ਪੇਸ਼ਾਵਰ ਬੰਬ ਧਮਾਕੇ ’ਚ ਹੁਣ ਤੱਕ 92 ਮੌਤਾਂ: ‘ਮਸਜਿਦ ਪੁੱਜਿਆ ਤਾਂ ਭਾਜੜ ਮਚੀ ਹੋਈ ਸੀ, ਲੋਕ ਮਦਦ ਲਈ ਗੁਹਾਰ ਲਗਾ ਰਹੇ ਸਨ’

ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੀ ਮਸਜਿਦ ਵਿਚ ਨਮਾਜ਼ ਦੇ ਸਮੇਂ ਬੰਬ ਧਮਾਕਾ ਹੋਇਆ ਹੈ, ਜਿਸ ਵਿੱਚ 87 ਲੋਕਾਂ ਦੇ ਮਾਰੇ ਜਾਣ ਅਤੇ 100 ਤੋਂ ਵੱਧ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਪੁਲਿਸ ਅਧਿਕਾਰੀਆਂ ਨੇ ਬੀਬੀਸੀ ਨੂੰ ਪੁਸ਼ਟੀ ਕੀਤੀ ਹੈ ਕਿ ਪੇਸ਼ਾਵਰ ਆਤਮਘਾਤੀ ਧਮਾਕਾ ਮਸਜਿਦ ਵਿਚ ਹੋਇਆ ਹੈ।

ਬੀਬੀਸੀ ਪੱਤਰਕਾਰ ਕੈਰੋਲਿਨ ਡੇਵਿਸ ਦੀ ਜਾਣਕਾਰੀ ਮੁਤਾਬਕ ਇਸ ਧਮਾਕੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਵਿਚੋਂ ਕਈ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਇਸ ਘਟਨਾ ਤੋਂ ਬਾਅਦ ਕਿਹਾ,“ਦਹਿਸ਼ਤਗਰਦ ਪਾਕਿਸਤਾਨ ਦੀ ਸੁਰੱਖਿਆ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਕੇ ਡਰ ਪੈਦਾ ਕਰਨਾ ਚਾਹੁੰਦੇ ਹਨ।”

ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਮਸਜਿਦ ਲੋਕਾਂ ਨਾਲ ਭਰੀ ਹੋਈ ਸੀ। ਘਟਨਾ ਦਾ ਸਮਾਂ ਸ਼ਾਮ ਕਰੀਬ 1:30 ਸੀ।

ਇਕ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਧਮਾਕੇ ਨਾਲ ਮਸਜਿਦ ਦੀ ਇੱਕ ਕੰਧ ਟੁੱਟ ਗਈ।

ਪੇਸ਼ਾਵਰ ਦੀ ਲੇਡੀ ਰੀਡਿੰਗ ਹਸਪਤਾਲ ਨੇ ਐਮਰਜੈਂਸੀ ਐਲਾਨ ਦਿੱਤੀ ਹੈ।

ਉਹਨਾਂ ਬੀਬੀਸੀ ਨੂੰ ਕਿਹਾ ਕਿ ਧਮਾਕੇ ਵਿੱਚ ਜ਼ਖਮੀ ਮਰੀਜ਼ ਲਗਾਤਾਰ ਆ ਰਹੇ ਹਨ।

ਸਥਾਨਕ ਮੀਡੀਆ ਦੀਆਂ ਅਣਅਧਿਕਾਰਿਤ ਖ਼ਬਰਾਂ ਮੁਤਾਬਕ ਕੰਧ ਦਾ ਅੱਧਾ ਹਿੱਸਾ ਢਹਿ ਗਿਆ, ਮਸਜਿਦ ਰੋੜਿਆਂ ਅਤੇ ਮਲਬੇ ਵਿੱਚ ਤਬਦੀਲ ਹੋ ਗਈ, ਜਿਸ ਉਪਰ ਲੋਕ ਬਚਣ ਲਈ ਭੱਜ ਕੇ ਚੜ ਰਹੇ ਸਨ।

ਕੁਝ ਵੀਡੀਓ ਵਿੱਚ ਦਿਖ ਰਿਹਾ ਸੀ ਕਿ ਜ਼ਖਮੀਆਂ ਨੂੰ ਟਰੱਕਾਂ ਵਿੱਚ ਲਿਜਾਇਆ ਜਾ ਰਿਹਾ ਸੀ।

ਨਮਾਜ਼ ਦੌਰਾਨ ਹੋਇਆ ਧਮਾਕਾ

  • ਪਾਕਿਸਤਾਨ ਦੇ ਪੇਸ਼ਾਵਰ ਦੀ ਮਸਜਿਦ ਵਿਚ ਆਤਮਘਾਤੀ ਬੰਬ ਧਮਾਕਾ ਹੋਇਆ
  • ਸੋਮਵਾਰ ਦੁਪਹਿਰ ਨੂੰ ਕਰੀਬ 1.30 ਵਜੇ ਨਮਾਜ਼ ਦੇ ਮੌਕੇ ਉੱਤੇ ਇਹ ਧਮਾਕਾ ਹੋਇਆ
  • ਹਮਲੇ ਦਾ ਸ਼ਿਕਾਰ ਹੋਈ ਮਸਜਿਦ ਪੇਸ਼ਾਵਰ ਦੀ ਪੁਲਿਸ ਲਾਇਨ ਵਿਚ ਸੀ
  • ਹਮਲੇ ਦੌਰਾਨ ਮਰਨ ਵਾਲਿਆਂ ਵਿਚ ਜ਼ਿਆਦਾਤਰ ਪੁਲਿਸ ਮੁਲਾਜ਼ਮ ਸਨ
  • ਮਲਬੇ ਵਿਚ ਦੱਬੇ ਕੁਝ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਹੋ ਰਹੀ ਹੈ
  • ਰੱਖਿਆ ਮੰਤਰੀ ਮੁਤਾਬਕ ਹਮਲਾਵਰ ਨਮਾਜ਼ ਦੌਰਾਨ ਪਹਿਲੀ ਕਤਾਰ ਵਿਚ ਖੜ੍ਹਾ ਸੀ

ਪਹਿਲੀ ਕਤਾਰ ਵਿੱਚ ਖੜਾ ਸੀ ਹਮਲਾਵਰ

ਖੈਬਰ ਪਖ਼ਤੂਨਖਵਾ ਦੇ ਗਵਰਨਰ ਗੁਲਾਮ ਅਲੀ ਨੇ ਵਾਰਦਾਤ ਵਾਲੀ ਥਾਂ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਪੇਸ਼ਾਵਰ ਪੁਲਿਸ ਲਾਇਨ ਮਸਜਿਦ ਵਿਚ ਹੋਏ ਆਤਮਘਾਤੀ ਧਮਾਕੇ ਵਿਚ ਮੌਤਾਂ ਦਾ ਅੰਕੜਾ 87 ਹੋ ਗਿਆ ਹੈ।

ਗੁਲਾਮ ਅਲੀ ਨੇ 147ਲੋਕਾਂ ਦੇ ਜਖ਼ਮੀ ਹੋਣ ਪੁਸ਼ਟੀ ਕੀਤੀ ਹੈ।

ਗੁਲਾਮ ਅਲੀ ਮੁਤਾਬਕ ਮਰਨ ਵਾਲੇ ਜ਼ਿਆਦਾਤਰ ਪੁਲਿਸ ਮੁਲਾਜ਼ਮ ਹਨ।

ਜੀਓ ਟੀਵੀ ਨਾਲ ਗੱਲ ਕਰਦਿਆਂ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਨੇ ਦੱਸਿਆ ਕਿ ਆਤਮਘਾਤੀ ਧਮਾਕਾ ਕਰਨ ਵਾਲਾ ਕੱਟੜਪੰਥੀ ਨਮਾਜ਼ ਕਰਨ ਵਾਲੇ ਲੋਕਾਂ ਨਾਲ ਪਹਿਲੀ ਕਤਾਰ ਵਿਚ ਖੜਾ ਸੀ।

ਅਣਗਿਣਤ ਲੋਕ ਜਖ਼ਮੀ ਸਨ, ਮਦਦ ਲਈ ਚੀਕ ਰਹੇ ਸਨ

ਖ਼ੈਬਰ ਪਖਤੁਨਖਵਾ ਵਿੱਚ ਜਮਾਤ-ਏ-ਇਸਲਾਮੀ ਦੇ ਸਾਬਕਾ ਸੰਸਦ ਮੈਂਬਰ ਇਨਾਇਤਉਲ਼ਾ ਖ਼ਾਨ ਧਮਾਕਾ ਹੋਣ ਵੇਲੇ ਪੁਲਿਸ ਲਾਈਨ ਵਿੱਚ ਮੌਜੂਦ ਸਨ।

ਇਨਾਇਤਉਲ਼ਾ ਦੱਸਦੇ ਹਨ,“ਜਿਸ ਵੇਲੇ ਧਮਾਕਾ ਹੋਇਆ, ਮੈਂ ਕੈਪੀਟਲ ਸਿਟੀ ਪੁਲਿਸ ਦੇ ਦਫ਼ਤਰ ਵਿੱਚ ਸੀ। ਧਮਾਕਾ ਬਹੁਤ ਜ਼ੋਰਦਾਰ ਤੇ ਡਰਾਉਣਾ ਸੀ। ਚੁਫ਼ੇਰਿਓਂ ਸਭ ਕੁਝ ਹਿਲ ਗਿਆ ਸੀ।”

ਉਨ੍ਹਾਂ ਨੇ ਦੱਸਿਆ,“ਸੀਸੀਪੀਓ (ਕੈਪੀਟਲ ਸਿਟੀ ਪੁਲਿਸ ਅਫ਼ਸਰ) ਏਜਾਜ਼ ਖ਼ਾਨ ਆਪਣੇ ਦਫ਼ਤਰ ਵਿੱਚ ਹੀ ਸਨ। ਜਦੋਂ ਧਮਾਕੇ ਦੀ ਆਵਾਜ਼ ਆਈ ਤਾਂ ਉਹ ਘਟਨਾ ਵਾਲੀ ਥਾਂ ਵੱਲ ਜਾਣ ਲੱਗੇ ਤਾਂ ਮੈਂ ਵੀ ਉਨ੍ਹਾਂ ਦੇ ਪਿੱਛੇ ਚਲਾ ਗਿਆ।”

ਇਨਾਇਤਉਲ਼ਾ ਕਹਿੰਦੇ ਹਨ,“ ਜਦੋਂ ਮੈਂ ਘਟਨਾ ਵਾਲੀ ਥਾਂ ਪਹੁੰਚਿਆ ਤਾਂ ਉਥੇ ਹਾਹਾਕਾਰ ਮਚੀ ਹੋਈ ਸੀ। ਮਸਜਿਦ ਦਾ ਉਹ ਹਿੱਸਾ ਜਿੱਥੇ ਮਹਿਰਾਬ ਹੁੰਦੀ ਹੈ ਉਹ ਜ਼ਮੀਨ ’ਤੇ ਡਿੱਗਿਆ ਹੋਇਆ ਸੀ। ਲੋਕ ਮਦਦ ਲਈ ਗੁਹਾਰ ਲਗਾ ਰਹੇ ਸਨ।”

ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਲਾਈਨ ਵਿੱਚ ਪੁਲਿਸ ਦੀਆਂ ਗੱਡੀਆਂ ਮੌਜੂਦ ਸਨ ਤੇ ਪੁਲਿਸ ਨੇ ਫ਼ੌਰਨ ਸਾਇਰਨ ਵਜਾਉਣਾ ਸ਼ੁਰੂ ਕਰ ਦਿੱਤਾ ਸੀ। 

ਇਨਾਇਤਉਲ਼ਾ ਖ਼ਾਨ ਕਹਿੰਦੇ ਹਨ,“ਮੈਨੂੰ ਵਰਾਂਡੇ ਤੇ ਮਸਜਿਦ ਦੇ ਪਿਛਲੇ ਹਿੱਸੇ ਵਿੱਚ ਨਮਾਜ਼ ਅਦਾ ਕਰਨ ਵਾਲਿਆਂ ਨੇ ਦੱਸਿਆ ਕਿ ਮਸਜਿਦ ਵਿੱਚ ਨਮਾਜ਼ੀਆਂ ਦੀ ਵੱਡੀ ਗਿਣਤੀ ਮੌਜੂਦ ਸੀ ਤੇ ਪਹਿਲੀ ਕਤਾਰ ਵਿੱਚ ਖੜੇ ਲੋਕ ਸਭ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਸਨ।”

ਉਨ੍ਹਾਂ ਨੇ ਦੱਸਿਆ, "ਇਹ ਧਮਾਕਾ ਬੇਹੱਦ ਸੁਰੱਖਿਅਤ ਸਮਝੀ ਜਾਂਦੀ ਥਾਂ ਉੱਥੇ ਹੋਇਆ। ਇਸ ਇਲਾਕੇ ਵਿੱਚ ਪ੍ਰਸ਼ਾਸਨ ਦੇ ਵੱਡੇ ਦਫ਼ਤਰ ਹਨ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਵੱਡਾ ਸੁਨੇਹਾ ਦਿੱਤਾ ਗਿਆ ਹੈ ਕਿ ਅਸੀਂ ਅਜਿਹੀ ਥਾਂ ਵੀ ਪਹੁੰਚ ਸਕਦੇ ਹਾਂ।"

ਜਖ਼ਮੀਆਂ ਨੂੰ ਫ਼ੌਰੀ ਤੌਰ ’ਤੇ ਲੇਡੀ ਰੀਡਿੰਗ ਹਸਪਤਾਲ ਲੈ ਜਾਇਆ ਗਿਆ।

ਹਸਪਤਾਲ ਵਿੱਚ ਮੌਜੂਦ ਮੁਜੀਬੁਰਹਮਾਨ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਉਸ ਵੇਲੇ ਹਸਪਤਾਲ ਵਿੱਚ ਹਾਹਾਕਾਰ ਮਚੀ ਹੋਈ ਸੀ, ਐਂਬੂਲੈਂਸ ਤੇ ਐਂਬੂਲੈਂਸ ਆ ਰਹੀ ਸੀ। ਉਨ੍ਹਾਂ ਮੁਤਾਬਕ ਹਸਪਤਾਲ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਗਈ ਤੇ ਐਮਰਜੈਂਸੀ ਵਾਰਗ ਵਿੱਚ ਸਿਰਫ਼ ਜਖ਼ਮੀਆਂ ਨੂੰ ਅੰਦਰ ਜਾਣ ਦੀ ਆਗਿਆ ਦਿੱਤੀ ਜਾ ਰਹੀ ਸੀ।

ਸਹਿਬਾਜ਼ ਸ਼ਰੀਫ਼ ਦਾ ਪ੍ਰਤੀਕਰਮ

ਖ਼ਬਰ ਏਜੰਸੀ ਏਪੀਪੀ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਹਿਬਾਜ਼ ਸ਼ਰੀਫ ਨੇ ਹਮਲੇ ਦੀ ਨਿਖੇਧੀ ਕੀਤੀ ਹੈ।

ਉਹਨਾਂ ਇੱਕ ਬਿਆਨ ਵਿੱਚ ਕਿਹਾ ਕਿ ਮਸਜਿਦ ਵਿੱਚ ਪ੍ਰਾਰਥਨਾ ਕਰਦੇ ਮੁਸਲਮਾਨਾਂ ਨੂੰ ਮਾਰਨਾ ਇਸਲਾਮ ਦੀਆਂ ਸਿੱਖਿਆਵਾਂ ਦੇ ਖ਼ਿਲਾਫ਼ ਹੈ।

ਉਨ੍ਹਾਂ ਕਿਹਾ ਕਿ ਇਹ ਹਮਲਾ ਦਰਸਾਉਦਾ ਹੈ ਕਿ ਅਪਰਾਧੀਆਂ ਦਾ ਇਸਲਾਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਇਸ ਦੇ ਨਾਲ ਹੀ ਸ਼ਰੀਫ ਨੇ ਕਿਹਾ ਕਿ ਦਹਿਸ਼ਤਗਰਦ ਅਜਿਹੀਆਂ ਕਾਰਵਾਈਆਂ ਨਾਲ ਦੇਸ ਵਿੱਚ ਡਰ ਦਾ ਮਹੌਲ ਪੈਦਾ ਕਰਨਾ ਚਹੁੰਦੇ ਹਨ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਦੁਰਹਾਇਆ ਕਿ ਦੇਸ ਖ਼ਿਲਾਫ਼ ਜੰਗ ਛੇੜਨ ਵਾਲੇ ਤੱਤਾਂ ਨੂੰ ਖਤਮ ਕੀਤਾ ਜਾਵੇਗਾ।

'ਕੌਮੀ ਐਕਸ਼ਨ ਪਲਾਨ ਲਾਗੂ ਹੋਵੇਗਾ'

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਅੱਤਵਾਦ ਅਤੇ ਇਸ ਦੇ ਮਦਦਗਾਰਾਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ।

ਪੇਸ਼ਾਵਰ ਧਮਾਕੇ 'ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਦੇ ਚੇਅਰਮੈਨ ਇਮਰਾਨ ਖਾਨ ਨੇ ਕਿਹਾ, "ਪੇਸ਼ਾਵਰ ਪੁਲਿਸ ਲਾਈਨਜ਼ ਦੀ ਮਸਜਿਦ ਵਿੱਚ ਹੋਏ ਧਮਾਕੇ ਦੀ ਸਖ਼ਤ ਨਿੰਦਾ ਕਰਦੇ ਹਾਂ। ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ।"

"ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਖੁਫੀਆ ਜਾਣਕਾਰੀ ਨੂੰ ਸੁਧਾਰੀਏ ਅਤੇ ਅੱਤਵਾਦ ਦੇ ਖ਼ਤਰੇ ਨਾਲ ਨਜਿੱਠਣ ਲਈ ਆਪਣੀ ਪੁਲਿਸ ਨੂੰ ਲੋੜੀਂਦੇ ਹਥਿਆਰਾਂ ਨਾਲ ਲੈਸ ਕਰੀਏ।"

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਹੋਇਆ ਇਹ ਧਮਾਕਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਬਿਲਾਵਲ ਭੁੱਟੋ ਜ਼ਰਦਾਰੀ ਨੇ ਇਕ ਬਿਆਨ 'ਚ ਕਿਹਾ, "ਰਾਸ਼ਟਰੀ ਐਕਸ਼ਨ ਪਲਾਨ ਅੱਤਵਾਦੀਆਂ ਦਾ ਇਲਾਜ ਹੈ, ਇਸ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਪੀਪੀਪੀ ਦੇ ਵਰਕਰਾਂ ਅਤੇ ਅਧਿਕਾਰੀਆਂ ਨੂੰ ਖੂਨਦਾਨ ਕਰਕੇ ਜ਼ਖਮੀਆਂ ਦੀ ਜਾਨ ਬਚਾਉਣੀ ਚਾਹੀਦੀ ਹੈ।"