ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ 'ਪੀਰ ਬਾਬਾ' ਨੂੰ 14 ਸਾਲ ਦੀ ਸਜ਼ਾ, ਸ਼ੋਸ਼ਣ ਦਾ ਸ਼ਿਕਾਰ ਹੋਏ ਬੱਚਿਆਂ ਨੇ ਜੋ ਕਹਾਣੀਆਂ ਬਿਆਨ ਕੀਤੀਆਂ...

ਸੋਪੋਰ ਅਦਾਲਤ
ਤਸਵੀਰ ਕੈਪਸ਼ਨ, ਅਦਾਲਤ ਨੇ 'ਪੀਰ ਬਾਬਾ' ਵਜੋਂ ਜਾਣੇ ਜਾਂਦੇ ਵਿਅਕਤੀ ਨੂੰ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ੀ ਠਹਿਰਾਉਦਿਆਂ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ
    • ਲੇਖਕ, ਮਾਜਿਦ ਜਹਾਂਗੀਰ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਦੇ ਜੰਮੂ-ਕਸ਼ਮੀਰ ਵਿੱਚ ਅਦਾਲਤ ਨੇ 'ਪੀਰ ਬਾਬਾ' ਵਜੋਂ ਜਾਣੇ ਜਾਂਦੇ ਇੱਕ ਵਿਅਕਤੀ ਨੂੰ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ੀ ਠਹਿਰਾਉਦਿਆਂ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।

ਕਸ਼ਮੀਰ ਦੀ ਸੋਪੋਰ ਅਦਾਲਤ ਦੇ ਮੁੱਖ ਨਿਆਂਇਕ ਮੈਜਿਸਟ੍ਰੇਟ (ਸੀਜੇਐਮ) ਮੀਰ ਵਜਾਹਤ ਨੇ ਆਪਣੇ 125 ਪੰਨਿਆਂ ਦੇ ਫੈਸਲੇ ਵਿੱਚ ਰਣਬੀਰ ਪੀਨਲ ਕੋਡ (ਆਰਪੀਸੀ) ਦੀ ਧਾਰਾ 377 ਦੇ ਤਹਿਤ ਦੋਸ਼ ਤੈਅ ਕੀਤੇ ਹਨ।

ਹਾਲਾਂਕਿ, ਦੋਸ਼ੀ ਦੇ ਪਰਿਵਾਰਕ ਮੈਂਬਰਾਂ ਨੇ ਫੈਸਲੇ ਨੂੰ ਉੱਚ-ਅਦਾਲਤ ਵਿੱਚ ਚੁਣੌਤੀ ਦੇਣ ਦੀ ਗੱਲ ਕੀਤੀ ਹੈੈ।

ਜ਼ਿਕਰਯੋਗ ਹੈ ਕਿ ਭਾਰਤੀ ਦੰਡ ਸਹਿਤਾ ਜੰਮੂ ਅਤੇ ਕਸ਼ਮੀਰ ਵਿੱਚ ਲਾਗੂ ਨਹੀਂ ਹੈ। ਇਸ ਦੇ ਉਲਟ ਮਹਾਰਾਜਾ ਰਣਬੀਰ ਸਿੰਘ ਦੇ ਨਾਮ 'ਤੇ ਬਣੀ ਰਣਬੀਰ ਦੰਡ ਸਹਿਤਾ ਸੂਬੇ ਦੇ ਮੁੱਖ ਅਪਰਾਧਿਕ ਕਾਨੂੰਨ ਵਜੋਂ ਲਾਗੂ ਹੈ।

ਸੀਜੇਐਮ ਮੀਰ ਵਜਾਹਤ ਨੇ ਆਪਣੇ ਫੈਸਲੇ ਵਿੱਚ ਲਿਖਿਆ, "ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਗਏ ਸਬੂਤਾਂ ਦੇ ਆਧਾਰ 'ਤੇ ਦੋਸ਼ੀ ਨੂੰ ਬੱਚਿਆਂ ਨਾਲ ਜਿਨਸੀ ਸ਼ੋਸਣ ਦੇ ਤਹਿਤ ਆਰਪੀਸੀ ਦੀ ਧਾਰਾ 377 ਦੇ ਤਹਿਤ ਦੋਸ਼ੀ ਠਹਿਰਾਇਆ ਜਾਂਦਾ ਹੈ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

"ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦਾ ਇਹ ਸਿਲਸਿਲਾ ਕਈ ਸਾਲਾਂ ਤੱਕ ਜਾਰੀ ਰਿਹਾ ਹੈ।"

ਇਹ ਮਾਮਲਾ ਅਦਾਲਤ ਵਿੱਚ ਲਗਭਗ ਨੌਂ ਸਾਲ ਤੱਕ ਚੱਲਿਆ।

ਅਦਾਲਤ ਨੇ ਪੁਲਿਸ ਨੂੰ ਹਦਾਇਤ ਦਿੱਤੀ ਹੈ ਕਿ ਇਸ ਮਾਮਲੇ ਵਿੱਚ ਬਾਕੀ ਪੀੜਤਾਂ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇ।

ਇਸ ਮਾਮਲੇ ਵਿੱਚ ਅਦਾਲਤ ਨੇ ਅੱਠ ਗਵਾਹਾਂ ਦੇ ਬਿਆਨ ਦਰਜ ਕੀਤੇ ਸਨ, ਪਰ ਅੱਠ ਗਵਾਹਾਂ ਵਿੱਚੋਂ ਸਿਰਫ਼ ਦੋ ਦੇ ਬਿਆਨਾਂ ਨੂੰ ਸਜ਼ਾ ਦਾ ਆਧਾਰ ਬਣਾਇਆ ਗਿਆ ਹੈ।

ਕੌਣ ਹੈ 'ਪੀਰ ਬਾਬਾ'

ਅਦਾਲਤ ਦੇ ਫੈਸਲੇ ਦੇ ਇੱਕ ਹਿੱਸਾ
ਤਸਵੀਰ ਕੈਪਸ਼ਨ, ਅਦਾਲਤ ਦੇ ਫੈਸਲੇ ਦੇ ਇੱਕ ਹਿੱਸੇ ਦੀ ਫੋਟੋ

ਪੁਲਿਸ ਵੱਲੋਂ ਸਾਲ 2016 ਵਿੱਚ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ।

ਇਸ ਮਾਮਲੇ ਵਿੱਚ ਅਜਾਜ਼ ਅਹਿਮਦ ਸ਼ੇਖ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਨ੍ਹਾਂ 'ਤੇ ਛੋਟੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਇਲਜ਼ਾਮ ਸੀ।

ਹਾਲਾਂਕਿ ਲਗਭਗ ਇੱਕ ਮਹੀਨਾ ਜੇਲ੍ਹ ਵਿੱਚ ਰਹਿਣ ਤੋਂ ਬਾਅਦ, ਅਜਾਜ਼ ਅਹਿਮਦ ਸ਼ੇਖ ਉਰਫ਼ 'ਪੀਰ ਬਾਬਾ' ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ।

ਸਾਲ 2017 ਵਿੱਚ ਪੁਲਿਸ ਨੇ ਇਸ ਮਾਮਲੇ ਵਿੱਚ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ।

ਅਜਾਜ਼ ਅਹਿਮਦ ਬਾਬਾ ਵਜੋਂ ਕੰਮ ਕਰਦੇ ਸਨ।

ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਦੋ ਪੁੱਤਰ ਅਤੇ ਦੋ ਧੀਆਂ ਹਨ।

ਉਨ੍ਹਾਂ ਪਹਿਲਾ ਸਕੂਲਾਂ ਵਿੱਚ ਅਧਿਆਪਕ ਵਜੋਂ ਵੀ ਕੰਮ ਕੀਤਾ ਹੈ ਅਤੇ ਮਸਜਿਦ ਦੇ ਇਮਾਮ ਵੀ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ-

ਮਾਮਲਾ ਕਿਵੇਂ ਸਾਹਮਣੇ ਆਇਆ

2016 ਵਿੱਚ, ਪੀੜਤ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਇਸ ਪੀੜਤ ਬੱਚੇ ਵੱਲੋਂ ਮੁੜ 'ਪੀਰ ਬਾਬਾ' ਕੋਲ ਜਾਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ। ਇਸ ਮਗਰੋਂ ਬੱਚੇ ਦੇ ਪਿਤਾ ਵੱਲੋਂ ਵਾਰ-ਵਾਰ ਪੁੱਛੇ ਜਾਣ 'ਤੇ ਪੀੜਤ ਨੇ ਘਟਨਾ ਬਾਰੇ ਦੱਸਿਆ।

ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਹੋਣ ਮਗਰੋਂ ਕਈ ਹੋਰ ਪੀੜਤ ਸਾਹਮਣੇ ਆਏ।

ਭਾਵੇਂ ਕਿ ਸਿਰਫ਼ ਇੱਕ ਬੱਚੇ ਵੱਲੋਂ ਹੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ, ਪਰ ਇਲਜ਼ਾਮ ਲਗਾਇਆ ਗਿਆ ਸੀ ਕਿ 'ਪੀਰ ਬਾਬਾ' ਨੇ ਕਈ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਕੀਤਾ ਹੈ।

ਅਦਾਲਤ ਨੇ ਹੁਣ ਦੋ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਫੈਸਲਾ ਸੁਣਾਉਂਦੇ ਹੋਏ ਪੁਲਿਸ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਬਾਕੀ ਪੀੜਤਾਂ ਲਈ ਵੱਖਰੇ ਤੌਰ 'ਤੇ ਮਾਮਲੇ ਦਰਜ ਕੀਤੇ ਜਾਣ।

ਫੈਸਲੇ ਵਿੱਚ ਦੇਰੀ ਕਿਉਂ

ਸੋਪੋਰ ਅਦਾਲਤ
ਤਸਵੀਰ ਕੈਪਸ਼ਨ, ਸੋਪੋਰ ਅਦਾਲਤ

ਇਸ ਕੇਸ ਦੇ ਨੌ ਸਾਲਾਂ ਤੱਕ ਜਾਰੀ ਰਹਿਣ ਦੇ ਕਈ ਕਾਰਨ ਦੱਸੇ ਜਾ ਰਹੇ ਹਨ।

ਅਦਾਲਤ ਦੇ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਂਮਾਰੀ, ਪੀੜਤਾਂ ਦਾ ਸਾਹਮਣੇ ਨਾ ਆਉਣ, ਅਧਿਕਾਰੀਆਂ ਦੇ ਤਬਾਦਲੇ ਕਾਰਨ ਸੁਣਵਾਈ ਵਿੱਚ ਲਗਾਤਾਰ ਦੇਰੀ ਹੋਈ ਹੈ।

ਇਹ ਕੇਸ ਲਗਭਗ ਨੌਂ ਸਾਲਾਂ ਤੱਕ ਚੱਲਿਆਂ, ਜਿਸ ਦੌਰਾਨ ਛੇ ਜੱਜਾਂ ਨੇ ਕੇਸ ਦੀ ਸੁਣਵਾਈ ਕੀਤੀ।

ਇਸ ਮਾਮਲੇ ਦੇ ਸੀਨੀਅਰ ਪਬਲਿਕ ਵਕੀਲ ਮਿਰਜ਼ਾ ਜ਼ਾਹਿਦ ਨੇ ਕਿਹਾ, "ਇਸ ਮਾਮਲੇ ਵਿੱਚ ਵੱਡੀ ਚੁਣੌਤੀ ਰਹੀ ਕਿ ਹੋਰਨਾਂ ਪੀੜਤਾਂ ਨੇ ਆਪਣੀਆਂ ਸ਼ਿਕਾਇਤਾਂ ਦਰਜ ਨਹੀਂ ਕਰਵਾਈਆਂ ਸਨ। ਸਿਰਫ਼ ਇੱਕ ਪੀੜਤ ਦੇ ਪਿਤਾ ਨੇ ਪੁਲਿਸ ਕੋਲ ਕੇਸ ਦਰਜ ਕਰਵਾਇਆ ਸੀ।"

"ਇਸ ਮਾਮਲੇ ਦੇ ਬਹੁਤ ਸਾਰੇ ਪੀੜਤ ਅੱਗੇ ਨਹੀਂ ਆਏ। ਜਦੋਂ ਇਹ ਕੇਸ ਦਰਜ ਕੀਤਾ ਗਿਆ ਸੀ, ਕਸ਼ਮੀਰ ਵਿੱਚ ਹਾਲਾਤ ਖਰਾਬ ਸਨ, ਕੱਟੜਤਾ ਆਪਣੇ ਸਿਖਰ 'ਤੇ ਸੀ, ਅੰਦੋਲਨ ਹੁੰਦੇ ਰਹਿੰਦੇ ਸਨ।"

ਉਨ੍ਹਾਂ ਮੁਤਾਬਕ ਦੋਸ਼ੀ ਦੇ ਧਾਰਮਿਕ ਬਾਬਾ ਹੋਣ ਕਾਰਨ ਕਾਰਵਾਈ ਕਰਨ ਵਿੱਚ ਦੇਰੀ ਹੋਈ ਹੈ।

ਉਨ੍ਹਾਂ ਕਿਹਾ, "ਅਜਿਹੇ 'ਪੀਰ ਬਾਬਾ' ਧਰਮ ਦੇ ਨਾਮ 'ਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣੇ ਵੱਲ ਕਰਨ ਵਿੱਚ ਸਫਲ ਹੁੰਦੇ ਹਨ।"

"ਜਦੋਂ ਕਕਾਨੂੰਨ ਵੱਲੋਂ ਅਜਿਹੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦੇ ਪੈਰੋਕਾਰ ਨੂੰ ਝਟਕਾ ਲਗਦਾ ਹੈ ਅਤੇ ਅਜਿਹੇ ਲੋਕ ਕਈ ਵਾਰ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੰਦੇ ਹਨ।"

ਪੀੜਤ ਨੇ ਕੀ ਕਿਹਾ

ਇਸ ਫੈਸਲੇ 'ਤੇ ਪੀੜਤ ਨੇ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਕਿਹਾ, "ਮੈਨੂੰ ਹੈਰਾਨੀ ਹੈ ਕਿ ਇੰਨੇ ਗੰਭੀਰ ਮਾਮਲੇ ਵਿੱਚ ਇਨਸਾਫ਼ ਵਿੱਚ ਨੌਂ ਸਾਲ ਕਿਵੇਂ ਲੱਗ ਗਏ। ਇਹ ਫੈਸਲਾ ਬਹੁਤ ਪਹਿਲਾਂ ਆ ਜਾਣਾ ਚਾਹੀਦਾ ਸੀ।"

"ਇਸ ਮਾਮਲੇ ਕਾਰਨ, ਮੈਂ ਅਤੇ ਹੋਰ ਕਈ ਪੀੜਤ ਬਹੁਤ ਮੁਸੀਬਤ ਅਤੇ ਦਰਦ ਵਿੱਚੋਂ ਲੰਘੇ ਹਾਂ। ਹੁਣ ਜਦੋਂ ਫੈਸਲਾ ਆ ਗਿਆ ਹੈ, ਮੈਂ ਜੱਜ ਦਾ ਧੰਨਵਾਦੀ ਹਾਂ। ਜੱਜ ਨੇ ਕਵਿਤਾ ਰਾਹੀ ਮੇਰਾ ਦਰਦ ਵੀ ਉਜਾਗਰ ਕੀਤਾ ਹੈ। ਉਨ੍ਹਾਂ ਨੂੰ ਸਲਾਮ।"

ਆਪਣੇ ਫੈਸਲੇ ਵਿੱਚ, ਜੱਜ ਨੇ ਇੱਕ ਕਵਿਤਾ ਰਾਹੀਂ ਬੱਚਿਆਂ ਦੇ ਸ਼ੋਸ਼ਣ ਬਾਰੇ ਗੱਲ ਕੀਤੀ ਹੈ।
ਤਸਵੀਰ ਕੈਪਸ਼ਨ, ਆਪਣੇ ਫੈਸਲੇ ਵਿੱਚ, ਜੱਜ ਨੇ ਇੱਕ ਕਵਿਤਾ ਰਾਹੀਂ ਬੱਚਿਆਂ ਦੇ ਸ਼ੋਸ਼ਣ ਬਾਰੇ ਗੱਲ ਕੀਤੀ ਹੈ।

ਕਿੰਨੇ ਪੀੜਤਾਂ ਨੇ ਕੀਤੀ ਸ਼ਿਕਾਇਤ

ਫੈਸਲੇ ਵਿੱਚ ਦੱਸਿਆ ਗਿਆ ਹੈ ਕਿ ਦੋ ਪੀੜਤ ਬੱਚਿਆਂ ਦੀਆਂ ਕਹਾਣੀਆਂ ਸੁਣਨ ਤੋਂ ਬਾਅਦ, ਇੱਕ 'ਜੋਇੰਟ ਟ੍ਰਾਇਲ' ਚਲਾਇਆ ਗਿਆ, ਜਿਸ ਵਿੱਚ ਕਈ ਹੋਰ ਪੀੜਤ ਵੀ ਸਾਹਮਣੇ ਆਏ।

ਅਦਾਲਤ ਮੁਤਾਬਕ ਹੋਰ ਪੀੜਤਾਂ ਦੀ ਗਵਾਹੀ ਦਾ ਵੀ ਨੋਟਿਸ ਲਿਆ ਗਿਆ ਹੈ।

ਫੈਸਲੇ ਮੁਤਾਬਕ ਹੋਰਨਾਂ ਪੀੜਤਾਂ ਨਾਲ ਸਬੰਧਤ ਘਟਨਾਵਾਂ ਵੱਖ-ਵੱਖ ਸਮੇਂ ਅਤੇ ਥਾਵਾਂ 'ਤੇ ਵਾਪਰੀਆਂ ਅਤੇ ਇੱਕ ਸਾਲ ਦੀ ਸਮਾਂ ਸੀਮਾ ਦੇ ਅੰਦਰ ਨਹੀਂ ਸਨ ਅਤੇ ਇਸ ਲਈ ਉਨ੍ਹਾਂ ਨੂੰ 'ਜੋਇੰਟ ਟ੍ਰਾਇਲ' ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।

ਪੀਰ ਬਾਬਾ ਦੇ ਪਿੰਡ ਦੀ ਤਸਵੀਰ
ਤਸਵੀਰ ਕੈਪਸ਼ਨ, ਪੀਰ ਬਾਬਾ ਦੇ ਪਿੰਡ ਦੀ ਤਸਵੀਰ

ਕਿਵੇਂ ਹੋ ਰਿਹਾ ਸੀ ਅਪਰਾਧ

ਸ਼ਿਕਾਇਤ ਦੇ ਅਨੁਸਾਰ, ਅਜਾਜ਼ ਅਹਿਮਦ ਆਪਣੇ ਚੇਲਿਆਂ ਨੂੰ ਆਪਣੇ ਬੱਚਿਆਂ (ਜਿਨ੍ਹਾਂ ਦੀ ਉਮਰ ਪੰਦਰਾਂ ਸਾਲ ਤੋਂ ਘੱਟ ਹੈ) ਨੂੰ ਆਪਣੇ ਕੋਲ ਲਿਆਉਣ ਲਈ ਕਹਿੰਦਾ ਹੁੰਦਾ ਸੀ।

ਉਹ ਆਪਣੇ ਚੇਲਿਆਂ ਨੂੰ ਦੱਸਦਾ ਹੈ ਕਿ ਬੱਚੇ ਇੱਥੇ ਜਿਨ੍ਹ ਨੂੰ ਦੇਖਣਗੇ ਅਤੇ ਉਨ੍ਹਾਂ ਨਾਲ ਗੱਲ ਕਰਨਗੇ।

ਇਸ ਮਗਰੋਂ ਦੇਰ ਰਾਤ ਨੂੰ 'ਪੀਰ ਬਾਬਾ' ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਦਾ ਸੀ।

ਇੱਕ ਪੀੜਤ ਨੇ ਕਿਹਾ ਕਿ ਪੀਰ ਬਾਬਾ ਨੇ ਰਾਤ ਦੇ ਹਨੇਰੇ ਵਿੱਚ ਉਸ ਨਾਲ ਬਲਾਤਕਾਰ ਕੀਤਾ ਸੀ। ਇਸ ਨੇ ਦੱਸਿਆ ਕਿ ਪੀਰ ਬਾਬਾ ਨੇ ਉਸਦਾ ਸ਼ੋਸ਼ਣ 2002 ਵਿੱਚ ਕੀਤਾ ਸੀ, ਜਦੋਂ ਉਹ 9ਵੀਂ ਜਮਾਤ ਦਾ ਵਿਦਿਆਰਥੀ ਸੀ।

ਉਨ੍ਹਾਂ ਨੇ ਕਿਹਾ, "ਪੀਰ ਬਾਬਾ ਦੇ ਕਹਿਣ 'ਤੇ ਮੈਂ ਰਾਤ ਉੱਥੇ ਹੀ ਰਿਹਾ। ਮੈਂ ਇਕੱਲਾ ਸੀ, ਪੀਰ ਬਾਬਾ ਨੇ ਜਿਨ੍ਹ ਦੇ ਭੇਸ ਵਿੱਚ ਮੇਰਾ ਬਲਾਤਕਾਰ ਕੀਤਾ। ਉਹ ਰਾਤ ਮੇਰੀ ਜ਼ਿੰਦਗੀ ਦੀ ਸਭ ਤੋਂ ਹਨੇਰੀ ਰਾਤ ਸੀ।"

ਪੁਲਿਸ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ?

'ਪੀਰ ਬਾਬਾ' ਵਿਰੁੱਧ 2016 ਵਿੱਚ ਕੇਸ ਦਰਜ ਕੀਤਾ ਗਿਆ ਸੀ।

ਉਸ ਸਮੇਂ, ਸੋਪੋਰ ਦੇ ਬੋਮਈ ਪੁਲਿਸ ਸਟੇਸ਼ਨ ਇੰਚਾਰਜ ਨਾਸਿਰ ਅਹਿਮਦ ਨੇ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਕੀਤਾ ਸੀ।

ਉਹ ਕਹਿੰਦੇ ਹਨ, "ਇਹ ਬੇਹਦ ਔਖਾ ਕੰਮ ਸੀ, ਇਹ ਮਾਮਲਾ ਸੰਵੇਦਨਸ਼ੀਲ ਸੀ, ਜਦੋਂ ਧਰਮ ਦੇ ਨਾਮ 'ਤੇ ਕੁਝ ਗਲਤ ਕੀਤਾ ਜਾਂਦਾ ਹੈ, ਤਾਂ ਉਸ ਵਿਅਕਤੀ ਵਿਰੁੱਧ ਜਾਂਚ ਕਰਨਾ ਮੁਸ਼ਕਲ ਹੋ ਜਾਂਦਾ ਹੈ।"

"ਅਦਾਲਤ ਨੇ ਦੋਸ਼ੀ ਨੂੰ ਸਜ਼ਾ ਸੁਣਾਈ ਹੈ। ਇਸਦਾ ਮਤਲਬ ਹੈ ਕਿ ਸਾਡੀ ਜਾਂਚ ਸਹੀ ਸਾਬਤ ਹੋਈ ਹੈ।"

ਪਰਿਵਾਰ ਨੇ ਕੀ ਕਿਹਾ?

ਹਾਲਾਂਕਿ, 'ਪੀਰ ਬਾਬਾ' ਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਇਸ ਫੈਸਲੇ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦੇਣਗੇ।

ਬੀਬੀਸੀ ਨਾਲ ਗੱਲ ਕਰਦੇ ਹੋਏ, 'ਪੀਰ ਬਾਬਾ' ਦੇ ਪੁੱਤਰ ਸਮੀਉੱਲਾਹ ਨੇ ਕਿਹਾ ਕਿ ਉਹ ਇਸ ਫੈਸਲੇ ਵਿਰੁੱਧ ਉੱਚ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਨਗੇ।

ਉਨ੍ਹਾਂ ਨੇ ਕਿਹਾ, "ਸਾਡੇ ਪਿਤਾ ਦੇ ਖਿਲਾਫ ਝੂਠਾ ਕੇਸ ਬਣਾਇਆ ਗਿਆ ਹੈ। ਜੇਕਰ ਸਾ[s ਪਿਤਾ ਇਸ ਤਰ੍ਹਾਂ ਦੇ ਹੁੰਦੇ, ਤਾਂ ਕੀ ਸਾਨੂੰ ਪਤਾ ਨਹੀਂ ਹੁੰਦਾ ਜਾਂ ਸਾਡੀ ਮਾਂ ਨੂੰ ਇਨ੍ਹਾਂ ਚੀਜ਼ਾਂ ਬਾਰੇ ਨਹੀਂ ਪਤਾ ਹੁੰਦਾ?"

"ਇਹ ਕਿਵੇਂ ਹੋ ਸਕਦਾ ਹੈ ਕਿ ਘਰ ਵਿੱਚ ਇਹ ਸਭ ਕੁਝ ਹੋ ਰਿਹਾ ਹੋਵੇ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਬਾਰੇ ਪਤਾ ਨਾ ਹੋਵੇ?"

ਇਸ ਦੌਰਾਨ, ਬਚਾਅ ਪੱਖ ਦੇ ਵਕੀਲ ਬਸ਼ੀਰ ਅਹਿਮਦ ਮੱਲਾ ਨੇ ਕਿਹਾ ਕਿ ਜੱਜ ਵੱਲੋਂ ਫੈਸਲਾ ਸੁਣਾਉਦੇ ਸਮੇਂ ਕਾਨੂੰਨ ਪੱਖਾਂ ਨੂੰ ਵਿਤਾਰਿਆ ਜਾਂਦਾ ਹੈ ਅਤੇ ਕਾਨੂੰਨ ਨੂੰ ਧਿਆਨ ਵਿੱਚ ਰੱਖ ਕੇ ਹੀ ਫੈਸਲਾ ਲਿਆ ਜਾਂਦਾ ਹੈ।

ਇਸ ਫੈਸਲੇ ਨੂੰ ਚੁਣੌਤੀ ਦੇਣ ਬਾਰੇ ਗੱਲ ਕਰਦਿਆਂ, ਮੱਲਾ ਕਹਿੰਦੇ ਹਨ ਕਿ ਅਦਾਲਤ ਦੇ ਫੈਸਲੇ ਵਿੱਚ ਕੁਝ ਗੱਲਾਂ ਨੂੰ ਸਪੱਸ਼ਟ ਕਰਨ ਦੀ ਲੋੜ ਹੈ।

ਆਰਪੀਸੀ ਦੀ ਧਾਰਾ 377 ਦੇ ਤਹਿਤ ਦੋਸ਼ੀ ਠਹਿਰਾਏ ਗਏ ਵਿਅਕਤੀ ਨੂੰ ਉਮਰ ਕੈਦ ਜਾਂ ਜੁਰਮਾਨੇ ਦੇ ਨਾਲ ਦਸ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

ਇਸ ਮਾਮਲੇ ਵਿੱਚ ਦੋਸ਼ੀ ਪਾਏ ਗਏ 'ਪੀਰ ਬਾਬਾ' ਨੂੰ ਦੋ ਬੱਚਿਆਂ ਨਾਲ ਜਿਨਸੀ ਸ਼ੋਸ਼ਣ 'ਤੇ ਸੱਤ-ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ, ਹਾਲਾਂਕਿ, ਉਹ ਇਹ ਦੋਵੇਂ ਸਜ਼ਾਵਾਂ ਜੇਲ੍ਹ ਵਿੱਚ ਇਕੱਠੀਆਂ ਕੱਟਣਗੇ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)