ਸਾਰਾ ਅਲੀ ਖ਼ਾਨ ਨਾਲ ਨਜ਼ਦੀਕੀਆਂ ਬਾਰੇ ਸ਼ੁਭਮਨ ਗਿੱਲ ਨੇ ਦਿੱਤੇ ਸੰਕੇਤ

ਤਸਵੀਰ ਸਰੋਤ, ANI
ਕ੍ਰਿਕਟਰ ਸ਼ੁਭਮਨ ਗਿੱਲ ਅਤੇ ਅਦਾਕਾਰਾ ਸਾਰਾ ਅਲੀ ਖ਼ਾਨ ਇੱਕ ਵਾਰ ਫ਼ਿਰ ਤੋਂ ਚਰਚਾ ਵਿੱਚ ਹੈ।
ਕਾਫ਼ੀ ਲੰਮੇ ਸਮੇਂ ਤੋਂ ਸਾਰਾ ਅਲੀ ਖ਼ਾਨ ਅਤੇ ਸ਼ੁਭਮਨ ਗਿੱਲ ਦੀਆਂ ਨਜ਼ਦੀਕੀਆਂ ਦੀਆਂ ਖ਼ਬਰਾਂ ਚੱਲ ਰਹੀਆਂ ਸਨ।
ਸ਼ੁਭਮਨ ਗਿੱਲ ਪਿਛਲੇ ਦਿਨੀਂ 'ਜ਼ੀ ਪੰਜਾਬੀ' ਚੈਨਲ ਦੇ ਇੱਕ ਚੈਟ ਸ਼ੋਅ ‘ਦਿਲ ਦੀਆਂ ਗੱਲਾਂ-2’ ਵਿੱਚ ਆਏ ਸਨ।
ਜਦੋਂ ਸ਼ੋਅ ਦੀ ਮੇਜ਼ਬਾਨ ਅਤੇ ਅਦਾਕਾਰਾ ਸੋਨਮ ਬਾਜਵਾ ਨੇ ਸ਼ੁਭਮਨ ਗਿੱਲ ਨੂੰ ਸਾਰਾ ਅਲੀ ਬਾਰੇ ਇੱਕ ਸਵਾਲ ਕੀਤਾ ਤਾਂ ਉਹਨਾਂ ਦੋਵਾਂ ਬਾਰੇ ਮੁੜ ਤੋਂ ਚਰਚਾ ਹੋਣ ਲੱਗੀ।
ਸੋਨਮ ਬਾਜਵਾ ਨੇ ਪੁੱਛਿਆ ਕਿ ਫ਼ਿਟਨੈੱਸ ਪੱਖੋਂ ਬਾਲੀਵੁੱਡ ਦੀ ਕਿਹੜੀ ਅਦਾਕਾਰਾ ਨੂੰ ਉਹ ਦੇਖਦੇ ਹਨ ਤਾਂ ਗਿੱਲ ਨੇ ਸਾਰਾ ਅਲੀ ਖ਼ਾਨ ਦਾ ਨਾਮ ਲਿਆ।
ਇਸ ਤੋਂ ਇੱਕ ਦਮ ਬਾਅਦ ਬਾਅਦ ਸੋਨਮ ਨੇ ਪੁੱਛਿਆ ਕਿ ਕੀ ਤੁਸੀਂ ਦੋਵੇਂ ਡੇਟ ਕਰ ਰਹੇ ਹੋ ਤਾਂ ਸ਼ੁਭਮਨ ਗਿੱਲ ਨੇ ਕਿਹਾ, “ਹੋ ਸਕਦਾ ਹੈ।”
ਫ਼ਿਰ ਜਦੋਂ ਸੋਨਮ ਬਾਜਵਾ ਨੇ ਦੁਬਾਰਾ ਕਿਹਾ, “ਸਾਰਾ ਦਾ ਸਾਰਾ ਸੱਚ ਬੋਲੋ ਪਲੀਜ਼?”
ਇਸ ਉੱਤੇ ਕ੍ਰਿਕਟਰ ਸ਼ੁਭਮਨ ਗਿੱਲ ਨੇ ਕਿਹਾ, “ਸਾਰਾ ਦਾ ਸਾਰਾ ਸੱਚ ਹੀ ਬੋਲ ਰਿਹਾ ਹਾਂ, ਹੋ ਵੀ ਸਕਦਾ ਹੈ ਅਤੇ ਨਹੀਂ ਵੀ ਹੋ ਸਕਦਾ।”

ਤਸਵੀਰ ਸਰੋਤ, Getty Images
ਕਈ ਵਾਰ ਇਕੱਠੇ ਦੇਖੇ ਗਏ
ਇਸ ਸਾਲ ਅਗਸਤ ਵਿੱਚ ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖ਼ਾਨ ਪਹਿਲੀ ਵਾਰ ਇਕੱਠੇ ਦੇਖੇ ਗਏ ਸਨ।
ਮੁੰਬਈ ਦੇ ਇੱਕ ਹੋਟਲ ਵਿੱਚ ਉਹਨਾਂ ਦੇ ਇਕੱਠੇ ਕੁਝ ਖਾਂਦਿਆਂ ਦੀ ਵੀਡੀਓ ਵਾਇਰਲ ਹੋਈ ਸੀ।
ਦੋਵਾਂ ਹੀ ਸਿਤਾਰਿਆਂ ਦੇ ਆਪੋੇ-ਆਪਣੇ ਖੇਤਰ ਵਿੱਚ ਕਾਫ਼ੀ ਚਾਹੁੰਣ ਵਾਲੇ ਹਨ ਅਤੇ ਇਸ ਨੇ ਸਭ ਪ੍ਰਸੰਸਕਾਂ ਨੂੰ ਹੈਰਾਨ ਕੀਤਾ ਸੀ।
ਇਸ ਤੋਂ ਬਾਅਦ ਇੱਕ ਫ਼ਲਾਈਟ ਵਿੱਚ ਸਫ਼ਰ ਦੌਰਾਨ ਵੀ ਦੋਵਾਂ ਦੀ ਵੀਡੀਓ ਸਾਹਮਣੇ ਆਈ ਸੀ।

- ਕ੍ਰਿਕਟਰ ਸ਼ੁਭਮਨ ਗਿੱਲ ਅਤੇ ਅਦਾਕਾਰਾ ਸਾਰਾ ਅਲੀ ਖ਼ਾਨ ਦੀਆਂ ਨਜ਼ਦੀਕੀਆਂ ਦੀ ਚਰਚਾ
- ਟੀਵੀ ਸ਼ੋਅ ਦੌਰਾਨ ਗਿੱਲ ਨੂੰ ਸਾਰਾ ਨਾਲ ਨੇੜਤਾ ਬਾਰੇ ਪੁੱਛਿਆ ਗਿਆ ਸੀ
- ਸ਼ੁਭਮਨ ਗਿੱਲ ਨੇ ਕਿਹਾ, “ਹੋ ਵੀ ਸਕਦਾ ਹੈ ਅਤੇ ਨਹੀਂ ਵੀ ਹੋ ਸਕਦਾ”
- ਗਿੱਲ ਅਤੇ ਸਾਰਾ ਅਲੀ ਖ਼ਾਨ ਪਹਿਲਾਂ ਵੀ ਕਈ ਵਾਰ ਇਕੱਠੇ ਦੇਖੇ ਗਏ ਹਨ
- ਖ਼ਾਨ ਨੇ 2018 ਵਿੱਚ ਆਪਣੀ ਪਹਿਲੀ ਫ਼ਿਲਮ ਕੇਦਾਰਨਾਥ ਨਾਲ ਕੀਤੀ ਸੀ ਐਂਟਰੀ
- ਸ਼ੁਭਮਨ ਗਿੱਲ ਦਾ ਸਬੰਧ ਪੰਜਾਬ ਦੇ ਫ਼ਾਜ਼ਿਲਕਾ ਨਾਲ ਹੈ, ਪਰ ਉਹ ਮੋਹਾਲੀ ਵਿਚ ਰਹਿੰਦੇ ਹਨ

ਸਾਰਾ ਅਲੀ ਖ਼ਾਨ ਦੇ ਇਸ ਤੋਂ ਪਹਿਲਾਂ ਫਿਲਮ 'ਲਵ ਆਜ ਕੱਲ੍ਹ' ਦੇ ਸਹਿ ਅਦਾਕਾਰ ਕਾਰਤਿਕ ਆਰੀਅਨ ਨਾਲ ਨੇੜਤਾ ਦੀਆਂ ਵੀ ਅਫ਼ਵਾਹਾਂ ਸਨ।
ਸ਼ੁਭਮਨ ਗਿੱਲ ਦੀਆਂ ਵੀ ਕ੍ਰਿਕਟਰ ਸਚਿਨ ਤੇਂਦੂਲਕਰ ਦੀ ਧੀ ਸਾਰਾ ਨਾਲ ਨਜ਼ਦੀਕੀਆਂ ਦੀਆਂ ਖ਼ਬਰਾਂ ਆ ਰਹੀਆਂ ਸਨ।

ਤਸਵੀਰ ਸਰੋਤ, Shubman Gill Insta
ਸਾਰਾ ਅਲੀ ਖ਼ਾਨ ਅਤੇ ਸ਼ੁਭਮਨ ਗਿੱਲ ਦਾ ਪਿਛੋਕੜ

ਤਸਵੀਰ ਸਰੋਤ, Shubhman Gill/FB
ਸਾਰਾ ਅਲੀ ਖ਼ਾਨ ਨੇ ਸਾਲ 2018 ਵਿੱਚ ਆਪਣੀ ਪਹਿਲੀ ਫ਼ਿਲਮ ਕੇਦਾਰਨਾਥ ਨਾਲ ਸਿਨੇਮਾ ਜਗਤ ਵਿੱਚ ਐਂਟਰੀ ਕੀਤੀ ਸੀ।
ਸਾਰਾ ਅਲੀ ਖ਼ਾਨ ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਅਦਾਕਾਰਾ ਅੰਮ੍ਰਿਤਾ ਸਿੰਘ ਦੀ ਧੀ ਹੈ।
ਸਾਰਾ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕੀਤੀ ਹੈ।
ਸ਼ੁਭਮਨ ਗਿੱਲ ਦਾ ਸਬੰਧ ਪੰਜਾਬ ਦੇ ਫ਼ਾਜ਼ਿਲਕਾ ਨਾਲ ਹੈ।
ਗਿੱਲ ਦੇ ਪਿਤਾ ਲਖਵਿੰਦਰ ਸਿੰਘ ਗਿੱਲ ਫ਼ਾਜ਼ਿਲਕਾ ਤੋਂ ਮੋਹਾਲੀ ਇਸ ਲਈ ਰਹਿਣ ਲੱਗ ਪਏ ਸਨ ਤਾਂ ਕਿ ਉਹਨਾਂ ਦੇ ਪੁੱਤਰ ਨੂੰ ਕ੍ਰਿਕਟ ਦੇ ਅਭਿਆਸ ਲਈ ਪੀਏਸੀ ਸਟੇਡੀਆਮ ਨਜ਼ਦੀਕ ਪਵੇ।
ਸ਼ੁਭਮਨ ਦੇ ਪਿਤਾ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਫਿਰ ਸ਼ੁਭਮਨ ਦੇ ਦਾਦਾ ਜੀ ਨੇ ਪਿੱਪਲ ਦੇ ਤਣੇ ਤੋਂ ਉਸਨੂੰ ਛੇ-ਸੱਤ ਬੈਟ ਬਣਾ ਕੇ ਦਿੱਤੇ ਜੋ ਕਿ ਬਹੁਤ ਹਲਕੇ ਸਨ। ਇਸ ਪ੍ਰਕਾਰ ਸ਼ੁਬਮਨ ਦੀ ਕਾਮਯਾਬੀ ਤਿੰਨ ਪੀੜ੍ਹੀਆਂ ਦੇ ਸਹਿਯੋਗ ਦਾ ਨਤੀਜਾ ਹੈ।















