You’re viewing a text-only version of this website that uses less data. View the main version of the website including all images and videos.
ਸ਼ੇਖ ਹਸੀਨਾ: ਬੰਗਲਾਦੇਸ਼ ’ਚ ਲੋਕਤੰਤਰ ਦੀ ਹਮਾਇਤੀ ਰਹੀ ਪੀਐੱਮ ਕਿਵੇਂ ਤਾਨਾਸ਼ਾਹ ਬਣ ਗਈ
- ਲੇਖਕ, ਅਨਬਰਾਸਨ ਏਥੀਰਾਜਨਮ ਤੇ ਟੈੱਸਾ ਵੌਂਗ
- ਰੋਲ, ਬੀਬੀਸੀ ਨਿਊਜ਼
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਬੰਗਲਾਦੇਸ਼ ਵੀ ਛੱਡ ਦਿੱਤਾ ਹੈ।
ਉਨ੍ਹਾਂ ਨੇ ਇਹ ਅਸਤੀਫ਼ਾ ਵਿਦਿਆਰਥੀਆਂ ਦੀ ਅਗਵਾਈ ਵਿੱਚ ਮੁਲਕ ਭਰ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਦੇ ਵਿਚਾਲੇ ਦਿੱਤਾ ਹੈ।
ਇਨ੍ਹਾਂ ਪ੍ਰਦਰਸ਼ਨਾਂ ਦੇ ਵਿਚਾਲੇ ਪੂਰੇ ਦੇਸ਼ ਵਿੱਚ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ।
ਰਿਪੋਰਟਾਂ ਮੁਤਾਬਕ 76 ਸਾਲਾ ਪ੍ਰਧਾਨ ਮੰਤਰੀ ਇੱਕ ਹੈਲੀਕਾਪਟਰ ਉੱਤੇ ਸਵਾਰ ਹੋ ਕੇ ਸੋਮਵਾਰ ਨੂੰ ਭਾਰਤ ਆ ਗਏ।
ਹਜ਼ਾਰਾਂ ਮੁਜ਼ਾਹਰਾਕਾਰੀ ਢਾਕਾ ਵਿਚਲੀ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿੱਚ ਦਾਖ਼ਲ ਹੋ ਗਏ।
ਇਸ ਦੇ ਨਾਲ ਹੀ ਸਭ ਤੋਂ ਲੰਬੇ ਸਮੇਂ ਤੱਕ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਰਹਿਣ ਵਾਲੀ ਸ਼ੇਖ਼ ਹਸੀਨਾ ਦਾ ਕਾਰਜਕਾਲ ਖ਼ਤਮ ਹੋ ਗਿਆ ਹੈ।
ਹਸੀਨਾ ਨੂੰ ਬੰਗਲਾਦੇਸ਼ ਦੀ ਆਰਥਿਕ ਤਰੱਕੀ ਦਾ ਸਿਹਰਾ ਵੀ ਦਿੱਤਾ ਜਾਂਦਾ ਹੈ। ਪਰ ਬੀਤੇ ਸਾਲਾਂ ਵਿੱਚ ਉਨ੍ਹਾਂ ਉੱਤੇ ਤਾਨਾਸ਼ਾਹੀ ਰਵੱਈਏ ਅਪਣਾਉਣ ਦੇ ਇਲਜ਼ਾਮ ਵੀ ਲੱਗਦੇ ਰਹੇ ਹਨ।
ਸ਼ੇਖ਼ ਹਸੀਨਾ ਸੱਤਾ ਵਿੱਚ ਕਿਵੇਂ ਆਏ ਸਨ?
ਸਾਲ 1947 ਵਿੱਚ ਪੂਰਬੀ ਬੰਗਾਲ ਵਿੱਚ 1947 ਵਿੱਚ ਇੱਕ ਮੁਸਲਮਾਨ ਪਰਿਵਾਰ ਵਿੱਚ ਜਨਮੀ ਸ਼ੇਖ਼ ਹਸੀਨਾ ਦੇ ਖੂਨ ਵਿੱਚ ਹੀ ਸਿਆਸਤ ਸੀ।
ਸ਼ੇਖ਼ ਹਸੀਨਾ ਦੇ ਪਿਤਾ ਰਾਸ਼ਟਰਵਾਦੀ ਆਗੂ ਸ਼ੇਖ਼ ਮੁਜੀਬੁਰ ਰਹਿਮਾਨ ਸਨ। ਉਨ੍ਹਾਂ ਨੂੰ ਬੰਗਲਾਦੇਸ਼ ਦੇ ਪਿਤਾ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਵਾਉਣ ਲਈ ਵੀ ਜਾਣਿਆ ਜਾਂਦਾ ਹੈ। ਉਹ ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਸਨ।
ਉਸ ਸਮੇਂ ਦੌਰਾਨ ਸੇਖ਼ ਹਸੀਨਾ ਨੇ ਢਾਕਾ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥੀ ਆਗੂ ਵਜੋਂ ਆਪਣੀ ਪਛਾਣ ਬਣਾ ਲਈ ਸੀ।
ਮੁਜੀਬਰ ਰਹਿਮਾਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਸਾਲ 1975 ਵਿੱਚ ਇੱਕ ਫੌਜੀ ਤਖ਼ਤਾ ਪਲਟ ਵਿੱਚ ਮਾਰੇ ਗਏ ਸਨ।
ਇਸ ਹਮਲੇ ਵਿੱਚ ਵਿੱਚ ਹਸੀਨਾ ਅਤੇ ਉਨ੍ਹਾਂ ਦੀ ਛੋਟੀ ਭੈਣ ਹੀ ਬਚੇ ਸਨ ਕਿਉਂਕਿ ਉਹ ਉਸ ਵੇਲੇ ਵਿਦੇਸ਼ ਵਿੱਚ ਸਫ਼ਰ ਕਰ ਰਹੇ ਸਨ।
ਭਾਰਤ ਵਿੱਚ ਜਲਾਵਤਨੀ ਵਿੱਚ ਰਹਿਣ ਤੋਂ ਬਾਅਦ ਹਸੀਨਾ ਬੰਗਲਾਦੇਸ਼ ਵਿੱਚ 1981 ਵਿੱਚ ਆਏ ਅਤੇ ਉਹ ਅਵਾਮੀ ਲੀਗ ਦੇ ਆਗੂ ਬਣ ਗਏ।
ਉਨ੍ਹਾਂ ਨੇ ਜਨਰਲ ਹੁਸੈਨ ਮੁਹੰਮਦ ਏਰਸ਼ਾਦ ਦੇ ਫੌਜੀ ਰਾਜ ਦੌਰਾਨ ਹੋਰ ਸਿਆਸੀ ਪਾਰਟੀਆਂ ਨਾਲ ਲੋਕਤੰਤਰ ਪੱਖੀ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ।
ਇਸ ਲੋਕ ਲਹਿਰ ਤੋਂ ਬਾਅਦ ਹਸੀਨਾ ਰਾਸ਼ਟਰੀ ਨਾਇਕਾ ਵਜੋਂ ਉੱਭਰੀ। ਉਹ ਪਹਿਲੀ ਵਾਰ ਸਾਲ 1996 ਵਿੱਚ ਸੱਤਾ ਵਿੱਚ ਆਏ ਸਨ।
ਉਨ੍ਹਾਂ ਨੂੰ ਭਾਰਤ ਨਾਲ ਪਾਣੀਆਂ ਦੀ ਵੰਡ ਬਾਰੇ ਸਮਝੌਤੇ ਲਈ ਜਾਣਿਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਦੱਖਣ ਪੂਰਬੀ ਬੰਗਲਾਦੇਸ਼ ਵਿੱਚ ਕਬਾਇਲੀ ਬਾਗ਼ੀਆਂ ਨਾਲ ਸ਼ਾਂਤੀ ਸਮਝੌਤਾ ਵੀ ਕੀਤਾ।
ਪਰ ਉਨ੍ਹਾਂ ਦੀ ਸਰਕਾਰ ਨੂੰ ਭਾਰਤ ਨਾਲ ਕਥਿਤ ਭ੍ਰਿਸ਼ਟ ਵਪਾਰਕ ਸਮਝੌਤਿਆਂ ਕਾਰਨ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ।
ਇਸ ਮਗਰੋਂ ਉਹ ਸਾਲ 2001 ਵਿੱਚ ਆਪਣੀ ਸਹਿਯੋਗੀ ਰਹਿ ਚੁੱਕੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਬੇਗਮ ਖਾਲਿਦਾ ਜ਼ੀਆ ਕੋਲੋਂ ਚੋਣਾਂ ਵਿੱਚ ਹਾਰ ਗਏ ਸਨ।
ਬੰਗਲਾਦੇਸ਼ ਦੀ ਆਰਥਿਕ ਤਰੱਕੀ
ਸਿਆਸੀ ਪਰਿਵਾਰਾਂ ਦੀਆਂ ਵਾਰਿਸ ਹੁੰਦਿਆਂ ਦੋਵੇਂ ਔਰਤਾਂ ਦਾ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਬੰਗਲਾਦੇਸ਼ੀ ਸਿਆਸਤ ਉੱਤੇ ਦਬਦਬਾ ਰਿਹਾ ਹੈ। ਉਨ੍ਹਾਂ ਨੂੰ ‘ਬੈਟਲਿੰਗ ਬੇਗਮਜ਼’ ਵੀ ਕਿਹਾ ਜਾਂਦਾ ਰਿਹਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਦੋਵਾਂ ਦੀ ਦੁਸ਼ਮਣੀ ਦੇ ਚਲਦਿਆਂ ਬੱਸਾਂ ਵਿੱਚ ਬੰਬ ਫਟਣ ਦੀਆਂ ਘਟਨਾਵਾਂ ਹੋਣੀਆਂ, ਲੋਕਾਂ ਦਾ ਲਾਪਤਾ ਹੋਣਾ ਅਤੇ ਗ਼ੈਰ-ਕਾਨੂੰਨੀ ਕਤਲ ਨਿੱਤ ਦੀਆਂ ਘਟਨਾਵਾਂ ਬਣ ਗਈਆਂ ਸਨ।
ਹਸੀਨਾ ਸਾਲ 2009 ਵਿੱਚ ਚੋਣਾਂ ਤੋਂ ਬਾਅਦ ਸੱਤਾ ਵਿੱਚ ਵਾਪਸ ਆਏ।
ਉਨ੍ਹਾਂ ਨੇ ਵਿਰੋਧੀ ਧਿਰ ਵਿੱਚ ਹੁੰਦਿਆਂ ਕਈ ਹਮਲੇ ਝੱਲੇ ਹਨ। 2004 ਵਿੱਚ ਹੋਏ ਇੱਕ ਹਮਲੇ ਵਿੱਚ ਉਨ੍ਹਾਂ ਦੀ ਸੁਣਨ ਦੀ ਸਮਰੱਥਾ ਉੱਤੇ ਅਸਰ ਹੋਇਆ ਸੀ।
ਉਨ੍ਹਾਂ ਨੇ ਖੁਦ ਨੂੰ ਜਲਾਵਤਨੀ ਵਿੱਚ ਭੇਜੇ ਜਾਣ ਦੀਆਂ ਕਈ ਕੋਸ਼ਿਸ਼ਾਂ ਦਾ ਵੀ ਮੁਕਾਬਲਾ ਕੀਤਾ ਹੈ। ਇਸ ਦੇ ਨਾਲ ਹੀ ਕਈ ਕੋਰਟ ਕੇਸ ਵੀ ਲੜੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਹਨ।
2009 ਤੋਂ ਉਨ੍ਹਾਂ ਦੀ ਅਗਵਾਈ ਵਿੱਚ ਬੰਗਲਾਦੇਸ਼ ਨੇ ਕਾਫੀ ਆਰਥਿਕ ਤਰੱਕੀ ਦੇਖੀ ਹੈ।
ਬੰਗਲਾਦੇਸ਼ ਦੀ ਆਰਥਿਕਤਾ ਭਾਰਤ ਵਰਗੇ ਵੱਡੇ ਦੇਸ਼ ਦੀ ਆਰਥਿਕਤਾ ਨਾਲੋਂ ਵੀ ਤੇਜ਼ੀ ਨਾਲ ਵੱਧ ਰਹੀ ਹੈ।
ਬੰਗਲਾਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਪਿਛਲੇ ਇੱਕ ਦਹਾਕੇ ਵਿੱਚ ਤਿੰਨ ਗੁਣਾ ਹੋ ਗਈ ਹੈ। ਵਿਸ਼ਵ ਬੈਂਕ ਦੇ ਅੰਦਾਜ਼ੇ ਮੁਤਾਬਕ ਪਿਛਲੇ 20 ਸਾਲਾਂ ਵਿੱਚ 25 ਮਿਲੀਅਨ ਲੋਕ ਗੁਰਬਤ ਵਿੱਚੋਂ ਕੱਢੇ ਗਏ ਹਨ।
ਬੰਗਲਾਦੇਸ਼ ਦੀ ਆਰਥਿਕ ਤਰੱਕੀ ਵਿੱਚ ਰੈਡੀਮੇਡ ਕੱਪੜਾ ਉਦਯੋਗ ਦਾ ਵੀ ਯੋਗਦਾਨ ਹੈ। ਬੰਗਲਾਦੇਸ਼ ਵਿੱਚ ਬਣੇ ਕੱਪੜੇ ਦੀ ਸਪਲਾਈ ਯੂਰਪ, ਉੱਤਰੀ ਅਮਰੀਕਾ ਤੇ ਏਸ਼ੀਆ ਵਿੱਚ ਵਧੀ ਹੈ।
ਬੰਗਲਾਦੇਸ਼ ਦੇ ਆਪਣੇ ਵਿੱਤੀ ਸਾਧਨਾਂ ਦੀ ਵਰਤੋਂ ਕਰਦਿਆਂ ਸ਼ੇਖ ਹਸੀਨਾ ਨੇ ਕਈ ਵੱਡੇ ਪ੍ਰੋਜੈਕਟ ਵੀ ਪੂਰੇ ਕੀਤੇ ਹਨ ਜਿਨ੍ਹਾਂ ਵਿੱਚ ਗੰਗਾ ਉੱਤੇ ਬਣਿਆ 2.9 ਬਿਲੀਅਨ ਡਾਲਰ ਦਾ ਪਦਮਾ ਪੁਲ਼ ਵੀ ਹੈ।
ਉਨ੍ਹਾਂ ਨਾਲ ਕੀ ਵਿਵਾਦ ਜੁੜੇ ਹਨ
ਹਾਲ ਹੀ ਵਿੱਚ ਹੋਏ ਮੁਜ਼ਾਹਰੇ ਹਸੀਨਾ ਸਾਹਮਣੇ ਆਈਆਂ ਸਭ ਤੋਂ ਗੰਭੀਰ ਚੁਣੌਤੀਆਂ ਵਿੱਚੋ ਇੱਕ ਹਨ।
ਸ਼ੇਖ ਹਸੀਨਾ ਵਿਵਾਦਤ ਚੋਣਾਂ ਮਗਰੋਂ ਚੌਥੀ ਵਾਰ ਦੁਬਾਰਾ ਚੁਣੇ ਗਏ ਸਨ।
ਅਸਤੀਫ਼ੇ ਦੀ ਮੰਗ ਦੇ ਚਲਦਿਆਂ ਉਨ੍ਹਾਂ ਨੇ ਇਸ ਦਾ ਡਟ ਕੇ ਮੁਕਾਬਲਾ ਕੀਤਾ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ‘ਅੱਤਵਾਦੀ’ ਕਿਹਾ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਸਮਰਥਨ ਦੀ ਮੰਗ ਕੀਤੀ।
ਢਾਕਾ ਅਤੇ ਹੋਰ ਥਾਵਾਂ ਉੱਤੇ ਵਿਰੋਧ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਖ਼ਤਮ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਇਆ ਸੀ ਪਰ ਇਹ ਇੱਕ ਸਰਕਾਰੀ ਵਿਰੋਧੀ ਲਹਿਰ ਵਿੱਚ ਤਬਦੀਲ ਹੋ ਗਿਆ।
ਮਹਾਂਮਾਰੀ ਦੇ ਕਰਕੇ ਬੰਗਲਾਦੇਸ਼ ਵਿੱਚ ਮਹਿੰਗਾਈ ਕਾਫੀ ਵੱਧ ਗਈ ਹੈ। ਵਿਦੇਸ਼ੀ ਕਰੰਸੀ ਦੇ ਭੰਡਾਰ ਘਟੇ ਹਨ ਅਤੇ ਵਿਦੇਸ਼ੀ ਕਰਜ਼ ਵੀ 2016 ਦੇ ਮੁਕਾਬਲੇ ਦੁੱਗਣਾ ਹੋ ਗਿਆ ਹੈ।
ਵਿਰੋਧੀਆਂ ਨੇ ਇਸ ਦਾ ਇਲਜ਼ਾਮ ਸ਼ੇਖ਼ ਹਸੀਨਾ ਦੀ ਸਰਕਾਰ ਦੀਆਂ ਨੀਤੀਆਂ ਉੱਤੇ ਲਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਬੰਗਲਾਦੇਸ਼ ਦੀ ਆਰਥਿਕ ਤਰੱਕੀ ਨੇ ਅਵਾਮੀ ਲੀਗ ਦੇ ਨਜ਼ਦੀਕੀਆਂ ਨੂੰ ਹੀ ਫਾਇਦਾ ਪਹੁੰਚਾਇਆ।
ਵਿਰੋਧੀਆਂ ਦਾ ਕਹਿਣਾ ਹੈ ਕਿ ਬੰਗਲਾਦੇਸ਼ ਵਿੱਚ ਤਰੱਕੀ ਦਾ ਮੁੱਲ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੇ ਨੁਕਸਾਨ ਨਾਲ ਤਰਿਆ ਗਿਆ ਹੈ। ਇਹ ਵੀ ਇਲਜ਼ਾਮ ਹੈ ਕਿ ਹਸੀਨਾ ਦੇ ਰਾਜ ਦੌਰਾਨ ਵਿਰੋਧੀਆਂ, ਮੀਡੀਆ ਅਤੇ ਹੋਰ ਲੋਕਾਂ ਦੀ ਆਵਾਜ਼ ਦੱਬੀ ਗਈ ਹੈ।
ਸਰਕਾਰ ਅਤੇ ਹਸੀਨਾ ਅਜਿਹੇ ਇਲਜ਼ਾਮਾਂ ਤੋਂ ਇਨਕਾਰ ਕਰਦੇ ਰਹੇ ਹਨ।
ਪਰ ਪਿਛਲੇ ਮਹੀਨੇ ਦੌਰਾਨ ਸਰਕਾਰ ਵਿਰੋਧੀ ਮੁਜ਼ਾਹਰਿਆਂ ਦੇ ਸਮਰਥਕ ਅਤੇ ਬੀਐੱਨਪੀ ਦੇ ਕਈ ਸੀਨੀਅਰ ਆਗੂ ਗ੍ਰਿਫ਼ਤਾਰ ਹੋਏ ਹਨ।
ਮਨੁੱਖੀ ਅਧਿਕਾਰ ਸਮੂਹ 2009 ਤੋਂ ਸੁਰੱਖਿਆ ਬਲਾਂ ਵੱਲੋਂ ਜ਼ਬਰੀ ਲਾਪਤਾ ਕੀਤੇ ਗਏ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਮਾਰੇ ਗਏ ਲੋਕਾਂ ਦਾ ਮੁੱਦਾ ਚੁੱਕਦੇ ਰਹੇ ਹਨ।
ਹਸੀਨਾ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕੀਤਾ ਜਾਂਦਾ ਰਿਹਾ ਹੈ ਪਰ ਉਹ ਇਸ ਦੀ ਜਾਂਚ ਕਰਨ ਦੀ ਚਾਹ ਰੱਖਦੇ ਵਿਦੇਸ਼ੀ ਪੱਤਰਕਾਰਾਂ ਨੂੰ ਰੋਕਦੇ ਰਹੇ ਹਨ।