ਪਰਵਾਸ ਕਾਰਨ ਮਾਂ ਬੋਲੀ ਭੁੱਲੀ ਕੁੜੀ ਦਾ ਦਰਦ, ‘ਮੈਂ ਆਪਣਾ ਨਾਂ ਵੀ ਠੀਕ ਨਹੀਂ ਬੋਲ ਸਕਦੀ’

ਤਸਵੀਰ ਸਰੋਤ, CAROLIN WINDEL
- ਲੇਖਕ, ਮਿੱਠੂ ਸਾਨਿਆਲ
- ਰੋਲ, ਬੀਬੀਸੀ ਫਿਊਚਰ
ਮੇਰਾ ਇੱਕ ਰਾਜ ਹੈ, ਇੱਕ ਅਜਿਹਾ ਰਾਜ ਜੋ ਮੈਂ ਕਈ ਸਾਲ ਆਪਣੇ ਅੰਦਰ ਦੱਬੀ ਰੱਖਿਆ ਤੇ ਜਿਸ ਨੂੰ ਲੈ ਕੇ ਮੈਂ ਬਹੁਤ ਸ਼ਰਮਿੰਦਾ ਵੀ ਹਾਂ।
ਮੈਂ ਆਪਣੀ ਇੱਕ ਸਹੇਲੀ ਅਤੇ ਸਹਿਕਰਮੀ, ਜੈਸਿੰਤਾ ਨੰਦੀ ਨਾਲ ਗੱਲਬਾਤ ਕਰ ਰਹੀ ਸੀ, ਉਹ ਵੀ ਮੇਰੇ ਵਾਂਗ ਹੀ ਇੱਕ ਲੇਖਿਕਾ ਹੈ।
ਉਸ ਦੇ ਪਿਤਾ ਵੀ ਮੇਰੇ ਪਿਤਾ ਵਾਂਗ ਪੱਛਮੀ ਬੰਗਾਲ ਤੋਂ ਆਏ ਹਨ। ਦੋਵਾਂ ਦੇ ਮਾਪਿਆਂ ਦੀ ਪਾਲਣ ਪੋਸ਼ਣ ਬੰਗਾਲੀ ਬੋਲਣ ਵਾਲ਼ੇ ਚੌਗਿਰਦੇ ਵਿੱਚ ਹੋਈ ਸੀ। ਉਸ ਦੇ ਪਿਤਾ ਪਰਵਾਸ ਕਰਕੇ ਇੰਗਲੈਂਡ ਜਾ ਵਸੇ ਅਤੇ ਮੇਰੇ ਪਿਤਾ ਜਰਮਨੀ, ਜਿੱਥੇ ਮੈਂ ਵੱਡੀ ਹੋਈ।
ਜੈਸਿੰਤਾ ਦੇ ਪਿਤਾ ਨੇ ਉਸ ਨੂੰ ਅੰਗਰੇਜ਼ੀ ਬਹੁਤ ਸਿਖਾਈ ਪਰ ਉਹ ਕਹਿੰਦੀ ਹੈ ਕਿ ਉਨ੍ਹਾਂ ਨੇ ਇੱਕ ਵੀ ਸ਼ਬਦ "ਮੈਨੂੰ ਬੰਗਾਲੀ ਵਿੱਚ ਨਹੀਂ ਸਿਖਾਇਆ।” ਬਿਲਕੁਲ ਮੇਰੇ ਵਾਂਗ।
ਮਾਪਿਆਂ ਨੇ ਮਾਂ-ਬੋਲੀ ਨਹੀਂ ਸਿਖਾਈ

ਤਸਵੀਰ ਸਰੋਤ, MITHU SANYAL
ਮੇਰੇ ਪਿਤਾ ਜੀ ਹਮੇਸ਼ਾ ਮੇਰੇ ਨਾਲ ਜਰਮਨ ਵਿੱਚ ਗੱਲ ਕਰਦੇ ਸਨ। ਭਾਵੇਂ ਮੈਂ ਉਨ੍ਹਾਂ ਨੂੰ ਬੰਗਾਲੀ ਵਿੱਚ ਵੀ ਗੱਲ ਕਰਦੇ ਸੁਣਿਆ ਹੈ, ਫ਼ੋਨ 'ਤੇ ਜਾਂ ਜਰਮਨੀ ਵਿੱਚ ਰਹਿੰਦੇ ਆਪਣੇ ਕੁਝ ਭਾਰਤੀ ਦੋਸਤਾਂ ਨਾਲ ਉਹ ਬੰਗਾਲੀ ਵਿੱਚ ਗੱਲ ਕਰਦੇ ਸਨ।
ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਉਹ ਕੀ ਕਹਿ ਰਹੇ ਹੁੰਦੇ ਸਨ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਮੇਰਾ ਨਾਂ ਮਿੱਠੂ, ਬੰਗਾਲੀ ਵਿੱਚ ਹੈ। ਜਦਕਿ ਬੰਗਾਲੀ ਬੋਲਣ ਵਾਲ਼ੇ ਮੈਨੂੰ ਦੱਸਦੇ ਹਨ ਕਿ ਮੈਂ ਇਹ ਸਹੀ ਤਰ੍ਹਾਂ ਨਹੀਂ ਬੋਲਦੀ।
ਜਦੋਂ ਤੱਕ ਮੈਂ ਜੈਸਿੰਤਾ ਨਾਲ ਗੱਲਬਾਤ ਨਹੀਂ ਕੀਤੀ ਸੀ, ਮੈਂ ਸੋਚਦੀ ਸੀ ਕਿ ਮੇਰੇ ਨਾਲ਼ ਕੁਝ ਗਲਤ ਸੀ। ਮੈਂ ਉਹ ਪ੍ਰਾਣੀ ਹਾਂ ਜੋ ਆਪਣੇ ਪਿਤਾ ਦੀ ਬੋਲੀ ਨਹੀਂ ਸਿੱਖਦਾ? ਹੁਣ ਮੈਨੂੰ ਪਤਾ ਲੱਗਿਆ ਕਿ ਅਜਿਹੇ ਬਹੁਤ ਸਾਰੇ ਪ੍ਰਾਣੀ ਹਨ।'
‘ਦੂਜੀ ਭਾਸ਼ਾ ਫਾਲਤੂ ਹੈ’

ਤਸਵੀਰ ਸਰੋਤ, Getty Images
ਐਨਿਕ ਡੀ ਹਾਊਵਰ, ਹਾਰਮੋਨੀਅਸ ਬਾਈਲਿੰਗੂਅਲਿਜ਼ਮ ਨੈੱਟਵਰਕ ਦੇ ਨਿਰਦੇਸ਼ਕ ਅਤੇ ਜਰਮਨੀ ਦੀ ਯੂਨੀਵਰਸਿਟੀ ਆਫ਼ ਇਰਫਰਟ ਵਿਖੇ ਭਾਸ਼ਾ ਸਿੱਖਣ ਅਤੇ ਬਹੁ-ਭਾਸ਼ਾਈਵਾਦ ਦੇ ਪ੍ਰੋਫ਼ੈਸਰ ਹਨ।
ਉਨ੍ਹਾਂ ਨੇ ਇਸ ਸਬੰਧੀ ਬਹੁਤ ਤੰਜ਼ ਕੀਤਾ ਹੈ ਕਿ ਕੁਝ ਪਰਿਵਾਰ ਆਪਣੀਆਂ ਭਾਸ਼ਾਵਾਂ ਕਿਵੇਂ ਅਤੇ ਕਿਉਂ ਗੁਆ ਦਿੰਦੇ ਹਨ।
ਡੀ ਹਾਊਵਰ ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਦਿ ਸਟੱਡੀ ਆਫ ਚਿਲਡਰਨਜ਼ ਲੈਂਗੂਏਜ ਦੇ ਮੁਖੀ ਵੀ ਹਨ।
2003 ਵਿੱਚ, ਉਨ੍ਹਾਂ ਨੇ ਬੈਲਜੀਅਮ ਦੇ ਡੱਚ-ਭਾਸ਼ੀ ਖੇਤਰ ਫਲੈਂਡਰਜ਼ ਵਿੱਚ 18,000 ਪਰਿਵਾਰਾਂ ਵਿੱਚ ਭਾਸ਼ਾ ਦੀ ਵਰਤੋਂ ਬਾਰੇ ਹੋਏ ਇੱਕ ਸਰਵੇਖਣ ਦੇ ਨਤੀਜੇ ਪ੍ਰਕਾਸ਼ਤ ਕੀਤੇ।
ਡੀ ਹਾਊਵਰ ਦੱਸਦੇ ਹਨ, "ਮੈਂ ਦੇਖਿਆ ਕਿ ਕਿਵੇਂ ਦੋਭਾਸ਼ੀ ਵਾਤਾਵਰਣ ਵਿੱਚ ਪਾਲੇ-ਵੱਡੇ ਕੀਤੇ ਗਏ ਬੱਚੇ ਦੋ ਭਾਸ਼ਾਵਾਂ ਨਹੀਂ ਬੋਲਦੇ।"
ਉਸ ਅਧਿਐਨ ਅਤੇ ਉਸ ਤੋਂ ਬਾਅਦ ਵੀ ਹੋਏ ਅਜਿਹੇ ਹੋਰ ਅਧਿਐਨਾਂ ਵਿੱਚ ਦੇਖਿਆ ਗਿਆ ਕਿ ਜੋ ਬੱਚੇ ਦੋ ਭਾਸ਼ਾਵਾਂ ਸੁਣਦੇ ਹੋਏ ਵੱਡੇ ਹੁੰਦੇ ਹਨ, ਉਨ੍ਹਾਂ ਵਿੱਚੋਂ 12 ਫੀਸਦੀ ਤੋਂ 44 ਫੀਸਦੀ ਬੱਚੇ ਆਖਰ ਵਿੱਚ ਇੱਕ ਹੀ ਬੋਲੀ ਬੋਲਦੇ ਹਨ।
ਡੀ ਹਾਊਵਰ ਮੁਤਾਬਕ, “ਜ਼ਿਆਦਾਤਰ ਬੱਚੇ ਦੋਵਾਂ ਬੋਲੀਆਂ ਦੇ ਸ਼ਬਦਾਂ ਨੂੰ ਸਿੱਖਣ ਤੋਂ ਸ਼ੁਰੂਆਤ ਕਰਦੇ ਹਨ। ਜਦ ਉਹ ਪ੍ਰੀ-ਸਕੂਲ ਜਾਂਦੇ ਹਨ, ਤਾਂ ਉਹ ਸਿਰਫ਼ ਇੱਕ ਹੀ ਭਾਸ਼ਾ ਦੀ ਵਰਤੋਂ ਜਾਰੀ ਰੱਖਦੇ ਹਨ। ਕਿਉਂ? ਕਿਉਂਕਿ ਉਨ੍ਹਾਂ ਨੂੰ ਸਿਰਫ਼ ਇਸੇ ਪਹਿਲੂ 'ਤੇ ਧਿਆਨ ਮਿਲਦਾ ਹੈ ਅਤੇ ਬੱਚੇ ਜਲਦ ਹੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਦੂਜੀ ਭਾਸ਼ਾ ਗੈਰ-ਉਪਯੋਗੀ ਹੈ। ਬੇਕਾਰ!"

ਤਸਵੀਰ ਸਰੋਤ, Getty Images
‘ਜਦੋਂ ਕੋਈ ਗੱਲ ਲੁਕਾਉਣੀ ਹੁੰਦੀ ਤਾਂ ਮਾਪੇ ਬੰਗਾਲੀ ਬੋਲਦੇ ਸਨ’
ਮਿੱਠੂ ਕਹਿੰਦੇ ਹਨ ਕਿ ਜਦੋਂ ਮੈਂ ਇਸ ਬਾਰੇ ਸੋਚਿਆ, ਤਾਂ ਮੈਂ ਲੋਕਾਂ ਨੂੰ ਇਹ ਪੁੱਛਣ ਲਈ ਕਾਹਲੀ ਪੈ ਗਈ ਕਿ ਮਾਂ-ਬੋਲੀ ਨਾ ਸਿੱਖਣ ਜਾਂ ਬੋਲਣ ਕਾਰਨ ਉਨ੍ਹਾਂ ਨੂੰ ਕਿਵੇਂ ਲੱਗਦਾ ਹੈ।
ਜਰਮਨੀ ਵਿੱਚ ਬਾਲ ਸਾਹਿਤਕਾਰ ਕਹਾਣੀਕਾਰ ਅਦਰੀਆ ਕਰੀਮੇ ਨੇ ਦੱਸਿਆ, "ਮੇਰੇ ਪਿਤਾ ਜੀ ਦਾ ਜਨਮ ਲਿਬਨਾਨ ਵਿੱਚ ਹੋਇਆ ਸੀ ਅਤੇ ਉਹ ਸਿਰਫ਼ ਫ਼ੋਨ 'ਤੇ ਜਾਂ ਮਹਿਮਾਨਾਂ ਨਾਲ਼ ਜਾਂ ਰੈਸਟੋਰੈਂਟਾਂ ਵਿੱਚ ਹੀ ਅਰਬੀ ਬੋਲਦੇ ਸਨ।''
"ਇਸ ਲਈ ਬਚਪਨ ਵਿੱਚ ਮੈਂ ਸੋਚਦੀ ਸੀ ਕਿ ਮੈਂ ਕੋਈ ਗੁਪਤ ਭਾਸ਼ਾ ਬੋਲਦੀ ਹਾਂ। ਮੇਰੇ ਪਿਤਾ ਮੇਰੇ ਲਈ ਇੱਕ ਰਹੱਸ ਵਾਂਗ ਬਣ ਗਏ ਸਨ।"
ਬਰਲਿਨ ਦੀ ਹੀ ਵਾਸੀ ਇੱਕ ਕਲਾਕਾਰ ਐਮਿਲੀ ਚੌਧਰੀ ਨੇ ਦੱਸਿਆ, "ਜਦੋਂ ਮੇਰੇ ਮਾਪਿਆਂ ਨੇ ਕੋਈ ਅਜਿਹੀ ਗੱਲ ਕਰਨੀ ਹੁੰਦੀ ਜੋ ਉਹ ਚਾਹੁੰਦੇ ਸਨ ਸਾਡੇ ਸਮਝ ਨਾ ਆਵੇ, ਤਾਂ ਉਹ ਬੰਗਾਲੀ ਬੋਲਣ ਲੱਗ ਪੈਂਦੇ। ਸਾਨੂੰ ਅਣਜਾਣ ਰੱਖਣ ਲਈ ਇਸ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਸੀ।"
ਇਸ ਦੇ ਨਾਲ ਹੀ ਸਾਡੇ ਬਜ਼ੁਰਗ ਵੀ ਚਾਹੁੰਦੇ ਹਨ ਕਿ ਅਸੀਂ ਉਨ੍ਹਾਂ ਦੀ ਭਾਸ਼ਾ ਬੋਲੀਏ ਤੇ ਜਦੋਂ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਧੱਕਾ ਲੱਗ ਸਕਦਾ ਹੈ।
ਮੈਨੂੰ "ਮੇਰੀ ਭਾਸ਼ਾ ਦੇ 8 ਇਕਬਾਲੀਆ ਬਿਆਨ" ਕਵਿਤਾ ਪਸੰਦ ਹੈ। ਕਵੀ ਨੋਏਲ ਕੁਇਨਸ, ਜੋ ਅਮਰੀਕਾ ਵਿੱਚ ਜਨਮੇ ਅਤੇ ਵੱਡੇ ਹੋਏ, ਉਹ ਆਪਣੀ ਰਿਵਾਇਤ (ਪਿਊਰਟੋ ਰਿਕਾਨ) ਨੂੰ ਮਹਿਸੂਸ ਤਾਂ ਕਰਦੇ ਹਨ ਪਰ ਸਪੈਨਿਸ਼ ਭਾਸ਼ਾ ਨਹੀਂ ਬੋਲ ਸਕਦੇ।
ਉਹ ਲੋਕ ਜਿੰਨ੍ਹਾਂ ਦੀ ਮਾਂ/ਬਾਪ ਬੋਲੀ ਤਾਂ ਸਪੈਨਿਸ਼ ਹੈ ਪਰ ਉਹ ਖ਼ੁਦ ਸਪੈਨਿਸ਼ ਨਹੀਂ ਬੋਲ ਸਕਦੇ, ਉਨ੍ਹਾਂ ਵਿੱਚ ਸ਼ਰਮਸਾਰ ਮਹਿਸੂਸ ਕਰਨਾ, ਭਾਸ਼ਾਈ ਨੁਕਸਾਨ ਅਤੇ ਆਪਣੀ ਪਛਾਣ ’ਤੇ ਸਵਾਲ ਉੱਠਣ ਦਾ ਤਜ਼ਰਬਾ ਆਮ ਹੈ।


ਦੋ ਭਾਸ਼ਾਵਾਂ ਸਿੱਖਣ ਨੂੰ ਲੈ ਕੇ ਮਿਥ
ਮੈਂ ਇਨ੍ਹਾਂ ਗੁਆਚੀਆਂ ਭਾਸ਼ਾਵਾਂ ਨੂੰ "ਹੋਰ ਭਾਸ਼ਾਵਾਂ" ਮੰਨਦੀ ਹਾਂ। ਉਹ ਸਾਡੇ ਬਜ਼ੁਰਗਾਂ ਅਤੇ ਬਚਪਨ ਦੀਆਂ ਯਾਦਾਂ ਵਿੱਚ ਤਾਂ ਮੌਜੂਦ ਹਨ, ਪਰ ਸਾਡੀ ਪਹੁੰਚ ਤੋਂ ਬਾਹਰ ਹਨ, ਕਿਉਂਕਿ ਜਾਂ ਤਾਂ ਅਸੀਂ ਕਦੇ ਉਨ੍ਹਾਂ ਨੂੰ ਸਿੱਖਿਆ ਨਹੀਂ ਜਾਂ ਸਾਨੂੰ ਉਹ ਭਾਸ਼ਾਵਾਂ ਭੁੱਲਣ ਦੀ ਤਾਕੀਦ ਕੀਤੀ ਗਈ ਸੀ।
ਮੇਰੇ ਮਾਮਲੇ ਵਿੱਚ, ਮੈਨੂੰ ਵਾਕਈ ਇਹ ਦੋਵੇਂ ਘਾਟੇ ਪਏ ਸਨ। ਨਾ ਹੀ ਮੈਂ ਆਪਣੀ ਮਾਂ ਦੀ ਮੂਲ ਬੋਲੀ ਪੋਲਿਸ਼ ਸਿੱਖੀ ਤੇ ਨਾ ਹੀ ਪਿਤਾ ਦੀ ਬੋਲੀ ਬੰਗਾਲੀ।
ਜਦੋਂ ਮੇਰਾ ਪਾਲਣ-ਪੋਸ਼ਣ ਹੋ ਰਿਹਾ ਸੀ, ਤਾਂ ਮੇਰੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਮੈਨੂੰ ਬੰਗਾਲੀ ਜਾਂ ਪੋਲਿਸ਼ ਨਾ ਸਿਖਾਉਣ।
ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਜੇ ਕੋਈ ਬੱਚਾ ਇੱਕੋ ਸਮੇਂ ਇੱਕ ਤੋਂ ਵੱਧ ਬੋਲੀਆਂ ਸਿੱਖਦਾ ਹੈ, ਤਾਂ ਉਹ ਦੋਵਾਂ ਵਿੱਚੋਂ ਕਿਸੇ ਨੂੰ ਵੀ ਚੰਗੀ ਤਰ੍ਹਾਂ ਨਹੀਂ ਸਿੱਖ ਸਕਦਾ। ਇਹ ਇਸ ਤਰ੍ਹਾਂ ਸੀ ਜਿਵੇਂ ਕਿ ਉਨ੍ਹਾਂ ਦੀਆਂ ਭਾਸ਼ਾਵਾਂ "ਅਸਲੀ" ਭਾਸ਼ਾ ਨੂੰ ਦੂਸ਼ਿਤ ਕਰ ਸਕਦੀਆਂ ਹਨ, ਮੇਰੇ ਕੇਸ ਵਿੱਚ ਅਸਲ ਭਾਸ਼ਾ ਜਰਮਨ ਸੀ।
ਡੀ ਹਾਊਵਰ ਕਹਿੰਦੇ ਹਨ,"ਬਦਕਿਸਮਤੀ ਨਾਲ, ਇਹ ਕੋਈ ਬਹੁਤ ਪੁਰਾਣ ਵਿਚਾਰ ਨਹੀਂ ਹੈ।"
ਉਹ ਦੱਸਦੇ ਹਨ ਕਿ ਮੰਨਿਆ ਜਾਂਦਾ ਹੈ ਕਿ ਦੋ ਭਾਸ਼ਾਵਾਂ ਕਾਰਨ ਬੱਚਿਆਂ ਦੀ ਸਿੱਖਣ ਪ੍ਰਕਿਰਿਆ ਵਿੱਚ ਦੇਰੀ ਹੋ ਸਕਦੀ ਹੈ ਜਾਂ ਇਹ ਉਨ੍ਹਾਂ ਨੂੰ ਭੰਬਲਭੂਸੇ ਵਿੱਚ ਪਾ ਸਕਦਾ ਹੈ।
ਜਦਕਿ, ਖੋਜ ਨੇ ਇਹ ਸਾਬਤ ਕੀਤਾ ਹੈ ਕਿ ਦੋਭਾਸ਼ੀ ਬਚੇ ਬੋਲੀ ਵਿੱਚ ਪਿੱਛੇ ਨਹੀਂ ਰਹਿੰਦੇ ਅਤੇ ਉਨ੍ਹਾਂ ਦੀ ਕਈ ਵਾਰ ਆਪਣੀਆਂ ਭਾਸ਼ਾਵਾਂ ਨੂੰ ਮਿਲਾਉਣ ਦੀ ਪ੍ਰਵਿਰਤੀ (ਜਿਸਨੂੰ ਕੋਡ ਸਵਿੱਚਿੰਗ, ਜਾਂ ਟਰਾਂਸ-ਭਾਸ਼ਾਵਾਦ ਵਜੋਂ ਜਾਣਿਆ ਜਾਂਦਾ ਹੈ) ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਉਹ ਦੋਵਾਂ ਬੋਲੀਆਂ ਨੂੰ ਆਪੋ ਵਿੱਚ ਉਲਝਾਅ ਰਹੇ ਹਨ।
ਬਲਕਿ, ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਉਹ ਆਪਣੀ ਸ਼ਬਦਾਵਲੀ ਨੂੰ ਵਾਰ-ਵਾਰ ਵਰਤ ਰਹੇ ਹਨ ਤੇ ਜ਼ਰੂਰਤ ਮੁਤਾਬਕ ਸਭ ਤੋਂ ਢੁਕਵੇਂ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ।
ਹੋਰ ਬੋਲੀਆਂ

ਤਸਵੀਰ ਸਰੋਤ, Getty Images
ਅਮਰੀਕਾ ਦੀ ਮਿਨੀਸੋਟਾ ਯੂਨੀਵਰਸਿਟੀ ਵਿੱਚ ਦੂਜੀ ਭਾਸ਼ਾ ਦੀ ਸਿੱਖਿਆ ਦੇ ਪ੍ਰੋਫ਼ੈਸਰ ਮਾਰਥਾ ਬਿਗੇਲੋ ਨੇ ਦੱਸਿਆ ਕਿ ਬੋਲੀ ਸਿੱਖਣ ਬਾਰੇ ਅਜੇ ਵੀ ਬਹੁਤ ਸਾਰੀਆਂ ਗ਼ਲਤਫ਼ਹਿਮੀਆਂ ਹਨ, "ਜਿਵੇਂ ਕਿ ਭਾਸ਼ਾਵਾਂ ਨੂੰ ਨਾ ਮਿਲਾਉਣਾ (ਟ੍ਰਾਂਸਲਿੰਗੂਆ) ਜ਼ਿਆਦਾ ਵਧੀਆ ਹੁੰਦਾ ਹੈ ਆਦਿ।''
ਇਨ੍ਹਾਂ ਵਿਸ਼ਵਾਸਾਂ ਦਾ ਠੋਸ ਅਸਰ ਪੈਂਦਾ ਹੈ- "[ਅਮਰੀਕਾ ਵਿੱਚ] ਸਲਾਹ ਇਹ ਦਿੱਤੀ ਜਾਂਦੀ ਹੈ ਕਿ ਅੰਗ੍ਰੇਜ਼ੀ ਸਿੱਖਣ ਲਈ ਸਿਰਫ਼ ਅੰਗ੍ਰੇਜ਼ੀ ਬੋਲਣਾ ਹੀ ਵਧੀਆ ਹੈ।"
ਇੱਥੋਂ ਤੱਕ ਕਿ ਜਦੋਂ ਦੂਜੀ ਭਾਸ਼ਾ ਦੀ ਗੱਲ ਆਉਂਦੀ ਹੈ, ਤਾਂ ਵੀ ਇਸ ਗੱਲ ਵਿੱਚ ਵੀ ਸਪਸ਼ਟ ਭੇਦਭਾਵ ਹੁੰਦੇ ਹਨ ਕਿ ਸਮਾਜ ਉਨ੍ਹਾਂ ਨਾਲ ਕਿਵੇਂ ਸਲੂਕ ਕਰਦਾ ਹੈ।
ਜਰਮਨੀ ਵਿੱਚ ਅੰਗਰੇਜ਼ੀ ਹਰ ਥਾਂ ਹੈ ਅਤੇ ਇਸ ਨੂੰ ਜ਼ਰੂਰੀ ਸਮਝਿਆ ਜਾਂਦਾ ਹੈ। ਮੇਰੇ ਪਤੀ ਬ੍ਰਿਟਿਸ਼ ਹਨ ਤੇ ਸਾਰੇ ਲੋਕ ਉਨ੍ਹਾਂ ਨਾਲ ਅੰਗਰੇਜ਼ੀ ਵਿੱਚ ਗੱਲ ਕਰਦੇ ਹਨ। ਜਦਕਿ ਉਨ੍ਹਾਂ ਦੀ ਆਪਣੀ ਜਰਮਨ ਉਨ੍ਹਾਂ (ਜਰਮਨਾਂ) ਦੀ ਅੰਗਰੇਜ਼ੀ ਨਾਲੋਂ ਕਿਤੇ ਵਧੀਆ ਹੁੰਦੀ ਹੈ।
ਪਰ ਬਾਕੀ ਭਾਸ਼ਾਵਾਂ ਨੂੰ ਲੈ ਕੇ ਅਜਿਹੀ ਨਰਮੀ ਨਹੀਂ ਵਰਤੀ ਜਾਂਦੀ।
ਜਰਮਨੀ ਵਿੱਚ ਮੁੱਖ ਘੱਟ ਗਿਣਤੀ ਬੋਲੀਆਂ ਵਿੱਚੋਂ ਇੱਕ ਹੈ - ਤੁਰਕੀ, ਜਿਸ ਦਾ ਇਤਿਹਾਸ 1960 ਦੇ ਦਹਾਕੇ ਵਿੱਚ ਤੁਰਕੀ ਤੋਂ ਕਾਮਿਆਂ ਦੇ ਪ੍ਰਵਾਸ ਨਾਲ ਜੁੜਿਆ ਹੋਇਆ ਹੈ। ਹਾਲਾਂਕਿ, ਤੁਰਕੀ ਬੋਲਣ ਵਾਲ਼ਿਆਂ ਨੂੰ ਅਜੇ ਵੀ ਵਿਤਕਰਾ ਝੱਲਣਾ ਪੈਂਦਾ ਹੈ।
ਸਾਲ 2020 ਵਿੱਚ, ਜਰਮਨੀ ਵਿੱਚ ਆਪਣੇ ਸਕੂਲ ਦੇ ਖੇਡ ਦੇ ਮੈਦਾਨ ਵਿੱਚ ਇੱਕ ਦੋਸਤ ਨਾਲ਼ ਤੁਰਕੀ ਬੋਲਣ ਬਦਲੇ ਇੱਕ ਨੌਂ ਸਾਲਾ ਕੁੜੀ ਨੂੰ ਉਨ੍ਹਾਂ ਦੇ ਅਧਿਆਪਕ ਨੇ ਝਿੜਕਿਆ ਸੀ।
ਸਜ਼ਾ ਵਜੋਂ, ਉਨ੍ਹਾਂ ਨੂੰ "ਅਸੀਂ ਸਕੂਲ ਵਿਚ ਜਰਮਨ ਕਿਉਂ ਬੋਲਦੇ ਹਾਂ" ਨਿਬੰਧ ਲਿਖਣ ਲਈ ਕਿਹਾ ਗਿਆ। ਉਸ ਨੇ ਜੋ ਲਿਖਿਆ, ਉਸ ਵਿੱਚ ਇਸ ਤਰ੍ਹਾਂ ਦੇ ਵਾਕਾਂਸ਼ ਸਨ: "ਸਾਨੂੰ ਆਪਣੀ ਮਾਂ-ਬੋਲੀ ਬੋਲਣ ਦੀ ਆਗਿਆ ਨਹੀਂ ਹੈ ਤਾਂ ਕਿ ਅਸੀਂ ਆਪਣੀ ਜਰਮਨ ਭਾਸ਼ਾ 'ਚ ਸੁਧਾਰ ਕਰ ਸਕੀਏ।"
ਇਸ ਮਾਮਲੇ ਵਿੱਚ ਕੁੜੀ ਦੇ ਪਰਿਵਾਰ ਨੇ ਇੱਕ ਵਕੀਲ ਦੀ ਮਦਦ ਨਾਲ਼ ਇੱਕ ਰਸਮੀ ਸ਼ਿਕਾਇਤ ਦਰਜ ਕਰਵਾਈ। ਵਕੀਲ ਦੀ ਦਲੀਲ ਸੀ ਕਿਕਿ ਕੀ ਅੱਧੀ-ਛੁੱਟੀ ਦੌਰਾਨ ਅੰਗਰੇਜ਼ੀ ਬੋਲਣ ਵਾਲ਼ੇ ਕਿਸੇ ਹੋਰ ਬੱਚੇ ਨੂੰ ਵੀ ਅਜਿਹੀ ਸਜ਼ਾ ਦਿੱਤੀ ਗਈ ਸੀ।
ਤੁਰਕੀ ਮੂਲ ਦੇ ਜਰਮਨਾਂ ਵਿੱਚ ਇੱਕ ਕਹਾਵਤ ਹੈ: ਤੁਰਕੀ ਕੋਈ ਅਜਿਹੀ ਭਾਸ਼ਾ ਨਹੀਂ ਹੈ ਜੋ ਤੁਸੀਂ ਸਿੱਖੋ, ਤੁਰਕੀ ਇੱਕ ਅਜਿਹੀ ਬੋਲੀ ਹੈ ਜਿਸ ਨੂੰ ਤੁਸੀਂ ਜਿੰਨੀ ਜਲਦੀ ਹੋ ਸਕੇ ਭੁੱਲ ਜਾਓ।
ਜਦੋਂ ਮੇਰੇ ਜੱਦੀ ਸ਼ਹਿਰ ਡੁਸੇਲਡੋਰਫ (ਜਰਮਨੀ ਵਿੱਚ) ਬਹੁਭਾਸ਼ਾਵਾਦ ਨੂੰ ਬੜ੍ਹਾਵਾ ਦੇਣ ਲਈ ਅਰਬੀ ਵਿੱਚ ਇੱਕ ਸਾਈਨ ਬੋਰਡ ਲਗਾਇਆ ਗਿਆ ਤਾਂ ਉਸ ਨੂੰ ਹਟਾ ਦਿੱਤਾ ਗਿਆ ਅਤੇ ਆਨਲਾਈਨ ਇੱਕ ਤਰ੍ਹਾਂ ਦਾ ਪ੍ਰਚਾਰ ਸ਼ੁਰੂ ਹੋਇਆ, ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ "ਉਨ੍ਹਾਂ ਨੂੰ" ਜਰਮਨ ਸਿੱਖਣੀ ਚਾਹੀਦੀ ਹੈ।
ਜਦਕਿ ਉੱਥੇ ਹੀ ਜਾਪਾਨੀ ਵਿੱਚ ਲਿਖੇ ਤੋਂ ਕਿਸੇ ਨੂੰ ਕੋਈ ਸਮੱਸਿਆ ਨਹੀਂ ਸੀ।
ਭਾਸ਼ਾਵਾਂ ਦਾ ਮਹੱਤਵ

ਤਸਵੀਰ ਸਰੋਤ, Getty Images
ਬੋਲੀਆਂ ਨੂੰ ਦਿੱਤੇ ਗਏ ਮਹੱਤਵ ਵਿੱਚਲੇ ਨਾਟਕੀ ਅੰਤਰ ਨੂੰ ਕਿਵੇਂ ਸਮਝਿਆ ਜਾਵੇ?
ਅਧਿਐਨ ਦਰਸਾਉਂਦੇ ਹਨ ਕਿ ਇਸ ਦਾ ਬਹੁਤੀ ਵਾਰ ਬੋਲੀਆਂ ਨਾਲ਼ ਕੋਈ ਲੈਣਾ ਦੇਣਾ ਨਹੀਂ ਹੁੰਦਾ, ਸਗੋਂ ਬੋਲੀਆਂ ਪ੍ਰਤੀ ਸਮਾਜਿਕ ਰਵੱਈਏ ਨਾਲ਼ ਹੁੰਦਾ ਹੈ। ਖ਼ਾਸ ਕਰਕੇ ਪ੍ਰਵਾਸੀਆਂ ਪ੍ਰਤੀ ਰਵਈਏ ਨਾਲ਼।
ਮਾਰਕ ਟੇਰਕੇਸਿਡਿਸ, ਪ੍ਰਵਾਸ ਅਤੇ ਨਸਲਵਾਦ ਦੇ ਅਧਿਐਨ ਦੇ ਖੇਤਰ ਵਿੱਚ ਇੱਕ ਮਸ਼ਹੂਰ ਲੇਖਕ ਹਨ। ਮਾਰਕ ਟੇਰਕੇਸਿਡਿਸ ਅਕਾਦਮੀ ਡੇਰ ਕੁਆਂਸਟ ਡੇਰ ਵੇਲਟ (ਅਕੈਡਮੀ ਆਫ ਵਰਲਡ ਆਰਟਸ) ਦੇ ਮੈਂਬਰ ਵੀ ਹਨ।
ਉਹ ਕਹਿੰਦੇ ਹਨ, "[ਜਰਮਨੀ ਵਿੱਚ] ਪ੍ਰਵਾਸ ਨੂੰ ਅਜੇ ਵੀ ਇੱਕ ਅਪਵਾਦ ਵਜੋਂ ਦੇਖਿਆ ਜਾਂਦਾ ਹੈ। ਜਿਹੜੇ ਬੱਚੇ ਘਰ ਵਿੱਚ ਕੋਈ ਹੋਰ ਬੋਲੀ ਬੋਲਦੇ ਹਨ, ਉਹ ਸਕੂਲ ਵਿੱਚ ਉਨ੍ਹਾਂ ਬੱਚਿਆਂ ਵਾਂਗ ਹੀ ਦਿਖਾਈ ਦਿੰਦੇ ਹਨ ਜੋ ਘਰ ਵਿੱਚ ਜਰਮਨ ਨਹੀਂ ਬੋਲਦੇ।"
ਡੀ ਹਾਊਵਰ ਕਹਿੰਦੇ ਹਨ, "ਕਿਸੇ ਵੀ ਤਰੀਕੇ ਨਾਲ, ਇਹ ਪਰਿਵਾਰਕ ਰਿਸ਼ਤਿਆਂ ਲਈ ਚੰਗਾ ਨਹੀਂ ਹੈ। ਆਪਣੇ ਮਾਪਿਆਂ ਦੀ ਭਾਸ਼ਾ ਬੋਲਣਾ ਸੱਚਮੁੱਚ ਬਹੁਤ ਮਹੱਤਵਪੂਰਨ ਹੈ, ਪਿਤਾ ਲਈ, ਬੱਚਿਆਂ ਲਈ, ਪਰਿਵਾਰ ਲਈ।"
ਡੀ ਹਾਊਵਰ ਮੁਤਾਬਕ, ਇਸ ਪ੍ਰਕਿਰਿਆ ਵਿੱਚ ਸਾਥ ਦੇਣ ਲਈ ਸਮਾਜ ਬਹੁਤ ਕੁਝ ਕਰ ਸਕਦਾ ਹੈ।
ਇਸ ਦੀ ਇੱਕ ਵਿਹਾਰਕ ਮਿਸਾਲ ਇਹ ਹੈ ਕਿ ਸਕੂਲਾਂ ਵਿੱਚ ਬਹੁ-ਭਾਸ਼ਾਈਵਾਦ ਬਾਰੇ ਕੀ ਵਤੀਰਾ ਹੈ।
ਉਹ ਕਹਿੰਦੇ ਹਨ, "ਬੱਚੇ ਜਿਹੜੀਆਂ ਵੀ ਬੋਲੀਆਂ ਜਮਾਤ ਵਿੱਚ ਲਿਆਉਂਦੇ ਹਨ, ਉਨ੍ਹਾਂ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ ਅਤੇ ਇਹ ਬਹੁਤ ਸੁਖਾਲਾ ਹੈ। ਮਿਸਾਲ ਵਜੋਂ, ਬੱਚੇ ਦੇ ਨਾਮ ਦਾ ਸਹੀ ਉਚਾਰਣ ਕਰਨਾ।"
ਨਿੱਕੇ-ਨਿੱਕੇ ਕਦਮ

ਤਸਵੀਰ ਸਰੋਤ, Getty Images
ਗੱਲਬਾਤ ਦੇ ਇਸ ਮੋੜ ਤੱਕ ਆਉਂਦੇ-ਆਉਂਦੇ ਮੇਰਾ ਇਹੀ ਸੋਚ ਕੇ ਰੋਣਾ ਨਿੱਕਲ ਗਿਆ ਕਿ ਮੈਂ ਆਪ ਕਿੰਨੇ ਲੰਮੇ ਸਮੇਂ ਤੋਂ ਆਪਣਾ ਨਾਮ ਸਹੀ ਤਰੀਕੇ ਨਾਲ ਨਹੀਂ ਲੈ ਸਕਦੀ।
ਡੀ ਹਾਊਵਰ ਮੰਨਦੇ ਹਨ ਕਿ ਨਿੱਕੇ-ਨਿੱਕੇ ਕਦਮ ਇੱਕ ਵੱਡਾ ਫ਼ਰਕ ਲਿਆ ਸਕਦੇ ਹਨ, ਜਿਵੇਂ ਕਿ ਬੱਚਿਆਂ ਨੂੰ ਇਹ ਪੁੱਛਣਾ ਕਿ ਘਰ ਵਿੱਚ ਜੋ ਭਾਸ਼ਾ ਉਹ ਬੋਲਦੇ ਹਨ ਉਸ ਵਿੱਚ "ਹੈਲੋ" ਕਿਵੇਂ ਕਹਿਣਾ ਹੈ। "ਇਸ ਤਰ੍ਹਾਂ ਦੀਆਂ ਅਹਿਮ ਚੀਜ਼ਾਂ ਅਤੇ ਫ਼ਿਰ ਤੁਸੀਂ ਇਨ੍ਹਾਂ ਨੂੰ ਸਿੱਖ ਸਕਦੇ ਹੋ।”
"ਤੁਸੀਂ ਬੱਚਿਆਂ ਤੋਂ ਮਦਦ ਮੰਗ ਸਕਦੇ ਹੋ। ਅਤੇ ਫ਼ਿਰ ਜਮਾਤ ਵਿਚਲੇ ਸਾਰੇ ਬੱਚਿਆਂ ਨੂੰ ਇਹ ਸਿੱਖਣਾ ਪਵੇਗਾ ਕਿ ਨਵੇਂ ਵਿਦਿਆਰਥੀ ਦਾ ਸਵਾਗਤ ਕਿਵੇਂ ਕਰਨਾ ਹੈ ਜਾਂ ਹੈਲੋ ਕਿਵੇਂ ਬੋਲਣਾ ਹੈ। ਸਾਰੀ ਗੱਲ ਧਿਆਨ ਦੇਣ ਦੀ ਹੈ। ਗੱਲ ਪੈਸੇ ਦੀ ਨਹੀਂ, ਨਜ਼ਰੀਆ ਬਦਲਣ ਦੀ ਹੈ।"
"ਇਹ ਸਿਰਫ ਇੱਕ 'ਘਰੇਲੂ ਭਾਸ਼ਾ' ਨਹੀਂ ਹੋਣੀ ਚਾਹੀਦੀ, ਸਗੋਂ 'ਹਰ ਜਗ੍ਹਾ ਦੀ ਭਾਸ਼ਾ' ਹੋਣੀ ਚਾਹੀਦੀ ਹੈ ਜਿਸ ਨੂੰ ਭਾਸ਼ਾ ਨੀਤੀ ਅਤੇ ਸਾਈਨ ਬੋਰਡਜ਼ ਰਾਹੀਂ ਬਹੁਤ ਸਾਰੀਆਂ ਜਨਤਕ ਥਾਵਾਂ 'ਤੇ ਦਰਸਾਇਆ ਜਾਣਾ ਚਾਹੀਦਾ ਹੈ।”
''ਭਾਸ਼ਾ ਦੀ ਪ੍ਰਸ਼ੰਸਾ ਕਰਨਾ ਜਾਂ ਉਸ ਦਾ ਸਨਮਾਨ ਕਰਨਾ ਵੀ ਉਸ ਦੇ ਲਈ ਮਹੱਤਵਪੂਰਨ ਸਾਬਿਤ ਹੁੰਦਾ ਹੈ।
ਭਾਸ਼ਾ ਮੁੜ-ਸਿੱਖਣਾ

ਤਸਵੀਰ ਸਰੋਤ, MITHU SANYAL
ਨਿੱਜੀ ਪੱਧਰ 'ਤੇ, ਬੋਲੀ ਦੀ ਹਾਨੀ ਨੂੰ ਠੀਕ ਕਰਨ ਦਾ ਇੱਕ ਹੋਰ ਤਰੀਕਾ ਵੀ ਹੈ- ਜੀਵਨ ਦੇ ਬਾਅਦ ਦੇ ਪੜਾਅ ਵਿੱਚ "ਹੋਰ ਭਾਸ਼ਾ" ਨੂੰ ਮੁੜ ਸਿੱਖਣਾ। ਪਰ ਇਹ ਜਿੰਨਾ ਸੌਖਾ ਲੱਗਦਾ ਹੈ ਉਨਾਂ ਹੈ ਨਹੀਂ।
ਮੇਰੇ ਕੋਲ ਇੱਕ ਰਿਕਾਰਡਿੰਗ ਹੈ ਜਿਸ ਵਿੱਚ ਮੇਰੇ ਪਿਤਾ ਮੈਨੂੰ ਬੰਗਾਲੀ ਦੀ ਇੱਕ ਕਵਿਤਾ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਨੂੰ ਸਮਝਾਉਣ ਲਈ ਹਰ ਵਾਰ ਉਹ ਇਸ ਦਾ ਅਨੁਵਾਦ ਵੀ ਕਰਦੇ ਸਨ, ਜਿਸ ਨਾਲ ਕੁਝ ਹੱਦ ਤੱਕ ਉਸ ਦਾ ਅਰਥ ਵੀ ਬਦਲ ਜਾਂਦਾ ਸੀ।
ਇੱਕ ਵਧ ਰਹੇ ਬੱਚੇ ਵਜੋਂ ਮੈਂ ਵਾਰ-ਵਾਰ ਬੰਗਾਲੀ ਸਿੱਖਣ ਦੀ ਕੋਸ਼ਿਸ਼ ਕੀਤੀ। ਫਿਰ, ਕਈ ਸਾਲਾਂ ਦੀ ਕੋਸ਼ਿਸ਼ ਤੋਂ ਬਾਅਦ ਮੈਂ ਜੋ ਕੁਝ ਵਾਕਾਂਸ਼ ਬੋਲ ਸਕਦੀ ਹਾਂ, ਉਨ੍ਹਾਂ ਵਿੱਚੋਂ ਇੱਕ ਇਹ ਹੈ - “ਅਮੀ ਬੰਗਲਾ ਤਸਚੀਕੇਤਚੀ।" (ਮੈਂ ਬੰਗਾਲੀ ਸਿੱਖ ਰਹੀ ਹਾਂ।)''
ਪਰ ਇਹ ਨਕਲੀ ਜਿਹਾ ਜਾਪਦਾ ਹੈ। ਇੱਕੋ-ਇੱਕ ਚੀਜ਼ ਜੋ ਮੈਂ ਅਸਲ 'ਚ ਸਿੱਖੀ ਹੈ ਉਹ ਇਹ ਹੈ ਕਿ ਹੁਣ ਇਸ ਲਈ ਬਹੁਤ ਦੇਰ ਹੋ ਚੁੱਕੀ ਹੈ।
ਹਾਲਾਂਕਿ, ਮੇਰੇ ਲਈ ਹੈਰਾਨੀ ਦੀ ਗੱਲ ਇਹ ਹੈ ਕਿ ਬਿਗਲੋ ਦੀ ਸੋਚ ਇਸ ਤੋਂ ਵੱਖਰੀ ਹੈ। ਉਹ ਮੰਨਦੇ ਹਨ ਕਿ "ਇਹ ਜ਼ਰੂਰੀ ਨਹੀਂ ਕਿ ਭਾਸ਼ਾ ਚੋਟ ਉਮਰ 'ਚ ਹੀ ਸਿੱਖੀ ਜਾਵੇ। ਜਿੰਨਾ ਛੋਟਾ ਉਨਾ ਵਧੀਆ ਵਾਲਾ ਸਿਧਾਂਤ ਹਮੇਸ਼ਾ ਸਹੀ ਨਹੀਂ ਹੁੰਦਾ।"
ਅਧਿਐਨ ਦਰਸਾਉਂਦੇ ਹਨ ਕਿ ਕਿਸੇ ਭਾਸ਼ਾ ਨੂੰ ਸਿੱਖਣ ਲਈ ਕਥਿਤ ਤੌਰ ’ਤੇ ਨਾਜ਼ੁਕ ਸਮਝਿਆ ਜਾਂਦਾ ਸਮਾਂ, ਜਦੋਂ ਅਸੀਂ ਇਸ ਨੂੰ ਚੰਗੀ ਤਰ੍ਹਾਂ ਬੋਲਣਾ ਸਿੱਖ ਸਕਦੇ ਹਾਂ, ਪਹਿਲਾਂ ਸੋਚੇ ਗਏ ਸਮੇਂ ਨਾਲੋਂ ਵਧੇਰੇ ਲੰਬਾ ਅਤੇ ਲਚਕਦਾਰ ਹੁੰਦਾ ਹੈ।
ਖੋਜ ਮੁਤਾਬਕ, ਉਮਰ ਬਹੁਤ ਸਾਰੇ ਕਾਰਕਾਂ ਵਿੱਚੋਂ ਇੱਕ ਹੈ ਜੋ ਕਿਸੇ ਬੋਲੀ ਨੂੰ ਸਿੱਖਣ ਦੀ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀ ਹੈ। ਇਸ ਤੋਂ ਇਲਾਵਾ ਕਈ ਹੋਰ ਕਾਰਕ ਜਿਵੇਂ ਕਿ ਤੁਸੀਂ ਸਿੱਖਣ ਵਿੱਚ ਕਿੰਨਾ ਸਮਾਂ ਲਗਾਉਂਦੇ ਹੋ, ਤੁਹਾਡੀ ਪ੍ਰੇਰਣਾ, ਅਤੇ ਕੀ ਤੁਹਾਡੇ ਕੋਲ ਗੱਲ ਕਰਨ ਲਈ ਕੋਈ ਭਾਈਚਾਰਾ ਹੈ। ਇਹ ਸਭ ਵੀ ਤੁਹਾਡੇ ਭਾਸ਼ਾ ਸਿੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਬਿਗੇਲੋ ਇਸ ਪ੍ਰਤੀ ਵੀ ਲਚਕਦਾਰ ਰਵਈਆ ਅਪਨਾਉਣ ਦੀ ਸਲਾਹ ਦਿੰਦੇ ਹਨ ਕਿ ਅਸੀਂ ਬਹੁ-ਭਾਸ਼ਾਈਵਾਦ ਨੂੰ ਕਿਵੇਂ ਦੇਖਦੇ ਹਾਂ: "ਤੁਹਾਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਬੋਲਣ ਦੀ ਲੋੜ ਨਹੀਂ ਹੈ, ਜਾਂ ਇਹ ਜ਼ਰੂਰੀ ਨਹੀਂ ਕਿ ਤੁਸੀਂ ਇਸ ਨੂੰ ਓਨੀ ਹੀ ਵਧੀਆ ਤਰ੍ਹਾਂ ਬੋਲੋ ਜਿਵੇਂ ਤੁਸੀਂ ਕਿਸੇ ਹੋਰ ਭਾਸ਼ਾ ਨੂੰ ਬੋਲ ਸਕਦੇ ਹੋ। ਤੁਹਾਨੂੰ ਆਪਣੇ ਲਈ ਮਿਆਰ ਏਨਾ ਉੱਚਾ ਨਹੀਂ ਰੱਖਣਾ ਚਾਹੀਦਾ।"
ਕਈਆਂ ਲਈ, ਬਹੁ-ਭਾਸ਼ੀਵਾਦ ਦਾ ਮਤਲਬ ਕਦੇ-ਕਦਾਈਂ ਪਰਿਵਾਰਕ ਭਾਸ਼ਾ ਦੇ ਸ਼ਬਦਾਂ ਜਾਂ ਵਾਕਾਂਸ਼ਾਂ ਦੀ ਵਰਤੋਂ ਕਰਨਾ ਹੋ ਸਕਦਾ ਹੈ - "ਬਹੁ-ਭਾਸ਼ੀ ਕਈ ਤਰ੍ਹਾਂ ਹੋਇਆ ਜਾ ਸਕਦਾ ਹੈ।”
ਡੀ ਹਾਊਵਰ ਦਾ ਕਹਿਣਾ ਹੈ ਕਿ ਤੁਸੀਂ ਕੋਈ ਭਾਸ਼ਾ ਕਿਉਂ ਸਿੱਖਣਾ ਚਾਹੁੰਦੇ ਹੋ? ਇਸ ਸਵਾਲ ਦਾ ਜਵਾਬ ਵੀ ਤੁਹਾਨੂੰ ਸਭ ਤੋਂ ਵਧੀਆ ਸਿੱਖਣ ਪੈਂਤੜਾ ਚੁਣਨ ਵਿੱਚ ਮਦਦਗਾਰ ਹੋ ਸਕਦਾ ਹੈ।
ਉਹ ਕਹਿੰਦੇ ਹਨ,"ਜੇਕਰ ਤੁਹਾਨੂੰ ਆਪਣੇ ਪਰਿਵਾਰ ਨਾਲ ਜਾਂ ਆਪਣੀਆਂ ਜੜ੍ਹਾਂ ਨਾਲ ਜਾਂ ਆਪਣੀਆਂ ਜੜ੍ਹਾਂ ਦੇ ਕਿਸੇ ਹਿੱਸੇ ਨਾਲ ਜੁੜਨ ਦੀ ਭਾਵਨਾਤਮਕ ਲੋੜ ਹੈ, ਤਾਂ ਇਸ ਦੀ ਸ਼ੁਰੂਆਤ ਭਾਸ਼ਾ ਨੂੰ ਲਿਖਣ-ਪੜ੍ਹਨ ਨਾਲ ਨਾ ਕਰੋ। ਪਹਿਲਾਂ ਇਸ ਨੂੰ ਬੋਲਣਾ ਸਿੱਖੋ ਤੇ ਗੱਲਬਾਤ ਦੀ ਸ਼ੁਰੂਆਤ ਕਰੋ।''













