ਭਾਰਤ-ਕੈਨੇਡਾ ਮਸਲਾ: ਜਸਟਿਨ ਟਰੂਡੋ ਨੇ ਮੁੜ ਭਾਰਤ ਉੱਤੇ ਲਾਏ ਇਲਜ਼ਾਮ ਦੁਹਰਾਏ ਤੇ ਭਾਰਤ ਨੂੰ ਇਹ ਨਸੀਹਤ ਦਿੱਤੀ

ਤਸਵੀਰ ਸਰੋਤ, Reuters
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਤੋਂ ਭਾਰਤ ਦੀਆਂ ਏਜੰਸੀਆਂ ਉੱਤੇ ਖ ਖ਼ਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਇਲਜ਼ਾਮ ਲਗਾਏ ਹਨ।
ਨਿਊ ਯਾਰਕ ਵਿੱਚ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ, “ਇਸ ਗੱਲ ਉੱਤੇ ਭਰੋਸਾ ਕਰਨ ਲਈ ਪੁਖ਼ਤਾ ਕਾਰਨ ਹਨ ਕਿ ਭਾਰਤੀ ਏਜੰਟ ਇੱਕ ਕੈਨੇਡੀਅਨ ਨਾਗਰਿਕ ਦੇ ਕੈਨੇਡੀਅਨ ਧਰਤੀ ਉੱਤੇ ਹੋਏ ਕਤਲ ਵਿੱਚ ਸ਼ਾਮਿਲ ਹਨ।”
“ਇਹ ਮੁੱਦਾ ਕੈਨੇਡਾ ਵਰਗੇ ਮੁਲਕ ਲਈ ਬਹੁਤ ਅਹਿਮ ਹੈ ਜਿੱਥੇ ਕਾਨੂੰਨ ਦਾ ਰਾਜ ਹੈ। ਅਸੀਂ ਭਾਰਤ ਸਰਕਾਰ ਨੂੰ ਕਹਿੰਦੇ ਹਾਂ ਕਿ ਉਹ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਸਾਡੇ ਨਾਲ ਇਸ ਬਾਰੇ ਕੰਮ ਕਰਨ ਤੇ ਸਾਫ ਕਰਨ ਕਿ ਸੱਚ ਕੀ ਹੈ।”
ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਉਨ੍ਹਾਂ ਕੋਲ ਭਾਰਤ ਖਿਲਾਫ਼ ਸਬੂਤ ਕਿੰਨੇ ਪੁਖ਼ਤਾ ਹਨ ਤੇ ਉਹ ਕਦੋਂ ਉਨ੍ਹਾਂ ਨੂੰ ਨਸ਼ਰ ਕਰਨਗੇ ਤਾਂ ਉਹ ਕਹਿੰਦੇ ਕਿ ਕੈਨੇਡਾ ਦੀ ਇੱਕ ਮਜ਼ਬੂਤ ਨਿਆਂ ਪ੍ਰਣਾਲੀ ਹੈ ਤੇ ਅਸੀਂ ਇਹ ਤੈਅ ਕਰਾਂਗੇ ਕਿ ਪੂਰੀ ਪ੍ਰਕਿਰਿਆ ਦੀ ਪਾਲਣਾ ਹੋਵੇ।”
“ਇਹ ਸਾਡਾ ਫਰਜ਼ ਹੈ ਕਿ ਅਸੀਂ ਇਹ ਪੱਕਾ ਕਰੀਏ ਕਿ ਕੈਨੇਡਾ ਦਾ ਹਰ ਨਾਗਰਿਕ ਸੁਰੱਖਿਅਤ ਹੋਵੇ।”

ਤਸਵੀਰ ਸਰੋਤ, Getty Images
ਭਾਰਤ ਅਤੇ ਕੈਨੇਡਾ ਵਿਚਕਾਰ ਖ਼ਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੀ ਮੌਤ ਦੇ ਮਾਮਲੇ 'ਤੇ ਵਧਿਆ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ।
ਭਾਰਤ ਨੇ ਦੱਸਿਆ ਕਿ ਆਖ਼ਿਰ ਕੈਨੇਡਾਈ ਨਾਗਰਿਕਾਂ ਲਈ ਭਾਰਤ ਨੇ ਵੀਜ਼ਾ ਦੇਣ 'ਤੇ ਰੋਕ ਕਿਉਂ ਲਗਾਈ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੈਨੇਡਾ ਵਿੱਚ ਭਾਰਤੀ ਕੂਟਨੀਤਕਾਂ ਨੂੰ ਮਿਲ ਰਹੀਆਂ ਧਮਕੀਆਂ ਕਾਰਨ ਉੱਥੇ ਅਸਥਾਈ ਤੌਰ 'ਤੇ ਵੀਜ਼ਾ ਅਰਜ਼ੀਆਂ 'ਤੇ ਰੋਕ ਲਗਾਉਣੀ ਪਈ ਹੈ।
ਉਨ੍ਹਾਂ ਨੇ ਕਿਹਾ, "ਅਸੀਂ ਇਸ ਦੀ ਲਗਾਤਾਰ ਸਮੀਖਿਆ ਕਰਦੇ ਰਹਾਂਗੇ। ਫਿਲਹਾਲ ਅਸਥਾਈ ਤੌਰ 'ਤੇ ਵੀਜ਼ਾ ਅਰਜ਼ੀਆਂ 'ਤੇ ਰੋਕ ਲਗਾਈ ਹੈ।"
"ਇਸ ਤੋਂ ਇਲਾਵਾ ਕੂਟਨੀਤਕਾਂ ਵਿਚਾਲੇ ਨੰਬਰਾਂ ਦੀ ਸਮਾਨਤਾ ਹੋਣੀ ਚਾਹੀਦੀ ਹੈ। ਸਾਡੇ ਕੂਟਨੀਤਕ ਘੱਟ ਹਨ। ਅਸੀਂ ਦੇਖ ਰਹੇ ਹਾਂ ਕਿ ਕੈਨੇਡਾ ਵੱਲੋਂ ਕੂਟਨੀਕਤ ਦਖ਼ਲਅੰਦਾਜ਼ ਕੀਤੀ ਜਾ ਰਹੀ ਹੈ। ਇਸ ਲਈ ਅਸੀਂ ਇਹ ਫ਼ੈਸਲਾ ਲਿਆ ਹੈ।"

ਤਸਵੀਰ ਸਰੋਤ, @MEAIndia/X
ਉਨ੍ਹਾਂ ਨੇ ਅੱਗੇ ਇਹ ਵੀ ਕਿਹਾ, "ਕੈਨੇਡਾ ਨੇ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ, ਜਦਕਿ ਅਸੀਂ ਕੈਨੇਡਾ ਨਾਲ ਹਰ ਜਾਣਕਾਰੀ ਸਾਂਝੀ ਕਰ ਰਹੇ ਹਾਂ।
"ਇਸ ਵੇਲੇ ਮੁੱਖ ਮੁੱਦਾ ਅੱਤਵਾਦ ਦਾ ਹੈ ਅਤੇ ਉਸ 'ਤੇ ਕੰਮ ਹੋਣਾ ਚਾਹੀਦਾ ਹੈ।"
ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਇਸ ਤਣਾਅ ਦੌਰਾਨ ਭਾਰਤ ਨੇ ਫਿਲਹਾਲ ਲਈ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ 'ਤੇ ਰੋਕ ਲਗਾ ਦਿੱਤੀ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਕੈਨੇਡਾ ਨੂੰ 20 ਅਜਿਹੇ ਲੋਕਾਂ ਦੀ ਸੂਚੀ ਦਿੱਤੀ ਹੈ, ਜਿਨ੍ਹਾਂ ਦੀ ਹਵਾਲਗੀ ਜਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।"
"ਪਰ ਕੈਨੇਡਾ ਸਰਕਾਰ ਨੇ ਇਨ੍ਹਾਂ ਬੰਦਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਖ਼ਿਲਾਫ਼ ਜਾਂਤਾਂ ਜਾਣਕਾਰੀ ਹੋਣੀ ਚਾਹੀਦੀ ਹੈ ਜਾਂ ਉਨ੍ਹਾਂ ਨੂੰ ਸਾਨੂੰ ਸੌਂਪਣਾ ਦੇਣਾ ਚਾਹੀਦਾ ਹੈ।"
ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਇੰਡੀਆ ਵੀਜ਼ਾ ਐਪਲੀਕੇਸ਼ਨ ਸੈਂਟਰ- ਕੈਨੇਡਾ ਦੀ ਵੈਬਸਾਈਟ ਅਨੁਸਾਰ, ''ਕੁਝ ਆਪਰੇਸ਼ਨਲ ਕਾਰਨਾਂ ਕਰਕੇ, ਭਾਰਤੀ ਵੀਜ਼ਾ ਸੇਵਾਵਾਂ 'ਤੇ ਅਗਲੀ ਸੂਚਨਾ ਤੱਕ ਰੋਕ ਲਗਾ ਦਿੱਤੀ ਗਈ ਹੈ। ਇਹ ਰੋਕ 21 ਸਤੰਬਰ, 2023 ਤੋਂ ਲਾਗੂ ਹੋ ਰਹੀ ਹੈ।''
ਇਸ ਦਾ ਮਤਲਬ ਹੈ ਕਿ ਜੇਕਰ ਕੋਈ ਕੈਨੇਡਾਈ ਨਾਗਰਿਕ ਕੈਨੇਡਾ ਤੋਂ ਭਾਰਤ ਆਉਣਾ ਚਾਹੁੰਦਾ ਜਾਂ ਚਾਹੁੰਦੇ ਹਨ ਤਾਂ ਫਿਲਹਾਲ ਉਨ੍ਹਾਂ ਨੂੰ ਭਾਰਤ ਦਾ ਵੀਜ਼ਾ ਨਹੀਂ ਦਿੱਤਾ ਜਾਵੇਗਾ।

ਤਸਵੀਰ ਸਰੋਤ, ANI
ਭਾਰਤ 'ਚ ਵਣਜ ਦੂਤਾਵਾਸ ਖੁੱਲ੍ਹੇ ਤੇ ਕਾਰਜਸ਼ੀਲ ਹਨ- ਕੈਨੇਡਾ
ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਹਾਈ ਕਮਿਸ਼ਨ ਨੇ ਵੀਰਵਾਰ ਨੂੰ ਦੱਸਿਆ ਕਿ ਭਾਰਤ ਵਿੱਚ ਕੈਨੇਡੀਅਨ ਹਾਈ ਕਮਿਸ਼ਨ, ਵਣਜ ਦੂਤਾਵਾਸ ਖੁੱਲ੍ਹੇ, ਕਾਰਜਸ਼ੀਲ ਹਨ ਅਤੇ ਗਾਹਕਾਂ ਦੀ ਸੇਵਾ ਵਿੱਚ ਹਨ। ਕੈਨੇਡੀਅਨ ਹਾਈ ਕਮਿਸ਼ਨ ਨੇ ਕਿਹਾ ਕਿ ਗਲੋਬਲ ਅਫੇਅਰਜ਼ ਕੈਨੇਡਾ ਲਗਾਤਾਰ "ਸਾਡੇ ਮਿਸ਼ਨਾਂ ਤੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਸੁਰੱਖਿਆ ਦੀ ਨਿਗਰਾਨੀ ਕਰਦਾ ਹੈ। ਕਿਸੇ ਵੀ ਘਟਨਾ ਦਾ ਜਵਾਬ ਦੇਣ ਲਈ ਸਖ਼ਤ ਸੁਰੱਖਿਆ ਪ੍ਰੋਟੋਕੋਲ।"
ਉਨ੍ਹਾਂ ਨੇ ਅੱਗੇ ਕਿਹਾ, “ਮੌਜੂਦਾ ਮਾਹੌਲ ਨੂੰ ਦੇਖਦੇ ਹੋਏ ਜਿੱਥੇ ਤਣਾਅ ਵਧਿਆ ਹੈ, ਅਸੀਂ ਆਪਣੇ ਕੂਟਨੀਤਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਾਰਵਾਈ ਕਰ ਰਹੇ ਹਾਂ। ਕੁਝ ਕੂਟਨੀਤਕਾਂ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਧਮਕੀਆਂ ਮਿਲਣ ਤੋਂ ਬਾਅਦ ਗਲੋਬਲ ਅਫੇਅਰਜ਼ ਕੈਨੇਡਾ ਭਾਰਤ ਵਿੱਚ ਆਪਣੇ ਸਟਾਫ ਦਾ ਮੁਲਾਂਕਣ ਕਰ ਰਿਹਾ ਹੈ।"
ਗਲੋਬਲ ਅਫੇਅਰਜ਼ ਕੈਨੇਡਾ ਕੈਨੇਡਾ ਸਰਕਾਰ ਦਾ ਵਿਭਾਗ ਹੈ ਜੋ ਕੈਨੇਡਾ ਦੇ ਕੂਟਨੀਤਕ ਅਤੇ ਕੌਂਸਲਰ ਸਬੰਧਾਂ ਦਾ ਪ੍ਰਬੰਧਨ ਕਰਦਾ ਹੈ।

ਤਸਵੀਰ ਸਰੋਤ, ANI
ਵੀਜ਼ਾ ਬੰਦ ਕਰਨ 'ਤੇ ਮਾਹਰ ਦੀ ਰਾਇ
ਆਬਜ਼ਰਵਰ ਰਿਸਰਚ ਫਾਊਂਡੇਸ਼ਨ, ਨਵੀਂ ਦਿੱਲੀ ਦੇ ਅਧਿਐਨ ਅਤੇ ਵਿਦੇਸ਼ ਨੀਤੀ ਵਿਭਾਗ ਦੇ ਉਪ ਚੇਅਰਮੈਨ ਪ੍ਰੋਫੈਸਰ ਹਰਸ਼ ਵੀ ਪੰਤ ਨੇ ਕਿਹਾ ਹੈ ਇਹ ਭਾਰਤ ਦਾ ਨਾਰਾਜ਼ਗੀ ਜ਼ਾਹਰ ਕਰਨ ਦੀ ਇੱਕ ਤਰੀਕਾ ਹੈ।
ਕੈਨੇਡਾ 'ਚ ਵੀਜ਼ਾ ਸੇਵਾਵਾਂ ਬੰਦ ਕਰਨ ਦੇ ਭਾਰਤ ਦੇ ਫ਼ੈਸਲੇ 'ਤੇ ਉਨ੍ਹਾਂ ਦਾ ਕਹਿਣਾ ਹੈ, "ਇਹ ਭਾਰਤ ਦਾ ਸਪੱਸ਼ਟ ਤੌਰ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਦਾ ਤਰੀਕਾ ਹੈ। ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਪਹਿਲਾਂ ਹੀ ਉਪਰਲੇ ਪੱਧਰ 'ਤੇ ਵੱਧ ਚੁੱਕਾ ਹੈ ਅਤੇ ਇਸ ਦੇ ਵਧਣ ਦਾ ਕਾਰਨ ਜਸਟਿਨ ਟਰੂਡੋ ਦਾ ਸਦਨ ਵਿੱਚ ਜਨਤਕ ਤੌਰ 'ਤੇ ਲਗਾਏ ਗਏ ਇਲਜ਼ਾਮ ਹਨ।"
"ਭਾਰਤ ਨੂੰ ਵੀ ਨਿਸ਼ਚਿਤ ਤੌਰ 'ਤੇ ਇਹ ਦਿਖਾਉਣਾ ਹੋਵੇਗਾ ਕਿ ਉਹ ਇਸ ਸਭ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ।"
ਦੋਵਾਂ ਦੇਸ਼ਾਂ ਵੱਲੋਂ ਯਾਤਰਾ ਐਡਵਾਜ਼ਰੀ ਵੀ ਕੀਤੀ ਗਈ ਹੈ ਜਾਰੀ
ਇਸ ਵਿਵਾਦ ਦੇ ਕਾਰਨ ਹੀ ਹਾਲ 'ਚ ਦੋਵੇਂ ਦੇਸ਼ਾਂ ਨੇ ਆਪਣੇ-ਆਪਣੇ ਨਾਗਰਿਕਾਂ ਨੂੰ ਇੱਕ-ਦੂਜੇ ਦੇ ਦੇਸ਼ 'ਚ ਰਹਿਣ ਜਾਂ ਯਾਤਰਾ ਦੌਰਾਨ ਵਧੇਰੇ ਸਾਵਧਾਨ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ।
ਦੱਸ ਦੇਈਏ ਕਿ ਪਹਿਲਾਂ ਅਜਿਹੀ ਐਡਵਾਇਜ਼ਰੀ ਕੈਨੇਡਾ ਵੱਲੋਂ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਗਈ ਸੀ, ਜਿਸ ਮਗਰੋਂ ਭਾਰਤ ਨੇ ਵੀ ਆਪਣੇ ਨਾਗਰਿਕਾਂ ਲਈ ਅਜਿਹੀ ਹੀ ਐਡਵਾਇਜ਼ਰੀ ਜਾਰੀ ਕੀਤੀ।
ਹੁਣ ਕੈਨੇਡਾ ਨੇ ਭਾਰਤ ਵੱਲੋਂ ਜਾਰੀ ਇਸ ਸੁਰੱਖਿਆ ਐਡਵਾਇਜ਼ਰੀ 'ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਹੈ ਕਿ 'ਕੈਨੇਡਾ ਇੱਕ ਸੁਰਖਿਅਤ ਦੇਸ ਹੈ'।

ਤਸਵੀਰ ਸਰੋਤ, Getty Images
ਖ਼ਬਰ ਏਜੰਸੀ ਰਾਈਟਰਜ਼ ਮੁਤਾਬਕ, ਕੈਨੇਡਾ ਦੇ ਪਬਲਿਕ ਸੁਰੱਖਿਆ ਸਬੰਧੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਬੁੱਧਵਾਰ ਨੂੰ ਭਾਰਤ ਦੀ ਕੈਨੇਡਾ ਸਬੰਧੀ ਯਾਤਰਾ ਐਡਵਾਈਜ਼ਰੀ ਬਾਰੇ ਚੇਤਾਵਨੀ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਕੈਨੇਡਾ ਇੱਕ "ਸੁਰੱਖਿਅਤ ਦੇਸ" ਹੈ।
ਓਟਵਾ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਮੈਂ ਭਾਰਤ ਦੀ ਯਾਤਰਾ ਐਡਵਾਇਜ਼ਰੀ 'ਤੇ ਧਿਆਨ ਦਿੱਤਾ ਹੈ। ਕੈਨੇਡਾ ਇੱਕ ਸੁਰੱਖਿਅਤ ਦੇਸ ਹੈ।"
ਇਸੇ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਟਰੂ਼ਡੋ ਵਲੋਂ ਲਾਏ ਇਲਜ਼ਾਮਾਂ ਦੀ ਵਿਸਥਾਰਤ ਜਾਂਚ ਦਾ ਸਮਰਥਕ ਹੈ ਅਤੇ ਭਾਰਤ ਨੂੰ ਇਸ ਮਸਲੇ ਉੱਤੇ ਸਹਿਯੋਗ ਕਰਨਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਇਸੇ ਦੌਰਾਨ ਕੈਨੇਡੀਅਨ ਐੱਮਪੀ ਮਾਰਕਸ ਪਾਉਲੋਵਸਕੀ ਨੇ ਭਾਰਤ ਦੀ ਐਡਵਾਇਜ਼ਰੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ "ਇੱਕ ਮਜ਼ਾਕ ਲੱਗ ਰਿਹਾ ਹੈ।"
ਉੱਥੋਂ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ, "ਲੋਕਾਂ ਨੂੰ ਇਹ ਬਿਆਨ ਪੜ੍ਹਨਾ ਚਾਹੀਦਾ ਹੈ ਕਿ ਇਹ ਕੀ ਹੈ। ਕਿਸੇ ਵੀ ਮਾਪਦੰਡ ਮੁਤਾਬਕ, ਜੇ ਸਭ ਤੋਂ ਸੁਰੱਖਿਅਤ ਨਹੀਂ ਵੀ ਤਾਂ ਵੀ ਕੈਨੇਡਾ ਦੁਨੀਆਂ ਦਾ ਸਭ ਤੋਂ ਸੁਰੱਖਿਅਤ ਦੇਸਾਂ 'ਚੋਂ ਇੱਕ ਹੈ, ਜਿੱਥੇ ਕਾਨੂੰਨ ਦਾ ਰਾਜ ਚੱਲਦਾ ਹੈ।
ਭਾਰਤ ਵੱਲੋਂ ਜਾਰੀ ਐਡਵਾਇਜ਼ਰੀ ਵਿੱਚ ਕੀ ਕਿਹਾ ਗਿਆ

ਤਸਵੀਰ ਸਰੋਤ, Getty Images
ਭਾਰਤ ਨੇ ਆਪਣੇ ਬਿਆਨ ਵਿੱਚ ਕਿਹਾ, "ਕੈਨੇਡਾ ਵਿੱਚ ਵਧ ਰਹੀਆਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਸਿਆਸੀ ਤੌਰ 'ਤੇ ਸਮਰਥਨ ਹਾਸਿਲ ਨਫ਼ਰਤੀ ਅਪਰਾਧਾਂ ਅਤੇ ਅਪਰਾਧਿਕ ਹਿੰਸਾ ਦੇ ਮੱਦੇਨਜ਼ਰ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।"
ਐਡਵਾਇਜ਼ਰੀ ਮੁਤਾਬਕ-
- ਕੈਨੇਡਾ ਰਹਿਣ ਵਾਲੇ ਅਤੇ ਜਾਣ ਵਾਲੇ ਵਧੇਰੇ ਸੁਚੇਤ ਰਹਿਣ
- ਭਾਰਤੀ ਕੂਟਨੀਤਕਾਂ ਨੂੰ ਅਤੇ ਭਾਰਤ ਵਿਰੋਧੀ ਏਜੰਡੇ ਦੇ ਖ਼ਿਲਾਫ਼ ਬੋਲਣ ਵਾਲੇ ਭਾਰਤੀਆਂ ਲਈ ਖ਼ਤਰੇ ਦੇ ਹਾਲਾਤ ਬਣੇ ਹਨ।
- ਅਜਿਹੇ ਇਲਾਕਿਆਂ 'ਚ ਭਾਰਤੀ ਜਾਣ ਤੋਂ ਗੁਰੇਜ਼ ਕਰਨ ਜਿੱਥੇ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ।
- ਸਾਡਾ ਹਾਈ ਕਮੀਸ਼ਨ ਕੈਨੇਡਾ ਦੀ ਅਥਾਰਿਟੀ ਨਾਲ ਸਭ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਰਾਬਤਾ ਕਾਇਮ ਰੱਖ ਰਿਹਾ ਹੈ।
- ਭਾਰਤ ਨੇ ਕੈਨੇਡਾ ਵਿੱਚ ਰਹਿੰਦੇ ਭਾਰਤੀ ਨਾਗਰਿਕ ਅਤੇ ਵਿਦਿਆਰਥੀ ਆਪਣਾ ਨਾਮ ਪੋਰਟਲ 'ਤੇ ਰਜਿਸਟਰ ਜ਼ਰੂਰ ਕਰਵਾਉਣ।


ਕੈਨੇਡਾ ਵਲੋਂ ਜਾਰੀ ਟਰੈਵਲ ਐਡਵਾਇਜ਼ਰੀ ਵਿੱਚ ਕੀ ਕਿਹਾ ਗਿਆ
ਕੈਨੇਡਾ ਸਰਕਾਰ ਨੇ ਆਪਣੀ ਇਮੀਗ੍ਰੇਸ਼ਨ ਵੈੱਬਸਾਈਟ ਉੱਤੇ ਇੱਕ ਟਰੈਵਲ ਐਡਵਾਇਜ਼ਰੀ ਨਸ਼ਰ ਕੀਤੀ ਹੈ ਅਤੇ ਭਾਰਤ ਵਿੱਚ ਯਾਤਰਾ ਕਰਨ ਲਈ ਸਾਵਧਾਨੀ ਵਰਤਣ ਲਈ ਕਿਹਾ ਹੈ।
ਇਸ ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਸੂਬਿਆਂ ਪੰਜਾਬ, ਗੁਜਰਾਤ ਅਤੇ ਰਾਜਸਥਾਨ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ।
ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ, ‘‘ਕੁਝ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਹਨ, ਹਾਲਾਤ ਤੇਜ਼ੀ ਨਾਲ ਬਦਲ ਸਕਦੇ ਹਨ। ਹਰ ਸਮੇਂ ਬਹੁਤ ਸਾਵਧਾਨ ਰਹੋ, ਸਥਾਨਕ ਮੀਡੀਆ ਉੱਤੇ ਨਜ਼ਰ ਰੱਖੋ ਅਤੇ ਸਥਾਨਕ ਅਧਿਕਾਰੀਆਂ ਦੇ ਨਿਰਦੇਸ਼ਾਂ ਦਾ ਪਾਲਣ ਕਰੋ।’’
ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਵਿੱਚ ਗ਼ੈਰ-ਜ਼ਰੂਰੀ ਯਾਤਰਾ ਤੋਂ ਬਚਣ ਦਾ ਸੁਝਾਅ ਵੀ ਦਿੱਤਾ ਹੈ ਅਤੇ ਕਿਹਾ ਹੈ, ‘‘ਤੁਹਾਡੀ ਸੁਰੱਖਿਆ ਖ਼ਤਰੇ ਵਿੱਚ ਪੈ ਸਕਦੀ ਹਨ। ਤੁਹਾਨੂੰ ਪਰਿਵਾਰਕ ਲੋੜਾਂ, ਇਲਾਕੇ ਦੀ ਜਾਣਕਾਰੀ ਅਤੇ ਹੋਰ ਗੱਲਾਂ ਦੇ ਆਧਾਰ ਉੱਤੇ ਇਸ ਦੇਸ਼, ਖ਼ੇਤਰ ਜਾਂ ਖ਼ੇਤਰ ਦੀ ਯਾਤਰਾ ਕਰਨ ਦੀ ਆਪਣੀ ਜ਼ਰੂਰਤ ਬਾਰੇ ਸੋਚਣਾ ਚਾਹੀਦਾ ਹੈ। ਜੇ ਤੁਸੀਂ ਪਹਿਲਾਂ ਤੋਂ ਉੱਥੇ ਹੋ ਤਾਂ ਸੋਚੋ ਕਿ ਕੀ ਤੁਹਾਨੂੰ ਅਸਲ ਵਿੱਚ ਉੱਥੇ ਰਹਿਣ ਦੀ ਲੋੜ ਹੈ। ਜੇ ਇਹ ਲੋੜ ਨਹੀਂ ਹੈ ਤਾਂ ਤੁਹਾਨੂੰ ਵਾਪਸ ਆਉਣ ਬਾਰੇ ਸੋਚਣਾ ਚਾਹੀਦਾ ਹੈ।’’

ਤਸਵੀਰ ਸਰੋਤ, Reuters
ਸਰਕਾਰ ਵੱਲੋਂ ਜਾਰੀ ਐਡਵਾਇਜ਼ਰੀ ਵਿੱਚ ਅਸਾਮ ਅਤੇ ਮਣੀਪੁਰ ਸੂਬਿਆਂ ਤੋਂ ਕੇਂਦਰ ਸ਼ਾਸਿਤ ਸੂਬਿਆਂ ਜੰਮੂ-ਕਸ਼ਮੀਰ ਵਿੱਚ ਵੀ ਗ਼ੈਰ-ਜ਼ਰੂਰੀ ਯਾਤਰਾ ਤੋਂ ਗੁਰੇਜ਼ ਕਰਨ ਨੂੰ ਕਿਹਾ ਗਿਆ ਹੈ।
ਅਸਾਮ, ਮਣੀਪੁਰ, ਜੰਮੂ-ਕਸ਼ਮੀਰ ਦਾ ਜ਼ਿਕਰ ਕਰਦਿਆਂ ਐਵਡਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਖ਼ਾਸ ਤੌਰ ਉੱਤੇ ਇਹਨਾਂ ਇਲਾਕਿਆਂ ਵਿੱਚ ਅੱਤਵਾਦ ਦਾ ਖ਼ਤਰਾ ਹੈ।
ਐਡਵਾਇਜ਼ਰੀ ਵਿੱਚ ਨਕਸਲੀ (ਮਾਓਵਾਦੀਆਂ) ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ, ‘‘ਭਾਰਤ ਵਿੱਚ ਬਹੁਤੇ ਅੱਤਵਾਦੀ ਹਮਲਿਆਂ ਲਈ ਨਕਸਲੀ ਜ਼ਿੰਮੇਵਾਰ ਹਨ। ਭਾਰਤ ਸਰਕਾਰ ਮੁਤਾਬਕ ਇਹ ਸਮੂਹ ਆਮ ਤੌਰ ਉੱਤੇ ਦਿਹਾਤੀ ਅਤੇ ਜੰਗਲੀ ਖ਼ੇਤਰਾਂ ਵਿੱਚ ਸਥਿਤ ਹਨ। ਇਹਨਾਂ ਵਿੱਚ ਆਉਣ ਵਾਲੇ ਸੂਬੇ ਇਸ ਤਰ੍ਹਾਂ ਹਨ...’’
- ਆਂਧਰ ਪ੍ਰਦੇਸ਼
- ਬਿਹਾਰ
- ਛੱਤੀਸਗੜ੍ਹ
- ਝਾਰਖੰਡ
- ਮੱਧ ਪ੍ਰਦੇਸ਼
- ਮਹਾਰਾਸ਼ਟਰ
- ਓਡੀਸ਼ਾ
- ਤੇਲੰਗਾਨਾ
- ਉੱਤਰ ਪ੍ਰਦੇਸ਼
- ਪੱਛਮੀ ਬੰਗਾਲ
ਅਮਰੀਕਾ ਨੇ ਕੀ ਕਿਹਾ

ਤਸਵੀਰ ਸਰੋਤ, Getty Images
ਇਸ ਪੂਰੇ ਮਾਮਲੇ 'ਤੇ ਭਾਰਤ 'ਚ ਅਮਰੀਕਾ ਦੇ ਰਾਜਦੂਤ ਏਰਿਕ ਗਾਰਸੇਟੀ ਨੇ ਕਿਹਾ ਹੈ ਕਿ ਅਮਰੀਕਾ, ਪ੍ਰਧਾਨ ਮੰਤਰੀ ਟਰੂਡੋ ਦੇ ਇਲਜ਼ਾਮਾਂ ਦੀ ਪੂਰੀ ਤਰ੍ਹਾਂ ਜਾਂਚ ਦਾ ਸਮਰਥਨ ਕਰਦਾ ਹੈ।
ਉਨ੍ਹਾਂ ਕਿਹਾ ਕਿ ਕੈਨੇਡੀਆਈ ਪੀਐਮ ਦੇ ਇਲਜ਼ਾਮ 'ਪਰੇਸ਼ਾਨ ਕਰਨ ਵਾਲੇ' ਹਨ। ਉਨ੍ਹਾਂ ਨੇ ਅੰਤਰ-ਰਾਸ਼ਟਰੀ ਕਾਨੂੰਨ, ਪ੍ਰਭੂਸੱਤਾ ਅਤੇ ਨਾਨ-ਇੰਟਰਫੇਅਰੇਂਸ ਦੇ ਸਿਧਾਂਤਾਂ ਦੇ ਮਹੱਤਵ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ, ''ਜ਼ਾਹਿਰ ਹੈ, ਇਸ ਤਰ੍ਹਾਂ ਦੇ ਕੋਈ ਵੀ ਇਲਜ਼ਾਮ ਚਿੰਤਾਜਨਕ ਹਨ। ਪਰ ਸਰਗਰਮ ਅਪਰਾਧਿਕ ਜਾਂਚ ਤੋਂ ਉਮੀਦ ਹੈ ਕਿ ਅਸੀਂ ਇਹ ਯਕੀਨੀ ਬਣਾ ਸਕਾਂਗੇ ਕਿ ਅਪਰਾਧੀਆਂ ਨੂੰ ਕਟਿਹਰੇ 'ਚ ਲੈ ਕੇ ਆਂਦਾ ਜਾਵੇ।''
''ਕਿਸੇ ਨਤੀਜੇ 'ਤੇ ਪਹੁੰਚਣ ਤੋਂ ਪਹਿਲਾਂ ਜਾਂਚ ਪੂਰੀ ਹੋਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਨਾਲ ਹੀ ਪ੍ਰਭੂਸੱਤਾ ਦਾ ਸਨਮਾਨ ਕਰਨਾ ਸਭ ਤੋਂ ਮਹੱਤਵਪੂਰਨ ਸਿਧਾਂਤ ਹੈ।''
ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਦੇ ਬੁਲਾਰੇ ਜੌਨ ਕਿਰਬੀ ਨੇ ਭਾਰਤ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਜਾਂਚ 'ਚ ਸਹਿਯੋਗ ਦੇਵੇ।

ਤਸਵੀਰ ਸਰੋਤ, Getty Images
ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰਗਰਿਟ ਮੈਕਲਿਓਡ ਨੇ ਕਿਹਾ ਕਿ ਕੈਨੇਡਾ ਵੱਲੋਂ ਭਾਰਤ 'ਤੇ ਲਗਾਏ ਇਲਜ਼ਾਮਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਮੀਦ ਹੈ ਕਿ ਭਾਰਤ ਇਸ ਵਿੱਚ ਸਹਿਯੋਗ ਕਰੇਗਾ।''
ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ''ਸਭ ਤੋਂ ਮਹੱਤਵਪੂਰਨ ਹੈ ਕਿ ਮੁਲਜ਼ਮ ਨਿਆਂ ਦਾ ਸਾਹਮਣਾ ਕਰਨ।''
''ਅਸੀਂ ਕੈਨੇਡਾ ਅਤੇ ਭਾਰਤ ਦੋਵਾਂ ਦੀ ਗੱਲ ਸੁਣਾਂਗੇ। ਦੋਵੇਂ ਸਾਡੇ ਕਰੀਬੀ ਸਾਥੀ ਹਨ। ਹਰੇਕ ਦੇਸ਼ ਨਾਲ ਸਾਡੇ ਵੱਖਰੇ ਸਬੰਧ ਹਨ।''
ਹਰਦੀਪ ਸਿੰਘ ਨਿੱਝਰ ਕਤਲ ਦੀ ਜਾਂਚ ਮਾਮਲੇ ਵਿੱਚ ਅਮਰੀਕਾ ਵੱਲੋਂ ਕੈਨੇਡਾ ਨੂੰ ਸਹਿਯੋਗ ਦੇਣ ਦੀਆਂ ਖ਼ਬਰਾਂ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, “ਮੈਂ ਇਨ੍ਹਾਂ ਖ਼ਬਰਾਂ ਬਾਰੇ ਨਹੀਂ ਜਾਣਦੀ ਪਰ ਅਮਰੀਕਾ, ਇੰਡੀਆ ਅਤੇ ਕੈਨੇਡਾ ਦੋਵਾਂ ਦੇਸ਼ਾਂ ਦਾ ਅਲੱਗ-ਅਲੱਗ ਮਾਮਲਿਆਂ ਦੀ ਜਾਂਚ ਵਿੱਚ ਸਹਿਯੋਗ ਕਰਦਾ ਹੈ।”
ਹਿੰਦੂ-ਸਿਖਾਂ ਨੂੰ ਵੰਡਣ ਦੀ ਕੋਸ਼ਿਸ਼ - ਕੈਨੇਡਾ ਦੇ ਸੰਸਦ ਮੈਂਬਰ

ਤਸਵੀਰ ਸਰੋਤ, Social Media
ਕੈਨੇਡਾ ਦੇ ਓਨਟਾਰੀਓ ਦੇ ਨੇਪੀਅਨ ਤੋਂ ਸੰਸਦ ਮੈਂਬਰ ਚੰਦਰ ਆਰਿਆ ਨੇ ਕੈਨੇਡਾ ਵਿੱਚ ਰਹਿੰਦੇ ਹਿੰਦੂਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਖਾਲਿਸਤਾਨ ਪੱਖੀ ਆਗੂ ਕੈਨੇਡਾ ਵਿੱਚ ਹਿੰਦੂਆਂ ਅਤੇ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।
ਇੱਕ ਵੀਡੀਓ ਅਪੀਲ ਜਾਰੀ ਕਰਦੇ ਹੋਏ ਉਨ੍ਹਾਂ ਕਿਹਾ, “ਕੁਝ ਦਿਨ ਪਹਿਲਾਂ ਕੈਨੇਡਾ ਵਿੱਚ ਖਾਲਿਸਤਾਨ ਅੰਦੋਲਨ ਦੇ ਆਗੂ ਅਤੇ ਕਥਿਤ ਰਾਇਸ਼ੁਮਾਰੀ ਕਰਵਾਉਣ ਵਾਲੇ ਸਿੱਖਸ ਫਾਰ ਜਸਟਿਸ ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂ ਨੇ ਹਿੰਦੂ-ਕੈਨੇਡੀਅਨਾਂ ਲੋਕਾਂ 'ਤੇ ਹਮਲਾ ਕੀਤਾ ਅਤੇ ਸਾਨੂੰ ਕੈਨੇਡਾ ਛੱਡਣ ਲਈ ਅਤੇ ਭਾਰਤ ਵਾਪਸ ਪਰਤਣ ਲਈ ਕਿਹਾ।
“ਮੈਂ ਬਹੁਤ ਸਾਰੇ ਹਿੰਦੂ ਕੈਨੇਡੀਅਨਾਂ ਤੋਂ ਸੁਣਿਆ ਹੈ ਕਿ ਉਹ ਇਸ ਟਾਰਗੇਟਿਡ ਹਮਲੇ ਤੋਂ ਬਾਅਦ ਡਰੇ ਹੋਏ ਹਨ। ਮੈਂ ਹਿੰਦੂ ਕੈਨੇਡੀਅਨਾਂ ਨੂੰ ਅਪੀਲ ਕਰਦਾ ਹਾਂ ਕਿ ਸ਼ਾਂਤ ਰਹਿਣ ਪਰ ਨਾਲ ਹੀ ਸਾਵਧਾਨ ਵੀ ਰਹਿਣ।
"ਕਿਸੇ ਵੀ ਤਰ੍ਹਾਂ ਦੀ ਹਿੰਦੂ ਫੋਬੀਆ ਦੀ ਘਟਨਾ ਦੀ ਜਾਣਕਾਰੀ ਆਪਣੀ ਨਜ਼ਦੀਕੀ ਕਾਨੂੰਨ ਵਿਵਸਥਾ ਲਾਗੂ ਕਰਨ ਵਾਲੀ ਏਜੰਸੀ ਨੂੰ ਕਰੋ।"
“ਖਾਲਿਸਤਾਨ ਪੱਖੀ ਆਗੂ ਕੈਨੇਡੀਅਨ ਹਿੰਦੂਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਹ ਕੈਨੇਡਾ ਵਿੱਚ ਸਿੱਖ ਅਤੇ ਹਿੰਦੂ ਭਾਈਚਾਰਿਆਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।''
''ਮੈਂ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਕੈਨੇਡਾ ਦੇ ਜ਼ਿਆਦਾਤਰ ਸਿੱਖ ਭੈਣ-ਭਰਾ ਖਾਲਿਸਤਾਨ ਅੰਦੋਲਨ ਦਾ ਸਮਰਥਨ ਨਹੀਂ ਕਰਦੇ। ਬਹੁਤ ਸਾਰੇ ਸਿੱਖ ਖਾਲਿਸਤਾਨ ਲਹਿਰ ਦੀ ਖੁੱਲ੍ਹ ਕੇ ਨਿੰਦਾ ਨਹੀਂ ਕਰਨਗੇ, ਪਰ ਉਹ ਕੈਨੇਡੀਅਨ ਹਿੰਦੂ ਭਾਈਚਾਰੇ ਨਾਲ ਜੁੜੇ ਹੋਏ ਹਨ।"
ਇਹ ਭਾਰਤ ਦੀ ਭਰੋਸੇਯੋਗਤਾ 'ਤੇ ਸਵਾਲ - ਪਾਕਿਸਤਾਨ

ਤਸਵੀਰ ਸਰੋਤ, Dr. Arif Alvi/FB
ਇਸ ਪੂਰੇ ਵਿਵਾਦ 'ਤੇ ਪਾਕਿਸਤਾਨ ਨੇ ਵੀ ਆਪਣਾ ਪ੍ਰਤੀਕਿਰਿਆ ਦਿੱਤੀ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਮਹਿਲਾ ਬੁਲਾਰੇ ਮੁਮਤਾਜ਼ ਜ਼ਾਹਰਾ ਬਲੋਚ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ''ਇਹ ਇੱਕ ਲਾਪਰਵਾਹ ਅਤੇ ਗ਼ੈਰ-ਜ਼ਿੰਮੇਦਾਰ ਹਰਕਤ ਹੈ ਜੋ ਇੱਕ ਭਰੋਸੇਯੋਗ ਅੰਤਰ-ਰਾਸ਼ਟਰੀ ਸਹਿਯੋਗੀ ਦੇ ਰੂਪ 'ਚ ਭਾਰਤ ਦੀ ਭਰੋਸੇਯੋਗਤਾ 'ਤੇ ਸਵਾਲ ਹੈ।’’
‘‘ਭਾਰਤ ਦੀ ਐਕਸਟਰਾ ਟੇਰੀਟੋਰੀਅਲ ਹੱਤਿਆ ਦਾ ਨੈੱਟਵਰਕ ਹੁਣ ਵਿਸ਼ਵ ਪੱਧਰ ਦਾ ਬਣ ਚੁੱਕਿਆ ਹੈ।''
ਉਨ੍ਹਾਂ ਕਿਹਾ, ''ਪਾਕਿਸਤਾਨ, ਭਾਰਤੀ ਖੂਫ਼ੀਆ ਏਜੰਸੀ ਰਿਸਰਚ ਐਂਡ ਅਨੈਲੀਸਿਸ ਵਿੰਗ ਭਾਵ ਰਾਅ ਵੱਲੋਂ 'ਟਾਰਗੇਟਿਡ ਕਤਲਾਂ ਅਤੇ ਜਾਸੂਸੀ'' ਦਾ ਨਿਸ਼ਾਨਾ ਰਿਹਾ ਹੈ ਅਤੇ ਅੱਜ ਵੀ ਹੈ।''
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਸਕੱਤਰ ਸਾਇਰਸ ਕਾਜ਼ੀ ਨੇ ਕਿਹਾ ਸੀ ਕਿ ਪਾਕਿਸਤਾਨ ਕੈਨੇਡਾ ਦੇ ਭਾਰਤ 'ਤੇ ਲਗਾਏ ਗਏ ਇਲਜ਼ਾਮਾਂ ਤੋਂ 'ਹੈਰਾਨ' ਨਹੀਂ ਹੈ।
ਮਸਲਾ ਕਿਵੇਂ ਭਖਿਆ

ਤਸਵੀਰ ਸਰੋਤ, FB/VIRSA SINGH VALTOHA
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਮੁਲਕ ਦੀ ਸੰਸਦ ਵਿੱਚ ਖਦਸ਼ਾ ਪ੍ਰਗਟਾਇਆ ਸੀ ਕਿ ਇਸ ਸਾਲ ਜੂਨ ਵਿੱਚ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਸ਼ਾਇਦ ਭਾਰਤ ਦੀ ਭੂਮਿਕਾ ਸੀ।
ਇਸ ਬਿਆਨ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਸੀਨੀਅਰ ਡਿਪਲੋਮੇਟ ਪਵਨ ਕੁਮਾਰ ਰਾਏ ਨੂੰ ਮੁਲਕ ਵਿੱਚੋਂ ਕੱਢ ਦਿੱਤਾ। ਜਵਾਬੀ ਕਾਰਵਾਈ ਵਿੱਚ ਭਾਰਤ ਨੇ ਵੀ ਕੈਨੇਡਾ ਦੇ ਸੀਨੀਅਰ ਡਿਪਲੋਮੇਟ ਨੂੰ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਦਾ ਹੁਕਮ ਦਿੱਤਾ ਹੈ।
ਇਸ ਮਾਮਲੇ 'ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ, ''ਭਾਰਤ ਨੇ ਕੈਨੇਡੀਅਨ ਡਿਪਲੋਮੈਟ ਨੂੰ ਕੱਢ ਦਿੱਤਾ ਹੈ। ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਭਾਰਤ ਸਰਕਾਰ ਦੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਗਈ ਹੈ। ਸੰਬੰਧਿਤ ਡਿਪਲੋਮੈਟ ਨੂੰ ਅਗਲੇ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਲਈ ਕਿਹਾ ਗਿਆ ਹੈ।”
"ਇਹ ਫੈਸਲਾ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਕੈਨੇਡੀਅਨ ਡਿਪਲੋਮੈਟਾਂ ਦੀ ਦਖਲਅੰਦਾਜ਼ੀ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਲੈ ਕੇ ਭਾਰਤ ਸਰਕਾਰ ਦੀ ਵੱਧ ਰਹੀ ਚਿੰਤਾ ਨੂੰ ਦਰਸਾਉਂਦਾ ਹੈ।"
ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
‘‘ਭਾਰਤ ਮਾਮਲੇ ਨੂੰ ਸਹੀ ਢੰਗ ਨਾਲ ਨਜਿੱਠੇ’’

ਤਸਵੀਰ ਸਰੋਤ, Reuters
ਜਸਟਿਨ ਟਰੂਡੋ ਦਾ ਇੱਕ ਹੋਰ ਬਿਆਨ ਆਇਆ, ਜਿਸ ਵਿੱਚ ਉਨ੍ਹਾਂ ਕਿਹਾ, "ਇੱਕ ਸਿੱਖ ਵੱਖਵਾਦੀ ਆਗੂ ਦੇ ਕਤਲ ਨਾਲ ਭਾਰਤੀ ਏਜੰਟਾਂ ਦੇ ਜੁੜੇ ਹੋਣ ਦਾ ਸ਼ੱਕ ਪ੍ਰਗਟਾਉਣ ਪਿੱਛੇ ਕੈਨੇਡਾ ਦਾ ਇਰਾਦਾ ਭਾਰਤ ਨੂੰ ਭੜਕਾਉਣਾ ਨਹੀਂ ਸੀ, ਪਰ ਕੈਨੇਡਾ ਚਾਹੁੰਦਾ ਹੈ ਕਿ ਭਾਰਤ ਇਸ ਮਾਮਲੇ ਨੂੰ ਸਹੀ ਢੰਗ ਨਾਲ ਨਜਿੱਠੇ।"
"ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਬਹੁਤ ਗੰਭੀਰਤਾ ਦਿਖਾਉਣ ਦੀ ਲੋੜ ਹੈ, ਅਸੀਂ ਇਹੀ ਕਰ ਰਹੇ ਹਾਂ। ਅਸੀਂ ਕਿਸੇ ਨੂੰ ਭੜਕਾਉਣਾ ਜਾਂ ਮਾਮਲੇ ਨੂੰ ਖਿੱਚਣਾ ਨਹੀਂ ਚਾਹੁੰਦੇ।"
ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਸੰਕਟ ਦਰਮਿਆਨ ਬ੍ਰਿਟੇਨ ਨੇ ਕਿਹਾ ਹੈ ਕਿ ਉਹ ਨਵੀਂ ਦਿੱਲੀ ਨਾਲ ਵਪਾਰਕ ਗੱਲਬਾਤ ਜਾਰੀ ਰੱਖੇਗਾ।
ਇਸ ਤੋਂ ਪਹਿਲਾਂ, ਬ੍ਰਿਟਿਸ਼ ਸਰਕਾਰ ਦੇ ਬੁਲਾਰੇ ਨੇ ਜਸਟਿਨ ਟਰੂਡੋ ਦੇ ਦੋਸ਼ਾਂ ਨੂੰ 'ਗੰਭੀਰ' ਦੱਸਦਿਆਂ ਕਿਹਾ ਸੀ, "ਅਸੀਂ ਕੈਨੇਡਾ ਨਾਲ ਨਜ਼ਦੀਕੀ ਸੰਪਰਕ ਬਣਾਕੇ ਰੱਖ ਰਹੇ ਹਾਂ।"
ਆਸਟ੍ਰੇਲੀਆ ਨੇ ਕਿਹਾ ਹੈ ਕਿ ਉਹ ਖਾਲਿਸਤਾਨੀ ਸਿੱਖ ਆਗੂ ਦੇ ਕਤਲ ਦੇ ਮਾਮਲੇ 'ਚ ਕੈਨੇਡਾ ਵੱਲੋਂ ਭਾਰਤ 'ਤੇ ਲਗਾਏ ਗਏ ਇਲਜ਼ਾਮਾਂ ਲੈ ਕੇ 'ਬਹੁਤ ਚਿੰਤਤ' ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਨੂੰ ‘ਬਹੁਤ ਚਿੰਤਾਜਨਕ’ ਦੱਸਿਆ ਹੈ।
ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੀਨਾ ਜੋਲੀ ਨੇ ਵੀ ਇਸ 'ਤੇ ਬਿਆਨ ਦਿੱਤਾ ਹੈ।
ਉਨ੍ਹਾਂ ਕਿਹਾ, "ਕੈਨੇਡੀਅਨ ਧਰਤੀ 'ਤੇ ਕੈਨੇਡੀਅਨ ਨਾਗਰਿਕ ਦੇ ਕਤਲ ਵਿੱਚ ਵਿਦੇਸ਼ੀ ਸਰਕਾਰ ਦੇ ਏਜੰਟਾਂ ਦੇ ਸ਼ਾਮਲ ਹੋਣ ਦਾ ਇਲਜ਼ਾਮ ਪਰੇਸ਼ਾਨ ਕਰਨ ਵਾਲਾ ਹੈ। ਇਹ ਅਜਿਹੀ ਚੀਜ਼ ਹੈ, ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।"













