ਸਿੱਧੂ ਮੂਸੇਵਾਲਾ ਨਾਲ ਰੈਪ ਕਰਨ ਵਾਲਾ ਡਿਵਾਈਨ: ਬਸਤੀ 'ਚ ਜੰਮੇ, ਫੋਨ ਉੱਤੇ ਪਹਿਲਾਂ ਗਾਣਾ ਰਿਕਾਰਡ ਕਰਕੇ ਕਿਵੇਂ ਬਣੇ 'ਰੈਪ ਦੇ ਬਾਦਸ਼ਾਹ'

    • ਲੇਖਕ, ਗਗਨਦੀਪ ਸਿੰਘ ਜੱਸੋਵਾਲ ਅਤੇ ਮਧੂ ਪਾਲ
    • ਰੋਲ, ਬੀਬੀਸੀ ਪੱਤਰਕਾਰ ਤੇ ਬੀਬੀਸੀ ਲਈ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'ਚੋਰਨੀ' ਅੱਜ ਰਿਲੀਜ਼ ਹੋ ਗਿਆ। ਸਿੱਧੂ ਨੇ ਇਹ ਗਾਣਾ ਮਸ਼ਹੂਰ ਭਾਰਤੀ ਰੈਪਰ ਡਿਵਾਈਨ ਦੇ ਨਾਲ ਗਾਇਆ ਹੈ ਅਤੇ ਇਹ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਚੌਥਾ ਗਾਣਾ ਹੈ।

ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗੈਂਗਸਟਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਕੌਣ ਹੈ ਰੈਪਰ ਡਿਵਾਈਨ ?

ਜੇਕਰ ਤੁਸੀਂ ਪੌਪ, ਹਿਪ-ਹੌਪ ਅਤੇ ਰੈਪ ਵਰਗੇ ਸੰਗੀਤ ਨੂੰ ਪਸੰਦ ਕਰਦੇ ਹੋ ਤਾਂ ਤੁਸੀਂ ਡਿਵਾਈਨ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ।

ਡਿਵਾਈਨ ਦਾ ਅਸਲੀ ਨਾਮ ਵਿਵਿਅਨ ਵਿਲਸਨ ਫਰਨਾਂਡਿਸ ਹੈ ਤੇ ਉਹ ਇੱਕ ਮਸ਼ਹੂਰ ਭਾਰਤੀ ਰੈਪਰ ਹੈ।

ਉਸ ਦਾ ਬਚਪਨ ਤੋਂ ਲੈ ਕੇ ਰੈਪਿੰਗ ਦੀ ਦੁਨੀਆ 'ਚ ਆਪਣਾ ਨਾਂ ਬਣਾਉਣ ਤੱਕ ਦਾ ਸਫਰ ਸੰਘਰਸ਼ਾਂ ਨਾਲ ਭਰਿਆ ਹੋਇਆ ਹੈ।

ਅੱਜ ਦੀ ਨੌਜਵਾਨ ਪੀੜ੍ਹੀ ਡਿਵਾਈਨ ਨੂੰ ਰੈਪਿੰਗ ਦਾ ਬਾਦਸ਼ਾਹ ਮੰਨਦੀ ਹੈ।

ਉਹ ਰੈਪਿੰਗ ਵਿੱਚ ਅਕਸਰ ਆਪਣੀ ਜ਼ਿੰਦਗੀ ਵਿੱਚ ਆਏ ਉਤਰਾਅ-ਚੜ੍ਹਾਅ ਦੀ ਕਹਾਣੀ ਦਾ ਜ਼ਿਕਰ ਕਰਦਾ ਹੈ।

ਮੁੱਢਲੀ ਜ਼ਿੰਦਗੀ ਤੇ ਸੰਗੀਤ ਦਾ ਸਫ਼ਰ

33 ਸਾਲਾਂ ਵਿਵਿਅਨ ਫਰਨਾਂਡਿਸ ਦਾ ਜਨਮ 2 ਅਕਤੂਬਰ 1990 ਨੂੰ ਹੋਇਆ ਸੀ।

ਜੇਕਰ ਤੁਸੀਂ ਜ਼ੋਇਆ ਅਖਤਰ ਦੀ ਫ਼ਿਲਮ 'ਗਲੀ ਬੁਆਏ' ਦੇਖੀ ਹੈ ਤਾਂ ਉਸ ਫ਼ਿਲਮ ਵਿੱਚ ਮੁੰਬਈ ਦੀ ਚਾਉਲ (ਬਸਤੀ) ਦਾ ਜ਼ਿਕਰ ਕੀਤਾ ਗਿਆ ਹੈ।

ਚਾਊਲ ਇੱਕ ਅਸਥਾਈ ਘਰਾਂ ਵਾਲੀ ਬਸਤੀ ਹੁੰਦੀ ਹੈ ਜੋ ਮੁੰਬਈ ਵਿੱਚ ਬਹੁਤ ਮਸ਼ਹੂਰ ਹੈ।

ਡਿਵਾਈਨ ਦਾ ਜਨਮ ਵੀ ਮੁੰਬਈ ਦੇ ਅੰਧੇਰੀ ਇਲਾਕੇ ਦੇ ਜੇਬੀ ਨਗਰ ਦੇ ਚਾਉਲ ਵਿੱਚ ਹੋਇਆ ਸੀ।

ਡਿਵਾਈਨ ਨੇ ਸਕੂਲੀ ਸਿੱਖਿਆ ਸੇਂਟ ਜੌਨ ਦਿ ਈਵੈਂਜਲਿਸਟ ਹਾਈ ਸਕੂਲ ਮਰੋਲ ਅੰਧੇਰੀ ਤੋਂ ਕੀਤੀ ਅਤੇ ਅਗਲੇਰੀ ਪੜ੍ਹਾਈ ਆਰਡੀ ਨੈਸ਼ਨਲ ਕਾਲਜ, ਮੁੰਬਈ ਤੋਂ ਕੀਤੀ।

ਜਦੋਂ ਡਿਵਾਈਨ 11ਵੀਂ ਜਮਾਤ ਵਿੱਚ ਸੀ ਤਾਂ ਉਸਨੇ ਰੈਪ ਲਿਖਣਾ ਸ਼ੁਰੂ ਕਰ ਦਿੱਤਾ ਸੀ।

ਛੋਟੀ ਉਮਰ ਤੋਂ ਹੀ ਉਹ ਆਪਣੇ ਆਲੇ-ਦੁਆਲੇ ਦੇ ਮਾਹੌਲ ਅਤੇ ਹਾਲਾਤਾਂ ਨੂੰ ਦੇਖ ਕੇ ਰੈਪ ਕਰਦਾ ਸੀ।

ਇਸ ਰੈਪਿੰਗ ਦਾ ਅਭਿਆਸ ਕਰਨ ਲਈ ਉਹ ਆਪਣੀ ਦਾਦੀ ਨਾਲ ਮਰੋਲ ਦੇ ਚਰਚ ਜਾਂਦਾ ਸੀ, ਜਿੱਥੇ ਉਹ ਰੈਪ ਸੰਗੀਤ ਦਾ ਅਭਿਆਸ ਕਰਦਾ ਸੀ।

ਜਦੋਂ ਡਿਵਾਈਨ ਛੋਟੇ ਸਨ ਤਾਂ ਉਹਨਾਂ ਦੇ ਪਿਤਾ ਨੇ ਘਰ ਅਤੇ ਪਰਿਵਾਰ ਛੱਡ ਦਿੱਤਾ। ਉਸਦਾ ਪਾਲਣ ਪੋਸ਼ਣ ਉਸਦੀ ਮਾਂ ਅਤੇ ਦਾਦੀ ਨੇ ਮਿਲ ਕੇ ਕੀਤਾ ਹੈ।

ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਡਿਵਾਈਨ ਦੀ ਮਾਂ ਉਸਨੂੰ ਦਾਦੀ ਕੋਲ ਛੱਡ ਕੇ ਕਤਰ ਚਲੀ ਗਈ।

ਡਿਵਾਇਨ ਦੇ ਇੱਕ ਦੋਸਤ ਨੇ ਉਸ ਨੂੰ ਐਮਿਨਮ ਅਤੇ 50 ਸੇਂਟ ਦੇ ਗੀਤਾਂ ਦੀ ਇੱਕ ਸੀਡੀ ਦਿੱਤੀ। ਇਸ ਨੂੰ ਸੁਣਨ ਤੋਂ ਬਾਅਦ ਡਿਵਾਈਨ ਪ੍ਰੇਰਿਤ ਹੋਇਆ। ਫਿਰ ਉਸਨੇ ਰੈਪਿੰਗ ਨੂੰ ਬਿਹਤਰ ਸਮਝਣ ਲਈ ਰੈਪ ਸੁਣਿਆ ਅਤੇ ਲਿਖਣਾ ਸ਼ੁਰੂ ਕਰ ਦਿੱਤਾ।

ਉਸਨੇ ਆਪਣਾ ਕੈਰੀਅਰ ਇੱਕ ਸੁਤੰਤਰ ਕਲਾਕਾਰ ਵਜੋਂ ਸ਼ੁਰੂ ਕੀਤਾ। ਉਸ ਕੋਲ ਕੈਮਰੇ ਨਾਲ ਸ਼ੂਟ ਕਰਨ ਲਈ ਪੈਸੇ ਨਹੀਂ ਸਨ, ਇਸ ਲਈ ਉਸ ਨੇ ਆਪਣੇ ਮੋਬਾਈਲ ਨਾਲ ਆਪਣਾ ਪਹਿਲਾ ਗੀਤ 'ਕਮਿੰਗ ਫਾਰ ਯੂ' ਸ਼ੂਟ ਕੀਤਾ।

ਵਿਵਿਅਨ ਉਰਫ ਡਿਵਾਈਨ ਨੇ ਅੰਗਰੇਜ਼ੀ ਰੈਪ ਨਾਲ ਸ਼ੁਰੂਆਤ ਕੀਤੀ ਪਰ ਬਾਅਦ ਵਿੱਚ ਹਿੰਦੀ ਭਾਸ਼ਾ ਵਿੱਚ ਰੈਪ ਕਰਨਾ ਸ਼ੁਰੂ ਕੀਤਾ।

2013 ਵਿੱਚ ਰਿਲੀਜ਼ ਹੋਏ ਆਪਣੇ ਡੈਬਿਊ ਟ੍ਰੈਕ 'ਯੇ ਮੇਰਾ ਬਾਂਬੇ' ਨਾਲ ਪੂਰੇ ਮੁੰਬਈ ਵਿੱਚ ਮਸ਼ਹੂਰ ਹੋ ਗਿਆ।

ਇਸੇ ਸਾਲ ਉਸਦਾ ਦੂਜਾ ਰੈਪ ਗੀਤ "ਜੰਗਲੀ ਸ਼ੇਰ" ਸੋਨੀ ਮਿਊਜ਼ਿਕ ਇੰਡੀਆ ਅਧੀਨ ਰਿਲੀਜ਼ ਹੋਇਆ। ਇਹ ਗੀਤ ਮੁੰਬਈ ਦੀਆਂ ਲਗਭਗ 40 ਥਾਵਾਂ ਨੂੰ ਕਵਰ ਕਰਦਾ ਸੀ ਅਤੇ ਇਸ ਰੈਪ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ ਸੀ।

ਸਿੱਧੂ ਦੀ ਮੌਤ ਤੋਂ ਬਾਅਦ ਚੌਥਾ ਗਾਣਾ

ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਹੁਣ ਤੱਕ 4 ਗਾਣੇ ਰਿਲੀਜ਼ ਹੋ ਚੁਕੇ ਹਨ, ਜਿਨ੍ਹਾਂ ਵਿੱਚ ਐੱਸਵਾਈਐੱਲ, ਵਾਰ- ਸਿੱਖ ਜਰਨੈਲ ਹਰੀ ਸਿੰਘ ਨਲੂਆ, ਮੇਰਾ ਨਾਂ ਤੇ ਚੋਰਨੀ।

ਜੂਨ 2022 ਵਿੱਚ ਸਿੱਧੂ ਦਾ ਐੱਸਵਾਈਐੱਲ ਗਾਣਾ ਰਿਲੀਜ਼ ਹੋਇਆ ਸੀ ਜਿਸ ਉੱਤੇ ਯੂਟਿਊਬ ’ਤੇ ਭਾਰਤ ਵਿੱਚ ਪਾਬੰਦੀ ਲਗਾ ਦਿੱਤੀ ਸੀ।

ਇਹ ਗਾਣਾ ਪੰਜਾਬ ਅਤੇ ਹਰਿਆਣਾ ਦਰਮਿਆਨ ਚੱਲ ਰਹੇ ਐੱਸਵਾਈਐੱਲ ਨਹਿਰ ਦੇ ਵਿਵਾਦ ਨੂੰ ਲੈ ਕੇ ਸੀ।

ਸਿੱਧੂ ਨੇ ਇਸ ਗਾਣੇ ਵਿੱਚ ਸਿੱਖ ਖਾੜਕੂ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਵੀ ਕੀਤਾ ਸੀ। ਅਪ੍ਰੈਲ 2023 ਵਿੱਚ ਸਿੱਧੂ ਦਾ ਨਵਾਂ ਗਾਣਾ 'ਮੇਰਾ ਨਾਂ' ਰਿਲੀਜ਼ ਹੋਇਆ ਸੀ ਜੋ ਉਹਨਾਂ ਇੰਗਲੈਂਡ ਦੇ ਰੈਪਰ ਬਰਨਾ ਬੋਏ ਦੇ ਨਾਲ ਗਾਇਆ ਸੀ।

  • ਸਿੱਧੂ ਮੂਸੇਵਾਲਾ ਪੰਜਾਬੀ ਦਾ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ।
  • 29 ਮਈ 2022 ਨੂੰ ਘੇਰ ਕੇ ਦਿਨ-ਦਿਹਾੜੇ ਆਧੁਨਿਕ ਹਥਿਆਰਾਂ ਨਾਲ ਉਨ੍ਹਾਂ ਦਾ ਕਤਲ ਕੀਤਾ ਗਿਆ ਸੀ।
  • ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਉਹਨਾਂ ਦਾ ਚੌਥਾ ਗਾਣਾ ਹੈ
  • ਮੂਸੇਵਾਲਾ ਦੇ ਕੇਸ ਵਿੱਚ 27 ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ
  • ਮੁੱਖ ਮੁਲਜ਼ਮਾਂ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਵੀ ਸ਼ਾਮਿਲ ਹੈ

ਸਿੱਧੂ ਮੂਸੇਵਾਲੇ ਦੇ ਕੇਸ ਦੀ ਤਾਜ਼ਾ ਸਥਿਤੀ

ਸਿੱਧੂ ਮੂਸੇਵਾਲੇ ਦੇ ਕਤਲ ਕੇਸ ਵਿੱਚ ਮਾਨਸਾ ਪੁਲਿਸ ਦਾ ਦਾਆਵਾ ਹੈ ਕਿ ਉਹਨਾਂ ਵਲੋਂ 27 ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ ਜਿਹਨਾਂ ਵਿੱਚ ਮੁੱਖ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਨਾਮ ਵੀ ਸ਼ਾਮਿਲ ਹੈ

ਹਾਲਾਂਕਿ, ਚਾਰ ਮੁਲਜ਼ਮਾਂ ਦੀ ਮੌਤ ਹੋ ਚੁਕੀ ਹੈ ਜਿਨ੍ਹਾਂ ਵਿਚ ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ ਇਕ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ।

ਮਨਪ੍ਰੀਤ ਤੂਫ਼ਾਨ ਤੇ ਮਨਮੋਹਨ ਮੋਹਨਾ ਦੀ ਗੋਇੰਦਵਾਲ ਜੇਲ੍ਹ ਵਿੱਚ ਗੈਂਗਵਾਰ ਵਿੱਚ ਮੌਤ ਹੋ ਗਈ ਸੀ।

ਪੁਲਿਸ ਮੁਤਾਬਕ ਇਸ ਕੇਸ ਦੇ ਕੁਝ ਮੁਲਜ਼ਮ ਹਾਲੇ ਵੀ ਵਿਦੇਸ਼ਾਂ ਵਿੱਚ ਹਨ ਜਿੰਨਾਂ ਵਿੱਚ ਗੈਂਗਸਟਰ ਗੋਲਡੀ ਬਰਾੜ, ਅਨਮੋਲ ਬਿਸ਼ਨੋਈ ਦੇ ਨਾਮ ਸ਼ਾਮਿਲ ਹਨ।

ਇਹਨਾਂ ਨੂੰ ਭਾਰਤ ਲਿਆਉਣ ਲਈ ਚਾਰਾਜੋਈ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਚੋਣਾਂ ਦੌਰਾਨ ਬਿਆਨ ਦਿੱਤਾ ਸੀ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਹਿਰਾਸਤ ਅੰਦਰ ਲੈ ਲਿਆ ਗਿਆ ਹੈ ਪਰ ਉਸਤੋਂ ਬਾਅਦ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ।

ਪੁਲਿਸ ਨੇ ਇਸ ਮਾਮਲੇ ਵਿੱਚ ਪੰਜਾਬੀ ਗਾਇਕ ਬੱਬੂ ਮਾਨ, ਮਨਕਿਰਤ ਔਲਖ ਤੇ ਮਰਹੂਮ ਯੂਥ ਅਕਾਲੀ ਦਲ ਆਗੂ ਵਿੱਕੀ ਮਿੱਡੂਖੇੜਾ ਦੇ ਭਰਾ ਅਜੇਪਾਲ ਮਿੱਡੂਖੇੜਾ ਤੋਂ ਵੀ ਪੁੱਛਗਿੱਛ ਕੀਤੀ ਸੀ।

ਪੁਲਿਸ ਨੇ ਇਸ ਮਾਮਲੇ ਵਿੱਚ ਦੋ ਚਾਰਜਸ਼ੀਟ ਮਾਨਸਾ ਅਦਾਲਤ ਵਿੱਚ ਪੇਸ਼ ਕੀਤੀਆਂ ਹੋਈਆਂ ਹਨ ਪਰ ਹਾਲੇ ਤੱਕ ਮੁਲਜ਼ਮਾਂ ’ਤੇ ਦੋਸ਼ ਤਹਿ ਹੋਣੇ ਬਾਕੀ ਹਨ।

ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਹਾਲੇ ਵੀ ਇਨਸਾਫ ਦੀ ਮੰਗ ਕਰ ਰਹੇ ਹਨ।

ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਸਿੱਧੂ ਦੇ ਕਤਲ ਦੇ ਮਾਸਟਰਮਾਇੰਡ ਬਾਰੇ ਪਤਾ ਲਾਉਣ ਵਿੱਚ ਅਸਫ਼ਲ ਰਹੀ ਹੈ। ਉਹ ਮੰਗ ਕਰ ਰਹੇ ਹਨ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਮਾਸਟਰਮਾਇੰਡ ਕੌਣ ਹਨ ਅਤੇ ਕਿਸ ਕਾਰਨ ਉਹਨਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਸੀ?

ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਬਾਰੇ ਰਹੱਸ ਬਰਕਰਾਰ

ਇਸੇ ਸਾਲ ਮਾਰਚ ਵਿੱਚ ਲਾਰੈਂਸ ਬਿਸ਼ਨੋਈ ਵਲੋਂ ਇੱਕ ਨਿਜ਼ੀ ਚੈਨਲ ਨੂੰ ਦੋ ਇੰਟਰਵਿਊ ਦਿੱਤੇ ਗਏ ਸਨ।

ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਦਾਆਵਾ ਕੀਤਾ ਸੀ ਕਿ ਇਹ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚੋਂ ਨਹੀਂ ਹੋਏ ਸਨ।

ਇਹ ਇੰਟਰਵਿਊ ਕਿਥੋਂ ਤੇ ਕਿਵੇਂ ਹੋਏ, ਇਸ ਬਾਰੇ ਤਫ਼ਤੀਸ ਕਰਨ ਲਈ ਇੱਕ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ। ਪਰ ਪੰਜਾਬ ਪੁਲਿਸ ਵਲੋਂ ਅੱਜ ਤਕ ਇਸ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)