ਉਸਨੂੰ ਦੇਸ਼ ਨੂੰ ਦੀਵਾਲੀਆ ਕਰਨ ਵਾਲੀ 'ਬੇਰਹਿਮ ਤੇ ਬੇਪਰਵਾਹ ਰਾਣੀ' ਵਜੋਂ ਪ੍ਰਚਾਰਿਆ ਗਿਆ ਤੇ ਫਿਰ ਸ਼ਰੇਆਮ ਸਿਰ ਵੱਢ ਦਿੱਤਾ ਗਿਆ, ਜਾਣੋ 'ਇਤਿਹਾਸ ਦੀ ਸਭ ਤੋਂ ਵਿਵਾਦਪੂਰਨ ਰਾਣੀ' ਦੀ ਕਹਾਣੀ

ਤਸਵੀਰ ਸਰੋਤ, Getty Images
- ਲੇਖਕ, ਡੇਬੋਰਾ ਨਿਕੋਲਸ-ਲੀ
- ਰੋਲ, ਬੀਬੀਸੀ ਕਲਚਰ
ਮੈਰੀ ਐਂਟੋਇਨੇਟ, ਯੂਰਪ ਦੀ ਉਹ ਮਹਿਲਾ ਸੀ ਜਿਸ ਨੂੰ ਸ਼ਾਇਦ ਸਭ ਤੋਂ ਵੱਧ ਨਫ਼ਰਤ ਕੀਤੀ ਗਈ। ਉਨ੍ਹਾਂ ਨੂੰ ਇੱਕ ਚਲਾਕ, ਸਾਜ਼ਿਸ਼ ਰਚਣ ਵਾਲੀ ਅਤੇ ਲਾਪਰਵਾਹੀ ਨਾਲ ਖਰਚ ਕਰਨ ਵਾਲੀ ਰਾਣੀ ਵਜੋਂ ਬਦਨਾਮ ਕੀਤਾ ਗਿਆ ਅਤੇ ਫਿਰ ਜਨਤਕ ਤੌਰ 'ਤੇ ਉਨ੍ਹਾਂ ਦਾ ਸਿਰ ਵੱਢ ਦਿੱਤਾ ਗਿਆ।
ਹਾਲ ਹੀ ਇੱਕ ਵੱਡੀ ਪ੍ਰਦਰਸ਼ਨੀ ਵਿੱਚ ਉਨ੍ਹਾਂ ਬਾਰੇ ਕੁਝ ਮਿੱਥਾਂ ਦੀ ਸਮੀਖਿਆ ਕੀਤੀ ਗਈ।
ਅਪ੍ਰੈਲ 1770 ਵਿੱਚ ਜਦੋਂ ਆਸਟਰੀਆ ਦੀ ਮਹਾਰਾਣੀ ਮਾਰੀਆ ਥੇਰੇਸਾ ਦੀ 14 ਸਾਲਾ ਧੀ ਆਰਚਡਚੇਸ ਮਾਰੀਆ ਐਂਟੋਇਨੇਟ, ਵਰਸੇਲਜ਼ ਦੇ ਮਹਿਲ ਵਿੱਚ ਫਰਾਂਸ ਦੇ ਭਵਿੱਖ ਦੇ ਰਾਜਾ ਲੂਈ XVI ਨਾਲ ਵਿਆਹ ਕਰਨ ਲਈ ਤਿਆਰ ਹੋ ਰਹੀ ਸੀ, ਤਾਂ ਮਹਾਰਾਣੀ ਮਾਰੀਆ ਥੇਰੇਸਾ ਨੇ ਆਪਣੀ ਧੀ ਨੂੰ ਸੁਚੇਤ ਕੀਤਾ, "ਸਾਰੀਆਂ ਨਜ਼ਰਾਂ ਤੁਹਾਡੇ 'ਤੇ ਹੋਣਗੀਆਂ''।
ਫਿਰ ਵੀ, ਮੈਰੀ ਐਂਟੋਇਨੇਟ, ਜਿਨ੍ਹਾਂ ਨੂੰ ਬਾਅਦ ਵਿੱਚ ਆਰਚਡਚੇਸ ਵਜੋਂ ਜਾਣਿਆ ਗਿਆ, ਨਾਲ ਜੋ ਬੀਤੀ ਉਹ ਉਮੀਦ ਨਾਲੋਂ ਕਿਤੇ ਜ਼ਿਆਦਾ ਬੇਰਹਿਮ ਸੀ।
ਉਨ੍ਹਾਂ ਨੂੰ ਇੱਕ ਬੇਰਹਿਮ, ਸਾਜ਼ਿਸ਼ ਰਚਣ ਵਾਲੀ ਅਤੇ ਲਾਪਰਵਾਹੀ ਨਾਲ ਖਰਚ ਕਰਨ ਵਾਲੀ ਰਾਣੀ ਵਜੋਂ ਬਦਨਾਮ ਕੀਤਾ ਗਿਆ ਸੀ ਜਿਸ ਦੀ ਫਾਲਤੂ ਜੀਵਨ ਸ਼ੈਲੀ ਦੇਸ਼ ਨੂੰ ਦੀਵਾਲੀਆ ਕਰ ਰਹੀ ਸੀ। ਇਸ ਸਭ ਨੇ ਫਰਾਂਸੀਸੀ ਕ੍ਰਾਂਤੀ ਦੀ ਲਹਿਰ ਛੇੜੀ ਅਤੇ ਇੱਕ ਦੁਰਲੱਭ ਅਤੇ ਹੈਰਾਨੀਜਨਕ ਮਾਮਲੇ 'ਚ ਰਾਣੀ ਨੂੰ ਜਨਤਕ ਤੌਰ 'ਤੇ ਮੌਤ ਦੀ ਸਜ਼ਾ ਦਿੱਤੀ ਗਈ।
ਮੈਰੀ ਐਂਟੋਇਨੇਟ ਪ੍ਰਤੀ ਸਾਡੀ ਰੁਚੀ ਕਦੇ ਵੀ ਘੱਟ ਨਹੀਂ ਹੋਈ ਪਰ ਉਨ੍ਹਾਂ ਦੀ ਕਹਾਣੀ ਨਾਲ ਜੁੜੇ ਕੁਝ ਸਵਾਲ ਉਠਦੇ ਰਹੇ ਹਨ, ਜਿਵੇਂ ਕਿ - ਕੀ ਵਾਕਈ ਉਹ ਨਫ਼ਰਤ ਦੇ ਲਾਇਕ ਸੀ ਜਾਂ ਫਿਰ ਉਹ ਵਿਰੋਧੀ ਹਿੱਤਾਂ ਦੀ ਕੁਰਬਾਨੀ ਚੜ੍ਹ ਗਈ ਅਤੇ ਝੂਠਾਂ ਕਾਰਨ ਬਦਨਾਮ ਹੋ ਗਈ?

ਤਸਵੀਰ ਸਰੋਤ, Victoria and Albert Museum, London
ਮੈਰੀ ਐਂਟੋਇਨੇਟ ਸਬੰਧੀ ਇੱਕ ਲੰਦਨ ਦੇ ਵਿਕਟੋਰੀਆ ਐਂਡ ਅਲਬਰਟ ਮਿਊਜ਼ੀਅਮ ਵਿੱਚ 20 ਸਤੰਬਰ ਤੋਂ ਸ਼ੁਰੂ ਹੋਈ ਇੱਕ ਪ੍ਰਦਰਸ਼ਨੀ (ਮੈਰੀ ਐਂਟੋਇਨੇਟ ਸਟਾਈਲ) ਦੇ ਕਿਊਰੇਟਰ ਡਾਕਟਰ ਸਾਰਾਹ ਗ੍ਰਾਂਟ ਲਈ ਮੈਰੀ ਐਂਟੋਇਨੇਟ ''ਇਸਤਿਹਾਸ ਦੀ ਸਭ ਤੋਂ ਫੈਸ਼ਨੇਬਲ, ਜਾਂਚੀ ਗਈ ਅਤੇ ਵਿਵਾਦਪੂਰਨ ਰਾਣੀ" ਹੈ।
ਰਾਣੀ ਮੈਰੀ ਐਂਟੋਇਨੇਟ ਦੇ ਜਨਮ ਦੀ 270ਵੀਂ ਵਰ੍ਹੇਗੰਢ ਸਬੰਧੀ ਇਹ ਯਾਦਗਾਰੀ ਪ੍ਰਦਰਸ਼ਨੀ ਮੈਰੀ ਦੇ ਸਟਾਈਲ ਅਤੇ ਅੰਦਾਜ਼ ਦਾ ਜਸ਼ਨ ਮਨਾ ਰਹੀ ਹੈ ਅਤੇ ਉਨ੍ਹਾਂ ਨਾਲ ਜੁੜੇ ਕੁਝ ਮਿੱਥਾਂ 'ਤੇ ਸਵਾਲ ਵੀ ਉਠਾ ਰਹੀ ਹੈ।
ਅਜਿਹਾ ਹੀ ਇੱਕ ਮਿੱਥ ਰਾਣੀ ਸਬੰਧੀ ਅਪੁਸ਼ਟ ਟਿੱਪਣੀ ਹੈ - "ਉਨ੍ਹਾਂ ਨੂੰ ਕੇਕ ਖਾਣ ਦਿਓ", ਜੋ ਕਿ ਫ਼ਰਾਂਸ 'ਚ ਰੋਟੀ ਦੀ ਘਾਟ ਦੇ ਮਾਮਲੇ 'ਚ ਉਨ੍ਹਾਂ ਦਾ ਇੱਕ ਰੁੱਖਾ ਜਵਾਬ ਕਿਹਾ ਜਾਂਦਾ ਹੈ।
ਯੂਰਪੀਅਨ ਦਾਰਸ਼ਨਿਕ ਜੀਨ-ਜੈਕ ਰੂਸੋ ਨੇ ਆਪਣੀ 1765 ਦੀ ਰਚਨਾ "ਕਨਫੈਸ਼ਨਜ਼" ਵਿੱਚ ਇਸ ਟਿੱਪਣੀ ਦਾ ਸਿਹਰਾ "ਇੱਕ ਨੇਕ ਰਾਜਕੁਮਾਰੀ" ਨੂੰ ਦਿੱਤਾ ਸੀ, ਪਰ ਮੈਰੀ ਐਂਟੋਇਨੇਟ ਉਸ ਸਮੇਂ ਸਿਰਫ਼ ਦਸ ਸਾਲ ਦੇ ਸਨ ਅਤੇ ਅਜੇ ਆਸਟਰੀਆ ਵਿੱਚ ਹੀ ਸਨ। ਇਸ ਲਈ ਇਹ ਸੰਭਾਵਨਾ ਨਹੀਂ ਹੈ ਕਿ ਉਨ੍ਹਾਂ ਨੇ ਕਦੇ ਅਜਿਹਾ ਕਿਹਾ ਹੋਵੇ।
"ਡਾਇਮੰਡ ਨੈਕਲੇਸ ਅਫੇਅਰ" (1785-6) ਦੇ ਰੂਪ ਵਿੱਚ ਮੈਰੀ ਬਾਰੇ ਹੋਰ ਵੀ ਝੂਠੀਆਂ ਖ਼ਬਰਾਂ ਫੈਲੀਆਂ, ਜਿਨ੍ਹਾਂ ਵਿੱਚ ਝੂਠਾ ਦਾਅਵਾ ਕੀਤਾ ਗਿਆ ਸੀ ਕਿ ਰਾਣੀ ਨੇ 600 ਤੋਂ ਵੱਧ ਹੀਰਿਆਂ ਵਾਲਾ ਇੱਕ ਹਾਰ ਮੰਗਵਾਇਆ ਸੀ।
ਹਾਲਾਂਕਿ ਇਸ ਮਾਮਲੇ 'ਚ ਉਨ੍ਹਾਂ ਨੂੰ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਸੀ, ਪਰ ਇਸ ਝੂਠੀ ਖ਼ਬਰ ਨੇ ਰਾਣੀ ਦੀ ਉਸ ਤਸਵੀਰ ਨੂੰ ਹੋਰ ਮਜ਼ਬੂਤ ਕਰ ਦਿੱਤਾ ਜੋ ਦਿਖਾਉਂਦੀ ਸੀ ਕਿ ਉਹ ਫਜ਼ੂਲ ਖਰਚੀ ਕਰਨ ਵਾਲੀ ਮਹਿਲਾ ਹੈ।

ਤਸਵੀਰ ਸਰੋਤ, CC0 Paris Musées / Musée Carnavalet - Histoire de Paris
ਉਸ ਹਾਰ ਨੂੰ ਸਦਰਲੈਂਡ ਹਾਰ ਵਜੋਂ ਜਾਣਿਆ ਜਾਂਦਾ ਹੈ ਅਤੇ ਉਸ ਦੀ ਇੱਕ ਨਕਲ ਐਕਗਜ਼ੀਬਿਸ਼ਨ (ਪ੍ਰਦਰਸ਼ਨੀ) ਵਿੱਚ ਵੀ ਰੱਖੀ ਗਈ ਸੀ।
ਇਸ ਦੇ ਨਾਲ ਹੀ ਕੁਝ ਹੋਰ ਵਸਤੂਆਂ ਵੀ ਹਨ ਜੋ ਉਨ੍ਹਾਂ ਦੀ ਵਿਰਾਸਤ ਅਤੇ ਚੰਗੀਆਂ ਚੀਜ਼ਾਂ ਪ੍ਰਤੀ ਉਨ੍ਹਾਂ ਦੇ ਪ੍ਰੇਮ ਨੂੰ ਦਰਸਾਉਂਦੀਆਂ ਹਨ, ਜਿਵੇਂ ਕਿ ਫ੍ਰੈਂਚ ਰਿਵਾਈਵਲ (1800-1890) ਦੇ ਆਲੀਸ਼ਾਨ ਫਰਨੀਚਰ, ਜੋ ਮੈਰੀ ਦੇ ਸਟਾਈਲ ਨੂੰ ਦਰਸਾਉਂਦੇ ਹਨ।
ਮੈਰੀ ਇੱਕ ਜਵਾਨ ਰਾਣੀ ਸਨ ਅਤੇ ਉਨ੍ਹਾਂ ਦੀ ਸ਼ਾਨਦਾਰ ਜੀਵਨ ਸ਼ੈਲੀ ਨੇ ਭੁੱਖੇ ਗਰੀਬਾਂ ਦੇ ਮਨਾਂ 'ਤੇ ਉਸੇ ਤਰ੍ਹਾਂ ਕੰਮ ਕੀਤਾ ਜਿਵੇਂ ਕੋਈ ਜ਼ਖਮ 'ਤੇ ਲੂਣ ਮਲ਼ ਦੇਵੇ। ਉਨ੍ਹਾਂ ਦਾ ਪਤੀ ਕਮਜ਼ੋਰ ਅਤੇ ਆਲਸੀ ਸੀ। ਉਸ ਨੂੰ ਆਪਣੀ ਪਤਨੀ ਮੈਰੀ ਨਾਲੋਂ ਜ਼ਿਆਦਾ ਦਿਲਚਸਪੀ ਸ਼ਿਕਾਰ ਕਰਨ ਵਿੱਚ ਸੀ, ਅਤੇ ਵਿਆਹ ਦੇ ਸੱਤ ਸਾਲਾਂ ਤੱਕ ਉਸ ਨੇ ਆਪਣੀ ਪਤਨੀ ਨਾਲ ਕੋਈ ਆਨੰਦ ਨਹੀਂ ਮਾਣਿਆ।
ਉਸ ਖਾਲੀਪਣ ਨੂੰ ਭਰਨ ਲਈ ਮੈਰੀ ਨੇ ਸ਼ਾਨਦਾਰ ਪਾਰਟੀਆਂ, ਜੂਏ ਅਤੇ ਫੈਸ਼ਨ ਵਿੱਚ ਆਪਣਾ ਮਨ ਬਹਿਲਾਉਣ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਪਹਿਰਾਵੇ ਅਜਿਹੇ ਹੁੰਦੇ ਸਨ ਮੰਨੋ ਕਿਸੇ ਨੇ ਕਲਪਨਾ ਨਾਲ ਸਜਾ ਦਿੱਤੇ ਹੋਣ।
ਉਨ੍ਹਾਂ ਦੇ ਅਜਿਹੇ ਪਹਿਰਾਵੇ ਅਤੇ ਉੱਚੇ ਵਾਲਾਂ ਵਾਲੇ ਸਟਾਈਲ ਉਸ ਸਮੇਂ ਬਹੁਤ ਜ਼ਿਆਦਾ ਨਕਲ ਕੀਤੇ ਜਾਂਦੇ ਸਨ। ਉਹ ਬਾਅਦ ਵਿੱਚ ਇਹੀ ਵਿਵਾਦਿਤ ਰਾਣੀ, ਮੈਡੋਨਾ ਅਤੇ ਰਿਹਾਨਾ ਵਰਗੇ ਪੌਪ ਸਟਾਰਾਂ ਅਤੇ ਵਿਵੀਅਨ ਵੈਸਟਵੁੱਡ, ਡਾਇਰ ਅਤੇ ਮੋਸਚਿਨੋ ਵਰਗੇ ਫੈਸ਼ਨ ਡਿਜ਼ਾਈਨਰਾਂ ਲਈ ਪ੍ਰੇਰਨਾ ਬਣ ਗਈ।
'ਮੈਡਾਮ ਡੈਫਿਸਿਟ'

ਤਸਵੀਰ ਸਰੋਤ, I Want Candy LLC and Zoetrope Corp
ਹਾਲਾਂਕਿ, ਉਨ੍ਹਾਂ ਨੂੰ ਦਿੱਤਾ ਗਿਆ 'ਮੈਡਮ ਡੈਫਿਸਿਟ' ਉਪਨਾਮ ਅਨੁਚਿਤ ਸੀ। ਭਾਵੇਂ ਉਹ ਰਾਜੇ ਦੇ ਭਰਾਵਾਂ ਨਾਲੋਂ ਘੱਟ ਖਰਚ ਕਰਦੇ ਸਨ ਅਤੇ ਬਹੁਤ ਸਾਰੇ ਬਿਗੜੈਲ ਫਰਾਂਸੀਸੀ ਰਾਜਿਆਂ ਵਿੱਚੋਂ ਮਹਿਜ਼ ਇੱਕ ਸਨ ਪਰ ਫਿਰ ਵੀ ਇਹ ਵਿਦੇਸ਼ੀ ਰਾਣੀ ਫਰਾਂਸੀਸੀ ਸਰਕਾਰ ਦੇ ਫੰਡਾਂ ਦੇ ਪ੍ਰਬੰਧਨ ਲਈ ਇੱਕ ਸੁਵਿਧਾਜਨਕ ਬਲੀ ਦਾ ਬੱਕਰਾ ਬਣ ਗਈ ਸੀ।
ਡਾਕਟਰ ਸਾਰਾਹ ਗ੍ਰਾਂਟ ਨੇ ਬੀਬੀਸੀ ਨੂੰ ਦੱਸਿਆ, "ਫਰਾਂਸ ਦੀਵਾਲੀਆ ਹੋ ਗਿਆ, ਮੈਰੀ ਐਂਟੋਇਨੇਟ ਦੇ ਖਰਚਿਆਂ ਕਾਰਨ ਨਹੀਂ ਸਗੋਂ ਯੁੱਧਾਂ ਕਾਰਨ। ਅੱਜ ਉਨ੍ਹਾਂ ਦੇ ਕੱਪੜਿਆਂ ਦਾ ਬਜਟ ਲਗਭਗ ਇੱਕ ਮਿਲੀਅਨ ਡਾਲਰ ਹੋਵੇਗਾ, ਪਰ ਫਰਾਂਸ ਨੇ ਸਿਰਫ਼ ਅਮਰੀਕਾ ਦੀ ਆਜ਼ਾਦੀ ਦੀ ਲੜਾਈ 'ਤੇ ਹੀ 11.25 ਬਿਲੀਅਨ ਡਾਲਰ ਖਰਚ ਕਰ ਦਿੱਤੇ।"
ਖਰਚਿਆਂ ਨੂੰ ਘਟਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੇ ਉਨ੍ਹਾਂ ਦੇ ਨਵੇਂ ਦੁਸ਼ਮਣ ਬਣਾ ਦਿੱਤੇ। ਡਾਕਟਰ ਸਾਰਾਹ ਗ੍ਰਾਂਟ ਦੇ ਅਨੁਸਾਰ, "ਜਦੋਂ ਮੈਰੀ ਨੇ ਰੇਸ਼ਮ ਪਹਿਨਣਾ ਬੰਦ ਕਰ ਦਿੱਤਾ ਤਾਂ ਰੇਸ਼ਮ ਉਦਯੋਗ ਢਹਿ ਗਿਆ, ਕਿਉਂਕਿ ਲੋਕਾਂ ਦੀ ਰੋਜ਼ੀ-ਰੋਟੀ ਨੂੰ ਖ਼ਤਰਾ ਸੀ।"
ਇਹ 1783 ਵਿੱਚ ਹੋਰ ਵੀ ਪ੍ਰਸਿੱਧ ਹੋ ਗਿਆ ਜਦੋਂ ਮੈਰੀ ਨੇ ਇੱਕ 'ਆਮ' ਪੋਸ਼ਾਕ ਪਹਿਨ ਕੇ ਆਪਣੇ ਆਪ ਦੀ ਇੱਕ ਵੱਖਰੀ ਛਵੀ ਬਣਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਸ ਮੂਲ ਪਹਿਰਾਵੇ ਦੀ ਥਾਂ ਕਿਸੇ ਹੋਰ ਆਲੀਸ਼ਾਨ ਅਤੇ ਰਸਮੀ (ਵਿਸ਼ੇਸ਼) ਚੀਜ਼ ਨੇ ਲੈ ਲਈ।
ਡਾਕਟਰ ਸਾਰਾਹ ਗ੍ਰਾਂਟ ਦੇ ਅਨੁਸਾਰ, "ਮੈਰੀ ਐਂਟੋਇਨੇਟ ਤੋਂ ਉਮੀਦ ਕੀਤੀ ਜਾਂਦੀ ਸੀ ਉਹ ਸ਼ਾਹੀ ਠਾਠ-ਬਾਠ ਨੂੰ ਦਰਸਾਉਣ। ਇਸ ਤਰ੍ਹਾਂ, ਰਾਜਸ਼ਾਹੀ ਨੇ ਆਪਣੀ ਸ਼ਕਤੀ ਬਣਾਈ ਰੱਖਦੀ ਸੀ।"
ਇਸ ਸ਼ੁਰੂਆਤੀ ਆਧੁਨਿਕ ਸ਼ਖਸੀਅਤ ਦੇ ਆਲੇ-ਦੁਆਲੇ ਗੜ੍ਹੀਆਂ ਗਈਆਂ ਲੋਕ-ਕਥਾਵਾਂ ਵਿੱਚ ਮੈਰੀ ਦੇ ਦਾਨ-ਪੁੰਨ ਦੇ ਕੰਮਾਂ ਦਾ ਕੋਈ ਜ਼ਿਕਰ ਨਹੀਂ ਹੈ। ਮੈਰੀ ਹਰ ਸਾਲ ਆਪਣੇ ਕੱਪੜਿਆਂ ਨੂੰ ਰੀਸਾਈਕਲ ਕਰਦੇ ਸਨ ਅਤੇ ਉਨ੍ਹਾਂ ਨੂੰ ਆਪਣੇ ਨੌਕਰਾਂ ਨਾਲ ਸਾਂਝਾ ਕਰਦੇ ਸਨ। ਉਨ੍ਹਾਂ ਨੇ ਕਈ ਬੱਚਿਆਂ ਨੂੰ ਗੋਦ ਲਿਆ, ਜਿਨ੍ਹਾਂ ਵਿੱਚ ਜੀਨ ਅਮਿਲਕਾਰ, ਇੱਕ ਸੇਨੇਗਲ ਮੁੰਡਾ ਸੀ ਅਤੇ ਜਿਸ ਨੂੰ ਮੈਰੀ ਨੇ ਗੁਲਾਮੀ ਤੋਂ ਮੁਕਤ ਕਰਵਾਇਆ ਸੀ।
ਮੇਰੀ ਦੇ ਮਾਸਿਕ ਧਰਮ ਬਾਰੇ ਵਿਸਥਾਰ ਨਾਲ ਲਿਖਣ ਵਾਲੇ ਲੇਖਕਾ ਮੇਲਾਨੀ ਬਰੋਜ਼ ਨੇ ਬੀਬੀਸੀ ਨੂੰ ਦੱਸਿਆ ਕਿ ਮੈਰੀ ਨੇ "ਆਪਣੇ ਪਤੀ ਦੇ ਮਹਿੰਗੇ ਤੋਹਫ਼ਿਆਂ ਨੂੰ ਅਸਵੀਕਾਰ ਕਰ ਦਿੱਤਾ ਅਤੇ ਖੁੱਲ੍ਹੇ ਦਿਲ ਨਾਲ ਦਾਨ ਕੀਤਾ।"
ਮੇਲਾਨੀ ਬਰੋਜ਼ ਦੇ ਅਨੁਸਾਰ, "ਮੈਰੀ ਐਂਟੋਇਨੇਟ ਨੂੰ ਮੂਰਖ ਅਤੇ ਭੋਲੀ-ਭਾਲੀ ਵਜੋਂ ਦਰਸਾਇਆ ਗਿਆ ਹੈ, ਪਰ ਅਸਲ ਵਿੱਚ ਇੱਕ ਉਦਾਰ ਅਤੇ ਦਿਆਲੂ ਮਹਿਲਾ ਸਨ, ਜਿਨ੍ਹਾਂ ਦੇ ਇਰਾਦੇ ਨੇਕ ਸਨ।"
ਰਾਣੀ ਦੀ ਇਮਾਨਦਾਰੀ 'ਤੇ ਸ਼ੱਕ
ਆਸਟਰੀਆ ਨਾਲ ਸਾਲਾਂ ਦੀ ਦੁਸ਼ਮਣੀ ਤੋਂ ਬਾਅਦ, ਮੈਰੀ ਐਂਟੋਇਨੇਟ ਦੀਆਂ ਵੰਡੀਆਂ ਹੋਈਆਂ ਵਫ਼ਾਦਾਰੀਆਂ, ਜੋ ਕਿ ਫਰਾਂਸੀਸੀ ਅਦਾਲਤ ਵਿੱਚ ਸ਼ਾਂਤੀ ਪ੍ਰਸਤਾਵ ਵਜੋਂ ਪੇਸ਼ ਕੀਤੀਆਂ ਗਈਆਂ ਸਨ, ਨੇ ਉਨ੍ਹਾਂ ਨੂੰ ਸ਼ੱਕੀ ਬਣਾ ਦਿੱਤਾ।
ਇੱਕ ਸ਼ੱਕ ਇਹ ਸੀ ਕਿ ਉਨ੍ਹਾਂ ਨੇ ਆਸਟਰੀਆ ਨਾਲ ਦੇਸ਼ ਦੇ ਫੌਜੀ ਭੇਦ ਸਾਂਝੇ ਕੀਤੇ ਸਨ। ਉਨ੍ਹਾਂ ਬਾਰੇ ਸਾਰੇ ਸ਼ੱਕ ਬੇਬੁਨਿਆਦ ਨਹੀਂ ਸਨ। ਉਨ੍ਹਾਂ ਨੂੰ ਫਰਾਂਸੀਸੀ ਲੋਕਾਂ ਪ੍ਰਤੀ ਉਦਾਸੀਨ ਮੰਨਿਆ ਜਾਂਦਾ ਸੀ। ਉਨ੍ਹਾਂ ਨੂੰ "L'Autre-Chien" (ਇੱਕ ਆਸਟ੍ਰੀਅਨ ਅਤੇ ਕੁੱਤੇ ਲਈ ਇੱਕ ਅਪਮਾਨਜਨਕ ਸ਼ਬਦ) ਉਪਨਾਮ ਦਿੱਤਾ ਗਿਆ ਸੀ। ਇਹ ਦਰਸਾਉਂਦਾ ਹੈ ਕਿ ਲੋਕ ਉਨ੍ਹਾਂ ਨੂੰ ਕਿੰਨਾ ਬੁਰਾ ਮੰਨਦੇ ਸਨ।

ਤਸਵੀਰ ਸਰੋਤ, CC0 Paris Musées Musée Carnavalet - Histoire de Paris
ਰਾਜੇ ਦੇ ਉਲਟ, ਰਾਣੀ ਕੋਲ ਕੋਈ ਸ਼ਕਤੀ ਨਹੀਂ ਸੀ ਅਤੇ ਉਨ੍ਹਾਂ ਨੂੰ ਪਰਦੇ ਪਿੱਛੇ ਰਹਿਣ ਲਈ ਤਿਆਰ ਕੀਤਾ ਗਿਆ ਸੀ। ਮੈਰੀ ਐਂਟੋਇਨੇਟ ਨੂੰ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ, ਬਹੁਤ ਜ਼ਿਆਦਾ ਭਾਵੁਕ ਅਤੇ ਰਾਜਨੀਤਿਕ ਮਾਮਲਿਆਂ ਵਿੱਚ ਆਪਣੇ ਸੁਹਜ ਦੀ ਵਰਤੋਂ ਕਰਨ ਲਈ ਤਿਆਰ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਗੁਪਤ ਰੂਪ ਵਿੱਚ ਮੰਤਰੀਆਂ ਨਾਲ ਲਾਬਿੰਗ ਕੀਤੀ ਅਤੇ ਦੇਸ਼ ਦੁਆਰਾ ਕੀਤੇ ਜਾ ਰਹੇ ਸੰਵਿਧਾਨਕ ਸੁਧਾਰਾਂ ਦਾ ਵਿਰੋਧ ਕੀਤਾ।
ਉਨ੍ਹਾਂ ਦੇ ਦੁਸ਼ਮਣ, ਜਿਵੇਂ ਵੀ ਸੰਭਵ ਹੋ ਸਕੇ ਮੈਰੀ ਨੂੰ ਬਦਨਾਮ ਕਰਨ ਲਈ ਉਤਸੁਕ ਰਹਿੰਦੇ ਸਨ। ਉਨ੍ਹਾਂ ਸਬੰਧੀ ਅਪਮਾਨਜਨਕ ਪੈਂਫਲੇਟ ਵੀ ਵੰਡੇ ਗਏ, ਜਿਨ੍ਹਾਂ ਵਿੱਚੋਂ ਕੁਝ ਤਾਂ ਅਸ਼ਲੀਲ ਸਨ। ਉਨ੍ਹਾਂ ਲੋਕਾਂ ਨੇ ਮੈਰੀ ਐਂਟੋਇਨੇਟ 'ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਇਕਲੌਤੇ ਜਾਣੇ-ਪਛਾਣੇ ਪ੍ਰੇਮੀ ਕਾਉਂਟ ਐਕਸਲ ਵਾਨ ਫੁਰਸਨ ਨਾਲ ਉਨ੍ਹਾਂ ਦੇ ਪ੍ਰੇਮ ਸਬੰਧ ਹਨ, ਨਾਲ ਹੀ ਉਨ੍ਹਾਂ 'ਤੇ ਲੈਸਬੀਅਨਵਾਦ ਅਤੇ ਵਿਆਹ ਤੋਂ ਬਾਹਰ ਸਰੀਰਕ ਸਬੰਧ ਰੱਖਣ ਦਾ ਵੀ ਇਲਜ਼ਾਮ ਲਗਾਇਆ ਗਿਆ।
ਡਾਕਟਰ ਸਾਰਾਹ ਗ੍ਰਾਂਟ ਦੇ ਅਨੁਸਾਰ, ਇਹ ਸਾਰੀ ਗੱਪ-ਸ਼ੱਪ "ਮਹਿਲਾਵਾਂ ਪ੍ਰਤੀ ਨਫਰਤ ਨਾਲ ਪ੍ਰੇਰਿਤ ਸੀ। ਮੈਰੀ ਬਾਰੇ ਬਹੁਤ ਸਾਰੀਆਂ ਮਿੱਥਾਂ ਤਾਂ ਉਦੋਂ ਪੈਦਾ ਹੋਈਆਂ ਜਦੋਂ 19ਵੀਂ ਸਦੀ ਵਿੱਚ ਮਰਦਾਂ ਨੇ ਮੈਰੀ ਬਾਰੇ ਜੀਵਨੀਆਂ ਲਿਖੀਆਂ।"
ਮੇਲਾਨੀ ਬਰੋਜ਼ ਦੇ ਅਨੁਸਾਰ, ਰਾਣੀ ਮੈਰੀ ਐਂਟੋਇਨੇਟ ਅਸਲ ਵਿੱਚ ਬਹੁਤ ਸਮਝਦਾਰ ਸਨ। ਉਹ ਘੱਟ ਹੀ ਸ਼ਰਾਬ ਪੀਂਦੇ ਸਨ। "ਉਹ ਬਹੁਤ ਹਲਕੀ-ਫੁਲਕੀ ਦਿਲਲਗੀ ਕਰਦੇ ਸਨ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਇਹ ਵੀ ਪਸੰਦ ਨਹੀਂ ਕਿ ਉਨ੍ਹਾਂ ਦੀਆਂ ਨੌਕਰਾਣੀਆਂ ਉਨ੍ਹਾਂ ਨੂੰ ਬਿਨਾਂ ਕੱਪੜਿਆਂ ਦੇ ਦੇਖਣ।'' ਫਿਰ ਵੀ, ਉਨ੍ਹਾਂ ਬਾਰੇ ਅਫਵਾਹਾਂ ਫੈਲਦੀਆਂ ਰਹੀਆਂ।
ਆਪਣੀ 2020 ਦੀ ਕਿਤਾਬ, "ਮੈਰੀ ਐਂਟੋਇਨੇਟ'ਜ਼ ਵਰਲਡ: ਇੰਟ੍ਰੀਗ, ਇਨਫਿਡੇਲਿਟੀ, ਐਂਡ ਐਡਲਟਰੀ ਐਟ ਵਰਸੇਲਜ਼" ਵਿੱਚ ਬਿਲ ਬਾਸ਼ਰ ਅੰਦਾਜ਼ਾ ਲਗਾਉਂਦੇ ਹਨ ਕਿ ਮੈਰੀ ਦਾ ਗਰਭਾਸ਼ਯ 'ਚੋਂ ਲਗਾਤਾਰ ਖੂਨ ਵਹਿਣਾ, ਜਿਣਸੀ ਤੌਰ 'ਤੇ ਫੈਲੇ ਰੋਗ ਕਾਰਨ ਹੋਇਆ ਸੀ।
ਪਰ ਨਾਲ ਹੀ ਉਹ ਇਹ ਦਲੀਲ ਵੀ ਦਿੰਦੇ ਹਨ ਕਿ ਮੈਰੀ ਨੂੰ "ਭਾਵਨਾਤਮਕ ਤੌਰ 'ਤੇ ਪੀੜਤ" ਕੀਤਾ ਗਿਆ ਸੀ। ਉਨ੍ਹਾਂ ਨੂੰ ''ਅਣਗੌਲਿਆ'' ਕੀਤਾ ਗਿਆ ''ਬੋਰ'' ਹੋਣ ਲਈ ਇੱਕਲਾ ਛੱਡ ਦਿੱਤਾ ਗਿਆ।
ਹਾਲਾਂਕਿ, ਬਿਲ ਬਾਸ਼ਰ ਮੈਰੀ ਐਂਟੋਇਨੇਟ ਨੂੰ ਵਿਆਹ ਤੋਂ ਬਾਹਰਲੇ ਸਬੰਧਾਂ ਦਾ ਆਨੰਦ ਮਾਣਨ ਲਈ ਦੋਸ਼ੀ ਠਹਿਰਾਉਂਦੇ ਹਨ। ਪਰ ਉਹ ਇਹ ਵੀ ਕਹਿੰਦੇ ਹਨ ਕਿ ਘੱਟੋ-ਘੱਟ ਉਨ੍ਹਾਂ ਲਈ ਮੈਰੀ ਨੂੰ "ਮਾਫ਼ ਕਰ ਦਿੱਤਾ ਗਿਆ" ਸੀ।
ਰਾਣੀ ਦੇ ਜੀਵਨ ਦੀ ਤ੍ਰਾਸਦੀ

ਤਸਵੀਰ ਸਰੋਤ, Château de Versailles, Dist. Grand Palais RMN / Christophe Fouin
ਯੂਨਾਈਟਿਡ ਕਿੰਗਡਮ ਵਿੱਚ ਨੌਰਥੰਬਰੀਆ ਯੂਨੀਵਰਸਿਟੀ ਵਿੱਚ ਆਧੁਨਿਕ ਯੂਰਪੀਅਨ ਇਤਿਹਾਸ ਦੀ ਐਸੋਸੀਏਟ ਪ੍ਰੋਫੈਸਰ ਡਾਕਟਰ ਲੌਰਾ ਓ'ਬ੍ਰਾਇਨ ਨੇ ਬੀਬੀਸੀ ਨੂੰ ਦੱਸਿਆ, "ਮੈਰੀ ਐਂਟੋਇਨੇਟ ਸੱਚਮੁੱਚ ਇੱਕ ਸਮਰਪਿਤ ਮਾਂ ਸਨ।"
ਰਾਣੀ ਦਾ ਆਪਣੇ ਬੱਚਿਆਂ ਨਾਲ "ਕੋਮਲਤਾ ਅਤੇ ਪਿਆਰ ਭਰਿਆ ਰਿਸ਼ਤਾ" ਸੀ, ਜੋ ਉਨ੍ਹਾਂ ਦੀ ਆਪਣੇ ਪਾਲਣ-ਪੋਸ਼ਣ ਦੇ ਉਲਟ ਸੀ। ਮੈਰੀ ਐਂਟੋਇਨੇਟ ਪਹਿਲੀ ਫਰਾਂਸੀਸੀ ਰਾਣੀ ਸਨ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਇਆ ਅਤੇ ਅਜਿਹੇ ਕੱਪੜੇ ਪਹਿਨੇ ਜੋ ਉਨ੍ਹਾਂ ਦੇ ਪੇਂਡੂ ਜੀਵਨ ਅਤੇ ਇੱਕ ਮਾਂ ਲਈ ਢੁਕਵੇਂ ਸਨ। ਪਰ ਉਨ੍ਹਾਂ ਦੇ ਇਸ ਰੂਪ ਨੂੰ ਅਕਸਰ ਪਾਸੇ ਕਰ ਦਿੱਤਾ ਗਿਆ।
ਯੂਰਪ ਵਿੱਚ ਇਸ ਸਭ ਤੋਂ ਨਫ਼ਰਤ ਕੀਤੀ ਜਾਣ ਵਾਲੀ ਰਾਣੀ ਪ੍ਰਤੀ ਮੋਹ ਵੀ ਉਨ੍ਹਾਂ ਦੀ ਕਹਾਣੀ ਦੀ ਤ੍ਰਾਸਦੀ ਨਾਲ ਜੁੜਿਆ ਹੋਇਆ ਹੈ। ਇੱਕ ਸ਼ਾਹੀ ਰਾਜਵੰਸ਼ ਦੀ ਇਸ ਰਾਜਕੁਮਾਰੀ ਨੂੰ ਇੱਕ ਮੁਸ਼ਕਲ ਸਥਿਤੀ ਵਿੱਚ ਧੱਕ ਦਿੱਤਾ ਗਿਆ ਸੀ।
ਅੰਤ ਵਿੱਚ, ਉਨ੍ਹਾਂ ਨੂੰ ਚਿੱਟੇ ਕੱਪੜੇ ਪਹਿਨਾ ਕੇ ਅਤੇ ਉਨ੍ਹਾਂ ਦੇ ਵੱਲ ਮੁੰਨ ਕੇ ਉਨ੍ਹਾਂ ਨੂੰ ਇੱਕ ਤਾਂਗੇ ਵਿੱਚ ਉਨ੍ਹਾਂ ਦੀ ਮੌਤ ਦੇ ਸਫ਼ਰ 'ਤੇ ਲਿਜਾਇਆ ਗਿਆ।
ਮੈਰੀ ਐਂਟੋਇਨੇਟ ਉਨ੍ਹਾਂ ਕ੍ਰਾਂਤੀਕਾਰੀਆਂ ਲਈ ਹਰ ਤਰ੍ਹਾਂ ਨਾਲ ਇੱਕ ਪ੍ਰਤੀਕ ਬਣ ਗਏ ਸਨ ਜੋ ਫਰਾਂਸ ਨੂੰ ਬਦਲਣਾ ਚਾਹੁੰਦੇ ਸਨ। 1793 ਵਿੱਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇਣਾ, ਦੇਸ਼ ਨੂੰ ਪ੍ਰਾਚੀਨ ਸ਼ਾਸਨ ਦੇ ਸਭ ਤੋਂ ਭੈੜੇ ਤੱਤਾਂ ਤੋਂ ਛੁਟਕਾਰਾ ਦਿਵਾਉਣ ਦੀ ਕੋਸ਼ਿਸ਼ ਸੀ।
ਮੈਰੀ ਐਂਟੋਇਨੇਟ ਦੀ ਮੌਤ ਭਾਵੇਂ ਜਾਇਜ਼ ਸੀ ਜਾਂ ਨਹੀਂ, ਪਰ ਇਸ ਨੇ ਉਨ੍ਹਾਂ ਦੇ ਪ੍ਰਭਾਵ ਨੂੰ ਘੱਟ ਨਹੀਂ ਕੀਤਾ। ਛੋਟੇ, "ਸਾਹੀ ਵਰਗੇ" ਵਾਲ ਅਤੇ ਖੂਨ ਵਰਗੇ ਲਾਲ ਰੰਗ ਚੋਕਰ (ਹਾਰ), ਜੋ ਕਿ ਗਿਲੋਟਿਨ 'ਤੇ ਸਿਰ ਕਲਮ ਕਰਨ ਦੀ ਯਾਦ ਦਿਵਾਉਂਦੇ ਹਨ, ਇੱਕ ਟ੍ਰੈਂਡ ਬਣ ਗਏ। ਮੈਰੀ ਐਂਟੋਇਨੇਟ ਨੂੰ ਉਹ ਲੋਕ ਨਫ਼ਰਤ ਕਰਦੇ ਸਨ ਜੋ ਉਨ੍ਹਾਂ ਬਾਰੇ ਚਰਚਿਤ ਕਹਾਣੀਆਂ 'ਤੇ ਵਿਸ਼ਵਾਸ ਕਰਦੇ ਸਨ, ਪਰ ਉਨ੍ਹਾਂ ਨੂੰ ਵਿਆਪਕ ਤੌਰ ਅਤੇ ਯਾਦਗਾਰੀ ਪ੍ਰਸ਼ੰਸਾ ਵੀ ਮਿਲੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












