ਔਰਤਾਂ ਵਿੱਚ ਐੱਗ ਫਰੀਜ਼ਿੰਗ ਦੇ ਵਧ ਰਹੇ ਰੁਝਾਨ, ਪਰ ਇਸ ਨਾਲ ਕੀ ਜੋਖ਼ਮ ਜੁੜੇ ਹਨ ਤੇ ਕਿਨ੍ਹਾਂ ਨੂੰ ਇਸ ਪ੍ਰਕਿਰਿਆ ਦੀ ਲੋੜ ਨਹੀਂ

ਲਿਬੀ ਵਿਲਸਨ

ਤਸਵੀਰ ਸਰੋਤ, Libby Wilson

ਤਸਵੀਰ ਕੈਪਸ਼ਨ, ਲਿਬੀ ਵਿਲਸਨ ਨੇ ਆਪਣੇ ਆਂਡੇ ਫ੍ਰੀਜ਼ ਕਰਵਾਉਣ (ਆਂਡੇ ਸੁਰੱਖਿਅਤ ਰੱਖਣ) ਲਈ ਆਪਣੀ ਰਿਟਾਇਰਮੈਂਟ ਬੱਚਤ ਵਿੱਚੋਂ ਇੱਕ ਵੱਡਾ ਹਿੱਸਾ ਕਢਵਾਇਆ
    • ਲੇਖਕ, ਕੇਟ ਬੋਵੀ
    • ਰੋਲ, ਬੀਬੀਸੀ ਪੱਤਰਕਾਰ

ਲਿਬੀ ਵਿਲਸਨ ਮੁਤਾਬਕ, "ਮੈਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਡੇਟਿੰਗ ਨੂੰ ਲੈ ਕੇ ਮੇਰੇ ਉੱਤੇ ਕਿੰਨਾ ਜ਼ਿਆਦਾ ਦਬਾਅ ਸੀ, ਪਰ ਜਦੋਂ ਤੋਂ ਮੈਂ ਆਪਣੇ ਆਂਡੇ ਫ੍ਰੀਜ਼ ਕਰਵਾਏ ਹਨ, ਉਹ ਦਬਾਅ ਮੇਰੇ ਸਿਰੋਂ ਲਹਿ ਗਿਆ" ਉਨ੍ਹਾਂ ਨੇ 25 ਸਾਲ ਦੀ ਉਮਰ ਵਿੱਚ ਇਹ ਕੰਮ ਕਰ ਲਿਆ ਸੀ।

ਉਹ 20-25 ਸਾਲ ਦੀ ਉਮਰ ਵਾਲੀਆਂ ਉਨ੍ਹਾਂ ਜੈਨ-ਜ਼ੀ ਔਰਤਾਂ ਵਿੱਚੋਂ ਇੱਕ ਹਨ ਜੋ ਰਿਸ਼ਤਿਆਂ ਦੀ ਅਨਿਸ਼ਚਿਤਤਾ ਅਤੇ ਆਪਣੀ ਆਜ਼ਾਦੀ ਦਾ ਅਨੰਦ ਲੈਣਾ ਚਾਹੁੰਦੀਆਂ ਹਨ। ਉਹ ਆਪਣੀ ਪ੍ਰਜਨਨ ਸ਼ਕਤੀ ਨੂੰ ਵੀ ਸੁਰੱਖਿਅਤ ਰੱਖਣਾ ਚਾਹੁੰਦੀਆਂ ਹਨ, ਤਾਂ ਜੋ ਵਧਦੀ ਉਮਰ ਨਾਲ ਘਟਦੀ ਫਰਟੀਲਿਟੀ ਦੀ ਚਿੰਤਾ ਉਨ੍ਹਾਂ ਨੂੰ ਨਾ ਸਤਾਵੇ। ਅਜਿਹੀਆਂ ਔਰਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਔਰਤਾਂ ਆਪਣੇ ਸਾਰੇ ਆਂਡਿਆਂ ਦੇ ਨਾਲ ਹੀ ਪੈਦਾ ਹੁੰਦੀਆਂ ਹਨ। ਲੇਕਿਨ ਉਮਰ ਦੇ ਨਾਲ ਇਨ੍ਹਾਂ ਦੀ ਗੁਣਵੱਤਾ ਅਤੇ ਗਿਣਤੀ ਘਟਦੀ ਜਾਂਦੀ ਹੈ, ਜਿਸ ਕਾਰਨ ਗਰਭ ਧਾਰਨ ਕਰਨਾ ਮੁਸ਼ਕਿਲ ਹੋ ਸਕਦਾ ਹੈ।

ਸਾਲ 2000 ਦੇ ਦਹਾਕੇ ਦੇ ਸ਼ੁਰੂ ਤੋਂ, ਗ਼ੈਰ-ਮੈਡੀਕਲ ਕਾਰਨਾਂ ਕਰਕੇ ਆਂਡੇ ਫ੍ਰੀਜ਼ ਕਰਵਾਉਣ ਦਾ ਰੁਝਾਨ ਬਹੁਤ ਵਧਿਆ ਹੈ, ਜਿਸ ਵਿੱਚ 30-40 ਸਾਲ ਦੀਆਂ ਔਰਤਾਂ ਸਭ ਤੋਂ ਵੱਡਾ ਗਰੁੱਪ ਰਹੀਆਂ ਹਨ। ਲੇਕਿਨ ਹੁਣ, ਘੱਟ ਉਮਰ ਦੀਆਂ ਕੁੜੀਆਂ ਵੀ ਇਸ ਵਿੱਚ ਸ਼ਾਮਲ ਹੋ ਰਹੀਆਂ ਹਨ।

ਇਹ ਪ੍ਰਕਿਰਿਆ ਦੁਨੀਆ ਭਰ ਵਿੱਚ ਉਪਲਬਧ ਹੈ, ਪਰ ਇਸਦੇ ਨਿਯਮ ਵੱਖ-ਵੱਖ ਹਨ। ਚੀਨ ਵਿੱਚ, ਕੁਆਰੀਆਂ ਔਰਤਾਂ ਨੂੰ ਗ਼ੈਰ-ਮੈਡੀਕਲ ਕਾਰਨਾਂ ਲਈ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਹੈ, ਜਦੋਂ ਕਿ ਆਸਟਰੀਆ ਵਰਗੇ ਦੇਸ਼ਾਂ ਵਿੱਚ ਸਿਹਤ ਸਬੰਧੀ ਕਾਰਨਾਂ ਤੋਂ ਬਿਨਾਂ ਐੱਗ ਫ੍ਰੀਜ਼ਿੰਗ 'ਤੇ ਫਿਲਹਾਲ ਪਾਬੰਦੀ ਹੈ।

ਬ੍ਰਿਟੇਨ ਵਿੱਚ ਹਿਊਮਨ ਫਰਟੀਲਾਈਜ਼ੇਸ਼ਨ ਐਂਡ ਐਂਬ੍ਰਾਇਓਲੋਜੀ ਅਥਾਰਟੀ (ਐੱਚਐੱਫਈਏ) ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ 18 ਤੋਂ 24 ਸਾਲ ਦੀ ਉਮਰ ਦੀਆਂ ਕੁੜੀਆਂ ਵਿੱਚ ਐੱਗ ਫ੍ਰੀਜ਼ਿੰਗ ਦੇ ਮਾਮਲੇ ਚਾਰ ਸਾਲਾਂ ਵਿੱਚ 46% ਵਧ ਗਏ ਹਨ।

2019 ਅਤੇ 2023 ਦੇ ਵਿਚਕਾਰ ਇਹ ਗਿਣਤੀ 196 ਤੋਂ ਵਧ ਕੇ 287 ਹੋ ਗਈ, ਜਦਕਿ 30-34 ਸਾਲ ਦੀਆਂ ਔਰਤਾਂ ਵਿੱਚ ਇਹ 505 ਤੋਂ ਵਧ ਕੇ 2,012 ਤੱਕ ਪਹੁੰਚ ਗਈ।

ਲੇਕਿਨ ਇਸ ਵਿੱਚ ਸਫ਼ਲਤਾ ਦੀ ਕੋਈ ਪੱਕੀ ਗਰੰਟੀ ਨਹੀਂ ਹੈ, ਡਾਕਟਰ ਚੇਤਾਵਨੀ ਦਿੰਦੇ ਹਨ ਕਿ ਫ੍ਰੀਜ਼ ਕੀਤੇ ਆਂਡੇ ਨਾਲ ਬੱਚਾ ਹੋਣ ਦੀ ਸੰਭਾਵਨਾ ਕਾਫੀ ਘੱਟ ਹੁੰਦੀ ਹੈ।

ਨਾਸਤਿਆ

ਤਸਵੀਰ ਸਰੋਤ, Nastya Swan

ਤਸਵੀਰ ਕੈਪਸ਼ਨ, ਨਾਸਤਿਆ ਸਵਾਨ ਨੇ ਸਿਰਫ਼ 24 ਸਾਲ ਦੀ ਉਮਰ ਵਿੱਚ ਇਹ ਪ੍ਰਕਿਰਿਆ ਕਰਵਾ ਲਈ ਸੀ

'ਡੇਟਿੰਗ ਦੀ ਦੁਨੀਆ ਵਿੱਚ ਬਹੁਤ ਉਲਝਣ ਹੈ'

ਪਿਛਲੇ ਅੱਠ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ 25 ਸਾਲਾ ਨਾਸਤਿਆ ਸਵਾਨ ਨੇ ਪਿਛਲੇ ਸਾਲ ਆਪਣੇ ਆਂਡੇ ਫ੍ਰੀਜ਼ ਕਰਵਾਏ ਸਨ।

ਉਹ ਕਹਿੰਦੇ ਹਨ ਕਿ ਉਹ ਜਾਣਦੇ ਹਨ ਕਿ ਉਹ ਅਜੇ ਛੋਟੇ ਹਨ, ਪਰ ਉਹ "ਕਾਫੀ ਸਮੇਂ" ਤੋਂ ਸਿੰਗਲ ਹਨ ਅਤੇ ਜਾਣਦੇ ਹਨ ਕਿ ਉਹ ਮਾਂ ਬਣਨਾ ਚਾਹੁੰਦੇ ਹਨ।

ਉਹ ਕਹਿੰਦੀ ਹੈ, "ਇਸ ਪ੍ਰਤੀ ਮੈਂ ਬਹੁਤ ਸਾਵਧਾਨ ਹਾਂ ਕਿ ਮੈਂ ਕਿਸ ਨਾਲ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦੀ ਹਾਂ। ਇਸ ਤੋਂ ਇਲਾਵਾ ਅੱਜ-ਕੱਲ੍ਹ ਡੇਟਿੰਗ ਦੀ ਦੁਨੀਆ ਵਿੱਚ ਬਹੁਤ ਜ਼ਿਆਦਾ ਖਿਲਾਰਾ ਹੈ।"

ਨਾਸਤਿਆ ਮੂਲ ਰੂਪ ਵਿੱਚ ਰੂਸ ਤੋਂ ਹਨ ਅਤੇ ਦੱਸਦੇ ਹਨ ਕਿ ਜਦੋਂ ਆਪਣੇ ਪਿਤਾ ਨੂੰ ਇਹ ਗੱਲ ਦੱਸੀ, ਤਾਂ ਉਹ "ਪਾਗ਼ਲਾਂ ਵਾਂਗ ਹੱਸਣ ਲੱਗੇ" ਅਤੇ ਕਹਿਣ ਲੱਗੇ, "ਆਪਣੀ ਜ਼ਿੰਦਗੀ ਜਿਉਂ, ਤੂੰ ਅਜੇ ਬਹੁਤ ਛੋਟੀ ਹੈ।"

ਪਰ ਆਖ਼ਰਕਾਰ, ਪਰਿਵਾਰ ਨੇ ਉਨ੍ਹਾਂ ਦਾ ਸਾਥ ਦਿੱਤਾ।

ਭਾਰਤੀ ਫਰਟੀਲਿਟੀ ਸਪੋਰਟ ਪਲੇਟਫਾਰਮ 'ਫਰਟੀਲਿਟੀ ਦੋਸਤ' ਦੀ ਮੋਢੀ ਗੀਤਾਂਜਲੀ ਬੈਨਰਜੀ ਦਾ ਕਹਿਣਾ ਹੈ ਕਿ ਹਾਲਾਂਕਿ ਔਰਤਾਂ ਦੀ ਜਾਗਰੂਕਤਾ ਵਿੱਚ ਇੱਕ "ਵੱਡੀ ਤਬਦੀਲੀ" ਆਈ ਹੈ, ਪਰ ਪਰਿਵਾਰ ਦੇ ਅਜਿਹੇ ਪ੍ਰਤੀਕਰਮ ਉਨ੍ਹਾਂ ਨੂੰ ਪਿੱਛੇ ਹਟਾ ਸਕਦੇ ਹਨ।

ਉਹ ਦੱਸਦੇ ਹਨ, "ਸਾਨੂੰ ਅਜਿਹੀ ਫੀਡਬੈਕ ਮਿਲਦੀ ਹੈ ਕਿ 'ਹਾਏ ਰੱਬਾ, ਮੇਰਾ ਪਰਿਵਾਰ ਤਾਂ ਮੇਰੇ ਕਰੀਅਰ ਨੂੰ ਹੀ ਨਹੀਂ ਸਮਝ ਰਿਹਾ... ਉਹ ਐੱਗ ਫ੍ਰੀਜ਼ਿੰਗ ਨੂੰ ਕਿਵੇਂ ਸਮਝਣਗੇ?'"

ਉਹ ਅੱਗੇ ਦੱਸਦੇ ਹਨ ਕਿ ਉਨ੍ਹਾਂ ਦੀਆਂ ਮਰੀਜ਼ਾਂ ਨੂੰ ਇਸ ਗੱਲ ਦੀ ਵੀ ਚਿੰਤਾ ਰਹਿੰਦੀ ਹੈ ਕਿ ਉਨ੍ਹਾਂ ਦਾ ਹੋਣ ਵਾਲਾ ਪਤੀ ਜਾਂ ਸਹੁਰਾ ਪਰਿਵਾਰ ਕੀ ਸੋਚੇਗਾ, ਖ਼ਾਸ ਕਰਕੇ ਜੇ ਰਿਸ਼ਤਾ 'ਅਰੇਂਜਡ ਮੈਰਿਜ' ਰਾਹੀਂ ਹੋ ਰਿਹਾ ਹੋਵੇ, ਕਿਉਂਕਿ ਇਸ ਇਲਾਜ ਨੂੰ ਲੈ ਕੇ ਸਮਾਜ ਵਿੱਚ ਅਜੇ ਵੀ ਕਈ "ਵਹਿਮ-ਭਰਮ" ਹਨ।

ਪੀਸੀਓਐੱਸ ਦੀ ਬਿਮਾਰੀ ਇਸ ਪਿੱਛੇ 'ਵੱਡਾ ਕਾਰਨ'

ਆਸਟ੍ਰੇਲੀਆ ਵਾਸੀ ਲਿਬੀ ਨੂੰ ਪੀਸੀਓਐੱਸ ਹੈ, ਜੋ ਕਿ ਹਾਰਮੋਨਾਂ ਦੀ ਇੱਕ ਗੜਬੜੀ ਹੈ। ਇਸ ਨਾਲ ਗਰਭ ਧਾਰਨ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ ਅਤੇ ਇਹ ਦੁਨੀਆ ਭਰ ਦੀਆਂ ਹਰ 10 ਵਿੱਚੋਂ ਇੱਕ ਔਰਤ ਨੂੰ ਪ੍ਰਭਾਵਿਤ ਕਰਦੀ ਹੈ।

ਉਹ ਕਹਿੰਦੇ ਹਨ, "ਇਸ ਬਿਮਾਰੀ ਨੇ ਮੈਨੂੰ ਗੰਭੀਰਤਾ ਨਾਲ ਆਪਣੇ ਆਂਡੇ ਫ੍ਰੀਜ਼ ਕਰਵਾਉਣ ਬਾਰੇ ਸੋਚਣ ਲਈ ਮਜਬੂਰ ਕੀਤਾ।"

ਯੂਨੀਵਰਸਿਟੀ ਕਾਲਜ ਲੰਡਨ ਵਿੱਚ ਨਾਰੀ ਸਿਹਤ ਦੇ ਲੈਕਚਰਾਰ ਅਤੇ ਐੱਚਐੱਫਡੀਏ ਦੇ ਮੈਂਬਰ ਡਾ. ਜ਼ੈਨੇਪ ਗੁਰਟਿਨ ਦਾ ਕਹਿਣਾ ਹੈ ਕਿ ਜ਼ਿਆਦਾਤਰ ਘੱਟ ਉਮਰ ਦੀਆਂ ਔਰਤਾਂ ਮੈਡੀਕਲ ਕਾਰਨਾਂ ਕਰਕੇ, ਜਿਵੇਂ ਕਿ ਕੈਂਸਰ ਦੇ ਇਲਾਜ ਦੌਰਾਨ, ਆਂਡੇ ਫ੍ਰੀਜ਼ ਕਰਵਾ ਰਹੀਆਂ ਹਨ।

ਐੱਗ ਫ੍ਰੀਜ਼

ਉਨ੍ਹਾਂ ਮੁਤਾਬਕ ਇਹ ਵਾਧਾ ਨੌਜਵਾਨ ਔਰਤਾਂ ਵਿੱਚ 'ਪ੍ਰਾਇਮਰੀ ਓਵੇਰੀਅਨ ਇਨਸਫੀਸ਼ੈਂਸੀ' (ਜਦੋਂ ਓਵਰੀਆਂ 40 ਸਾਲ ਦੀ ਉਮਰ ਤੋਂ ਪਹਿਲਾਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ) ਜਾਂ 'ਐਂਡੋਮੈਟਰੀਓਸਿਸ' ਵਰਗੀਆਂ ਬਿਮਾਰੀਆਂ ਪ੍ਰਤੀ ਵਧ ਰਹੀ ਜਾਗਰੂਕਤਾ ਨੂੰ ਵੀ ਦਰਸਾਉਂਦਾ ਹੈ।

ਔਰਤਾਂ ਦੀ ਪਹੁੰਚ ਹੁਣ ਫਰਟੀਲਿਟੀ ਤਕਨੀਕਾਂ ਤੱਕ ਵਧ ਗਈ ਹੈ, ਜਿਵੇਂ ਕਿ ਐਂਟੀ-ਮੁਲੇਰੀਅਨ ਹਾਰਮੋਨ (ਏਐੱਮਐੱਚ) ਟੈਸਟ। ਖੂਨ ਦੇ ਇਹ ਟੈਸਟ ਦੱਸਦੇ ਹਨ ਕਿ ਓਵਰੀਜ਼ ਵਿੱਚ ਕਿੰਨੇ ਆਂਡੇ ਬਾਕੀ ਹਨ ਅਤੇ ਇਹ ਦੁਨੀਆ ਭਰ ਵਿੱਚ ਬਿਨਾਂ ਡਾਕਟਰ ਦੀ ਪਰਚੀ ਦੇ ਆਨਲਾਈਨ ਕਰਵਾਏ ਜਾ ਸਕਦੇ ਹਨ।

ਫਰਟੀਲਿਟੀ ਦੋਸਤ ਦੇ ਮੋਢੀ ਬੈਨਰਜੀ ਦਾ ਕਹਿਣਾ ਹੈ ਕਿ ਮਰੀਜ਼ ਕਈ ਵਾਰ ਇਨ੍ਹਾਂ ਟੈਸਟਾਂ ਨੂੰ ਪੂਰੀ ਸੱਚਾਈ ਭਾਵ "ਫਰਟੀਲਿਟੀ ਰਿਪੋਰਟ ਕਾਰਡ" ਸਮਝ ਲੈਂਦੇ ਹਨ, ਜਦਕਿ ਇਹ ਸਿਰਫ਼ ਤਸਵੀਰ ਦਾ ਇੱਕ ਛੋਟਾ ਜਿਹਾ ਹਿੱਸਾ ਹੁੰਦੇ ਹਨ।

ਇਹ ਟੈਸਟ ਆਂਡਿਆਂ ਦੀ ਗੁਣਵੱਤਾ ਨਹੀਂ ਮਾਪਦਾ ਅਤੇ ਨਾ ਹੀ ਇਹ ਦੱਸ ਸਕਦਾ ਹੈ ਕਿ ਕੁਦਰਤੀ ਤੌਰ 'ਤੇ ਗਰਭ ਧਾਰਨ ਕਰਨਾ ਕਿੰਨਾ ਸੌਖਾ ਜਾਂ ਔਖਾ ਹੋਵੇਗਾ। ਖੋਜਾਂ ਨੇ ਦਿਖਾਇਆ ਹੈ ਕਿ ਕੁਝ ਟੈਸਟ ਗ਼ਲਤ ਨਤੀਜੇ ਵੀ ਦੇ ਸਕਦੇ ਹਨ।

ਮੋਰਾ

ਤਸਵੀਰ ਸਰੋਤ, Mora Mónaco

ਤਸਵੀਰ ਕੈਪਸ਼ਨ, ਜਦੋਂ ਮੋਰਾ ਨੇ 26 ਸਾਲ ਦੀ ਉਮਰ ਵਿੱਚ ਆਪਣੇ ਆਂਡੇ ਫ੍ਰੀਜ਼ ਕਰਵਾਏ, ਤਾਂ ਉਨ੍ਹਾਂ ਨੂੰ ਲੱਗਿਆ ਕਿ ਇਹ ਸੌਖਾ ਹੀ ਹੋਵੇਗਾ

ਸੇਵਾ ਮੁਕਤੀ ਲਈ ਰੱਖੀਆਂ ਬੱਚਤਾਂ ਦੀ ਵਰਤੋਂ

ਇਸ ਦਾ ਖਰਚਾ ਵੀ ਇੱਕ ਵੱਡੀ ਰੁਕਾਵਟ ਹੋ ਸਕਦਾ ਹੈ। ਕੀਮਤਾਂ ਵੱਖ-ਵੱਖ ਹੁੰਦੀਆਂ ਹਨ, ਫ੍ਰੀਜ਼ਿੰਗ ਦੀ ਪ੍ਰਕਿਰਿਆ 'ਤੇ ਹਜ਼ਾਰਾਂ ਰੁਪਏ ਖਰਚ ਹੋ ਸਕਦੇ ਹਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਸੰਭਾਲ ਕੇ ਰੱਖਣ ਦੀ ਫੀਸ ਵੀ ਕਾਫੀ ਹੁੰਦੀ ਹੈ।

ਪ੍ਰਕਿਰਿਆ ਲਈ 11,000 ਆਸਟ੍ਰੇਲੀਅਨ ਡਾਲਰ ਅਤੇ ਲਗਭਗ 50 ਡਾਲਰ ਮਹੀਨਾਵਾਰ ਸਟੋਰੇਜ ਚਾਰਜ ਦੇ ਨਾਲ, ਲਿਬੀ ਮੰਨਦੇ ਹਨ ਕਿ ਇੱਕ ਯੂਨੀਵਰਸਿਟੀ ਵਿਦਿਆਰਥੀ ਲਈ ਇਹ ਆਰਥਿਕ ਬੋਝ "ਬਹੁਤ ਭਾਰਾ" ਸੀ।

ਉਨ੍ਹਾਂ ਨੇ ਇਹ ਪੈਸੇ ਆਪਣੀ ਰਿਟਾਇਰਮੈਂਟ ਬੱਚਤ (ਜਿਸ ਨੂੰ ਆਸਟ੍ਰੇਲੀਆ ਵਿੱਚ ਸੁਪਰਐਨੂਏਸ਼ਨ ਕਿਹਾ ਜਾਂਦਾ ਹੈ) ਵਿੱਚੋਂ ਕਢਵਾਏ, ਪਰ ਉਹ ਆਪਣੇ ਫੈਸਲੇ ਤੋਂ ਖੁਸ਼ ਹੈ। ਉਹ ਕਹਿੰਦੀ ਹੈ, "ਇਹ ਫੈਸਲਾ ਮੇਰੇ ਮਾਂ ਬਣਨ ਜਾਂ ਨਾ ਬਣਨ ਦੇ ਵਿਚਕਾਰ ਦਾ ਫ਼ਰਕ ਹੋ ਸਕਦਾ ਹੈ।"

ਅਰਜਨਟੀਨਾ ਦੀ ਮੋਰਾ ਮੋਨਾਕੋ ਨੇ 26 ਸਾਲ ਦੀ ਉਮਰ ਵਿੱਚ ਇੱਕ ਦੋਸਤ ਦੀ ਸਿਫਾਰਸ਼ ਤੋਂ ਬਾਅਦ ਆਪਣੇ ਅੰਡੇ ਫ੍ਰੀਜ਼ ਕਰਵਾਉਣ ਦਾ ਫੈਸਲਾ ਕੀਤਾ।

ਉਹ ਕਹਿੰਦੇ ਹਨ, "ਮੇਰੇ ਡਾਕਟਰ ਨੇ ਕਿਹਾ ਸੀ, 'ਤੁਹਾਡਾ ਬਹੁਤ ਵਧੀਆ ਕਰੋਗੇ। ਤੁਸੀਂ 26 ਸਾਲ ਦੇ ਹੋ, ਇਹ ਇਸ ਕੰਮ ਲਈ ਸਭ ਤੋਂ ਵਧੀਆ ਉਮਰ ਹੈ। ਲੇਕਿਨ ਅਸਲ ਵਿੱਚ ਮੇਰੇ ਨਾਲ ਅਜਿਹਾ ਨਹੀਂ ਹੋਇਆ।"

ਮੋਰਾ ਦੀ ਓਵਰੀ ਵਿੱਚ ਆਂਡਿਆਂ ਦੀ ਗਿਣਤੀ ਬਹੁਤ ਘੱਟ ਸੀ ਅਤੇ ਉਸਨੂੰ ਆਂਡੇ ਕਢਵਾਉਣ ਵਿੱਚ ਬਹੁਤ ਮੁਸ਼ਕਲ ਆਈ, ਜਿਸ ਤੋਂ "ਬਹੁਤ ਨਿਰਾਸ਼" ਹੋਏ।

ਜਦੋਂ ਕੋਈ ਮਾਂ ਬਣਨਾ ਚਾਹੁੰਦੀ ਹੈ, ਤਾਂ ਫ੍ਰੀਜ਼ ਕੀਤੇ ਆਂਡਿਆਂ ਨੂੰ ਡੀਫ੍ਰੌਸਟ (ਪਿਘਲਾ ਕੇ) ਆਈਵੀਐੱਫ ਵਰਗੇ ਫਰਟੀਲਿਟੀ ਇਲਾਜਾਂ ਵਿੱਚ ਵਰਤਿਆ ਜਾ ਸਕਦਾ ਹੈ। ਲੇਕਿਨ ਡਾ. ਗੁਰਟਿਨ ਦੀ ਚੇਤਾਵਨੀ ਹੈ ਕਿ ਇਸ ਪ੍ਰਕਿਰਿਆ ਦੇ ਕਿਸੇ ਵੀ ਪੜਾਅ ਦੀ ਕੋਈ ਗਰੰਟੀ ਨਹੀਂ ਹੈ।

ਸਫ਼ਲਤਾ ਕਈ ਗੱਲਾਂ 'ਤੇ ਨਿਰਭਰ ਕਰਦੀ ਹੈ, ਜਿਵੇਂ ਕਿ ਉਮਰ, ਸਿਹਤ, ਕਿੰਨੇ ਆਂਡੇ ਸਫਲਤਾਪੂਰਵਕ ਫ੍ਰੀਜ਼ ਕੀਤੇ ਗਏ ਸਨ ਅਤੇ ਬਾਅਦ ਵਿੱਚ ਸਹੀ ਤਰ੍ਹਾਂ ਪਿਘਲੇ ਅਤੇ ਨਾਲ ਹੀ ਸਪਰਮ (ਸ਼ੁਕਰਾਣੂਆਂ) ਦੀ ਗੁਣਵੱਤਾ ਵੀ ਮਾਇਨੇ ਰੱਖਦੀ ਹੈ।

ਸਫ਼ਲਤਾ ਦੀ ਦਰ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿਉਂਕਿ ਹੁਣ ਤੱਕ ਜ਼ਿਆਦਾਤਰ ਔਰਤਾਂ ਨੇ ਆਪਣੇ ਫ੍ਰੀਜ਼ ਕੀਤੇ ਆਂਡਿਆਂ ਦੀ ਵਰਤੋਂ ਹੀ ਨਹੀਂ ਕੀਤੀ ਹੈ।

ਪਰ 2016 ਦੇ ਐੱਚਐੱਫਈਏ ਦੇ ਅੰਕੜਿਆਂ ਅਨੁਸਾਰ, ਉਸ ਸਾਲ ਐੱਗ ਫ੍ਰੀਜ਼ਿੰਗ ਦੇ ਸਿਰਫ 18% ਮਾਮਲਿਆਂ ਵਿੱਚ ਹੀ ਬੱਚਾ ਪੈਦਾ ਹੋਇਆ ਸੀ।

ਐੱਚਐੱਫਈਏ ਹੁਣ ਸਫ਼ਲਤਾ ਦੀ ਦਰ ਬਾਰੇ ਡਾਟਾ ਇਕੱਠਾ ਨਹੀਂ ਕਰਦਾ ਕਿਉਂਕਿ ਇਹ ਭਰੋਸੇਯੋਗ ਤਰੀਕੇ ਨਾਲ ਇਸ ਗੱਲ ਨੂੰ ਜੋੜ ਨਹੀਂ ਸਕਦਾ ਕਿ ਆਂਡੇ ਫ੍ਰੀਜ਼ ਕਰਵਾਉਂਦੇ ਸਮੇਂ ਮਰੀਜ਼ ਦੀ ਉਮਰ ਕੀ ਸੀ ਅਤੇ ਇਲਾਜ ਕਰਵਾਉਂਦੇ ਸਮੇਂ ਉਸ ਦੀ ਉਮਰ ਕੀ ਸੀ। ਇਸ ਕਾਰਨ ਸਫ਼ਲਤਾ ਦੀ ਦਰ ਹਕੀਕਤ ਤੋਂ ਵੱਧ ਦਿਖਾਈ ਜਾ ਸਕਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿੱਚ ਸਫ਼ਲਤਾ ਦੀ ਸੰਭਾਵਨਾ ਆਈਵੀਐੱਫ਼ ਨਾਲੋਂ ਥੋੜ੍ਹੀ ਘੱਟ ਹੈ (ਆਈਵੀਐੱਫ਼ ਵਿੱਚ ਤਾਜ਼ੇ ਆਂਡੇ ਕੱਢ ਕੇ ਸ਼ੁਕਰਾਣੂ ਨਾਲ ਨਿਸ਼ੇਚਿਤ ਕੀਤੇ ਜਾਂਦੇ ਹਨ)। ਆਈਵੀਐੱਫ਼ ਦੀ ਸਫਲਤਾ ਦਰ ਉਮਰ ਦੇ ਹਿਸਾਬ ਨਾਲ ਹਰ ਚੱਕਰ ਵਿੱਚ 5-35% ਦੇ ਵਿਚਕਾਰ ਹੋ ਸਕਦੀ ਹੈ।

ਡਾ. ਗੁਰਟਿਨ ਕਹਿੰਦੇ ਹਨ, "ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਐੱਗ ਫ੍ਰੀਜ਼ਿੰਗ ਬਾਰੇ ਸੋਚ ਰਹੀ ਹਰ ਔਰਤ ਕੋਲ ਸਫ਼ਲਤਾ ਦੀ ਦਰ ਬਾਰੇ ਪੂਰੀ ਜਾਣਕਾਰੀ ਹੋਵੇ, ਉਨ੍ਹਾਂ ਨੂੰ ਪਤਾ ਹੋਵੇ ਕਿ ਇਹ ਕੋਈ ਗਰੰਟੀ ਨਹੀਂ ਹੈ ਅਤੇ ਉਨ੍ਹਾਂ ਨੂੰ ਇਸਦੇ ਸੰਭਾਵਿਤ ਖਤਰਿਆਂ ਅਤੇ ਮਾੜੇ ਪ੍ਰਭਾਵਾਂ ਬਾਰੇ ਵੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।"

ਇਨ੍ਹਾਂ ਮਾੜੇ ਪ੍ਰਭਾਵਾਂ ਵਿੱਚ ਮੂਡ ਦਾ ਖ਼ਰਾਬ ਰਹਿਣਾ, ਢਿੱਡ ਫੁੱਲਣਾ, ਹਾਰਮੋਨ ਟੀਕਿਆਂ ਕਾਰਨ ਸਿਰਦਰਦ, ਆਂਡੇ ਕੱਢਣ ਵੇਲੇ ਦਰਦ ਅਤੇ 'ਓਵੇਰੀਅਨ ਹਾਈਪਰਸਟੀਮੂਲੇਸ਼ਨ ਸਿੰਡਰੋਮ' ਦਾ ਦੁਰਲੱਭ ਪਰ ਗੰਭੀਰ ਖ਼ਤਰਾ ਸ਼ਾਮਲ ਹੋ ਸਕਦਾ ਹੈ, ਜਿਸ ਨਾਲ ਤੇਜ਼ ਦਰਦ, ਤੇਜ਼ੀ ਨਾਲ ਭਾਰ ਵਧਣਾ ਅਤੇ ਖੂਨ ਦੇ ਥੱਕੇ ਬਣ ਸਕਦੇ ਹਨ।

ਮੋਰਾ ਨੇ ਤਿੰਨ ਵਾਰ ਆਂਡੇ ਕਢਵਾਉਣ ਦੀ ਪ੍ਰਕਿਰਿਆ ਤੋਂ ਬਾਅਦ ਕੁੱਲ ਨੌਂ ਆਂਡੇ ਫ੍ਰੀਜ਼ ਕੀਤੇ। ਉਨ੍ਹਾਂ ਦੱਸਿਆ, "ਮੈਨੂੰ ਪਤਾ ਹੈ ਕਿ ਮੈਂ ਆਪਣੇ ਆਂਡੇ ਸੁਰੱਖਿਅਤ ਰੱਖਣ ਲਈ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ।"

ਬੀਬੀਸੀ ਨਾਲ ਗੱਲ ਕਰਨ ਵਾਲੀਆਂ ਇਨ੍ਹਾਂ ਤਿੰਨਾਂ ਔਰਤਾਂ ਨੇ ਟਿਕਟਾਕ 'ਤੇ ਆਪਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਨੂੰ ਲੱਖਾਂ ਲੋਕਾਂ ਨੇ ਦੇਖਿਆ।

ਮੋਰਾ ਦੱਸਦੇ ਹਨ, "ਮੈਨੂੰ ਹਜ਼ਾਰਾਂ ਸੁਨੇਹੇ ਮਿਲੇ ਜਿਨ੍ਹਾਂ ਵਿੱਚ ਲੋਕਾਂ ਨੇ ਮੇਰੀ ਕਹਾਣੀ ਸਾਂਝੀ ਕਰਨ ਲਈ ਧੰਨਵਾਦ ਕੀਤਾ... ਅਤੇ ਕਿਹਾ ਕਿ ਉਹ ਵੀ ਇਸ ਬਾਰੇ ਆਪਣੇ ਡਾਕਟਰ ਨਾਲ ਗੱਲ ਕਰਨਗੇ।"

ਲੇਕਿਨ ਡਾ. ਗੁਰਟਿਨ ਦਾ ਕਹਿਣਾ ਹੈ ਕਿ ਬਹੁਤ ਘੱਟ ਉਮਰ ਦੀਆਂ ਕੁੜੀਆਂ ਨੂੰ ਸ਼ਾਇਦ ਚਿੰਤਾ ਕਰਨ ਦੀ ਲੋੜ ਨਹੀਂ ਹੈ।

ਉਨ੍ਹਾਂ ਦਾ ਕਹਿਣਾ ਹੈ, "ਮੈਂ ਇਹੀ ਕਹਾਂਗੀ ਕਿ 24 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਨੂੰ ਐੱਗ ਫ੍ਰੀਜ਼ਿੰਗ ਬਾਰੇ ਸੋਚਣ ਦੀ ਲੋੜ ਨਹੀਂ ਹੈ। ਤੁਹਾਡੇ ਕੋਲ ਅਜੇ ਬਹੁਤ ਸਮਾਂ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)