You’re viewing a text-only version of this website that uses less data. View the main version of the website including all images and videos.
ਗੰਨ ਕਲਚਰ ਬਾਰੇ ਹਦਾਇਤਾਂ 'ਤੇ ਪ੍ਰਤੀਕਰਮ, 'ਜੇ ਗੀਤਾਂ ਨਾਲ ਹਿੰਸਾ ਹੁੰਦੀ ਤਾਂ ਸਾਰਾ ਬਾਲੀਵੁੱਡ ਬੈਨ ਕਰ ਦਿਓ'
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ 'ਚ ਗੰਨ ਕਲਚਰ 'ਤੇ ਲਗਾਮ ਲਗਾਉਣ ਲਈ ਕੁਝ ਅਹਿਮ ਹਦਾਇਤਾਂ ਜਾਰੀ ਕੀਤੀਆਂ ਹਨ।
ਇਨ੍ਹਾਂ ਹਦਾਇਤਾਂ ਮੁਤਾਬਕ, ਸੂਬੇ 'ਚ ਹੁਣ ਤੱਕ ਜਾਰੀ ਹੋਏ ਸਾਰੇ ਅਸਲਾ ਲਾਇਸੈਂਸਾਂ ਦੀ ਪੂਰੀ ਸਮੀਖਿਆ ਕੀਤੀ ਜਾਵੇਗੀ ਅਤੇ ਨਵੇਂ ਅਸਲਾ ਲਾਇਸੈਂਸ ਜਾਰੀ ਕਰਨ ਲਈ ਵਾਜਿਬ ਕਾਰਨ ਦੱਸਣੇ ਜ਼ਰੂਰੀ ਹੋਣਗੇ।
ਇਸ ਦੇ ਨਾਲ ਹੀ ਗੀਤਾਂ ਵਿੱਚ ਗੰਨ ਕਲਚਰ ਜਾਂ ਹਥਿਆਰਾਂ ਨੂੰ ਪ੍ਰਮੋਟ ਕਰਨ ਉੱਤੇ ਵੀ ਪੂਰੀ ਤਰ੍ਹਾਂ ਨਾਲ ਪਾਬੰਦੀ ਹੋਵੇਗੀ।
ਇਹ ਹਨ ਪੰਜਾਬ ਸਰਕਾਰ ਦੀਆਂ ਹਦਾਇਤਾਂ:
1. ਹੁਣ ਤੱਕ ਜਾਰੀ ਕੀਤੇ ਗਏ ਸਾਰੇ ਅਸਲਾ ਲਾਇਸੈਂਸਾਂ ਦੀ ਪੂਰੀ ਸਮੀਖਿਆ ਅਗਲੇ 3 ਮਹੀਨਿਆਂ ਦੇ ਅੰਦਰ ਕੀਤੀ ਜਾਵੇਗੀ।
2. ਕੋਈ ਨਵਾਂ ਅਸਲਾ ਲਾਇਸੈਂਸ ਉਦੋਂ ਤੱਕ ਜਾਰੀ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਡਿਪਟੀ ਕਮਿਸ਼ਨਰ ਨਿੱਜੀ ਤੌਰ 'ਤੇ ਇਸ ਗੱਲ ਨੂੰ ਲੈ ਕੇ ਸੰਤੁਸ਼ਟ ਨਹੀਂ ਹੁੰਦਾ ਕਿ ਅਜਿਹਾ ਕਰਨ ਲਈ ਵਾਜਿਬ ਕਾਰਨ ਮੌਜੂਦ ਹਨ।
3. ਹਥਿਆਰਾਂ ਦੇ ਜਨਤਕ ਪ੍ਰਦਰਸ਼ਨ (ਸੋਸ਼ਲ ਮੀਡੀਆ 'ਤੇ ਪ੍ਰਦਰਸ਼ਨ ਸਮੇਤ) ਦੀ ਸਖ਼ਤੀ ਨਾਲ ਮਨਾਹੀ ਹੋਵੇਗੀ।
4. ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਜਾਵੇਗੀ।
5. ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ਦੀ ਸਖ਼ਤ ਮਨਾਹੀ ਹੋਵੇਗੀ।
6. ਐੱਫ਼ਆਈਆਰ ਦਰਜ ਕੀਤੀ ਜਾਵੇਗੀ ਤੇ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਭਰੀ ਭਾਸ਼ਾ ਬੋਲਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
7. ਹਥਿਆਰਾਂ ਦੀ ਜਲਦਬਾਜ਼ੀ ਜਾਂ ਲਾਪਰਵਾਹੀ ਨਾਲ ਵਰਤੋਂ ਜਾਂ ਜਸ਼ਨ ਦੌਰਾਨ ਗੋਲੀਬਾਰੀ ਕਰਨਾ, ਜੋ ਮਨੁੱਖੀ ਜੀਵਨ ਜਾਂ ਦੂਜਿਆਂ ਦੀ ਨਿੱਜੀ ਸੁਰੱਖਿਆ ਨੂੰ ਖ਼ਤਰਾ ਹੋਵੇ, ਸਜ਼ਾਯੋਗ ਅਪਰਾਧ ਹੋਵੇਗਾ ਤੇ ਉਲੰਘਣਾ ਕਰਨ ਵਾਲੇ ਵਿਰੁੱਧ ਐੱਫ਼ਆਈਆਰ ਦਰਜ ਕੀਤੀ ਜਾਵੇਗੀ।
ਪੰਜਾਬ ਸਰਕਰ ਦੀਆਂ ਇਨ੍ਹਾਂ ਹਦਾਇਤਾਂ ਬਾਰੇ ਵੱਖ-ਵੱਖ ਸਿਆਸੀ ਆਗੂਆਂ ਅਤੇ ਪੰਜਾਬੀ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ।
‘ਜੇ ਗੀਤਾਂ ਨਾਲ ਹਿੰਸਾ ਹੁੰਦੀ ਹੈ ਤਾਂ ਸਾਰਾ ਬਾਲੀਵੁੱਡ ਬੈਨ ਕਰ ਦਿਓ’
ਪੰਜਾਬ ਦੇ ਸਾਬਕਾ ਡਿਪਟੀ ਸੀਐੱਮ ਤੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਆਪਣੀ ਨਾਕਾਬਲੀਅਤ ਨੂੰ ਲੁਕਾਉਣ ਲਈ ਅਜਿਹੀਆਂ ਨੋਟੀਫਿਕੇਸ਼ਨਜ਼ ਜਾਰੀ ਕਰ ਰਹੀ ਹੈ।
ਉਨ੍ਹਾਂ ਕਿਹਾ, ‘‘ਅਜਿਹਾ ਉਹ ਸੀਐੱਮ ਕਰ ਰਿਹਾ ਹੈ ਜੋ ਆਪ ਇੱਕ ਕਲਾਕਾਰ ਹੈ... ਠੀਕ ਹੈ ਗੰਨ ਕਲਚਰ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਪਰ ਜਿਹੜੇ ਵੀਹ-ਵੀਹ ਸਾਲ ਪੁਰਾਣੇ ਗੀਤ ਨੇ, ਮੈਨੂੰ ਨਹੀਂ ਲੱਗਦਾ ਕਿ ਸਰਕਾਰ ਕੋਲ ਅਜਿਹੀ ਕੋਈ ਛੂਮੰਤਰ ਚੀਜ਼ ਹੈ ਜਿਸ ਨਾਲ ਇਹ ਸਾਰੇ ਖਤਮ ਹੋ ਜਾਣ।''
''ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤਾਂ ਆਏ ਦਿਨ ਗੋਲ਼ੀਆਂ ਚੱਲਦੀਆਂ ਨੇ, ਇਸ ਦਾ ਮਤਲਬ ਕਿ ਇਹ ਗਾਣੇ ਗੋਲ਼ੀਆਂ ਚਲਾ ਰਹੇ ਨੇ ਜਾਂ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੁਕਾਉਣ ਦੀ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈ।''
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਇਹ ਫੈਸਲਾ ਦਸ ਦਿਨਾਂ ਬਾਅਦ ਸਰਕਾਰ ਫੇਰ ਵਾਪਸ ਲਵੇਗੀ। ਉਨ੍ਹਾਂ ਕਿਹਾ ਕਿ ਬਾਕੀ ਗੱਲਾਂ ਠੀਕ ਹੋ ਸਕਦੀਆਂ ਹਨ ਪਰ ਗੀਤਾਂ ਵਾਲੀ ਗੱਲ ਠੀਕ ਨਹੀਂ ਹੈ।
‘ਆਪਾਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਹੈ’
ਮੰਨੇ-ਪ੍ਰਮੰਨੇ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਮਾਨ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਅਜੇ ਇਸ ਬਾਰੇ ਲੰਮਾ ਕੰਮ ਬਾਕੀ ਹੈ ਪਰ ਜੇ ਲੋਕ ਆਪ ਹੀ ਇਨ੍ਹਾਂ ਗੱਲਾਂ ਨੂੰ ਸਮਝ ਲੈਣ ਤਾਂ ਸਰਕਰਾਂ ਨੂੰ ਅਜਿਹੇ ਸਖ਼ਤ ਫੈਸਲੇ ਲੈਣ ਦੀ ਲੋੜ ਨਹੀਂ ਪੈਂਦੀ।
ਉਨ੍ਹਾਂ ਕਿਹਾ, ''ਇਸ ਵੇਲੇ ਪੰਜਾਬ 'ਚ ਸਭ ਤੋਂ ਖਤਰਨਾਕ ਦੌਰ ਚੱਲ ਰਿਹਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ 'ਚ ਸੁੱਖ-ਸ਼ਾਂਤੀ ਹੋਵੇ।''
ਪੰਜਾਬੀ ਗਾਇਕ ਤੇ ਭਾਜਪਾ ਆਗੂ ਹੰਸ ਰਾਜ ਹੰਸ ਦਾ ਕਹਿਣਾ ਹੈ ਕਿ, ‘ਸਰਕਾਰਾਂ ਨੇ ਤਾਂ ਕਰਨਾ ਹੀ ਹੈ ਲੋਕ ਵੀ ਦੇਖਣ ਕਿ ਸਾਨੂੰ ਸਾਡੇ ਬਜ਼ੁਰਗਾਂ, ਸੂਫ਼ੀਆਂ ਸੰਤਾਂ ਨੇ ਸਿਖਾਇਆ ਕੀ ਹੈ। ਅਸੀਂ ਕਿੱਥੋਂ ਨਫ਼ਰਤ ਸਿੱਖ ਗਏ।’
ਉਨ੍ਹਾਂ ਮਾਨ ਸਰਕਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਬਹੁਤ ਚੰਗਾ ਫੈਸਲਾ ਲਿਆ ਗਿਆ ਹੈ ਅਤੇ ਚੰਗੇ ਫੈਸਲਿਆਂ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ।
‘ਪੰਜਾਬ ਦੇ ਹਾਲਾਤ ਸਿਰਫ਼ ਲਾਇਸੈਂਸ ਰੀਵਿਊ ਕਰਨ ਨਾਲ ਠੀਕ ਨਹੀਂ ਹੋਣੇ’
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਸਰਕਾਰ ਦੇ ਇਸ ਫੈਸਲੇ ਬਾਰੇ ਆਪਣੇ ਵਿਚਾਰ ਰੱਖੇ ਹਨ।
ਉਨ੍ਹਾਂ ਕਿਹਾ, ''ਇਸ ਫੈਸਲੇ ਨੂੰ ਮੈਂ ਜੀ ਆਇਆਂ ਕਹਿੰਦਾ ਹਾਂ ਪਰ ਜੋ ਪੰਜਾਬ ਦੇ ਹਾਲਾਤ ਨੇ ਉਹ ਸਿਰਫ਼ ਲਾਇਸੈਂਸ ਰੀਵਿਊ ਕਰਨ ਨਾਲ ਠੀਕ ਨਹੀਂ ਹੋਣੇ।''
ਉਨ੍ਹਾਂ ਕਿਹਾ, ''ਪੰਜਾਬ ਦੇ ਹਾਲਤ ਬਹੁਤ ਖਰਾਬ ਹਨ, ਕੁਝ ਨਹੀਂ ਮਿਲਣਾ ਸਾਨੂੰ ਗੁਜਰਾਤ ਤੋਂ, ਕੁਝ ਨਹੀਂ ਮਿਲਣਾ ਹਿਮਾਚਲ ਤੋਂ, ਕਿਰਪਾ ਕਰਕੇ ਭਗਵੰਤ ਮਾਨ ਜੀ ਪੰਜਾਬ 'ਤੇ ਧਿਆਨ ਦੇਵੋ।''
ਇਹ ਵੀ ਪੜ੍ਹੋ-
ਪੰਜਾਬ 'ਚ ਅਮਨ ਕਾਨੂੰਨ ਦੇ ਹਾਲਾਤ
ਮਾਰਚ 2022, ਜਦੋਂ ਤੋਂ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਿਚ ਸਰਕਾਰ ਬਣੀ ਹੈ, ਉਸ ਤੋਂ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਈਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ 8 ਮਹੀਨੇ ਹੋਏ ਹਨ ਪਰ ਸੂਬੇ ਵਿੱਚ ਅਮਨੋ-ਅਮਾਨ ਦੇ ਹਾਲਾਤ ਅਸਥਿਰ ਨਜ਼ਰ ਆ ਰਹੇ ਹਨ।
ਵਿਰੋਧੀ ਧਿਰਾਂ ਸਰਕਾਰ 'ਤੇ ਅਮਨ ਕਾਨੂੰਨ ਦੇ ਹਾਲਾਤ ਨੂੰ ਕਾਬੂ ਨਾ ਰੱਖ ਸਕਣ ਦਾ ਇਲਜ਼ਾਮ ਲਗਾ ਰਹੀਆਂ ਅਤੇ ਸਰਕਾਰ ਹਾਲਾਤ ਨਾ ਵਿਗੜਣ ਦੇਣ ਦੇ ਦਾਅਵੇ ਕਰ ਰਹੀ ਹੈ।
ਲੰਘੀ 10 ਨਵੰਬਰ ਨੂੰ ਫਰੀਦਕੋਟ ਦੇ ਕੋਟਕਪੁਰਾ ਵਿੱਚ ਡੇਰਾ ਸੱਚਾ ਸੌਦਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਨੇ ਪੰਜਾਬ ਵਿੱਚ ਅਮਨ-ਕਾਨੂੰਨ ਦੇ ਹਾਲਾਤ ਉੱਤੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਸ ਤੋਂ ਪਹਿਲਾਂ, 4 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ (ਟਕਸਾਲੀ) ਆਗੂ ਸੁਧੀਰ ਸੂਰੀ ਦਾ ਕਤਲ ਕਰ ਦਿੱਤਾ ਗਿਆ ਸੀ।
29 ਮਈ ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਵਾਰਦਾਤ ਨੇ ਨਾ ਸਿਰਫ ਪੰਜਾਬ ਅਤੇ ਭਾਰਤ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਧਿਆਨ ਆਪਣੇ ਵੱਲ ਖਿੱਚਿਆ।
ਅਜੇ ਵੀ ਇਸ ਮਾਮਲੇ ਵਿੱਚ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਜਾਰੀ ਹੈ।
ਮਈ ਮਹੀਨੇ ਦੀ ਹੀ 9 ਤਾਰੀਖ ਦੀ ਰਾਤ ਮੁਹਾਲੀ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲਾ ਹੋਇਆ ਸੀ।
ਮਾਰਚ ਵਿੱਚ ਜਲੰਧਰ ਸ਼ਹਿਰ ਨੇੜੇ ਪਿੰਡ ਮੱਲੀਆਂ ਕਲਾਂ ਵਿੱਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ।
ਪਟਿਆਲਾ ਵਿੱਚ ਹੋਈ ਕਾਲੀ ਮਾਤਾ ਮੰਦਰ ਵਾਲੀ ਘਟਨਾ ਨੇ ਵੀ ਕਾਨੂੰਨ ਵਿਵਸਥਾ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਸਨ।