ਸੁਰੰਗ ਅੰਦਰ ਜ਼ਿੰਦਗੀ: ਘੁੱਪ ਹਨੇਰੇ ’ਚ ਨਾ ਫ਼ੋਨ, ਨਾ ਟਿਫ਼ਿਨ ਅਤੇ ਘੰਟਿਆਂ ਤੱਕ ਦੁਨੀਆ ਤੋਂ ਦੂਰ

ਮਾਈਨਰ

ਤਸਵੀਰ ਸਰੋਤ, Daniel Berehulak/Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
    • ਲੇਖਕ, ਰਵੀ ਪ੍ਰਕਾਸ਼
    • ਰੋਲ, ਬੀਬੀਸੀ ਲਈ, ਰਾਂਚੀ ਤੋਂ

ਘੁੱਪ ਹਨੇਰਾ, ਟੌਰਚ ਦੀ ਰੌਸ਼ਨੀ ਵਿੱਚ ਕੰਮ। ਮੱਥੇ ਉੱਤ ਖ਼ਾਸ ਹੈਲਮੇਟ ਅਤੇ ਉਸ ਦੇ ਅਗਲੇ ਹਿੱਸੇ ਵਿੱਚ ਚਲਦੀ ਟੌਰਚ। ਲੱਕ ਵਿੱਚ ਬੰਨ੍ਹੀ ਬੈਲਟ ਵਿੱਚ ਟੰਗੀ ਬੈਟਰੀ। ਉਸ ਬੈਟਰੀ ਨਾਲ ਤਾਰ ਸਹਾਰੇ ਜੁੜੀ ਟੌਰਚ ਜੇ ਬੰਦ ਹੋ ਜਾਵੇ ਤਾਂ ਖ਼ੁਦ ਦਾ ਹੱਥ ਵੀ ਨਾ ਦਿਖੇ।

ਆਪਣੇ ਕੰਮ ਦੀ ਥਾਂ ਤੋਂ ਦੂਜੀ ਥਾਂ ਜਾਣ ਦੀ ਮਨਾਹੀ। ਧਰਤੀ ਅੰਦਰ ਕੰਮ ਕਰਨ ਵਾਲੀ ਥਾਂ (ਖਾਨ ਜਾਂ ਸੁਰੰਗ) ਵਿੱਚ ਪਖਾਨੇ ਦਾ ਇੰਤਜ਼ਾਮ ਨਾ ਹੋਣਾ। ਫ਼ੋਨ ਲਿਜਾਣ ਦੀ ਮਨਾਹੀ, ਖਾਣੇ ਦਾ ਟਿਫ਼ਿਨ ਵੀ ਨਹੀਂ। ਆਮ ਤੌਰ ਉੱਤੇ 2 ਲੀਟਰ ਦੀ ਪਾਣੀ ਦੀ ਬੋਤਲ ਤੇ ਕੰਮ ਦੇ ਅੱਠ ਘੰਟੇ ਤੱਕ ਬਾਹਰ ਦੀ ਦੁਨੀਆ ਨਾਲ ਕੋਈ ਸੰਪਰਕ ਨਹੀਂ।

ਅਜਿਹੀ ਹੁੰਦੀ ਹੈ ਧਰਤੀ ਦੇ ਸਤਿਹ ਤੋਂ ਕਈ ਮੀਟਰ ਅੰਦਰ ਡੂੰਘੀ ਖਾਨ ਜਾਂ ਸੁਰੰਗ ਵਿੱਚ ਕੰਮ ਕਰਨ ਵਾਲੇ ਕਿਸੇ ਮਜ਼ਦੂਰ (ਮਾਇਨਰ) ਦੀ ਜ਼ਿੰਦਗੀ।

ਉੱਤਰਕਾਸ਼ੀ ਵਿੱਚ ਹੋਏ ਸੁਰੰਗ ਹਾਦਸੇ ਤੋਂ ਬਾਅਦ ਧਰਤੀ ਅੰਦਰ ਕੰਮ ਕਰਨ ਵਾਲੇ ਅਜਿਹੇ ਹੀ ਕੁਝ ਲੋਕਾਂ ਨਾਲ ਬੀਬੀਸੀ ਨੇ ਗੱਲਬਾਤ ਕੀਤੀ, ਤਾਂ ਜੋ ਇਹ ਸਮਝ ਸਕੀਏ ਕਿ ਖਾਨ ਜਾਂ ਸੁਰੰਗ ਅੰਦਰ ਲੋਕ ਕਿਹੜੇ ਹਾਲਾਤ ਵਿੱਚ ਆਪਣਾ ਕੰਮ ਕਰਦੇ ਹਨ। ਉਸ ਵੇਲੇ ਉਨ੍ਹਾਂ ਨੂੰ ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸੁਰੰਗ

ਤਸਵੀਰ ਸਰੋਤ, CCL FACEBOOK

ਇਸ ਗੱਲਬਾਤ ਲਈ ਅਸੀਂ ਕੁਝ ਅਜਿਹੇ ਹੀ ਲੋਕਾਂ ਨੂੰ ਚੁਣਿਆ, ਜਿੰਨ੍ਹਾ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ (ਔਸਤਨ 25 ਸਾਲ) ਧਰਤੀ ਅੰਦਰ ਖਾਨ ਵਿੱਚ ਕੰਮ ਕਰਦਿਆਂ ਗੁਜ਼ਾਰਿਆ ਹੈ।

ਹਾਲਾਂਕਿ ਹੁਣ ਉਹ ਲੰਘੇ ਕੁਝ ਸਾਲਾਂ ਤੋਂ ਓਪਨ ਕਾਸਟ ਮਾਈਨਜ਼ (ਖੁਲ੍ਹੀ ਖਾਨ) ਵਿੱਚ ਕੰਮ ਕਰਨ ਲੱਗੇ ਹਨ।

ਦੇਸ਼ ਦੇ ਕੋਲ ਕੈਪਿਟਲ ਕਹੇ ਜਾਂਦੇ ਧਨਬਾਦ ਦੇ ਚਰਚਿਤ ਝਰੀਆ ਦੀ ਇੱਕ ਕੋਲੇ ਦੀ ਖਾਨ ਵਿੱਚ ਕੰਮ ਕਰਨ ਵਾਲੇ ਪੋਖਨ ਸਾਵ ਅਜਿਹੇ ਹੀ ਸ਼ਖ਼ਸ ਹਨ।

49 ਸਾਲ ਦੇ ਪੋਖਨ ਸਾਵ ਹੁਣ ਸੀਨੀਅਰ ਓਵਰਮੈਨ ਹਨ। ਮਹਿਜ਼ 21 ਸਾਲ ਦੀ ਉਮਰ ’ਚ ਸਾਲ 1995 ਵਿੱਚ ਇਨ੍ਹਾਂ ਨੇ ਮਾਈਨਿੰਗ ਵਰਕਰ (ਖਾਨ ਮਜ਼ਦੂਰ) ਦੇ ਤੌਰ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਹੁਣ ਉਹ ਰੈਸਕਿਊ ਟੀਮ ਨੂੰ ਵੀ ਲੀਡ ਕਰਦੇ ਹਨ।

ਜਦੋਂ ਪਹਿਲੀ ਵਾਰ ਖਾਨ ਅੰਦਰ ਗਏ...

ਪੋਖਨ ਸਾਵ ਜਦੋਂ ਖਾਨ ਅੰਦਰ ਪਹਿਲੀ ਵਾਰ ਗਏ ਤਾਂ ਨਾਲ ਤਜਰਬੇਕਾਰ ਸਾਥੀਆਂ ਦੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਡਰ ਲੱਗਿਆ। ਇਹ ਸੋਚ ਕੇ ਘਬਰਾਉਂਦੇ ਰਹੇ ਕਿ ਅੰਦਰ ਕੋਈ ਅਨਹੋਨੀ ਹੋ ਗਈ ਤਾਂ ਕੀ ਹੋਵੇਗਾ।

ਸ਼ੁਰੂਆਤੀ ਦਿਨਾਂ ਵਿੱਚ ਖਾਨ ’ਚ ਕਿਸ ਰਸਤੇ ਤੋਂ ਗਏ ਅਤੇ ਬਾਹਰ ਕਿਵੇਂ ਨਿਕਲੇ, ਇਹ ਤਾਂ ਪਤਾ ਨਹੀਂ ਚਲਦਾ ਸੀ ਪਰ ਹੌਲੀ-ਹੌਲੀ ਇਸ ਬਾਰੇ ਪਤਾ ਲੱਗਿਆ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, ‘‘ਖਾਨ ਵਿੱਚ ਜਾਣ ਤੋਂ ਪਹਿਲਾਂ ਵੋਕੇਸ਼ਨਲ ਟ੍ਰੇਨਿੰਗ ਸੈਂਟਰ (ਵੀਟੀਸੀ) ਵਿੱਚ ਪੂਰੀ ਟ੍ਰੇਨਿੰਗ ਦਿੱਤੀ ਗਈ ਸੀ। ਇਹ ਦੱਸਿਆ ਗਿਆ ਸੀ ਕਿ ਅੰਦਰ ਕੀ-ਕੀ ਹੁੰਦਾ ਹੈ। ਕਿਵੇਂ ਕੰਮ ਕਰਨਾ ਹੈ, ਕਿਵੇਂ ਸੰਚਾਰ ਹੋਵੇਗਾ ਜਾਂ ਫ਼ਿਰ ਐਮਰਜੈਂਸੀ ਹਾਲਾਤ ਵਿੱਚ ਕਿਵੇਂ ਰਹਿਣਾ ਹੈ। ਸਾਨੂੰ ਇੱਕ ਡਮੀ (ਆਰਜ਼ੀ) ਖਾਨ ਅੰਦਰ ਪ੍ਰੈਕਟਿਸ ਵੀ ਕਰਵਾਈ ਗਈ ਸੀ। ਇਸ ਦੇ ਬਾਵਜੂਦ ਮੈਨੂੰ ਡਰ ਲੱਗ ਰਿਹਾ ਸੀ। ਪਹਿਲੇ ਦਿਨ ਮੈਂ ਸਿਰਫ਼ 2-3 ਘੰਟੇ ਹੀ ਖਾਨ ਅੰਦਰ ਰਿਹਾ। ਫ਼ਿਰ ਹੌਲੀ-ਹੌਲੀ ਆਦਤ ਬਣ ਗਈ ਤਾਂ ਡਰ ਲੱਗਣਾ ਬੰਦਾ ਹੋ ਗਿਆ।’’

ਝਾਰਖੰਡ ਦੇ ਪਾਰਸਨਾਥ ਦੇ ਰਹਿਣ ਵਾਲੇ ਪੋਖਨ ਸਾਵ ਨੇ ਦੱਸਿਆ ਕਿ ਖਾਨ ਅੰਦਰ ਜਾਣ ਤੋਂ ਪਹਿਲਾਂ ਮਾਈਨਿੰਗ ਯੂਨੀਫਾਰਮ ਪਹਿਨੀ ਜਾਂਦੀ ਹੈ। ਵਿਸ਼ੇਸ਼ ਤਰ੍ਹਾਂ ਦੇ ਜੁੱਤੇ, ਜ਼ਰੂਰੀ ਮਸ਼ੀਨਾਂ ਅਤੇ ਲੱਕ ਉੱਤੇ ਬੈਲਟ ਲਗਾਉਣੀ ਹੁੰਦੀ ਹੈ।

‘‘ਇਸ ਵਿੱਚ ਬੈਟਰੀ ਲੱਗੀ ਹੁੰਦੀ ਹੈ, ਪਹਿਲਾਂ ਇਸ ਦਾ ਭਾਰ 5 ਕਿੱਲੋ ਹੁੰਦਾ ਸੀ। ਹੁਣ ਇਹ ਬੈਟਰੀ 250 ਗ੍ਰਾਮ ਦੀ ਹੁੰਦੀ ਹੈ। ਇਸ ਨੂੰ ਪਤਲੀ ਤਾਰ ਰਾਹੀਂ ਸਾਡੀ ਕੈਪ ਲਾਈਟ (ਹੈਲਮੇਟ ਦੇ ਅਗਲੇ ਹਿੱਸੇ ਵਿੱਚ ਲੱਗੀ ਟੌਰਚ) ਨਾਲ ਜੋੜਿਆ ਜਾਂਦਾ ਹੈ। ਉਸੇ ਕੈਪ ਲਾਈਟ ਦੀ ਰੌਸ਼ਨੀ ਨਾਲ ਅਸੀਂ ਕੰਮ ਕਰਦੇ ਹਾਂ। ਹਾਲਾਂਕਿ, ਖਾਨ ਵਿੱਚ ਥਾਂ-ਥਾਂ ਰੌਸ਼ਨੀ ਦਾ ਵੀ ਇੰਤਜ਼ਾਮ ਹੁੰਦਾ ਹੈ ਪਰ ਸਾਡਾ ਕੰਮ ਸਾਡੀ ਕੈਪ ਲਾਈਟ ਨਾਲ ਹੀ ਹੁੰਦਾ ਹੈ।’’

ਖਾਣ-ਪੀਣ ਦਾ ਇੰਤਜ਼ਾਮ

ਪੋਖਨ

ਤਸਵੀਰ ਸਰੋਤ, POKHAN SHAO

ਤਸਵੀਰ ਕੈਪਸ਼ਨ, ਝਾਰਖੰਡ ਦੇ ਪੋਖਨ ਸਾਵ ਨੇ ਦੱਸਿਆ ਕਿ ਖਾਨ ਅੰਦਰ ਜਾਣ ਤੋਂ ਪਹਿਲਾਂ ਵਿਸ਼ੇਸ਼ ਤਰ੍ਹਾਂ ਦੇ ਜੁੱਤੇ, ਜ਼ਰੂਰੀ ਮਸ਼ੀਨਾਂ ਅਤੇ ਲੱਕ ਉੱਤੇ ਬੈਲਟ ਲਗਾਉਣੀ ਹੁੰਦੀ ਹੈ।

ਪੋਖਨ ਸਾਵ ਨੇ ਕਿਹਾ, ‘‘ਅਸੀਂ ਆਪਣੇ ਨਾਲ ਪਾਣੀ ਦੀ ਬੋਤਲ ਵੀ ਰੱਖਦੇ ਹਾਂ। ਨਿਯਮਾਂ ਮੁਤਾਬਕ (ਮਾਈਨਜ਼ ਰੂਲਜ਼ ਐਂਡ ਰੈਗੁਲੇਸ਼ਨ) ਪੀਣ ਦੇ ਪਾਣੀ ਦੀ ਸਪਲਾਈ ਪਾਈਪਲਾਈਨ ਰਾਹੀਂ ਹੋਣੀ ਚਾਹੀਦੀ ਹੈ ਪਰ ਅਜਿਹਾ ਨਹੀਂ ਹੁੰਦਾ, ਇਸ ਲਈ ਅਸੀਂ ਆਪਣੀ ਪਾਣੀ ਦੀ ਬੋਤਲ ਨਾਲ ਲੈ ਕੇ ਜਾਂਦੇ ਹਾਂ। ਖਾਣੇ ਦਾ ਟਿਫਿਨ ਲੈ ਕੇ ਜਾਣ ਦਾ ਰੁਝਾਨ ਨਹੀਂ ਹੈ।’’

‘‘ਪਹਿਲਾਂ ਕੁਝ ਖਾਨਾਂ ਵਿੱਚ ਕੰਨਟੀਨ ਵੀ ਹੁੰਦੀ ਸੀ ਪਰ ਹੁਣ ਅਜਿਹਾ ਨਹੀਂ ਹੈ। ਹੁਣ ਜ਼ਿਆਦਾਤਰ ਓਪਨ ਕਾਸਟ ਮਾਈਨਜ਼ ਹਨ। ਜੋ ਅੰਡਰ ਮਾਈਨਜ਼ ਹਨ, ਉਨ੍ਹਾਂ ਵਿੱਚ ਵੀ ਕੰਨਟੀਨ ਨਹੀਂ ਹੈ। ਲਿਹਾਜ਼ਾ, ਖਾਨ ਮਜ਼ਦੂਰ ਡਿਊਟੀ ਉੱਤੇ ਆਉਣ ਤੋਂ ਪਹਿਲਾਂ ਘਰ ਹੀ ਖਾ ਲੈਂਦੇ ਹਨ। ਸਾਡੀ ਅੱਠ ਘੰਟੇ ਦੀ ਸ਼ਿਫ਼ਟ ਹੁੰਦੀ ਹੈ ਤੇ ਇਸ ਦੌਰਾਨ ਭੁੱਖ ਨਹੀਂ ਲੱਗਦੀ। ਸ਼ਿਫ਼ਟ ਤੋਂ ਬਾਅਦ ਖਾਨ ਤੋਂ ਬਾਹਰ ਸਾਫ਼-ਸਫ਼ਾਈ ਅਤੇ ਕਾਗਜ਼ੀ ਕੰਮ ਕਰਨੇ ਹੁੰਦੇ ਹਨ। ਉਸ ਤੋਂ ਬਾਅਦ ਅਸੀਂ ਘਰ ਪਰਤ ਕੇ ਹੀ ਖਾਣ ਖਾ ਪਾਂਦੇ ਹਾਂ।’’

ਆਕਸੀਜਨ ਦੀ ਸਪਲਾਈ

ਸੁਰੰਗ

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, ‘‘ਖਾਨ ਵਿੱਚ ਆਕਸੀਜਨ ਦੀ ਸਪਲਾਈ ਲਈ 2 ਰਾਸਤੇ ਹੁੰਦੇ ਹਨ। ਪੱਖਿਆਂ ਰਾਹੀਂ ਸਾਧਾਰਨ ਹਵਾ ਖਾਨ ਅੰਦਰ ਭੇਜੀ ਜਾਂਦੀ ਹੈ, ਜੋ ਦੂਜੇ ਰਾਸਤੇ ਤੋਂ ਬਾਹਰ ਨਿਕਲਦੀ ਹੈ। ਪੂਰੇ ਤਰੀਕੇ ਨਾਲ ਵੈਂਟੀਲੇਸ਼ਨ ਹੁੰਦੀ ਹੈ ਇਸ ਲਈ ਸਾਹ ਲੈਣ ਲਈ ਕਦੇ ਆਕਸੀਜਨ ਦੀ ਦਿੱਕਤ ਮਹਿਸੂਸ ਨਹੀਂ ਹੁੰਦੀ। ਆਕਸੀਜਨ ਦਾ ਲੈਵਲ 90 ਫੀਸਦੀ ਤੋਂ ਘੱਟ ਨਹੀਂ ਹੁੰਦਾ।’’

‘‘ਸਾਨੂੰ ਸੈਲਫ਼ ਰੈਸਕਿਊਰ ਵੀ ਦਿੱਤਾ ਜਾਂਦਾ ਹੈ। ਉਸ ਦਾ ਭਾਰ ਡੇਢ ਕਿੱਲੋ ਦਾ ਹੁੰਦਾ ਹੈ ਤਾਂ ਕਈ ਵਾਰ ਮਜ਼ਦੂਰ ਉਸ ਨੂੰ ਲੈ ਕੇ ਵੀ ਨਹੀਂ ਜਾਂਦੇ ਹਨ। ਇਹ ਵੱਡੀ ਲਾਪਰਵਾਹੀ ਹੈ, ਇਸ ਦੇ ਬਾਵਜੂਦ ਕਦੇ ਆਕਸੀਜਨ ਦੀ ਦਿੱਕਤ ਨਹੀਂ ਹੁੰਦੀ। ਮੈਂ ਆਪਣੀ 28 ਸਾਲ ਦੀ ਨੌਕਰੀ ਵਿੱਚ ਕਦੇ ਆਕਸੀਜਨ ਦੀ ਘਾਟ ਮਹਿਸੂਸ ਨਹੀਂ ਕੀਤੀ।’’

ਕਈ ਵਾਰ ਲੋਕ ਖਾਨ ਅੰਦਰ ਪੌੜੀਆਂ ਤੋਂ ਪੈਦਲ ਚੱਲ ਕੇ ਜਾਂਦੇ ਹਨ। ਪਰ ਖਾਨ ਡੂੰਘੀ ਹੋਣ ’ਤੇ ਮਜ਼ਦੂਰਾਂ ਨੂੰ ਲਿਫ਼ਟ (ਪੀਟ) ਰਾਹੀਂ ਵੀ ਲਿਜਾਇਆ ਜਾਂਦਾ ਹੈ। ਇਸ ਨੂੰ ਚਾਨਕ ਵੀ ਕਹਿੰਦੇ ਹਨ।

ਖਾਨ ਜਾਂ ਸੁਰੰਗ ਅੰਦਰ ਕੰਮ ਕਰਨ ਵਾਲਿਆਂ ਲਈ ਇਹ ਆਮ ਗੱਲਾਂ ਹਨ ਜੋ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਮਲ ਹਨ।

ਧਰਤੀ ਅੰਦਰ ਕੰਮ ਕਰਨ ਦੇ ਖ਼ਤਰੇ

ਸੁਰੰਗ

ਤਸਵੀਰ ਸਰੋਤ, RAVI PRAKASH

ਤਸਵੀਰ ਕੈਪਸ਼ਨ, ਸਾਲ 2016 ਵਿੱਚ ਝਾਰਖੰਡ ਦੇ ਗੋਡਾ ਜ਼ਿਲ੍ਹੇ ਵਿੱਚ ਈਸੀਐੱਲ ਦੀ ਇੱਕ ਖਾਨ ਵਿੱਚ ਮਿੱਟੀ ਧਸਣ ਕਾਰਨ ਦੋ ਦਰਜਨ ਤੋਂ ਵੱਧ ਗੱਡੀਆਂ ਦੱਬ ਗਈਆਂ ਸਨ

ਧਰਤੀ ਦੀ ਸਤਿਹ ਤੋਂ ਕਈ 100 ਮੀਟਰ ਅੰਦਰ ਕਈ ਮੀਟਰ ਡੂੰਘੀ ਖਾਨ ਦੀਆਂ ਸੁਰੰਗਾਂ ਵਿੱਚ ਕੰਮ ਕਰਨ ਦੇ ਖ਼ਤਰੇ ਵੀ ਹਨ। ਇਹ ਕੁਦਰਤ ਦੇ ਵਿਰੁੱਦ ਕੰਮ ਹੈ, ਇਸ ਲਈ ਇਸ ਦੀ ਆਪਣੀਆਂ ਚੁਣੌਤੀਆਂ ਅਤੇ ਖ਼ਤਰੇ ਹਨ।

ਸਾਲ 1993 ਵਿੱਚ ਬਿਹਾਰ ਦੇ ਸੁਗੌਲੀ ਤੋਂ ਝਾਰਖੰਡ ਵਿੱਚ ਆ ਕੇ ਮਜ਼ਦੂਰ ਦੇ ਤੌਰ ਉੱਤੇ ਨੌਕਰੀ ਸ਼ੁਰੂ ਕਰਨ ਵਾਲੇ ਤੇ ਹੁਣ ਕਲਰਕ ਚੰਦੇਸ਼ਵਰ ਕੁਮਾਰ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਿਸੇ ਵੀ ਸੁਰੰਗ ਜਾਂ ਖਾਨ ਵਿੱਚ ਜਾਣ ਦਾ ਮਤਲਬ ਹੀ ਹੈ ਕਿ ਤੁਸੀਂ ਬਾਹਰੀ ਦੁਨੀਆ ਤੋਂ ਕੱਟ ਚੁੱਕੇ ਹੋ।

‘‘ਤੁਹਾਡੇ ਕੋਲ ਕੋਈ ਫ਼ੋਨ ਨਹੀਂ ਹੈ ਅਤੇ ਨਾ ਹੀ ਖਾਣੇ ਦਾ ਇੰਤਜ਼ਾਮ। ਤੁਸੀਂ ਆਪਣੀ ਵਿਵਸਥਾ ਸਿਰਫ਼ ਅੱਠ ਘੰਟੇ ਦੀ ਸ਼ਿਫ਼ਟ ਮੁਤਾਬਕ ਹੀ ਰੱਖਦੇ ਹੋ। ਸਭ ਤੋਂ ਵੱਡਾ ਰਿਸਕ ਤਾਂ ਇਹੀ ਹੈ।’’

ਉੱਤਰਕਾਸ਼ੀ ਸੁਰੰਗ ਹਾਦਸੇ ਵਿੱਚ ਫਸੇ ਮਜ਼ਦੂਰਾਂ ਦਾ ਉਦਾਹਰਣ ਦਿੰਦੇ ਹੋਏ ਉਹ ਕਹਿੰਦੇ ਹਨ, ‘‘ਉਨ੍ਹਾਂ ਮਜ਼ਦੂਰਾਂ ਦੇ ਕੋਲ ਸਿਰਫ਼ ਆਪਣੀ ਸ਼ਿਫ਼ਟ ਦਾ ਇੰਤਜ਼ਾਮ ਰਿਹਾ ਹੋਵੇਗਾ। ਅਜਿਹੇ ਵਿੱਚ ਜੇ ਉਨ੍ਹਾਂ ਨੂੰ ਖਾਣਾ-ਪਾਣੀ ਨਹੀਂ ਪਹੁੰਚਾਇਆ ਜਾਂਦਾ, ਤਾਂ ਕੋਈ ਕਿੰਨੇ ਦਿਨ ਤੱਕ ਰਹਿ ਸਕੇਗਾ।’’

ਚੰਦੇਸ਼ਵਰ ਨੇ ਕਿਹਾ, ‘‘ਕੋਲੇ ਦੀ ਖਾਨ ਵਿੱਚ ਕੰਮ ਕਰਨਾ ਤਾਂ ਹੋਰ ਵੀ ਵੱਡਾ ਜੋਖ਼ਮ ਹੈ। ਉੱਥੋਂ ਮਿਥੇਨ ਗੈਸ ਨਿਕਲਦੀ ਹੈ, ਜੋ ਕਿ ਜਵਲਨਸ਼ੀਲ ਹੈ, ਖ਼ਤਰਾ ਪੈਦਾ ਕਰ ਸਕਦੀ ਹੈ। ਜੇ ਅੱਗ ਲੱਗੀ ਤਾਂ ਵਿਸਫ਼ੋਟ ਵੀ ਹੋ ਸਕਦਾ ਹੈ। ਧਰਤੀ ਅੰਦਰ ਦਾ ਤਾਪਮਾਨ ਵੀ ਸਤਿਹ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ। ਇਸ ਲਈ ਧਰਤੀ ਅੰਦਰ ਦਾ ਕੰਮ ਅਜਿਹੇ ਹਾਲਾਤ ਵਿੱਚ ਕੀਤਾ ਜਾਣ ਵਾਲਾ ਜੋਖ਼ਮ ਭਰਿਆ ਕੰਮ ਹੈ।’’

ਸੁਵਿਧਾਵਾਂ ਦੀ ਕਮੀ

ਚੰਦੇਸ਼ਵਰ

ਤਸਵੀਰ ਸਰੋਤ, RAVI PRAKASH

ਤਸਵੀਰ ਕੈਪਸ਼ਨ, ਚੰਦੇਸ਼ਵਰ ਕੁਮਾਰ ਸਿੰਘ

ਮਾਈਨਜ਼ ਨਿਯਮਾਂ ਮੁਤਾਬਕ ਖਾਨਾਂ ਅੰਦਰ ਪਖਾਨਾ ਹੋਣਾ ਚਾਹੀਦਾ ਹੈ ਤਾਂ ਜੋ ਮਜ਼ਦੂਰ ਇਹਨਾਂ ਦੀ ਵਰਤੋਂ ਕਰ ਸਕਣ ਅਤੇ ਸਫ਼ਾਈ ਬਣੀ ਰਹੇ ਪਰ ਅਜਿਹਾ ਨਹੀਂ ਹੁੰਦਾ। ਜ਼ਿਆਦਾਤਰ ਖਾਨਾਂ ਵਿੱਚ ਪਖਾਨੇ ਨਹੀਂ ਹਨ। ਸੁਰੰਗਾਂ ਅੰਦਰ ਵੀ ਅਜਿਹੀ ਹੀ ਸਥਿਤੀ ਹੈ।

ਉੱਤਰਕਾਸ਼ੀ ਦੇ ਸੁਰੰਗ ਪ੍ਰੋਜੈਕਟ ਵਿੱਚ ਕੰਮ ਕਰਨ ਵਾਲੇ ਝਾਰਖੰਡ ਦੇ ਮਜ਼ਦੂਰ ਅਤੇ ਝਰੀਆ ਕੋਲ ਬਲੌਕ ਦੀ ਮਾਈਨਜ਼ ਵਿੱਚ ਕੰਮ ਕਰਨ ਵਾਲੇ ਕਈ ਮਜ਼ਦੂਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਲਈ ਪਖਾਨੇ ਦਾ ਇੰਤਜ਼ਾਮ ਨਹੀਂ ਹੈ।

ਇੱਕ ਮਜ਼ਦੂਰ ਨੇ ਬੀਬੀਸੀ ਨੂੰ ਕਿਹਾ, ‘‘ਪਿਸ਼ਾਬ ਆਵੇ ਤਾਂ ਖਾਨ ਵਿੱਚ ਕਿਤੇ ਵੀ ਕਰ ਲਓ। ਹਨੇਰਾ ਹੁੰਦਾ ਹੈ ਤਾਂ ਕੋਈ ਦੇਖਦਾ ਨਹੀਂ ਹੈ। ਪਖਾਨਾ ਆਵੇ ਤਾਂ ਵੀ ਇੱਕ ਖ਼ਾਸ ਥਾਂ ਉੱਤੇ ਜਾਣਾ ਹੁੰਦਾ ਹੈ। ਉਹ ਥਾਂ ਕੱਪੜੇ (ਪਰਦੇ) ਨਾਲ ਢਕੀ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਕੋਈ ਉਪਾਅ ਨਹੀਂ ਹੈ। ਖਾਨ ਤੋਂ ਬਾਹਰ ਹੀ ਮੁਕੰਮਲ ਪਖਾਨਾ ਮਿਲਦਾ ਹੈ।’’

ਹਾਦਸੇ ਦੇ ਹਾਲਾਤ ਵਿੱਚ ਕੀ ਕਰਦੇ ਹਨ?

ਸੁਰੰਗ
ਤਸਵੀਰ ਕੈਪਸ਼ਨ, ਕੁਝ ਸਾਲ ਪਹਿਲਾਂ ਇੱਕ ਖਾਨ ਵਿੱਚ ਰਿਪੋਰਟ ਕਰਨ ਪਹੁੰਚੇ ਬੀਬੀਸੀ ਪੱਤਰਕਾਰ ਸਲਮਾਨ ਰਾਵੀ

ਖਾਨ ਜਾਂ ਸੁਰੰਗ ਅੰਦਰ ਹੋਣ ਵਾਲੇ ਹਾਦਸੇ ਕਾਫ਼ੀ ਭਿਆਨਕ ਹੁੰਦੇ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਰੈਸਕਿਊ ਕਰਨਾ ਔਖਾ ਹੁੰਦਾ ਹੈ ਅਤੇ ਜਾਨੀ ਨੁਕਸਾਨ ਹੋ ਜਾਂਦਾ ਹੈ। ਪੋਖਨ ਸਾਵ ਅਤੇ ਚੰਦੇਸ਼ਵਰ ਕੁਮਾਰ ਸਿੰਘ ਨੇ ਬੀਬੀਸੀ ਨੂੰ ਕਿਹਾ ਕਿ ਧਰਤੀ ਅੰਦਰ ਹੋਣ ਵਾਲੇ ਹਾਦਸਿਆਂ ਵਿੱਚ ਤਕਨੀਕ, ਸਮਰਪਣ ਅਤੇ ਦੁਆਵਾਂ ਇੱਕੋ ਸਿਲਸਿਲੇ ਤਹਿਤ ਕੰਮ ਕਰਦੀਆਂ ਹਨ।

ਪੋਖਨ ਅਤੇ ਚੰਦੇਸ਼ਵਰ ਨੇ ਫਰਵਰੀ 2001 ਵਿੱਚ ਝਰੀਆ ਕੋਲ ਬਲੌਕ ਦੀ ਬਾਗਡਿਗੀ ਖਾਨ ਹਾਦਸੇ ਨੂੰ ਦੇਖਿਆ ਹੈ। ਉਸ ਹਾਦਸੇ ਵਿੱਚ 29 ਖਾਨ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਉਦੋਂ ਸਿਰਫ਼ ਇੱਕ ਮਜ਼ਦੂਰ ਨੂੰ ਜ਼ਿੰਦਾ ਬਚਾਇਆ ਜਾ ਸਕਿਆ ਸੀ।

ਪੋਖਨ ਸਾਵ ਨੇ ਬੀਬੀਸੀ ਨੂੰ ਕਿਹਾ, ‘‘ਉਦੋਂ 12 ਨੰਬਰ ਖਾਨ ਵਿੱਚ ਪਾਣੀ ਭਰ ਗਿਆ ਸੀ। ਪਾਣੀ ਐਨੀ ਤੇਜ਼ੀ ਨਾਲ ਭਰਿਆ ਕਿ ਕਿਸੇ ਨੂੰ ਬਾਹਰ ਆਉਣ ਵਿੱਚ ਸਫ਼ਲਤਾ ਨਹੀਂ ਮਿਲੀ। ਮਰੇ ਹੋਏ ਮਜ਼ਦੂਰਾਂ ਦੀਆਂ ਲਾਸ਼ਾਂ ਕੱਢਣ ਵਿੱਚ ਵੀ 7-8 ਦਿਨ ਲੱਗੇ। ਉਹ ਰੈਸਕਿਊ ਆਪਰੇਸ਼ਨ ਕਾਫ਼ੀ ਔਖਾ ਸੀ।’’

ਪੋਖਨ ਸਾਵ ਸਾਲ 2010 ਦੇ ਜੀਤਪੁਰ ਖਾਨ ਹਾਦਸੇ ਦੀ ਰੈਸਕਿਊ ਟੀਮ ਵਿੱਚ ਸ਼ਾਮਲ ਸਨ। ਉਦੋਂ ਲਿਫ਼ਟ ਦਾ ਗਰਮ ਲੋਹਾ ਖਾਨ ਅੰਦਰ ਜਾਣ ਨਾਲ ਭਿਆਨਕ ਅੱਗ ਲੱਗ ਗਈ ਸੀ।

ਪੋਖਨ ਨੇ ਕਿਹਾ, ‘‘ਖਾਨ ਵਿੱਚ ਪਾਣੀ ਹੁੰਦਾ ਹੈ, ਜਿਸ ਦਾ ਰਸਾਇਣਕ ਗਠਨ ਹਾਈਡ੍ਰੋਜਨ ਅਤੇ ਆਕਸੀਜਨ ਦੇ ਮਿਲਣ ਨਾਲ ਹੁੰਦਾ ਹੈ। ਹਾਦਸੇ ਦੀ ਸਥਿਤੀ ਵਿੱਚ ਇਹ ਕੰਪਾਊਂਡ ਟੁੱਟ ਜਾਂਦਾ ਹੈ। ਹੁਣ ਹਾਈਡ੍ਰੋਜਨ ਅਤੇ ਆਕਸੀਜਨ ਵੱਖ-ਵੱਖ ਹੋ ਗਏ। ਹਾਈਡ੍ਰੋਜਨ ਜਵਲਨਸ਼ੀਲ ਗੈਸ ਹੈ ਅਤੇ ਆਕਸੀਜਨ ਇਸ ਵਿੱਚ ਮਦਦ ਕਰਦੀ ਹੈ। ਇਸ ਲਈ ਅੱਗ ਹੋਰ ਤੇਜ਼ੀ ਨਾਲ ਲੱਗਦੀ ਹੈ। ਇਸ ਲਈ ਥੋੜ੍ਹੀ ਜਿਹੀ ਗ਼ਲਤੀ ਵੱਡੇ ਹਾਦਸੇ ਦਾ ਕਾਰਨ ਬਣ ਜਾਂਦੀ ਹੈ।’’

ਬਿਮਾਰ ਹੋਣ ਦਾ ਖ਼ਤਰਾ

ਰੈਸਕਿਊ ਟੀਮ

ਤਸਵੀਰ ਸਰੋਤ, POKHAN SHAO

ਤਸਵੀਰ ਕੈਪਸ਼ਨ, ਰੈਸਕਿਊ ਟੀਮ

ਲੰਬੇ ਸਮੇਂ ਤੱਕ ਧਰਤੀ ਅੰਦਰ ਕੰਮ ਕਰਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਖ਼ਤਰੇ ਵੀ ਵੱਧ ਜਾਂਦੇ ਹਨ।

ਖ਼ਾਸ ਤੌਰ ਉੱਤੇ ਕੋਲ ਮਾਈਨਜ਼, ਪੱਥਰ ਦੀ ਖਾਨ ਅਤੇ ਸੁਰੰਗ ਬਣਾਉਣ ਵਿੱਚ ਲੱਗੇ ਮਜ਼ਦੂਰਾਂ ਨੂੰ ਨਿਊਮੋਕੋਨੋਯੋਸਿਸ ਵਰਗੀ ਲਾਇਲਾਜ ਬਿਮਾਰੀ ਦੇ ਖ਼ਤਰੇ ਹੁੰਦੇ ਹਨ। ਇਹ ਬਿਮਾਰੀ ਜਾਨਲੇਵਾ ਹੈ, ਇਸ ਵਿੱਚ ਫ਼ੇਫੜਿਆਂ ਵਿੱਚ ਧੂੜ ਜਮਾਂ ਹੋ ਜਾਂਦੀ ਹੈ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗਦੀ ਹੈ।

ਮਾਈਨਿੰਗ ਦੇ ਨਿਯਮਾਂ ਮੁਤਾਬਕ ਅਜਿਹੇ ਮਜ਼ਦੂਰਾਂ ਦੀ ਰੈਗੂਲਰ ਸਿਹਤ ਜਾਂਚ ਤੋਂ ਇਲਾਵਾ ਹਰ ਪੰਜ ਸਾਲ ’ਤੇ ਵਿਸ਼ੇਸ਼ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਪਰ ਅਜਿਹਾ ਅਕਸਰ ਨਹੀਂ ਹੁੰਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)