ਕੈਨੇਡਾ: ਪੀਐੱਮ ਟਰੂਡੋ ਨੇ ਭਾਰਤ ’ਤੇ ਕੀ ਲਾਇਆ ਨਵਾਂ ਇਲਜ਼ਾਮ

ਮੋਦੀ ਅਤੇ ਟਰੂਡੋ ਦਾ ਕੋਲਾਜ

ਤਸਵੀਰ ਸਰੋਤ, Getty Images

ਕੈਨੇਡਾ ਦੇ ਘਰੇਲੂ ਮਸਲਿਆਂ ਵਿੱਚ ਵਿਦੇਸ਼ੀ ਦਖਲ ਦੀ ਜਾਂਚ ਕਰ ਰਹੇ ਆਯੋਗ ਨੇ ਸਰਕਾਰ ਤੋਂ ਕੈਨੇਡੀਅਨ ਚੋਣਾਂ ਵਿੱਚ ਭਾਰਤ ਦੀ ਭੂਮਿਕਾ ਬਾਰੇ ਸਬੂਤਾਂ ਦੀ ਮੰਗ ਕੀਤੀ ਹੈ।

ਖ਼ਬਰ ਏਜੰਸੀ ਰੌਇਟਰਜ਼ ਦੇ ਮੁਤਾਬਕ, ਆਯੋਗ ਵੱਲੋਂ ਬੁੱਧਵਾਰ ਰੱਖੀ ਇਸ ਮੰਗ ਕਾਰਨ ਭਾਰਤ-ਕੈਨੇਡਾ ਰਿਸ਼ਤੇ ਹੋਰ ਵਿਗੜ ਸਕਦੇ ਹਨ।

ਜ਼ਿਕਰੋਯੋਗ ਹੈ ਕਿ ਵੱਖਵਾਦੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦਾ ਕਤਲ ਕੈਨੇਡਾ ਵਿੱਚ ਹੋਇਆ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦੀ ਗੱਲ ਕੀਤੀ ਸੀ। ਇਸ ਕਾਰਨ ਦੋਵਾਂ ਦੇਸਾਂ ਦੇ ਰਿਸ਼ਤੇ ਪਹਿਲਾਂ ਹੀ ਵਿਗੜੇ ਹੋਏ ਹਨ।

ਇਹ ਆਯੋਗ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੇ ਨੇ ਕੈਨੇਡਾ ਦੇ ਘਰੇਲੂ ਮਸਲਿਆਂ ਵਿੱਚ ਵਿਦੇਸ਼ੀ ਦਖਲ ਦੀ ਜਾਂਚ ਕਰਨ ਲਈ ਕਾਇਮ ਕੀਤਾ ਸੀ।

ਕੈਨੇਡਾ ਵਿੱਚ ਵੋਟਾਂ ਨੂੰ ਪ੍ਰਭਾਵਿਤ ਕਰਨ ਦੀਆਂ ਚੀਨ ਦੀਆਂ ਕਥਿਤ ਕੋਸ਼ਿਸ਼ਾਂ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਇਹ ਕਮਿਸ਼ਨ ਬਿਠਾਇਆ ਗਿਆ ਸੀ।

ਇਨ੍ਹਾਂ ਰਿਪੋਰਟਾਂ ਤੋਂ ਬਾਅਦ ਸਰਕਾਰ ਉੱਪਰ ਇਨ੍ਹਾਂ ਦਾਅਵਿਆਂ ਦੀ ਜਾਂਚ ਕਰਵਾਉਣ ਦਾ ਦਬਾਅ ਲਗਾਤਾਰ ਵਧ ਰਿਹਾ ਸੀ।

ਹਾਲਾਂਕਿ ਚੀਨ ਨੇ ਕੈਨੇਡਾ ਦੇ ਅੰਦਰੂਨੀ ਮਸਲਿਆਂ ਵਿੱਚ ਕਿਸੇ ਵੀ ਕਿਸਮ ਦਾ ਦਖ਼ਲ ਦੇਣ ਤੋਂ ਇਨਕਾਰ ਕੀਤਾ ਹੈ।

ਜੱਜ ਮੈਰੀ-ਜੋਜ਼ੇ ਓਗ

ਤਸਵੀਰ ਸਰੋਤ, courdappelduquebec.ca

ਤਸਵੀਰ ਕੈਪਸ਼ਨ, ਜੱਜ ਮੈਰੀ-ਜੋਜ਼ੇ ਓਗ

ਬੁੱਧਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਆਯੋਗ ਵੱਲੋਂ “ਸਾਲ 2019 ਅਤੇ 2021 ਦੀਆਂ ਚੋਣਾਂ ਵਿੱਚ ਭਾਰਤ ਦੀ ਕਥਿਤ ਦਖਲਅੰਦਾਜ਼ੀ” ਨਾਲ ਜੁੜੇ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਹੈ।

ਬਿਆਨ ਮੁਤਾਬਕ, “ਆਯੋਗ ਸੰਘੀ ਸਰਕਾਰ ਦੀ ਅੰਦਰੂਨੀ ਜਾਣਕਾਰੀ ਦੀ ਪੜਤਾਲ ਅਤੇ ਚੁੱਕੇ ਗਏ ਕਦਮਾਂ ਦਾ ਮੁਲਾਂਕਣ ਕਰਕੇ ਰਿਪੋਰਟ ਦੇਵੇਗਾ।”

ਆਯੋਗ ਦੀ ਅਗਵਾਈ ਕਿਊਬਿਕ ਸੂਬੇ ਦੀ ਮਹਿਲਾ ਜੱਜ ਮੈਰੀ-ਜੋਜ਼ੇ ਓਗ ਕਰ ਰਹੇ ਹਨ। ਆਯੋਗ ਦਾ ਜਿੰਮਾ ਕੈਨੇਡੀਅਨ ਘਰੇਲੂ ਮਸਲਿਆਂ ਖਾਸ ਕਰ 2019 ਅਤੇ 2012 ਦੀਆਂ ਆਮ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੀਆਂ ਕੋਸ਼ਿਸ਼ਾਂ ਦੀ ਜਾਂਚ ਕਰਨਾ ਹੈ।

ਆਯੋਗ ਦੀ ਜਾਂਚ ਦੇ ਘੇਰੇ ਵਿੱਚ ਚੀਨ ਤੋਂ ਇਲਾਵਾ ਰੂਸ ਅਤੇ ਹੋਰ ਦੇਸ ਵੀ ਸ਼ਾਮਲ ਹਨ।

ਸੰਭਾਵਨਾ ਹੈ ਕਿ ਆਯੋਗ ਜਿੱਥੇ ਆਪਣੀ ਅੰਤਰਿਮ ਰਿਪੋਰਟ ਇਸੇ ਸਾਲ 3 ਮਈ ਤੱਕ ਅਤੇ ਆਖਰੀ ਰਿਪੋਰਟ ਸਾਲ ਦੇ ਅਖੀਰ ਤੱਕ ਸਰਕਾਰ ਨੂੰ ਸੌਂਪ ਸਕਦਾ ਹੈ।

ਕੈਨੇਡਾ ਵਿੱਚ ਭਾਰਤੀ ਸਫਾਰਤਖਾਨੇ ਨੇ ਇਸ ਵਿਕਾਸ ਬਾਰੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ।

ਜਾਂਚ ਦੀ ਉੱਠਦੀ ਰਹੀ ਹੈ ਮੰਗ

ਡੋਮਨਿਕ ਲਾ ਬਲੈਂਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ ਦੇ ਜਨਤਕ ਸੁਰੱਖਿਆ, ਲੋਕਤੰਤਰੀ ਸੰਸਥਾਵਾਂ, ਅਤੇ ਅੰਤਰ-ਸਰਕਾਰੀ ਸਮਲਿਆਂ ਦੇ ਮੰਤਰੀ ਡੋਮਨਿਕ ਲਾ ਬਲੈਂਕ

ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਦੀ ਸਿਆਸਤ ਵਿੱਚ ਵਿਦੇਸ਼ੀ ਦਖ਼ਲ ਦੀ ਜਾਂਚ ਦੀ ਮੰਗ ਲਗਾਤਾਰ ਉੱਠਦੀ ਰਹੀ ਹੈ। ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਇਸ ਲਈ ਸਰਕਾਰ ਉੱਪਰ ਲਗਾਤਾਰ ਦਬਾਅ ਬਣਾਇਆ ਸੀ।

ਚੋਣਾਂ ਤੋਂ ਪਹਿਲਾਂ ਉਮੀਦਵਾਰਾਂ ਦੇ ਐਲਾਨ ਦੇ ਪੱਧਰ ਉੱਤੇ ਵੀ ਵਿਦੇਸ਼ੀ ਦਖਲ ਦੀ ਜਾਂਚ ਦੀ ਮੰਗ ਉੱਠਦੀ ਰਹੀ ਹੈ।

ਹਾਲਾਂਕਿ ਕਿਸੇ ਵੀ ਧਿਰ ਨੇ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੂੰ ਚੁਣੌਤੀ ਨਹੀਂ ਦਿੱਤੀ ਹੈ।

ਇਹ ਕਮਿਸ਼ਨ ਦੀ ਰਿਪੋਰਟ 2024 ਵਿੱਚ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇ ਨਜ਼ਰ ਹੋਰ ਵੀ ਅਹਿਮੀਅਤ ਦੀ ਧਾਰਨੀ ਹੋ ਜਾਂਦੀ ਹੈ।

ਕਮਿਸ਼ਨ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਕੈਨੇਡਾ ਦੇ ਜਨਤਕ ਸੁਰੱਖਿਆ, ਲੋਕਤੰਤਰੀ ਸੰਸਥਾਵਾਂ, ਅਤੇ ਅੰਤਰ-ਸਰਕਾਰੀ ਮਸਲਿਆਂ ਦੇ ਮੰਤਰੀ ਡੋਮਨਿਕ ਲਾ ਬਲੈਂਕ ਨੇ ਕਿਹਾ ਸੀ ਕਿ ਜੱਜ ਨੂੰ ਹਰ ਉਸ ਦਸਤਾਵੇਜ਼ ਦੀ ਪਹੁੰਚ ਹੋਵੇਗੀ ਜਿਸ ਨੂੰ ਵੀ ਓਹ ਜਾਂਚ ਲਈ ਜ਼ਰੂਰੀ ਸਮਝਣਗੇ।

ਇਹ ਆਯੋਗ ਚੀਨ, ਰੂਸ ਅਤੇ ਹੋਰ ਦੇਸਾਂ ਦੇ ਸਰਕਾਰੀ ਅਤੇ ਗੈਰ ਸਰਕਾਰੀ ਅਨਸਰਾਂ ਦੀ ਕੈਨੇਡੀਅਨ ਚੋਣਾਂ ਵਿੱਚ ਦਖਲ ਦੀ ਜਾਂਚ ਕਰੇਗਾ।

ਜਸਟਿਸ ਓਗ ਦੀ ਅਗਵਾਈ ਵਿੱਚ ਕਮਿਸ਼ਨ ਸਤੰਬਰ ਵਿੱਚ ਬਿਠਾਇਆ ਗਿਆ ਸੀ। ਉਨ੍ਹਾਂ ਦੇ ਪੂਰਬ ਅਧਿਕਾਰੀ ਨੇ ਆਪਣੇ ਉੱਪਰ ਟਰੂਡੋ ਦੀ ਲਿਬਰਲ ਪਾਰਟੀ ਦੇ ਹੱਕ ਵਿੱਚ ਪੱਖਪਾਤੀ ਹੋਣ ਦੇ ਇਲਜ਼ਾਮਾਂ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ।

ਹਾਲਾਂਕਿ ਕਮਿਸ਼ਨ ਨੇ ਪਹਿਲਾਂ ਚੀਨ ਦੀ ਭੂਮਿਕਾ ਦੀ ਹੀ ਜਾਂਚ ਕਰਨੀ ਸੀ ਪਰ ਬਾਅਦ ਵਿੱਚ ਹੋਰ ਦੇਸ ਵੀ ਜਾਂਚ ਦੇ ਘੇਰੇ ਵਿੱਚ ਸ਼ਾਮਲ ਕਰ ਲਏ ਗਏ।

ਇਸ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਸੀ ਕਿ ਚੀਨ ਇਕੱਲਾ ਹੀ ਨਹੀਂ ਹੈ ਜੋ ਕੈਨੇਡਾ ਨੂੰ ਦਬਾਉਣਾ ਚਾਹੁੰਦਾ ਹੈ।

ਕੈਨੇਡੀਅਨ ਚੋਣਾਂ ਵਿੱਚ ਵਿਦੇਸ਼ੀ ਦਖਲ ਦਾ ਵਿਵਾਦ ਕੈਨੇਡੀਅਨ ਮੀਡੀਆ ਵਿੱਚ ਲੀਕ ਹੋਈਆਂ ਸੂਹੀਆ ਰਿਪੋਰਟਾਂ ਤੋਂ ਬਾਅਦ ਗਰਮਾਇਆ। ਰਿਪੋਰਟਾਂ ਵਿੱਚ ਚੀਨੀ ਦਖਲ ਵੱਲ ਵੇਰਵੇ ਸਹਿਤ ਇਸ਼ਾਰੇ ਕੀਤੇ ਗਏ ਸਨ।

ਇਸੇ ਦੌਰਾਨ ਇੱਕ ਪੱਤਰਕਾਰ ਦੇ ਕੈਨੇਡਾ-ਚੀਨ ਰਿਸ਼ਤਿਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੇ ਦੋਵਾਂ ਰਿਸ਼ਤਿਆਂ ਨੂੰ 'ਸਥਿਰ' ਦੱਸਿਆ ਸੀ ਪਰ ਮੰਨਿਆ ਸੀ ਕਿ 'ਅਗਲੇ ਕੁਝ ਸਾਲ ਚੁਣੌਤੀਪੂਰਨ' ਹੋਣਗੇ।

ਹਰਦੀਪ ਸਿੰਘ ਨਿੱਝਰ ਦਾ ਮਾਮਲਾ

ਨਿ਼ਝਰ ਦੇ ਕਤਲ ਮਗਰੋਂ ਕੈਨੇਡਾ ਵਿੱਚ ਵਿਰੋਧ ਪ੍ਰਦਰਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿੱਝਰ ਦੇ ਕਤਲ ਮਗਰੋਂ ਕੈਨੇਡਾ ਵਿੱਚ ਭਾਰਤ ਖਿਲਾਫ਼ ਵਿਰੋਧ ਪ੍ਰਦਰਸ਼ਨ

45 ਸਾਲਾ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਦੇ ਸਰੀ ਵਿਖੇ ਪਿਛਲੇ ਸਾਲ ਜੂਨ ਵਿੱਚ ਕਤਲ ਹੋਇਆ ਸੀ।

ਘਟਨਾ ਤੋਂ ਬਾਅਦ ਕੈਨੇਡੀਅਨ ਸੰਸਦ ਵਿੱਚ ਇਸ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਤਲ ਕੇਸ ਨਾਲ ਭਾਰਤ ਦਾ ਨਾਂ ਜੋੜਿਆ ਸੀ।

ਕਤਲ ਦੀ ਇਹ ਵਾਰਦਾਤ 18 ਜੂਨ ਦੀ ਰਾਤ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਵਿੱਚ ਵਾਪਰੀ ਸੀ।

ਪੁਲਿਸ ਨੇ ਇਸ ਕਤਲ ਦੀ ਵਾਰਦਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਗਿਆ ਸੀ ਕਿ ਨਿੱਝਰ ਨੂੰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕੀਤਾ ਹੈ।

ਨਿੱਝਰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਨ।

ਹਾਲਾਂਕਿ ਕੈਨੇਡਾ ਸਰਕਾਰ ਵੱਲੋਂ ਇਸ ਸੰਬੰਧ ਵਿੱਚ ਕਿਸੇ ਵਿਅਕਤੀ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)