ਆਸਟ੍ਰੇਲੀਆ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਵੀਜ਼ਾ ਫ਼ੀਸ ਦੁੱਗਣੀ ਕੀਤੀ, ਭਾਰਤੀਆਂ 'ਤੇ ਕੀ ਅਸਰ ਪਵੇਗਾ

ਆਸਟ੍ਰੇਲੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਤੋਂ ਵੀ ਵੱਡੀ ਗਿਣਤੀ ਵਿਦਿਆਰਥੀ ਆਸਟ੍ਰੇਲੀਆ ਪੜ੍ਹਾਈ ਲਈ ਜਾਂਦੇ ਹਨ

ਆਸਟ੍ਰੇਲੀਆ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਵੀਜ਼ਾ ਫ਼ੀਸ ਦੁੱਗਣੀ ਕੀਤੀ ਹੈ। ਸਵਾਲ ਹੈ ਕਿ ਇਸ ਦਾ ਕੀ ਅਸਰ ਹੋਵੇਗਾ ?

ਹਾਲ ਦੀ ਦੇ ਦਿਨਾਂ ਵਿੱਚ ਕਈ ਦੇਸ਼ਾਂ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਨਾਲ ਜੁੜੇ ਵੀਜ਼ਾ ਨਿਯਮਾਂ ਵਿੱਚ ਬਦਲਾਅ ਦੇਖਣ ਨੂੰ ਮਿਲੇ ਹਨ।

ਹੁਣ ਆਸਟ੍ਰੇਲੀਆ ਨੇ ਕੌਮਾਂਤਰੀ ਵਿਦਿਆਰਥੀਆਂ ਉੱਤੇ ਵਿੱਤੀ ਬੋਝ ਕੁਝ ਵਧਾ ਦਿੱਤਾ ਹੈ।

1 ਜੁਲਾਈ ਤੋਂ ਲਾਗੂ ਹੋਣ ਵਾਲੇ ਮਾਈਗ੍ਰੇਸ਼ਨ ਸੁਧਾਰਾਂ ਤਹਿਤ ਕੌਮਾਂਤਰੀ ਵਿਦਿਆਰਥੀਆਂ ਲਈ ਵੀਜ਼ਾ ਫ਼ੀਸ ਦੁੱਗਣੀ ਕਰ ਦਿੱਤੀ ਗਈ ਹੈ।

ਨਵੇਂ ਨਿਯਮ ਦੇ ਲਾਗੂ ਹੋਣ ਤੋਂ ਪਹਿਲਾਂ ਕੌਮਾਂਤਰੀ ਵਿਦਿਆਰਥੀਆਂ ਨੂੰ ਵੀਜ਼ਾ ਲਈ 710 ਆਸਟ੍ਰੇਲੀਅਨ ਡਾਲਰ ਫ਼ੀਸ ਦੇਣੀ ਪੈਂਦੀ ਸੀ ਜੋ ਕਿ ਹੁਣ ਵਧਾ ਕੇ 1,600 ਡਾਲਰ ਕਰ ਦਿੱਤੀ ਗਈ ਹੈ।

ਇਸ ਸਬੰਧੀ ਆਸਟ੍ਰੇਲੀਆ ਦੇ ਹੁਨਰ ਤੇ ਟ੍ਰੇਨਿੰਗ ਵਿਭਾਗ ਦੇ ਮੰਤਰੀ ਬ੍ਰੇਨਡਨ ਓ ਕੋਨਰ ਅਤੇ ਸਿੱਖਿਆ ਮੰਤਰੀ ਜੈਸਨ ਕਲੇਅਰ ਨੇ ਇੱਕ ਸਾਂਝਾ ਪ੍ਰੈਸ ਨੋਟ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ।

ਆਸਟ੍ਰੇਲੀਆ ਸਰਕਾਰ ਦੇ ਇਸ ਫ਼ੈਸਲਾ ਦਾ ਸੰਭਾਵਿਤ ਅਸਰ ਭਾਰਤ ਦੇ ਵਿਦਿਆਰਥੀਆਂ ਉੱਤੇ ਵੀ ਪਵੇਗਾ।

ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਦੀ ਵੈੱਬਸਾਈਟ ਉੱਤੇ ਮੌਜੂਦ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਫ਼ੀਸ ਦਾ ਇਹ ਵਾਧਾ ਆਸਟ੍ਰੇਲੀਆ ਦੀ ਪੜ੍ਹਾਈ ਦੇ ਉੱਚੇ ਮਿਆਰ ਨੂੰ ਦੱਸਦਾ ਹੈ ਤੇ ਸਾਡੇ ਕੌਮਾਂਤਰੀ ਸਿੱਖਿਆ ਪ੍ਰਣਾਲੀ ਵਿੱਚ ਅਖੰਡਤਾ ਨੂੰ ਬਹਾਲ ਕਰਨ ਦੇ ਆਹਿਦ ਨੂੰ ਸਾਕਾਰ ਕਰਨ ਵਿੱਚ ਸਹਾਈ ਹੋਵੇਗਾ।

ਇਹ ਵੀ ਕਿਹਾ ਗਿਆ ਹੈ ਕਿ ਇਸ ਨਾਲ ਮਾਈਗ੍ਰੇਸ਼ਨ ਪ੍ਰਣਾਲੀ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।

ਇਸ ਤੋਂ ਇਲਾਵਾ ਅਸਥਾਈ ਵੀਜ਼ਾ ਧਾਰਕਾਂ ਜਿਨ੍ਹਾਂ ਵਿੱਚ ਟੂਰਿਸਟ ਵੀਜ਼ਾ ਧਾਰਕ ਵੀ ਸ਼ਾਮਲ ਹਨ, ਉਹਨਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਨੂੰ ਆਸਟ੍ਰੇਲੀਆ ਵਿੱਚ ਟੂਰਿਸਟ ਵੀਜ਼ਾ ਉੱਤੇ ਜਾ ਕੇ ਵਿਦਿਆਰਥੀ ਵੀਜ਼ਾ ਹਾਸਿਲ ਕਰਨ ਦੀ ਵੀ ਰੋਕ ਲਗਾ ਦਿੱਤੀ ਗਈ ਹੈ।

ਵਿਦਿਆਰਥੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫ਼ੀਸ ਵਧਾਉਣ ਤੋਂ ਮਿਲਣ ਵਾਲੇ ਫ਼ੰਡ ਦੀ ਵਰਤੋਂ ਸਿੱਖਿਆ ਤੇ ਪਰਸਾਵ ਦੇ ਖੇਤਰ ਨੂੰ ਬਿਹਤਰ ਬਣਾਉਣ ਲਈ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਸਿੱਖਿਆ ਤੇ ਪਰਵਾਸ ਦੀ ਬਿਹਤਰੀ ਦੇ ਆਸਾਰ

ਆਸਟ੍ਰੇਲੀਆ ਸਰਕਾਰ ਨੇ ਇਸ ਫ਼ੈਸਲੇ ਬਾਰੇ ਕਿਹਾ ਹੈ ਕਿ ਫ਼ੀਸ ਵਧਾਉਣ ਤੋਂ ਮਿਲਣ ਵਾਲੇ ਵਾਧੂ ਫ਼ੰਡ ਦੀ ਵਰਤੋਂ ਸਿੱਖਿਆ ਤੇ ਪਰਵਾਸ ਦੇ ਖੇਤਰ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਵੇਗੀ।

ਯੂਨੀਵਰਸਿਟੀਆਂ ਵੱਲੋਂ ਜਿਨ੍ਹਾਂ ਮਸਲਿਆਂ ’ਤੇ ਸਿਫ਼ਾਰਸ਼ ਕੀਤੀ ਗਈ ਸੀ ਉਨ੍ਹਾਂ ਵਿੱਚ ਐੱਚਈਸੀਐੱਸ ਨੂੰ ਵਧੀਆ ਬਣਾਉਣਾ, ਅਦਾਇਗੀ ਦੇ ਤਰੀਕਿਆਂ ਨੂੰ ਪਾਰਦਰਸ਼ੀ ਬਣਾਉਣਾ ਅਤੇ ਫ਼ੀਸ-ਮੁਕਤ ਯੂਨੀ ਰੈਡੀ ਕੋਰਸ ਸ਼ਾਮਲ ਹਨ।

ਵੋਕੇਸ਼ਨਲ ਐਜੂਕੇਸ਼ਨ ਅਤੇ ਟਰੇਨਿੰਗ ਸੈਕਟਰਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣਾ ਵੀ ਇਸ ਨਵੀਂ ਨੀਤੀ ਵਿੱਚ ਸ਼ਾਮਲ ਹੈ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਮੌਜੂਦਾ ਮਾਈਗ੍ਰੇਸ਼ਨ ਰਣਨੀਤੀ

ਫ਼ੀਸ ਵਿੱਚ ਬਦਲਾਅ ਦੇ ਨਾਲ-ਨਾਲ ਨਵੀਂ ਮਾਈਗ੍ਰੇਸ਼ਨ ਰਣਨੀਤੀ ਵਿੱਚ ਸੁਝਾਏ ਗਏ ਬਦਲਾਅ ਵੀ ਲਾਗੂ ਹੋ ਜਾਣਗੇ।

ਅਸਥਾਈ ਸਕਿੱਲ ਮਾਈਗ੍ਰੇਸ਼ਨ ਇਨਕਮ ਥ੍ਰੈਸ਼ਹੋਲਡ ਨੂੰ 70,000 ਡਾਲਰ ਤੋਂ ਵਧਾ ਕੇ 73,150 ਡਾਲਰ ਕਰਨਾ।+ ਇਹ ਮੌਜੂਦਾ ਸਰਕਾਰ ਅਧੀਨ ਹੋਇਆ ਦੂਜਾ ਵਾਧਾ ਹੈ। ਇਸ ਤੋਂ ਪਹਿਲਾਂ ਇਹ ਫ਼ੀਸ 53, 900 ਡਾਲਰ ਸੀ ਤੇ ਕਰੀਬ ਇੱਕ ਦਹਾਕੇ ਤੱਕ ਇੰਨੀ ਹੀ ਰਹੀ ਸੀ।

ਇਸ ਵਿੱਚ ਅਸਥਾਈ ਗ੍ਰੈਜੂਏਟ ਵੀਜ਼ਿਆਂ ਦੀ ਮਿਆਦ ਨੂੰ ਘਟਾਉਣਾ ਅਤੇ ਉਮਰ ਯੋਗਤਾ ਨੂੰ ਘਟਾਉਣਾ ਵੀ ਸ਼ਾਮਲ ਹੈ।

ਕਈ ਮਾਮਲਿਆਂ ਵਿੱਚ ֹ‘ਵੀਜ਼ਾ ਹਾਪਿੰਗ’ ਜਿਸ ਤਹਿਤ ਵਿਦਿਆਰਥੀਆਂ ਅਤੇ ਹੋਰ ਅਸਥਾਈ ਵੀਜ਼ਾ ਧਾਰਕਾਂ ਨੂੰ ਕੁਝ ਮਾਮਲਿਆਂ ਵਿੱਚ ਅਣਮਿੱਥੇ ਸਮੇਂ ਲਈ ਆਸਟ੍ਰੇਲੀਆ ਵਿੱਚ ਲਗਾਤਾਰ ਰਹਿਣ ਦੀ ਮਿਆਦ ਵਧਾਉਣ ਦੀ ਇਜਾਜ਼ਤ ਮਿਲਦੀ ਹੈ ਨੂੰ ਵੀ ਖ਼ਤਮ ਕੀਤਾ ਜਾਵੇਗਾ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਪਰਵਾਸੀਆਂ ਦਾ ਸ਼ੋਸ਼ਣ ਤੋਂ ਬਚਾਅ ਕਰਨਾ

ਸ਼ੋਸ਼ਣ ਨੂੰ ਘਟਾਉਣ ਲਈ ਵੀ ਕਦਮ ਚੁੱਕੇ ਗਏ ਹਨ। ਅਸਥਾਈ ਹੁਨਰਮੰਦ ਪ੍ਰਵਾਸੀਆਂ ਨੂੰ ਜਦੋਂ ਤੱਕ ਕੰਮ ਲਈ ਸਪਾਂਸਰਸ਼ਿਪ ਮਿਲਦੀ ਹੈ ਤਾਂ ਉਹ 180 ਦਿਨਾਂ ਤੱਕ ਉੱਥੇ ਰਹਿ ਸਕਣਗੇ। ਇਹ ਸਹੂਲਤ ਪਹਿਲਾਂ ਮਹਿਜ਼ 60 ਦਿਨਾਂ ਲਈ ਸੀ।

ਪ੍ਰਵਾਸੀਆਂ ਦੇ ਸ਼ੋਸ਼ਣ ਵਿੱਚ ਸ਼ਾਮਲ ਮਾਲਕਾਂ ਦੇ ਖ਼ਿਲਾਫ਼ ਨਵੇਂ ਅਪਰਾਧਿਕ ਉਪਾਅ ਲਿਆਉਣ ਲਈ ਸਟ੍ਰੈਂਥਨਿੰਗ ਇੰਪਲਾਇਰ ਕੰਪਲਾਇੰਸ ਬਿੱਲ 2023 ਨੂੰ ਲਾਗੂ ਕੀਤਾ ਗਿਆ ਹੈ।

ਵਰਕਪਲੇਸ ਜਸਟਿਸ ਵੀਜ਼ਾ ਪਾਇਲਟ ਨੂੰ ਲਿਆਇਆ ਜਾ ਰਿਹਾ ਹੈ ਤਾਂ ਜੋ ਅਸਥਾਈ ਵੀਜ਼ਾ ਧਾਰਕਾਂ ਨੂੰ ਕੰਮ ਵਾਲੀ ਥਾਂ 'ਤੇ ਨਿਆਂ ਪੂਰਵਕ ਤਰੀਕੇ ਨਾਲ ਕੰਮ ਮਿਲੇ ਅਤੇ ਉਨ੍ਹਾਂ ਦੀ ਥੋੜ੍ਹੇ ਸਮੇਂ ਦੀ ਆਸਟ੍ਰੇਲੀਆ ਰਿਹਾਇਸ਼ ਨੂੰ ਬਿਹਤਰ ਬਣਾਇਆ ਜਾ ਸਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)