ਉੱਤਰਕਾਸ਼ੀ ਸੁਰੰਗ ਹਾਦਸੇ ਨੂੰ ਕਿਵੇਂ ਟਾਲਿਆ ਜਾ ਸਕਦਾ ਸੀ? ਸੁਰੰਗ ਮਾਹਰ ਅਰਨੋਲਡ ਡਿਕਸ ਨੇ ਇਹ ਕਿਹਾ

ਤਸਵੀਰ ਸਰੋਤ, Getty Images
- ਲੇਖਕ, ਅਨੰਤ ਝਣਾਣੇ
- ਰੋਲ, ਬੀਬੀਸੀ ਪੱਤਰਕਾਰ
ਉੱਤਰਕਾਸ਼ੀ ’ਚ ਇੱਕ ਸੁਰੰਗ ਵਿੱਚ 17 ਦਿਨਾਂ ਤੋਂ 41 ਮਜ਼ਦੂਰਾਂ ਦੇ ਫਸੇ ਰਹਿਣ ਦੀ ਘਟਨਾ ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਸੁਰਖੀਆਂ ਵਿੱਚ ਹੈ।
ਇਹ ਸਵਾਲ ਵੀ ਚੁੱਕਿਆ ਗਿਆ ਹੈ ਕਿ ਕੀ ਮਜ਼ਦੂਰਾਂ ਦੀ ਸੁਰੱਖਿਆ ਲਈ ਬਿਹਤਰ ਪ੍ਰਬੰਧ ਕੀਤੇ ਜਾ ਸਕਦੇ ਸਨ? ਕੀ ਇਸ ਹਾਦਸੇ ਤੋਂ ਬਚਣ ਲਈ ਕੁਝ ਕੀਤਾ ਜਾ ਸਕਦਾ ਸੀ?
ਬੀਬੀਸੀ ਨੇ ਸਰਕਾਰੀ ਵੈੱਬਸਾਈਟ infracon.nic.in ਦੀ ਸਾਈਟ 'ਤੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ। ਇਸ ਪ੍ਰੋਜੈਕਟ ਦੀ ਤਜਵੀਜ਼ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਕੁਝ ਹੱਦ ਤੱਕ ਤਾਂ ਮਿਲ ਹੀ ਜਾਂਦੇ ਹਨ।
ਜੂਨ 2018 ਵਿੱਚ ਤਿਆਰ ਕੀਤੇ ਗਏ ਸਿਲਕਿਆਰਾ ਪ੍ਰੋਜੈਕਟ ਦੀ ਆਰਐੱਫ਼ਪੀ (ਪ੍ਰੋਪੋਜ਼ਲ ਲਈ ਬੇਨਤੀ) ਤੋਂ ਬੀਬੀਸੀ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਰਕਾਰ ਨੈਸ਼ਨਲ ਹਾਈਵੇਅ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐੱਨਐੱਚਆਈਡੀਸੀਐੱਲ) ਇਥੇ ਕਿਸ ਤਰ੍ਹਾਂ ਸੁਰੰਗ ਬਣਾਉਣਾ ਚਾਹੁੰਦਾ ਸੀ।

ਤਸਵੀਰ ਸਰੋਤ, Getty Images
ਵੱਡੀ ਲਾਗਤ ਵਾਲਾ ਪ੍ਰੋਜੈਕਟ
ਇਸ ਜਾਣਕਾਰੀ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਇਸ ਪ੍ਰੋਜੈਕਟ ਦਾ ਮਕਸਦ ਸਿਲਕਿਆਰਾ ਮੋੜ 'ਤੇ ਬਰਕੋਟ ਦੀ ਦੋ-ਮਾਰਗੀ ਬਾਈ-ਡਾਏਰੈਕਸ਼ਨ ਸੁਰੰਗ ਬਣਾਉਣਾ ਹੈ।
ਇਸ ਦੇ ਸੰਚਾਲਨ ਅਤੇ ਰੱਖ-ਰਖਾਅ ਤੋਂ ਇਲਾਵਾ ਨੈਸ਼ਨਲ ਹਾਈਵੇ 134 ਵਿੱਚ ਧਰਾਸੂ-ਯਮੁਨੋਤਰੀ ਸੈਕਸ਼ਨ ਦੇ 25.4 ਤੋਂ 51 ਕਿਲੋਮੀਟਰ ਦੇ ਵਿਚਕਾਰ ਪੈਣ ਵਾਲੀ ਅਪ੍ਰੋਚ ਸੜਕ ਅਤੇ ਏਸਕੇਪ ਵੇਅ (ਇਥੋਂ ਬਾਹਰ ਨਿਕਲਨ ਲਈ ਰਾਹ) ਦਾ ਨਿਰਮਾਣ ਕਰਨਾ ਵੀ ਇਸ ਪ੍ਰੋਜੈਕਟ ਵਿੱਚ ਸ਼ਾਮਲ ਹੈ।
2018 ਦੇ ਅਨੁਮਾਨਾਂ ਮੁਤਾਬਕ ਇਹ ਪ੍ਰੋਜੈਕਟ 853 ਕਰੋੜ 79 ਲੱਖ ਰੁਪਏ ਦੀ ਲਾਗਤ ਨਾਲ 48 ਮਹੀਨਿਆਂ ਵਿੱਚ ਪੂਰਾ ਹੋਣਾ ਸੀ।
ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਅਨੁਮਾਨ ਕਮੇਟੀ ਦੀ ਰਿਪੋਰਟ ਵਿੱਚ ਦਰਜ ਹੈ ਕਿ 2021 ਵਿੱਚ ਇਸ ਪ੍ਰੋਜੈਕਟ ਦੀ ਲਾਗਤ ਵਧ ਕੇ 1383 ਕਰੋੜ 78 ਲੱਖ ਰੁਪਏ ਹੋ ਗਈ ਅਤੇ ਇਹ ਲਿਖਿਆ ਗਿਆ ਹੈ ਕਿ ਸੁਰੰਗ, ਬਚਣ ਦਾ ਰਸਤਾ ਅਤੇ ਪਹੁੰਚ ਸੜਕ 8 ਜੁਲਾਈ, 2022 ਤੱਕ ਬਣ ਜਾਣਗੇ।

ਤਸਵੀਰ ਸਰੋਤ, Getty Images
ਕੀ ਇਹ ਸੁਰੰਗ ਬਣਾਉਣੀ ਜ਼ਰੂਰੀ ਸੀ?
ਇਸ ਰਾਹਤ ਕਾਰਜ ਵਿੱਚ ਇੰਟਰਨੈਸ਼ਨਲ ਟਨਲਿੰਗ ਐਂਡ ਅੰਡਰਗਰਾਊਂਡ ਸਪੇਸ ਐਸੋਸੀਏਸ਼ਨ (ਆਈਟੂਐੱਸਏ) ਦੇ ਪ੍ਰਧਾਨ ਅਰਨੋਲਡ ਡਿਕਸ ਵੀ ਮੌਜੂਦ ਹਨ।
ਉਹ ਹਰ ਰੋਜ਼ ਸੁਰੰਗ ਦੇ ਅੰਦਰ ਜਾਂਦੇ ਹਨ ਅਤੇ ਆਪਣੀ ਮੁਹਾਰਤ ਰਾਹੀਂ ਬਚਾਅ ਕਾਰਜ ਵਿੱਚ ਤਕਨੀਕੀ ਸਹਾਇਤਾ ਦਿੰਦੇ ਹਨ।
ਤਾਂ ਕੀ ਅਜਿਹੀ ਸੁਰੰਗ ਵਿੱਚ ਬਚਣ ਦਾ ਰਸਤਾ ਬਣਾਉਣਾ ਜ਼ਰੂਰੀ ਹੈ?
ਅਰਨੋਲਡ ਡਿਕਸ ਦਾ ਕਹਿਣਾ ਹੈ, "ਮੇਰੀ ਨਿੱਜੀ ਰਾਇ ਹੈ ਕਿ ਸੁਰੰਗ ਦੇ ਨਿਰਮਾਣ ਦੇ ਇਸ ਪੜਾਅ 'ਤੇ ਬਚਣ ਦਾ ਰਸਤਾ ਹੋਣਾ ਜ਼ਰੂਰੀ ਨਹੀਂ ਹੈ। ਆਮ ਤੌਰ 'ਤੇ ਤੁਸੀਂ ਉਸਾਰੀ ਅਧੀਨ ਸੁਰੰਗ ਦੇ ਡਿੱਗਣ ਦੀ ਉਮੀਦ ਨਹੀਂ ਕਰਦੇ ਹੋ।"
"ਦੁਨੀਆ ਭਰ ਵਿੱਚ ਅਸੀਂ ਆਪਣੀਆਂ ਸੁਰੰਗਾਂ ਇਹ ਸੋਚ ਕੇ ਨਹੀਂ ਬਣਾਉਂਦੇ ਕਿ ਉਹ ਇਸ ਤਰ੍ਹਾਂ ਡਿੱਗ ਜਾਣਗੀਆਂ। ਅਸੀਂ ਮੁੱਖ ਸੁਰੰਗ ਬਣਾਉਣ ਦੇ ਅੰਤ ਵਿੱਚ ਬਚਣ ਲਈ ਸੁਰੰਗਾਂ ਬਣਾਉਂਦੇ ਹਾਂ ਤਾਂ ਕਿ ਜੇ ਕੋਈ ਘਟਨਾ ਵਾਪਰ ਜਾਵੇ ਤਾਂ ਸੁਰੰਗ ਦੀ ਵਰਤੋਂ ਕਰਨ ਵਾਲੇ ਲੋਕਾਂ ਦਾ ਬਚਾਅ ਕੀਤਾ ਜਾ ਸਕੇ।"

ਤਸਵੀਰ ਸਰੋਤ, Getty Images
ਇਹ ਪੁੱਛੇ ਜਾਣ 'ਤੇ ਕਿ ਕੀ ਇਸ ਪ੍ਰੋਜੈਕਟ 'ਚ ਬਚਣ ਦੀ ਸੁਰੰਗ ਬਣਾਉਣ ਦਾ ਪ੍ਰਸਤਾਵ ਹੈ ਤਾਂ ਉਨ੍ਹਾਂ ਕਿਹਾ, ''ਜਿੱਥੋਂ ਤੱਕ ਮੈਨੂੰ ਪਤਾ ਹੈ, ਇਹ ਅੰਤਿਮ ਡਿਜ਼ਾਈਨ 'ਚ ਹੈ।
“ਪਰ ਜਦੋਂ ਅਸੀਂ ਮੁੱਖ ਸੁਰੰਗ ਬਣਾ ਰਹੇ ਹੁੰਦੇ ਹਾਂ ਤਾਂ ਅਸੀਂ ਆਮ ਤੌਰ 'ਤੇ ਅਜਿਹਾ ਨਹੀਂ ਕਰਦੇ।”
ਕੁਝ ਯੂਰਪੀਅਨ ਦੇਸ਼ਾਂ ਵਿੱਚ ਅਸੀਂ ਇੱਕ ਸਰਵਿਸ ਸੁਰੰਗ ਬਣਾਉਂਦੇ ਹਾਂ, ਜਿਸਦੀ ਵਰਤੋਂ ਬਚਣ ਲਈ ਕੀਤੀ ਜਾ ਸਕਦੀ ਹੈ ਪਰ ਇਹ ਇਸਦਾ ਮੁੱਖ ਮਕਸਦ ਨਹੀਂ ਹੁੰਦਾ ਹੈ।"
ਅਰਨੋਲਡ ਡਿਕਸ ਦਾ ਕਹਿਣਾ ਹੈ, "ਪਰ ਹੁਣ ਇੱਥੇ ਅਜਿਹੀ ਘਟਨਾ ਵਾਪਰ ਗਈ ਹੈ।"
ਜਦੋਂ ਬੀਬੀਸੀ ਨੇ ਅਰਨੋਲਡ ਡਿਕਸ ਨੂੰ ਸਿੱਕਮ ਵਿੱਚ ਤਕਰੀਬਨ ਮੁਕੰਮਲ ਹੋ ਚੁੱਕੀ ਸੁਰੰਗ ਬਾਰੇ ਦੱਸਿਆ ਜਿਸ ਵਿੱਚ ਇੱਕ ਬਚਾਅ ਸੁਰੰਗ ਵੀ ਹੈ, ਤਾਂ ਅਰਨੋਲਡ ਡਿਕਸ ਨੇ ਕਿਹਾ, "ਮੈਂ ਉਹ ਸੁਰੰਗ ਨਹੀਂ ਦੇਖੀ ਹੈ ਪਰ ਸੰਭਵ ਹੈ ਕਿ ਭਾਰਤ ਦੇ ਬਹੁਤ ਗੁੰਝਲਦਾਰ ਭੂ-ਵਿਗਿਆਨ ਕਾਰਨ, ਇਥੇ ਬਚਾਹ ਸੁਰੰਗਾਂ ਬਣਾਈਆਂ ਜਾਂਦੀਆਂ ਹੋਣ।”
"ਬਣਾਈ ਤਾਂ ਜਾ ਸਕਦੀ ਹੈ ਪਰ ਅਸੀਂ ਵਿਦੇਸ਼ਾਂ ਵਿੱਚ ਤਾਂ ਅਜਿਹਾ ਨਹੀਂ ਕਰਦੇ।"

ਤਸਵੀਰ ਸਰੋਤ, Getty Images
ਕੀ ਸੁਰੰਗ ਢਹਿਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ?
ਇਸ ਬਾਰੇ ਇੰਟਰਨੈਸ਼ਨਲ ਟਨਲਿੰਗ ਐਂਡ ਅੰਡਰਗਰਾਊਂਡ ਸਪੇਸ ਐਸੋਸੀਏਸ਼ਨ ਦੇ ਪ੍ਰਧਾਨ ਆਰਨੋਲਡ ਡਿਕਸ ਦਾ ਕਹਿਣਾ ਹੈ, ''ਮੈਂ ਜਾਣਦਾ ਹਾਂ ਕਿ ਇਸ ਮਾਮਲੇ ਦੀ ਬਹੁਤ ਡੂੰਘਾਈ ਨਾਲ ਜਾਂਚ ਹੋਵੇਗੀ ਕਿਉਂਕਿ ਪੂਰੀ ਦੁਨੀਆ ਇਸ ਘਟਨਾ ਨੂੰ ਦੇਖ ਰਹੀ ਹੈ ਅਤੇ ਭਾਰਤ ਵੀ ਦੇਖ ਰਿਹਾ ਹੈ। ਮੈਂ ਇਸ ਬਾਰੇ ਕੁਝ ਖਾਸ ਨਹੀਂ ਜਾਣਦਾ ਹਾਂ।"
ਅਸੀਂ ਪੁੱਛਿਆ ਕਿ ਕੀ ਸੁਰੰਗ ਮਾਹਰ ਹੋਣ ਦੇ ਨਾਤੇ ਉਹ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕਰਵਾਉਣਾ ਚਾਹੁੰਦੇ ਹਨ?
ਇਸ ਲਈ ਅਰਨੋਲਡ ਡਿਕਸ ਕਹਿੰਦਾ ਹੈ, "ਬੇਸ਼ਕ, ਨਹੀਂ ਤਾਂ ਇਹ ਸਾਰੀ ਮਿਹਨਤ, ਇਹ ਘਟਨਾਕ੍ਰਮ ਵਿਅਰਥ ਜਾਵੇਗਾ।"
ਜੇਕਰ ਅਸੀਂ ਇਸ ਘਟਨਾ ਤੋਂ ਕੁਝ ਨਹੀਂ ਸਿੱਖਿਆ ਤਾਂ ਸਾਨੂੰ ਕੀ ਹਾਸਲ ਹੋਇਆ? ਤਾਂ ਫਿਰ ਇੰਨਾ ਪੈਸਾ ਖਰਚ ਕੇ ਸਾਨੂੰ ਕੀ ਲਾਭ ਹੋਇਆ? ਸਿਰਫ਼ ਤਣਾਅ ਅਤੇ ਪੈਸੇ ਦੀ ਬਰਬਾਦੀ ਅਤੇ ਸੁਰੰਗਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਵਿੱਚ ਤਣਾਅ ਵਧਿਆ?"
ਅਰਨੋਲਡ ਡਿਕਸ ਦਾ ਕਹਿਣਾ ਹੈ, "ਜਿੱਥੋਂ ਤੱਕ ਮੈਂ ਸਮਝਦਾ ਹਾਂ, ਜਾਂਚ ਟੀਮ ਪਹਿਲੇ ਦਿਨ ਤੋਂ ਹੀ ਇਸ ਵਿੱਚ ਲੱਗੀ ਹੋਈ ਹੈ, ਕਿਉਂਕਿ ਇਸਨੂੰ ਸਧਾਰਨ ਜਾਂ ਆਮ ਘਟਨਾ ਨਹੀਂ ਸਮਝਿਆ ਜਾਂਦਾ ਬਲਕਿ ਇਹ ਖ਼ਾਸ ਸਥਿਤੀ ਹੈ।"
“ਜਾਂਚ ਟੀਮ ਇੱਥੇ ਹੈ ਪਰ ਮੈਂ ਉਸ ਟੀਮ ਦਾ ਹਿੱਸਾ ਨਹੀਂ ਹਾਂ। ਕੁਝ ਕੁਦਰਤੀ ਆਫ਼ਤਾਂ ਦੇ ਮਾਮਲਿਾਂ ਵਿੱਚ ਮੈਂ ਜਾਂਚ ਟੀਮਾਂ ਵਿੱਚ ਰਿਹਾ ਹਾਂ। ਹਾਂ ਇਸ ਹਾਦਸੇ ਵਿੱਚ ਮੈਂ 41 ਲੋਕਾਂ ਨੂੰ ਬਚਾਉਣ ਦੇ ਕੰਮ ਵਿੱਚ ਲੱਗਾ ਹੋਇਆ ਹਾਂ।"

ਤਸਵੀਰ ਸਰੋਤ, ANI
ਕੀ ਕੋਈ ਵੱਖਰੀ ਤਕਨੀਕ ਵਰਤੀ ਜਾਣੀ ਚਾਹੀਦੀ ਸੀ?
ਇਸ ਬਾਰੇ ਡਿਕਸ ਦਾ ਕਹਿਣਾ ਹੈ, ''ਅਸੀਂ ਆਮ ਤੌਰ 'ਤੇ ਚਟਾਨ ਦੀ ਬਣਤਰ ਨੂੰ ਦੇਖਦੇ ਹਾਂ ਅਤੇ ਉਸੇ ਹਿਸਾਬ ਨਾਲ ਉਸ ਚੱਟਾਨ ਲਈ ਸਪੋਰਟ ਸਿਸਟਮ ਬਣਾਉਂਦੇ ਹਾਂ।”
ਬਚਾਅ ਕਾਰਜ ਲਈ ਵਿਛਾਈ ਜਾ ਰਹੀ ਪਾਈਪ ਲਾਈਨ ਲਈ ਹੋ ਰਹੀ ਡ੍ਰਿਲਿੰਗ ਦੌਰਾਨ ਵਾਰ-ਵਾਰ ਸਰੀਏ ਅਤੇ ਲੋਹੇ ਦੇ ਟੁਕੜਿਆਂ ਦੇ ਟਕਰਾਉਣ ਦੀ ਆਵਾਜ਼ ਸੁਣ ਰਹੇ ਹੋ ਤਾਂ ਉਹ ਆਵਾਜ਼ ਉਸਾਰੀ ਵਿੱਚ ਵਰਤੇ ਜਾਣ ਵਾਲੇ ਲੋਹੇ ਦੇ ਗਾਰਡਰ ਹਨ।
ਆਮ ਤੌਰ 'ਤੇ, ਸੁਰੰਗ ਬਣਾਉਣ ਲਈ ਜਾਲੀਦਾਰ ਗਰਡਰ ਭਾਵ ਯਾਨੀ ਸਰੀਏ ਤੋਂ ਬਣੇ ਗਾਡਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਸਿੰਗਲ ਪੀਸ ਲੋਹੇ ਤੋਂ ਬਣੇ ਆਈਐੱਸਐੱਮਬੀ ਗਾਰਡਰ ਤੋਂ ਵੱਖਰਾ ਹੁੰਦਾ ਹੈ।
ਇਨ੍ਹਾਂ ਦੋਵਾਂ ਕਿਸਮਾਂ ਦੇ ਗਾਰਡਰਾਂ ਦਾ ਮਕਸਦ ਸੁਰੰਗ ਨੂੰ ਟੁੱਟਣ ਤੋਂ ਰੋਕਣਾ ਹੈ।

ਤਸਵੀਰ ਸਰੋਤ, UTTRAKHAND GOVT
ਤਾਂ ਦੋਵਾਂ ਵਿੱਚੋਂ ਬਿਹਤਰ ਗਾਰਡਰ ਕਿਹੜਾ ਹੈ?
ਇਸ ਸਵਾਲ 'ਤੇ ਆਰਨੋਲਡ ਡਿਕਸ ਕਹਿੰਦੇ ਹਨ, "ਆਮ ਤੌਰ 'ਤੇ ਅਸੀਂ ਚਟਾਨ ਦੀ ਕਿਸਮ ਦੇ ਹਿਸਾਬ ਨਾਲ ਸਪੋਰਟ ਸਿਸਟਮ ਬਣਾਉਣ ਦਾ ਫ਼ੈਸਲਾ ਕਰਦੇ ਹਾਂ।"
"ਮੈਂ ਜੋ ਦੇਖ ਰਿਹਾ ਹਾਂ ਕਿ ਹਿਮਾਲਿਆ ਵਿੱਚ ਇੱਕ ਅਸਾਧਾਰਨ ਸਥਿਤੀ ਪੈਦਾ ਹੋ ਰਹੀ ਹੈ, ਇੱਥੇ ਚਟਾਨਾਂ ਦੀ ਸ਼੍ਰੇਣੀ ਬਦਲ ਰਹੀ ਹੈ ਅਤੇ ਇਸਦੀ ਜਾਂਚ ਹੋਣਾ ਜ਼ਰੂਰੀ ਹੈ ਕਿਉਂਕਿ ਜੋ ਹਿੱਸਾ ਢਹਿ ਗਿਆ ਹੈ, ਉਹ ਪਹਿਲਾਂ ਕਦੇ ਨਹੀਂ ਢਹਿਆ ਸੀ ਅਤੇ ਇਸ ਦੇ ਡਿੱਗਣ ਦਾ ਕੋਈ ਸੰਕੇਤ ਵੀ ਨਜ਼ਰ ਨਹੀਂ ਸੀ ਆਉਂਦਾ।"

ਤਸਵੀਰ ਸਰੋਤ, ANI
ਕੀ ਇਸ ਸੁਰੰਗ ਵਿੱਚ ਕੋਈ ਬਚਣ ਦਾ ਰਸਤਾ ਸੀ?
“ਸਾਡੇ ਸਾਹਮਣੇ ਚੁਣੌਤੀ ਇਹ ਪਤਾ ਲਗਾਉਣਾ ਦੀ ਹੈ ਕਿ ਇਸ ਪਹਾੜ ਵਿੱਚ ਅਜਿਹਾ ਕੀ ਹੈ ਜਿਸ ਨੇ ਸਾਨੂੰ ਇਸ ਸਥਿਤੀ ’ਤੇ ਪਹੁੰਚਾ ਦਿੱਤਾ ਹੈ। ਇਸ ਸੁਰੰਗ ਦੀ ਇੰਜੀਨੀਅਰਿੰਗ ਨੇ ਉਸ ਤਰ੍ਹਾਂ ਦੀ ਮਜ਼ਬੂਤੀ ਨਹੀਂ ਦਿਖਾਈ ਜਿਸ ਦੀ ਆਸ ਸੀ?
ਜੇਕਰ ਸੁਰੰਗ ਵਿੱਚ ਗਰਾਊਟਿੰਗ (ਦਰਾਰਾਂ ਦੀ ਮੁਰੰਮਤ ਦਾ ਕੰਮ) ਕੰਮ ਚੱਲ ਰਿਹਾ ਸੀ, ਤਾਂ ਕੀ ਮਜ਼ਦੂਰਾਂ ਨੂੰ ਗਰਾਊਟਿੰਗ ਵਾਲੀ ਥਾਂ ਤੋਂ ਸੁਰੰਗ ਦੇ ਅੰਦਰ ਨਹੀਂ ਜਾਣਾ ਚਾਹੀਦਾ?
ਇਸ ਬਾਰੇ ਆਰਨੋਲਡ ਡਿਕਸ ਦਾ ਕਹਿਣਾ ਹੈ, "ਮੈਨੂੰ ਇਸ ਬਾਰੇ ਤਣਾਅ ਨਹੀਂ ਹੋਵੇਗਾ ਕਿਉਂਕਿ ਮੈਂ ਸੁਰੰਗ ਦੇ ਟੁੱਟਣ ਦੀ ਉਮੀਦ ਨਹੀਂ ਕਰਾਂਗਾ।"
“ਆਮ ਤੌਰ 'ਤੇ, ਅਸੀਂ ਸੁਰੰਗ ਵਿੱਚ ਵੱਖ-ਵੱਖ ਥਾਵਾਂ 'ਤੇ ਵੱਖਰੇ ਤਰੀਕੇ ਨਾਲ ਕੰਮ ਕਰਦੇ ਹਾਂ ਅਤੇ ਆਪਸ ਵਿੱਚ ਤਾਲਮੇਲ ਬਣਾਈ ਰੱਖਦੇ ਹਾਂ, ਪਰ ਮੈਂ ਆਪਣੇ ਤਜ਼ਰਬਿਆਂ ਵਿੱਚ ਕਦੇ ਨਹੀਂ ਦੇਖਿਆ ਕਿ ਜੇਕਰ ਸੁਰੰਗ ’ਚ ਇੱਕ ਜਗ੍ਹਾ 'ਤੇ ਕੁਝ ਕੰਮ ਚੱਲ ਰਿਹਾ ਹੈ ਤਾਂ ਹੋਰ ਲੋਕਾਂ ਨੂੰ ਉਥੇ ਜਾਣ ਦੀ ਮਨਾਹੀ ਹੋਵੇ।"
ਸਿਲਕਿਆਰਾ ਸੁਰੰਗ ਪ੍ਰੋਜੈਕਟ ਨਾਲ ਸਬੰਧਤ ਇੱਕ ਸਰਕਾਰੀ ਦਸਤਾਵੇਜ਼ ਵਿੱਚ ਬਚਣ ਦੇ ਰਸਤੇ ਬਣਾਉਣ ਦਾ ਜ਼ਿਕਰ ਸੀ, ਇਸ ਲਈ ਜਦੋਂ ਅਸੀਂ ਐੱਨਐੱਚਆਈਡੀਸੀਐੱਲ ਦੇ ਐੱਮਡੀ ਮਹਿਮੂਦ ਅਹਿਮਦ ਨੂੰ ਪੁੱਛਿਆ ਕਿ ਕੀ ਸੁਰੰਗ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਵਿੱਚ ਵੀ ਬਚਣ ਦੇ ਰਸਤੇ ਯਾਨੀ (ਏਸਕੇਪ ਪੈਸੇਜ) ਬਾਰੇ ਕੋਈ ਯੋਜਨਾ ਹੈ ਜਾਂ ਨਹੀਂ। ਨਹੀਂ?
ਇਸ ਸਵਾਲ ਦੇ ਜਵਾਬ 'ਚ ਅਹਿਮਦ ਨੇ ਕਿਹਾ, "ਤੁਸੀਂ ਜੋ ਸਵਾਲ ਪੁੱਛਿਆ ਹੈ, ਉਹ ਸਾਡੇ ਦਿਮਾਗ 'ਚ ਵੀ ਹੈ। ਇਕ ਕਮੇਟੀ ਬਣਾਈ ਗਈ ਹੈ, ਉਸ ਦੇ ਨਤੀਜੇ ਹਾਲੇ ਸਾਹਮਣੇ ਆਉਣੇ ਹਨ।"
"ਸਾਡਾ ਪਹਿਲਾ ਮਕਸਦ ਆਪਣੇ 41 ਸਾਥੀਆਂ ਨੂੰ ਬਾਹਰ ਲਿਆਉਣਾ ਹੈ।"
ਜਦੋਂ ਬੀਬੀਸੀ ਨੇ ਇਹ ਪੁੱਛਣਾ ਚਾਹਿਆ ਕਿ ਕੀ ਕਮੇਟੀ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਮਹਿਮੂਦ ਅਹਿਮਦ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ।












