ਕੈਨੇਡਾ ਸਮੇਤ ਹੋਰ ਦੇਸ਼ਾਂ ਵਿੱਚ ਖ਼ਾਲਿਸਤਾਨ ਸਮਰਥਕਾਂ ਦਾ ਪ੍ਰਦਰਸ਼ਨ- ‘ਇਹ ਟਲਿਆ ਨਹੀਂ ਬਲਕਿ ਹੋਰ ਤਿੱਖਾ ਹੋਇਆ ਹੈ’

ਕੈਨੇਡਾ, ਯੂਕੇ, ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਸ਼ਨੀਵਾਰ ਨੂੰ ਹੋਏ ਖ਼ਾਲਿਸਤਾਨ ਸਮਰਥਕਾਂ ਦੇ ਪ੍ਰਦਰਸ਼ਨ ਫਿੱਕੇ ਰਹੇ।

ਲੰਡਨ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਭਾਰਤ ਵਿਰੋਧੀ ਤੇ ਖ਼ਾਲਿਸਤਾਨ ਦੇ ਪੱਖ ਵਿੱਚ ਨਾਅਰੇ ਲਗਾਏ।

ਮੁਜ਼ਾਹਰਾਕਾਰੀਆਂ ਦਾ ਕਹਿਣਾ ਸੀ ਕਿ ਭਾਰਤ ਹਮੇਸ਼ਾ ਹੀ ਖ਼ਾਲਿਸਤਾਨ ਲਹਿਰ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦਾ ਆਇਆ ਹੈ ਪਰ ਉਸ ਨੇ ਕਦੇ ਨਕਸਲਵਾਦੀ ਮੁਹਿੰਮ ਨੂੰ ਚੀਨ ਦੀ ਸਾਜਿਸ਼ ਨਹੀਂ ਦੱਸਿਆ। ਕਿਉਂਕਿ ਚੀਨ ਇੱਕ ਤਾਕਤਵਰ ਮੁਲਕ ਹੈ।

ਜ਼ਿਕਰਯੋਗ ਹੈ ਕਿ ਖ਼ਾਲਿਸਤਾਨ ਪੱਖੀ ਮੁਹਿੰਮ ’ਤੇ ਵਿਦੇਸ਼ੀ ਤਾਕਤਾਂ ਦੀ ਸ਼ੈਅ ਦਾ ਨਤੀਜਾ ਹੋਣ ਦੇ ਇਲਜ਼ਾਮ ਲੱਗਦੇ ਆਏ ਹਨ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦੇ ਹਨ ਕਿ ਉਹ ਦੋ ਕਤਲਾਂ ਤੋਂ ਡਰ ਨਹੀਂ ਗਏ ਬਲਕਿ ਉਨ੍ਹਾਂ ਦਾ ਹੌਂਸਲਾ ਹੋਰ ਵਧਿਆ ਹੈ। ਭਾਰਤ ਨੂੰ ਸਮਝਣਾ ਚਾਹੀਦਾ ਹੈ ਕਿ, “ਇਹ ਟਲਿਆ ਨਹੀਂ ਬਲਕਿ ਹੋਰ ਤਿੱਖਾ ਹੋਇਆ ਹੈ।”

ਉਨ੍ਹਾਂ ਭਾਰਤ ਵਿੱਚ ਲੋਕਤੰਤਰ ਹੋਣ ’ਤੇ ਵੀ ਸਵਾਲ ਖੜੇ ਕੀਤੇ।

ਇਹ ਰੈਲੀ ਖ਼ਾਲਿਸਤਾਨ ਸਮਰਥਕ ਹਰਜੀਤ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੱਢੀ ਗਈ। ਕਈ ਖ਼ਾਲਿਸਤਾਨ ਪੱਖੀ ਧਿਰਾਂ ਦਾ ਇਲਜ਼ਾਮ ਹੈ ਕਿ ਨਿੱਝਰ ਦੇ ਕਤਲ ਲਈ ਭਾਰਤੀ ਏਜੰਸੀਆਂ ਜ਼ਿੰਮੇਵਾਰ ਹਨ।

ਰੈਲੀ ਨੂੰ ਹੁੰਗਾਰਾ ਨਾ ਮਿਲਣਾ

ਮੁਜ਼ਾਹਰਾਕਾਰੀ ਲੰਡਨ ਸਥਿਤ ਭਾਰਤੀ ਦੂਤਾਵਾਸ ਦੇ ਬਾਹਰ ਕਰੀਬ ਸਾਢੇ ਤਿੰਨ ਘੰਟੇ ਲੰਬਾ ਧਰਨਾ ਦੇਣ ਦੇ ਇਰਾਦੇ ਨਾਲ ਆਏ ਸਨ, ਪਰ ਇਹ ਇਸ ਤੋਂ ਕਾਫ਼ੀ ਲੰਬਾ ਚੱਲਿਆ। ਇਸ ਦੇ ਨਾਲ ਹੀ ਟੋਰੰਟੋ ਵਿੱਚ ਪ੍ਰਦਰਸ਼ਨਕਾਰੀਆਂ ਦਾ ਇੱਕ ਛੋਟਾ ਜਿਹਾ ਇਕੱਠ ਵੀ ਦੇਖਿਆ ਗਿਆ।

ਅਮਰੀਕਾ ਦੀ ਗੱਲ ਕਰੀਏ ਤਾਂ ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਦੂਤਾਵਾਸ ਦੇ ਬਾਹਰ ਸੁਰੱਖਿਆ ਪ੍ਰਬੰਧ ਸਨ ਅਤੇ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਖ਼ੁਦ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਖ਼ਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਝਰ ਦੀ ਮੌਤ 'ਚ ਭਾਰਤੀ ਏਜੰਸੀਆਂ ਦਾ ਹੱਥ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ।

ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪਹੁੰਚੇ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੁਰਾਈਸਵਾਮੀ ਅਤੇ ਸ਼ਸ਼ਾਂਕ ਵਿਕਰਮ ਦੇ ਪੋਸਟਰ ਫੜੇ ਹੋਏ ਸਨ।

ਪਿਛਲੇ ਕੁਝ ਦਿਨਾਂ ਦੌਰਾਨ ਅਜਿਹੇ ਪੋਸਟਰ ਦੇਖਣ ਨੂੰ ਮਿਲੇ ਸਨ, ਜਿਨ੍ਹਾਂ ਵਿੱਚ ਭਾਰਤੀ ਡਿਪਲੋਮੈਟਸ ਖ਼ਿਲਾਫ਼ ਹਿੰਸਾ ਦੀ ਅਪੀਲ ਕੀਤੀ ਗਈ ਸੀ।

ਲੰਡਨ ਵਿੱਚ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਪਾਕਿਸਤਾਨ ਅਤੇ ਕਸ਼ਮੀਰ ਪੱਖੀ ਪੋਸਟਰ ਵੀ ਸਨ।

ਪ੍ਰਦਰਸ਼ਨ ਦੇ ਮਿੱਥੇ ਸਮੇ ’ਤੇ ਮੀਂਹ ਪੈ ਰਿਹਾ ਸੀ ਅਤੇ ਮਹਿਜ਼ 30-40 ਲੋਕ ਹੀ ਨਜ਼ਰ ਆਏ। ਜਦੋਂ ਕਿ ਇਸ ਤੋਂ ਪਹਿਲਾਂ ਹੋਏ ਪ੍ਰਦਰਸ਼ਨਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਾਮੂਲੀਅਤ ਦੇਖੀ ਗਈ ਸੀ।

ਖ਼ਾਲਿਸਤਾਨ ਸਮਰਥਕ ਇਸ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਅਮਰੀਕਾ ਵਿੱਚ ਵੀ ਪ੍ਰਦਰਸ਼ਨ ਕਰ ਚੁੱਕੇ ਹਨ।

ਭਾਰਤੀ ਏਜੰਸੀਆਂ ’ਤੇ ਨਿੱਝਰ ਦੇ ਕਤਲ ਦੇ ਇਲਜ਼ਾਮ

ਲੰਡਨ ਵਿੱਚ ਪ੍ਰਦਰਸ਼ਨਾਂ ਦੌਰਾਨ ਵੱਡੀ ਗਿਣਤੀ ਪੁਲਿਸਕਰਮੀ ਤੈਨਾਤ ਸਨ। ਮੈਟਰੋਪੋਲੀਟਨ ਪੁਲਿਸ ਦੇ ਬੁਲਾਰੇ ਨੇ ਪਹਿਲਾਂ ਹੀ ਸਖ਼ਤ ਸੁਰੱਖਿਆ ਪ੍ਰਬੰਧਾਂ ਦਾ ਐਲਾਨ ਕਰ ਦਿੱਤਾ ਸੀ।

ਬ੍ਰਿਟੇਨ ਦੇ ਵਿਦੇਸ਼ ਸਕੱਤਰ ਜੇਮਸ ਕਲੇਵਰਲੀ ਨੇ ਇਸ ਹਫ਼ਤੇ ਦੇ ਸ਼ੁਰੂ 'ਚ ਕਿਹਾ ਸੀ ਕਿ ਭਾਰਤੀ ਹਾਈ ਕਮਿਸ਼ਨ 'ਤੇ ਕਿਸੇ ਵੀ ਤਰ੍ਹਾਂ ਦੇ ਸਿੱਧੇ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਹੋਏ ਪ੍ਰਦਰਸ਼ਨ ਦੌਰਾਨ ਮੁਜ਼ਾਹਰਾਕਾਰੀਆਂ ਨੇ ਭਾਰਤੀ ਹਾਈ ਕਮਿਸ਼ਨ ਦੇ ਸਾਹਮਣਿਓਂ ਤਿਰੰਗਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਮਾਰਤ ਦੀ ਕੰਧ ਤੋੜ ਦਿੱਤੀ ਸੀ।

ਕੈਨੇਡਾ ਵਿੱਚ ਟੋਰਾਂਟੋ ਪ੍ਰਦਰਸ਼ਨ ਦੌਰਾਨ ਸਿੱਖਸ ਫ਼ਾਰ ਜਸਟਿਸ ਦੇ ਬੁਲਾਰੇ ਕੁਲਜੀਤ ਸਿੰਘ ਨੇ ਕਿਹਾ ਕਿ, "ਜੇਕਰ ਭਾਰਤੀ ਏਜੰਸੀਆਂ ਅਤੇ ਸਿਸਟਮ ਅਪਰਾਧ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।"

ਕੁਲਜੀਤ ਸਿੰਘ ਨੇ ਇਹ ਬਿਆਨ ਖ਼ਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਝਰ ਦੀ ਮੌਤ ਦੇ ਸਬੰਧ ਵਿੱਚ ਦਿੱਤਾ ਹੈ। ਨਿੱਝਰ ਦਾ 18 ਜੂਨ ਨੂੰ ਸਰੀ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਖ਼ਾਲਿਸਤਾਨ ਸਮਰਥਕਾਂ ਦਾ ਇਲਜ਼ਾਮ ਹੈ ਕਿ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਹੈ।

ਕੈਨੇਡਾ ਵਿੱਚ ਖਾਲਿਸਤਾਨ ਪੱਖੀ ਗਤੀਵਿਧੀਆਂ

  • ਖ਼ਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਭਾਰਤੀ ਡਿਪਲੋਮੈਟਾਂ ਖਿਲਾਫ਼ ਪੋਸਟਰ ਸਾਹਮਣੇ ਆਏ ਸਨ
  • ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਸਿੱਖ ਭਾਈਚਾਰੇ ਵਲੋਂ ਨਗਰ ਕੀਰਤਨ ਕੱਢਿਆ ਗਿਆ, ਇਸ ਦੌਰਾਨ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਦਰਸਾਉਂਦੀ ਇੱਕ ਝਾਕੀ ਕੱਢੀ ਗਈ ਸੀ
  • ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਸਥਿਤ ਗੌਰੀ ਸ਼ੰਕਰ ਮੰਦਰ ਦੀਆਂ ਕੰਧਾਂ ਉੱਤੇ ਖ਼ਾਲਿਸਤਾਨੀ ਨਾਅਰੇ ਲਿਖੇ ਗਏ ਸਨ ਤੇ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਸੀ।
  • ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਵਿੱਚ ਇੱਕ ਖ਼ਾਲਿਸਤਾਨ ਪੱਖੀ ਗਰੁੱਪ ਨੇ 8 ਜੁਲਾਈ ਨੂੰ ਟੋਰਾਂਟੋ ਵਿੱਚ ਰੈਲੀ ਸੱਦੀ।
  • ਰੈਲੀ 18 ਜੂਨ ਦੀ ਰਾਤ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਵਿੱਚ ਹੋਏ ਹਰਦੀਪ ਸਿੰਘ ਨਿੱਝਰ ਦੇ ਕਤਲ ਖ਼ਿਲਾਫ਼ ਸੀ।

ਭਾਰਤੀ ਮਿਸ਼ਨਾਂ 'ਤੇ ਹਮਲਿਆਂ ਦੇ ਗੁੰਝਲਦਾਰ ਹਾਲਾਤ

ਧਰਨੇ ਵਿੱਚ ਆਏ ਵਕੀਲ ਹਰਕੀਤ ਸਿੰਘ ਨੇ ਕਿਹਾ ਕਿ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੂੰ ਇਸ ਕਤਲ ਦੀ ਜਾਂਚ ਕਰਨੀ ਚਾਹੀਦੀ ਹੈ। ਇਹ ਇੱਕ ਸਿਆਸੀ ਕਤਲ ਹੈ।

ਭਾਰਤ ਨੇ ਨਿੱਝਰ 'ਤੇ ਦੇਸ਼ 'ਚ ਅੱਤਵਾਦੀ ਹਮਲੇ ਕਰਵਾਉਣ ਦੇ ਇਲਜ਼ਾਮ ਗਏ ਹਨ।

ਖ਼ਾਲਿਸਤਾਨ ਲਿਬਰਲ ਫ਼ੋਰਸ ਦੇ ਆਗੂ ਅਵਤਾਰ ਸਿੰਘ ਖੰਡਾ ਦੀ ਬਰਮਿੰਘਮ, ਯੂਕੇ ਦੇ ਇੱਕ ਹਸਪਤਾਲ ਵਿੱਚ 15 ਜੂਨ ਨੂੰ ਮੌਤ ਹੋ ਗਈ ਸੀ। ਇਹ ਸ਼ੱਕ ਜ਼ਾਹਰ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਕੋਈ ਜ਼ਹਿਰਲੀ ਚੀਜ਼ ਦਿੱਤੀ ਗਈ ਸੀ।

ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦਾ 6 ਮਈ ਨੂੰ ਲਾਹੌਰ ਵਿੱਚ ਦੋ ਹਥਿਆਰਬੰਦ ਵਿਅਕਤੀਆਂ ਨੇ ਕਤਲ ਕਰ ਦਿੱਤਾ ਸੀ।

23 ਜਨਵਰੀ ਨੂੰ, ਹਰਮੀਤ ਸਿੰਘ ਉਰਫ਼ ਹੈਪੀ ਪੀਐੱਚਡੀ, ਜੋ ਕੇਐੱਲਐੱਫ਼ ਦੇ ਮੁੱਖ ਚਿਹਰਿਆਂ ਵਿੱਚੋਂ ਇੱਕ ਸੀ। ਉਨ੍ਹਾਂ ਨੂੰ ਵੀ ਲਾਹੌਰ ਵਿੱਚ ਇੱਕ ਸਥਾਨਕ ਗਿਰੋਹ ਨੇ ਮਾਰ ਦਿੱਤਾ ਸੀ।

ਨਿੱਝਰ ਇੱਕ ਹਾਈ ਪ੍ਰੋਫਾਈਲ ਖ਼ਾਲਿਸਤਾਨੀ ਵੱਖਵਾਦੀ ਆਗੂ ਸਨ ਅਤੇ ਭਾਰਤੀ ਮੀਡੀਆ ਵਿੱਚ ਉਨ੍ਹਾਂ ਦੀ ਮੌਤ ਨੂੰ ‘ਸ਼ੱਕੀ’ ਦੱਸਿਆ ਗਿਆ ਹੈ।

ਖ਼ਾਲਿਸਤਾਨ ਸਮਰਥਕਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਮੌਤਾਂ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੈ।

ਖੰਡਾ ਅਤੇ ਪੰਜਵੜ ਦੀਆਂ ਮੌਤਾਂ ਤੋਂ ਬਾਅਦ ਕਈ ਦੇਸ਼ਾਂ ਵਿੱਚ ਭਾਰਤ ਸਰਕਾਰ ਵਿਰੁੱਧ ਪ੍ਰਦਰਸ਼ਨ ਹੋਏ।

ਪਰ ਨਿੱਝਰ ਦੇ ਕਥਿਤ ਕਤਲ ਦਾ ਵਿਰੋਧ ਕਰਨ ਲਈ ਸ਼ਨੀਵਾਰ, 8 ਜੁਲਾਈ ਨੂੰ ਇੱਕ ਵਿਸ਼ੇਸ਼ ਤੌਰ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵੱਖਵਾਦੀ ਆਗੂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਭਾਰਤ ਸਰਕਾਰ ਵੱਲੋਂ ਚੁੱਕੇ ਕਦਮਾਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ।

ਭਾਰਤੀ ਮੀਡੀਆ ਨੇ ਵੱਖਵਾਦੀ ਆਗੂਆਂ ਦੀ ਹੱਤਿਆ ਲਈ ਕਿਸੇ ਸਰਕਾਰੀ ਏਜੰਸੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ।

ਪਰ ਕੁਝ ਟਿੱਪਣੀਕਾਰਾਂ ਦਾ ਕਹਿਣਾ ਹੈ ਕਿ ਭਾਰਤ ਵਿਦੇਸ਼ਾਂ ਵਿੱਚ ਖ਼ਾਲਿਸਤਾਨੀਆਂ ਵਿਰੁੱਧ ਕਾਰਵਾਈ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਭਾਰਤੀ ਮਿਸ਼ਨਾਂ 'ਤੇ ਹਮਲਾ ਕੀਤਾ ਹੈ।

ਕੈਨੇਡਾ 'ਤੇ ਖ਼ਾਲਿਸਤਾਨੀਆਂ ਨੂੰ ਸਮਰਥਨ ਦੇ ਇਲਜ਼ਾਮ

ਕੈਨੇਡਾ 'ਚ ਖ਼ਾਲਿਸਤਾਨ ਸਮਰਥਕਾਂ ਦੇ ਵਿਰੋਧ ਅਤੇ ਡਿਪਲੋਮੈਟਾਂ 'ਤੇ ਹਿੰਸਾ ਦੀਆਂ ਧਮਕੀਆਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ 'ਚ ਤਣਾਅ ਆਉਣ ਦੇ ਸੰਕੇਤ ਮਿਲ ਰਹੇ ਹਨ।

ਹਾਲਾਂਕਿ, ਭਾਰਤ ਦੇ ਖ਼ਿਲਾਫ਼ ਪ੍ਰਦਰਸ਼ਨਾਂ ਅਤੇ ਡਿਪਲੋਮੈਟਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਉਣ ਦੀ ਅਪੀਲ ਨਾਲ ਜੁੜੇ ਸਵਾਲਾਂ 'ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਹਮੇਸ਼ਾ ਹਿੰਸਾ ਅਤੇ ਧਮਕੀਆਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ।

ਉਨ੍ਹਾਂ ਕਿਹਾ ਕਿ ਕੈਨੇਡਾ ਨੇ ਹਮੇਸ਼ਾ ਅੱਤਵਾਦ ਖ਼ਿਲਾਫ਼ ਗੰਭੀਰ ਕਾਰਵਾਈ ਕੀਤੀ ਹੈ।

ਟਰੂਡੋ ਨੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਉਸ ਬਿਆਨ 'ਤੇ ਟਿੱਪਣੀ ਕਰਦਿਆਂ ਅਜਿਹਾ ਕਿਹਾ ਜਿਸ 'ਚ ਉਨ੍ਹਾਂ ਕਿਹਾ ਕਿ ਕੈਨੇਡਾ 'ਚ ਖ਼ਾਲਿਸਤਾਨੀਆਂ ਦੀਆਂ ਗਤੀਵਿਧੀਆਂ ਵਧ ਰਹੀਆਂ ਹਨ ਕਿਉਂਕਿ ਇਹ ਵੋਟ ਬੈਂਕ ਦੀ ਸਿਆਸਤ ਦਾ ਹਿੱਸਾ ਸੀ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ, ''ਇਹ ਪ੍ਰਗਟਾਵੇ ਦੀ ਆਜ਼ਾਦੀ ਦਾ ਸਵਾਲ ਨਹੀਂ ਹੈ।”

“ਇਸ ਦੀ ਵਰਤੋਂ ਹਿੰਸਾ, ਵੱਖਵਾਦ ਅਤੇ ਅੱਤਵਾਦ ਨੂੰ ਜਾਇਜ਼ ਠਹਿਰਾਉਣ ਲਈ ਕੀਤੀ ਜਾ ਰਹੀ ਹੈ। ਇਸ ਲਈ ਉਨ੍ਹਾਂ ਅਮਰੀਕਾ, ਬਰਤਾਨੀਆ ਅਤੇ ਆਸਟ੍ਰੇਲੀਆ ਵਿੱਚ ਖ਼ਾਲਿਸਤਾਨ ਪੱਖੀ ਤੱਤਾਂ ਨੂੰ ਦਿੱਤੇ ਜਾ ਰਹੇ ਕਥਿਤ ਸਮਰਥਨ ਦਾ ਮੁੱਦਾ ਵੀ ਚੁੱਕਿਆ।”

ਵੀਰਵਾਰ ਨੂੰ ਹੀ ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਮਸ ਕਲੇਵਰਲੀ ਨੇ ਭਾਰਤ ਦੇ ਡਿਪਲੋਮੈਟਿਕ ਮਿਸ਼ਨਾਂ 'ਤੇ ਹਮਲਿਆਂ ਦੇ ਸਬੰਧ 'ਚ ਸੁਰੱਖਿਆ ਦਾ ਭਰੋਸਾ ਦਿੱਤਾ ਸੀ।

ਉਨ੍ਹਾਂ ਨੇ ਸ਼ਨੀਵਾਰ ਨੂੰ ਇੱਥੇ ਵੱਡੇ ਸ਼ਹਿਰਾਂ 'ਚ ਖ਼ਾਲਿਸਤਾਨ ਸਮਰਥਕਾਂ ਦੀਆਂ ਰੈਲੀਆਂ ਦੌਰਾਨ ਭਾਰਤ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ।

ਉਨ੍ਹਾਂ ਕਿਹਾ ਸੀ,“ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ’ਤੇ ਕੋਈ ਵੀ ਸਿੱਧਾ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਸੀਂ ਹਾਈ ਕਮਿਸ਼ਨਰ ਬਿਕਰਮ ਦੁਰੈਸਵਾਮੀ ਅਤੇ ਭਾਰਤ ਸਰਕਾਰ ਨੂੰ ਸਾਫ਼ ਕਿਹਾ ਹੈ ਕਿ ਹਾਈ ਕਮਿਸ਼ਨ ਦੀ ਸੁਰੱਖਿਆ ਸਭ ਤੋਂ ਉੱਤੇ ਹੈ।”

ਦਰਅਸਲ, ਭਾਰਤ ਸਰਕਾਰ ਨੇ ਕਿਹਾ ਸੀ ਕਿ ਬਰਤਾਨੀਆ ਭਾਰਤੀ ਮਿਸ਼ਨਾਂ ਦੀ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਦੀਆਂ ਚਿੰਤਾਵਾਂ ਵੱਲ ਧਿਆਨ ਨਹੀਂ ਦੇ ਰਿਹਾ ਹੈ। ਜਵਾਬ ਵਿੱਚ ਭਾਰਤ ਨੇ ਨਵੀਂ ਦਿੱਲੀ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਦੀ ਸੁਰੱਖਿਆ ਘਟਾ ਦਿੱਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)