ਉਹ 3 ਗੱਲਾਂ, ਜੋ ਅੱਤ ਦੇ ਗਰੀਬ ਬੱਚਿਆਂ ਨੂੰ ਸਫ਼ਲਤਾ ਦੀਆਂ ਬੁਲੰਦੀਆਂ 'ਤੇ ਪਹੁੰਚਾ ਸਕਦੀਆਂ ਹਨ

ਬੱਚੇ

ਤਸਵੀਰ ਸਰੋਤ, Getty Images

    • ਲੇਖਕ, ਆਦਰਸ਼ ਰਾਠੌਰ
    • ਰੋਲ, ਬੀਬੀਸੀ ਹਿੰਦੀ ਲਈ

ਗੰਗਾ ਸਹਾਏ ਮੀਣਾ ਦਾ ਜਨਮ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ।

ਉਨ੍ਹਾਂ ਦਾ ਬਚਪਨ ਬਹੁਤ ਮੁਸ਼ਕਲਾਂ ਵਿੱਚ ਬੀਤਿਆ। ਹਾਲਾਤ ਅਜਿਹੇ ਸਨ ਕਿ ਢਿੱਡ ਭਰ ਖਾਣਾ ਮਿਲਣਾ ਵੀ ਸੌਖਾ ਨਹੀਂ ਸੀ। ਕਦੇ ਗੁਆਂਢੀਆਂ ਤੋਂ ਲਿਆਉਂਦੀ ਲੱਸੀ ਨਾਲ ਕੜ੍ਹੀ ਬਣਾਈ ਜਾਂਦੀ, ਕਦੇ ਪੀਸੀਆਂ ਹੋਈਆਂ ਮਿਰਚਾਂ ਨਾਲ ਰੋਟੀ ਖਵਾਈ ਜਾਂਦੀ ਸੀ ਤੇ ਕਦੇ ਪਿਆਜ਼ ਨਾਲ।

ਸਰਕਾਰੀ ਸਕੂਲਾਂ-ਕਾਲਜਾਂ ਵਿੱਚ ਪੜ੍ਹ ਕੇ ਉਹ ਐੱਮਏ ਕਰਨ ਲਈ ਦਿੱਲੀ ਆਏ। ਇੱਥੇ ਉਨ੍ਹਾਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿੱਚ ਦਾਖਲਾ ਲਿਆ ਅਤੇ ਅੱਜ ਉਹ ਇਥੇ ਹੀ ਭਾਰਤੀ ਭਾਸ਼ਾ ਕੇਂਦਰ ਵਿੱਚ ਐਸੋਸੀਏਟ ਪ੍ਰੋਫੈਸਰ ਹਨ। ਉਹ ਜੇਐਨਯੂ ਵਿੱਚ ਸਭ ਤੋਂ ਘੱਟ ਉਮਰ ਦੇ ਐਸੋਸੀਏਟ ਪ੍ਰੋਫੈਸਰ ਬਣੇ ਸਨ।

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਦਰੰਗ ਦੇ ਸੰਗੀਤਾ ਦੀ ਕਹਾਣੀ ਵੀ ਅਜਿਹੀ ਹੀ ਹੈ। ਮਾਪਿਆਂ ਨਾਲ ਮੇਲਿਆਂ ਵਿੱਚ ਚੂੜੀਆਂ ਅਤੇ ਖਿਡੌਣੇ ਵੇਚੇ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ ਅਤੇ ਪੜ੍ਹਾਈ ਦਾ ਖਰਚਾ ਵੀ ਪੂਰਾ ਹੋ ਸਕੇ।

ਕਾਲਜ ਤੋਂ ਬਾਅਦ, ਜਦੋਂ ਉਹ ਅੱਗੇ ਦੀ ਪੜ੍ਹਾਈ ਲਈ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਆਏ, ਉਸ ਸਮੇਂ ਦੌਰਾਨ ਉਸ ਦੇ ਪਿਤਾ ਨੂੰ ਕੈਂਸਰ ਹੋ ਗਿਆ।

ਪੜ੍ਹਾਈ ਦੇ ਨਾਲ-ਨਾਲ ਉਹ ਆਪਣੇ ਪਿਤਾ ਦੇ ਇਲਾਜ ਲਈ ਸ਼ਿਮਲਾ-ਚੰਡੀਗੜ੍ਹ ਵਿਚਕਾਰ ਭੱਜ-ਦੌੜ ਕਰਦੇ ਰਹੇ।

ਇਸ ਦੌਰਾਨ ਉਨ੍ਹਾਂ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਕਾਲਜ ਕੈਡਰ ਵਿੱਚ ਅਸਿਸਟੈਂਟ ਪ੍ਰੋਫੈਸਰ ਦਾ ਟੈਸਟ ਵੀ ਪਾਸ ਕਰ ਲਿਆ।

ਗਰੀਬ ਬੱਚੀ

ਤਸਵੀਰ ਸਰੋਤ, Getty Images

ਪ੍ਰੋਫੈਸਰ ਗੰਗਾ ਸਹਾਏ ਮੀਣਾ ਅਤੇ ਸੰਗੀਤਾ ਦੋਵਾਂ ਲਈ ਇੱਥੋਂ ਤੱਕ ਦਾ ਸਫ਼ਰ ਤੈਅ ਕਰਨਾ ਸੌਖਾ ਨਹੀਂ ਸੀ।

ਇਸ ਦੇ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ, ਕਈ ਸਮਾਜਿਕ-ਆਰਥਿਕ ਚੁਣੌਤੀਆਂ ਨੂੰ ਪਾਰ ਕੀਤਾ ਅਤੇ ਫਿਰ ਕਿਤੇ ਜਾ ਕੇ ਇਹ ਮੁਕਾਮ ਹਾਸਲ ਕੀਤਾ।

ਸਾਨੂੰ ਆਪਣੇ ਆਲੇ-ਦੁਆਲੇ ਅਜਿਹੀਆਂ ਕਈ ਉਦਾਹਰਣਾਂ ਦੇਖਣ ਨੂੰ ਮਿਲਦੀਆਂ ਹਨ, ਜਦੋਂ ਬਚਪਨ ਵਿਚ ਬਹੁਤ ਔਖੇ ਦਿਨ ਦੇਖਣ ਵਾਲੇ ਲੋਕ ਸਫ਼ਲਤਾ ਦੀ ਨਵੀਂ ਕਹਾਣੀ ਲਿਖਦੇ ਹਨ।

ਕੋਈ ਖੇਡਾਂ ਦੀ ਦੁਨੀਆਂ ਵਿਚ ਨਾਮ ਕਮਾਉਂਦਾ ਹੈ, ਕੋਈ ਪ੍ਰਸ਼ਾਸਨਿਕ ਅਧਿਕਾਰੀ ਬਣ ਜਾਂਦਾ ਹੈ, ਕੋਈ ਵਿਗਿਆਨੀ ਬਣ ਜਾਂਦਾ ਹੈ ਅਤੇ ਕੋਈ ਸਫ਼ਲ ਵਪਾਰੀ ਬਣ ਜਾਂਦਾ ਹੈ।

ਅਜਿਹਾ ਕਿਵੇਂ ਹੁੰਦਾ ਹੈ, ਇਸ ਸਵਾਲ ਦਾ ਕੋਈ ਸਿੱਧਾ ਜਵਾਬ ਨਹੀਂ ਹੈ। ਪਰ ਇੱਕ ਵੱਡੀ ਖੋਜ ਨਾਲ ਸਾਹਮਣੇ ਆਏ ਕੁਝ ਬਹੁਤ ਹੀ ਦਿਲਚਸਪ ਨਤੀਜੇ ਇਸ ਵਿਸ਼ੇ 'ਤੇ ਰੌਸ਼ਨੀ ਪਾਉਂਦੇ ਹਨ।

ਬੱਚੇ

ਤਸਵੀਰ ਸਰੋਤ, Getty Images

ਸਹਿਯੋਗ ਅਤੇ ਸਹਾਰਾ ਦੇਣ ਵਾਲਾ ਰਿਸ਼ਤਾ

ਆਕਸਫੋਰਡ ਯੂਨੀਵਰਸਿਟੀ ਦੀ ‘ਯੰਗ ਲਾਈਵਜ਼’ ਖੋਜ ਟੀਮ ਨੇ ਭਾਰਤ, ਵਿਅਤਨਾਮ, ਪੇਰੂ ਅਤੇ ਇਥੋਪੀਆ ਦੇ 12,000 ਬੱਚਿਆਂ ਦਾ 20 ਸਾਲ ਤੱਕ ਅਧਿਐਨ ਕੀਤਾ।

ਇਸ ਅਧਿਐਨ 'ਚ ਉਨ੍ਹਾਂ ਬੱਚਿਆਂ 'ਚ ਕੁਝ ਸਮਾਨਤਾਵਾਂ ਪਾਈਆਂ ਗਈਆਂ, ਜੋ ਮੁਸ਼ਕਿਲ ਸਥਿਤੀ ਨੂੰ ਹਰਾ ਕੇ ਸਫਲ ਹੋਏ ਸਨ। ਕੁਝ ਇੱਕੋ-ਜਿਹੇ ਕਾਰਨ ਸਨ, ਜਿਨ੍ਹਾਂ ਕਾਰਨ ਉਹ ਬਾਕੀਆਂ ਦੇ ਮੁਕਾਬਲੇ ਅੱਗੇ ਵਧਣ ਦੇ ਸਮਰੱਥ ਹੋ ਸਕੇ।

ਅਧਿਐਨ 'ਚ ਸਭ ਤੋਂ ਪਹਿਲਾ ਕਾਰਨ ਇਹ ਸਾਹਮਣੇ ਆਇਆ ਕਿ ਮੁਸ਼ਕਿਲਾਂ ਨੂੰ ਪਾਰ ਕਰਨ ਵਾਲੇ ਬੱਚਿਆਂ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਅਜਿਹਾ ਸੀ, ਜੋ ਉਨ੍ਹਾਂ ਦੇ ਨਾਲ ਖੜ੍ਹਾ ਰਿਹਾ, ਜਿਸ ਤੋਂ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਸਹਾਰਾ ਅਤੇ ਸਹਿਯੋਗ ਮਿਲਦਾ ਰਿਹਾ।

ਬਰਤਾਨਵੀ ਲੇਖਕ ਅਤੇ ਕਵੀ ਲੇਮ ਸਿਸੇ ਨੇ ਆਪਣਾ ਬਚਪਨ ਬੱਚਿਆਂ ਦੇ ਆਸ਼ਰਮ ਵਿੱਚ ਬਿਤਾਇਆ। ਉਨ੍ਹਾਂ ਨੂੰ ਇੱਕ ਆਸ਼ਰਮ ਤੋਂ ਦੂਜੇ ਵਿੱਚ ਭੇਜਿਆ ਜਾਂਦਾ ਰਿਹਾ ਪਰ ਅੱਜ ਉਹ ਇੱਕ ਸਫਲ ਅਤੇ ਮਸ਼ਹੂਰ ਸ਼ਖਸੀਅਤ ਹਨ।

ਉਹ ਕਹਿੰਦੇ ਹਨ, "ਮੇਰਾ ਕੋਈ ਪਰਿਵਾਰ ਨਹੀਂ ਸੀ ਅਤੇ ਇਸ ਨੇ ਮੈਨੂੰ ਇਹ ਸਮਝਣ ਦਾ ਮੌਕਾ ਦਿੱਤਾ ਕਿ ਇੱਕ ਬੱਚੇ ਲਈ ਸਹਾਇਕ ਅਤੇ ਸਹਿਯੋਗੀ ਰਿਸ਼ਤਾ ਕਿੰਨਾ ਮਹੱਤਵਪੂਰਨ ਹੁੰਦਾ ਹੈ।"

ਸਿਸੇ ਲਈ, ਇਹ ਭੂਮਿਕਾ ਉਸ ਸਮਾਜ ਸੇਵਕ ਨੇ ਨਿਭਾਈ, ਜਿਨ੍ਹਾਂ ਨੂੰ ਸਿਸੇ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਪਰ ਉਸ ਸਮੇਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ।

ਸਿਸੇ ਕਹਿੰਦੇ ਹਨ, “ਉਹ ਰੋਲ ਮਾਡਲ ਵਰਗਾ ਨਹੀਂ ਸੀ। ਉਹ ਦੋਸਤ ਵਰਗਾ ਵੀ ਨਹੀਂ ਸੀ ਪਰ ਉਸ ਤੋਂ ਵੀ ਵੱਧ ਸੀ। ਉਹ ਅਜਿਹਾ ਸ਼ਖਸ ਸੀ ਜਿਸ ਨੇ ਮੇਰੀ ਭਾਵਨਾਤਮਕ ਸਥਿਤੀ ਦਾ ਧਿਆਨ ਰੱਖਿਆ ਅਤੇ ਇਹ ਗੱਲ ਮੇਰੇ ਲਈ ਬਹੁਤ ਮਹੱਤਵਪੂਰਨ ਸਾਬਤ ਹੋਈ।''

ਬੱਚੇ

ਤਸਵੀਰ ਸਰੋਤ, Getty Images

ਇਸ ਖੋਜ ਵਿੱਚ ਪਾਇਆ ਗਿਆ ਹੈ ਕਿ ਬੱਚਿਆਂ ਨੂੰ ਅੱਗੇ ਲੈ ਕੇ ਜਾਣ ਵਿੱਚ ਛੋਟੀਆਂ-ਛੋਟੀਆਂ ਗੱਲਾਂ ਬਹੁਤ ਅਹਿਮ ਹੁੰਦੀਆਂ ਹਨ। ਕਿਉਂਕਿ ਮਾਤਾ-ਪਿਤਾ ਅਤੇ ਬੱਚੇ ਦਾ ਰਿਸ਼ਤਾ ਨਿੱਘਾ ਹੋਣਾ ਚਾਹੀਦਾ ਹੈ।

ਨਾਲ ਹੀ, ਸ਼ੁਰੂਆਤੀ ਸਾਲਾਂ ਵਿੱਚ ਬੱਚਿਆਂ ਨੂੰ ਪੜ੍ਹ ਕੇ ਸਿਖਾਉਣਾ ਅਤੇ ਉਨ੍ਹਾਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ।

ਜੇਐਨਯੂ ਵਿੱਚ ਐਸੋਸੀਏਟ ਪ੍ਰੋਫੈਸਰ ਗੰਗਾ ਸਹਾਏ ਮੀਣਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਅਨਪੜ੍ਹ ਸਨ, ਪਰ ਸਿੱਖਿਆ ਦੇ ਮਹੱਤਵ ਨੂੰ ਜਾਣਦੇ ਸਨ।

ਉਹ ਕਹਿੰਦੇ ਹਨ, “ਛੋਟੇ ਕਿਸਾਨਾਂ ਦੇ ਘਰ ਵਿੱਚ ਬਹੁਤ ਕੰਮ ਹੁੰਦਾ ਹੈ। ਖੇਤਾਂ ਵਿੱਚ ਜਾਣਾ ਪੈਂਦਾ ਹੈ, ਪਸ਼ੂਆਂ ਦੀ ਸੰਭਾਲ ਕਰਨੀ ਪੈਂਦੀ ਹੈ। ਪਰ ਪਰਿਵਾਰ ਨੇ ਕਦੇ ਮੇਰੇ 'ਤੇ ਬੋਝ ਨਹੀਂ ਪਾਇਆ। ਜਿੰਨਾ ਹੋ ਸਕਦਾ ਸੀ, ਮੈਂ ਮਦਦ ਕਰ ਦਿੰਦਾ ਸੀ।''

''ਮੇਰੀ ਭੈਣ ਦੀ ਬਹੁਤ ਅਹਿਮ ਭੂਮਿਕਾ ਹੈ। ਅਕਸਰ ਉਹ ਮੇਰੇ ਹਿੱਸੇ ਦਾ ਕੰਮ ਵੀ ਕਰ ਲੈਂਦੀ ਸੀ। ਇਸ ਨਾਲ ਮੈਂ ਪੜ੍ਹਾਈ 'ਤੇ ਧਿਆਨ ਦੇ ਸਕਿਆ।''

ਸੰਗੀਤਾ ਦੀ ਜ਼ਿੰਦਗੀ 'ਚ ਉਨ੍ਹਾਂ ਦੇ ਪਿਤਾ ਦਾ ਅਜਿਹਾ ਹੀ ਰੋਲ ਸੀ। ਸੰਗੀਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਡਾਕਟਰ ਬਣਨਾ ਚਾਹੁੰਦੇ ਸਨ ਪਰ ਪਰਿਵਾਰਕ ਕਾਰਨਾਂ ਕਰਕੇ ਸਕੂਲ ਦੀ ਪੜ੍ਹਾਈ ਪੂਰੀ ਨਹੀਂ ਕਰ ਸਕੇ। ਪਰ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਕੋਈ ਮੁਸ਼ਕਲ ਪੇਸ਼ ਆਵੇ।

ਸੰਗੀਤ ਦੱਸਦੇ ਹਨ, “ਜਿਸ ਸਾਲ ਮੇਰੇ ਪਿਤਾ ਨੇ ਮੈਨੂੰ ਪਹਿਲੀ ਜਮਾਤ ਵਿੱਚ ਦਾਖਲਾ ਦਿਵਾਇਆ, ਉਸੇ ਸਾਲ ਉਨ੍ਹਾਂ ਨੇ ਜਮਾ ਦੋ ਦੀ ਪ੍ਰੀਖਿਆ ਦਿੱਤੀ ਸੀ।''

''ਇਸ ਤੋਂ ਬਾਅਦ ਉਹ ਫਿਰ ਤੋਂ ਪਰਿਵਾਰ ਦਾ ਢਿੱਡ ਭਰਨ ਲਈ ਸੰਘਰਸ਼ ਵਿੱਚ ਜੁਟ ਗਏ। ਜਦੋਂ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਐੱਮਏ ਕਰਨਾ ਚਾਹੁੰਦਾ ਸੀ, ਪਰਿਵਾਰ ਕੋਲ ਪੈਸੇ ਨਹੀਂ ਸਨ। ਫਿਰ ਵੀ ਪਿਤਾ ਜੀ ਨੇ ਮੈਨੂੰ ਐੱਮਏ ਕਰਨ ਲਈ ਯੂਨੀਵਰਸਿਟੀ ਭੇਜਿਆ।''

ਲਾਈਨ

'ਸੁਰੱਖਿਆ ਤੰਤਰ' ਦੀ ਮੌਜੂਦਗੀ

ਬੱਚੇ

ਤਸਵੀਰ ਸਰੋਤ, Getty Images

ਔਕਸਫੋਰਡ ਯੂਨੀਵਰਸਿਟੀ ਦੀ ਖੋਜ ਟੀਮ ‘ਯੰਗ ਲਾਈਵਜ਼’ ਦੀ ਖੋਜ ਅਨੁਸਾਰ ਔਖੇ ਮਾਹੌਲ ਵਿੱਚੋਂ ਨਿਕਲ ਕੇ ਕਾਮਯਾਬ ਹੋਣ ਵਾਲੇ ਬੱਚਿਆਂ ਦੇ ਜੀਵਨ ਵਿੱਚ ਦੂਜਾ ਮਹੱਤਵਪੂਰਨ ਬਿੰਦੂ ਸੀ - ਸੇਫ਼ਟੀ ਨੈਟ ਭਾਵ ਇੱਕ 'ਸੁਰੱਖਿਆ ਤੰਤਰ' ਦੀ ਮੌਜੂਦਗੀ।

ਸੁਰੱਖਿਆ ਤੰਤਰ ਭਾਵ ਇੱਕ ਅਜਿਹੀ ਚੀਜ਼ ਜਾਂ ਇੱਕ ਪ੍ਰਣਾਲੀ ਹੈ ਜਿਸ 'ਤੇ ਤੁਸੀਂ ਉਸ ਵੇਲੇ ਭਰੋਸਾ ਕਰ ਸਕਦੇ ਹੋ ਜਦੋਂ ਤੁਸੀਂ ਕਿਸੇ ਮੁਸ਼ਕਿਲ ਸਥਿਤੀ ਵਿੱਚ ਹੁੰਦੇ ਹੋ।

ਬ੍ਰਿਟੇਨ ਵਿਚ ਕੀਤੀਆਂ ਗਈਆਂ ਕਈ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਗਰੀਬੀ ਦਾ ਬੱਚਿਆਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਪੰਜ ਸਾਲ ਤੱਕ ਦੇ ਉਮਰ ਵਰਗ ਵਿੱਚ ਦੇਖਿਆ ਗਿਆ ਕਿ ਗਰੀਬੀ ਵਿੱਚ ਵੱਡੇ ਹੋਏ ਬੱਚੇ ਨਵੇਂ ਸ਼ਬਦ ਸਿੱਖਣ ਦੇ ਮਾਮਲੇ ਵਿੱਚ ਅਖ਼ੀਰਲੇ 10 ਫੀਸਦੀ ਵਿੱਚ ਸਨ।

'ਯੰਗ ਲਾਈਵਜ਼' ਨੇ ਪਾਇਆ ਕਿ ਇਥੋਪੀਆ ਅਤੇ ਪੇਰੂ ਵਿੱਚ ਜਿਨ੍ਹਾਂ ਬੱਚਿਆਂ ਨੂੰ ਭੋਜਨ ਆਦਿ ਦੇ ਰੂਪ ਵਿੱਚ ਸਰਕਾਰੀ ਸਹਾਇਤਾ ਪ੍ਰਾਪਤ ਹੋਈ, 12 ਸਾਲ ਦੀ ਉਮਰ 'ਚ ਉਨ੍ਹਾਂ ਦੀ ਯਾਦ ਸ਼ਕਤੀ ਅਤੇ ਸੋਚਣ-ਸਮਝਣ ਦੀ ਸਮਰੱਥਾ ਉਨ੍ਹਾਂ ਬੱਚਿਆਂ ਨਾਲੋਂ ਬਿਹਤਰ ਸੀ, ਜਿਨ੍ਹਾਂ ਨੂੰ ਮਦਦ ਨਹੀਂ ਮਿਲ ਸਕੀ ਸੀ।

ਜਿਹੜਾ ਪਰਿਵਾਰ ਜਿੰਨੀ ਗਰੀਬੀ ਵਿੱਚ ਰਿਹਾ, ਉਸ ਦੇ ਬੱਚਿਆਂ 'ਤੇ ਓਨਾ ਹੀ ਮਾੜਾ ਪ੍ਰਭਾਵ ਪਿਆ।

ਬੱਚੇ

ਤਸਵੀਰ ਸਰੋਤ, Getty Images

ਅਮਰੀਕਾ ਵਿੱਚ ਵੀ ਇੱਕ ਨਿਯੰਤਰਿਤ ਖੋਜ ਵਿੱਚ ਇਹੀ ਦੇਖਿਆ ਗਿਆ। ਇਸ ਖੋਜ ਵਿੱਚ ਇਹ ਅਧਿਐਨ ਕੀਤਾ ਗਿਆ ਕਿ ਸ਼ਹਿਰ ਦੇ ਸਭ ਤੋਂ ਗਰੀਬ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਉਨ੍ਹਾਂ ਦੇ ਬੱਚਿਆਂ ਉੱਤੇ ਕੀ ਪ੍ਰਭਾਵ ਪੈਂਦਾ ਹੈ।

ਇੱਕ ਗਰੁੱਪ ਵਿੱਚ ਪਰਿਵਾਰਾਂ ਨੂੰ 20 ਡਾਲਰ ਪ੍ਰਤੀ ਮਹੀਨਾ ਦਿੱਤਾ ਗਿਆ, ਜਦਕਿ ਦੂਜੇ ਗਰੁੱਪ ਵਿੱਚ ਪਰਿਵਾਰਾਂ ਨੂੰ 333 ਡਾਲਰ ਸਹਾਇਤਾ ਵਜੋਂ ਦਿੱਤੇ ਗਏ।

ਜਦੋਂ ਇਨ੍ਹਾਂ ਪਰਿਵਾਰਾਂ ਦੇ ਬੱਚੇ ਇਕ ਸਾਲ ਦੇ ਹੋ ਗਏ ਤਾਂ ਉਨ੍ਹਾਂ ਦੇ ਦਿਮਾਗ ਦੀ ਸਕੈਨਿੰਗ ਕੀਤੀ ਗਈ।

ਉਨ੍ਹਾਂ ਪਰਿਵਾਰਾਂ ਦੇ ਬੱਚੇ ਜਿਨ੍ਹਾਂ ਨੂੰ ਵਧੇਰੇ ਵਿੱਤੀ ਸਹਾਇਤਾ ਮਿਲੀ ਸੀ, ਉਨ੍ਹਾਂ ਦੇ ਦਿਮਾਗ ਦੇ ਉਸ ਹਿੱਸੇ ਵਿੱਚ ਵਧੇਰੇ ਸਰਗਰਮ ਸਨ ਜੋ ਭਾਸ਼ਾਵਾਂ ਅਤੇ ਨਵੀਆਂ ਚੀਜ਼ਾਂ ਸਿੱਖਣ ਨਾਲ ਜੁੜਿਆ ਹੁੰਦਾ ਹੈ।

ਇੱਥੇ ਗ਼ਰੀਬ ਪਰਿਵਾਰਾਂ ਨੂੰ ਮਿਲਣ ਵਾਲੀ ਸਰਕਾਰੀ ਸਹਾਇਤਾ ਜਾਂ ਆਰਥਿਕ ਮਦਦ ਨੂੰ ਸੇਫ਼ਟੀ ਨੈਟ ਕਿਹਾ ਜਾ ਸਕਦਾ ਹੈ। ਵਿਸ਼ਵ ਬੈਂਕ ਦੇ ਅਨੁਸਾਰ, ਸੇਫ਼ਟੀ ਨੈਟ ਪ੍ਰੋਗਰਾਮ ਪਰਿਵਾਰਾਂ ਨੂੰ ਆਰਥਿਕ, ਕੁਦਰਤੀ ਅਤੇ ਹੋਰ ਖ਼ਤਰਿਆਂ ਤੋਂ ਬਚਾਉਂਦੇ ਹਨ।

ਗੰਗਾ ਸਹਾਏ ਮੀਣਾ ਦਾ ਇਹ ਵੀ ਮੰਨਣਾ ਹੈ ਕਿ ਅਜਿਹੇ ਸਮਾਜਿਕ ਸੇਫ਼ਟੀ ਨੈਟ ਪ੍ਰੋਗਰਾਮਾਂ ਤੋਂ ਪ੍ਰਾਪਤ ਮਦਦ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦੀ ਹੈ।

ਆਪਣੀ ਉਦਾਹਰਣ ਦਿੰਦੇ ਹੋਏ ਉਹ ਕਹਿੰਦੇ ਹਨ, “ਜਦੋਂ ਮੈਂ ਬੀਏ ਦੇ ਫਾਈਨਲ ਸਾਲ ਵਿੱਚ ਸੀ ਤਾਂ ਮੇਰੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਘਰ 'ਤੇ ਕਰਜ਼ਾ ਸੀ। ਪਰਿਵਾਰ ਅੱਗੇ ਪੜ੍ਹਾਈ ਕਰਵਾਉਣ ਦੀ ਸਥਿਤੀ ਵਿੱਚ ਨਹੀਂ ਸੀ। ਪਰ ਜੇਐਨਯੂ ਵਿੱਚ ਚੋਣ ਪ੍ਰਕਿਰਿਆ ਵੀ ਪਾਰਦਰਸ਼ੀ ਹੈ ਅਤੇ ਫੀਸ ਵੀ ਘੱਟ ਹੈ। ਫਿਰ ਯੂਜੀਸੀ ਤੋਂ ਫੈਲੋਸ਼ਿਪ ਮਿਲਣ ਤੋਂ ਬਾਅਦ ਮੈਨੂੰ ਪੜ੍ਹਾਈ ਲਈ ਆਪਣੇ ਪਰਿਵਾਰ 'ਤੇ ਨਿਰਭਰ ਨਹੀਂ ਹੋਣਾ ਪਿਆ।''

ਉਹ ਦੱਸਦੇ ਹਨ, “ਸਰਕਾਰ ਵੱਲੋਂ ਸਮਾਜਿਕ-ਆਰਥਿਕ ਤੌਰ 'ਤੇ ਪਿਛੜੇ ਵਰਗਾਂ ਦੇ ਬੱਚਿਆਂ ਦੀ ਸਿੱਖਿਆ ਅਤੇ ਰੁਜ਼ਗਾਰ ਵਿੱਚ ਮਦਦ ਲਈ ਲਾਗੂ ਕੀਤੇ ਗਏ ਅਫ਼ਰਮੇਟਿਵ ਐਕਸ਼ਨ ਦਾ ਵੀ ਬਹੁਤ ਲਾਭ ਮਿਲਦਾ ਹੈ।''

''ਐੱਮਏ ਮੈਂ ਐੱਸਟੀ ਲਈ ਰਾਖਵੀਂ ਸ਼੍ਰੇਣੀ ਵਿੱਚ ਚੁਣਿਆ ਗਿਆ ਸੀ ਪਰ ਐੱਮਫਿਲ ਲਈ ਮੈਂ ਪ੍ਰਵੇਸ਼ ਪ੍ਰੀਖਿਆ ਵਿੱਚ ਗ਼ੈਰ-ਰਾਖਵੀਂ ਸ਼੍ਰੇਣੀ ਵਿੱਚ ਚੁਣਿਆ ਗਿਆ। ਜੇਕਰ ਮੈਨੂੰ ਐੱਮਏ ਵਿੱਚ ਮੌਕਾ ਨਾ ਮਿਲਿਆ ਹੁੰਦਾ ਤਾਂ ਮੈਂ ਐੱਮਫਿਲ ਵਿੱਚ ਵਧੀਆ ਪ੍ਰਦਰਸ਼ਨ ਕਿਵੇਂ ਕਰ ਪਾਉਂਦਾ?''

ਬੱਚੇ

ਤਸਵੀਰ ਸਰੋਤ, Getty Images

ਕੁਝ ਅਜਿਹਾ ਹੀ ਤਜਰਬਾ ਸੰਗੀਤਾ ਦਾ ਵੀ ਰਿਹਾ।

ਉਹ ਦੱਸਦੇ ਹਨ, “ਐੱਮਏ ਤੋਂ ਬਾਅਦ ਐੱਮਫਿਲ ਕਰਨਾ ਮੇਰੇ ਲਈ ਸੌਖਾ ਨਹੀਂ ਸੀ। ਪਤਾ ਸੀ ਕਿ ਪਰਿਵਾਰ ਵਾਲੇ ਹੁਣ ਹੋਰ ਪੈਸੇ ਨਹੀਂ ਦੇ ਸਕਦੇ। ਮੈਂ ਇਸ ਉਮੀਦ 'ਚ ਨੈਸ਼ਨਲ ਐਲੀਜੀਬਿਲਿਟੀ ਟੈਸਟ (ਨੈੱਟ) ਦਿੱਤਾ ਕਿ ਜੇਆਰਐਫ਼ ਮਿਲਣ ਨਾਲ ਕੁਝ ਮਦਦ ਹੋ ਜਾਵੇਗੀ।''

ਜੇਆਰਐਫ਼ ਵਿੱਚ ਡੇਢ ਪ੍ਰਤੀਸ਼ਤ ਦੀ ਕਮੀ ਨਾਲ ਰਹਿ ਗਈ ਸੀ ਪਰ ਨੈੱਟ ਦੀ ਮੈਰਿਟ ਦੇ ਆਧਾਰ 'ਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲੋਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਨੈਸ਼ਨਲ ਫੈਲੋਸ਼ਿਪ ਵਿੱਚ ਮੈਨੂੰ ਜਗ੍ਹਾ ਮਿਲ ਗਈ। ਉਸ ਨਾਲ ਮੈਨੂੰ ਬਹੁਤ ਮਦਦ ਮਿਲ ਗਈ।''

ਲਾਈਨ
  • ਇੱਕ ਅਧਿਐਨ ਮੁਤਾਬਕ, ਔਖੇ ਹਾਲਾਤਾਂ 'ਚੋਂ ਨਿਕਲ ਕੇ ਕਾਮਯਾਬ ਹੋਣ ਵਾਲੇ ਬੱਚਿਆਂ 'ਚ ਕਈ ਸਮਾਨਤਾਵਾਂ ਹੁੰਦੀਆਂ ਹਨ
  • ਇਸ ਮੁਤਾਬਕ, ਅਜਿਹੇ ਬੱਚਿਆਂ ਦੇ ਜੀਵਨ 'ਚ ਕੋਈ ਨਾ ਕੋਈ ਉਨ੍ਹਾਂ ਨਾਲ ਖੜ੍ਹਨ ਵਾਲਾ ਜ਼ਰੂਰ ਹੁੰਦਾ ਹੈ
  • ਮਾਹਿਰ ਕਹਿੰਦੇ ਹਨ ਕਿ ਬੱਚਿਆਂ ਨੂੰ ਅੱਗੇ ਲੈ ਕੇ ਜਾਣ 'ਚ ਉਨ੍ਹਾਂ ਦੇ ਸ਼ੁਰੂਆਤੀ ਸਾਲਾਂ 'ਚ ਚੰਗੀ ਦੇਖਭਾਲ ਬਹੁਤ ਜ਼ਰੂਰੀ ਹੈ
  • ਅਜਿਹੇ ਕਾਮਯਾਬ ਹੋਣ ਵਾਲੇ ਬੱਚਿਆਂ ਦੇ ਜੀਵਨ 'ਚ ਦੂਜਾ ਮਹੱਤਵਪੂਰਨ ਬਿੰਦੂ ਸੇਫ਼ਟੀ ਨੈਟ ਭਾਵ ਇੱਕ 'ਸੁਰੱਖਿਆ ਤੰਤਰ' ਹੁੰਦਾ ਹੈ
  • ਸੁਰੱਖਿਆ ਤੰਤਰ- ਇੱਕ ਅਜਿਹੀ ਚੀਜ਼ ਜਾਂ ਪ੍ਰਣਾਲੀ, ਜਿਸ 'ਤੇ ਤੁਸੀਂ ਉਸ ਵੇਲੇ ਭਰੋਸਾ ਕਰ ਸਕਦੇ ਹੋ ਜਦੋਂ ਤੁਸੀਂ ਮੁਸ਼ਕਿਲ 'ਚ ਹੁੰਦੇ ਹੋ
  • ਅਧਿਐਨ ਤੋਂ ਸਾਹਮਣੇ ਆਈ ਤੀਜੀ ਅਹਿਮ ਗੱਲ ਹੈ ਸੈਕਿੰਡ ਚਾਂਸ, ਮਤਲਬ ਬੱਚੇ ਨੂੰ ਦੂਜਾ ਮੌਕਾ ਮਿਲਣਾ
  • ਇਸ ਦਾ ਅਰਥ ਹੈ ਕਿ ਕਿ ਔਖੇ ਹਾਲਾਤਾਂ ਵਾਲੇ ਬੱਚਿਆਂ 'ਚ ਜੇ ਭਰੋਸਾ ਜਤਾਇਆ ਜਾਵੇ ਤਾਂ ਉਹ ਬਿਹਤਰ ਪ੍ਰਦਰਸ਼ਨ ਕਰਦੇ ਹਨ
ਲਾਈਨ

ਭਰੋਸਾ ਜਤਾਉਣਾ ਅਤੇ ਦੂਜਿਆਂ ਨੂੰ ਮੌਕਾ ਦੇਣਾ

ਬੱਚੇ

ਤਸਵੀਰ ਸਰੋਤ, Getty Images

'ਯੰਗ ਲਾਈਵਜ਼' ਦੀ ਖੋਜ ਤੋਂ ਸਾਹਮਣੇ ਆਈ ਤੀਜੀ ਅਹਿਮ ਗੱਲ ਹੈ- ਸੈਕਿੰਡ ਚਾਂਸ, ਮਤਲਬ ਦੂਜਾ ਮੌਕਾ ਮਿਲਣਾ।

ਔਖੇ ਹਾਲਾਤਾਂ ਵਿੱਚ ਵੱਡੇ ਹੋਏ ਬੱਚਿਆਂ ਵਿੱਚ ਜੇਕਰ ਆਤਮ-ਵਿਸ਼ਵਾਸ ਵਿਖਾਇਆ ਜਾਵੇ, ਉਨ੍ਹਾਂ ਦਾ ਮਨੋਬਲ ਵਧਾਇਆ ਜਾਵੇ, ਤਾਂ ਉਹ ਅੱਗੇ ਵਧਣ ਲਈ ਉਤਸ਼ਾਹਿਤ ਹੁੰਦੇ ਹਨ।

ਬ੍ਰਿਟਿਸ਼ ਕਵੀ ਲੇਮ ਸਿਸੇ ਦਾ ਕਹਿਣਾ ਹੈ ਕਿ "ਪਾਲ਼ਣ-ਪੋਸ਼ਣ ਕਿਤੇ ਵੀ ਹੋ ਰਹੀ ਹੋਵੇ, ਬੱਚੇ ਲਈ ਉਹ ਚੀਜ਼ ਮਿਲਣਾ ਬਹੁਤ ਮਹੱਤਵਪੂਰਨ ਹੁੰਦਾ ਹੈ, ਜੋ ਚੀਜ਼ ਉਸ ਨੂੰ ਪਸੰਦ ਹੁੰਦੀ ਹੈ।''

ਉਹ ਕਹਿੰਦੇ ਹਨ, “ਬਚਪਨ 'ਚ ਮੈਂ ਚਾਹੁੰਦਾ ਸੀ ਕਿ ਕੋਈ ਮੈਨੂੰ ਸਮਝੇ। ਕਿਸੇ ਨੂੰ ਦੂਜਾ ਮੌਕਾ ਦੇਣ ਦਾ ਮਤਲਬ ਹੈ ਕਿ ਤੁਸੀਂ ਉਨ੍ਹਾਂ ਨੂੰ ਸਮਝ ਰਹੇ ਹੋ।''

''ਜਦੋਂ ਮੈਂ 13 ਸਾਲਾਂ ਦਾ ਸੀ, ਤਾਂ ਬੱਚਿਆਂ ਦੇ ਆਸ਼ਰਮ ਦੇ ਇੱਕ ਅਧਿਆਪਕ ਨੇ ਮੈਨੂੰ ਕਵਿਤਾਵਾਂ ਦੀ ਇੱਕ ਕਿਤਾਬ ਦਿੱਤੀ। ਪਰ ਇਹ ਸਿਰਫ਼ ਇੱਕ ਕਿਤਾਬ ਨਹੀਂ ਸੀ। ਖਾਸ ਗੱਲ ਇਹ ਸੀ ਕਿ ਮੈਨੂੰ ਕਿਤਾਬ ਦੇਣ ਦੇ ਯੋਗ ਸਮਝਿਆ ਗਿਆ। ਮੈਂ ਖੁਸ਼ਕਿਸਮਤ ਸੀ ਕਿ ਮੈਨੂੰ ਇਹ ਕਿਤਾਬ ਮਿਲੀ, ਕਿਉਂਕਿ ਮੈਨੂੰ ਕਵਿਤਾਵਾਂ ਪਸੰਦ ਸਨ।''

ਬੱਚੇ

ਤਸਵੀਰ ਸਰੋਤ, Getty Images

ਸੰਗੀਤਾ ਲਈ ਉਹ ਦੌਰ ਬਹੁਤ ਔਖਾ ਹੋ ਗਿਆ ਸੀ, ਜਦੋਂ ਐੱਮਫਿਲ ਕਰਦੇ ਸਮੇਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਿਤਾ ਨੂੰ ਕੈਂਸਰ ਹੋ ਗਿਆ ਹੈ। ਉਨ੍ਹਾਂ ਦੇ ਸਾਹਮਣੇ ਸੰਕਟ ਖੜ੍ਹਾ ਹੋ ਗਿਆ ਕਿ ਕੀ ਪੜ੍ਹਾਈ ਅਤੇ ਕਰੀਅਰ ਦੀ ਚੋਣ ਕਰਨ ਜਾਂ ਪਿਤਾ ਅਤੇ ਪਰਿਵਾਰ ਨੂੰ ਸੰਭਾਲਣ।

ਉਹ ਕਹਿੰਦੇ ਹਨ, “ਮੈਂ ਪਾਪਾ ਨੂੰ ਇਲਾਜ ਲਈ ਸ਼ਿਮਲਾ ਬੁਲਾ ਲਿਆ। ਫਿਰ ਉਥੋਂ, ਅਗਲੇਰੇ ਇਲਾਜ ਲਈ ਉਨ੍ਹਾਂ ਨੂੰ ਪੀਜੀਆਈ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਲੈ ਕੇ ਜਾਣਾ ਪੈਂਦਾ ਸੀ।''

''ਫਿਰ ਜਿੱਥੇ ਰਹਿੰਦੇ ਸੀ, ਉੱਥੇ ਪਾਣੀ ਦਾ ਸੰਕਟ ਸੀ। ਇਸ ਲਈ ਖਾਣਾ ਬਣਾਉਣ ਲਈ ਵੀ ਦੂਰ-ਦੂਰ ਤੋਂ ਪਾਣੀ ਲੈ ਕੇ ਆਉਣਾ ਪੈਂਦਾ ਸੀ। ਉਸ ਸਮੇਂ ਲੱਗਿਆ ਕਿ ਹੁਣ ਤਾਂ ਸੰਭਵ ਨਹੀਂ ਹੋ ਸਕੇਗਾ। ਪਰ ਗਾਈਡ ਨੇ ਮੈਨੂੰ ਹਿੰਮਤ ਦਿੱਤੀ ਅਤੇ ਕਿਹਾ ਕਿ ਪਹਿਲਾਂ ਪਿਤਾ ਜੀ ਦਾ ਧਿਆਨ ਰੱਖੋ।”

ਗਰੀਬ ਪਿਛੋਕੜ ਤੋਂ ਆਉਣ ਵਾਲੇ ਬੱਚਿਆਂ ਨੂੰ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਉਸ ਸਮੇਂ ਦੌਰਾਨ ਆਤਮ-ਵਿਸ਼ਵਾਸ ਦੀ ਕਮੀ ਹੋਵੇ ਅਤੇ ਹੌਸਲਾ-ਅਫ਼ਜ਼ਾਈ ਨਾ ਹੋਵੇ, ਤਾਂ ਉਨ੍ਹਾਂ ਦਾ ਮਨੋਬਲ ਟੁੱਟ ਸਕਦਾ ਹੈ।

ਪ੍ਰੋਫੈਸਰ ਗੰਗਾ ਸਹਾਏ ਮੀਣਾ ਯਾਦ ਕਰਦੇ ਹਨ, “ਜਦੋਂ ਮੈਂ ਜੇਐਨਯੂ ਵਿੱਚ ਦਾਖਲਾ ਲਿਆ, ਤਾਂ ਮੈਨੂੰ ਲੱਗਾ ਕਿ ਇੱਥੇ ਲੋਕ ਇੰਨੀ ਚੰਗੀ ਭਾਸ਼ਾ ਬੋਲਦੇ ਹਨ। ਬਹੁਤ ਨਿਰਾਸ਼ਾ ਹੋਈ। ਪਰ ਫਿਰ ਪਹਿਲੇ ਸਮੈਸਟਰ ਦੇ ਅੰਕ ਆ ਗਏ ਅਤੇ ਜਮਾਤ ਵਿੱਚ ਸਭ ਤੋਂ ਪਹਿਲਾਂ ਜੇਆਰਐਫ਼ ਲਈ ਚੁਣਿਆ ਗਿਆ ਤਾਂ ਅੱਗੇ ਵਧਣ ਦਾ ਮੌਕਾ ਮਿਲਿਆ।''

''ਜੇਐਨਯੂ ਦਾ ਮਾਹੌਲ ਅਜਿਹਾ ਸੀ ਜਿੱਥੇ ਸੀਨੀਅਰ ਵਿਦਿਆਰਥੀ ਬਹੁਤ ਮਦਦ ਕਰਦੇ ਸਨ। ਇਸ ਤੋਂ ਇਲਾਵਾ, ਜਦੋਂ-ਜਦੋਂ ਮੈਂ ਚੰਗਾ ਪ੍ਰਦਰਸ਼ਨ ਕੀਤਾ, ਤਾਂ ਮੇਰੇ ਅਧਿਆਪਕਾਂ ਨੇ ਵੀ ਖੂਬ ਹੱਲਾਸ਼ੇਰੀ ਦਿੱਤੀ ਅਤੇ ਨਿਰਾਸ਼ਾ ਤੋਂ ਬੱਚੇ ਰੱਖਿਆ।''

ਬੱਚੇ

ਤਸਵੀਰ ਸਰੋਤ, Getty Images

ਲੇਮ ਸਿਸੇ ਦੀ ਕਵਿਤਾ ਦਾ ਇੱਕ ਅੰਸ਼ ਹੈ-

I'm not defined by darkness confined in the night.

Each dawn I am reminded I am defined by lights.

ਇਸ ਦਾ ਅਰਥ ਕੁਝ ਇਸ ਪ੍ਰਕਾਰ ਹੈ-

ਰਾਤ 'ਚ ਸਿਮਟੇ ਹਨ੍ਹੇਰਿਆਂ ਨਾਲ ਬਿਆਂ ਨਹੀਂ ਹੁੰਦੀ ਮੇਰੀ ਹਸਤੀ

ਹਰ ਸਵੇਰ ਹੁੰਦਾ ਹੈ ਉਤਸ਼ਾਹ ਕਿ ਰੌਸ਼ਨੀਆਂ ਨਾਲ ਵਜੂਦ ਹੈ ਮੇਰਾ

ਇਹ ਸਤਰਾਂ ਹਰੇਕ ਉਸ ਬਚੇ ਲਈ ਸਮਰਪਿਤ ਹੈ, ਜੋ ਔਕੜਾਂ ਦੇ ਹਨ੍ਹੇਰਿਆਂ 'ਚੋਂ ਨਿਕਲ ਕੇ ਸਫ਼ਲਤਾ ਦੇ ਚਾਨਣ 'ਚ ਆਪਣਾ ਮੁਕਾਮ ਬਣਾਉਣ ਦੀ ਸਮਰੱਥਾ ਰੱਖਦੇ ਹਨ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)