ਅਰਬਾਂ ਡਾਲਰ ਦੇ ਸੋਨਾ ਘੁਟਾਲੇ ਵਿੱਚ ਫ਼ਸੇ ਵਿਅਕਤੀ ਦੀ ਰਹੱਸਮਈ ਕਹਾਣੀ, 30 ਸਾਲ ਬਾਅਦ ਵੀ ਨਹੀਂ ਖੁੱਲ੍ਹਿਆ ਭੇਦ

- ਲੇਖਕ, ਲੂਸੀ ਵੈਲਿਸ
- ਰੋਲ, ਬੀਬੀਸੀ ਨਿਊਜ਼
ਇੱਕ ਮਾਈਨਿੰਗ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇੰਡੋਨੇਸ਼ੀਆ ਦੇ ਸੰਘਣੇ ਜੰਗਲਾਂ ਵਿੱਚ ਬਹੁਤ ਵਿਸ਼ਾਲ ਸੋਨੇ ਦੇ ਭੰਡਾਰ ਖੋਜੇ ਸਨ।
ਇੱਕ ਨਵੇਂ ਪੌਡਕਾਸਟ ਲੜੀਵਾਰ ਮੁਤਾਬਕ ਹਾਲਾਂਕਿ ਇਸ ਕਹਾਣੀ ਵਿੱਚ ਚਮਕਦੀ ਹਰ ਚੀਜ਼ ਸੋਨਾ ਨਹੀਂ ਸੀ। ਪੌਡਕਾਸਟ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ ਹਨ ਪਰ ਇੱਕ ਸਵਾਲ ਅਜਿਹਾ ਹੈ, ਜਿਸ ਦਾ ਅਜੇ ਜਵਾਬ ਮਿਲਣਾ ਬਾਕੀ ਹੈ— ਕੰਪਨੀ ਦੇ ਮੁੱਖ ਭੂ-ਵਿਗਿਆਨੀ ਦੀ ਰਹੱਸਮਈ ਹਾਲਾਤ ਵਿੱਚ ਮੌਤ।
ਚੇਤਾਵਨੀ: ਆਰਟੀਕਲ ਪੌਡਕਾਸਟ ਦੇ ਤੁਹਾਡੇ ਮਜ਼ੇ ਨੂੰ ਕਿਰਕਰਾ ਕਰ ਸਕਦਾ ਹੈ।
ਮਾਰਚ 19, 1997 ਦੀ ਸਵੇਰ ਨੂੰ ਮਾਈਕਲ ਡੀ ਗੂਜ਼ਮੈਨ, ਜੋ ਕਿ ਕੈਨੇਡਾ ਦੀ ਮਾਈਨਿੰਗ ਕੰਪਨੀ ਬਰੀ-ਐਕਸ ਮਿਰਨਲ ਵਿੱਚ ਮੁੱਖ ਭੂ-ਵਿਗਿਆਨੀ ਸਨ, ਹੈਲੀਕਾਪਟਰ ਵਿੱਚ ਸਵਾਰ ਹੋਏ।
ਉਨ੍ਹਾਂ ਨੇ ਇੰਡੋਨੇਸ਼ੀਆ ਦੇ ਸੰਘਣੇ ਜੰਗਲਾਂ ਵਿੱਚ ਕਿਤੇ ਪਹੁੰਚਣਾ ਸੀ।
ਇਹ ਸਫ਼ਰ ਉਹ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਸਨ। ਇਹ ਉਹ ਜਗ੍ਹਾ ਸੀ, ਜਿਸ ਬਾਰੇ ਉਨ੍ਹਾਂ ਨੇ ਕਿਹਾ ਸੀ ਕਿ ਸੋਨੇ ਨਾਲ ਭਰਪੂਰ ਹੈ।
ਹਾਲਾਂਕਿ ਇਸ ਵਾਰ ਗੂਜ਼ਮੈਨ ਕਦੇ ਵਾਪਸ ਨਹੀਂ ਆਏ।
ਦੌਰਾਨ-ਏ-ਪਰਵਾਜ਼ ਹੈਲੀਕਾਪਟਰ ਦਾ ਪਿਛਲਾ ਖੱਬਾ ਦਰਵਾਜ਼ਾ ਖੁੱਲ੍ਹਿਆ ਅਤੇ ਗੂਜਮੈਨ ਥੱਲੇ ਸੰਘਣੇ ਜੰਗਲਾਂ ਵਿੱਚ ਲੋਪ ਹੋ ਚੁੱਕੇ ਸਨ। ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਕੰਪਨੀ ਦੇ ਸੀਈਓ ਨੇ ਕਿਹਾ ਕਿ ਗੂਜ਼ਮੈਨ ਨੇ ਖ਼ੁਦਕੁਸ਼ੀ ਕੀਤੀ ਸੀ। ਉਨ੍ਹਾਂ ਨੂੰ ਹੈਪੀਟਾਈਟਸ-ਬੀ, ਸੀ ਅਤੇ ਵਾਰ-ਵਾਰ ਹੋਣ ਵਾਲੇ ਮਲੇਰੀਏ ਨਾਲ ਲੜਾਈ ਕਰਕੇ ਹੰਭ ਚੁੱਕੇ ਸਨ।
ਦਸ ਸਾਲ ਬਾਅਦ ਕੈਨੇਡਾ ਦੇ ਪੱਤਰਕਾਰ ਸੂਜ਼ੈਨ ਵਿਲਟਨ ਨੂੰ ਕੈਲਗਰੀ ਹੈਰਾਲਡ ਨੇ ਗੂਜ਼ਮੈਨ ਦੀ ਮੌਤ ਦੀ ਜਾਂਚ ਲਈ ਭੇਜਿਆ।
ਉਹ ਕਹਿੰਦੇ ਹਨ, “ਮੈਨੂੰ ਅੱਧੀ ਦੁਨੀਆਂ ਪਾਰ ਭੇਜਿਆ ਗਿਆ ਸੀ... ਇਹ ਕਹਾਣੀ ਉਦੋਂ ਤੋਂ ਹੀ ਮੇਰੇ ਦਿਮਾਗ ਉੱਤੇ ਛਾਈ ਹੋਈ ਸੀ।”
ਹੁਣ ਉਹ ਮੁੜ ਇਸ ਕੇਸ ਨਾਲ ਜੁੜੇ ਹੋਏ ਹਨ। ਇਸ ਵਾਰ ਇੱਕ ਨਵੇਂ ਪੌਡਕਾਸਟ ਲੜੀਵਾਰ ਲਈ। ਉਸ ਹੈਲੀਕਾਪਟਰ ਉਡਾਣ ਦੌਰਾਨ ਅਸਲ ਵਿੱਚ ਕੀ ਵਾਪਰਿਆ ਸੀ।

ਤਸਵੀਰ ਸਰੋਤ, Richard Behar
ਵੈਲਨਟਾਈਨ ਦਿਨ ਦੀ ਪੈਦਾਇਸ਼
ਡੀ ਗੂਜ਼ਮੈਨ ਦੀ ਪੈਦਾਇਸ਼ 1956 ਦੇ ਵੈਲਨਟਾਈਨ ਦਿਹਾੜੇ ਨੂੰ ਫਿਲੀਪੀਨਜ਼ ਵਿੱਚ ਹੋਈ ਸੀ। ਉਨ੍ਹਾਂ ਨੂੰ ਜ਼ਿੰਦਗੀ ਵਿੱਚ ਕਈ ਵਾਰ ਪਿਆਰ ਹੋਇਆ। ਵੱਖ-ਵੱਖ ਦੇਸਾਂ ਵਿੱਚ ਉਨ੍ਹਾਂ ਦੀਆਂ ਤਿੰਨ ਜਾਂ ਸ਼ਾਇਦ ਚਾਰ ਪਤਨੀਆਂ ਸਨ।
ਉਨ੍ਹਾਂ ਨੂੰ ਕਾਰੇਓਕੇ, ਬੀਅਰ, ਸਟਰਿਪ ਕਲੱਬਾਂ ਵਿੱਚ ਜਾਣਾ ਅਤੇ ਸੋਨਾ ਪਹਿਨਣ ਦਾ ਸ਼ੌਂਕ ਸੀ। ਉਹ ਇੱਕ ਤਜ਼ਰਬੇਕਾਰ ਭੂ-ਵਿਗਿਆਨੀ ਸਨ ਅਤੇ ਮੰਨਦੇ ਸਨ ਕਿ ਇੰਡੋਨੇਸ਼ੀਆ ਵਿੱਚ ਉਹ ਚੰਗਾ ਜੀਵਨ ਬਣਾ ਸਕਦੇ ਹਨ।
ਵਿਲਟਲਨ ਦੱਸਦੇ ਹਨ ਕਿ 1990 ਦੇ ਦਹਾਕੇ ਵਿੱਚ, ਇੰਡੋਨੇਸ਼ੀਆ ਨੂੰ ਸੋਨੇ ਦੇ ਪੱਖ ਤੋਂ ਇੱਕ ਸੰਭਾਵਨਾਵਾਂ ਭਰਭੂਰ ਦੇਸ ਵਜੋਂ ਦੇਖਿਆ ਜਾ ਰਿਹਾ ਸੀ।
ਇੱਕ ਡੱਚ ਵਿਅਕਤੀ— ਜੌਹਨ ਫੈਲਡਰਹੌਫ਼, ਜਿਸ ਨੂੰ ਕਈ ਲੋਕ ਭੂ ਵਿਗਿਆਨੀਆਂ ਦੇ ਇੰਡਿਆਨਾ ਜੋਨਸ ਵਜੋਂ ਜਾਣਦੇ ਸਨ।
ਉਨ੍ਹਾਂ ਦਾ ਮੰਨਣਾ ਸੀ ਕਿ ਬੋਰਨੀਓ ਦੀਪ ਉੱਤੇ ਈਸਟ ਕਲੀਮੰਟਨ ਸੂਬੇ ਵਿੱਚ ਬੂਸੈਂਗ ਵਿੱਚ ਇੱਕ ਦੂਰ-ਦੁਰਾਡੀ ਥਾਂ ਵਿੱਚ ਇੱਕ ਅਜਿਹੀ ਸੋਨੇ ਦੀ ਖਾਣ ਹੈ, ਜੋ ਦੋਹਨ ਲਈ ਔਂਸੀਆਂ ਪਾ ਰਹੀ ਹੈ। ਆਪਣੀ ਯੋਜਨਾ ਵਿੱਚ ਅੱਗੇ ਵਧਣ ਲਈ ਉਨ੍ਹਾਂ ਨੂੰ ਪੂੰਜੀ ਦੀ ਲੋੜ ਸੀ।

ਤਸਵੀਰ ਸਰੋਤ, Warren Irwin
ਜਦੋਂ ਸੁਨਹਿਰੀ ਸੁਫ਼ਨਾ ਆਇਆ
ਅਪ੍ਰੈਲ 1993 ਨੂੰ ਫੈਲਡਰਹੌਫ਼ ਨੇ ਬਰੀ-ਐਕਸ ਮਿਨਰਲ ਦੇ ਮੁਖੀ ਡੇਵਿਡ ਵਾਲਸ਼ ਨਾਲ ਇੱਕ ਸਮਝੌਤਾ ਕੀਤਾ। ਵਾਲਸ਼ ਨੇ ਪੂੰਜੀ ਨਿਵੇਸ਼ਕਾਂ ਨੂੰ ਇਸ ਖਾਨ ਦਾ ਅਤੇ ਇੱਥੋਂ ਬਣਨ ਵਾਲੇ ਪੈਸੇ ਦਾ ਸੁਫ਼ਨਾ ਵੇਚਣਾ ਸੀ।
ਫੈਲਡਰਹੌਫ਼ ਜ਼ਮੀਨ ਉੱਤੇ ਕੰਮ ਕਰਵਾ ਰਹੇ ਹਨ। ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਨੂੰ ਇਸ ਕੰਮ ਵਿੱਚ ਆਪਣੇ ਦੋਸਤ ਗੂਜ਼ਮੈਨ ਦੀ ਲੋੜ ਹੈ।
ਲੇਕਨ ਫੈਲਡਰਹੌਫ਼ ਅਤੇ ਗੂਜ਼ਮੈਨ ਦੀ ਟੀਮ ਕੋਲ ਸੋਨੇ ਦੀ ਮੌਜੂਦਗੀ ਦੀ ਪੁਸ਼ਟੀ ਲਈ ਤਜ਼ਰਬਾਤੀ ਖਣਨ ਕਰਕੇ ਦੇਖਣ ਲਈ ਸਿਰਫ਼ 18 ਦਸੰਬਰ 1993 ਤੱਕ ਦਾ ਸਮਾਂ ਸੀ।
ਇਸ ਤੋਂ ਬਾਅਦ ਖਣਨ ਲਈ ਇੰਡੋਨੇਸ਼ੀਆ ਸਰਕਾਰ ਵੱਲੋਂ ਦਿੱਤੇ ਗਏ ਲਾਈਸੈਂਸ ਦੀ ਮਿਆਦ ਪੁੱਗ ਜਾਣੀ ਸੀ।
ਅੰਤਿਮ ਮਿਤੀ ਤੋਂ ਕੁਝ ਕੁ ਦਿਨ ਪਹਿਲਾਂ, ਦੋ ਸੁਰਾਗ ਕੀਤੇ ਗਏ ਪਰ ਸੋਨੇ ਦਾ ਕਿਤੇ ਨਾਮੋ-ਨਿਸ਼ਾਨ ਨਹੀਂ ਸੀ।
ਫਿਰ ਵਿਲਟਨ ਦੱਸਦੇ ਹਨ ਕਿ ਗੂਜ਼ਮੈਨ ਨੇ ਫੈਲਡਰਹੌਫ਼ ਨੂੰ ਦੱਸਿਆ ਕਿ ਉਹ ਜਾਣਦੇ ਹਨ ਕਿ ਕਿੱਥੇ ਸਟੀਕ ਸੁਰਾਖ ਕਰਨ ਦੀ ਲੋੜ ਹੈ।
ਇਹ ਥਾਂ ਉਨ੍ਹਾਂ ਨੂੰ ਸੁਫ਼ਨੇ ਵਿੱਚ ਨਜ਼ਰ ਆਈ ਸੀ।
ਜਿੱਥੇ ਗੂਜ਼ਮੈਨ ਨੇ ਕਿਹਾ ਸੀ ਟੀਮ ਨੇ ਬਿਲਕੁਲ ਉੱਥੇ ਸੁਰਾਗ ਮਾਰਿਆ, ਅਤੇ ਸੋਨਾ ਮਿਲ ਗਿਆ। ਇਸ ਤੋਂ ਬਾਅਦ ਚੌਥਾ ਸੁਰਾਗ ਮਾਰਿਆ ਗਿਆ ਜਿਸ ਨੇ ਹੋਰ ਜ਼ਿਆਦਾ ਸੋਨਾ ਹੋਣ ਦੀ ਪੁਸ਼ਟੀ ਕੀਤੀ।
ਅਗਲੇ ਤਿੰਨ ਸਾਲਾਂ ਦੌਰਾਨ, ਉਸ ਥਾਂ ਉੱਤੇ ਕੰਮ ਚਲਦਾ ਰਿਹਾ। ਜਿਵੇਂ-ਜਿਵੇਂ ਉੱਥੇ ਮੌਜੂਦ ਸੰਭਾਵਿਤ ਸੋਨੇ ਦੇ ਕਿਆਸ ਵਧੇ, ਪੂੰਜੀਕਾਰਾਂ ਦੀ ਗਿਣਤੀ ਵੀ ਵਧੀ।
ਬਰੀ-ਐਕਸ ਮਿਨਰਲਜ਼ ਦੇ ਸ਼ੇਅਰਾਂ ਦੀ ਕੀਮਤ ਵਧਣ ਲੱਗੀ। ਸ਼ੇਅਰਾਂ ਦੀ ਕੀਮਤ 20 ਕੈਨੀਡਅਨ ਸੈਂਟ ਤੋਂ 280 ਕੈਨੇਡੀਅਨ ਡਾਲਰ ਤੱਕ ਪਹੁੰਚ ਗਈ। ਦੇਖਦੇ-ਦੇਖਦੇ ਕੰਪਨੀ ਦੀ ਵੈਲੂਏਸ਼ਨ 6 ਬਿਲੀਅਨ ਕੈਨੇਡੀਅਨ ਡਾਲਰ ਨੂੰ ਪਹੁੰਚ ਗਈ।
ਕੈਨੇਡਾ ਦੇ ਕਈ ਛੋਟੇ-ਛੋਟੇ ਸ਼ਹਿਰਾਂ-ਕਸਬਿਆਂ ਦੇ ਆਮ ਲੋਕਾਂ ਨੇ ਕੰਪਨੀ ਵਿੱਚ ਆਪਣੀ ਜਮ੍ਹਾਂ ਪੂੰਜੀ ਲਗਾ ਦਿੱਤੀ।
ਜਿਵੇਂ-ਜਿਵੇਂ ਸਮਾਂ ਬੀਤਿਆਂ ਚਮਕ ਧੁੰਦਲੀ ਪੈਣ ਲੱਗੀ।

ਤਸਵੀਰ ਸਰੋਤ, Warren Irwin
ਸੋਨਾ ਮਿੱਟੀ ਹੋਇਆ
ਸਾਲ 1997 ਦੇ ਸ਼ੁਰੂ ਵਿੱਚ ਇੰਡੋਨੇਸ਼ੀਆ ਦੇ ਤਤਕਾਲੀ ਰਾਸ਼ਟਰਪਤੀ, ਸੁਹਾਰਤੋ ਨੇ ਕਿਹਾ ਕਿ ਬਰੀ-ਐਕਸ ਮਿਨਰਲ ਵਰਗੀ ਛੋਟੀ-ਮੋਟੀ ਕੰਪਨੀ ਇਸ ਥਾਂ ਦੀ ਇਕਲੌਤੀ ਮਾਲਕ ਨਹੀਂ ਹੋ ਸਕਦੀ ਅਤੇ ਸਾਰਾ ਲਾਭ ਨਹੀਂ ਲੈ ਸਕਦੀ।
ਇਸ ਨੂੰ ਇੰਡੋਨੇਸ਼ੀਆ ਸਰਕਾਰ ਨਾਲ ਵੰਡਣਾ ਪਵੇਗਾ ਅਤੇ ਕਿਸੇ ਤਜ਼ਰਬੇਕਾਰ ਵੱਡੀ ਕੰਪਨੀ ਨਾਲ ਮਿਲ ਕੇ ਕੰਮ ਕਰਨਾ ਪਵੇਗਾ।
ਇਸ ਲਈ ਅਮਰੀਕੀ ਕੰਪਨੀ ਫਰੀਪੋਰਟ-ਮੈਕਮੋਰੈਨ ਨਾਲ ਸਮਝੌਤਾ ਕੀਤਾ ਗਿਆ।
ਹਾਲਾਂਕਿ ਇਸ ਵਿੱਚ ਵੜਨ ਅਤੇ ਜੁੜੇ ਵਿੱਤੀ ਖ਼ਤਰਿਆਂ ਵਿੱਚ ਭਾਈਵਾਲੀ ਤੋਂ ਪਹਿਲਾਂ ਫਰੀਪੋਰਨ ਨੇ ਆਪਣੀ ਸੁਤੰਤਰ ਜਾਂਚ ਵੀ ਕਰਨੀ ਸੀ।
ਭੂ-ਵਿਗਿਆਨੀਆਂ ਨੂੰ ਜੁੜਵੇਂ ਸੁਰਾਗ ਕਰਨ ਲਈ ਭੇਜਿਆ ਗਿਆ। ਧਰਤੀ ਵਿੱਚ ਜੁੜਵੇਂ ਸੁਰਾਗ ਕਰਨਾ ਕਿਸੇ ਥਾਂ ਉੱਤੇ ਸੋਨੇ ਦੀ ਮੌਜੂਦਗੀ ਦੀ ਪੁਸ਼ਟੀ ਕਰਨ ਦੀ ਇੱਕ ਵਿਧੀ ਹੈ, ਜਿਸ ਵਿੱਚ ਜਿੱਥੇ ਪਹਿਲਾਂ ਸੋਨਾ ਮਿਲਿਆ ਸੀ, ਉਸਦੇ ਨਾਲ ਹੀ ਇੱਕ ਹੋਰ ਸੁਰਾਗ ਕੀਤਾ ਜਾਂਦਾ ਹੈ।
ਇਹ ਖਣਨ ਦੀ ਇੱਕ ਮਿਆਰੀ ਪ੍ਰਕਿਰਿਆ ਹੈ ਪਰ ਬਰੀ-ਐਕਸ ਨੇ ਅਜੇ ਤੱਕ ਇਹ ਨਹੀਂ ਕੀਤੀ ਸੀ।
ਜੁੜਵੇਂ ਸੁਰਾਗਾਂ ਦੇ ਨਮੂਨੇ ਦੋ ਵੱਖ-ਵੱਖ ਪ੍ਰਯੋਗਸ਼ਾਵਾਂ ਵਿੱਚ ਜਾਂਚ ਲਈ ਭੇਜੇ ਗਏ। ਹਾਲਾਂਕਿ ਨਤੀਜੇ ਦੋਵਾਂ ਦੇ ਸਮਾਨ ਸਨ, ਸੋਨੇ ਦੀ ਮੌਜੂਦਗੀ ਦੇ ਕੋਈ ਸੰਕੇਤ ਨਹੀਂ ਸਨ।
ਇਸ ਦੇ ਉਨ੍ਹਾਂ ਲੋਕਾਂ ਲਈ ਕੀ ਮਾਅਨੇ ਸਨ, ਜਿਨ੍ਹਾਂ ਨੇ ਆਪਣੀ ਜਮ੍ਹਾਂ ਪੂੰਜੀ ਇਸ ਪ੍ਰੋਜੈਕਟ ਅਤੇ ਕੰਪਨੀ ਵਿੱਚ ਲਾਈ ਸੀ?
ਫਰੀਪੋਰਟ ਨੇ ਗੂਜ਼ਮੈਨ ਅਤੇ ਫੈਲਡਰਹੌਫ਼ ਨੂੰ ਨਤੀਜਿਆਂ ਬਾਰੇ ਜਾਣੂ ਕਰਵਾਇਆ। ਗੂਜ਼ਮੈਨ ਉਸ ਸਮੇਂ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਟੋਰਾਂਟੋ ਵਿੱਚ ਸਨ। ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਬੁਸੈਂਗ ਵਾਪਸ ਆਉਣ ਅਤੇ ਫਰੀਪੋਰਟ ਦੀ ਟੀਮ ਨੂੰ ਸਥਿਤੀ ਸਪੱਸ਼ਟ ਕਰਨ।
ਗੂਜ਼ਮੈਨ ਕੈਨੇਡਾ ਤੋਂ ਸਿੰਗਾਪੁਰ ਹੁੰਦੇ ਹੋਏ ਗਏ, ਜਿੱਥੇ ਉਨ੍ਹਾਂ ਦੀ ਇੱਕ ਪਤਨੀ ਅਤੇ ਉਸ ਤੋਂ ਇੱਕ ਬੱਚਾ ਸੀ, ਉਨ੍ਹਾਂ ਨੇ ਪਰਿਵਾਰ ਨਾਲ ਵੀ ਕੁਝ ਸਮਾਂ ਬਿਤਾਇਆ।

ਤਸਵੀਰ ਸਰੋਤ, Genie de Guzman
ਗੂਜ਼ਮੈਨ ਦੇ ਆਖਰੀ ਘੰਟੇ
ਗੂਜ਼ਮੈਨ ਦੇ ਆਖਰੀ ਘੰਟਿਆਂ ਨੂੰ ਕੈਨੇਡੀਅਨ ਪੱਤਰਕਾਰ ਜੈਨੀਫਰ ਵੈਲਜ਼ ਨੇ ਤਰਤੀਬੱਧ ਕਰਕੇ ਲਿਖਿਆ ਹੈ।
ਉਹ ਕਹਿੰਦੇ ਹਨ ਕਿ ਗੂਜ਼ਮੈਨ ਨੇ ਆਪਣੀ ਆਖ਼ਰੀ ਸ਼ਾਮ ਬਾਲਿਕਪੱਪਨ ਸ਼ਹਿਰ ਵਿੱਚ ਬਿਤਾਈ, ਜੋ ਕਿ ਬੁਸੈਂਗ ਤੋਂ ਕਰੀਬ 161 ਕਿੱਲੋਮੀਟਰ ਤੋਂ ਜ਼ਿਆਦਾ ਦੂਰ ਹੈ। ਇੱਥੇ ਉਹ ਬਰੀ-ਐਕਸ ਦੀ ਇੱਕ ਮੁਲਾਜ਼ਮ ਰੂ਼ਡੀ ਵੇਗਾ ਨਾਲ ਸਨ।
ਵੇਗਾ ਫਿਲੀਪੀਨ ਵਿੱਚ ਕੰਪਨੀ ਦੀ ਮੁਹਿੰਮ ਦੀ ਮੈਂਬਰ ਸਨ, ਉਨ੍ਹਾਂ ਨੇ ਫਰੀਪੋਰਟ-ਮੈਕਮੋਰੈਮ ਦਾ ਸਾਹਮਣਾ ਕਰਨ ਗੂਜ਼ਮੈਨ ਦੇ ਨਾਲ ਜਾਣਾ ਸੀ।
ਵੇਗਾ ,ਨੇ ਜੋ ਬਿਆਨ ਬਾਅਦ ਵਿੱਚ ਪੁਲਿਸ ਨੂੰ ਦਿੱਤਾ, ਉਸ ਮੁਤਾਬਕ। ਦੋਵੇਂ ਜਣੇ ਸ਼ਾਮ ਨੂੰ ਇੱਕ ਕਾਰੇਓਕੇ ਬਾਰ ਵਿੱਚ ਗਏ। ਆਪਣੇ ਹੋਟਲ ਕਮਰੇ ਵਿੱਚ ਵਾਪਸ ਆਉਣ ਤੋਂ ਬਾਅਦ ਗੂਜ਼ਮੈਨ ਨੇ ਆਪਣੀ ਪਤਨੀ ਨੂੰ ਨਾਲ ਲੈਣ ਦੀ ਕੋਸ਼ਿਸ਼ ਕੀਤੀ।
ਅਗਲੀ ਸਵੇਰ, ਗੂਜ਼ਮੈਨ ਅਤੇ ਵੇਗਾ ਹੈਲੀਕਾਪਟਰ ਰਾਹੀਂ ਬੂਸੈਂਗ ਦੇ ਨੇੜੇ ਇੱਕ ਹੋਰ ਸ਼ਹਿਰ ਸਮਾਰਿੰਡਾ ਚਲੇ ਗਏ।
ਗੂਜ਼ਮੈਨ ਬੁਸੈਂਗ ਜਾਣ ਲਈ ਇੱਕ ਵਾਰ ਫਿਰ ਹੈਲੀਕਾਪਟਰ ਵਿੱਚ ਬੈਠ ਗਏ ਪਰ ਵੇਗਾ ਉਨ੍ਹਾਂ ਦੇ ਨਾਲ ਨਹੀਂ ਗਏ।
ਗੂਜ਼ਮੈਨ ਦੇ ਨਾਲ ਜੋ ਦੋ ਹੋਰ ਜਣੇ ਸਨ— ਮੈਂਟੇਨੈਂਸ ਤਕਨੀਸ਼ੀਅਨ ਅਤੇ ਇੱਕ ਪਾਇਲਟ। ਪਾਇਲਟ ਇੰਡੋਨੇਸ਼ੀਆ ਦੀ ਹਵਾਈ ਫੌਜ ਦਾ ਪਾਇਲਟ ਸੀ ਨਾ ਕਿ ਪਹਿਲਾਂ ਵਾਲਾ ਆਮ ਪਾਇਲਟ, ਜੋ ਪਹਿਲਾਂ ਮਾਈਨ ਜਾਇਆ ਕਰਦਾ ਸੀ।
ਸਮਾਰਿੰਡਾ ਵਿੱਚ ਰੁਕਣਾ ਵੀ ਅਜੀਬ ਸੀ ਕਿਉਂਕਿ ਪਹਿਲਾਂ ਗੂਜ਼ਮੈਨ ਅਕਸਰ ਸਿੱਧੇ ਹੀ ਬੂਸੈਂਗ ਜਾਇਆ ਕਰਦੇ ਸਨ।
ਆਪਣੇ ਸ਼ੁਰੂਆਤੀ ਬਿਆਨ ਤੋਂ ਇਲਾਵਾ ਵੀ ਪਾਇਲਟ ਨੇ ਇਸ ਉਡਾਣ ਬਾਰੇ ਗੱਲਬਾਤ ਕੀਤੀ ਹੈ। ਪਰ ਵਿਲਟਨ ਦਾ ਕਹਿਣਾ ਹੈ ਕਿ ਪਾਇਲਟ ਨੇ ਦੌਰਾਨ-ਏ-ਪਰਵਾਜ਼ ਜੋ ਕੁਝ ਵੀ ਹੋਇਆ ਉਸ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
ਪਾਇਲਟ ਨੇ ਹਮੇਸ਼ਾ ਕਿਹਾ ਕਿ ਗੂਜ਼ਮੈਨ ਨਾਲ ਕੀ ਵਾਪਰਿਆ, ਉਸ ਨੇ ਨਹੀਂ ਦੇਖਿਆ।
ਸਥਾਨਕ ਸਮੇਂ ਮੁਤਾਬਕ 19 ਮਾਰਚ 1997 ਨੂੰ ਸਵੇਰੇ 10.30 ਵਜੇ ਤੱਕ ਗੂਜ਼ਮੈਨ ਦੀ ਮੌਤ ਹੋ ਚੁੱਕੀ ਸੀ।

ਕੀ ਗੂਜ਼ਮੈਨ ਨੇ ਆਪਣੀ ਮੌਤ ਦੀ ਪਟਕਥਾ ਲਿਖੀ?
ਹੈਲੀਕਾਪਟਰ ਵਿੱਚੋਂ ਹੱਥ ਲਿਖਤ ਸੂਈਸਾਈਡ ਨੋਟ ਮਿਲੇ ਸਨ ਅਤੇ ਚਾਰ ਦਿਨਾਂ ਬਾਅਦ ਸੰਘਣੇ ਜੰਗਲਾਂ ਵਿੱਚੋਂ ਲਾਸ਼ ਵੀ ਬਰਾਮਦ ਕਰ ਲਈ ਗਈ।
ਗੂਜ਼ਮੈਨ ਦੀ ਮੌਤ ਤੋਂ ਛੇ ਹਫ਼ਤਿਆਂ ਦੇ ਅੰਦਰ ਹੀ ਬੂਸੈਂਗ ਵਿੱਚ ਸੋਨੇ ਦਾ ਸੁਫਨਾ ਸਾਰਿਆਂ ਲਈ ਮਿੱਟੀ ਹੋ ਚੁੱਕਿਆ ਸੀ ਅਤੇ ਨਿਵੇਸ਼ਕ ਨਿਰਾਸ਼ਾ ਵਿੱਚ ਮੱਥਾ ਕੁੱਟ ਰਹੇ ਸਨ।
ਬਰੀ-ਐਕਸ ਮਿਨਰਲਜ਼ ਦੀ 6 ਬਿਲੀਅਨ ਕੈਨੇਡੀਅਨ ਡਾਲਰ ਦੀ ਵੈਲੂਏਸ਼ਨ, ਸਿਫ਼ਰ ਹੋ ਚੁੱਕੀ ਸੀ।
ਇੱਕ ਸੁਤੰਤਰ ਰਿਪੋਰਟ ਨੇ ਪੁਸ਼ਟੀ ਕੀਤੀ ਕਿ ਬੂਸੈਂਗ ਵਿੱਚ ਕੋਈ ਸੋਨਾ ਨਹੀਂ ਸੀ। ਸਾਲ 1995 ਤੋਂ 1997 ਤੱਕ ਲਏ ਗਏ ਪੱਥਰਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ। ਮਿਲਿਆ ਕਿ ਪੱਥਰਾਂ ਨਾਲ ਸਾਲਟਿੰਗ ਨਾਮ ਦੀ ਤਕਨੀਕ ਨਾਲ ਛੇੜ-ਛਾੜ ਕੀਤੀ ਗਈ ਸੀ।
ਹੋਰ ਸਰੋਤਾਂ ਤੋਂ ਲਏ ਗਏ ਸੋਨੇ ਦੇ ਕਣਾਂ ਨੂੰ ਇਨ੍ਹਾਂ ਨਮੂਨਿਆਂ ਵਿੱਚ ਮਿਲਾਇਆ ਗਿਆ ਸੀ।
30 ਸਾਲ ਬਾਅਦ ਤੱਕ ਵੀ ਇਸ ਧੋਖਾਧੜੀ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ।
ਵਾਲਸ਼ ਕਹਿੰਦੇ ਰਹੇ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਆਖਰ 1998 ਵਿੱਚ ਇੱਕ ਦੌਰੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸਾਲ 2007 ਵਿੱਚ ਕੈਨੇਡਾ ਦੇ ਇੱਕ ਜੱਜ ਨੇ ਕਿਹਾ ਕਿ ਫੈਲਡਰਹੌਫ਼ ਨੂੰ ਇਨਸਾਈਡਰ ਟਰੇਡਿੰਗ ਦੀ ਕੋਈ ਜਾਣਕਾਰੀ ਨਹੀਂ ਸੀ ਅਤੇ ਬੇਕਸੂਰ ਸੀ। ਉਨ੍ਹਾਂ ਦੀ ਵੀ 2019 ਵਿੱਚ ਮੌਤ ਹੋ ਗਈ।
ਇਸ ਤੋਂ ਅਸੀਂ ਵਾਪਸ ਗੂਜ਼ਮੈਨ ਉੱਤੇ ਆਉਂਦੇ ਹਾਂ। ਕੀ ਉਨ੍ਹਾਂ ਨੇ ਖ਼ੁਦਕੁਸ਼ੀ ਇਸੇ ਰਾਜ਼ ਨੂੰ ਹਮੇਸ਼ਾ ਲਈ ਦਫ਼ਨ ਕਰਨ ਲਈ ਕੀਤੀ ਸੀ ਕਿ ਉਹੀ ਇਸ ਸੁਨਹਿਰੀ ਫਰਜ਼ੀਵਾੜੇ ਦੇ ਮਾਸਟਰਮਾਈਂਡ ਸਨ।
ਵਿਲਟਨ ਮੁਤਾਬਕ ਗੂਜ਼ਮੈਨ ਦੇ ਲਿਖੇ ਖ਼ੁਦਕਸ਼ੀ ਦੇ ਨੋਟਸ ਵੀ ਸੰਦੇਹ ਪੈਦਾ ਕਰਦੇ ਹਨ।
ਪੌਡਕਾਸਟ ਲਈ ਫੈਲਡਰਹੌਫ਼ ਦੀ ਕਜ਼ਨ – ਸੂਜੇਨ ਫੈਲਡਰਹੌਫ਼ ਨੇ ਸੰਦੇਹ ਜਾਹਰ ਕੀਤਾ ਕਿ ਉਹ ਨੋਟ ਵਾਕਈ ਗੂਜ਼ਮੈਨ ਨੇ ਕਦੇ ਲਿਖੇ ਹੋਣ। ਇਨ੍ਹਾਂ ਵਿੱਚ ਗੂਜ਼ਮੈਨ ਦੀ ਇੱਕ ਪਤਨੀ ਦਾ ਨਾਮ ਗਲਤ ਲਿਖਿਆ ਹੋਇਆ ਸੀ।
ਨੋਟਸ ਵਿੱਚ ਜਿਨ੍ਹਾਂ ਬੀਮਾਰੀਆਂ ਦਾ ਜ਼ਿਕਰ ਹੈ, ਸੂਜ਼ੇਨ ਮੁਤਾਬਕ ਉਨ੍ਹਾਂ ਦੇ ਯਾਦ ਨਹੀਂ ਗੂਜ਼ਮੈਨ ਨੇ ਕਦੇ ਉਨ੍ਹਾਂ ਦਾ ਜ਼ਿਕਰ ਕੀਤਾ ਹੋਵੇ।
ਡਾ਼ ਬਿਨੀਟੋ ਮੋਲਿਨੋ ਪੋਸਟਮਾਰਟਮ ਰਿਪੋਰਟ ਜਾਰੀ ਹੋਣ ਤੋਂ ਬਾਅਦ ਲਾਈ ਗਈ ਜਾਂਚ ਟੀਮ ਦੇ ਮੈਂਬਰ ਸਨ।
ਜੰਗਲ ਵਿੱਚ ਮਿਲੀ ਲਾਸ਼ ਦੀਆਂ ਤਸਵੀਰਾਂ ਵਿੱਚ, ਮੋਲਿਨੋ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗਲ ਘੁੱਟਣ ਦੇ ਨਿਸ਼ਾਨ ਦੇਖੇ ਹਨ। ਉਹ ਕਹਿੰਦੇ ਹਨ ਕਿ ਗੂਜ਼ਮੈਨ ਦੀ ਮੌਤ ਗਲਾ ਘੋਟਣ ਨਾਲ ਹੋਈ ਸੀ।
ਕੀ ਗੂਜ਼ਮੈਨ ਅਜੇ ਜਿਉਂਦੇ ਹਨ?

ਉਨ੍ਹਾਂ ਨੇ ਪੌਡਕਾਸਟ ਨੂੰ ਦੱਸਿਆ, “ਉਨ੍ਹਾਂ ਨੂੰ ਮਾਰਨ ਤੋਂ ਬਾਅਦ ਹੈਲੀਕਾਪਟਰ ਵਿੱਚੋਂ ਸੁੱਟ ਦਿੱਤਾ ਗਿਆ ਹੋਵੇਗਾ। ਵੱਡੇ ਅਪਰਾਧਾਂ ਵਿੱਚ ਹਮੇਸ਼ਾ ਇੱਕ ਬਲੀ ਦਾ ਬੱਕਰਾ ਹੁੰਦਾ ਹੈ। ਇਸ ਲਈ ਅਸਲ ਮਾਸਟਰਮਾਈਂਡ ਦੀ ਸ਼ਾਇਦ ਕਦੇ ਵੀ ਪਛਾਣ ਨਹੀਂ ਹੋ ਸਕੇਗੀ।”
ਕੀ ਲਾਸ਼ ਗੂਜ਼ਮੈਨ ਦੀ ਹੀ ਸੀ?
ਫੌਰੈਂਸਿਕ ਐਂਥਰੋਪੌਲੋਜਿਸਟ ਡਾ਼ ਰਿਚਰਡ ਟਡੂਰਨ, ਜਿਨ੍ਹਾਂ ਨੇ ਮੋਲਿਨੋ ਨਾਲ ਕੰਮ ਕੀਤਾ ਸੀ। ਉਹ ਦੱਸਦੇ ਹਨ, ਮੁਢਲੇ ਵੇਰਵਿਆਂ ਮੁਤਾਬਕ, ਇਹ ਲੱਗ ਸਕਦਾ ਹੈ ਕਿ ਮਰਹੂਮ ਨੂੰ ਮਰੇ ਨੂੰ ਚਾਰ ਦਿਨ ਤੋਂ ਵੱਧ ਹੋ ਗਏ ਸਨ।
ਗੂਜ਼ਮੈਨ ਦੀ ਪਤਨੀ ਜੈਨੀ ਦਾ ਵੀ ਕਹਿਣਾ ਹੈ ਕਿ ਮਿਲੀ ਲਾਸ਼ ਦੇ ਦੰਦ ਸਹੀ-ਸਲਾਮਤ ਸਨ, ਜਦਕਿ ਉਨ੍ਹਾਂ ਦੇ ਪਤੀ ਦੇ ਦੰਦ ਨਕਲੀ ਸਨ। ਵਿਲਟਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦੰਦਸਾਜ਼ੀ ਦੇ ਵੇਰਵੇ ਪਰਿਵਾਰ ਵੱਲੋਂ ਕਦੇ ਜਨਤਕ ਨਹੀਂ ਕੀਤੇ ਗਏ।
ਭੂ-ਵਿਗਿਆਨੀ ਜੀਗਰ ਜੋ ਕਿ ਜੈਨੀ ਡੀ ਗੂ਼ਜ਼ਮੈਨ ਦੀ ਸਹੇਲੀ ਹੈ, ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਪਤੀ ਜ਼ਿੰਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਗੂਜ਼ਮੈਨ ਹੁਣ ਕੇਮੈਨ ਜੰਗਲਾਂ ਵਿੱਚ ਰਹਿ ਰਹੇ ਹਨ।
ਕੀ ਗੂਜ਼ਮੈਨ ਨੇ ਆਪਣੀ ਨਕਲੀ ਮੌਤ ਦੀ ਕਹਾਣੀ ਲਿਖੀ ਹੋ ਸਕਦੀ ਹੈ। ਕੀ ਉਨ੍ਹਾਂ ਨੇ ਕਿਸੇ ਲਾਸ਼ ਦਾ ਇੰਤਜ਼ਾਮ ਕੀਤਾ ਹੋ ਸਕਦਾ ਹੈ। ਕੀ ਉਨ੍ਹਾਂ ਨੇ ਉਹ ਲਾਸ਼ ਜੋ ਲੱਭੀ ਗਈ ਹੈਲੀਕਾਪਟਰ ਵਿੱਚ ਭੇਜੀ। ਕੀ ਉਹ ਹੈਲੀਕਾਪਟਰ ਉੱਤੇ ਚੜ੍ਹੇ ਵੀ ਸਨ।
ਜੈਨੀ ਤੋਂ ਗੂਜ਼ਮੈਨ ਦਾ ਜੋ ਬੇਟਾ ਹੈ, ਉਹ ਅਜੇ ਵੀ ਮੰਨਦਾ ਹੈ ਕਿ ਉਸਦੇ ਪਿਤਾ ਜਿਉਂਦੇ ਹਨ। ਇਹ ਉਸ ਨੂੰ ਮਾਂ ਨੇ ਦੱਸਿਆ ਹੈ।
ਉਹ ਆਪਣੇ ਪਿਤਾ ਵਾਂਗ ਹੀ ਇੱਕ ਭੂ-ਵਿਗਿਆਨੀ ਹੈ ਅਤੇ ਆਪਣੇ ਪਿਤਾ ਦੀ ਵਿਰਾਸਤ ਅੱਗੇ ਵਧਾਉਣਾ ਚਾਹੁੰਦਾ ਹੈ, ਪਰ ਸਹੀ ਤਰੀਕੇ ਨਾਲ।
ਮਾਈਕਲ ਡੀ ਗੂਜ਼ਮੈਨ ਦਾ ਕਹਿਣਾ ਹੈ, “ਸ਼ਾਇਦ ਮੈਂ ਆਪਣੀਆਂ ਖਾਨਾਂ ਸ਼ੁਰੂ ਕਰਾਂਗਾ। ਕੁਝ ਨਿਵੇਸ਼ਕ ਹਾਸਲ ਕਰਾਂਗਾ ਅਤੇ ਇੱਕ ਬਿਹਤਰ ਮਾਈਕ ਡੀ ਗੂਜ਼ਮੈਨ ਬਣਾਂਗਾ”








