You’re viewing a text-only version of this website that uses less data. View the main version of the website including all images and videos.
ਜੀਐੱਸਟੀ ਨਿਯਮ ਬਦਲਣ ਨਾਲ ਜੀਵਨ ਤੇ ਸਿਹਤ ਬੀਮਾ ਟੈਕਸ ਫ੍ਰੀ, ਜਾਣੋ ਕੈਂਸਰ ਸਣੇ ਹੋਰ ਕਿਹੜੀਆਂ ਬਿਮਾਰੀਆਂ ਦੀਆਂ ਦਵਾਈਆਂ ਹੋਈਆਂ ਸਸਤੀਆਂ
- ਲੇਖਕ, ਅਭਿਨਵ ਗੋਇਲ
- ਰੋਲ, ਬੀਬੀਸੀ ਪੱਤਰਕਾਰ
ਬੀਮਾ ਅਤੇ ਸਿਹਤ ਸੇਵਾਵਾਂ ਨੂੰ ਆਮ ਆਦਮੀ ਦੀ ਪਹੁੰਚ 'ਚ ਲਿਆਉਣ ਲਈ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ।
ਸਰਕਾਰ ਨੇ ਨਿੱਜੀ ਬੀਮਾ, ਸਿਹਤ ਬੀਮਾ ਅਤੇ ਇੱਥੋਂ ਤੱਕ ਕਿ ਜੀਵਨ ਰੱਖਿਅਕ ਦਵਾਈਆਂ 'ਤੇ ਜੀਐੱਸਟੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ।
56ਵੀਂ ਜੀਐੱਸਟੀ ਕਾਊਂਸਿਲ ਦੀ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ, ਜੋ 22 ਸਤੰਬਰ ਤੋਂ ਲਾਗੂ ਹੋਵੇਗਾ।
ਜੀਐੱਸਟੀ ਵਿੱਚ ਰਾਹਤ ਦਾ ਸੰਕੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ ਦੇ ਚੁੱਕੇ ਸੀ। 15 ਅਗਸਤ ਨੂੰ ਅਜ਼ਾਦੀ ਦਿਹਾੜੇ 'ਤੇ ਲਾਲ ਕਿਲੇ ਤੋਂ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਸੀ, "ਇਸ ਸਾਲ ਦੀਵਾਲੀ 'ਤੇ ਦੇਸ਼ ਵਾਸੀਆਂ ਨੂੰ ਵੱਡਾ ਤੋਹਫ਼ਾ ਮਿਲਣ ਵਾਲਾ ਹੈ। ਅਸੀਂ ਅਗਲੇ ਪੜਾਅ ਦੇ ਯਾਨੀ ਨੈਕਸਟ ਜੈਨਰੇਸ਼ਨ ਜੀਐੱਸਟੀ ਸੁਧਾਰ ਲੈ ਕੇ ਆ ਰਹੇ ਹਾਂ।"
ਇਹ ਪਲਾਨ ਸਿਹਤ ਸੇਵਾਵਾਂ ਅਤੇ ਬੀਮਾ ਪ੍ਰੀਮਿਅਮ 'ਤੇ ਜੀਐੱਸਟੀ ਛੋਟ ਦੇ ਰੂਪ ਵਿੱਚ ਸਾਹਮਣੇ ਆਇਆ ਹੈ।
ਇਸ ਫ਼ੈਸਲੇ ਨਾਲ ਕਰੋੜਾਂ ਭਾਰਤੀ ਪਰਿਵਾਰਾਂ ਨੂੰ ਸਿੱਧੀ ਆਰਥਿਕ ਰਾਹਤ ਮਿਲਣ ਦੀ ਉਮੀਦ ਹੈ। ਸਿਹਤ ਬੀਮਾ ਕਿੰਨਾ ਸਸਤਾ ਹੋਵੇਗਾ, ਕੀ ਹਰ ਕੋਈ ਇਸਦਾ ਲਾਭ ਲੈ ਸਕੇਗਾ...ਅਜਿਹੇ ਕੁਝ ਸਵਾਲ ਹਨ, ਜਿਨ੍ਹਾਂ ਦੇ ਜਵਾਬ ਤੁਸੀਂ ਜਾਣਨਾ ਚਾਹੋਗੇ।
ਸਿਹਤ ਬੀਮਾ ਕਿੰਨਾ ਸਸਤਾ ਹੋਵੇਗਾ?
ਪਹਿਲਾਂ ਬੀਮਾ ਪਾਲਿਸੀ ਦੇ ਪ੍ਰੀਮੀਅਮ 'ਤੇ 18 ਪ੍ਰਤੀਸ਼ਤ ਤੱਕ ਜੀਐੱਸਟੀ ਦੇਣਾ ਪੈਂਦਾ ਸੀ। ਹੁਣ ਇਹ ਟੈਕਸ ਨਹੀਂ ਲਗਾਇਆ ਜਾਵੇਗਾ, ਜਿਸ ਨਾਲ ਪ੍ਰੀਮੀਅਮ ਦੀ ਕੁੱਲ ਲਾਗਤ ਘੱਟ ਜਾਵੇਗੀ।
ਟੈਕਸ ਮਾਹਰ ਡੀਕੇ ਮਿੱਤਲ ਇੱਕ ਉਦਾਹਰਣ ਦਿੰਦੇ ਹੋਏ ਦੱਸਦੇ ਹਨ, "ਜੇਕਰ ਅੱਜ ਕੋਈ 30 ਸਾਲ ਦਾ ਵਿਅਕਤੀ ਆਪਣੇ ਲਈ 10 ਲੱਖ ਰੁਪਏ ਦਾ ਸਿਹਤ ਬੀਮਾ ਖਰੀਦਦਾ ਹੈ ਤਾਂ ਉਸਨੂੰ ਸਾਲਾਨਾ ਲਗਭਗ 15,000 ਰੁਪਏ ਖ਼ਰਚ ਕਰਨੇ ਪੈਂਦੇ ਹਨ।"
ਉਹ ਕਹਿੰਦੇ ਹਨ, "18 ਪ੍ਰਤੀਸ਼ਤ ਜੀਐੱਸਟੀ ਖ਼ਤਮ ਹੋਣ ਤੋਂ ਬਾਅਦ ਉਹ ਹੁਣ ਸਾਲਾਨਾ 2700 ਰੁਪਏ ਤੱਕ ਦੀ ਬਚਤ ਕਰੇਗਾ।"
ਕੀ ਫੈਮਲੀ ਫਲੋਟਰ ਲੈਣ 'ਤੇ ਜੀਐੱਸਟੀ ਦੇਣਾ ਹੋਵੇਗਾ?
ਫੈਮਲੀ ਫਲੋਟਰ ਬੀਮਾ ਇੱਕ ਕਿਸਮ ਦੀ ਸਿਹਤ ਬੀਮਾ ਯੋਜਨਾ ਹੈ, ਜਿਸ ਵਿੱਚ ਪੂਰੇ ਪਰਿਵਾਰ ਲਈ ਇੱਕ ਪਾਲਸੀ ਲਈ ਜਾਂਦੀ ਹੈ।
ਜੇਕਰ ਕੋਈ ਵਿਅਕਤੀ ਫੈਮਲੀ ਫਲੋਟਰ ਲੈਂਦਾ ਹੈ ਤਾਂ ਉਸਨੂੰ ਵੱਖਰੀਆਂ ਪਾਲਿਸੀਆਂ ਲੈਣ ਦੇ ਮੁਕਾਬਲੇ ਘੱਟ ਪ੍ਰੀਮੀਅਮ ਦੇਣਾ ਪੈਂਦਾ ਹੈ। ਇਸਦਾ ਫਾਇਦਾ ਇਹ ਹੈ ਕਿ ਬੀਮਾ ਰਕਮ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਇਲਾਜ ਲਈ ਵਰਤੀ ਜਾ ਸਕਦੀ ਹੈ।
ਉਦਾਹਰਣ ਵਜੋਂ ਜੇਕਰ ਕੋਈ 30 ਸਾਲ ਦਾ ਵਿਅਕਤੀ 20 ਲੱਖ ਰੁਪਏ ਦਾ ਫੈਮਲੀ ਫਲੋਟਰ ਲੈਂਦਾ ਹੈ, ਇਸ ਵਿੱਚ ਉਸ ਦੇ ਨਾਲ ਉਸਦੇ ਮਾਤਾ-ਪਿਤਾ ਅਤੇ ਪਤਨੀ ਵੀ ਸ਼ਾਮਲ ਹੁੰਦੇ ਹਨ ਤਾਂ ਉਸਨੂੰ ਸਾਲਾਨਾ ਲਗਭਗ 70 ਹਜ਼ਾਰ ਰੁਪਏ ਦਾ ਪ੍ਰੀਮੀਅਮ ਦੇਣਾ ਪੈਂਦਾ ਹੈ।
ਪਰ ਹੁਣ ਇੱਕ ਵਿਅਕਤੀ ਇਹ ਯੋਜਨਾ ਲੈ ਕੇ ਸਾਲਾਨਾ 12,600 ਰੁਪਏ ਤੱਕ ਦੀ ਬਚਤ ਕਰ ਸਕਦਾ ਹੈ।
ਦੂਜੇ ਪਾਸੇ ਜੇਕਰ ਫੈਮਲੀ ਫਲੋਟਰ ਵਿੱਚ 50 ਲੱਖ ਰੁਪਏ ਦਾ ਕਵਰ ਲਿਆ ਜਾਂਦਾ ਹੈ ਤਾਂ ਇਸਦਾ ਪ੍ਰੀਮੀਅਮ ਸਾਲਾਨਾ ਇੱਕ ਲੱਖ ਰੁਪਏ ਤੱਕ ਪਹੁੰਚ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਵਿਅਕਤੀ ਸਿੱਧੇ ਤੌਰ 'ਤੇ 18 ਹਜ਼ਾਰ ਰੁਪਏ ਤੱਕ ਦੀ ਬਚਤ ਕਰੇਗਾ।
ਲਾਈਫ ਇੰਸ਼ੋਰੈਂਸ ਲੈਣ ਵਾਲਿਆਂ ਨੂੰ ਕੀ ਫਾਇਦਾ ਹੋਵੇਗਾ?
ਪਹਿਲਾਂ ਜੀਵਨ ਬੀਮਾ ਪਾਲਿਸੀਆਂ 'ਤੇ ਵੀ ਜੀਐੱਸਟੀ ਦੇਣਾ ਪੈਂਦਾ ਸੀ। ਹੁਣ ਇਹ ਖ਼ਰਚਾ ਖ਼ਤਮ ਹੋ ਜਾਵੇਗਾ, ਭਾਵ ਕਿ ਲੰਬੇ ਸਮੇਂ ਤੱਕ ਪ੍ਰੀਮੀਅਮ ਦਾ ਭੁਗਤਾਨ ਕਰਕੇ ਲੱਖਾਂ ਰੁਪਏ ਦੀ ਬਚਤ ਹੋਵੇਗੀ।
ਪਹਿਲਾਂ ਜੇਕਰ ਕੋਈ ਵਿਅਕਤੀ 20,000 ਰੁਪਏ ਦੇ ਪ੍ਰੀਮੀਅਮ ਵਾਲੀ ਜੀਵਨ ਬੀਮਾ ਪਾਲਿਸੀ ਲੈਂਦਾ ਸੀ ਤਾਂ ਉਸ 'ਤੇ 18 ਫੀਸਦ ਜੀਐੱਸਟੀ ਯਾਨੀ 3600 ਰੁਪਏ ਲਗਾਇਆ ਜਾਂਦਾ ਸੀ। ਹੁਣ ਇਹ ਟੈਕਸ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇਗਾ।
ਬਜ਼ੁਰਗ ਨਾਗਰਿਕਾਂ ਨੂੰ ਕਿਵੇਂ ਰਾਹਤ ਮਿਲੇਗੀ?
ਬਜ਼ੁਰਗਾਂ ਲਈ ਪਾਲਿਸੀਆਂ ਆਮ ਤੌਰ 'ਤੇ ਮਹਿੰਗੀਆਂ ਹੁੰਦੀਆਂ ਹਨ। ਉਨ੍ਹਾਂ 'ਤੇ ਟੈਕਸ ਦਾ ਬੋਝ ਜ਼ਿਆਦਾ ਹੁੰਦਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਹੁਣ ਟੈਕਸ ਹਟਾਉਣ ਨਾਲ ਉਨ੍ਹਾਂ ਦੀ ਬੀਮਾ ਪਾਲਿਸੀ 15 ਤੋਂ 20 ਪ੍ਰਤੀਸ਼ਤ ਸਸਤੀ ਹੋ ਜਾਵੇਗੀ।
ਕੀ ਬੀਮਾ ਕੰਪਨੀਆਂ ਪ੍ਰੀਮੀਅਮ ਵਧਾ ਸਕਦੀਆਂ ਹਨ?
ਐੱਚਐੱਸਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ ਇਸ ਨਾਲ ਸਿਹਤ ਅਤੇ ਜੀਵਨ ਬੀਮਾ ਪ੍ਰੀਮੀਅਮ ਲਗਭਗ 15 ਫੀਸਦ ਸਸਤਾ ਹੋ ਸਕਦੇ ਹਨ।
ਟੈਕਸ ਮਾਹਰ ਡੀਕੇ ਮਿਸ਼ਰਾ ਕਹਿੰਦੇ ਹਨ, "ਸਰਕਾਰ ਨੇ ਬੀਮਾ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜੋ ਜੀਐੱਸਟੀ ਰਕਮ ਮੁਆਫ ਕਰ ਰਹੇ ਹਨ, ਉਹ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਕੰਪਨੀਆਂ ਨੇ ਸਰਕਾਰ ਨੂੰ ਇਹ ਵੀ ਭਰੋਸਾ ਦਿੱਤਾ ਹੈ ਕਿ ਅਸੀਂ ਲੋਕਾਂ ਨੂੰ ਲਾਭ ਦੇਵਾਂਗੇ ਅਤੇ ਪ੍ਰੀਮੀਅਮ ਨਹੀਂ ਵਧਾਵਾਂਗੇ।"
ਕੁਝ ਮਾਹਰਾਂ ਦਾ ਮੰਨਣਾ ਹੈ ਕਿ ਜੀਐੱਸਟੀ ਹਟਾਉਣ ਕਾਰਨ ਬੀਮਾ ਕੰਪਨੀਆਂ ਨੂੰ ਇਨਪੁੱਟ ਟੈਕਸ ਕ੍ਰੈਡਿਟ (ਆਈਟੀਸੀ) ਨਹੀਂ ਮਿਲੇਗਾ, ਜਿਸ ਕਾਰਨ ਪ੍ਰੀਮੀਅਮ ਦੀ ਲਾਗਤ ਤਿੰਨ ਤੋਂ ਪੰਜ ਪ੍ਰਤੀਸ਼ਤ ਵੱਧ ਸਕਦੀ ਹੈ।
ਜਦੋਂ ਬੀਮਾ ਕੰਪਨੀਆਂ ਆਪਣਾ ਕਾਰੋਬਾਰ ਚਲਾਉਂਦੀਆਂ ਹਨ ਤਾਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ, ਜਿਵੇਂ ਕਿ ਦਫ਼ਤਰ ਦਾ ਕਿਰਾਇਆ, ਆਈਟੀ ਸੇਵਾਵਾਂ, ਕਾਲ ਸੈਂਟਰ, ਇਸ਼ਤਿਹਾਰਬਾਜ਼ੀ ਅਤੇ ਹੋਰਾਂ 'ਤੇ ਜੀਐੱਸਟੀ ਦਾ ਭੁਗਤਾਨ ਕਰਨਾ ਪੈਂਦਾ ਹੈ।
ਕੰਪਨੀਆਂ ਇਸ ਜੀਐੱਸਟੀ ਨੂੰ ਇਨਪੁੱਟ ਟੈਕਸ ਕ੍ਰੈਡਿਟ ਵਜੋਂ ਕਲੈਮ ਕਰ ਸਕਦੀਆਂ ਹਨ। ਕੰਪਨੀਆਂ ਪਾਲਿਸੀ ਪ੍ਰੀਮੀਅਮ 'ਤੇ ਮਿਲਣ ਵਾਲੇ ਜੀਐੱਸਟੀ ਵਿੱਚ ਆਪਣੇ ਭੁਗਤਾਨ ਕੀਤੇ ਜੀਐੱਸਟੀ ਨੂੰ ਐਡਜਸਟ ਕਰਦੀਆਂ ਹਨ ਪਰ ਹੁਣ ਇਹ ਮੁਮਕਿਨ ਨਹੀਂ ਹੋਵੇਗਾ। ਇਸ ਨਾਲ ਕੰਪਨੀਆਂ ਦੇ ਖਰਚੇ ਵਧਣਗੇ।
ਕਿਹੜੀਆਂ-ਕਿਹੜੀਆਂ ਦਵਾਈਆਂ ਸਸਤੀਆਂ ਹੋਣਗੀਆਂ?
ਜੀਐੱਸਟੀ ਕਾਊਂਸਿਲ ਨੇ 33 ਜੀਵਨ ਰੱਖਿਅਕ ਦਵਾਈਆਂ 'ਤੇ 12 ਫੀਸਦ ਜੀਐੱਸਟੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ।
ਇਸ ਤੋਂ ਇਲਾਵਾ, ਕੈਂਸਰ ਅਤੇ ਦੁਰਲੱਭ ਬਿਮਾਰੀਆਂ ਲਈ ਤਿੰਨ ਪ੍ਰਮੁੱਖ ਦਵਾਈਆਂ ਵੀ ਪੂਰੀ ਤਰ੍ਹਾਂ ਟੈਕਸ ਮੁਕਤ ਹੋਣਗੀਆਂ। ਪਹਿਲਾਂ ਇਨ੍ਹਾਂ 'ਤੇ 5 ਫੀਸਦ ਜੀਐੱਸਟੀ ਲਗਾਇਆ ਜਾਂਦਾ ਸੀ।
ਇਨ੍ਹਾਂ ਨੂੰ ਛੱਡ ਕੇ ਬਾਕੀ ਸਾਰੀਆਂ ਦਵਾਈਆਂ 'ਤੇ ਜੀਐੱਸਟੀ 12 ਫੀਸਦ ਤੋਂ ਘਟਾ ਕੇ 5 ਫੀਸਦ ਕਰ ਦਿੱਤਾ ਗਿਆ ਹੈ।
ਦਵਾਈਆਂ ਤੋਂ ਇਲਾਵਾ ਮੈਡੀਕਲ, ਸਰਜਰੀ, ਦੰਦਾਂ ਦੇ ਇਲਾਜ ਵਿੱਚ ਵਰਤੇ ਜਾਣ ਵਾਲੇ ਕਈ ਉਪਕਰਣਾਂ 'ਤੇ ਵੀ 18 ਫੀਸਦ ਦੀ ਬਜਾਏ 5 ਫੀਸਦ ਜੀਐੱਸਟੀ ਲੱਗੇਗਾ।
ਕੈਂਸਰ ਦੇ ਮਰੀਜ਼ ਨੂੰ ਕਿੰਨੀ ਬਚਤ?
ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਇਨਫਰਮੇਸ਼ਨ ਐਂਡ ਰਿਸਰਚ (ਐੱਨਸੀਡੀਆਈਆਰ) ਦੇ ਅਨੁਸਾਰ, ਸਾਲ 2022 ਵਿੱਚ ਭਾਰਤ ਵਿੱਚ ਅੰਦਾਜ਼ਨ 14 ਲੱਖ 61 ਹਜ਼ਾਰ 427 ਨਵੇਂ ਕੈਂਸਰ ਦੇ ਮਾਮਲੇ ਦਰਜ ਕੀਤੇ ਗਏ ਸਨ।
ਐੱਨਸੀਡੀਆਈਆਰ ਦਾ ਅਨੁਮਾਨ ਹੈ ਕਿ 2020 ਦੇ ਮੁਕਾਬਲੇ 2025 ਤੱਕ ਕੈਂਸਰ ਦੇ ਨਵੇਂ ਮਾਮਲਿਆਂ ਵਿੱਚ ਕਰੀਬ 12.8 ਪ੍ਰਤੀਸ਼ਤ ਦਾ ਵਾਧਾ ਹੋ ਸਕਦਾ ਹੈ।
ਉਦਾਹਰਣ ਵਜੋਂ 33 ਜੀਵਨ-ਰੱਖਿਅਕ ਦਵਾਈਆਂ ਵਿੱਚ ਡਾਰਾਟੂਮੁਮੈਬ ਦਵਾਈ ਵੀ ਸ਼ਾਮਲ ਹੈ। ਇਹ ਦਵਾਈ ਹੱਡੀਆਂ ਦੇ ਕੈਂਸਰ ਵਿੱਚ ਵਰਤੀ ਜਾਂਦੀ ਹੈ।
ਭਾਰਤ ਵਿੱਚ ਇਸ ਦਵਾਈ ਦੀ 400 ਮਿਲੀਗ੍ਰਾਮ ਸ਼ੀਸ਼ੀ ਦੀ ਕੀਮਤ ਲਗਭਗ 65 ਹਜ਼ਾਰ ਰੁਪਏ ਹੈ। 12 ਫੀਸਦ ਜੀਐੱਸਟੀ ਦੇ ਨਾਲ ਵਿਅਕਤੀ ਨੂੰ 7800 ਰੁਪਏ ਵੱਧ ਦੇਣੇ ਪੈਂਦੇ ਹਨ।
ਜੇਕਰ ਮਰੀਜ਼ ਨੂੰ ਮਹੀਨੇ ਵਿੱਚ ਚਾਰ ਸ਼ੀਸ਼ੀਆਂ ਲੱਗਦੀਆਂ ਹਨ ਤਾਂ ਪਹਿਲਾਂ ਦੇ ਮੁਕਾਬਲੇ ਲਗਭਗ 30 ਹਜ਼ਾਰ ਰੁਪਏ ਦੀ ਬਚਤ ਹੋਵੇਗੀ।
ਸਰਕਾਰ ਨੂੰ ਕਿੰਨਾ ਨੁਕਸਾਨ?
ਵਿੱਤ ਮੰਤਰਾਲੇ ਦੇ ਅਨੁਸਾਰ ਸਾਲ 2019-20 ਵਿੱਚ ਸਰਕਾਰ ਨੇ ਸਿਹਤ ਅਤੇ ਜੀਵਨ ਬੀਮਾ ਸੇਵਾਵਾਂ 'ਤੇ 2,101 ਕਰੋੜ ਰੁਪਏ ਦਾ ਜੀਐੱਸਟੀ ਇਕੱਠਾ ਕੀਤਾ।
ਮੰਤਰਾਲੇ ਦੇ ਅਨੁਸਾਰ ਸਾਲ 2023-24 ਵਿੱਚ ਇਹ ਵਧ ਕੇ 16,398 ਕਰੋੜ ਰੁਪਏ ਹੋ ਗਿਆ।
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਵਿੱਚ ਦੱਸਿਆ ਸੀ ਕਿ ਸਾਲ 2023-24 ਵਿੱਚ ਸਿਰਫ ਸਿਹਤ ਬੀਮਾ ਪ੍ਰੀਮੀਅਮ ਅਤੇ ਮੁੜ-ਬੀਮਾ ਪ੍ਰੀਮੀਅਮ ਤੋਂ 9,747 ਕਰੋੜ ਰੁਪਏ ਦਾ ਜੀਐੱਸਟੀ ਇਕੱਠਾ ਕੀਤਾ ਗਿਆ ਸੀ।
ਇਸਦਾ ਮਤਲਬ ਹੈ ਕਿ ਜੀਵਨ ਬੀਮਾ ਅਤੇ ਸਿਹਤ ਬੀਮੇ 'ਤੇ ਜੀਐੱਸਟੀ ਖ਼ਤਮ ਕਰਨ ਨਾਲ ਭਾਰਤ ਸਰਕਾਰ ਨੂੰ ਸਾਲਾਨਾ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਵੇਗਾ।
ਸਿਹਤ ਖ਼ਰਚ ਵਿੱਚ ਕਮੀ?
ਮਾਹਰਾਂ ਦਾ ਮੰਨਣਾ ਹੈ ਕਿ ਸਿਹਤ ਬੀਮੇ 'ਤੇ ਜੀਐੱਸਟੀ ਹਟਾਉਣ ਨਾਲ ਭਾਰਤ ਵਿੱਚ ਪ੍ਰਤੀ ਵਿਅਕਤੀ ਸਿਹਤ ਖ਼ਰਚਾ ਘੱਟ ਸਕਦਾ ਹੈ।
ਨੈਸ਼ਨਲ ਹੈਲਥ ਅਕਾਊਂਟਸ ਦੇ ਅਨੁਸਾਰ, 2021-22 ਵਿੱਚ ਭਾਰਤ ਵਿੱਚ ਇੱਕ ਵਿਅਕਤੀ ਦੀ ਸਿਹਤ 'ਤੇ ਸਾਲਾਨਾ 6,602 ਰੁਪਏ ਖ਼ਰਚ ਹੋਇਆ। ਸਾਲ 2013-14 ਵਿੱਚ ਇਹ ਖ਼ਰਚਾ ਸਿਰਫ 3,638 ਰੁਪਏ ਸੀ। ਲਗਭਗ 10 ਸਾਲਾਂ ਵਿੱਚ ਸਿਹਤ ਖ਼ਰਚ ਵਿੱਚ 82 ਫੀਸਦ ਦਾ ਵਾਧਾ ਹੋਇਆ ਹੈ।
ਇਸ 6,602 ਰੁਪਏ ਵਿੱਚ ਸਰਕਾਰੀ ਖ਼ਰਚ ਦੇ ਨਾਲ-ਨਾਲ ਲੋਕਾਂ ਦੀਆਂ ਜੇਬਾਂ ਵਿੱਚੋਂ ਕੱਢੇ ਗਏ ਪੈਸੇ ਵੀ ਸ਼ਾਮਲ ਹਨ। ਸਰਲ ਭਾਸ਼ਾ ਵਿੱਚ ਇਸ ਰਕਮ ਦਾ ਅੱਧਾ ਹਿੱਸਾ ਸਰਕਾਰ ਜਾਂ ਬੀਮਾ ਕੰਪਨੀਆਂ ਦੁਆਰਾ ਖਰਚ ਕੀਤਾ ਜਾਂਦਾ ਹੈ ਅਤੇ ਬਾਕੀ ਪਰਿਵਾਰਾਂ ਨੂੰ ਖੁਦ ਚੁੱਕਣਾ ਪੈਂਦਾ ਹੈ।
ਇਸਦਾ ਮਤਲਬ ਹੈ ਕਿ ਹਰ ਵਿਅਕਤੀ ਨੂੰ ਸਿਹਤ 'ਤੇ ਸਾਲਾਨਾ ਲਗਭਗ 2600 ਰੁਪਏ ਖ਼ਰਚ ਕਰਨੇ ਪੈਂਦੇ ਹਨ।
ਟੈਕਸ ਮਾਹਰ ਡੀਕੇ ਮਿਸ਼ਰਾ ਕਹਿੰਦੇ ਹਨ, "ਜੇਕਰ ਜੀਐੱਸਟੀ ਨਹੀਂ ਹੈ ਤਾਂ ਪ੍ਰੀਮੀਅਮ ਦੀ ਲਾਗਤ ਘੱਟ ਹੋਵੇਗੀ ਅਤੇ ਵਧੇਰੇ ਲੋਕ ਸਿਹਤ ਬੀਮਾ ਲੈਣ ਲਈ ਉਤਸ਼ਾਹਿਤ ਹੋਣਗੇ।"
ਮਾਹਰਾਂ ਦੇ ਅਨੁਸਾਰ ਜੀਐੱਸਟੀ ਹਟਾਉਣ ਨਾਲ ਸਿਹਤ ਖ਼ਰਚੇ ਵਿੱਚ ਦਸ ਪ੍ਰਤੀਸ਼ਤ ਤੱਕ ਦੀ ਕਮੀ ਆ ਸਕਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ