ਆਸਟ੍ਰੇਲੀਆ ਤੋਂ ਬਾਅਦ ਕੈਨੇਡਾ ਵਿੱਚ ਹਿੰਦੂ ਮੰਦਰ ਉੱਤੇ ਖਾਲਿਸਤਾਨੀ ਨਾਅਰੇ ਲਿਖਣ ਦੀ ਘਟਨਾ

ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਪਿਛਲੇ ਕਈ ਦਿਨਾਂ ਤੋਂ ਕੁਝ ਭਾਰਤ ਪੱਖੀ ਅਤੇ ਖ਼ਾਲਿਸਤਾਨ ਪੱਖੀ ਜਥੇਬੰਦੀਆਂ ਦੀਆਂ ਗਤੀਵਿਧੀਆਂ ਉਥੋਂ ਦੇ ਭਾਰਤੀ ਭਾਈਚਾਰੇ ਵਿੱਚ ਤਣਾਅ ਦਾ ਕਾਰਨ ਬਣ ਰਹੀਆਂ ਹਨ।

ਤਾਜ਼ਾ ਘਟਨਾ ਕੈਨੇਡਾ ਦੇ ਬਰੈਂਪਟਨ ਸ਼ਹਿਰ ਦੀ ਹੈ। ਜਿੱਥੇ ਗੌਰ-ਸ਼ੰਕਰ ਮੰਦਰ ਦੀਆਂ ਕੰਧਾਂ ਉੱਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਹਨ। ਇਸ ਘਟਨਾ ਦਾ ਟੋਰਾਂਟੋ ਵਿਚਲੇ ਭਾਰਤੀ ਹਾਈ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ ਤੇ ਸਥਾਨਕ ਪ੍ਰਸ਼ਾਸਨ ਮਾਮਲੇ ਦੀ ਜਾਂਚ ਦੀ ਗੱਲ ਕਹਿ ਰਿਹਾ ਹੈ।

ਇਸ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਭਾਰਤੀ ਪੰਜਾਬ ਵਿੱਚ ਰੈਫ਼ਰੈਂਡਮ ਕਰਵਾਉਣ ਲਈ ਕਰਵਾਈ ਜਾ ਰਹੀ ਖ਼ਾਲਿਸਤਾਨ ਪੱਖੀ ਜਥੇਬੰਦੀਆਂ ਦੀ ਵੋਟਿੰਗ ਦੌਰਾਨ ਕੁਝ ਭਾਰਤ ਪੱਖੀ ਤੇ ਖ਼ਾਲਿਸਤਾਨ ਪੱਖੀ ਜਥੇਬੰਦੀਆਂ ਦੇ ਕਾਰਕੁਨਾਂ ਵਿੱਚ ਝੜਪ ਹੋ ਗਈ ਸੀ।

ਆਸਟ੍ਰੇਲੀਆ ਵਿੱਚ ਵੀ ਕੈਨੇਡਾ ਵਾਂਗ ਪਿਛਲੇ ਇੱਕ ਮਹੀਨੇ ਵਿੱਚ ਮੰਦਰਾਂ ਉੱਤੇ ਖ਼ਾਲਿਸਤਾਨੀ ਨਾਅਰੇ ਲਿਖਣ ਦੀਆਂ ਤਿੰਨ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

ਭਾਰਤ ਸਰਕਾਰ ਦਾ ਵਿਦੇਸ਼ ਮੰਤਰਾਲਾ ਚਿੰਤਾ ਜ਼ਾਹਰ ਕਰ ਚੁੱਕਾ ਹੈ ਤੇ ਆਸਟ੍ਰੇਲਿਆਈ ਪ੍ਰਸ਼ਾਸਨ ਵੀ ਅਜਿਹੀਆਂ ਘਟਨਾਵਾਂ ਦੀ ਨਿਖੇਦੀ ਕਰ ਚੁੱਕਿਆ ਹੈ।

ਆਸਟ੍ਰੇਲੀਆ ਦੇ ਮੈਬਲੌਰਨ ਵਿੱਚ ਹੋਈ ਝੜਪ

ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਖ਼ਾਲਿਸਤਾਨ ਅਤੇ ਭਾਰਤ ਪੱਖੀ ਗਰੁੱਪਾਂ ਵਿਚਕਾਰ ਝਗੜੇ ਦੌਰਾਨ ਦੋ ਲੋਕ ਜ਼ਖਮੀ ਹੋਏ ਹਨ ਅਤੇ ਕਈ ਸਿੱਖ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਖ਼ਲਿਸਤਾਨੀ ਕਾਰਕੁਨਾਂ ਅਤੇ ਭਾਰਤ ਪੱਖੀ ਮੁਜ਼ਹਾਰਾਕਾਰੀਆਂ ਵਿੱਚ ਝੜਪਾਂ ਤੋਂ ਬਾਅਦ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਇਹਨਾਂ ਦੋਵਾਂ ਗਰੁੱਪਾਂ ਵਿੱਚ ਦੋ ਵਾਰੀ ਝੜਪਾਂ ਪੰਜਾਬ ਵਿੱਚ ਰੈਫ਼ਰੰਡਮ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਹੋਈਆਂ ਸਨ।

ਸੋਸ਼ਲ ਮੀਡੀਆ ਉਪਰ ਵਾਇਰਲ ਹੋਈਆਂ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਖ਼ਾਲਿਸਤਾਨੀ ਸਮਰੱਥਕ ਕਥਿਤ ਤੌਰ ਉਪਰ ਕੁਝ ਭਾਰਤੀ ਲੋਕਾਂ ਉਪਰ ਹਮਲਾ ਕਰ ਰਹੇ ਹਨ।

ਇਹਨਾਂ ਲੋਕਾਂ ਦੇ ਹੱਥਾਂ ਵਿੱਚ ਤਿਰੰਗਾ ਝੰਡਾ ਫੜਿਆ ਹੋਇਆ ਸੀ।

ਖ਼ਾਲਿਸਤਾਨੀ ਸਮਰੱਥਕ ਭਾਰਤੀ ਝੰਡੇ ਨੂੰ ਖੋਹਦੇ ਅਤੇ ਨੁਕਸਾਨ ਪਹੁੰਚਾਉਂਦੇ ਵੀ ਦੇਖੇ ਜਾ ਸਕਦੇ ਹਨ।

ਭਾਰਤੀ ਹਾਈ ਕਮਿਸ਼ਨ ਨੇ ਕੀ ਕਿਹਾ?

ਭਾਰਤ ਨੇ ਆਸਟਰੇਲੀਆ ਦੀ ਸਬੰਧਤ ਅਥਾਰਟੀ ਨੂੰ ਖ਼ਾਲਿਸਤਾਨੀ ਪੱਖੀ ਵੱਖਵਾਦੀਆਂ ਦੀਆਂ ਭਾਰਤ ਵਿਰੋਧੀ ਕਾਰਵਾਈਆਂ ਨੂੰ ਕਾਬੂ ਪਾਉਣ ਲਈ ਲਿਖਿਆ ਸੀ।

ਇਸ ਦੇ ਨਾਲ ਹੀ ਆਸਟਰੇਲੀਆ ਵਿੱਚ ਹਿੰਦੂ ਮੰਦਰਾਂ ਉਪਰ ਹਮਲਿਆਂ ਦਾ ਮਸਲਾ ਵੀ ਚੁੱਕਿਆ ਹੈ।

ਭਾਰਤੀ ਹਾਈ ਕਮਿਸ਼ਨ ਨੇ 26 ਜਨਵਰੀ ਨੂੰ ਸਖਤ ਸ਼ਬਦਾਂ ਵਿੱਚ ਕਿਹਾ ਸੀ, “ਇਸ ਗੱਲ ਦੇ ਸੰਕੇਤ ਸਾਫ਼ ਹਨ ਕਿ ਖ਼ਾਲਿਸਤਾਨ ਪੱਖੀ ਤੱਤ ਆਸਟਰੇਲੀਆ ਵਿੱਚ ਆਪਣੀਆਂ ਕਾਰਵਾਈਆਂ ਵਧਾ ਰਹੇ ਹਨ। ਇਹਨਾਂ ਨੂੰ ਅੱਤਵਾਦੀ ਜਥੇਬੰਦੀਆਂ ਜਿਵੇਂ ਸਿੱਖ ਫ਼ਾਰ ਜਸਟਿਸ ਅਤੇ ਆਸਟਰੇਲੀਆ ਤੋਂ ਬਾਹਰ ਦੀਆਂ ਹੋਰ ਏਜੰਸੀਆਂ ਤੋਂ ਸਹਾਇਤਾ ਮਿਲ ਰਹੀ ਹੈ।”

ਵਿਕਟੋਰੀਆ ਦੀ ਪੁਲਿਸ ਦਾ ਕੀ ਕਹਿਣਾ ਹੈ?

ਵਿਕਟੋਰੀਆ ਦੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇੱਕ ਦਿਨ ਵਿੱਚ ਦੋ ਘਟਨਾਵਾਂ ਹੋਈਆਂ ਸਨ।

ਸਥਾਨਕ ਸਮੇਂ ਅਨੁਸਾਰ ਪਹਿਲੀ ਦੁਪਹਿਰ 12:45 ਉਪਰ ਅਤੇ ਦੂਜੀ ਸ਼ਾਮੀ 4:30 ਵਜੇ ਵਾਪਰੀ।

ਪੁਲਿਸ ਨੇ ਪਹਿਲਾਂ ਕਾਲੀਆਂ ਮਿਰਚਾਂ ਦੇ ਸਪਰੇਅ ਦੀ ਵਰਤੋਂ ਕਰਕੇ ਲੋਕਾਂ ਨੂੰ ਦੂਰ ਹਟਾ ਦਿੱਤਾ ਅਤੇ ਦੂਜੀ ਘਟਨਾ ਵਿੱਚ ਲੜ ਰਹੇ ਲੋਕਾਂ ਨੂੰ ਹਟਾ ਦਿੱਤਾ।

ਬਿਆਨ ਮੁਤਾਬਕ, “ਦੋਵਾਂ ਕੇਸਾਂ ਵਿੱਚ ਇੱਕ 34 ਸਾਲਾ ਅਤੇ ਇੱਕ 39 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹਨਾਂ ਨੂੰ ਪੈਨਲਟੀ ਨੋਟਿਸ ਵੀ ਜਾਰੀ ਕੀਤਾ ਗਿਆ।”

ਆਸਟਰੇਲੀਆ ਵਿੱਚ ਤਣਾਅ ਬਾਰੇ ਖਾਸ ਗੱਲਾਂ:

  • ਮੈਲਬੌਰਨ ਵਿੱਚ ਖ਼ਾਲਿਸਤਾਨ ਅਤੇ ਭਾਰਤ ਪੱਖੀ ਗਰੁੱਪਾਂ ਵਿਚਕਾਰ ਝਗੜਾ
  • ਦੋ ਲੋਕ ਜ਼ਖਮੀ ਹੋਏ ਅਤੇ ਕਈ ਸਿੱਖ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ
  • ਦੋਵਾਂ ਗਰੁੱਪਾਂ ਵਿੱਚ ਝੜਪਾਂ ਪੰਜਾਬ ਵਿੱਚ ਰੈਫ਼ਰੰਡਮ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਹੋਈਆਂ
  • ਭਾਰਤ ਆਸਟਰੇਲੀਆ ਨੂੰ ਖ਼ਾਲਿਸਤਾਨੀ ਪੱਖੀ ਕਾਰਵਾਈਆਂ ’ਤੇ ਕਾਬੂ ਪਾਉਣ ਲਈ ਲਿਖ ਚੁੱਕਾ ਹੈ
  • ਅਜਿਹੀਆਂ ਹੀ ਘਟਨਾਵਾਂ ਕੈਨੇਡਾ ਵਿੱਚ ਵੀ ਵਾਪਰੀਆਂ। ਬਰੈਂਪਟਨ ਦੇ ਗੌਰੀ-ਸ਼ੰਕਰ ਮੰਦਰ ਦੀਆਂ ਕੰਧਾਂ ’ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਤੇ ਭੰਨਤੋੜ ਕੀਤੀ ਗਈ।

ਅਸਟ੍ਰੇਲੀਆ ’ਚ ਭਾਰਤੀ ਮੂਲ ਦੇ ਲੋਕਾਂ ਵਿਚ ਤਣਾਅ

ਸਿੱਖ ਫ਼ਾਰ ਜਸਟਿਸ ਨਾਮ ਦੀ ਜਥੇਬੰਦੀ ਉੱਤੇ ਭਾਰਤ ਵਿੱਚ ਪਾਬੰਦੀ ਲੱਗੀ ਹੋਈ ਹੈ। ਇਹ ਬੁਨਿਆਦੀ ਤੌਰ ’ਤੇ ਅਮਰੀਕਾ ਨਾਲ ਸਬੰਧਤ ਹੈ।

ਪਿਛਲੇ ਸਮੇਂ ਵਿੱਚ ਆਸਟਰੇਲੀਆ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਵਿਚ ਤਣਾਅ ਦਾ ਮਹੌਲ ਹੈ।

ਮੈਲਬੌਰਨ ਵਿੱਚ ਪਿਛਲੇ 15 ਦਿਨਾਂ ਵਿੱਚ ਹਿੰਦੂ ਮੰਦਰਾਂ ਉਪਰ ਲਿਖੇ ਨਾਅਰਿਆਂ ਦੀਆਂ ਕਈ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ।

ਦਿ ਹਿੰਦੂ ਕੌਂਸਲ ਆਫ਼ ਆਸਟਰੇਲੀਆ ਨੇ ਇਹਨਾਂ ਹਮਲਿਆਂ ਦੀ ਨਿੰਦਾ ਕੀਤੀ ਹੈ।

ਮੰਦਰ ਦੀ ਪ੍ਰਬੰਧਕ ਕਮੇਟੀ ਨੇ ਪਾਇਆ ਸੀ ਕਿ ਮੰਦਰ ਦੀ ਕੰਧ ਉਪਰ ਲਿਖਿਆ ਸੀ, “ਹਿੰਦੋਸਤਾਨ ਮੁਰਦਾਬਾਦ” ਅਤੇ “ਖ਼ਾਲਿਸਤਾਨ ਜ਼ਿੰਦਾਬਾਦ”।

ਇਹ ਵੀ ਪੜ੍ਹੋ-

ਕੌਂਸਲ ਨੇ ਕਿਹਾ, “ਇਹ ਬੁਜਦਿਲ ਕਾਰਵਾਈ ਬਰਦਾਸ਼ਿਤ ਨਹੀਂ ਕੀਤੀ ਜਾਵੇਗੀ। ਆਸਟਰੇਲੀਆ ਇੱਕ ਬਹੁ-ਸੱਭਿਤਾ ਵਾਲਾ ਦੇਸ ਹੈ, ਜਿੱਥੇ ਸਾਰੇ ਧਰਮਾਂ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਭਾਈਚਾਰੇ ਸ਼ਾਂਤੀ ਨਾਲ ਆਪਸ ਵਿੱਚ ਮਿਲ ਕੇ ਰਹਿਦੇ ਹਨ।”

ਆਸਟਰੇਲੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਮਨਪ੍ਰੀਤ ਵੋਹਰਾ ਨੇ ਸੋਮਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਸੀ ਕਿ ਉਹਨਾਂ ਨੇ ਮੈਲਬੌਰਨ ਵਿੱਚ ਪਵਿੱਤਰ ਸ਼੍ਰੀ ਸਵਾਮੀਨਾਰਾਇਣ ਮੰਦਰ ਵਿੱਚ ਮੱਥਾ ਟੇਕਿਆ ਅਤੇ ਹਮਲੇ ਬਾਰੇ ਭਾਈਚਾਰੇ ਦੀਆਂ ਚਿੰਤਾਵਾਂ ਸਬੰਧੀ ਵਿਚਾਚ ਚਰਚਾ ਕੀਤੀ।

ਇਸ ਮਾਮਲੇ ਵਿੱਚ ਭਾਰਤੀ ਹਾਈ ਕਮਿਸ਼ਨਰ ਮਨਪ੍ਰੀਤ ਵੋਹਰਾ ਨੇ 30 ਜਨਵਰੀ ਨੂੰ ਪ੍ਰੀਮੀਅਰ ਆਫ਼ ਵਿਕਟੋਰੀਆਂ ਡੇਨੀਅਲ ਐਂਡਰਿਊਜ਼ ਨਾਲ ਮੁਲਾਕਾਤ ਕੀਤੀ ਹੈ।

ਉਨ੍ਹਾਂ ਨੇ ਇੱਕ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੰਦਿਆ ਲਿਖਿਆ ਕਿ,“ਅੱਜ ਵਿਕਟੋਰੀਆਂ ਦੇ ਪ੍ਰੀਮੀਅਰ ਡੇਨੀਅਲ ਐਂਡਰਿਉਜ਼ਐੱਮਪੀ ਨਾਲ ਗੱਲ ਕਰਨ ਦਾ ਮਾਣ ਹਾਸਿਲ ਹੋਇਆ।”

“ਅਸੀਂ ਮਜ਼ਬੂਤ ​​ਅਤੇ ਵਧ ਰਹੇ ਦੁਵੱਲੇ ਸਬੰਧਾਂ, ਕੱਲ੍ਹ ਮੈਲਬੌਰਨ ਵਿੱਚ ਹੋਈ ਹਿੰਸਾ, ਅਤੇ ਸ਼ਾਂਤੀ ਅਤੇ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਕੱਟੜਪੰਥੀ ਖਾਲਿਸਤਾਨੀ ਸਮੂਹਾਂ ਨੂੰ ਕਿਵੇਂ ਰੋਕਣਾ ਹੈ, ਬਾਰੇ ਚਰਚਾ ਕੀਤੀ।”

ਕਿਵੇਂ ਭਖਿਆ ਸੀ ਮੰਦਰਾਂ ਦਾ ਮਾਮਲਾ ?

ਤਾਜ਼ਾ ਝੜਪਾਂ ਤੋਂ ਪਹਿਲੇ 15 ਦਿਨਾਂ ਵਿੱਚ ਇਹ ਤੀਜੀ ਘਟਨਾ ਵਾਪਰੀ ਜਦੋਂ ਕਿਸੇ ਹਿੰਦੂ ਮੰਦਰ ਦੀ ਕੰਧਾਂ ਉੱਤੇ ਨਾਅਰੇ ਲਿਖੇ ਗਏ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।

ਪਹਿਲਾਂ 12 ਜਨਵਰੀ ਫੇਰ 16 ਜਨਵਰੀ ਦੌਰਾਨ ਵੀ ਹਿੰਦੂ ਮੰਦਰਾਂ ਵਿੱਚ ਭੰਨ-ਤੋੜ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।

ਆਸਟਰੇਲੀਆਈ ਹਾਈ ਕਮਿਸ਼ਨਰ ਬੈਰੀ ਓ'ਫੈਰਲ ਨੇ ਇਸ ਮਾਮਲੇ 'ਚ ਇਕ ਟਵੀਟ ਕਰ ਕੇ ਕਿਹਾ ਸੀ ਕਿ ਉਹ ਇਨ੍ਹਾਂ ਖ਼ਬਰਾਂ ਨੂੰ ਸੁਣ ਕੇ ਹੈਰਾਨ ਹਨ। ਉਨ੍ਹਾਂ ਨੇ ਕਿਹਾ, "ਭਾਰਤ ਦੀ ਤਰ੍ਹਾਂ ਆਸਟਰੇਲੀਆ ਵੀ ਬਹੁ-ਸੱਭਿਆਚਾਰਾਂ ਵਾਲਾ ਦੇਸ਼ ਹੈ।"

ਉਨ੍ਹਾਂ ਲਿਖਿਆ, "ਅਸੀਂ ਮੈਲਬਰਨ ਵਿਚ ਦੋ ਹਿੰਦੂ ਮੰਦਰਾਂ ਵਿਚ ਭੰਨਤੋੜ ਦੀਆਂ ਘਟਨਾਵਾਂ ਦੇਖ ਕੇ ਹੈਰਾਨ ਹਾਂ। ਇਸ ਮਾਮਲੇ ਵਿਚ ਆਸਟਰੇਲੀਆਈ ਏਜੰਸੀਆਂ ਜਾਂਚ ਕਰ ਰਹੀਆਂ ਹਨ। ਅਸੀਂ ਪ੍ਰਗਟਾਵੇ ਦੀ ਆਜ਼ਾਦੀ ਦਾ ਸਮਰਥਨ ਕਰਦੇ ਹਾਂ ਪਰ ਇਸ ਵਿੱਚ ਨਫ਼ਰਤੀ ਭਾਸ਼ਣਾਂ ਅਤੇ ਹਿੰਸਾ ਦੀ ਜਗ੍ਹਾ ਨਹੀਂ ਹੈ।"

ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਇਸ ਮਾਮਲੇ 'ਚ ਆਸਟਰੇਲੀਆ ਸਰਕਾਰ ਕੋਲ ਮਸਲਾ ਚੁੱਕਣ ਦੀ ਗੱਲ ਕਹੀ ਹੈ।

ਕੈਨੇਡਾ ਦੇ ਮਸ਼ਹੂਰ ਗੌਰੀ-ਸ਼ੰਕਰ ਮੰਦਰ ਦੀ ਘਟਨਾ

ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਸਥਿਤ ਗੌਹੀ ਸੰਕਰ ਮੰਦਰ ਦੀਆਂ ਕੰਧਾਂ ਉੱਤੇ ਖ਼ਾਲਿਸਤਾਨੀ ਨਾਅਰੇ ਲਿਖੇ ਗਏ ਤੇ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਹੈ।

ਟੋਰਾਂਟੋ ਸਥਿਤ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਇੱਕ ਬਿਆਨ ਜਾਰੀ ਕਰ ਕਿਹਾ ਹੈ ਕਿ ਇਸ ਨਾਲ ਕੈਨੇਡਾ ਰਹਿਣ ਵਾਲੇ ਭਾਰਤੀ ਭਾਈਚਾਰੇ ਵਿੱਚ ਨੂੰ ਡੂੰਘਾ ਦੁੱਖ ਪਹੁੰਚਿਆ ਹੈ।

ਮੰਗਲਵਾਰ ਨੂੰ ਜਾਰੀ ਕੀਤੀ ਗਏ ਬਿਆਨ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਦੇ ਦੂਤਾਵਾਸ ਨੇ ਕਿਹਾ,“ਇਸ ਨਫ਼ਰਤ ਭਰੀ ਹਰਕਤ ਨਾਲ ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਲੱਗੀ ਹੈ। ਅਸੀਂ ਇਸ ਮਾਮਲੇ ’ਤੇ ਕੈਨੇਡਾ ਦੇ ਅਧਿਕਾਰੀਆਂ ਕੋਲ ਚਿੰਤਾ ਜ਼ਾਹਿਰ ਕੀਤੀ ਹੈ।”

ਕੈਨੇਡੀਅਨ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

ਕੈਨੇਡਾ ਵਿੱਚ ਪਿਛਲੇ ਸਾਲ ਜੁਲਾਈ ਤੋਂ ਹੁਣ ਤੱਕ ਘੱਟੋ-ਘੱਟ ਤਿੰਨ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

ਪਿਛਲੇ ਸਾਲ ਸਤੰਬਰ ਮਹੀਨੇ ਹੋਈਆ ਅਜਿਹੀਆਂ ਘਟਨਾਵਾਂ ਦੀ ਭਾਰਤ ਸਰਕਾਰ ਨੇ ਸਖ਼ਤ ਨਿੰਦਾ ਕੀਤੀ ਸੀ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਕੈਨੇਡਾ ਵਿੱਚ ਭਾਰਤੀਆਂ ਵਿਰੁੱਧ ‘ਨਫ਼ਰਤੀ ਅਪਰਾਧਾਂ’ ਅਤੇ ਹੋਰ ‘ਭਾਰਤ ਵਿਰੋਧੀ ਗਤੀਵਿਧੀਆਂ’ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ।

ਭਾਰਤ ਨੇ ਕੈਨੇਡਾ ਸਰਕਾਰ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)