ਮੇਹੁਲ ਚੋਕਸੀ ਕੌਣ ਹਨ, ਬੈਲਜੀਅਮ ਵਿੱਚ ਗ੍ਰਿਫ਼ਤਾਰ ਇਸ ਸ਼ਖ਼ਸ ਨੇ ਜੋ ਪੀਐੱਨਬੀ ਘੋਟਾਲਾ ਕੀਤਾ ਸੀ ਉਹ ਕੀ ਹੈ

ਮੇਹੁਲ ਚੋਕਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੇਹੁਲ ਚੋਕਸੀ

ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਬੈਲਜੀਅਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਆਲ ਇੰਡੀਆ ਰੇਡੀਓ ਦੇ ਅਨੁਸਾਰ, ਇਹ ਗ੍ਰਿਫ਼ਤਾਰੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਬੇਨਤੀ 'ਤੇ ਕੀਤੀ ਗਈ ਹੈ।

ਖ਼ਬਰ ਏਜੰਸੀ ਪੀਟੀਆਈ ਨੇ ਸੋਮਵਾਰ ਨੂੰ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਕਾਰੋਬਾਰੀ ਮੇਹੁਲ ਚੋਕਸੀ ਵਿਰੁੱਧ ਇਹ ਕਾਰਵਾਈ ਸ਼ਨੀਵਾਰ ਨੂੰ ਕੀਤੀ ਗਈ।

ਹੀਰਾ ਵਪਾਰੀ ਮੇਹੁਲ ਚੋਕਸੀ ਅਤੇ ਉਨ੍ਹਾਂ ਦੇ ਭਾਣਜੇ ਨੀਰਵ ਮੋਦੀ 'ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਤੋਂ ਲਗਭਗ 13,500 ਕਰੋੜ ਰੁਪਏ ਦਾ ਗਬਨ ਕੀਤਾ ਹੈ।

ਸੂਤਰਾਂ ਮੁਤਾਬਕ, ਭਾਰਤੀ ਏਜੰਸੀਆਂ, ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀਬੀਆਈ ਨੇ ਬੈਲਜੀਅਮ ਤੋਂ ਕਾਰੋਬਾਰੀ ਮੇਹੁਲ ਚੋਕਸੀ ਦੀ ਹਵਾਲਗੀ ਲਈ ਇਹ ਕਦਮ ਚੁੱਕਿਆ ਹੈ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕੀ ਹੈ ਪੀਐਨਬੀ ਘੁਟਾਲਾ

ਸਾਲ 2018 ਦੀ ਸ਼ੁਰੂਆਤ ਵਿੱਚ, ਦੇਸ਼ ਦੇ ਸਰਕਾਰੀ ਬੈਂਕ, ਪੰਜਾਬ ਨੈਸ਼ਨਲ ਬੈਂਕ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਸੀ।

ਇਸ ਘੁਟਾਲੇ ਵਿੱਚ ਹੀਰਾ ਵਪਾਰੀ ਨੀਰਵ ਮੋਦੀ ਤੋਂ ਇਲਾਵਾ, ਉਨ੍ਹਾਂ ਦੀ ਪਤਨੀ ਐਮੀ, ਉਨ੍ਹਾਂ ਦੇ ਭਰਾ ਨਿਸ਼ਾਲ ਅਤੇ ਮਾਮਾ ਮੇਹੁਲ ਚੋਕਸੀ ਮੁੱਖ ਮੁਲਜ਼ਮ ਹਨ।

ਨੀਰਵ ਮੋਦੀ

ਤਸਵੀਰ ਸਰੋਤ, Getty Images

ਨੀਰਵ ਮੋਦੀ ਇਸ ਸਮੇਂ ਲੰਦਨ ਦੀ ਜੇਲ੍ਹ ਵਿੱਚ ਹਨ ਅਤੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਕਈ ਵਾਰ ਰੱਦ ਹੋ ਚੁੱਕੀ ਹੈ। ਉਹ ਆਪਣੀ ਭਾਰਤ ਹਵਾਲਗੀ ਵਿਰੁੱਧ ਕਾਨੂੰਨੀ ਲੜਾਈ ਲੜ ਰਹੇ ਹਨ।

ਇਸ ਮਾਮਲੇ ਵਿੱਚ ਬੈਂਕ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਸਾਰੇ ਮੁਲਜ਼ਮਾਂ ਨੇ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ ਅਤੇ ਬੈਂਕ ਨੂੰ ਨੁਕਸਾਨ ਪਹੁੰਚਾਇਆ ਸੀ।

ਪੰਜਾਬ ਨੈਸ਼ਨਲ ਬੈਂਕ ਨੇ ਜਨਵਰੀ 2018 ਵਿੱਚ ਪਹਿਲੀ ਵਾਰ ਨੀਰਵ ਮੋਦੀ, ਮੇਹੁਲ ਚੋਕਸੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ।

ਇਸ ਸ਼ਿਕਾਇਤ ਵਿੱਚ ਉਨ੍ਹਾਂ 'ਤੇ 280 ਕਰੋੜ ਰੁਪਏ ਦੇ ਘੁਟਾਲੇ ਦਾ ਇਲਜ਼ਾਮ ਲਗਾਇਆ ਗਿਆ ਸੀ।

ਪੰਜਾਬ ਨੈਸ਼ਨਲ ਬੈਂਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਨੈਸ਼ਨਲ ਬੈਂਕ

14 ਫਰਵਰੀ ਨੂੰ, ਅੰਦਰੂਨੀ ਜਾਂਚ ਪੂਰੀ ਹੋਣ ਤੋਂ ਬਾਅਦ, ਪੰਜਾਬ ਨੈਸ਼ਨਲ ਬੈਂਕ ਨੇ ਬੰਬੇ ਸਟਾਕ ਐਕਸਚੇਂਜ ਨੂੰ ਧੋਖਾਧੜੀ ਬਾਰੇ ਸੂਚਿਤ ਕੀਤਾ ਸੀ।

ਖ਼ਬਰਾਂ ਮੁਤਾਬਕ, ਇਹ ਭਾਰਤ ਦਾ ਸਭ ਤੋਂ ਵੱਡਾ ਬੈਂਕਿੰਗ ਘੁਟਾਲਾ ਸੀ। ਇਸ ਮਾਮਲੇ ਵਿੱਚ ਚੋਕਸੀ ਅਤੇ ਉਨ੍ਹਾਂ ਦੇ ਭਾਣਜੇ ਨੀਰਵ ਮੋਦੀ ਮੁਲਜ਼ਮ ਹਨ।

ਫਿਰ, 15 ਫਰਵਰੀ ਨੂੰ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਾਮਲੇ 'ਚ ਦਖਲ ਦਿੱਤਾ ਅਤੇ ਮੁੰਬਈ, ਸੂਰਤ ਅਤੇ ਦਿੱਲੀ ਵਿੱਚ ਨੀਰਵ ਮੋਦੀ ਦੇ ਕਈ ਦਫਤਰਾਂ 'ਤੇ ਛਾਪੇਮਾਰੀ ਕੀਤੀ ਗਈ।

ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪਰ ਇਹ ਸਾਰੇ ਮੁਲਜ਼ਮ ਜਨਵਰੀ ਵਿੱਚ ਹੀ ਦੇਸ਼ ਛੱਡ ਕੇ ਜਾਣ ਵਿੱਚ ਕਾਮਯਾਬ ਹੋ ਗਏ ਸਨ। ਫਿਲਹਾਲ, ਭਾਰਤੀ ਏਜੰਸੀਆਂ ਉਨ੍ਹਾਂ ਦੀ ਹਵਾਲਗੀ ਦੀ ਕੋਸ਼ਿਸ਼ ਕਰ ਰਹੀਆਂ ਹਨ।

ਮੇਹੁਲ ਚੋਕਸੀ

ਤਸਵੀਰ ਸਰੋਤ, Getty Images

ਕੌਣ ਹਨ ਮੇਹੁਲ ਚੋਕਸੀ?

29 ਨਵੰਬਰ, 2011 ਨੂੰ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਤੋਂ ਇੱਕ ਖ਼ਬਰ ਆਈ ਕਿ ਇੱਥੇ ਭਾਰਤ ਦਾ ਪਹਿਲਾ ਸੋਨੇ ਦਾ ਏਟੀਐਮ ਲਗਾਇਆ ਗਿਆ।

ਲੋਕ ਇਸ ਏਟੀਐਮ ਤੋਂ ਸੋਨੇ ਅਤੇ ਚਾਂਦੀ ਦੇ ਸਿੱਕੇ ਅਤੇ ਹਰ ਤਰ੍ਹਾਂ ਦੇ ਗਹਿਣੇ ਖਰੀਦ ਸਕਦੇ ਸਨ। ਪਰ ਇਹ ਮਸ਼ੀਨ ਲੋਕਾਂ ਨੂੰ ਆਕਰਸ਼ਿਤ ਨਹੀਂ ਕਰ ਸਕੀ।

ਨੇੜੇ-ਤੇੜੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਸ਼ਾਇਦ ਹੀ ਕੋਈ ਗਾਹਕ ਇਸਦੀ ਵਰਤੋਂ ਕਰਦਾ ਹੈ।

ਇੱਕ ਸਮੇਂ ਭਾਰਤ ਦੇ ਹੀਰਾ ਕਾਰੋਬਾਰ ਦੇ ਪੋਸਟਰ ਬੁਆਏ ਰਹੇ ਮੇਹੁਲ ਚੋਕਸੀ ਵੱਲ ਦੇਖੀਏ, ਤਾਂ ਉਨ੍ਹਾਂ ਦੀ ਕਹਾਣੀ ਵੀ ਇਸ ਏਟੀਐਮ ਵਰਗੀ ਹੀ ਨਜ਼ਰ ਆਉਂਦੀ ਹੈ।

ਪੰਜਾਬ ਨੈਸ਼ਨਲ ਬੈਂਕ ਘੁਟਾਲਾ

ਉਨ੍ਹਾਂ ਦੀ ਹਰ ਸ਼ੁਰੂਆਤ ਹੀਰੇ ਵਾਂਗ ਚਮਕਦਾਰ ਸੀ। ਉਨ੍ਹਾਂ ਦੇ ਤਰੀਕੇ ਹਮੇਸ਼ਾ ਸੋਨੇ ਵਾਂਗ ਲਚਕਦਾਰ ਰਹੇ। ਪਰ ਨਤੀਜਾ ਹਮੇਸ਼ਾ ਹਮੇਸ਼ਾ ਅਜਿਹਾ, ਜਿਵੇਂ ਕੋਈ ਗਹਿਣਿਆਂ ਦੀ ਦੁਕਾਨ 'ਤੇ ਠੱਗ ਲਿਆ ਗਿਆ ਹੋਵੇ।

ਤੁਸੀਂ ਪੁੱਛ ਸਕਦੇ ਹੋ ਕਿ ਉਸ ਏਟੀਐਮ ਨਾਲ ਮੇਹੁਲ ਚੋਕਸੀ ਦੀ ਯਾਦ ਕਿਉਂ ਆਉਂਦੀ ਹੈ। ਜਵਾਬ ਇਹ ਹੈ ਕਿ ਉਹ ਏਟੀਐਮ ਮੇਹੁਲ ਦੀ ਕੰਪਨੀ ਗੀਤਾਂਜਲੀ ਨੇ ਲਗਾਇਆ ਗਿਆ ਸੀ।

ਅਗਲਾ ਸਵਾਲ ਹੋਵੇਗਾ ਕਿ ਮੇਹੁਲ ਚੋਕਸੀ ਹੀ ਕਿਉਂ ਯਾਦ ਆਉਂਦੇ ਹਨ। ਇਸ ਦੇ ਕਈ ਸਾਰੇ ਜਵਾਬ ਹਨ।

ਮੇਹੁਲ ਨੇ ਆਪਣੇ ਪਿਤਾ ਚੀਨੂਭਾਈ ਚੋਕਸੀ ਦੇ ਹੀਰੇ ਦੀ ਕਟਾਈ ਅਤੇ ਪਾਲਿਸ਼ਿੰਗ ਦੇ ਕਾਰੋਬਾਰ ਨੂੰ ਵਿਦੇਸ਼ੀ ਕੰਪਨੀਆਂ ਖਰੀਦਣ ਦਾ ਰਸਤਾ ਦਿਖਾਇਆ।

ਪਰ ਇੱਕ ਸਮਾਂ ਆਇਆ, ਜਦੋਂ ਕੰਪਨੀ ਦੀ ਬਦਨਾਮੀ ਕਾਰਨ ਕਰਮਚਾਰੀਆਂ ਨੂੰ ਹੀ ਨੌਕਰੀਆਂ ਮਿਲਣਾ ਔਖਾ ਹੋ ਗਿਆ।

ਸੋਨੇ ਦਾ ਏਟੀਐਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੋਕਸੀ ਦੀ ਭੈਣ ਦੇ ਨਾਂ ਕੰਪਨੀ ਗੀਤਾਂਜਲੀ ਬਣਾਈ ਗਈ ਸੀ ਜਿਸ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ

ਉਨ੍ਹਾਂ ਦੀ ਭੈਣ ਦੇ ਨਾਮ 'ਤੇ ਬਣੀ ਉਨ੍ਹਾਂ ਦੀ ਕੰਪਨੀ ਗੀਤਾਂਜਲੀ ਨੇ ਸਾਲ 2006 ਵਿੱਚ ਆਈਪੀਓ ਵਿੱਚ ਪੈਰ ਧਰਿਆ ਅਤੇ 330 ਕਰੋੜ ਰੁਪਏ ਇਕੱਠੇ ਕੀਤੇ।

ਫਿਰ 2013 ਵਿੱਚ, ਉਹ ਸਮਾਂ ਆਇਆ ਜਦੋਂ ਸੇਬੀ ਨੇ ਹੇਰਾਫੇਰੀ ਦੇ ਸ਼ੱਕ ਵਿੱਚ ਮੇਹੁਲ ਦੀ ਫਰਮ ਨੂੰ 6 ਮਹੀਨਿਆਂ ਲਈ ਸਟਾਕ ਮਾਰਕੀਟ ਵਿੱਚ ਵਪਾਰ ਕਰਨ ਤੋਂ ਰੋਕ ਦਿੱਤਾ।

ਸਾਲ 2008 ਵਿੱਚ, ਜਦੋਂ ਕੈਟਰੀਨਾ ਕੈਫ ਨੇ ਉਨ੍ਹਾਂ ਦੇ ਹੀਰਿਆਂ ਲਈ ਪ੍ਰਚਾਰ ਕੀਤਾ, ਤਾਂ ਕੰਪਨੀ ਦੀ ਵਿਕਰੀ ਇੱਕ ਸਾਲ ਵਿੱਚ 60 ਫੀਸਦੀ ਵਧ ਗਈ।

ਫਿਰ 2018 ਵਿੱਚ, ਕੰਪਨੀ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਸੰਤੋਸ਼ ਸ਼੍ਰੀਵਾਸਤਵ ਨੇ ਇਲਜ਼ਾਮ ਲਗਾਏ ਕਿ ਗੀਤਾਂਜਲੀ ਆਪਣੇ ਗਾਹਕਾਂ ਨੂੰ ਨਕਲੀ ਹੀਰੇ ਵੇਚਦੀ ਰਹੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)