ਡੱਲੇਵਾਲ ਦੇ ਕਰੀਬੀ ਸਾਥੀ ਹਨ।
ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਦਾ ਪਰਿਵਾਰਕ ਪਿਛੋਕੜ ਰਾਜਸਥਾਨ ਦੇ ਜੈਸਲਮੇਰ ਦਾ ਹੈ, ਉਨ੍ਹਾਂ ਦੇ ਬਜ਼ੁਰਗ ਫਰੀਦਕੋਟ ਆ ਕੇ ਵੱਸ ਗਏ ਸਨ। ਇੱਥੇ ਹੀ ਜਗਜੀਤ ਸਿੰਘ ਡੱਲੇਵਾਲ ਦਾ ਜਨਮ ਹੋਇਆ।
ਉਨ੍ਹਾਂ ਮੁੱਢਲੀ ਪੜ੍ਹਾਈ ਫਰੀਦਕੋਟ ਤੋਂ ਹੀ ਕੀਤੀ ਅਤੇ ਫਿਰ ਰਾਜਨੀਤੀ ਸ਼ਾਸਤਰ ਵਿੱਚ ਮਾਸਟਰ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਸਲ ਕੀਤੀ।
ਬੋਹੜ ਸਿੰਘ ਦੱਸਦੇ ਹਨ ਕਿ ਡੱਲੇਵਾਲ ਦਾ ਪਰਿਵਾਰ ਗੁਰਸਿੱਖ ਪਰਿਵਾਰ ਹੈ। ਜਵਾਨੀ ਵੇਲੇ ਉਹ ਵਿਦਿਆਰਥੀ ਵਜੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਰਹੇ ਹਨ।
ਇਸ ਵੇਲ਼ੇ ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਹਨ।
ਉਨ੍ਹਾਂ ਦੇ ਪੁੱਤਰ ਗੁਰਪਿੰਦਰ ਸਿੰਘ ਡੱਲੇਵਾਲ ਨੇ ਬੀਬੀਸੀ ਪੱਤਰਕਾਰ ਅਵਤਾਰ ਸਿੰਘ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਪਿਛਲੇ ਚਾਲੀ ਸਾਲਾਂ ਤੋਂ ਕਿਸਾਨੀ ਲਹਿਰ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਉਨ੍ਹਾਂ ਦੇ ਪਿਤਾ ਦੀ ਹਾਲਤ ਭਾਵੇਂ ਸਥਿਰ ਹੈ ਪਰ ਫਿਰ ਵੀ ਉਨ੍ਹਾਂ ਦੀ ਸਿਹਤ ਕਾਫੀ ਨਾਜ਼ੁਕ ਹੈ।
ਗੁਰਪਿੰਦਰ ਸਿੰਘ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੇ ਜੋ ਵੀ ਕਿਸਾਨ ਲਹਿਰ ਲਈ ਕੀਤਾ ਹੈ, ਉਹ ਸਾਰੀ ਦੁਨੀਆਂ ਦੇ ਸਾਹਮਣੇ ਹੈ ਅਤੇ ਉਨ੍ਹਾਂ ਦਾ ਸੰਘਰਸ਼ ਜਾਰੀ ਹੈ।
ਕਿਸਾਨੀ ਸੰਘਰਸ਼ ਵਿੱਚ ਕਿਵੇਂ ਕੁੱਦੇ

ਤਸਵੀਰ ਸਰੋਤ, kulveer singh
ਬੋਹੜ ਸਿੰਘ ਦੱਸਦੇ ਹਨ, ''ਸਾਲ 2000 ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਵੱਡੇ ਭਰਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਧੜੇ ਦੇ ਬਲਾਕ ਦੇ ਖਜ਼ਾਨਚੀ ਬਣ ਗਏ ਸਨ।''
''ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ, ਇਸ ਲਈ ਉਹ ਸਾਰਾ ਹਿਸਾਬ-ਕਿਤਾਬ ਜਗਜੀਤ ਸਿੰਘ ਦੀ ਮਦਦ ਨਾਲ ਕਰਦੇ ਸਨ। ਉਨ੍ਹਾਂ ਦੀ ਮਦਦ ਕਰਦੇ-ਕਰਦੇ ਉਹ ਆਪ ਵੀ ਕਿਸਾਨ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਲੱਗ ਪਏ।''
2001 ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਅਜਮੇਰ ਸਿੰਘ ਲੱਖੋਵਾਲ ਅਤੇ ਪਿਸ਼ੌਰਾ ਸਿੰਘ ਸਿੱਧੂਪੁਰ ਵਿਚਾਲੇ ਮਤਭੇਦ ਹੋ ਗਏ ਅਤੇ ਯੂਨੀਅਨ ਦੋਫਾੜ ਹੋ ਗਈ।
ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਸਿੱਧੂਪੁਰ ਵਾਲੇ ਧੜੇ ਨਾਲ ਗਏ ਅਤੇ ਉਨ੍ਹਾਂ ਨੂੰ ਫਰੀਦਕੋਟ ਦੇ ਸਾਦਿਕ ਬਲਾਕ ਦਾ ਪ੍ਰਧਾਨ ਬਣਾਇਆ ਗਿਆ। ਫੇਰ ਉਹ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਬਣੇ ਅਤੇ ਕਰੀਬ 15 ਸਾਲ ਇਸ ਅਹੁਦੇ ਉੱਤੇ ਕੰਮ ਕਰਦੇ ਰਹੇ।
ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਤੱਕ ਕਿਵੇਂ ਪਹੁੰਚੇ
ਪੜ੍ਹੇ ਲਿਖੇ ਅਤੇ ਸਰਗਰਮ ਕਿਸਾਨ ਆਗੂ ਹੋਣ ਕਰਕੇ ਜਗਜੀਤ ਸਿੰਘ ਡੱਲੇਵਾਲ ਪਿਸ਼ੌਰਾ ਸਿੰਘ ਸਿੱਧੂਪੁਰ ਦੇ ਭਰੋਸੇਮੰਦ ਆਗੂ ਬਣ ਗਏ।
ਪਿਸ਼ੌਰਾ ਸਿੰਘ ਸਿੱਧੂ ਦੀ 2018 ਵਿੱਚ ਜਦੋਂ ਸਿਹਤ ਖ਼ਰਾਬ ਹੋਈ ਤਾਂ ਉਨ੍ਹਾਂ ਜਥੇਬੰਦੀ ਦੀ ਇੱਕ ਬੈਠਕ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ, ਜਿਸ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਸਵਿਕਾਰ ਨਹੀਂ ਕੀਤਾ।
ਬੋਹੜ ਸਿੰਘ ਦਾਅਵਾ ਕਰਦੇ ਹਨ, ''ਡੱਲੇਵਾਲ ਇਸ ਬੈਠਕ ਵਿੱਚੋਂ ਨਾਰਾਜ਼ ਹੋ ਕੇ ਬਾਹਰ ਆ ਗਏ। ਉਨ੍ਹਾਂ ਕਿਹਾ ਕਿ ਉਹ ਪਿਸ਼ੌਰਾ ਸਿੰਘ ਦੇ ਜਿਊਂਦੇ ਜੀਅ ਕਾਰਜਕਾਰੀ ਪ੍ਰਧਾਨ ਨਹੀਂ ਬਣਨਗੇ। ਪਰ ਇਸ ਘਟਨਾ ਤੋਂ 2-3 ਮਹੀਨੇ ਬਾਅਦ ਹੀ ਪਿਸ਼ੌਰ ਸਿੰਘ ਦਾ ਦੇਹਾਂਤ ਹੋ ਗਿਆ ਤਾਂ ਜਥੇਬੰਦੀ ਨੇ ਉਨ੍ਹਾਂ ਦੇ ਭੋਗ ਸਮਾਗਮ ਵੇਲੇ ਹੀ ਜਗਜੀਤ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਅਤੇ ਫੇਰ ਚੋਣ ਕਰਕੇ ਆਪਣਾ ਆਗੂ ਚੁਣ ਲਿਆ।''
ਦਿੱਲੀ ਅੰਦੋਲਨ ਵਿੱਚ ਮੋਹਰੀ ਭੂਮਿਕਾ

ਤਸਵੀਰ ਸਰੋਤ, ANI
ਜਗਜੀਤ ਸਿੰਘ ਡੱਲੇਵਾਲ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ਉੱਤੇ ਲੜੇ ਗਏ ਕਿਸਾਨੀ ਸੰਘਰਸ਼ ਦੇ ਮੋਹਰੀਆਂ ਆਗੂਆਂ ਵਿੱਚੋਂ ਇੱਕ ਹਨ।
ਉਦੋਂ ਉਨ੍ਹਾਂ ਦੀ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਸੀ। ਡੱਲੇਵਾਲ ਨੇ ਅੰਦੋਲਨ ਖ਼ਤਮ ਹੋਣ ਸਮੇਂ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਸੀ, ''ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਉਹ ਮੁੜ ਅੰਦੋਲਨ ਸ਼ੁਰੂ ਕਰਨਗੇ।''
ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੁਝ ਕਿਸਾਨ ਜਥੇਬੰਦੀਆਂ ਨੇ ਚੋਣਾਂ ਵਿੱਚ ਹਿੱਸਾ ਲਿਆ ਤਾਂ ਡੱਲੇਵਾਲ ਨੇ ਆਪਣਾ ਰਾਹ ਵੱਖ ਕਰ ਲਿਆ। ਉਨ੍ਹਾਂ ਐੱਸਕੇਐੱਮ (ਗੈਰ-ਰਾਜਨੀਤਿਕ) ਦਾ ਗਠਨ ਕਰ ਲਿਆ। ਇਸ ਨਾਲ ਹਰਿਆਣਾ, ਪੰਜਾਬ, ਉੱਤਰਾਖੰਡ ਅਤੇ ਯੂਪੀ ਦੇ ਕੁਝ ਸੰਗਠਨ ਸ਼ਾਮਲ ਹਨ।
ਡੱਲੇਵਾਲ ਦੇ ਐੱਸਕੇਐੱਮ (ਗੈਰ-ਰਾਜਨੀਤਿਕ) ਧੜੇ ਨੇ ਐੱਸਕੇਐੱਮ ਤੋਂ ਬਾਹਰ ਇੱਕ ਹੋਰ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਗਠਜੋੜ ਕਰ ਲਿਆ। ਇਹ ਜਥੇਬੰਦੀ ਭਾਰਤ ਦੀਆਂ ਮਜ਼ਦੂਰ ਜਥੇਬੰਦੀਆਂ ਦੇ ਇੱਕ ਗਠਜੋੜ ਦਾ ਵੀ ਹਿੱਸਾ ਹੈ।
ਡੱਲੇਵਾਲ ਨੇ ਜਿਵੇਂ ਦਿੱਲੀ ਅੰਦੋਲਨ ਤੋਂ ਬਾਅਦ ਕਿਹਾ ਜਿਵੇ ਕਿਹਾ ਸੀ, ਉਵੇਂ ਹੀ ਉਨ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਮਿਲ ਕੇ ਫਰਵਰੀ 2024 ਵਿੱਚ ਦਿੱਲੀ ਕੂਚ ਕਰ ਦਿੱਤਾ। ਉਦੋਂ ਤੋਂ ਹੀ ਉਨ੍ਹਾਂ ਨੂੰ ਹਰਿਆਣਾ ਪੁਲਿਸ ਨੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਰੋਕਿਆ ਹੋਇਆ ਹੈ।
ਪਹਿਲਾਂ ਸਰਕਾਰ ਨੇ ਕਿਹਾ ਕਿ ਉਹ ਟਰੈਕਟਰਾਂ ਨਾਲ ਦਿੱਲੀ ਨਹੀਂ ਜਾਣ ਦੇਣਗੇ। ਪਰ ਹੁਣ ਜਦੋਂ ਕਿਸਾਨਾਂ ਨੇ ਸ਼ੰਭੂ ਬਾਰਡਰ ਤੋਂ 101 ਦੇ ਜਥੇ ਪੈਦਲ ਭੇਜਣੇ ਸ਼ੁਰੂ ਕੀਤੇ ਤਾਂ ਹਰਿਆਣਾ ਪੁਲਿਸ ਨੇ ਉਨ੍ਹਾਂ ਉੱਤੇ ਹੰਝੂ ਗੈਸ ਦੇ ਗੋਲ਼ੇ ਅਤੇ ਪਾਣੀ ਦੀਆਂ ਬੋਛਾੜਾ ਸੁੱਟੀਆਂ ਜਿਸ ਦੌਰਾਨ ਕਈ ਕਿਸਾਨ ਜਖ਼ਮੀ ਵੀ ਹੋਏ ਹਨ।
ਡੱਲੇਵਾਲ ਨੇ 26 ਨਵੰਬਰ ਤੋਂ ਖਨੌਰੀ ਤੋਂ ਮਰਨ ਵਰਤ ਸ਼ੁਰੂ ਕੀਤਾ ਸੀ ,ਜਦਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਸ਼ੰਭੂ ਬਾਰਡਰ ਉੱਤੇ ਮੋਰਚੇ ਦੀ ਅਗਵਾਈ ਕਰ ਰਹੇ ਹਨ।
ਮਰਨ ਵਰਤ ਨੂੰ ਵਰਤਦੇ ਹਨ ਆਖ਼ਰੀ ਹਥਿਆਰ
ਜਗਜੀਤ ਸਿੰਘ ਡੱਲੇਵਾਲ ਹੁਣ ਤੱਕ 5 ਵਾਰ ਮਰਨ ਵਰਤ ਰੱਖ ਕੇ ਕਿਸਾਨ ਘੋਲ਼ਾਂ ਨੂੰ ਫੈਸਲਾਕੁੰਨ ਜਿੱਤ ਦੁਆ ਚੁੱਕੇ ਹਨ।ਇਸ ਵੇਲ਼ੇ ਉਨ੍ਹਾਂ ਦਾ 6ਵਾਂ ਮਰਨ ਵਰਤ ਹੈ।
ਬੋਹੜ ਸਿੰਘ ਮੁਤਾਬਕ ਉਨ੍ਹਾਂ ਦੀ ਜਥੇਬੰਦੀ ਪਹਿਲਾਂ ਕਿਸੇ ਐਕਸ਼ਨ ਦੀ ਕਾਲ ਦਿੰਦੀ ਹੈ ਅਤੇ ਸੰਘਰਸ਼ ਦੌਰਾਨ ਜੇਕਰ ਸਰਕਾਰ ਤੇ ਪੁਲਿਸ ਧੱਕਾ ਕਰੇ ਤਾਂ ਡੱਲੇਵਾਲ ਇਸ ਦਾ ਜਵਾਬ ਮਰਨ ਵਰਤ ਵਿੱਚ ਦਿੰਦੇ ਹਨ।
ਪਹਿਲਾ ਮਰਨ ਵਰਤ
ਬੋਹੜ ਸਿੰਘ ਮੁਤਾਬਕ ਜਗਜੀਤ ਸਿੰਘ ਡੱਲੇਵਾਲ ਨੇ ਪਹਿਲੀ ਵਾਰ 2005-06 ਵਿੱਚ ਮਰਨ ਵਰਤ ਰੱਖਿਆ ਸੀ। ਉਸ ਵੇਲੇ ਸਿੱਧੂਪੁਰ ਜਥੇਬੰਦੀ ਤਪਾ ਮੰਡੀ ਵਿੱਚ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਸਨ। ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਫਿਰੋਜ਼ਪੁਰ ਜੇਲ੍ਹ ਵਿੱਚ ਲੈ ਗਈ। ਉੱਥੇ ਉਨ੍ਹਾਂ ਨਾਲ ਅਪਰਾਧੀਆਂ ਵਾਲਾ ਵਿਹਾਰ ਕੀਤਾ ਗਿਆ ਅਤੇ ਰੋਟੀ ਪਾਣੀ ਠੀਕ ਢੰਗ ਨਾਲ ਨਹੀਂ ਦਿੱਤਾ ਗਿਆ। ਇਸ ਦੇ ਵਿਰੋਧ ਵਿੱਚ ਡੱਲੇਵਾਲ ਨੇ ਪਹਿਲੀ ਵਾਰ 10 ਦਿਨ ਦਾ ਮਰਨ ਵਰਤ ਰੱਖਿਆ, ਆਖ਼ਿਰ 11ਵੇਂ ਦਿਨ ਸਾਰੇ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਕਰ ਦਿੱਤੀ।
ਦੂਜੀ ਵਾਰ ਮਰਨ ਵਰਤ
2018 ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਕੂਚ ਕੀਤਾ। ਪਰ ਉਨ੍ਹਾਂ ਨੂੰ ਸੰਗਰੂਰ ਦੀ ਚੀਮਾ ਮੰਡੀ ਵਿੱਚ ਪੁਲਿਸ ਨੇ ਜ਼ਬਰੀ ਰੋਕੀ ਰੱਖਿਆ, ਫੇਰ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ ਅਤੇ ਅੱਗੇ ਪੁਲਿਸ ਨੇ ਸ਼ੁਤਰਾਣੇ ਰੋਕ ਲਿਆ। ਇੱਥੇ ਡੱਲੇਵਾਲ ਨੇ ਦੂਜੀ ਵਾਰ ਮਰਨ ਵਰਤ ਸ਼ੁਰੂ ਕੀਤਾ।
ਅਖੀਰ ਕਈ ਦਿਨਾਂ ਬਾਅਦ ਸਰਕਾਰ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਟਰੈਕਟਰ ਟਰਾਲੀਆਂ ਦੀ ਬਜਾਇ ਬੱਸਾਂ ਵਿੱਚ ਚਲੇ ਜਾਣ। ਉਹ ਦਿੱਲੀ ਜਾਣ ਵਿੱਚ ਸਫ਼ਲ ਰਹੇ ਅਤੇ ਰਾਮਲੀਲ਼ਾ ਮੈਦਾਨ ਵਿੱਚ ਡੱਲੇਵਾਲ ਦਾ ਮਰਨ ਵਰਤ ਮੁੜ ਸ਼ੁਰੂ ਹੋਇਆ। ਉਦੋਂ ਹੀ ਅੰਨਾ ਹਜ਼ਾਰੇ ਦਾ ਮਰਨ ਵਰਤ ਵੀ ਇੱਥੇ ਸ਼ੁਰੂ ਹੋਇਆ ਅਤੇ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦਾ ਲਿਖਤੀ ਭਰੋਸਾ ਦਿੱਤਾ ਸੀ।

ਤੀਜਾ ਮਰਨ ਵਰਤ
ਜਗਜੀਤ ਸਿੰਘ ਡੱਲੇਵਾਲ ਦਾ ਤੀਜਾ ਮਰਨ ਵਰਤ ਚੰਡੀਗੜ੍ਹ ਵਿੱਚ 2019 ਵਿੱਚ ਹੋਇਆ ਸੀ। ਦਰਅਸਲ ਇੱਥੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇਣ ਆਏ ਸਨ, ਪਰ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਜ਼ਬਰੀ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਡੱਲੇਵਾਲ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਬੈਠਕ ਕਰਵਾਈ ਗਈ ਅਤੇ ਕੁਝ ਮੰਗਾਂ ਮੰਨੀਆਂ ਗਈਆਂ।
ਚੌਥਾ ਮਰਨ ਵਰਤ
ਜਗਜੀਤ ਸਿੰਘ ਡੱਲੇਵਾਲ ਨੇ 2023 ਵਿੱਚ ਆਪਣੇ ਜੱਦੀ ਜ਼ਿਲ੍ਹੇ ਫਰੀਦਕੋਟ ਦੇ ਟਹਿਣਾ ਟੀ-ਪੁਆਇੰਟ ਉੱਤੇ ਮਰਨ ਵਰਤ ਰੱਖਿਆ ਸੀ। ਇਹ ਅਬਾਦਕਾਰ ਕਿਸਾਨਾਂ ਤੋਂ ਜ਼ਮੀਨਾਂ ਨਾ ਲੈਣ ਅਤੇ ਕਈ ਹੋਰ ਮੰਗਾਂ ਲਈ ਕੀਤਾ ਗਿਆ। ਜਿਸ ਦੀ ਸਮਾਪਤੀ ਸਰਕਾਰ ਵਲੋਂ ਲਿਖਤੀ ਸਮਝੌਤੇ ਨਾਲ ਹੋਈ।
ਪੰਜਵਾਂ ਮਰਨ ਵਰਤ
2023 ਵਿੱਚ ਹੀ ਜਗਜੀਤ ਡੱਲੇਵਾਲ ਨੂੰ ਮਰਨ ਵਰਤ ਰੱਖਣ ਦੀ ਇੱਕ ਸਾਲ ਵਿੱਚ ਹੀ ਦੂਜੀ ਵਾਰ ਜ਼ਰੂਰਤ ਮਹਿਸੂਸ ਹੋਈ। ਇਸ ਵਾਰ ਧਰਨੇ ਦਾ ਸਥਾਨ ਪਟਿਆਲਾ ਸੀ। ਉਹ ਬਿਜਲੀ ਸਬੰਧੀ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ। ਜਦੋਂ ਪ੍ਰਸ਼ਾਸਨ ਨੇ ਜ਼ਬਰੀ ਟੈਂਟ ਪੁੱਟਣ ਦੀ ਕੋਸ਼ਿਸ਼ ਕੀਤੀ ਤਾਂ ਡੱਲੇਵਾਲ ਨੇ ਮੁੜ ਮਰਨ ਵਰਤ ਰੱਖ ਲਿਆ। ਬਾਅਦ ਵਿੱਚ ਸਰਕਾਰ ਨੇ ਲਿਖਤੀ ਮੰਗਾਂ ਮੰਨੀਆਂ ਤੇ ਜਿੱਤ ਨਾਲ ਸੰਘਰਸ਼ ਖ਼ਤਮ ਹੋਇਆ।
ਛੇਵਾਂ ਮਰਨ ਵਰਤ
ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਉੱਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਦਿੱਲੀ ਦੇ ਕਿਸਾਨੀ ਅੰਦੋਲਨ ਦੌਰਾਨ ਮੰਗਾਂ ਮਨਾਉਣ ਲਈ ਡੱਲੇਵਾਲ ਮੁੜ ਮਰਨ ਵਰਤ ਉੱਤੇ ਹਨ।
ਭਾਵੇਂ ਉਹ ਪਹਿਲਾਂ ਵੀ ਮਰਨ ਵਰਤ ਰੱਖਦੇ ਰਹੇ ਹਨ, ਪਰ ਇਸ ਵਾਰ ਇਹ ਜ਼ਿਆਦਾ ਲੰਬਾ ਹੋ ਗਿਆ ਹੈ ਅਤੇ ਉਨ੍ਹਾਂ ਦੀ ਉਮਰ ਵੀ 70 ਨੂੰ ਟੱਪ ਚੁੱਕੀ ਹੈ ਅਤੇ ਉਹ ਕੈਂਸਰ ਦੇ ਮਰੀਜ਼ ਵੀ ਹਨ।
ਅੰਨਾ ਹਜ਼ਾਰੇ ਨਾਲ ਨਾਤਾ

ਤਸਵੀਰ ਸਰੋਤ, Getty Images
ਜਦੋਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ 2018 ਦੌਰਾਨ ਡੱਲੇਵਾਲ ਮਰਨ ਵਰਤ ਉੱਤੇ ਬੈਠੇ ਸਨ, ਤਾਂ ਉਦੋਂ ਹੀ ਅੰਨਾ ਹਜ਼ਾਰੇ ਦੀ ਐਂਟੀ-ਕੁਰੱਪਸ਼ਨ ਲਹਿਰ ਜਾਰੀ ਸੀ।
ਉਨ੍ਹਾਂ ਆਪਣਾ ਅਲੱਗ ਤੋਂ ਮਰਨ ਵਰਤ ਜਾਰੀ ਰੱਖਿਆ, ਅੰਨਾ ਹਜ਼ਾਰੇ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਕਿਹਾ ਕਿ ਉਨ੍ਹਾਂ ਦੀ ਉਮਰ ਅਜੇ ਛੋਟੀ ਹੈ ਅਤੇ ਉਹ ਮਰਨ ਵਰਤ ਛੱਡ ਦੇਣ।
ਪਰ ਡੱਲੇਵਾਲ ਨਾ ਮੰਨੇ ਅਤੇ ਜਦੋਂ ਸਰਕਾਰ ਨੇ ਲਿਖਤੀ ਤੌਰ ਉੱਤੇ ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਲਾਗੂ ਕਰਨ ਦੀ ਗੱਲ ਕਬੂਲੀ ਤਾਂ ਉਨ੍ਹਾਂ ਆਪਣਾ ਮਰਨ ਵਰਤ ਛੱਡਿਆ ਸੀ।
ਬੋਹੜ ਸਿੰਘ ਦੱਸਦੇ ਹਨ ਕਿ ਇਸ ਦੌਰਾਨ ਭਾਵੇਂ ਉਹ ਅੰਨਾ ਹਜ਼ਾਰੇ ਦੇ ਅੰਦੋਲਨ ਵਿੱਚ ਸਿੱਧੇ ਸ਼ਾਮਲ ਨਹੀਂ ਸਨ, ਪਰ ਉਹ ਇੱਕ ਤਰ੍ਹਾਂ ਨਾਲ ਸਾਂਝਾ ਅੰਦੋਲਨ ਬਣ ਗਿਆ ਸੀ।
ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਰਾਸ਼ਟਰੀ ਸਵੈਮ ਸੇਵਕ ਸੰਘ ਪੱਖ਼ੀ ਕਿਸਾਨ ਜਥੇਬੰਦੀਆਂ ਦੇ ਸਾਂਝੇ ਗਠਜੋੜ ਦਾ ਹਿੱਸਾ ਰਿਹਾ ਹੈ। ਉਹ ਸਾਬਕਾ ਆਰਐੱਸਐੱਸ ਦੇ ਆਗੂ ਸ਼ਿਵ ਕੁਮਾਰ ਕੱਕਾ ਨਾਲ ਵੀ ਮਿਲਕੇ ਕਿਸਾਨ ਸੰਘਰਸ਼ ਲੜਦੇ ਰਹੇ ਹਨ, ਇਸ ਲਈ ਕੁਝ ਲੋਕ ਉਨ੍ਹਾਂ ਦੇ ਸਬੰਧ ਆਰਐੱਸਐੱਸ ਨਾਲ ਵੀ ਜੋੜਦੇ ਰਹੇ ਹਨ।
ਜਿਸ ਤੋਂ ਜਗਜੀਤ ਸਿੰਘ ਡੱਲੇਵਾਲ ਇਨਕਾਰ ਕਰਦੇ ਰਹੇ ਹਨ।
ਡੱਲੇਵਾਲ ਦੇ ਪਰਿਵਾਰ ਵਿੱਚ ਕੌਣ ਹੈ
ਜਗਜੀਤ ਸਿੰਘ ਡੱਲੇਵਾਲ ਦੇ ਵੱਡੇ ਭਰਾ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਪਰਿਵਾਰ ਵਿੱਚ ਉਨ੍ਹਾਂ ਦਾ ਬੇਟਾ, ਨੂੰਹ ਅਤੇ ਪੋਤਰਾ ਹੈ। ਡੱਲੇਵਾਲ ਦੀ ਪਤਨੀ ਦੀ ਇਸੇ ਸਾਲ 6 ਕੁ ਮਹੀਨੇ ਪਹਿਲਾਂ ਮੌਤ ਹੋਈ ਹੈ।
ਬੋਹੜ ਸਿੰਘ ਦੱਸਦੇ ਹਨ ਕਿ ਡੱਲੇਵਾਲ ਪਰਿਵਾਰ ਕੋਲ 17 ਏਕੜ ਜ਼ਮੀਨ ਹੈ, ਜੋ ਉਨ੍ਹਾਂ ਦੀ ਜੱਦੀਪੁਸ਼ਤੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












