ਕੌਣ ਸਨ ਖਾਲਿਸਤਾਨ ਹਮਾਇਤੀ ਅਵਤਾਰ ਸਿੰਘ ਖੰਡਾ ਜਿਨ੍ਹਾਂ ਦੀ ਹਾਲ ਵਿੱਚ ਇੰਗਲੈਂਡ ਵਿੱਚ ਮੌਤ ਹੋਈ ਹੈ

    • ਲੇਖਕ, ਗਗਨਦੀਪ ਸਿੰਘ ਜੱਸੋਵਾਲ
    • ਰੋਲ, ਬੀਬੀਸੀ ਪੱਤਰਕਾਰ

ਖਾਲਿਸਤਾਨ ਹਮਾਇਤੀ ਅਤੇ ‘ਵਾਰਿਸ ਪੰਜਾਬ ਦੇ’ ਸੰਗਠਨ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਅਵਤਾਰ ਸਿੰਘ ਖੰਡਾ ਦੀ ਇੰਗਲੈਂਡ ਵਿੱਚ ਮੌਤ ਹੋ ਗਈ ਹੈ। ਖੰਡਾ ਵੀ ਖਾਲਿਸਤਾਨ ਦੇ ਹਮਾਇਤੀ ਸਨ।

ਉਨ੍ਹਾਂ 'ਤੇ ਭਾਰਤੀ ਏਜੰਸੀਆਂ ਵੱਲੋਂ ਭਾਰਤ ਵਿਰੋਧੀ ਗਤੀਵਿਧੀਆਂ ਕਰਨ ਅਤੇ ਲੰਡਨ ਸਥਿਤ ਭਾਰਤੀ ਦੂਤਾਵਾਸ 'ਤੇ ਹੋਏ ਹਮਲੇ 'ਚ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਗਏ ਸਨ।

ਉਹ ਇੰਗਲੈਂਡ ਵਿੱਚ ਸਿਆਸੀ ਸ਼ਰਨ 'ਤੇ ਰਹਿ ਰਹੇ ਸਨ। ਉਨ੍ਹਾਂ ਦੀ ਮੌਤ ਦੇ ਕਾਰਨ ਬਾਰੇ ਅਜੇ ਪੁਸ਼ਟੀ ਨਹੀਂ ਹੋਈ ਹੈ।

ਖੰਡਾ ਦੀ ਮੌਤ ਦੇ ਕਾਰਨ ਹਾਲੇ ਸਾਫ਼ ਨਹੀਂ

ਜਾਣਕਾਰੀ ਮੁਤਾਬਕ ਅਵਤਾਰ ਸਿੰਘ ਨੂੰ ਪੇਟ ਦੇ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਸੀ।

ਮੋਗਾ ਵਿੱਚ ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਨੂੰ ਅਕਾਲ ਤਖਤ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਨੇ ਦੱਸਿਆ ਕਿ ਅਵਤਾਰ ਸਿੰਘ ਖੰਡਾ ਦੀ ਇੰਗਲੈਂਡ ਦੇ ਇੱਕ ਹਸਪਤਾਲ ਵਿੱਚ ਬੀਤੀ ਰਾਤ ਮੌਤ ਹੋ ਗਈ।

ਉਨ੍ਹਾਂ ਕਿਹਾ, “ਉਹ ਬਹੁਤ ਸਿਹਤਮੰਦ ਅਤੇ ਨਰੋਏ ਸਨ ਪਰ ਤਿੰਨ ਕੁ ਦਿਨ ਵਿੱਚ ਹੀ ਇਹ ਘਟਨਾ ਵਾਪਰ ਗਈ। ਉਹਨਾਂ ਦੀ ਆਪਣੀ ਮਾਂ ਨਾਲ ਵੀ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਗੱਲ ਹੋਈ ਸੀ। ਖੰਡਾ ਦੀ ਮੌਤ ਦੇ ਕਾਰਨਾਂ ਦਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ।”

ਜਸਵੀਰ ਸਿੰਘ ਰੋਡੇ ਨੇ ਕਿਹਾ, “ਪਰਿਵਾਰ ਰਾਏ ਕਰ ਰਿਹਾ ਹੈ ਕਿ ਉਹਨਾਂ ਦੀ ਮ੍ਰਿਤਕ ਦੇਹ ਏਥੇ ਘਰ ਲਿਆਂਦੀ ਜਾਵੇ ਪਰ ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਉੱਥੇ ਭੇਜਿਆ ਜਾਵੇ।”

ਅਵਤਾਰ ਸਿੰਘ ਖੰਡਾ ਕੌਣ ਸਨ?

ਇਸ ਸਾਲ 18 ਮਾਰਚ ਨੂੰ ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ। ਇਸ ਤੋਂ ਬਾਅਦ 19 ਮਾਰਚ ਨੂੰ ਕੁਝ ਖਾਲਿਸਤਾਨ ਪੱਖੀ ਜਖੇਬੰਦੀਆਂ ਵੱਲੋਂ ਭਾਰਤੀ ਹਾਈ ਕਮਿਸ਼ਨ ’ਤੇ ਹਮਲਾ ਕੀਤਾ ਗਿਆ।

ਅਪ੍ਰੈਲ ਵਿੱਚ ਜਦੋਂ ਅੰਮ੍ਰਿਤਪਾਲ ਸਿੰਘ ਫਰਾਰ ਸਨ, ਪੁਲਿਸ ਨੇ ਅਵਤਾਰ ਸਿੰਘ ਖੰਡਾ ਦੀ ਮਾਤਾ ਚਰਨਜੀਤ ਕੌਰ ਅਤੇ ਭੈਣ ਤੋਂ ਵੀ ਪੁੱਛਗਿੱਛ ਕੀਤੀ ਸੀ।

ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਸੀ ਅਵਤਾਰ ਸਿੰਘ ਖੰਡਾ ਅਮ੍ਰਿਤਪਾਲ ਸਿੰਘ ਦੇ ਸੰਪਰਕ ਵਿੱਚ ਸਨ, ਜਿਸ ਕਾਰਨ ਉਨ੍ਹਾਂ ਨੇ ਅਮ੍ਰਿਤਪਾਲ ਸਿੰਘ ਦਾ ਪਤਾ ਲਗਾਉਣ ਲਈ ਅਵਤਾਰ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ।

ਖੰਡਾ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਵੀ ਜੁੜੇ ਹੋਏ ਸਨ।

ਸਿਮਰਨਜੀਤ ਸਿੰਘ ਮਾਨ ਨੇ ਟਵੀਟ ਕਰਕੇ ਲਿਖਿਆ ਹੈ, “ਇਹ ਖਬਰ ਸੁਣ ਕੇ ਬੜਾ ਦੁੱਖ ਲੱਗਿਆ ਕਿ ਸਰਦਾਰ ਅਵਤਾਰ ਸਿੰਘ ਖੰਡਾ ਇਸ ਦੁਨੀਆਂ ਤੇ ਨਹੀ ਰਹੇ। ਅਵਤਾਰ ਸਿੰਘ ਖੰਡਾ ਦਾ ਇਸ ਤਰ੍ਹਾਂ ਸੰਸਾਰ ਤੋਂ ਚਲੇ ਜਾਣਾ ਪਾਰਟੀ ਅਤੇ ਸਮੁਚੇ ਖਾਲਸਾ ਪੰਥ ਲਈ ਇੱਕ ਵੱਡਾ ਘਾਟਾ ਹੈ, ਸਿੱਖ ਸੰਘਰਸ਼ ਵਿੱਚ ਉਹਨਾਂ ਨੇ ਆਪਣਾ ਅਹਿਮ ਯੋਗਦਾਨ ਦਿੱਤਾ, ਉਹ 2011 ਤੋਂ ਇੰਗਲੈਂਡ ਵਿੱਚ ਰਹਿ ਰਹੇ ਸਨ।”

ਅਵਤਾਰ ਸਿੰਘ ਖੰਡਾ ਬਾਰੇ ਖਾਸ ਗੱਲਾਂ:

  • ਖਾਲਿਸਤਾਨ ਹਮਾਇਤੀ ਅਵਤਾਰ ਸਿੰਘ ਖੰਡਾ ਦੀ ਇੰਗਲੈਂਡ ’ਚ ਮੌਤ ਹੋ ਗਈ ਹੈ
  • ਉਨ੍ਹਾਂ ਨੂੰ ਪੇਟ ਦੇ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਸੀ
  • ਖੰਡਾ ਇੰਗਲੈਂਡ ਵਿੱਚ ਸਿਆਸੀ ਸ਼ਰਨ 'ਤੇ ਰਹਿ ਰਹੇ ਸਨ
  • ਉਨ੍ਹਾਂ ’ਤੇ ਲੰਡਨ ’ਚ ਭਾਰਤੀ ਦੂਤਾਵਾਸ 'ਤੇ ਹਮਲੇ 'ਚ ਸ਼ਾਮਲ ਹੋਣ ਦੇ ਇਲਜ਼ਾਮ ਸਨ

ਖੰਡਾ ਦਾ ਮੋਗਾ ਤੋਂ ਇੰਗਲੈਂਡ ਤੱਕ ਦਾ ਸਫ਼ਰ ਕਿਵੇਂ ਰਿਹਾ?

ਅਵਤਾਰ ਸਿੰਘ ਖੰਡਾ ਦੀ 58 ਸਾਲਾ ਮਾਤਾ ਚਰਨਜੀਤ ਕੌਰ ਨੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੂੰ ਅਪ੍ਰੈਲ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਅਵਤਾਰ ਸਿੰਘ ਖੰਡਾ 2011 ਵਿੱਚ ਸਟੱਡੀ ਵੀਜ਼ੇ 'ਤੇ ਇੰਗਲੈਂਡ ਗਏ ਸਨ।

ਚਰਨਜੀਤ ਕੌਰ ਮੋਗਾ ਦੇ ਵਿੱਚ ਅਧਿਆਪਕ ਵਜੋਂ ਕੰਮ ਕਰਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਖੰਡਾ ਨੇ ਮੋਗਾ ਵਿੱਚ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਉਦਯੋਗਿਕ ਸਿਖਲਾਈ ਦਾ ਡਿਪਲੋਮਾ ਪੂਰਾ ਕੀਤਾ ਸੀ।

ਚਰਨਜੀਤ ਕੌਰ ਕਿਹਾ ਕਿ ਉਨ੍ਹਾਂ ਨੇ ਆਪਣੇ ਬੇਟੇ ਨੂੰ ਵਿਦੇਸ਼ ਭੇਜਣ ਲਈ 2.5 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਨ੍ਹਾਂ ਕਿਹਾ ਕਿ ਅਵਤਾਰ ਨੂੰ ਵਧੀਆ ਭਵਿੱਖ ਬਣਾਉਣ ਲਈ ਇੰਗਲੈਂਡ ਭੇਜਿਆ ਸੀ।

ਚਰਨਜੀਤ ਅਨੁਸਾਰ ਖੰਡਾ ਨੇ ਤਿੰਨ ਸਾਲਾਂ ਪੜ੍ਹਾਈ ਪੂਰੀ ਕੀਤੀ ਪਰ ਉਸਨੂੰ ਵਰਕ ਪਰਮਿਟ ਨਹੀਂ ਮਿਲਿਆ। ਪਰ ਬਾਅਦ ਵਿਚ ਉਸਨੂੰ 2.5 ਸਾਲ ਦਾ ਵੀਜ਼ਾ ਮਿਲ ਗਿਆ ਸੀ।

ਉਹਨਾਂ ਇਹ ਵੀ ਕਿਹਾ ਕਿ ਉਸ ਨੂੰ ਖੰਡਾ ਦੀ ਖਾਲਿਸਤਾਨੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਚਰਨਜੀਤ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ 1986 ਵਿੱਚ ਕੁਲਵੰਤ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਤੋਂ ਪਹਿਲਾਂ ਉਨ੍ਹਾਂ ਦੇ ਪਤੀ ਨੂੰ ਇੱਕ ਅਪਰਾਧਿਕ ਕੇਸ ਵਿੱਚ ਫਸਾਇਆ ਗਿਆ ਸੀ ਪਰ ਬਾਅਦ ਵਿੱਚ ਉਹ ਬਰੀ ਹੋ ਗਏ ਸਨ।

ਚਰਨਜੀਤ ਕੌਰ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਪੁਲਿਸ ਨੇ ਉਹਨਾਂ ਦੇ ਪਤੀ ਕੁਲਵੰਤ ਸਿੰਘ ਨੂੰ ਮਾਰਚ 1991 ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ ਜਦੋਂ ਉਹ ਆਪਣੇ ਪਰਿਵਾਰ ਨੂੰ ਮਿਲਣ ਲੁਧਿਆਣਾ ਤੋਂ ਮੋਗੇ ਜਾ ਰਹੇ ਸਨ।

ਪੰਜਾਬ ਪੁਲਿਸ ਦੇ ਸੂਤਰਾਂ ਅਨੁਸਾਰ ਕੁਲਵੰਤ ਸਿੰਘ ਖਾੜਕੂ ਜਥੇਬੰਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੈਂਬਰ ਸਨ।

‘ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਪ੍ਰੇਰਿਤ ਸਨ’

ਚਰਨਜੀਤ ਕੌਰ ਨੇ ਦੱਸਿਆ ਕਿ ਅਵਤਾਰ ਇੱਕ ਗੋਲ ਪੱਗ ਬੰਨ੍ਹਦੇ ਸਨ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਪ੍ਰੇਰਿਤ ਸਨ। ਇਸ ਤੋਂ ਇਲਾਵਾ ਉਹ ਭਾਰਤ ਅਤੇ ਇੰਗਲੈਂਡ ਵਿੱਚ ਧਾਰਮਿਕ ਸਮਾਗਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦਾ ਸਨ।

ਉਨ੍ਹਾਂ ਨੇ ਕਿਹਾ ਕਿ ਉਹ 2011 ਤੋਂ ਬਾਅਦ ਕਦੇ ਵੀ ਆਪਣੇ ਬੇਟੇ ਨਾਲ ਨਹੀਂ ਮਿਲੇ ਅਤੇ ਦੋ ਵਾਰ ਯੂਕੇ ਦੇ ਵੀਜ਼ੇ ਲਈ ਅਰਜ਼ੀ ਵੀ ਦਿੱਤੀ ਪਰ ‘ਮੇਰੀ ਮਾੜੀ ਵਿੱਤੀ ਸਥਿਤੀ ਕਾਰਨ ਵੀਜ਼ੇ ਨੂੰ ਇਨਕਾਰ ਕਰ ਦਿੱਤਾ ਗਿਆ’।

ਉਨ੍ਹਾਂ ਕਿਹਾ, “ਅੱਜ ਤੱਕ ਪੰਜਾਬ ਪੁਲਿਸ ਇੱਕ ਵੀ ਗਲਤ ਕੰਮ ਵਿੱਚ ਸਾਡੀ ਸ਼ਮੂਲੀਅਤ ਨੂੰ ਸਾਬਿਤ ਕਰਨ ਵਿੱਚ ਨਾਕਾਮ ਰਹੀ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)