ਪੰਜਾਬੀ ਗਾਇਕ ਰਾਜਵੀਰ ਜਵੰਦਾ ਹਸਪਤਾਲ 'ਚ ਜ਼ੇਰੇ ਇਲਾਜ, ਕਿਵੇਂ ਇੱਕ ਪੁਲਿਸ ਅਧਿਕਾਰੀ ਨੇ ਗਾਇਕੀ ਦੀ ਦੁਨੀਆਂ ਵਿੱਚ ਬਣਾਈ ਪਛਾਣ

ਰਾਜਵੀਰ ਜਵੰਦਾ

ਤਸਵੀਰ ਸਰੋਤ, Rajvir Jawanda/Insta

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਸ਼ਨੀਵਾਰ ਸਵੇਰੇ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ।

ਨਾਜ਼ੁਕ ਹਾਲਤ ਵਿੱਚ ਉਨ੍ਹਾਂ ਨੂੰ ਸ਼ਨੀਵਾਰ ਦੁਪਹਿਰ ਕਰੀਬ ਡੇਢ-ਦੋ ਵਜੇ ਮੋਹਾਲੀ ਦੇ ਫੋਰਟਿਸ ਹਸਤਪਾਲ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹਨ।

ਰਾਜਵੀਰ ਜਵੰਦਾ ਬਾਈਕ 'ਤੇ ਸਨ ਜਦੋਂ ਉਨ੍ਹਾਂ ਨਾਲ ਇਹ ਹਾਦਸਾ ਵਾਪਰਿਆ। ਫੋਰਟਿਸ ਹਸਪਤਾਲ ਨੇ ਸ਼ਨੀਵਾਰ ਸ਼ਾਮ ਜਾਰੀ ਕੀਤੇ ਮੈਡੀਕਲ ਬੁਲੇਟਿਨ ਵਿੱਚ ਉਨ੍ਹਾਂ ਨੂੰ ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗਣ ਦੀ ਪੁਸ਼ਟੀ ਕੀਤੀ ਸੀ।

ਹਸਪਤਾਲ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਨੂੰ ਹਸਪਤਾਲ ਆਉਣ ਤੋਂ ਪਹਿਲਾਂ ਰਸਤੇ ਵਿੱਚ ਦਿਲ ਦਾ ਦੌਰਾ ਵੀ ਪਿਆ।

ਪੂਰਾ ਸੰਗੀਤ ਜਗਤ ਇਸ ਖਬਰ ਨਾਲ ਗਹਿਰੇ ਦੁੱਖ ਵਿੱਚ ਹੈ। ਹਾਦਸੇ ਦੀ ਖ਼ਬਰ ਦਾ ਪਤਾ ਚਲਦਿਆਂ ਹੀ ਉਨ੍ਹਾਂ ਦਾ ਹਾਲ ਜਾਨਣ ਲਈ ਸਾਥੀ ਕਲਾਕਾਰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਪਹੁੰਚਣੇ ਸ਼ੁਰੂ ਹੋ ਗਏ। ਨੌਜਵਾਨ ਗਾਇਕ ਰਾਜਵੀਰ ਜਵੰਦਾ ਨੂੰ ਜਾਨਣ ਅਤੇ ਚਾਹੁਣ ਵਾਲੇ ਉਨ੍ਹਾਂ ਦੇ ਤੰਦਰੁਸਤ ਹੋਣ ਦੀ ਅਰਦਾਸ ਕਰ ਰਹੇ ਹਨ।

ਉਨ੍ਹਾਂ ਦੇ ਕਰੀਬੀ ਕਲਾਕਾਰ ਕੁਲਵਿੰਦਰ ਬਿੱਲਾ, ਕੰਵਰ ਗਰੇਵਾਲ, ਤਰਸੇਮ ਜੱਸੜ ਤੇ ਕਈ ਹੋਰ ਕਲਾਕਾਰਾਂ ਨੇ ਆਪੋ-ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੀਏ ਜਾਣਕਾਰੀ ਸਾਂਝੀ ਕੀਤੀ ਹੈ ਕਿ ਰਾਜਵੀਰ ਦੀ ਸਿਹਤ ਵਿੱਚ ਸੁਧਾਰ ਦੇਖਿਆ ਗਿਆ ਹੈ, ਇਸ ਲਈ ਉਨ੍ਹਾਂ ਬਾਰੇ ਨਾਂ-ਪੱਖੀ ਅਫਵਾਹਾਂ ਨਾ ਫੈਲਾਈਆਂ ਜਾਣ।

ਬਚਪਨ ਤੋਂ ਹੀ ਸੰਗੀਤ ਦਾ ਸ਼ੌਂਕ

ਰਾਜਵੀਰ ਜਵੰਦਾ

ਤਸਵੀਰ ਸਰੋਤ, Rajvir Jawanda/Insta

ਰਾਜਵੀਰ ਜਵੰਦਾ ਨੇ ਕੰਗਣੀ, ਸਰਦਾਰੀ, ਜੰਮੇ ਨਾਲ ਦੇ, ਕਲੀ ਜਾਵੰਦੇ ਦੀ ਵਰਗੇ ਗੀਤਾਂ ਨਾਲ ਮਕਬੂਲੀਅਤ ਹਾਸਲ ਕੀਤੀ ਅਤੇ ਗਾਇਕੀ ਦੀ ਦੁਨੀਆਂ ਵਿੱਚ ਵਿਲੱਖਣ ਪਛਾਣ ਬਣਾਈ ਹੈ। ਲੋਕ ਗੀਤ-ਸੰਗੀਤ ਉਨ੍ਹਾਂ ਦੀ ਪਹਿਲੀ ਪਸੰਦ ਅਤੇ ਉਨ੍ਹਾਂ ਦੀ ਅਵਾਜ਼ ਦੀ ਖਾਸੀਅਤ ਵੀ ਹੈ।

ਉਨ੍ਹਾਂ ਦੇ ਲਾਈਵ-ਸ਼ੋਅਜ਼ ਨੂੰ ਉਨ੍ਹਾਂ ਨੂੰ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਿਆਰ ਮਿਲਦਾ ਹੈ। ਰਾਜਵੀਰ ਜਵੰਦਾ ਗਾਇਕੀ ਦੇ ਨਾਲ-ਨਾਲ ਕਈ ਫ਼ਿਲਮਾਂ ਵਿੱਚ ਅਦਾਕਾਰੀ ਵੀ ਕਰ ਚੁੱਕੇ ਹਨ।

ਰਾਜਵੀਰ ਲੁਧਿਆਣਾ ਜ਼ਿਲ੍ਹੇ ਵਿੱਚ ਜਗਰਾਓਂ ਨੇੜੇ ਪੋਨਾ ਪਿੰਡ ਨਾਲ ਸਬੰਧ ਰੱਖਦੇ ਹਨ। ਰਾਜਵੀਰ ਬਚਪਨ ਤੋਂ ਹੀ ਸੰਗੀਤ ਨਾਲ ਜੁੜੇ ਹਨ।

ਉਨ੍ਹਾਂ ਨੂੰ ਜਾਣਨ ਵਾਲੇ ਦੱਸਦੇ ਹਨ ਕਿ ਹੁਣ ਉਹ ਆਪਣੀ ਪਤਨੀ, ਬੱਚਿਆਂ ਅਤੇ ਮਾਂ ਨਾਲ ਮੋਹਾਲੀ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਪਿਤਾ ਕਰਮ ਸਿੰਘ ਦੀ ਚਾਰ ਸਾਲ ਪਹਿਲਾਂ ਮੌਤ ਹੋ ਗਈ ਸੀ, ਜਦੋਂ ਰਾਜਵੀਰ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਟਿਕਰੀ ਬਾਰਡਰ ਗਏ ਹੋਏ ਸਨ।

ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਜ਼ਿਕਰ ਕੀਤਾ ਸੀ ਕਿ ਪਿੰਡ ਵਿੱਚ ਹੀ ਢਾਡੀਆਂ-ਕਵੀਸ਼ਰਾਂ ਨੂੰ ਸੁਣ ਕੇ ਉਹ ਸੰਗੀਤ ਤੋਂ ਜਾਣੂ ਹੋਏ, ਜਿੱਥੇ ਉਨ੍ਹਾਂ ਦੇ ਦਾਦਾ ਉਨ੍ਹਾਂ ਨੂੰ ਲੈ ਕੇ ਜਾਂਦੇ ਸਨ। ਰਾਜਵੀਰ ਨੇ ਆਪਣੇ ਪਿਤਾ ਤੋਂ ਤੂੰਬੀ ਸਿੱਖੀ ਅਤੇ ਬਹੁਤ ਛੋਟੀ ਉਮਰ ਵਿੱਚ, ਸਾਲ 1999 ਤੋਂ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ।

ਰਾਜਵੀਰ ਜਵੰਦਾ

ਤਸਵੀਰ ਸਰੋਤ, Rajvir Jawanda/Insta

ਰਾਜਵੀਰ ਨੇ ਪੰਜਾਬੀ ਯੁਨੀਵਰਸਿਟੀ, ਪਟਿਆਲਾ ਤੋਂ ਥੀਏਟਰ ਐਂਡ ਟੀਵੀ ਵਿੱਚ ਪੋਸਟ ਗ੍ਰੈਜੁਏਸ਼ਨ ਕੀਤੀ ਹੈ। ਯੂਨੀਵਰਸਿਟੀ ਪੜ੍ਹਦਿਆਂ ਹੀ ਉਨ੍ਹਾਂ ਨੇ ਸਟੇਜਾਂ 'ਤੇ ਗਾਉਣਾ ਸ਼ੁਰੂ ਕੀਤਾ ਅਤੇ ਸਾਲ 2016 ਵਿੱਚ ਕਮਰਸ਼ੀਅਲ ਗਾਇਕ ਵਜੋਂ ਸ਼ੁਰੂਆਤ ਕੀਤੀ।

ਪੇਸ਼ੇਵਰ ਗਾਇਕੀ ਵਿੱਚ ਉਤਰਨ ਤੋਂ ਪਹਿਲਾਂ ਯੂਨੀਵਰਸਿਟੀ ਵਿੱਚ ਇੱਕ ਨਿੱਜੀ ਚੈਨਲ ਦੇ ਪ੍ਰੋਗਰਾਮ ਵਿੱਚ ਰਿਕਾਰਡ ਹੋਇਆ ਰਾਜਵੀਰ ਦਾ ਗੀਤ 2007 ਵਿੱਚ ਕਾਫ਼ੀ ਵਾਇਰਲ ਹੋਇਆ ਸੀ।

ਇੱਕ ਵਿਦੇਸ਼ੀ ਚੈਨਲ ਦੀ ਛੇ-ਸੱਤ ਮਹੀਨੇ ਪਹਿਲਾਂ ਦੀ ਇੰਟਰਵਿਊ ਵਿੱਚ ਰਾਜਵੀਰ ਜਵੰਦਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਸੁਫਨਾ ਅਜਿਹਾ ਗੀਤ ਗਾਉਣ ਦਾ ਹੈ ਜੋ ਉਨ੍ਹਾ ਨੂੰ ਅਮਰ ਕਰ ਦੇਵੇ।

ਉਨ੍ਹਾਂ ਇਹ ਵੀ ਕਿਹਾ ਸੀ ਕਿ "ਇੱਕ ਮੇਰਾ ਸੁਫਨਾ ਇਹ ਹੈ ਕਿ ਮੈਂ ਇੰਨਾ ਲੰਮਾ ਸਮਾਂ ਗਾਵਾਂ ਕਿ ਜਿਸ ਮੁੰਡੇ ਦੇ ਵਿਆਹ ਵਿੱਚ ਅੱਜ ਗਾਇਆ, ਸਾਲਾਂ ਬਾਅਦ ਫਿਰ ਉਸ ਦੇ ਮੁੰਡੇ ਦੇ ਵਿਆਹ 'ਤੇ ਗਾਵਾਂ।"

ਇਹ ਵੀ ਪੜ੍ਹੋ-

ਪਿਤਾ ਤੋਂ ਸਿੱਖੀ ਪੱਗ ਬੰਨ੍ਹਣੀ

ਰਾਜਵੀਰ ਜਵੰਦਾ

ਤਸਵੀਰ ਸਰੋਤ, Rajvir Jawanda/Insta

ਜੋ ਬੁਲੰਦੀ ਰਾਜਵੀਰ ਜਵੰਦਾ ਦੀ ਅਵਾਜ਼ ਵਿੱਚ ਹੈ, ਉਹੀ ਬੁਲੰਦੀ ਉਨ੍ਹਾਂ ਦੀ ਸ਼ਖਸੀਅਤ ਵਿੱਚੋਂ ਵੀ ਝਲਕਦੀ ਹੈ। ਸੋਹਣੇ ਜੁੱਸੇ ਵਾਲੇ ਰਾਜਵੀਰ ਪੱਗ ਜ਼ਰੀਏ ਵੀ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਹੋਏ ਹਨ।

ਰਾਜਵੀਰ ਨੇ ਆਪਣੇ ਪਿਤਾ ਤੋਂ ਪੱਗ ਬੰਨ੍ਹਣੀ ਸਿੱਖੀ। ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਜ਼ਿਕਰ ਕੀਤਾ ਸੀ ਕਿ ਪਹਿਲਾਂ ਉਹ ਪੱਗ ਜਾਂ ਪਟਕਾ ਨਹੀਂ ਬੰਨ੍ਹਦੇ ਸਨ ਪਰ ਉਨ੍ਹਾਂ ਦੇ ਪਿਤਾ ਨੇ ਕਦੇ-ਕਦੇ ਉਨ੍ਹਾਂ ਨੂੰ ਪੱਗ ਬੰਨ੍ਹ ਕੇ ਸਕੂਲ ਭੇਜਣਾ ਸ਼ੁਰੂ ਕੀਤਾ। ਜਿਸ ਦਿਨ ਵੀ ਪੱਗ ਬੰਨ੍ਹ ਕੇ ਜਾਂਦੇ ਤਾਂ ਸਕੂਲ ਵਿੱਚ ਵੱਖਰਾ ਮਾਣ ਮਿਲਦਾ ਅਤੇ ਸਭ ਉਨ੍ਹਾਂ ਨੂੰ ਸਲਾਂਹੁਦੇ।

ਹੌਲੀ-ਹੌਲੀ ਸਕੂਲ ਖਤਮ ਹੁੰਦਿਆਂ ਰਾਜਵੀਰ ਨੇ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ।

ਗਾਇਕ ਵਜੋਂ ਮਸ਼ਹੂਰ ਹੋਣ ਬਾਅਦ ਵੀ ਕੀਤੀ ਪੁਲਿਸ ਵਿਭਾਗ ਦੀ ਨੌਕਰੀ

ਰਾਜਵੀਰ ਜਵੰਦਾ

ਤਸਵੀਰ ਸਰੋਤ, Rajvir Jawanda/Insta

ਰਾਜਵੀਰ ਜਵੰਦਾ ਪੇਸ਼ੇਵਰ ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਪੁਲਿਸ ਅਫਸਰ ਰਹੇ ਹਨ। ਉਹ ਸਾਲ 2011 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਏ ਸਨ ਅਤੇ ਨੌਂ ਸਾਲ ਇਹ ਨੌਕਰੀ ਕੀਤੀ। ਕਈ ਗੀਤਾਂ ਦੇ ਵੀਡੀਓਜ਼ ਵਿੱਚ ਵੀ ਰਾਜਵੀਰ ਪੁਲਿਸ ਦੀ ਵਰਦੀ ਵਿੱਚ ਨਜ਼ਰ ਆਏ ਹਨ।

ਰਾਜਵੀਰ ਜਵੰਦਾ ਹਿੱਟ ਹੋਣ ਬਾਅਦ ਵੀ ਪੁਲਿਸ ਵਿੱਚ ਨੌਕਰੀ ਕਰਦੇ ਰਹੇ ਹਨ। ਪੰਜਾਬ ਪੁਲਿਸ ਵਿਭਾਗ ਵਲੋਂ ਗਾਇਕੀ ਲਈ ਸਹਿਯੋਗ ਮਿਲਣ ਦਾ ਦਾਅਵਾ ਵੀ ਜਵੰਦਾ ਨੇ ਕਈ ਵਾਰ ਕੀਤਾ ਹੈ।

ਇੱਕ ਇੰਟਰਵਿਊ ਵਿੱਚ ਰਾਜਵੀਰ ਨੇ ਦੱਸਿਆ ਸੀ ਕਿ ਕਈ ਵਾਰ ਉਨ੍ਹਾਂ ਨੇ ਰਾਤ ਨੂੰ ਪੁਲਿਸ ਡਿਊਟੀ ਨਿਭਾ ਕੇ ਦਿਨ ਵੇਲੇ ਰਿਕਾਰਡਿੰਗਾਂ ਜਾਂ ਸ਼ੋਅ ਕੀਤੇ ਹਨ। ਆਪਣੇ ਅਖਾੜਿਆਂ ਦੌਰਾਨ ਵੀ ਉਹ ਵਿਭਾਗੀ ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਰਹੇ ਹਨ।

ਗਾਇਕੀ ਵਿੱਚ ਰੁਝੇਵੇਂ ਵਧਣ ਤੋਂ ਬਾਅਦ ਰਾਜਵੀਰ ਨੇ ਪੁਲਿਸ ਵਿਭਾਗ ਤੋਂ ਅਸਤੀਫਾ ਦੇ ਦਿੱਤਾ ਸੀ।

ਬਾਈਕਿੰਗ ਦੇ ਸ਼ੌਕੀਨ ਰਾਜਵੀਰ ਨੂੰ ਲੇਹ-ਲੱਦਾਖ ਬੇਹੱਦ ਪਸੰਦ

ਰਾਜਵੀਰ ਜਵੰਦਾ

ਤਸਵੀਰ ਸਰੋਤ, Rajvir Jawanda/Insta

ਅਸੀਂ ਅਕਸਰ ਰਾਜਵੀਰ ਜਵੰਦਾ ਦੇ ਸ਼ੋਸ਼ਲ ਮੀਡੀਆ ਅਕਾਊਂਟਸ 'ਤੇ ਉਨ੍ਹਾਂ ਦੀਆਂ ਮੋਟਰ ਸਾਈਕਲ 'ਤੇ ਘੁੰਮਦਿਆਂ ਦੀਆਂ ਤਸਵੀਰਾਂ ਦੇਖਦੇ ਹਾਂ। ਉਹ ਅਕਸਰ ਹੀ ਦੋਸਤਾਂ ਨਾਲ ਜਾਂ ਬਾਈਕਰਜ਼ ਗਰੁੱਪ ਨਾਲ ਘੁੰਮਣ ਜਾਂਦੇ ਹਨ।

ਪਥਰੀਲੇ ਪਹਾੜਾਂ ਦੀ ਧਰਤੀ ਲੇਹ ਜਵੰਦਾ ਨੂੰ ਬੇਹੱਦ ਪਸੰਦ ਹੈ। ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਰਾਜਵੀਰ ਨੂੰ ਲੇਹ ਜਾਣ ਦਾ ਚਾਅ ਹੁੰਦਾ ਹੈ।

ਇੱਕ ਹੋਰ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਐਨਫੀਲਡ ਮੋਟਰਸਾਈਕਲ ਲਿਆ ਸੀ ਅਤੇ 2014 ਵਿਚ ਪਹਿਲੀ ਵਾਰ ਲੇਹ ਗਏ ਸਨ। ਉੱਥੇ ਵਿਦੇਸ਼ੀ ਸੈਲਾਨੀਆਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੂੰ ਬਾਈਕਿੰਗ ਦਾ ਹੋਰ ਸ਼ੌਂਕ ਪੈ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਕੋਲ ਤਿੰਨ-ਚਾਰ ਮੋਟਰਸਾਈਕਲ ਹਨ।

ਇਸ ਤੋਂ ਬਾਅਦ ਰਾਜਵੀਰ ਜਵੰਦਾ ਕਈ ਵਾਰ ਲੇਹ-ਲੱਦਾਖ ਜਾ ਚੁੱਕੇ ਹਨ। ਰਾਜਵੀਰ ਹੋਟਲਾਂ ਵਿੱਚ ਰੁਕਣ ਦੀ ਬਜਾਏ ਆਪਣੇ ਨਾਲ ਲਿਜਾਏ ਟੈਂਟਾਂ ਵਿੱਚ ਕੈਂਪਿੰਗ ਕਰਨਾ ਪਸੰਦ ਕਰਦੇ ਹਨ।

ਉਨ੍ਹਾਂ ਨੂੰ ਬਾਈਕ ਰਾਈਡਿੰਗ ਤੋਂ ਇਲਾਵਾ ਹੋਰ ਐਡਵੈਂਚਰਸ ਖੇਡਾਂ ਦਾ ਵੀ ਸ਼ੌਂਕ ਹੈ। ਉਨ੍ਹਾਂ ਨੂੰ ਜਾਣਨ ਵਾਲੇ ਦੱਸਦੇ ਹਨ ਕਿ ਪਰਿਵਾਰ ਅਕਸਰ ਬਾਈਕ ਰਾਈਡਿੰਗ ਤੋਂ ਉਨ੍ਹਾਂ ਨੂੰ ਰੋਕਦਾ ਸੀ, ਪਰ ਉਹ ਆਪਣਾ ਸ਼ੌਕ ਪੁਗਾ ਲੈਂਦੇ ਸਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)