ਅੱਠ ਸਾਲਾਂ ਤੋਂ ਗਾਇਬ ਕੁੜੀ ਜਿਸ ਨੂੰ ਲੋਕ ਭੁੱਲ ਵੀ ਚੁੱਕੇ ਸਨ, ਫੋਰੈਂਸਿਕ ਨੇ ਕਿਵੇਂ ਉਸ ਦੀ ਕਾਰਪੇਟ 'ਚ ਲਪੇਟ ਕੇ ਕਬਰ 'ਚ ਦੱਬੀ ਹੋਈ ਲਾਸ਼ ਲੱਭੀ

ਕੈਰਨ 11 ਸਾਲ ਦੀ ਉਮਰ ਵਿੱਚ ਬਾਲ ਗ੍ਰਹਿ ਤੋਂ ਭੱਜ ਗਈ ਸੀ
ਤਸਵੀਰ ਕੈਪਸ਼ਨ, ਕੈਰਨ 11 ਸਾਲ ਦੀ ਉਮਰ ਵਿੱਚ ਬਾਲ ਗ੍ਰਹਿ ਤੋਂ ਭੱਜ ਗਈ ਸੀ
    • ਲੇਖਕ, ਚਾਰਲੀ ਬਕਲੈਂਡ
    • ਰੋਲ, ਬੀਬੀਸੀ ਵੇਲਜ਼

ਕੈਰਨ ਪ੍ਰਾਈਸ ਉਸ ਵੇਲੇ ਮਹਿਜ਼ 15 ਸਾਲਾਂ ਦੀ ਸੀ ਜਦੋਂ 1981 ਵਿੱਚ ਉਹ ਅਚਾਨਕ ਗਾਇਬ ਹੋ ਗਈ। ਜੇਕਰ ਦੋ ਬਿਲਡਰਾਂ ਨੇ ਗਲਤੀ ਨਾਲ ਉਸ ਦੀ ਲਾਸ਼ ਨਾ ਲੱਭੀ ਹੁੰਦੀ ਤਾਂ ਉਹ ਸ਼ਾਇਦ ਕਦੇ ਨਾ ਲੱਭਦੀ। ਕਿਉਂਕਿ ਕੋਈ ਵੀ ਉਸ ਨੂੰ ਲੱਭ ਹੀ ਨਹੀਂ ਰਿਹਾ ਸੀ।

"ਲਿਟਲ ਮਿਸ ਨੋਬਡੀ" ਵਜੋਂ ਜਾਣੀ ਜਾਂਦੀ ਕੈਰਨ ਨੂੰ ਅੱਠ ਸਾਲਾਂ ਤੋਂ ਕਿਸੇ ਨੇ ਨਹੀਂ ਦੇਖਿਆ ਸੀ ਪਰ ਫਿਰ 7 ਦਸੰਬਰ, 1989 ਨੂੰ ਦੋ ਅਣਪਛਾਤੇ ਬਿਲਡਰਾਂ ਨੂੰ ਕਾਰਡਿਫ ਸ਼ਹਿਰ ਦੇ ਕੇਂਦਰ ਵਿੱਚ ਇੱਕ ਕਾਰਪੇਟ ਵਿੱਚ ਲਪੇਟਿਆ ਉਸ ਦਾ ਪਿੰਜਰ ਲੱਭਿਆ।

ਫਿਟਜ਼ਾਮੋਨ ਐਂਬੈਂਕਮੈਂਟ 'ਚ ਇੱਕ ਬੇਸਮੈਂਟ ਫਲੈਟ ਦੇ ਬਾਹਰ ਇੱਕ ਖੋਖਲੀ ਕਬਰ ਵਿੱਚ ਮਿਲੀ ਉਸ ਦੀ ਲਾਸ਼ ਇੰਨੀ ਬੁਰੀ ਤਰ੍ਹਾਂ ਸੜ ਗਈ ਸੀ ਕਿ ਮੌਤ ਦੇ ਕਾਰਨ ਦਾ ਪਤਾ ਲਗਾਉਣਾ "ਅਸੰਭਵ" ਸੀ।

ਹੁਣ, 40 ਸਾਲਾਂ ਤੋਂ ਵੱਧ ਸਮੇਂ ਬਾਅਦ ਅਤੇ ਕਾਤਲ ਦੀ ਰਿਹਾਈ ਤੋਂ ਬਾਅਦ ਇੱਕ ਨਵੀਂ ਦਸਤਾਵੇਜ਼ੀ ਫਿਲਮ 'ਚ ਇਸ ਗੱਲ ਦੀ ਸਮੀਖਿਆ ਕੀਤੀ ਜਾ ਰਹੀ ਹੈ ਕਿ ਪੁਲਿਸ ਨੇ ਇੱਕ "ਅਣਜਾਣ" ਨੌਜਵਾਨ ਕੁੜੀ ਦੇ ਕਤਲ ਦੇ ਰਹੱਸ ਨੂੰ ਕਿਵੇਂ ਸੁਲਝਾਇਆ ਅਤੇ ਕਿਵੇਂ ਉਨ੍ਹਾਂ ਨੇ ਕਤਲ ਲਈ ਦੋ ਆਦਮੀਆਂ ਨੂੰ ਦੋਸ਼ੀ ਠਹਿਰਾਉਣ ਲਈ "ਵਿਲੱਖਣ" ਤਰੀਕਿਆਂ ਦੀ ਵਰਤੋਂ ਕੀਤੀ।

ਜਾਂਚ ਦੌਰਾਨ ਕੰਮ ਕਰਨ ਵਾਲੇ ਕ੍ਰਾਈਮ ਰਿਪੋਰਟਰ ਟੌਮ ਬੈਡਫੋਰਡ ਨੇ ਕਿਹਾ, "ਸੋਚ ਕੇ ਵਿਸ਼ਵਾਸ ਵੀ ਨਹੀਂ ਹੁੰਦਾ ਕਿ ਇੱਕ 15 ਸਾਲ ਦੀ ਕੁੜੀ ਲਾਪਤਾ ਹੋ ਜਾਂਦੀ ਹੈ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ, ਕਿਸੇ ਨੂੰ ਕੋਈ ਪਰਵਾਹ ਤੱਕ ਨਹੀਂ ਹੁੰਦੀ।"

"ਮੈਂ 40 ਸਾਲਾਂ ਵਿੱਚ ਬਹੁਤ ਸਾਰੀਆਂ ਸਟੋਰੀਜ਼ ਕਵਰ ਕੀਤੀਆਂ ਹਨ, ਪਰ ਮੈਂ ਇਸ ਨੂੰ ਕਦੇ ਨਹੀਂ ਭੁੱਲਾਂਗਾ।"

ਉਨ੍ਹਾਂ ਨੇ ਚੈਨਲ 5 ਦੀ ਦਸਤਾਵੇਜ਼ੀ ਫਿਲਮ, "ਬਰਿਡ ਸੀਕਰੇਟਸ: ਦਿ ਬਾਡੀ ਇਨ ਦਿ ਕਾਰਪੇਟ" ਵਿੱਚ ਦੱਸਿਆ, "ਉਸ ਨੂੰ ਬਾਲ-ਗ੍ਰਹਿ ਤੋਂ ਭੱਜਣ ਦਿੱਤਾ ਗਿਆ ਅਤੇ ਉਸ ਦੇ ਲਈ ਕੋਈ ਅਪੀਲ ਨਹੀਂ ਕੀਤੀ ਗਈ, ਕੋਈ ਪੁੱਛਗਿੱਛ ਨਹੀਂ ਹੋਈ। ਇਹ ਬਹੁਤ ਦੁਖਦਾਈ ਹੈ।"

"ਉਸ ਨੂੰ ਲਾਪਤਾ ਲੋਕਾਂ ਦੀ ਸੂਚੀ 'ਚ ਨਹੀਂ ਪਾਇਆ ਗਿਆ, ਕੋਈ ਨਹੀਂ ਜਾਣਦਾ ਸੀ ਕਿ ਉਹ ਲਾਪਤਾ ਸੀ, ਕੋਈ ਨਹੀਂ ਜਾਣਦਾ ਸੀ ਕਿ ਉਹ ਕੌਣ ਸੀ।"

ਕਿਵੇਂ ਲੱਭੀ ਲਾਸ਼

ਬਿਲਡਰ ਪਾਲ ਬੋਡੇਨਹੈਮ ਉਨ੍ਹਾਂ ਦੋ ਆਦਮੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਕੈਰਨ ਦੀ ਲਾਸ਼ ਲੱਭੀ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਿਲਡਰ ਪਾਲ ਬੋਡੇਨਹੈਮ ਉਨ੍ਹਾਂ ਦੋ ਆਦਮੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਕੈਰਨ ਦੀ ਲਾਸ਼ ਲੱਭੀ ਸੀ

ਚੇਤਾਵਨੀ: ਇਸ ਕਹਾਣੀ ਦੇ ਕੁਝ ਵੇਰਵੇ ਪਰੇਸ਼ਾਨ ਕਰਨ ਵਾਲੇ ਹੋ ਸਕਦੇ ਹਨ।

ਕੈਰਨ ਦੇ ਮਾਪਿਆਂ ਦਾ ਤਲਾਕ ਹੋ ਗਿਆ ਸੀ ਅਤੇ ਉਸ ਦੀ ਕਸਟਡੀ ਆਦਿ ਦੇ ਮਾਮਲੇ ਵੀ ਸਨ ਜਿਸ ਕਾਰਨ ਉਸ ਦਾ ਬਚਪਨ ਮੁਸ਼ਕਲਾਂ ਭਰਿਆ ਸੀ। ਇਸੇ ਕਾਰਨ ਉਸ ਨੂੰ 10 ਸਾਲ ਦੀ ਉਮਰ ਵਿੱਚ ਬਾਲ ਗ੍ਰਹਿ ਵਿੱਚ ਰੱਖਿਆ ਗਿਆ।

ਉਹ 11 ਸਾਲ ਦੀ ਉਮਰ ਵਿੱਚ ਬਾਲ ਗ੍ਰਹਿ ਤੋਂ ਭੱਜ ਗਈ ਸੀ ਅਤੇ ਅਖੀਰ, ਜੁਲਾਈ 1981 ਵਿੱਚ ਚਰਚ ਵਿਲੇਜ, ਰੋਂਡਾ ਸਾਈਨਨ ਟਾਫ ਵਿੱਚ ਮੇਸ-ਯਰ-ਐਗਲਵਿਸ ਅਸੈਸਮੈਂਟ ਸੈਂਟਰ ਤੋਂ ਵੀ ਭੱਜ ਗਈ ਸੀ ਅਤੇ ਫਿਰ ਕਦੇ ਵਾਪਸ ਨਹੀਂ ਆਈ।

ਉਸ ਦੀ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਨਿਸ਼ਾਨ ਲੱਭਣੇ ਮੁਸ਼ਕਲ ਸਨ।

ਫਿਰ, 1989 ਦੀ ਸਰਦੀਆਂ ਵਿੱਚ ਬਿਲਡਰਾਂ ਨੂੰ ਜ਼ਮੀਨ ਤੋਂ ਲਗਭਗ ਤਿੰਨ ਫੁੱਟ ਹੇਠਾਂ ਖੁਦਾਈ ਕਰਦੇ ਸਮੇਂ ਇੱਕ ਗੋਲ ਲਪੇਟਿਆ ਹੋਇਆ ਕਾਰਪੇਟ ਦਾ ਟੁਕੜਾ ਲੱਭਿਆ।

ਖੋਜ ਤੋਂ ਬਾਅਦ ਇੱਕ ਇੰਟਰਵਿਊ ਵਿੱਚ, ਫੁਟੇਜ ਵਿੱਚ ਇੱਕ ਬਿਲਡਰ ਪਾਲ ਬੋਡੇਨਹੈਮ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਤਾਂ ਸ਼ੁਰੂ ਵਿੱਚ ਮਜ਼ਾਕ ਕੀਤਾ ਸੀ, "ਓਏ, ਉੱਥੇ ਇੱਕ ਲਾਸ਼ ਹੋ ਸਕਦੀ ਹੈ।"

ਪਰ ਜਦੋਂ ਉਨ੍ਹਾਂ ਨੇ ਅੰਦਰ ਭਿਆਨਕ ਦ੍ਰਿਸ਼ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਬੁਲਾਇਆ।

ਕੈਰਨ ਦੀ ਮੌਤ ਹਿੰਸਾ ਕਾਰਨ ਹੋਈ ਸੀ

ਪੁਲਿਸ ਨੇ ਕਿਹਾ ਕਿ ਜ਼ਿਆਦਾਤਰ ਸਬੂਤ ਇਮਾਰਤ ਦੇ ਨਿਰਮਾਣ ਕਾਰਜ ਕਾਰਨ ਨਸ਼ਟ ਹੋ ਗਏ ਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਨੇ ਕਿਹਾ ਕਿ ਜ਼ਿਆਦਾਤਰ ਸਬੂਤ ਇਮਾਰਤ ਦੇ ਨਿਰਮਾਣ ਕਾਰਜ ਕਾਰਨ ਨਸ਼ਟ ਹੋ ਗਏ ਸਨ

ਕੈਰਨ ਦੀ ਲਾਸ਼ ਦੇ ਗੁੱਟਾਂ ਨੂੰ ਬਿਜਲੀ ਦੇ ਫਲੈਕਸ ਨਾਲ ਬੰਨ੍ਹਿਆ ਹੋਇਆ ਸੀ ਅਤੇ ਇੱਕ ਪਲਾਸਟਿਕ ਬੈਗ ਅਜੇ ਵੀ ਉਸ ਦੇ ਸਿਰ ਉੱਤੇ ਸੀ।

ਉਸ ਦੀ ਮੌਤ ਤੋਂ ਪਹਿਲਾਂ ਉਸ ਦੇ ਟਿਕਾਣੇ ਬਾਰੇ ਬਹੁਤ ਘੱਟ ਪਤਾ ਸੀ ਅਤੇ ਉਸ ਸਮੇਂ ਸੀਸੀਟੀਵੀ ਕੈਮਰੇ ਵੀ ਨਹੀਂ ਸਨ, ਇਸ ਲਈ ਜਾਂਚ ਪੂਰੀ ਤਰ੍ਹਾਂ ਫੋਰੈਂਸਿਕ 'ਤੇ ਨਿਰਭਰ ਸੀ।

ਕਾਰਪੇਟ ਵਿੱਚ ਮਿਲੇ ਕੀੜੇ-ਮਕੌੜੇ ਇਸ ਗੱਲ ਦਾ ਸਭ ਤੋਂ ਵੱਡਾ ਸੁਰਾਗ ਹੋ ਸਕਦੇ ਸਨ ਕਿ ਕੈਰਨ ਦੀ ਮੌਤ ਕਦੋਂ ਹੋਈ ਅਤੇ ਉਸ ਦੀ ਲਾਸ਼ ਕਿੰਨੀ ਦੇਰ ਤੱਕ ਉੱਥੇ ਪਈ ਰਹੀ।

ਮੱਖੀਆਂ ਦੱਬੇ ਹੋਏ ਅਵਸ਼ੇਸ਼ਾਂ 'ਤੇ ਅੰਡੇ ਨਹੀਂ ਦਿੰਦੀਆਂ, ਇਸ ਲਈ ਉਨ੍ਹਾਂ ਦੀ ਪੁਰਾਣੀ ਗਤੀਵਿਧੀ ਨੇ ਪੁਸ਼ਟੀ ਕੀਤੀ ਕਿ ਕਤਲ ਜੁਲਾਈ 1981 ਅਤੇ ਮਾਰਚ 1982 ਦੇ ਵਿਚਕਾਰ ਹੋਇਆ ਹੋਣਾ ਚਾਹੀਦਾ ਹੈ, ਅਤੇ ਫਿਰ ਕੈਰਨ ਨੂੰ ਇੱਕ ਖੋਖਲੀ ਕਬਰ 'ਚ ਦੱਬ ਦਿੱਤਾ ਗਿਆ ਹੋਣਾ।

ਇਸ ਤੱਥ ਨੇ ਜਾਸੂਸਾਂ ਨੂੰ ਉਸ ਸਮੇਂ ਬੇਸਮੈਂਟ ਫਲੈਟ ਵਿੱਚ ਰਹਿਣ ਵਾਲੇ ਲੋਕਾਂ ਦੀ ਸੂਚੀ ਲੱਭਣ ਵਿੱਚ ਮਦਦ ਕੀਤੀ।

ਦੰਦਾਂ ਅਤੇ ਉਨ੍ਹਾਂ ਦੇ ਵਿਕਾਸ ਦੇ ਆਧਾਰ 'ਤੇ ਫੋਰੈਂਸਿਕ ਦੰਦਾਂ ਦੇ ਡਾਕਟਰ ਪ੍ਰੋਫੈਸਰ ਡੇਵਿਡ ਵਿਟੇਕਰ ਸਰੀਰ ਦੇ ਲਿੰਗ ਅਤੇ ਉਮਰ ਦਾ ਪਤਾ ਲਗਾਉਣ 'ਚ ਸਫਲ ਹੋਏ।

ਗੁਲਾਬੀ ਕੈਵਿਟੀਜ਼ - ਬਰੀਕ ਕੋਸ਼ਿਕਾਵਾਂ ਜੋ ਦੰਦਾਂ ਨੂੰ ਖੂਨ ਸਪਲਾਈ ਕਰਦੀਆਂ ਹਨ - ਨੇ ਅਧਿਕਾਰੀਆਂ ਦੇ ਸ਼ੱਕ ਦੀ ਪੁਸ਼ਟੀ ਕੀਤੀ ਕਿ ਕੈਰਨ ਦੀ ਮੌਤ ਹਿੰਸਾ ਕਾਰਨ ਹੋਈ ਸੀ।

ਫੋਰੈਂਸਿਕ ਵਿੱਚ 'ਮੀਲ ਦਾ ਪੱਥਰ'

15 ਸਾਲਾ ਕੈਰਨ ਪ੍ਰਾਈਸ ਦੀ ਕੰਪਿਊਟਰ ਦੁਆਰਾ ਤਿਆਰ ਕੀਤੀ ਗਈ ਮੁੜ-ਨਿਰਮਿਤ ਤਸਵੀਰ
ਤਸਵੀਰ ਕੈਪਸ਼ਨ, 15 ਸਾਲਾ ਕੈਰਨ ਪ੍ਰਾਈਸ ਦੀ ਕੰਪਿਊਟਰ ਦੁਆਰਾ ਤਿਆਰ ਕੀਤੀ ਗਈ ਤਸਵੀਰ

ਸਾਬਕਾ ਸਾਊਥ ਵੇਲਜ਼ ਪੁਲਿਸ ਜਾਸੂਸ ਜੈਫ ਨੌਰਮਨ ਯਾਦ ਕਰਦੇ ਹਨ ਕਿ ਇਸ ਵੱਡੇ ਕੇਸ ਤੋਂ ਪਹਿਲਾਂ ਉਹ ਮੁੱਖ ਤੌਰ 'ਤੇ ਛੋਟੇ ਅਪਰਾਧਾਂ ਨਾਲ ਜੁੜੇ ਮਾਮਲਿਆਂ 'ਤੇ ਕੰਮ ਕਰਦੇ ਸਨ। ਉਹ ਕਹਿੰਦੇ ਹਨ ਕਿ ਉਸ ਦੀ ਮੌਤ ਉਸ ਸਮੇਂ ਸ਼ਹਿਰ ਲਈ "ਅਸਾਧਾਰਨ" ਮੰਨੀ ਗਈ ਸੀ।

ਉਨ੍ਹਾਂ ਕਿਹਾ, "ਕਾਰਡਿਫ ਵਿੱਚ ਜ਼ਿਆਦਾ ਕਤਲ ਨਹੀਂ ਹੋਏ ਸਨ।''

"ਮੈਂ ਪਹਿਲਾਂ ਕਦੇ ਕੋਈ ਪਿੰਜਰ ਨਹੀਂ ਦੇਖਿਆ ਸੀ, ਇਸ ਲਈ ਇਹ ਕਾਫ਼ੀ ਹੈਰਾਨ ਕਰਨ ਵਾਲਾ ਸੀ।"

ਕਿਸੇ ਵੀ ਗੁੰਮਸ਼ੁਦਾ ਵਿਅਕਤੀ ਦੀ ਰਿਪੋਰਟ ਅਵਸ਼ੇਸ਼ਾਂ ਨਾਲ ਮੇਲ ਨਹੀਂ ਖਾ ਰਹੀ ਸੀ, ਇਸ ਲਈ ਜਾਂਚ ਅਧਿਕਾਰੀਆਂ ਨੂੰ ਵੱਡੇ ਪੱਧਰ 'ਤੇ ਨਵੇਂ-ਨਵੇਂ ਤਰੀਕਿਆਂ ਦੀ ਵਰਤੋਂ ਕਰਕੇ ਹੀ ਇਹ ਕਤਲ ਦੀ ਪਹੇਲੀ ਨੂੰ ਸੁਲਝਾਉਣਾ ਪਿਆ।

ਫੋਰੈਂਸਿਕ ਵਿੱਚ "ਮੀਲ ਦਾ ਪੱਥਰ" ਮੰਨੇ ਜਾਣ ਵਾਲੇ ਇਸ ਮਾਮਲੇ ਵਿੱਚ, ਰਿਚਰਡ ਨੀਵ - ਚਿਹਰੇ ਦਾ ਪੁਨਰ ਨਿਰਮਾਣ ਕਰਨ ਵਾਲੇ ਇੱਕ ਮਸ਼ਹੂਰ ਕਲਾਕਾਰ - ਨੇ ਕੈਰਨ ਦੀ ਖੋਪੜੀ ਦੀ ਵਰਤੋਂ ਕਰਕੇ ਉਸ ਦੀ ਸਰੀਰਕ ਦਿੱਖ ਦੀ ਕਲਪਨਾ ਕੀਤੀ ਅਤੇ ਉਸ ਦਾ ਇੱਕ ਮਾਡਲ ਬਣਾਇਆ, ਜੋ ਕਿ ਅਜੀਬ ਤੌਰ 'ਤੇ ਸਟੀਕ ਸੀ।

ਇਸ ਮਾਮਲੇ ਨੇ ਲੋਕਾਂ ਦਾ ਧਿਆਨ ਖਿੱਚਿਆ।

15 ਫਰਵਰੀ, 1990 ਨੂੰ ਕ੍ਰਾਈਮਵਾਚ ਦੀ ਇੱਕ ਅਪੀਲ 'ਚ ਰਿਚਰਡ ਨੀਵ ਦੇ ਪੁਨਰ ਨਿਰਮਾਣ ਦੀ ਗੱਲ ਕੀਤੀ ਗਈ, ਜਿਸ ਤੋਂ ਬਾਅਦ ਕਾਰਡਿਫ ਤੋਂ 10 ਮੀਲ ਉੱਤਰ ਵਿੱਚ ਇੱਕ ਕਸਬੇ ਪੋਂਟੀਪ੍ਰਿਡ ਦੇ ਦੋ ਸਮਾਜਿਕ ਕਾਰਕੁਨਾਂ ਨੇ ਕੈਰਨ ਦੀ ਪਛਾਣ ਕੀਤੀ ਅਤੇ ਉਸ ਦਾ ਨਾਮ ਦੱਸਿਆ।

ਪਰ ਮਨੁੱਖੀ ਹੱਡੀਆਂ ਤੋਂ ਡੀਐਨਏ ਕੱਢਣ ਦੀ ਮੋਹਰੀ ਤਕਨੀਕ ਦੀ ਮਦਦ ਨਾਲ ਅੰਤ ਵਿੱਚ ਕੈਰਨ ਦਾ ਉਸ ਦੇ ਮਾਪਿਆਂ ਨਾਲ ਮੇਲ ਹੋਇਆ ਅਤੇ ਸਾਰੀ ਤਸਵੀਰ ਸਪਸ਼ਟ ਹੋਈ, ਜਿਸ ਨਾਲ ਪਹਿਲੀ ਵਾਰ ਕੈਰਨ ਦੀ ਪਛਾਣ ਸਾਹਮਣੇ ਆਈ।

ਇਹ ਵੀ ਪੜ੍ਹੋ-

ਸਾਹਮਣੇ ਆਏ ਵਿਅਕਤੀ ਨੇ ਕੀ ਦੱਸਿਆ

ਇਦਰੀਸ ਅਲੀ ਦੀ ਫੋਟੋ

ਤਸਵੀਰ ਸਰੋਤ, South Wales Police

ਤਸਵੀਰ ਕੈਪਸ਼ਨ, ਇਦਰੀਸ ਅਲੀ ਨੇ ਇਸ ਕੇਸ ਬਾਰੇ ਕਈ ਜਾਣਕਾਰੀਆਂ ਸਾਂਝੀਆਂ ਕੀਤੀਆਂ

ਕ੍ਰਾਈਮਵਾਚ ਨੇ ਨਾ ਸਿਰਫ਼ ਰਹੱਸਮਈ ਲਾਸ਼ ਦੀ ਪਛਾਣ ਕਰਨ ਵਿੱਚ ਮਦਦ ਕੀਤੀ, ਸਗੋਂ ਕਿਸੇ ਨੂੰ ਅੱਗੇ ਆਉਣ ਅਤੇ ਕੈਰਨ ਦੇ ਕਤਲ ਵਿੱਚ ਆਪਣੀ ਸ਼ਮੂਲੀਅਤ ਦਾ ਇਕਬਾਲ ਕਰਨ ਲਈ ਵੀ ਪ੍ਰੇਰਿਤ ਕੀਤਾ।

ਉਹ ਸੀ ਇਦਰੀਸ ਅਲੀ, ਜੋ ਪ੍ਰੋਗਰਾਮ ਦੇਖ ਰਿਹਾ ਸੀ ਅਤੇ ਇੱਕ ਦੋਸਤ ਦੇ ਕਹਿਣ 'ਤੇ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਮਰਸੈੱਟ ਦੇ ਇੱਕ ਆਦਮੀ ਐਲਨ ਚਾਰਲਟਨ ਨਾਲ ਮਿਲ ਕੇ ਕੇਅਰ ਹੋਮਜ਼ ਤੋਂ ਕੱਢੀਆਂ ਗਈਆਂ ਨੌਜਵਾਨ ਕੁੜੀਆਂ ਦੀ ਵੇਸਵਾਗਮਨੀ 'ਚ ਸ਼ਾਮਲ ਸੀ।

ਚਾਰਲਟਨ, ਜੂਨ 1981 ਅਤੇ ਫਰਵਰੀ 1982 ਦੇ ਵਿਚਕਾਰ 29 ਫਿਟਜ਼ਾਮੋਨ ਐਂਬੈਂਕਮੈਂਟ ਵਿਖੇ ਇੱਕ ਬੇਸਮੈਂਟ ਫਲੈਟ ਵਿੱਚ ਰਹਿੰਦਾ ਸੀ ਅਤੇ ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਕੈਰਨ ਦੀ ਲਾਸ਼ "ਉਸ ਦੇ ਪਿਛਲੇ ਦਰਵਾਜ਼ੇ ਤੋਂ ਕੁਝ ਕਦਮਾਂ ਦੀ ਦੂਰੀ 'ਤੇ" ਮਿਲੀ ਸੀ।

ਅਲੀ ਨੇ ਜਾਸੂਸਾਂ ਨੂੰ ਦੱਸਿਆ ਕਿ ਉਸ ਨੇ ਚਾਰਲਟਨ ਨੂੰ ਕੈਰਨ ਅਤੇ ਇੱਕ ਹੋਰ 13 ਸਾਲ ਦੀ ਕੁੜੀ ਨੂੰ ਕੱਪੜੇ ਉਤਾਰਨ ਦਾ ਹੁਕਮ ਦਿੰਦੇ ਦੇਖਿਆ ਤਾਂ ਜੋ ਉਹ ਉਨ੍ਹਾਂ ਦੀਆਂ ਨਗਨ ਤਸਵੀਰਾਂ ਲੈ ਸਕੇ।

ਜਦੋਂ ਦੂਜੀ ਕੁੜੀ ਨੇ ਇਨਕਾਰ ਕਰ ਦਿੱਤਾ ਤਾਂ ਅਲੀ ਨੇ ਕਿਹਾ ਕਿ ਚਾਰਲਟਨ ਨੇ ਉਸ 'ਤੇ ਹਮਲਾ ਕੀਤਾ, ਕੈਰਨ ਨੇ ਉਸ ਕੁੜੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਚਾਰਲਟਨ ਨੇ ਉਸ 'ਤੇ ਆਪਣਾ ਗੁੱਸਾ ਕੱਢਿਆ।

ਸਰਕਾਰੀ ਵਕੀਲਾਂ ਮੁਤਾਬਕ ਚਾਰਲਟਨ, ਜਿਸ ਨੂੰ ਉਹ "ਇੱਕ ਮਨੋਰੋਗੀ" ਕਰਾਰ ਦਿੰਦੇ ਹਨ, ਨੇ ਕੈਰਨ ਨੂੰ ਥੱਪੜ ਮਾਰਿਆ ਅਤੇ ਮੁੱਕਾ ਮਾਰਿਆ ਅਤੇ ਅਲੀ ਨੇ ਕਿਹਾ ਕਿ ਜਦੋਂ ਉਸ ਨੇ (ਅਲੀ) ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਚਾਰਲਟਨ ਨੇ ਅਲੀ ਨੂੰ ਵੀ ਮਾਰਿਆ।

ਦੋਸ਼ੀਆਂ ਨੂੰ ਸਜ਼ਾ

ਐਲਨ ਚਾਰਲਟਨ ਨੂੰ 1991 ਵਿੱਚ ਕੈਰਨ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ 2017 ਵਿੱਚ ਰਿਹਾਅ ਹੋਣ ਤੋਂ ਪਹਿਲਾਂ ਉਸਨੇ 26 ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਕੱਟੇ ਸਨ

ਤਸਵੀਰ ਸਰੋਤ, South Wales Police

ਤਸਵੀਰ ਕੈਪਸ਼ਨ, ਐਲਨ ਚਾਰਲਟਨ ਨੂੰ 1991 ਵਿੱਚ ਕੈਰਨ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ

ਦਿ ਕੋਰਟ ਆਫ਼ ਅਪੀਲ ਨੇ ਸੁਣਿਆ ਕਿ ਕਿਵੇਂ, "ਹਿੰਸਾ ਦੀਆਂ ਧਮਕੀਆਂ ਦੇ ਚੱਲਦਿਆਂ'' ਅਲੀ ਨੇ ਕਿਹਾ ਕਿ ਉਸ ਨੇ ਕੈਰਨ ਦੇ ਹੱਥ "ਬਹੁਤ ਥੋੜ੍ਹੇ ਸਮੇਂ ਲਈ" ਫੜ ਕੇ ਰੱਖੇ ਜਦਕਿ ਚਾਰਲਟਨ ਉਸ ਨੂੰ ਮੁੱਕੇ ਅਤੇ ਥੱਪੜ ਮਾਰਦਾ ਰਿਹਾ।

ਜਦੋਂ ਚਾਰਲਟਨ ਰੁਕਿਆ, "ਕੈਰਨ ਦੇ ਮੂੰਹ ਵਿੱਚੋਂ ਖੂਨ ਵਗ ਰਿਹਾ ਸੀ ਅਤੇ ਉਹ ਕੋਈ ਹਰਕਤ ਨਹੀਂ ਕਰ ਰਹੀ ਸੀ।"

ਫਿਰ ਚਾਰਲਟਨ ਨੇ ਉਹ ਚੀਜ਼ ਕੱਢੀ, ਜੋ ਉਸ ਸਮੇਂ 16 ਸਾਲ ਦੇ ਰਹੇ ਅਲੀ ਮੁਤਾਬਕ ਇੱਕ ਕਾਰਪੇਟ ਵਰਗੀ ਸੀ ਅਤੇ ਉਸ ਨੇ ਸਵੀਕਾਰ ਕੀਤਾ ਕਿ ਉਸ ਨੇ ਚਾਰਲਟਨ ਨੂੰ ਉਸ ਦੇ (ਕੈਰਨ) ਦੇ ਸਰੀਰ ਨੂੰ ਲਪੇਟਣ ਵਿੱਚ ਮਦਦ ਕੀਤੀ ਸੀ।

ਕੈਰਨ ਦੀ ਲਾਸ਼ ਨੂੰ ਚਾਰ ਦਿਨਾਂ ਲਈ ਇੱਕ ਅਲਮਾਰੀ ਵਿੱਚ ਰੱਖਿਆ ਗਿਆ ਸੀ। ਫਿਰ ਉਹ ਉਸ ਨੂੰ ਦਫ਼ਨਾਉਣ ਲਈ ਚਾਰ ਦਿਨਾਂ ਬਾਅਦ ਵਾਪਸ ਆਏ ਸੀ। ਇਹ ਉਹ ਸਮਾਂ ਸੀ ਜਦੋਂ ਮੱਖੀਆਂ ਲਾਸ਼ 'ਤੇ ਆਪਣੇ ਅੰਡੇ ਦੇ ਸਕਦੀਆਂ ਸਨ।

ਅਲੀ ਨੇ ਕਿਹਾ ਕਿ ਚਾਰਲਟਨ ਨੇ ਉਸ ਨੂੰ ਫਲੈਟ ਵਿੱਚ ਆਉਣ ਅਤੇ ਫਲੈਟ ਦੀ ਰਸੋਈ ਦੀ ਖਿੜਕੀ ਦੇ ਬਾਹਰ, ਪਿਛਲੇ ਬਾਗ਼ ਵਿੱਚ ਇੱਕ ਅਸਥਾਈ ਕਬਰ ਵਿੱਚ ਕੈਰਨ ਦੀ ਲਾਸ਼ ਨੂੰ ਦਫ਼ਨਾਉਣ ਵਿੱਚ ਮਦਦ ਕਰਨ ਲਈ ਕਿਹਾ ਸੀ।

ਇਹ ਆਖਰੀ ਵਾਰ ਸੀ ਜਦੋਂ ਕਿਸੇ ਨੇ ਅੱਠ ਸਾਲਾਂ ਵਿੱਚ ਕੈਰਨ ਪ੍ਰਾਈਸ ਨੂੰ ਦੇਖਿਆ ਸੀ।

1991 ਵਿੱਚ, ਚਾਰਲਟਨ ਅਤੇ ਅਲੀ ਦੋਵਾਂ ਨੂੰ ਘੱਟੋ-ਘੱਟ 15 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ 1994 ਵਿੱਚ ਅਲੀ ਨੇ ਗੈਰ-ਇਰਾਦਤਨ ਹੱਤਿਆ ਦੀ ਗੱਲ ਸਵੀਕਾਰ ਕਰ ਲਈ ਸੀ, ਜਿਸ ਤੋਂ ਬਾਅਦ ਉਸ 'ਤੇ ਹੱਤਿਆ ਦਾ ਦੋਸ਼ ਸਾਬਿਤ ਹੋ ਗਿਆ ਸੀ।

ਅਲੀ ਦਾ ਦਾਅਵਾ ਹੈ ਕਿ ਉਸ ਨੇ ਜੇਲ੍ਹ ਤੋਂ ਬਾਹਰ ਆਉਣ ਲਈ ਘੱਟ ਗੰਭੀਰ ਇਲਜ਼ਾਮਾਂ ਦਾ ਸਹਿ ਦੋਸ਼ੀ ਹੋਣ ਦੀ ਅਪੀਲ ਕੀਤੀ ਸੀ।

ਚਾਰਲਟਨ, ਜਿਸ ਨੇ ਹਮੇਸ਼ਾ ਆਪਣੇ ਆਪ ਨੂੰ ਬੇਗੁਨਾਹ ਦੱਸਿਆ, ਨੂੰ ਜ਼ੁਬਾਨੀ ਸੁਣਵਾਈ ਤੋਂ ਬਾਅਦ 2017 ਵਿੱਚ ਪੈਰੋਲ 'ਤੇ ਰਿਹਾਅ ਕਰ ਦਿੱਤਾ ਗਿਆ ਸੀ।

'ਕਤਲ ਬੇਰਹਿਮ ਅਤੇ ਦਿਲ ਦਹਿਲਾਉਣ ਵਾਲਾ ਸੀ'

ਫਲੈਟ 29, ਫਿਟਜ਼ਾਮੋਨ ਐਂਬੈਂਕਮੈਂਟ, ਕਾਰਡਿਫ ਦੇ ਬਾਹਰ ਦੀ ਇੱਕ ਤਸਵੀਰ, ਜਿੱਥੇ ਕੈਰਨ ਪ੍ਰਾਈਸ ਦੀ ਲਾਸ਼ ਮਿਲੀ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਲੈਟ 29, ਫਿਟਜ਼ਾਮੋਨ ਐਂਬੈਂਕਮੈਂਟ, ਕਾਰਡਿਫ ਦੇ ਬਾਹਰ ਦੀ ਇੱਕ ਤਸਵੀਰ, ਜਿੱਥੇ ਕੈਰਨ ਪ੍ਰਾਈਸ ਦੀ ਲਾਸ਼ ਮਿਲੀ ਸੀ

ਇੱਕ ਬੀਬੀਸੀ ਦਸਤਾਵੇਜ਼ੀ ਫੁਟੇਜ ਵਿੱਚ ਕੈਰਨ ਦੇ ਪਿਤਾ ਲਿਓਨਾਰਡ ਮਾਈਕਲ ਪ੍ਰਾਈਸ ਨੂੰ ਇਹ ਕਹਿੰਦੇ ਹੋਏ ਦਿਖਾਇਆ ਗਿਆ ਸੀ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਕੈਰਨ ਨੇ ਵਿਆਹ ਕਰਵਾ ਲਿਆ ਹੈ ਅਤੇ ਸ਼ਾਇਦ ਉਸ ਦਾ ਆਪਣਾ ਪਰਿਵਾਰ ਹੈ, ਅਤੇ ਉਨ੍ਹਾਂ ਨੇ ਕੇਸ ਦੇ ਸਾਹਮਣੇ ਆਉਣ ਤੱਕ ਇਸ ਬਾਰੇ ਨਹੀਂ ਸੋਚਿਆ ਸੀ ਕੀ ਉਹ ਕਿੱਥੇ ਹੈ।

ਉਨ੍ਹਾਂ ਕਿਹਾ ਸੀ, "ਇਹ ਪਰਿਵਾਰ ਲਈ ਦੁਖਦਾਈ ਹੈ, ਘੱਟੋ-ਘੱਟ ਉਹ ਹੁਣ ਸ਼ਾਂਤੀ ਵਿੱਚ ਹੈ, ਅਤੇ ਉਨ੍ਹਾਂ (ਮੁਲਜ਼ਮਾਂ) ਨਾਲ ਉਹੀ ਹੋਇਆ ਜਿਸ ਦੇ ਉਹ ਹੱਕਦਾਰ ਸਨ।"

ਸਾਊਥ ਵੇਲਜ਼ ਈਕੋ ਵਿੱਚ 1990 ਦੀ ਇੱਕ ਰਿਪੋਰਟ ਦੇ ਅਨੁਸਾਰ, ਮਿਸਟਰ ਪ੍ਰਾਈਸ ਨੇ ਆਖਰੀ ਵਾਰ ਫਰਵਰੀ 1981 ਵਿੱਚ ਆਪਣੀ ਧੀ ਨੂੰ ਇੱਕ ਅਦਾਲਤੀ ਮੁਲਾਕਾਤ ਦੌਰਾਨ ਦੇਖਿਆ ਸੀ, ਜਿਸ ਵਿੱਚ ਉਹ ਉਸ ਦਾ ਹਾਲ ਜਾਣਨ ਲਈ ਗਏ ਸਨ।

ਕੈਰਨ ਦੀ ਮਾਂ ਅਨੀਤਾ ਐਡਵਰਡ ਨੇ ਇੱਕ ਰਿਪੋਰਟਰ ਨੂੰ ਦੱਸਿਆ ਕਿ ਉਸਨੇ 1981 ਵਿੱਚ ਆਪਣੀ ਧੀ ਨੂੰ ਘਰ ਛੱਡਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਰਨ ਦੀ ਮਾਂ ਅਨੀਤਾ ਐਡਵਰਡ ਨੇ ਇੱਕ ਰਿਪੋਰਟਰ ਨੂੰ ਦੱਸਿਆ ਕਿ ਉਸਨੇ 1981 ਵਿੱਚ ਆਪਣੀ ਧੀ ਨੂੰ ਘਰ ਛੱਡਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ

ਆਪਣੀ ਧੀ ਦੇ ਕਤਲ ਬਾਰੇ ਦਿੱਤੇ ਆਪਣੇ ਇਕਲੌਤੇ ਇੰਟਰਵਿਊ ਵਿੱਚ ਕੈਰਨ ਦੀ ਮਾਂ ਅਨੀਤਾ ਐਡਵਰਡ ਨੇ ਕ੍ਰਾਈਮ ਰਿਪੋਰਟਰ ਮਾਈਕ ਅਰਨੋਲਡ ਨੂੰ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਕੈਰਨ ਇੱਕ ਦਿਨ ਆਪਣੇ ਪਤੀ ਅਤੇ ਬੱਚਿਆਂ ਨਾਲ ਉਨ੍ਹਾਂ ਕੋਲ ਘਰ ਵਾਪਸ ਆਵੇਗੀ।

ਉਨ੍ਹਾਂ ਕਿਹਾ ਕਿ 1981 ਵਿੱਚ ਕੈਰਨ ਦੁਆਰਾ ਕੈਸੇਟ ਰਿਕਾਰਡਰ ਚੋਰੀ ਕਰਨ 'ਤੇ ਹੋਏ ਝਗੜੇ ਤੋਂ ਬਾਅਦ, ਉਨ੍ਹਾਂ ਨੇ ਕੈਰਨ ਨੂੰ ''ਰੋਕਣ'' ਦੀ ਕੋਸ਼ਿਸ ਕੀਤੀ ਪਰ ਉਹ ਇੱਕ ਬੱਸ ਚੜ੍ਹ ਗਈ ਅਤੇ ਉਹ ਉਸ ਨੂੰ ਰੋਕਣ ਵਿੱਚ ਅਸਫਲ ਰਹੇ।

ਉਨ੍ਹਾਂ ਨੇ ਫਿਰ ਕਦੇ ਆਪਣੀ ਧੀ ਨੂੰ ਦੁਬਾਰਾ ਕਦੇ ਨਹੀਂ ਦੇਖਿਆ।

ਅਨੀਤਾ ਐਡਵਰਡਸ ਨੇ ਕਿਹਾ ਕਿ ਕੈਰਨ "ਹਮੇਸ਼ਾ ਆਪਣੇ ਹੀ ਖਿਆਲਾਂ ਵਿੱਚ" ਰਹਿੰਦੀ ਸੀ ਅਤੇ ਦਾਅਵਾ ਕੀਤਾ ਕਿ ਉਸ ਨੇ 1984 ਵਿੱਚ ਸਮਾਜਿਕ ਸੇਵਾਵਾਂ ਨੂੰ ਉਸ ਦੀ ਹਾਲਤ ਬਾਰੇ ਪੁੱਛਿਆ, ਪਰ ਕੋਈ ਜਵਾਬ ਨਹੀਂ ਮਿਲਿਆ।

ਸਾਊਥ ਵੇਲਜ਼ ਈਕੋ ਨੇ ਰਿਪੋਰਟ ਦਿੱਤੀ ਕਿ ਐਡਵਰਡਸ ਦੀ ਮੌਤ 26 ਦਸੰਬਰ, 1992 ਨੂੰ 54 ਸਾਲ ਦੀ ਉਮਰ ਵਿੱਚ ਹੋ ਗਈ ਸੀ। ਉਹ ਕ੍ਰਿਸਮਸ ਵਾਲੇ ਦਿਨ ਸ਼ਰਾਬ ਦੇ ਨਸ਼ੇ ਵਿੱਚ ਸਨ ਅਤੇ ਫਿਰ ਬੇਹੋਸ਼ ਹੋਣ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ।

ਟੌਮ ਬੈਡਫੋਰਡ, ਜਾਂਚ ਦੌਰਾਨ ਕੰਮ ਕਰਨ ਵਾਲੇ ਕ੍ਰਾਈਮ ਰਿਪੋਰਟਰ

ਪਰ ਸਵਾਲ ਜਿਓਂ ਦੇ ਤਿਓਂ ਹਨ ਕਿ ਕੋਈ ਵੀ ਉਸ ਕੁੜੀ ਦੀ ਭਾਲ ਕਿਉਂ ਨਹੀਂ ਕਰ ਰਿਹਾ ਸੀ ਜੋ ਸਥਾਨਕ ਅਥਾਰਟੀ ਦੀ ਦੇਖਭਾਲ ਦੌਰਾਨ ਲਾਪਤਾ ਹੋ ਗਈ ਸੀ।

ਕੈਰਨ, ਜੋ ਸਤੰਬਰ ਵਿੱਚ 60 ਸਾਲਾਂ ਦੀ ਹੋ ਜਾਣੀ ਸੀ, ਦਾ ਕਤਲ ਬੇਰਹਿਮ ਅਤੇ ਦਿਲ ਦਹਿਲਾਉਣ ਵਾਲਾ ਸੀ, ਪਰ ਫੋਰੈਂਸਿਕ ਮਾਹਿਰਾਂ ਦਾ ਕਹਿਣਾ ਹੈ ਕਿ ਫੋਰੈਂਸਿਕ ਜਾਂਚ ਵਿੱਚ ਉਸ ਦੀ ਭੂਮਿਕਾ ਦੇ ਕਾਰਨ ਉਸ ਦੀ ਯਾਦ "ਅੱਜ ਤੱਕ" ਜ਼ਿੰਦਾ ਹੈ।

ਬੈੱਡਫੋਰਡ ਨੇ ਕਿਹਾ, "ਮੈਂ ਹਜ਼ਾਰਾਂ ਸਟੋਰੀਜ਼ ਕਵਰ ਕੀਤੀਆਂ ਹਨ ਅਤੇ ਇਹ ਹੁਣ ਤੱਕ ਦੀਆਂ ਸਭ ਤੋਂ ਦੁਖਦਾਈ ਕਹਾਣੀਆਂ ਵਿੱਚੋਂ ਇੱਕ ਹੈ।

"ਇੱਕ ਜਵਾਨ ਕੁੜੀ ਦਾ ਇਸ ਤਰ੍ਹਾਂ ਮਰਨਾ, 15 ਸਾਲ ਦੀ ਉਮਰ ਵਿੱਚ ਉਸ ਦੀ ਜਾਨ ਲੈ ਲੈਣਾ, ਬਹੁਤ ਦੁਖਦਾਈ ਹੈ। ਇਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)