ਰਾਹੁਲ ਗਾਂਧੀ ਨੇ ਜਿਸ ਮਹਾਦੇਵਪੁਰਾ ਸੀਟ ਤੋਂ 'ਵੋਟ ਚੋਰੀ' ਦਾ ਇਲਜ਼ਾਮ ਲਗਾਇਆ, ਉੱਥੋਂ ਦੇ ਲੋਕ ਕੀ ਕਹਿ ਰਹੇ ਹਨ

- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਹਿੰਦੀ ਲਈ, ਬੰਗਲੁਰੂ ਤੋਂ
ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਅਤੇ ਭਾਜਪਾ ਕਥਿਤ 'ਵੋਟ ਚੋਰੀ' ਨੂੰ ਲੈ ਕੇ ਇੱਕ-ਦੂਜੇ 'ਤੇ ਇਲਜ਼ਾਮ ਲਗਾ ਰਹੇ ਹਨ।
ਪਰ ਸਵਾਲ ਇਹ ਹੈ ਕਿ ਵੋਟਰ ਸੂਚੀ ਵਿੱਚ ਨਾਮ ਜੋੜਨ ਜਾਂ ਹਟਾਉਣ ਲਈ ਅਸਲ ਵਿੱਚ ਕੌਣ ਜ਼ਿੰਮੇਵਾਰ ਹੈ?
ਕੀ ਇਹ ਵੋਟਰਾਂ ਦੀ ਜ਼ਿੰਮੇਵਾਰੀ ਹੈ ਜਾਂ ਚੋਣ ਕਮਿਸ਼ਨ ਦੀ? ਜਾਂ ਕੀ ਇਹ ਸਿਆਸੀ ਪਾਰਟੀਆਂ ਦਾ ਕੰਮ ਹੈ, ਜਿਨ੍ਹਾਂ ਨੂੰ ਚੋਣਾਂ ਤੋਂ ਇੱਕ ਮਹੀਨਾ ਪਹਿਲਾਂ ਵੋਟਰ ਸੂਚੀ ਦਾ ਪ੍ਰਿੰਟ ਆਊਟ ਦਿੱਤਾ ਜਾਂਦਾ ਹੈ, ਉਹ ਵੀ ਇਸ ਡਿਜੀਟਲ ਯੁੱਗ ਵਿੱਚ।
ਜ਼ਮੀਨੀ ਪੜਤਾਲ ਦੌਰਾਨ ਸਾਡਾ ਸਾਹਮਣਾ ਇਸੇ ਤਰ੍ਹਾਂ ਦੇ ਸਵਾਲਾਂ ਨਾਲ ਹੋਇਆ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੰਗਲੁਰੂ ਕੇਂਦਰੀ ਲੋਕ ਸਭਾ ਹਲਕੇ ਦਾ ਮੁੱਦਾ ਉਠਾਉਂਦਿਆਂ ਕੁਝ ਸਵਾਲ ਪੁੱਛੇ ਸਨ।
ਰਾਹੁਲ ਗਾਂਧੀ ਖਾਸ ਤੌਰ 'ਤੇ ਇਸ ਲੋਕ ਸਭਾ ਹਲਕੇ ਦੀ ਮਹਾਦੇਵਪੁਰਾ ਵਿਧਾਨ ਸਭਾ ਸੀਟ ਦੀ ਉਦਾਹਰਣ ਦੇ ਰਹੇ ਸਨ।
ਕਾਂਗਰਸ ਨੇ ਕਥਿਤ 'ਵੋਟ ਚੋਰੀ' ਦੀਆਂ ਦੋ ਉਦਾਹਰਣਾਂ ਦਿੱਤੀਆਂ ਹਨ। ਪਹਿਲਾ ਮਾਮਲਾ ਮਹਾਦੇਵਪੁਰਾ ਵਿਧਾਨ ਸਭਾ ਸੀਟ ਦੇ ਮਕਾਨ ਨੰਬਰ 35 ਦਾ ਹੈ, ਜਿੱਥੇ ਵੋਟਰ ਸੂਚੀ ਦੇ ਅਨੁਸਾਰ 80 ਵੋਟਰ ਹਨ।
ਮੁਨੀ ਰੈਡੀ ਗਾਰਡਨ ਵਿੱਚ ਘਰ ਨੰਬਰ 35 ਦਾ ਦੌਰਾ ਕਰਨ 'ਤੇ ਬੀਬੀਸੀ ਹਿੰਦੀ ਨੂੰ ਉੱਥੇ ਬਹੁਤ ਸਾਰੇ ਛੋਟੇ-ਛੋਟੇ ਕਮਰਿਆਂ ਵਾਲਾ ਮਕਾਨ ਦਿਖਾਈ ਦਿੱਤਾ।
ਇਹ ਕਮਰੇ ਲਗਭਗ ਅੱਠ ਗੁਣਾ ਅੱਠ ਫੁੱਟ ਦੇ ਸਨ। ਇਨ੍ਹਾਂ ਵਿੱਚ ਇੱਕ ਰਸੋਈ ਵੀ ਹੈ, ਜਿੱਥੇ ਸਿਰਫ਼ ਇੱਕ ਵਿਅਕਤੀ ਖੜ੍ਹਾ ਹੋ ਕੇ ਕੰਮ ਕਰ ਸਕਦਾ ਹੈ। ਨੇੜੇ ਹੀ ਇੱਕ ਬਾਥਰੂਮ ਹੈ।
ਆਲੇ-ਦੁਆਲੇ ਦੇ ਸਾਰੇ ਘਰ ਲਗਭਗ ਇੱਕੋ ਆਕਾਰ ਦੇ ਹਨ।
ਇਨ੍ਹਾਂ ਘਰਾਂ ਵਿੱਚ ਕੌਣ ਰਹਿੰਦਾ ਹੈ?

ਤਸਵੀਰ ਸਰੋਤ, IMRAN QURESHI
ਇਸ ਜਾਇਦਾਦ ਦੇ ਮਾਲਕ ਦੇ ਭਰਾ ਗੋਪਾਲ ਰੈਡੀ ਕਹਿੰਦੇ ਹਨ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਪਰਵਾਸੀ ਮਜ਼ਦੂਰ ਇਨ੍ਹਾਂ ਘਰਾਂ ਵਿੱਚ ਰਹਿੰਦੇ ਹਨ।
ਰੈਡੀ ਦੱਸਦੇ ਹਨ, "ਅਸੀਂ ਇਨ੍ਹਾਂ ਨੂੰ ਲੇਬਰ ਕਲਾਸ ਸ਼ੈੱਡ ਕਹਿੰਦੇ ਹਾਂ। ਇਹ ਲੋਕ ਹਰ ਤਿੰਨ ਤੋਂ ਛੇ ਮਹੀਨਿਆਂ ਬਾਅਦ ਇੱਥੋਂ ਸ਼ਿਫਟ ਹੁੰਦੇ ਰਹਿੰਦੇ ਹਨ। ਜਦੋਂ ਇਹ ਲੋਕ ਇੱਥੇ ਆਉਂਦੇ ਹਨ, ਤਾਂ ਕੰਪਨੀ ਰੈਂਟ ਐਗਰੀਮੈਂਟ ਮੰਗਦੀ ਹੈ।"
"ਜੇਕਰ ਇਹ ਲੋਕ ਐਗਰੀਮੈਂਟ ਨਹੀਂ ਦਿੰਦੇ ਹਨ, ਤਾਂ ਇਨ੍ਹਾਂ ਨੂੰ ਨੌਕਰੀ ਨਹੀਂ ਮਿਲਦੀ। ਫਿਰ ਉਨ੍ਹਾਂ ਨੂੰ ਵੋਟਰ ਆਈਡੀ ਮਿਲਦੀ ਹੈ ਅਤੇ ਜਦੋਂ ਉਨ੍ਹਾਂ ਦੀ ਕਮਾਈ ਵਧ ਜਾਂਦੀ ਹੈ ਤਾਂ ਉਹ ਇੱਥੋਂ ਦੂਜੀ ਜਗ੍ਹਾ ਚਲੇ ਜਾਂਦੇ ਹਨ। ਰਾਹੁਲ ਗਾਂਧੀ ਇੱਕ ਰਾਸ਼ਟਰੀ ਆਗੂ ਹਨ। ਇਹ ਲੋਕ ਉਨ੍ਹਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦਾ ਅਪਮਾਨ ਕਰ ਰਹੇ ਹਨ।"
ਅਸੀਂ ਇਨ੍ਹਾਂ ਵਿੱਚੋਂ ਇੱਕ ਘਰ ਵਿੱਚ ਰਹਿੰਦੇ ਦੀਪਾਂਕਰ ਸਰਕਾਰ ਨੂੰ ਮਿਲੇ, ਜੋ ਪੱਛਮੀ ਬੰਗਾਲ ਤੋਂ ਇੱਥੇ ਆਏ ਹਨ।
ਉਹ ਇਸ ਘਰ ਵਿੱਚ ਆਪਣੀ ਪਤਨੀ ਅਤੇ ਪੰਜ ਸਾਲ ਦੇ ਪੁੱਤਰ ਨਾਲ ਰਹਿੰਦੇ ਹਨ।
ਹਾਲਾਂਕਿ, ਉਹ ਪਿਛਲੇ ਇੱਕ ਸਾਲ ਤੋਂ ਬੰਗਲੁਰੂ ਵਿੱਚ ਰਹਿ ਰਹੇ ਹਨ, ਪਰ ਉਹ ਸਿਰਫ਼ ਇੱਕ ਮਹੀਨਾ ਪਹਿਲਾਂ ਹੀ ਮਹਾਦੇਵਪੁਰਾ ਆਏ ਹਨ ਕਿਉਂਕਿ ਜਿੱਥੇ ਉਹ ਕੰਮ ਕਰਦੇ ਹਨ, ਉਸ ਕੰਪਨੀ ਤੋਂ ਉਨ੍ਹਾਂ ਦਾ ਤਬਾਦਲਾ ਹੋ ਗਿਆ ਹੈ।

ਤਸਵੀਰ ਸਰੋਤ, Getty Images
ਦੀਪਾਂਕਰ ਸਰਕਾਰ ਨੇ ਸਾਨੂੰ ਦੱਸਿਆ, "ਮੈਂ ਫੂਡ ਡਿਲੀਵਰੀ ਏਜੰਟ ਵਜੋਂ ਕੰਮ ਕਰਦਾ ਹਾਂ, ਇਸ ਲਈ ਮੈਂ ਇਹ ਕਮਰਾ ਕਿਰਾਏ 'ਤੇ ਲਿਆ ਹੈ ਕਿਉਂਕਿ ਮੈਂ ਬੇਲੰਦੂਰ ਜ਼ੋਨ ਵਿੱਚ ਕੰਮ ਕਰਦਾ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਇੱਥੇ ਕਿੰਨਾ ਸਮਾਂ ਰਹਾਂਗਾ।"
ਦੀਪਾਂਕਰ ਦੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਹੋਰ ਵਿਅਕਤੀ ਪਿਛਲੇ 12 ਸਾਲਾਂ ਤੋਂ ਬੰਗਲੁਰੂ ਵਿੱਚ ਕੰਮ ਕਰ ਰਹੇ ਹਨ।
ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਉਨ੍ਹਾਂ ਨੇ ਕਿਹਾ, "ਮੈਂ ਇੱਥੇ ਵੋਟ ਨਹੀਂ ਪਾਉਂਦਾ। ਮੈਂ ਪੱਛਮੀ ਬੰਗਾਲ ਜਾਂਦਾ ਹਾਂ ਅਤੇ ਉੱਥੇ ਵੋਟ ਪਾਉਂਦਾ ਹਾਂ। ਜੋ ਕਿਹਾ ਜਾ ਰਿਹਾ ਹੈ ਉਹ ਸੱਚ ਨਹੀਂ ਹੈ। ਸਾਡੇ ਵਿੱਚੋਂ ਬਹੁਤ ਸਾਰੇ ਇੱਥੇ ਵੋਟ ਨਹੀਂ ਪਾਉਂਦੇ। ਅਸੀਂ ਆਪਣੇ ਸੂਬੇ ਵਿੱਚ ਵਾਪਸ ਚਲੇ ਜਾਂਦੇ ਹਾਂ।"
'ਵੋਟ ਚੋਰੀ' ਦੀ ਇੱਕ ਹੋਰ ਉਦਾਹਰਣ ਇੱਕ ਛੋਟੀ ਸ਼ਰਾਬ ਫੈਕਟਰੀ (ਮਾਈਕ੍ਰੋਬਰੂਅਰੀ) ਤੋਂ ਦਿੱਤੀ ਜਾ ਰਹੀ ਹੈ।
ਇੱਥੇ ਇਲਜ਼ਾਮ ਲਗਾਇਆ ਗਿਆ ਹੈ ਕਿ ਇਸ ਪਤੇ 'ਤੇ ਰਜਿਸਟਰਡ ਵੋਟਰਾਂ ਦੀ ਗਿਣਤੀ 68 ਹੈ।
ਇੱਥੇ ਕੰਮ ਕਰਨ ਵਾਲੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਫੈਕਟਰੀ ਦੀ ਮਾਲਕੀ ਹਾਲ ਹੀ ਵਿੱਚ ਬਦਲ ਗਈ ਹੈ।

ਕਾਂਗਰਸ ਦੀ ਮੁਹਿੰਮ
ਸਾਲ 2024 ਵਿੱਚ ਇਸ ਲੋਕ ਸਭਾ ਹਲਕੇ ਤੋਂ ਮਨਸੂਰ ਅਲੀ ਖ਼ਾਨ ਨੇ ਚੋਣ ਲੜੀ ਸੀ। ਉਹ ਨਹੀਂ ਮੰਨਦੇ ਕਿ ਕਾਂਗਰਸ ਦੀ ਮੰਗ ਵਿੱਚ ਕੋਈ ਧਾਰ ਨਹੀਂ ਹੈ।
ਉਨ੍ਹਾਂ ਦਾ ਕਹਿਣਾ ਹੈ, "ਤੁਸੀਂ ਇਨ੍ਹਾਂ ਗ਼ਲਤ ਉਦਾਹਰਣਾਂ ਨੂੰ ਕਿਉਂ ਕਹਿ ਰਹੇ ਹੋ? ਮੁਨੀ ਰੈਡੀ ਗਾਰਡਨ ਵਿੱਚ 80 ਵੋਟਾਂ ਰਜਿਸਟਰਡ ਹਨ। ਮਾਈਕ੍ਰੋਬਰੂਅਰੀ ਵਿੱਚ 68 ਵੋਟਰ ਹਨ। ਸਾਡਾ ਸਵਾਲ ਇਹ ਹੈ ਕਿ ਇੱਕ ਕਮਰੇ ਵਿੱਚ ਇੰਨੇ ਸਾਰੇ ਲੋਕ ਕਿਵੇਂ ਰਜਿਸਟਰਡ ਹੋ ਸਕਦੇ ਹਨ?''
"ਬਰੂਅਰੀ ਇੱਕ ਵਪਾਰਕ ਸੰਸਥਾ ਹੈ। ਇਸ ਜਗ੍ਹਾ 'ਤੇ ਵੋਟਾਂ ਕਿਵੇਂ ਰਜਿਸਟਰਡ ਹੋ ਗਈਆਂ? ਬੂਥ ਪੱਧਰ ਦੇ ਅਧਿਕਾਰੀ ਕੀ ਕਰ ਰਹੇ ਹਨ? ਅਸੀਂ ਚੋਣ ਕਮਿਸ਼ਨ ਤੋਂ ਸਪਸ਼ਟ ਵੋਟਰ ਸੂਚੀ ਦੀ ਮੰਗ ਕਰ ਰਹੇ ਹਾਂ। ਜਦੋਂ ਅਸੀਂ ਵੋਟਰ ਸੂਚੀ ਵਿੱਚ ਖ਼ਾਮੀਆਂ ਨੂੰ ਉਜਾਗਰ ਕਰਦੇ ਹਾਂ ਤਾਂ ਚੋਣ ਕਮਿਸ਼ਨ ਚੁੱਪ ਕਿਉਂ ਰਹਿੰਦਾ ਹੈ?"
ਮਨਸੂਰ ਅਲੀ ਖ਼ਾਨ ਲੋਕ ਸਭਾ ਚੋਣਾਂ ਵਿੱਚ 32,707 ਵੋਟਾਂ ਨਾਲ ਹਾਰ ਗਏ ਸਨ। ਇਸ ਸੀਟ ਤੋਂ ਭਾਜਪਾ ਦੇ ਪੀਸੀ ਮੋਹਨ 2009 ਤੋਂ ਚਾਰੇ ਲੋਕ ਸਭਾ ਚੋਣਾਂ ਜਿੱਤੇ ਹਨ।
ਇਹ ਉਹੀ ਲੋਕ ਸਭਾ ਸੀਟ ਹੈ ਜਿੱਥੇ ਪ੍ਰਕਾਸ਼ ਜਾਵੜੇਕਰ ਅਤੇ ਪਿਊਸ਼ ਗੋਇਲ ਵਰਗੇ ਭਾਜਪਾ ਆਗੂ ਉੱਤਰ, ਮੱਧ ਅਤੇ ਪੂਰਬੀ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰੈਲੀਆਂ ਕਰਦੇ ਹਨ।
ਮਹਾਦੇਵਪੁਰਾ-ਵ੍ਹਾਈਟਫੀਲਡ ਅਤੇ ਇਸਦੇ ਆਲੇ-ਦੁਆਲੇ ਆਈਟੀ ਸੈਕਟਰ ਦੀ ਤਰੱਕੀ ਨੇ ਉੱਤਰੀ, ਮੱਧ ਅਤੇ ਪੂਰਬੀ ਸੂਬਿਆਂ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਆਕਰਸ਼ਿਤ ਕੀਤਾ ਹੈ।
ਬੰਗਲੁਰੂ ਵਿੱਚ ਇਲੈਕਟ੍ਰਾਨਿਕਸ ਸਿਟੀ ਤੋਂ ਬਾਅਦ ਵ੍ਹਾਈਟਫੀਲਡ ਨੂੰ ਸਾਫਟਵੇਅਰ ਉਦਯੋਗ ਦਾ ਦੂਜਾ ਸਭ ਤੋਂ ਵੱਡਾ ਕੇਂਦਰ ਮੰਨਿਆ ਜਾਂਦਾ ਹੈ।
ਪੜ੍ਹੇ-ਲਿਖੇ ਲੋਕਾਂ ਤੋਂ ਇਲਾਵਾ, ਦੂਜੇ ਸੂਬਿਆਂ ਤੋਂ ਆ ਕੇ ਛੋਟੇ-ਮੋਟੇ ਕੰਮ ਕਰਨ ਵਾਲੇ ਲੋਕ ਵੀ ਇਸ ਜਗ੍ਹਾ 'ਤੇ ਰਹਿੰਦੇ ਹਨ।
ਭਾਜਪਾ ਦਾ ਤਰਕ

ਤਸਵੀਰ ਸਰੋਤ, ANI
ਵਰਥੁਰ ਵਿਧਾਨ ਸਭਾ ਖੇਤਰ ਤੋਂ ਵੱਖਰਾ ਕਰ ਕੇ ਬਣਾਏ ਮਹਾਦੇਵਪੁਰਾ ਵਿਧਾਨ ਸਭਾ ਖੇਤਰ ਵਿੱਚ ਭਾਜਪਾ ਆਗੂ ਅਰਵਿੰਦ ਲਿੰਬਾਵਲੀ ਦਾ ਦਬਦਬਾ ਹੈ।
ਲਿੰਬਾਵਲੀ ਇੱਥੋਂ ਤਿੰਨ ਵਾਰ ਚੋਣ ਜਿੱਤ ਚੁੱਕੇ ਹਨ। ਸਾਲ 2023 ਵਿੱਚ ਉਨ੍ਹਾਂ ਦੇ ਪਤਨੀ ਇਸ ਸੀਟ ਤੋਂ ਜਿੱਤੇ ਸਨ।
ਅਰਵਿੰਦ ਲਿੰਬਾਵਲੀ ਤਿੰਨ ਵਿਅਕਤੀਆਂ ਦੀ ਉਦਾਹਰਣ ਦਿੰਦੇ ਹਨ। ਇਨ੍ਹਾਂ ਵਿੱਚੋਂ ਦੋ ਵਿਅਕਤੀ ਕਿਸੇ ਹੋਰ ਥਾਂ ਪੜ੍ਹਾਈ ਅਤੇ ਕੰਮ ਕਰਨ ਤੋਂ ਬਾਅਦ ਬੰਗਲੁਰੂ ਸਥਿਤ ਕੰਪਨੀਆਂ ਵਿੱਚ ਕੰਮ ਕਰਨ ਲਈ ਆਏ ਸਨ।
ਤੀਜੀ ਇੱਕ ਬਜ਼ੁਰਗ ਮਹਿਲਾ ਹੈ, ਜੋ ਇੱਕ ਤੋਂ ਵੱਧ ਬੂਥਾਂ 'ਤੇ ਰਜਿਸਟਰਡ ਹੈ।
ਲਿੰਬਾਵਲੀ ਨੇ ਕਿਹਾ, "ਮੈਂ ਇਸਦੀ ਜਾਂਚ ਕੀਤੀ। ਉਨ੍ਹਾਂ ਵਿੱਚੋਂ ਇੱਕ ਵਿਅਕਤੀ ਲਖਨਊ ਤੋਂ ਹੈ। ਉਸ ਨੂੰ ਮੁੰਬਈ ਵਿੱਚ ਨੌਕਰੀ ਮਿਲ ਗਈ ਸੀ, ਇਸ ਲਈ ਉੱਥੇ ਗਿਆ ਅਤੇ ਵੋਟ ਪਾਈ। ਫਿਰ ਉਸ ਨੂੰ ਬੰਗਲੁਰੂ ਵਿੱਚ ਨੌਕਰੀ ਮਿਲੀ ਅਤੇ ਇੱਥੇ ਕਿਰਾਏ ਦੇ ਘਰ ਵਿੱਚ ਰਹਿਣ ਲੱਗ ਪਿਆ। ਵਿਧਾਨ ਸਭਾ ਚੋਣਾਂ ਦੌਰਾਨ ਉਸ ਨੇ ਉਸੇ ਪਤੇ ਤੋਂ ਵੋਟ ਪਾਈ।"
"ਫਿਰ ਜਦੋਂ ਤੱਕ ਲੋਕ ਸਭਾ ਚੋਣਾਂ ਆਈਆਂ, ਉਦੋਂ ਤੱਕ ਉਹ ਇੱਕ ਅਪਾਰਟਮੈਂਟ ਵਿੱਚ ਸ਼ਿਫਟ ਹੋ ਗਿਆ। ਕਾਂਗਰਸ ਉਸ ਨੂੰ ਵੀ ਚੋਰ ਬਣਾ ਰਹੀ ਹੈ।"
ਉਨ੍ਹਾਂ ਇਹ ਵੀ ਦੱਸਿਆ ਕਿ ਚਾਮਰਾਜਪੇਟ ਅਤੇ ਸ਼ਿਵਾਜੀਨਗਰ ਵਰਗੇ ਹਲਕਿਆਂ ਵਿੱਚ ਗ਼ਲਤ ਪਤਿਆਂ ਅਤੇ ਇੱਕੋ ਨਾਮ 'ਤੇ ਕਈ ਵੋਟਾਂ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਖੇਤਰਾਂ ਤੋਂ ਕਾਂਗਰਸ ਦੇ ਉਮੀਦਵਾਰ ਚੁਣੇ ਗਏ ਹਨ।
ਲਿੰਬਾਵਲੀ ਕਹਿੰਦੇ ਹਨ, "ਉਹ ਚੋਰ ਨਹੀਂ ਹਨ, ਅਸੀਂ ਹਾਂ? ਉਨ੍ਹਾਂ (ਰਾਹੁਲ ਗਾਂਧੀ) ਨੂੰ ਸਮਝਣਾ ਚਾਹੀਦਾ ਹੈ ਅਤੇ ਪੁੱਛਗਿੱਛ ਕਰਨੀ ਚਾਹੀਦੀ ਹੈ। ਰਾਹੁਲ ਗਾਂਧੀ ਵਿਰੋਧੀ ਧਿਰ ਦੇ ਆਗੂ ਹਨ। ਉਨ੍ਹਾਂ ਨੂੰ ਇਸ ਮੁੱਦੇ 'ਤੇ ਕੁਝ ਸਮਝਦਾਰੀ ਦਿਖਾਉਣੀ ਚਾਹੀਦੀ ਹੈ। ਅਸੀਂ ਜਾਣਦੇ ਹਾਂ ਕਿ ਤੁਹਾਡਾ ਅਕਸ ਚੰਗਾ ਨਹੀਂ ਹੈ, ਪਰ ਜੇ ਤੁਸੀਂ ਕੋਸ਼ਿਸ਼ ਕਰੋ ਤਾਂ ਇਸ 'ਚ ਥੋੜ੍ਹਾ ਸੁਧਾਰ ਹੋ ਸਕਦਾ ਹੈ।"
ਸਥਾਨਕ ਲੋਕਾਂ ਨੇ ਇਲਜ਼ਾਮਾਂ ਬਾਰੇ ਕੀ ਕਿਹਾ?

ਇਸ ਹਲਕੇ ਦੇ ਕੁਝ ਵੋਟਰ ਰਾਹੁਲ ਗਾਂਧੀ ਦੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰਦੇ ਹਨ।
ਜਦਕਿ ਕੁਝ ਕਹਿੰਦੇ ਹਨ ਕਿ ਲੋਕ ਇੱਥੇ ਤਾਂ ਵੋਟ ਪਾਉਂਦੇ ਹੀ ਹਨ, ਨਾਲ ਹੀ ਆਪਣੇ-ਆਪਣੇ ਸੂਬਿਆਂ ਵਿੱਚ ਵੋਟ ਪਾਉਣ ਲਈ ਜਾਂਦੇ ਹਨ।
ਮਹਾਦੇਵਪੁਰਾ ਦੇ ਇੱਕ ਦੁਕਾਨਦਾਰ ਕ੍ਰਿਸ਼ਣਾ ਨੇ ਬੀਬੀਸੀ ਹਿੰਦੀ ਨੂੰ ਕਿਹਾ, "ਰਾਹੁਲ ਗਾਂਧੀ ਜੋ ਕਹਿ ਰਹੇ ਹਨ ਉਹ ਸੱਚ ਨਹੀਂ ਹੈ। ਮੈਨੂੰ ਅਰਵਿੰਦ ਲਿੰਬਾਵਲੀ 'ਤੇ ਪੂਰਾ ਵਿਸ਼ਵਾਸ ਹੈ। ਉਹ ਧੋਖਾ ਨਹੀਂ ਦਿੰਦੇ।"
ਇਲਾਕੇ ਦੇ ਇੱਕ ਸੀਨੀਅਰ ਨਾਗਰਿਕ ਮੁਨੀ ਰੈਡੀ ਨੇ ਕਿਹਾ ਕਿ ਇਹ ਸਭ ਕੁਝ ਸਿਆਸਤ ਤੋਂ ਇਲਾਵਾ ਕੁਝ ਨਹੀਂ ਹੈ।
ਮੁਨੀ ਰੈਡੀ ਕਹਿੰਦੇ ਹਨ, "ਸਾਰੇ ਇਲਜ਼ਾਮ ਬੇਬੁਨਿਆਦ ਹਨ। ਅਧਿਕਾਰੀ ਜ਼ਿੰਮੇਵਾਰ ਲੋਕ ਹਨ। ਸਿਰਫ਼ ਅਧਿਕਾਰੀਆਂ ਨੂੰ ਦੋਸ਼ ਦੇਣਾ ਸਹੀ ਨਹੀਂ ਹੈ। ਉਹ ਕਹਿ ਰਹੇ ਹਨ ਕਿ ਚੋਰੀ ਹੋਈ ਹੈ। ਪਰ ਕਿਵੇਂ? ਤੁਸੀਂ ਹੀ ਦੱਸੋ।"
ਇੱਕ ਸਥਾਨਕ ਨਿਵਾਸੀ ਸ਼ਸ਼ੀਕਲਾ ਨੇ ਕਿਹਾ, "ਇੱਥੇ ਆਉਣ ਵਾਲੇ ਲੋਕ ਕਿਰਾਏ 'ਤੇ ਘਰ ਲੈਂਦੇ ਹਨ। ਉਹ ਇੱਥੇ ਵੋਟ ਪਾਉਂਦੇ ਹਨ ਅਤੇ ਆਪਣੇ ਪਿੰਡ ਅਜੇ ਕੇ ਵੋਟ ਦਿੰਦੇ ਹਨ।"
ਪਰ ਇੱਕ ਸਥਾਨਕ ਸਟੋਰ ਦੇ ਮੈਨੇਜਰ ਦਰਸ਼ਨ ਨੇ ਕਿਹਾ, "ਇਹ ਸਪਸ਼ਟ ਹੈ ਕਿ ਇਹ ਨਕਲੀ ਵੋਟਰ ਹਨ, ਇਸ ਲਈ ਇਨ੍ਹਾਂ ਨੂੰ ਸੂਚੀ ਤੋਂ ਹਟਾਉਣਾ ਬਿਹਤਰ ਹੋਵੇਗਾ।"
ਕਾਂਗਰਸ ਆਗੂ ਮਨਸੂਰ ਅਲੀ ਖਾਨ ਤਿੰਨ ਗੰਭੀਰ ਸਵਾਲ ਉਠਾਉਂਦੇ ਹਨ, "ਚੋਣ ਕਮਿਸ਼ਨ ਚੁੱਪ ਕਿਉਂ ਹੈ? ਜਦੋਂ ਅਸੀਂ ਚੋਣ ਕਮਿਸ਼ਨ ਤੋਂ ਕੋਈ ਸਵਾਲ ਪੁੱਛਦੇ ਹਾਂ, ਤਾਂ ਭਾਜਪਾ ਇਸਦਾ ਬਚਾਅ ਕਰਨ ਕਿਉਂ ਆ ਜਾਂਦੀ ਹੈ? ਚੋਣ ਕਮਿਸ਼ਨ ਭਾਜਪਾ ਦਾ ਪੱਖ ਲੈ ਰਿਹਾ ਹੈ।"
ਜੇਕਰ ਸਿਆਸੀ ਦਲੀਲਾਂ ਨੂੰ ਛੱਡ ਦੇਈਏ, ਤਾਂ ਵੀ ਇਸ ਪੂਰੇ ਮਾਮਲੇ ਵਿੱਚ ਚੋਣ ਕਮਿਸ਼ਨ 'ਤੇ ਤਾਂ ਸਵਾਲ ਖੜ੍ਹੇ ਹੋਏ ਹੀ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












