ਮਿਹਰ ਮਿੱਤਲ: "ਮੈਂ ਚਪੜਾਸੀ ਬਣਾਂ, ਨੌਕਰ ਬਣਾਂ ਜਾਂ ਕੁਝ ਹੋਰ, ਮੈਂ ਆਪਣੀ ਚਾਲ-ਢਾਲ ਅਤੇ ਪਹਿਰਾਵਾ ਓਹੀ ਬਣਾ ਲੈਂਦਾ ਹਾਂ"

ਮਿਹਰ ਮਿੱਤਲ

ਤਸਵੀਰ ਸਰੋਤ, Mandep Singh/bbc

    • ਲੇਖਕ, ਮਨਦੀਪ ਸਿੰਘ ਸਿੱਧੂ
    • ਰੋਲ, ਬੀਬੀਸੀ ਲਈ

"ਫਿਲਮਾਂ ਦੇ ਵਿੱਚ ਜਿਹੜਾ ਆਦਮੀ ਹਸਾਉਂਦਾ ਹੈ, ਉਸ ਨੂੰ ਇਹ ਪਤਾ ਹੁੰਦਾ ਹੈ ਜੇ ਠਹਾਕਾ ਨਾ ਲੱਗਾ ਤਾਂ ਮੈਂ ਇੱਕ ਕਾਮੇਡੀਅਨ ਵਜੋਂ ਫੇਲ੍ਹ ਹਾਂ।"

ਇੱਕ ਇੰਟਰਵਿਊ ਵਿੱਚ ਮਿਹਰ ਮਿੱਤਲ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਕੀਤਾ ਸੀ।

ਮਿਹਰ ਮਿੱਤਲ ਆਖਦੇ ਹੁੰਦੇ ਸਨ ਕਿ ਕਾਮੇਡੀ ਕਲਾਕਾਰ ਨੂੰ ਲੋਕਾਂ ਦੀ ਨਬਜ਼ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਲੋਕ ਹੀ ਕਾਮੇਡੀ ਕਰਵਾਉਂਦੇ ਹਨ।

ਉਹ ਆਖਦੇ ਹੁੰਦੇ ਸਨ ਕਿ ਜੋ ਵੀ ਕਿਰਦਾਰ ਉਨ੍ਹਾਂ ਨੂੰ ਮਿਲਦਾ ਸੀ ਉਹ ਉਸ ਵਿੱਚ ਡੁੱਬ ਜਾਂਦੇ ਹਨ।

ਉਨ੍ਹਾਂ ਨੇ ਕਿਹਾ, "ਮੈਂ ਚਪੜਾਸੀ ਬਣਾਂ, ਨੌਕਰ ਬਣਾਂ ਜਾਂ ਕੁਝ ਹੋਰ, ਮੈਂ ਆਪਣੀ ਚਾਲ, ਢਾਲ, ਪਹਿਰਾਵਾ ਅਤੇ ਬੋਲੀ ਸਭ ਓਹੀ ਬਣਾ ਲੈਂਦਾ ਹਾਂ।"

70 ਦੇ ਦਹਾਕੇ 'ਚ ਪੰਜਾਬੀ ਫ਼ਿਲਮਾਂ 'ਚ ਕਦਮ ਰੱਖਣ ਵਾਲੇ ਮਸ਼ਹੂਰ ਕਾਮੇਡੀ ਅਦਾਕਾਰ ਮਿਹਰ ਮਿੱਤਲ ਨੇ ਥੀਏਟਰ ਤੋਂ ਪੰਜਾਬੀ ਫ਼ਿਲਮਾਂ ਵਿੱਚ ਆਉਂਦਿਆਂ ਹੀ ਹੀਰੋ ਤੋਂ ਵੀ ਮਹਿੰਗਾ ਅਦਾਕਾਰ ਬਣਨ ਦਾ ਸ਼ਰਫ਼ ਹਾਸਿਲ ਕੀਤਾ।

ਅਦਾਕਾਰਾ ਨਿਸ਼ੀ ਤੋਂ ਬਾਅਦ ਮਿਹਰ ਮਿੱਤਲ ਹੀ ਪੰਜਾਬੀ ਫ਼ਿਲਮਾਂ ਦੇ ਵਾਹਿਦ ਫ਼ਨਕਾਰ ਸਨ ਜਿਨ੍ਹਾਂ ਨੂੰ 136ਵੀਂ ਦਾਦਾ ਸਾਹੇਬ ਫਾਲਕੇ ਜਯੰਤੀ ਮੌਕੇ 'ਦਾਦਾ ਸਾਹੇਬ ਫਾਲਕੇ ਅਕਾਦਮੀ ਐਵਾਰਡ' ਨਾਲ ਨਵਾਜ਼ਿਆ ਗਿਆ ਸੀ।

ਮਿਹਰ ਮਿੱਤਲ

ਤਸਵੀਰ ਸਰੋਤ, Mandeep Singh/bbc

ਇਸ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬ ਸਟੇਟ ਐਵਾਰਡ ਵੀ ਮਿਲਿਆ ਹੈ।

ਮਿਹਰ ਮਿੱਤਲ ਉਰਫ਼ ਮਿਹਰ ਚੰਦ ਮਿੱਤਲ ਦੀ ਪੈਦਾਇਸ਼ 20 ਸਤੰਬਰ 1934 ਨੂੰ ਜ਼ਿਲ੍ਹਾ ਬਠਿੰਡਾ ਦੇ ਗਰਾਂ ਚੁੱਘਾ ਖੁਰਦ ਦੇ ਪੰਜਾਬੀ ਬਾਣੀਆ ਪਰਿਵਾਰ 'ਚ ਹੋਈ।

ਉਹ ਬੀਏਐੱਲਐੱਲਬੀ ਸਨ। ਉਹ 6 ਸਾਲ ਇਨਕਮ ਟੈਕਸ ਦੇ ਵਕੀਲ ਰਹੇ ਅਤੇ 3 ਸਾਲ ਬਤੌਰ ਅਧਿਆਪਕ ਪੜ੍ਹਾਇਆ ਵੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਰਾਮਲੀਲਾ ਵਿੱਚ ਅਦਾਕਾਰੀ ਕਰਨ ਦੇ ਨਾਲ-ਨਾਲ ਚੰਡੀਗੜ੍ਹ ਦੇ ਡਰਾਮਾ ਵਿਭਾਗ ਵਿੱਚ ਵੀ ਕੰਮ ਕੀਤਾ ਸੀ।

ਮਿਹਰ ਮਿੱਤਲ ਤੇ ਪਤਨੀ ਸੁਦੇਸ਼ ਮਿੱਤਲ (ਮਰਹੂਮਾ) ਦੀਆਂ ਚਾਰ ਧੀਆਂ ਮੋਨਾ, ਹਿਨਾ, ਵੀਨਾ ਅਤੇ ਸੀਮਾ ਤੋਂ ਇਲਾਵਾ 2 ਪੁੱਤਰ ਸਨ, ਜਿਨ੍ਹਾਂ ਦੀ ਜਨਮ ਦੇ ਚੰਦ ਦਿਨਾਂ ਬਾਅਦ ਮੌਤ ਹੋ ਗਈ ਸੀ।

ਮਿਹਰ ਮਿੱਤਲ ਨੇ ਆਪਣੀ ਇੱਕ ਇੰਟਰਵਿਊ ਦੌਰਾਨ ਆਪਣੀ ਫ਼ਿਲਮੀ ਜ਼ਿੰਦਗੀ ਦੇ ਕਈ ਕਿੱਸੇ ਸਾਂਝੇ ਕੀਤੇ।

ਬੀਬੀਸੀ
  • ਮਿਹਰ ਮਿੱਤਲ ਦਾ ਜਨਮ 20 ਸਤੰਬਰ 1934 ਨੂੰ ਜ਼ਿਲ੍ਹਾ ਬਠਿੰਡਾ ਵਿੱਚ ਪੰਜਾਬੀ ਬਾਣੀਆ ਪਰਿਵਾਰ 'ਚ ਹੋਇਆ ਸੀ।
  • ਉਨ੍ਹਾਂ ਬੀਏਐੱਲਐੱਲਬੀ ਦੀ ਪੜ੍ਹਾਈ ਕੀਤੀ ਹੋਈ ਸੀ।
  • ਮਿਹਰ ਮਿੱਤਲ ਨੂੰ 'ਦਾਦਾ ਸਾਹੇਬ ਫਾਲਕੇ ਅਕਾਦਮੀ ਐਵਾਰਡ' ਨਾਲ ਸਰਫ਼ਰਾਜ਼ ਕੀਤਾ ਗਿਆ ਸੀ।
  • ਉਹ 6 ਸਾਲ ਇਨਕਮ ਟੈਕਸ ਦੇ ਵਕੀਲ ਰਹੇ ਅਤੇ 3 ਸਾਲ ਬਤੌਰ ਅਧਿਆਪਕ ਪੜ੍ਹਾਇਆ ਵੀ।
  • 1935 ਤੋਂ ਲੈ ਕੇ 2022 ਤੱਕ ਅਨੇਕਾਂ ਕਾਮੇਡੀ ਅਦਾਕਾਰ ਪੰਜਾਬੀ ਸਿਨੇ ਇਤਿਹਾਸ ਦਾ ਹਿੱਸਾ ਬਣੇ।
  • 22 ਅਕਤੂਬਰ 2016 ਨੂੰ 82 ਸਾਲਾਂ ਦੀ ਉਮਰੇ ਉਹ ਮਾਊਂਟ ਆਬੂ, ਰਾਜਸਥਾਨ ਵਿਖੇ ਇੰਤਕਾਲ ਫ਼ਰਮਾ ਗਏ।
ਬੀਬੀਸੀ

'ਡਿਸਟ੍ਰੀਬਿਊਟਰ ਨਾਂਹ ਕਰ ਦਿੰਦੇ ਸਨ'

ਮਿਹਰ ਮਿੱਤਲ ਨੇ ਇੰਟਰਵਿਊ ਵਿੱਚ ਦੱਸਿਆ, "ਵਰਿੰਦਰ ਨਾਲ ਮੈਂ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਪਰ ਉਹ ਮੇਰੇ ਤੋਂ ਜ਼ਿਆਦਾ ਡਾ. ਸੁਰਿੰਦਰ ਸ਼ਰਮਾ ਦੀ ਕਾਮੇਡੀ ਨੂੰ ਪਸੰਦ ਕਰਦਾ ਸੀ।"

"ਜਦੋਂ ਵਰਿੰਦਰ ਨੇ ਪੰਜਾਬੀ ਫ਼ਿਲਮ 'ਯਾਰੀ ਜੱਟ ਦੀ' ਬਣਾਈ ਤਾਂ ਉਨ੍ਹਾਂ ਮੇਰੀ ਜਗ੍ਹਾ ਡਾ. ਸੁਰਿੰਦਰ ਸ਼ਰਮਾ ਨੂੰ ਲੈ ਕੇ ਫ਼ਿਲਮ ਪੂਰੀ ਕਰ ਲਈ।"

"ਫ਼ਿਲਮ ਮੁਕੰਮਲ ਹੋਣ ਤੋਂ ਬਾਅਦ ਜਦੋਂ ਡਿਸਟ੍ਰੀਬਿਊਟਰ ਕੋਲ ਗਈ ਤਾਂ ਉਨ੍ਹਾਂ ਆਖਿਆ ਕਿ ਫ਼ਿਲਮ 'ਚ ਮਿਹਰ ਮਿੱਤਲ ਨਹੀਂ ਹੈ ਤਾਂ ਉਨ੍ਹਾਂ ਨੇ ਫ਼ਿਲਮ ਲੈਣ ਤੋਂ ਇਨਕਾਰ ਕਰ ਦਿੱਤਾ।"

"ਓੜਕ ਵਰਿੰਦਰ ਨੂੰ ਮਜਬੂਰਨ ਮੈਨੂੰ ਲੈ ਕੇ ਦੁਬਾਰਾ ਸ਼ੂਟਿੰਗ ਕਰਨੀ ਪਈ ਤੇ ਇਹ ਫ਼ਿਲਮ ਜ਼ਬਰਦਸਤ ਹਿੱਟ ਹੋਈ।"

ਮਿਹਰ ਮਿੱਤਲ ਨੇ ਅੱਗੇ ਕਿਹਾ, "ਇੰਝ ਹੀ ਸਾਲ 1983 ਵਿੱਚ ਜਦੋਂ ਜੇ. ਓਮ ਪ੍ਰਕਾਸ਼ ਨੇ ਆਪਣੇ ਫ਼ਿਲਮਸਾਜ਼ ਅਦਾਰੇ ਦੀ ਪਹਿਲੀ ਪੰਜਾਬੀ ਫ਼ਿਲਮ 'ਆਸਰਾ ਪਿਆਰ' ਬਣਾਈ ਤਾਂ ਉਨ੍ਹਾਂ ਨੇ ਵੀ ਮੈਨੂੰ ਨਹੀਂ ਲਿਆ ਜਦੋਂ ਫ਼ਿਲਮ ਡਿਸਟ੍ਰੀਬਿਊਟਰਾਂ ਦੇ ਕੋਲ ਪਹੁੰਚੀ ਤਾਂ ਉਨ੍ਹਾਂ ਫ਼ਿਲਮ ਲੈਣ ਤੋਂ ਇਨਕਾਰ ਕਰ ਦਿੱਤਾ। ਅਖ਼ੀਰ ਮੈਨੂੰ ਲੈ ਕੇ ਉਨ੍ਹਾਂ ਨੇ ਦੁਬਾਰਾ ਸ਼ੂਟਿੰਗ ਕੀਤੀ ਤੇ ਫ਼ਿਲਮ-ਸਰੋਤਿਆਂ ਨੇ ਪਸੰਦ ਵੀ ਕੀਤੀ।"

ਮਿਹਰ ਮਿੱਤਲ

ਤਸਵੀਰ ਸਰੋਤ, Mandeep singh/bbc

1935 ਤੋਂ ਲੈ ਕੇ 2022 ਤੱਕ ਅਨੇਕਾਂ ਕਾਮੇਡੀ ਅਦਾਕਾਰ ਪੰਜਾਬੀ ਸਿਨੇ ਇਤਿਹਾਸ ਦਾ ਹਿੱਸਾ ਬਣੇ ਤੇ ਉਨ੍ਹਾਂ ਨੇ ਆਪਣੇ ਵਕਤ 'ਚ ਬੜਾ ਆਹਲਾ ਕੰਮ ਵੀ ਕੀਤਾ ਪਰ ਮਿਹਰ ਮਿੱਤਲ ਅਜਿਹੇ ਪਹਿਲੇ ਕੀਮੇਡੀਅਨ ਸਨ, ਜਿਨ੍ਹਾਂ ਦਾ ਸਟਾਰ ਕਾਸਟਿੰਗ 'ਚ ਨਾਮ ਨਾਲ 'ਕਾਮੇਡੀ ਕਿੰਗ' ਲਿਖਿਆ ਹੁੰਦਾ ਸੀ।

ਬੇਸ਼ੱਕ ਉਨ੍ਹਾਂ 'ਤੇ ਦੋ-ਅਰਥੀ ਸੰਵਾਦ ਅਦਾਇਗੀ ਦੇ ਇਲਜ਼ਾਮ ਵੀ ਲੱਗਦੇ ਰਹੇ ਪਰ ਮਿੱਤਲ ਦਾ ਇਹ ਫ਼ਨ ਹੀ ਸੀ ਕਿ ਉਨ੍ਹਾਂ ਦੇ ਫ਼ਿਲਮ ਸਕਰੀਨ 'ਤੇ ਆਉਂਦਿਆਂ ਹੀ ਤੇ ਬਿਨ੍ਹਾਂ ਕੁੱਝ ਬੋਲਿਆਂ ਹੀ ਦਰਸ਼ਕ ਹੱਸ-ਹੱਸ ਦੂਹਰੇ ਹੋ ਜਾਂਦੇ ਸਨ।

ਨੈਸ਼ਨਲ ਐਵਾਰਡ ਅਦਾਕਾਰ ਵਿਜੈ ਟੰਡਨ ਨੇ ਦੱਸਿਆ ਕਿ 1966 ਤੋਂ ਲੈ ਕੇ 2016 ਤੱਕ ਕਾਮੇਡੀ ਕਿੰਗ ਮਿਹਰ ਮਿੱਤਲ ਨਾਲ ਮੇਰਾ 50 ਸਾਲਾ ਦੋਸਤਾਨਾ ਰਿਸ਼ਤਾ ਰਿਹਾ ਹੈ।

ਉਹ ਜ਼ਾਤੀ ਜ਼ਿੰਦਗ਼ੀ ਵਿੱਚ ਬੜੇ ਨੇਕ ਇਨਸਾਨ ਸਨ ਤੇ ਬੁਰੀਆਂ ਅਲਾਮਤਾਂ ਤੋਂ ਕੋਹਾਂ ਦੂਰ ਸਨ।

ਉਹ ਮੇਰਾ ਦੋਸਤ ਵੀ ਸੀ ਤੇ ਮੇਰਾ ਪਿਓ ਵੀ, ਭਰਾ ਵੀ ਸੀ। ਅਸੀਂ ਇਕੱਠਿਆਂ ਕਈ ਪੰਜਾਬੀ ਫ਼ਿਲਮਾਂ ਵਿੱਚ ਕੰਮ ਵੀ ਕੀਤਾ ਹੈ ਅਤੇ ਕਈ ਵਿਦੇਸ਼ੀ ਸਟੇਜ ਸ਼ੋਅ ਵੀ ਕੀਤੇ ਪਰ ਮਿਹਰ ਮਿੱਤਲ ਤਾਂ ਮਿਹਰ ਮਿੱਤਲ ਹੀ ਸੀ ।

ਪੰਜਾਬੀ ਫ਼ਿਲਮਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਮਿਹਰ ਮਿੱਤਲ ਨੇ ਆਪਣੀ ਜ਼ਿੰਦਗੀ ਦਾ ਆਖ਼ਰੀ ਵਕਤ ਬ੍ਰਹਮਕੁਮਾਰੀ ਰਾਜਯੋਗ ਸੈਂਟਰ ਪ੍ਰਜਾਪਿਤਾ ਬ੍ਰਹਮਕੁਮਾਰੀ ਇਸ਼ਵਰਿਆ ਵਿਸ਼ਵ-ਵਿਦਿਆਲਿਆ ਮਾਊਂਟ ਆਬੂ (ਰਾਜਸਥਾਨ) ਵਿਖੇ ਧਾਰਮਿਕ ਪ੍ਰਚਾਰ ਦੇ ਲੇਖੇ ਲਾਇਆ।

ਉਨ੍ਹਾਂ ਉੱਥੇ ਹੀ ਸਪੁਰਦ-ਏ-ਆਤਿਸ਼ ਹੋਣ ਦੀ ਇੱਛਾ ਪ੍ਰਗਟਾਈ ਸੀ। 22 ਅਕਤੂਬਰ 2016 ਨੂੰ 82 ਸਾਲਾਂ ਦੀ ਉਮਰੇ ਉਹ ਮਾਊਂਟ ਆਬੂ, ਰਾਜਸਥਾਨ ਵਿਖੇ ਉਨ੍ਹਾਂ ਦੀ ਮੌਤ ਹੋ ਗਈ।

ਬੀਬੀਸੀ
ਬੀਬੀਸੀ

ਫਿਲਮੀ ਸਫ਼ਰ

1973 ਤੋਂ 1979 ਤੱਕ ਉਨ੍ਹਾਂ ਨੇ 33 ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ। ਬਤੌਰ ਫ਼ਿਲਮਸਾਜ਼ ਅਤੇ ਅਦਾਕਾਰ ਵਜੋਂ ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ ਆਪਣੇ ਫ਼ਿਲਮਸਾਜ਼ ਅਦਾਰੇ ਐੱਮਐੱਮ ਫ਼ਿਲਮਜ਼, ਬੰਬੇ ਦੀ 'ਮਾਂ ਦਾ ਲਾਡਲਾ' ਸੀ।

ਇਹ ਫਿਲਮ ਉਨ੍ਹਾਂ ਦੇ ਮਸ਼ਹੂਰ ਡਰਾਮੇ 'ਲਾਡਲਾ' 'ਤੇ ਆਧਾਰਿਤ ਸੀ। ਫ਼ਿਲਮ 'ਚ ਮਿਹਰ ਮਿੱਤਲ ਨੇ 'ਚੰਦਰ' ਨਾਮੀ ਝੱਲੇ ਨੌਜਵਾਨ ਦਾ ਰੋਲ ਅਦਾ ਕੀਤਾ ਤੇ ਇੱਕ ਕਾਮੇਡੀ ਗੀਤ 'ਲੋਕੀਂ ਦਿਲ ਵੀ ਮਿਲਾਂਦੇ' ਵੀ ਫ਼ਿਲਮਾਇਆ।

ਫ਼ਿਲਮ 'ਸ਼ੇਰਨੀ' ਵਿੱਚ ਉਨ੍ਹਾਂ ਨੇ 'ਪੰਡਤ' ਦਾ ਕਿਰਦਾਰ ਅਦਾ ਕੀਤਾ ਸੀ।

ਫ਼ਿਲਮ 'ਤੇਰੇ ਰੰਗ ਨਿਆਰੇ', ਫ਼ਿਲਮ 'ਦੋ ਸ਼ੇਰ' ਵਿੱਚ ਉਹ ਨਜ਼ਰ ਆਏ। 1975 ਵਿੱਚ ਆਈ ਫ਼ਿਲਮ 'ਤੇਰੀ ਮੇਰੀ ਇਕ ਜਿੰਦੜੀ' 'ਚ ਉਨ੍ਹਾਂ ਦਾ 'ਹੰਸੂ' ਦਾ ਕਿਰਦਾਰ ਤੇ ਸੰਵਾਦ 'ਹੈਂ-ਕਨਾ' ਬੜਾ ਮਕਬੂਲ ਹੋਇਆ।

ਇਸ ਫ਼ਿਲਮ ਨੇ ਰਿਕਾਰਡ ਤੋੜ ਕਮਾਈ ਕੀਤੀ ਤੇ ਮਿਹਰ ਮਿੱਤਲ ਦੀ ਕਾਮੇਡੀ ਨੂੰ ਪੁਖਤਾ ਸ਼ਨਾਖ਼ਤ ਮਿਲੀ।

1975 ਵਿੱਚ ਆਈਆਂ ਫਿਲਮਾਂ 'ਮਿੱਤਰ ਪਿਆਰੇ ਨੂੰ' ਤੇ 'ਧਰਮਜੀਤ' 'ਚ ਵੀ ਉਨ੍ਹਾਂ ਨੇ ਵਧੀਆ ਰੋਲ ਨਿਭਾਏ ਸਨ।

ਮਾਂ ਦਾ ਲਾਡਲ

ਤਸਵੀਰ ਸਰੋਤ, Mandeep Singh/bbc

ਇਨ੍ਹਾਂ ਫ਼ਿਲਮਾਂ 'ਚ ਸ਼ਾਨਦਾਰ ਕਾਮੇਡੀਅਨ ਸਦਕਾ ਮਿਹਰ ਮਿੱਤਲ ਸਫ਼ਲਤਾ ਦੇ ਨਾਲ ਕਾਮਯਾਬੀ ਦੀਆਂ ਬੁਲੰਦੀਆਂ 'ਤੇ ਪਹੁੰਚੇ।

1976 ਵਿੱਚ ਇੰਦਰਜੀਤ ਹਸਨਪੁਰੀ ਨੇ ਜਦੋਂ ਆਪਣੇ ਜ਼ਾਤੀ ਬੈਨਰ ਦੀ ਦੂਜੀ ਫ਼ਿਲਮ 'ਦਾਜ' ਬਣਾਈ ਤਾਂ ਉਹ ਮਿਹਰ ਮਿੱਤਲ ਨੂੰ ਲੈਣਾ ਨਾ ਭੁੱਲੇ। ਇਸੇ ਹੀ ਸਾਲ ਉਨ੍ਹਾਂ ਦੀਆਂ 6 ਹੋਰ ਫ਼ਿਲਮਾਂ ਰਿਲੀਜ਼ ਹੋਈਆਂ ਸਨ।

ਉਨ੍ਹਾਂ ਨੇ 1977 ਵਿੱਚ ਫਿਲਮ 'ਲੱਛੀ', 'ਪ੍ਰੇਮੀ ਗੰਗਾਰਾਮ' ਵਿੱਚ ਕੰਮ ਕੀਤਾ ਤੇ ਧਰਮਿੰਦਰ ਦੇ ਭਰਾ ਅਜੀਤ ਸਿੰਘ ਦਿਓਲ ਨੇ ਜਦੋਂ ਇਸੇ ਸਾਲ 'ਸੰਤੋ ਬੰਤੋ' ਬਣਾਈ ਤਾਂ ਉਨ੍ਹਾਂ ਨੇ ਵੀ ਮਿਹਰ ਮਿੱਤਲ ਦੀ ਸਫਲਤਾ ਨੂੰ ਕੈਸ਼ ਕੀਤਾ।

ਇਸੇ ਹੀ ਸਾਲ 'ਸ਼ਹੀਦ ਊਧਮ ਸਿੰਘ', 'ਸ਼ੇਰ ਪੁੱਤਰ', 'ਯਮਲਾ ਜੱਟ' ਤੋਂ ਇਲਾਵਾ 'ਵੰਗਾਰ' 'ਚ ਮਿਹਰ ਮਿੱਤਲ (ਚੰਦੂ ਛੜਾ) ਨਾਲ ਬਣੀ ਕੰਚਨ ਮੱਟੂ ਦੀ ਜੋੜੀ ਨੇ ਦਰਸ਼ਕਾਂ ਨੂੰ ਖ਼ੂਬ ਹਸਾਇਆ।

'ਸਾਡੀ ਬਿੱਲੀ ਸਾਨੂੰ ਮਿਆਊਂ'

1978 ਵਿੱਚ ਫਿਲਮ 'ਲਾਡਲੀ' 'ਚ ਉਨ੍ਹਾਂ ਨੇ 'ਹਜ਼ਾਰਾ ਸਿੰਘ ਵਲੈਤੀਆ' ਦਾ ਰੋਲ ਬਾਖ਼ੂਬੀ ਅਦਾ ਕੀਤਾ। ਇਸ ਤੋਂ ਇਲਾਵਾ 1979 ਵਿੱਚ ਆਈਆਂ ਫਿਲਮਾਂ ਵਿੱਟ ਉਨ੍ਹਾਂ ਨੇ 'ਜੱਟ ਪੰਜਾਬੀ' 'ਜੁਗਨੀ', 'ਕੁਆਰਾ ਮਾਮਾ', 'ਮਾਹੀ ਮੁੰਡਾ', 'ਰਾਂਝਾ ਇਕ ਤੇ ਹੀਰਾਂ ਦੋ', 'ਸੈਦਾਂ ਜੋਗਣ', 'ਸਰਦਾਰ-ਏ-ਆਜ਼ਮ', 'ਸ਼ਹੀਦ ਕਰਤਾਰ ਸਿੰਘ ਸਰਾਭਾ' ਵਿਚ ਬਾਖ਼ੂਬੀ ਆਪਣੀ ਕਲਾ ਦੇ ਜ਼ੌਹਰ ਵਿਖਾਏ।

ਇਸੇ ਹੀ ਸਾਲ ਮਿਹਰ ਮਿੱਤਲ ਨੇ 'ਸੁਖੀ ਪਰਿਵਾਰ' ਵਿਚ ਪਹਿਲੀ ਵਾਰ ਡਬਲ ਰੋਲ ਕੀਤਾ ਸੀ।

80 ਦੇ ਦਹਾਕੇ 'ਚ ਮਿਹਰ ਮਿੱਤਲ ਕਾਮੇਡੀ ਦੇ ਆਲ੍ਹਾ ਮੁਕਾਮ 'ਤੇ ਪਹੁੰਚ ਗਏ ਸਨ। ਨੈਸ਼ਨਲ ਐਵਾਰਡ-ਯਾਫ਼ਤਾ ਪੰਜਾਬੀ ਫ਼ਿਲਮ 'ਚੰਨ ਪਰਦੇਸੀ' 'ਚ ਮਿੱਤਲ ਦਾ ਬੋਲਿਆ ਸੰਵਾਦ 'ਕਰਤੀ ਗੱਲ, ਸਾਡੀ ਬਿੱਲੀ ਸਾਨੂੰ ਮਿਆਊਂ' ਅੱਜ ਵੀ ਦਰਸ਼ਕ ਯਾਦ ਕਰਦੇ ਹਨ।

ਫਿਰ 1980 ਵਿੱਚ 'ਜੱਟੀ' 'ਚ ਮਿੱਤਲ ਨੇ ਹੀਰੋ ਦਾ ਕਿਰਦਾਰ ਨਿਭਾਇਆ ਸੀ ਅਤੇ 'ਲੰਬੜਦਾਰਨੀ' 'ਚ ਮਿੱਤਲ ਤੇ ਸੁਰਿੰਦਰ ਸ਼ਰਮਾ ਦੀ ਜੋੜੀ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।

1981 ਵਿੱਚ ਵਰਿੰਦਰ ਦੀ ਫ਼ਿਲਮ 'ਬਲਬੀਰੋ ਭਾਬੀ' 'ਚ ਉਸ 'ਤੇ ਫ਼ਿਲਮਾਇਆ 'ਰੁਲਦੂ ਨੇ ਚਿੱਤ ਪਰਚਾ ਲੈਣਾ ਖੋਤੀ ਤੇ ਚੁੰਨੀ ਪਾ ਕੇ' (ਸੁਰਿੰਦਰ ਕੋਹਲੀ) ਗੀਤ ਵੀ ਬਹੁਤ ਚੱਲਿਆ।

ਵੀਡੀਓ ਕੈਪਸ਼ਨ, ‘ਬਾਬੇ ਭੰਗੜਾ ਪਾਉਂਦੇ ਨੇ‘ ਫ਼ਿਲਮ ਦੇ 'ਬਾਬੇ' ਸੋਹੇਲ ਅਹਿਮਦ ਦੀ ਚੜ੍ਹਦੇ ਪੰਜਾਬ ਨਾਲ ਸਾਂਝ

ਅਮਿਤਾਭ ਬੱਚਨ ਨਾਲ ਫਿਲਮ

ਹੁਣ ਮਿਹਰ ਮਿੱਤਲ ਪੰਜਾਬੀ ਦਰਸ਼ਕਾਂ ਦੇ ਦਿਲ-ਪਸੰਦ ਕਾਮੇਡੀਅਨ ਅਦਾਕਾਰ ਬਣ ਗਏ ਸਨ।

ਇਨ੍ਹਾਂ ਦੀ ਹਾਜ਼ਰੀ ਹਰ ਫ਼ਿਲਮ 'ਚ ਕਾਮਯਾਬੀ ਦੀ ਗਾਰੰਟੀ ਹੁੰਦੀ ਸੀ। ਕੋਈ ਵੀ ਡਿਸਟ੍ਰੀਬਿਊਟਰ ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਾਲੀਆਂ ਫ਼ਿਲਮਾਂ ਨੂੰ ਹੱਥ ਨਹੀਂ ਪਾਉਂਦਾ ਸੀ।

ਇਸ ਦੌਰਾਨ ਮਿਹਰ ਮਿੱਤਲ ਨੇ 1981 ਵਿੱਚ ਹਿੰਦੀ ਫ਼ਿਲਮਾਂ ਦੇ ਸੁਪਰ ਸਟਾਰ ਅਮਿਤਾਬ ਬੱਚਨ ਨੂੰ ਮਹਿਮਾਨ ਭੂਮਿਕਾ 'ਚ ਲੈ ਕੇ ਫ਼ਿਲਮ 'ਵਲਾਇਤੀ ਬਾਬੂ' ਦਾ ਨਿਰਮਾਣ ਕੀਤਾ ਅਤੇ 'ਵਲਾਇਤੀ ਬਾਬੂ' ਦਾ ਕਿਰਦਾਰ ਉਨ੍ਹਾਂ ਖ਼ੁਦ ਅਦਾ ਕੀਤਾ ਸੀ।

ਓਮ ਪ੍ਰਕਾਸ਼ ਨੇ ਜਦੋਂ ਮਿਹਰ ਮਿੱਤਲ ਤੋਂ ਬਗ਼ੈਰ ਵੱਡੀ ਸਟਾਰ ਕਾਸਟ ਵਾਲੀ ਫ਼ਿਲਮ 'ਆਸਰਾ ਪਿਆਰ ਦਾ' ਬਣਾਈ ਤਾਂ ਫ਼ਿਲਮ ਰਿਲੀਜ਼ ਵੇਲੇ (ਮਿੱਤਲ ਦੀ ਗ਼ੈਰ-ਮੌਜੂਦਗੀ ਕਰਕੇ) ਡਿਸਟ੍ਰੀਬਿਊਟਰਾਂ ਨੇ ਫ਼ਿਲਮ ਖ਼ਰੀਦਣ ਤੋਂ ਇਨਕਾਰ ਕਰ ਦਿੱਤਾ ਸੀ, ਫਿਰ ਮਿੱਤਲ ਦੇ ਦ੍ਰਿਸ਼ ਫ਼ਿਲਮਾ ਕੇ ਫ਼ਿਲਮ ਮੁਕੰਮਲ ਕੀਤੀ।

ਗੁਰਦਾਸ ਮਾਨ ਦੀ ਹੀਰੋ ਵਜੋਂ ਬਣੀ ਪਹਿਲੀ ਫ਼ਿਲਮ 'ਮਾਮਲਾ ਗੜਬੜ' 'ਚ ਵੀ ਮਿੱਤਲ ਨੇ ਕਾਮੇਡੀ ਦੇ ਖ਼ੂਬ ਰੰਗ ਬਿਖੇਰੇ। 1983 ਦੀ ਸੁਪਰਹਿੱਟ ਐਕਸ਼ਨ ਫ਼ਿਲਮ 'ਪੁੱਤ ਜੱਟਾਂ ਦੇ' 'ਚ ਵੀ ਔਰਤ ਬਣੇ ਮਿੱਤਲ 'ਤੇ ਫ਼ਿਲਮਾਇਆ ਤੇ ਰਣਜੀਤ ਕੌਰ ਦਾ ਗਾਇਆ 'ਮੇਰੇ ਡੈਮੂੰ ਲੜ ਗਿਆ ਨੀਂ' ਗੀਤ ਵੀ ਖ਼ੂਬ ਚੱਲਿਆ।

ਫ਼ਿਲਮ 'ਰੂਪ ਸ਼ੁਕੀਨਣ ਦਾ' 'ਚ ਨੇਕੀ ਕਾਬਿਲ ਦੇ ਗਾਏ ਕਾਮੇਡੀ ਗੀਤ 'ਮੈਂ ਨਈ ਜਾਣਾ ਰੋਡੂ ਦੇ' 'ਤੇ ਮਿਹਰ ਮਿੱਤਲ ਨੇ ਔਰਤ ਬਣ ਕੇ ਕਮਾਲ ਦੀ ਅਦਾਕਾਰੀ ਕੀਤੀ।

1983 ਵਿੱਚ 'ਸਰਦਾਰਾ ਕਰਤਾਰਾ', 'ਸੱਸੀ ਪੁਨੂੰ', 'ਅਣਖੀਲੀ ਮੁਟਿਆਰ', 'ਵਹੁਟੀ ਹੱਥ ਸੋਟੀ' ਤੋਂ ਇਲਾਵਾ 1984 'ਚ ਰਿਲੀਜ਼ ਹੋਈਆਂ ਫ਼ਿਲਮਾਂ 'ਦੂਜਾ ਵਿਆਹ', 'ਇਸ਼ਕ ਨਿਮਾਣਾ', 'ਜਿਗਰੀ ਯਾਰ', 'ਲਾਲ ਚੂੜਾ', 'ਨਿੰਮੋ', 'ਰਾਂਝਣ ਮੇਰਾ ਯਾਰ', 'ਸੋਹਣੀ ਮਹੀਵਾਲ'।

1985 'ਚ ਨੁਮਾਇਸ਼ ਹੋਈਆਂ ਫ਼ਿਲਮਾਂ 'ਬਾਬੁਲ ਦਾ ਵਿਹੜਾ', 'ਗੁੱਡੋ', 'ਜੀਜਾ ਸਾਲੀ', 'ਕੌਣ ਦਿਲਾਂ ਦੀਆਂ ਜਾਣੇ', 'ਕੁੰਵਾਰਾ ਜੀਜਾ' ਤੇ 'ਮੌਜਾਂ ਦੁਬਈ ਦੀਆਂ', 'ਤਕਰਾਰ' ਅਤੇ 'ਵੈਰੀ ਜੱਟ' ਮਿਹਰ ਮਿੱਤਲ ਦੀ ਬਿਹਤਰੀਨ ਕਾਮੇਡੀ ਦਾ ਸਿਖ਼ਰ ਹੋ ਨਿੱਬੜੀਆਂ।

ਵੀਡੀਓ ਕੈਪਸ਼ਨ, ਪ੍ਰੀਤੀ ਸਪਰੂ ਪੰਜਾਬ ਸਰਕਾਰ ਤੋਂ ਕਿਉਂ ਨਾਰਾਜ਼?

ਹਿੰਦੀ ਫਿਲਮਾਂ ਵਿੱਚ ਕੰਮ

ਨਵੇਂ ਕਾਮੇਡੀ ਅਦਾਕਾਰਾਂ ਦੀ ਆਮਦ ਨਾਲ ਮਿਹਰ ਮਿੱਤਲ ਨੂੰ ਫ਼ਿਲਮਾਂ ਵਿੱਚ ਕੰਮ ਮਿਲਣਾ ਘੱਟ ਹੋ ਗਿਆ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਟੈਲੀ ਫ਼ਿਲਮਾਂ 'ਚ ਵੀ ਕੰਮ ਕੀਤਾ। ਪੰਜਾਬੀ ਫ਼ਿਲਮਾਂ ਤੋਂ ਇਲਾਵਾ ਮਿਹਰ ਮਿੱਤਲ ਨੇ ਹਿੰਦੀ ਫ਼ਿਲਮਾਂ ਵਿੱਚ ਕਿਸਮਤ ਅਜ਼ਮਾਈ, ਜ੍ਹਿਨਾਂ 'ਚ 'ਪ੍ਰਤਿੱਗਿਆ' ਤੇ 'ਅਨੋਖਾ' (1975), 'ਪ੍ਰੇਮੀ ਗੰਗਾਰਾਮ' ਤੇ 'ਦੋ ਸ਼ੋਅਲੇ' (1977), 'ਭਗਤੀ ਮੇ ਸ਼ਕਤੀ' (1979), 'ਗੋਪੀ ਚੰਦ ਜਾਸੂਸ' ਤੇ 'ਮਿਹਰਬਾਨੀ' (1982) ਆਦਿ ਸ਼ਾਮਿਲ ਹਨ।

ਜੋ ਕਾਮਯਾਬੀ ਤੇ ਸ਼ੁਹਰਤ ਉਨ੍ਹਾਂ ਨੂੰ ਪੰਜਾਬੀ ਫ਼ਿਲਮਾਂ ਵਿਚ ਕੰਮ ਕਰ ਕੇ ਨਸੀਬ ਹੋਈ ਉਹ ਚਾਹ ਕੇ ਵੀ ਹਿੰਦੀ ਸਿਨਮਾ 'ਚੋਂ ਨਾ ਮਿਲ ਸਕੀ।

ਮਿੱਤਲ ਦੀ ਆਖ਼ਰੀ ਪੰਜਾਬੀ ਫ਼ਿਲਮ 'ਮਰ ਜਾਵਾਂ ਗੁੜ ਖਾ ਕੇ' ਸੀ ਜੋ 3 ਦਸੰਬਰ, 2010 ਨੂੰ ਰਿਲੀਜ਼ ਹੋਈ ਸੀ।

ਫ਼ਿਲਮਾਂ 'ਚ ਮਿਹਰ ਮਿੱਤਲ ਹੀ ਇੱਕ ਅਜਿਹਾ ਅਦਾਕਾਰ ਸੀ, ਜਿਸ ਨੇ ਠੇਠ ਮਲਵਈ ਭਾਸ਼ਾ ਤੇ ਅਖਾਣਾਂ ਦੀ ਵਰਤੋਂ ਕਰਕੇ ਪੰਜਾਬੀ ਜ਼ੁਬਾਨ ਨੂੰ ਅਮੀਰਤਾ ਪ੍ਰਦਾਨ ਕੀਤੀ।

ਮਿਹਰ ਮਿੱਤਲ 90 ਫੀਸਦਸਕ੍ਰਿਪਟਿੰਗ ਖ਼ੁਦ ਕਰਦੇ ਸਨ। ਬਾਕੀ 10 ਫੀਸਦ ਸੰਵਾਦ ਇੰਦਰਜੀਤ ਹਸਨਪੁਰੀ ਅਤੇ ਬਾਬੂ ਸਿੰਘ ਮਾਨ ਦੇ ਲਿਖੇ ਹੁੰਦੇ ਸਨ।

ਆਪਣੀ ਸੰਵਾਦ ਅਦਾਇਗ਼ੀ 'ਚ ਠੇਠ ਮਲਵਈ ਅਲਫ਼ਾਜ਼ ਦੀ ਵਰਤੋਂ ਕਰਨ ਵਾਲੇ ਉਹ ਪਹਿਲੇ ਕਾਮੇਡੀ ਅਦਾਕਾਰ ਸਨ, ਜਿਨ੍ਹਾਂ ਬੋਲੇ ਗਏ ਸੰਵਾਦ ਲੋਕ ਮੁਹਾਵਰਿਆਂ ਤੋਂ ਵੀ ਮਜ਼ੀਦ ਮਕਬੂਲ ਹੋਏ 'ਹੈਂ-ਕਨਾ', 'ਮਾਰਿਆ ਕੁੱਕੜ', 'ਕਹਾਣੀ ਕੋਈ ਨੀ' ਆਦਿ।

(ਮਨਦੀਪ ਸਿੰਘ ਸਿੱਧੂ ਪੰਜਾਬੀ ਫਿਲਮਾਂ ਦੇ ਇਤਿਹਾਸਕਾਰ, ਲੇਖਕ ਤੇ ਪੱਤਰਕਾਰ ਹਨ)

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)